ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ-ਪੱਥਰ ਹਟਵਾ ਰਹੀ ਪੁਲਿਸ: ਟਿਕੈਤ ਬੋਲੇ- ਆਪਣੀ ਫਸਲ ਵੇਚਣ ਲਈ ਸੰਸਦ ਜਾਵਾਂਗਾ


ਗਾਜ਼ੀਆਬਾਦ : ਦਿੱਲੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਯੂਪੀ-ਦਿੱਲੀ ਬਾਰਡਰ (ਗਾਜ਼ੀਪੁਰ) ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਦਿੱਲੀ-ਮੇਰਠ ਐਕਸਪ੍ਰੈਸ ਵੇਅ ਤੋਂ ਬੈਰੀਕੇਡ ਹਟਾਏ ਜਾ ਰਹੇ ਹਨ। ਦਿੱਲੀ ਪੁਲਿਸ ਦੇ ਅਧਿਕਾਰੀ ਅਤੇ ਸੁਰੱਖਿਆ ਬਲ ਮੌਕੇ ‘ਤੇ ਮੌਜੂਦ ਹਨ। ਕਰੇਨ ਰਾਹੀਂ ਵੱਡੇ-ਵੱਡੇ ਪੱਥਰ ਹਟਾ ਕੇ ਸਾਈਡ ‘ਤੇ ਰੱਖੇ ਜਾ ਰਹੇ ਹਨ। ਪੁਲਿਸ ਖੁਦ ਕਟਰਾਂ ਨਾਲ ਬੈਰੀਕੇਡਿੰਗ ਦੇ ਉਪਰੋਂ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਕੱਟ ਰਹੀ ਹੈ। ਮੌਕੇ ‘ਤੇ ਮੌਜੂਦ ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਉੱਪਰੋਂ ਆਦੇਸ਼ ਹਨ, ਇਸ ਲਈ ਅਸੀਂ ਬੈਰੀਕੇਡ ਹਟਾ ਰਹੇ ਹਾਂ।

ਆਪਣੀ ਫਸਲ ਵੇਚਣ ਲਈ ਸੰਸਦ ਜਾਵਾਂਗਾ : ਟਿਕੈਤ
ਉਧਰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਕਦੇ ਵੀ ਇੱਕ ਪਾਸੇ ਨਹੀਂ ਰਹੀ। ਉਨ੍ਹਾਂ ਦੀ ਲੜਾਈ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਸੜਕਾਂ ਖੁੱਲ੍ਹ ਜਾਣਗੀਆਂ, ਅਸੀਂ ਆਪਣੀ ਫਸਲ ਵੇਚਣ ਲਈ ਸੰਸਦ ਭਵਨ ਵੀ ਜਾਵਾਂਗੇ। ਅਸੀਂ 11 ਮਹੀਨਿਆਂ ਤੋਂ ਸਰਹੱਦ ‘ਤੇ ਬੈਠੇ ਹਾਂ। ਅਸੀਂ ਦਿੱਲੀ ਜਾਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ।

ਟਿਕੈਤ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਨਹੀਂ ਵੇਚੀ ਜਾ ਰਹੀ ਹੈ। ਪਹਿਲਾਂ ਉਸ ਫਸਲ ਨੂੰ ਪਾਰਲੀਮੈਂਟ ਹਾਊਸ ਨੇੜੇ ਲਿਜਾ ਕੇ ਟਰੈਕਟਰ ਵਿੱਚ ਵੇਚਿਆ ਜਾਵੇਗਾ। ਅਸੀਂ ਕਦੇ ਰਸਤਾ ਨਹੀਂ ਰੋਕਿਆ। ਨਾ ਹੀ ਇਹ ਸਾਡਾ ਕੰਮ ਹੈ। ਸਾਡੀ ਲੜਾਈ ਤਿੰਨ ਖੇਤੀ ਕਾਨੂੰਨਾਂ ਬਾਰੇ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਦਿੱਲੀ ਤੋਂ ਹਰਿਆਣਾ ਨੂੰ ਜਾਣ ਵਾਲੇ ਟਿੱਕਰੀ ਬਾਰਡਰ ‘ਤੇ ਦਿੱਲੀ ਪੁਲਿਸ ਨੇ ਇੱਕ ਲੇਨ ‘ਤੇ ਲੱਗੇ ਬੈਰੀਕੇਡ ਹਟਾ ਦਿੱਤੇ ਸਨ।

ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ – ਕਿਸਾਨਾਂ ਨੇ ਕਦੇ ਵੀ ਸੜਕਾਂ ਨਹੀਂ ਰੋਕੀਆਂ

ਨਵੀਂ ਦਿੱਲੀ : ਦਿੱਲੀ ਪੁਲੀਸ ਵੱਲੋਂ ਕਿਸਾਨ ਅੰਦੋਲਨ ਦੇ ਦੋ ਸਥਾਨਾਂ ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਤੋਂ ਬੈਰੀਕੇਡ ਹਟਾਉਣ ਸਬੰਧੀ ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਕਿ ਇਹ ਕਦਮ ਉਨ੍ਹਾਂ ਦੇ ਸਟੈਂਡ ਨੂੰ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਸ਼ਹਿਰ ਦੇ ਬਾਰਡਰਾਂ ਦੀਆਂ ਸੜਕਾਂ ਨੂੰ ਕਦੇ ਵੀ ਨਹੀਂ ਰੋਕਿਆ। ਆਗੂਆਂ ਨੇ ਕਿਹਾ ਕਿ ਪੁਲੀਸ ਵੱਲੋਂ ਬੈਰੀਕੇਡ ਹਟਾਉਣਾ ਉਨ੍ਹਾਂ ਦੇ ਉਸ ਸਟੈਂਡ ਦੀ ਪੁਸ਼ਟੀ ਜਿਸ ਵਿੱਚ ਉਹ ਵਾਰ ਵਾਰ ਕਹਿ ਰਹੇ ਹ ਨ ਕਿ ਕਿਸਾਨਾਂ ਨੇ ਕਦੇ ਵੀ ਸੜਕਾਂ ਨਹੀਂ ਰੋਕੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਵਾਲੀਆਂ ਥਾਵਾਂ ‘ਤੇ ਦੋਵੇਂ ਰਸਤਿਆਂ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਨ ਦਾ ਕੋਈ ਵੀ ਫੈਸਲਾ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ ਲਿਆ ਜਾਵੇਗਾ, ਜੋ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੀਆਂ 40 ਤੋਂ ਵੱਧ ਕਿਸਾਨ ਯੂਨੀਅਨਾਂ ਦੀ ਜਥੇਬੰਦੀ ਹੈ। ਉਂਜ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਵਾਜਾਈ ਲਈ ਰਾਹ ਦੇ ਦਿੱਤਾ ਜਾਵੇਗਾ।

Leave a Reply

Your email address will not be published. Required fields are marked *