ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ ‘ਚ ਸ਼ਾਮਲ

ਰਾਸ਼ਟਰੀ ਖੇਡ ਪੁਰਸਕਾਰ ਕਮੇਟੀ ਨੇ ਸਾਲ 2021 ਦੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਟੋਕੀਓ ਓਲੰਪਿਕ ‘ਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸਮੇਤ 11 ਖਿਡਾਰੀਆਂ ਦੇ ਨਾਵਾਂ ਦਾ ਪ੍ਰਸਤਾਵ ਕੀਤਾ ਹੈ। ਇਨ੍ਹਾਂ ਵਿੱਚ ਪੰਜ ਪੈਰਾਥਲੀਟ ਸ਼ਾਮਲ ਹਨ। ਪਿਛਲੇ ਸਾਲ 5 ਖਿਡਾਰੀਆਂ ਨੂੰ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ ਸੀ। 2016 ਰੀਓ ਓਲੰਪਿਕ ਤੋਂ ਬਾਅਦ 4 ਖਿਡਾਰੀਆਂ ਨੂੰ ਇਹ ਐਵਾਰਡ ਮਿਲਿਆ।
ਨੀਰਜ ਤੋਂ ਇਲਾਵਾ ਰਵੀ ਦਹੀਆ (ਕੁਸ਼ਤੀ), ਪੀਆਰ ਸ੍ਰੀਜੇਸ਼ (ਹਾਕੀ), ਲਵਲੀਨਾ ਬੋਰਗੋਹੇਨ (ਬਾਕਸਿੰਗ), ਸੁਨੀਲ ਛੇਤਰੀ (ਫੁੱਟਬਾਲ), ਮਿਤਾਲੀ ਰਾਜ (ਕ੍ਰਿਕਟ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਸੁਮਿਤ ਅੰਤਿਲ (ਪੈਰਾ ਬੈਡਮਿੰਟਨ), ਦੇ ਨਾਂ ਸ਼ਾਮਲ ਹਨ। ਅਵਨੀ ਲੇਖੜਾ (ਪੈਰਾ ਸ਼ੂਟਿੰਗ), ਕ੍ਰਿਸ਼ਨਾ ਨਗਰ (ਪੈਰਾ ਬੈਡਮਿੰਟਨ) ਅਤੇ ਐਮ ਨਰਵਾਲ (ਪੈਰਾ ਸ਼ੂਟਿੰਗ) ਮੌਜੂਦ ਹਨ। ਕਮੇਟੀ ਨੇ ਅਰਜੁਨ ਐਵਾਰਡ ਲਈ 35 ਖਿਡਾਰੀਆਂ ਦੇ ਨਾਵਾਂ ਦਾ ਪ੍ਰਸਤਾਵ ਕੀਤਾ ਹੈ। ਇਨ੍ਹਾਂ 35 ਖਿਡਾਰੀਆਂ ‘ਚ ਕ੍ਰਿਕਟਰ ਸ਼ਿਖਰ ਧਵਨ ਦਾ ਨਾਂ ਵੀ ਸ਼ਾਮਲ ਹੈ।
ਹਾਲ ਹੀ ‘ਚ ਐਵਾਰਡ ਦਾ ਨਾਂ ਬਦਲਿਆ ਹੈ
ਖੇਡ ਰਤਨ ਦੇਸ਼ ਦਾ ਸਰਵਉੱਚ ਖੇਡ ਪੁਰਸਕਾਰ ਹੈ। ਪਹਿਲਾਂ ਇਸ ਦਾ ਨਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂ ‘ਤੇ ਰੱਖਿਆ ਗਿਆ ਸੀ। ਨਰਿੰਦਰ ਮੋਦੀ ਸਰਕਾਰ ਨੇ ਹਾਲ ਹੀ ਵਿੱਚ ਇਸ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਰੱਖਿਆ ਹੈ।
ਵਿਸ਼ਵਨਾਥਨ ਆਨੰਦ ਪਹਿਲੇ ਖੇਡ ਰਤਨ ਬਣੇ
ਖੇਡ ਰਤਨ ਪੁਰਸਕਾਰ 1991-92 ਤੋਂ ਸ਼ੁਰੂ ਕੀਤਾ ਗਿਆ ਸੀ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਪਹਿਲਾ ਖੇਡ ਰਤਨ ਪੁਰਸਕਾਰ ਦਿੱਤਾ ਗਿਆ। 2020 ਤੱਕ, 43 ਖਿਡਾਰੀਆਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।