ਬੇਬਾਕ ਸਵੈ ਪੜਚੋਲ ਰਾਹੀਂ ਢੁਕਵੇਂ ਸਬਕ ਹਾਸਲ ਕਰਦਿਆਂ : ”ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਲਈ ਜੂਝੋ”

ਮੰਗਤ ਰਾਮ ਪਾਸਲਾ

ਅਕਤੂਬਰ ਇਨਕਲਾਬ (7 ਨਵੰਬਰ 1917) ਭਾਵ ਰੂਸ ਦੀ ਸਮਾਜਵਾਦੀ ਕ੍ਰਾਂਤੀ ਦਾ ਦਿਨ ਇੱਕ ਨਿਵੇਕਲੀ ਇਤਿਹਾਸਕ ਘਟਨਾ ਦੇ ਤੌਰ ‘ਤੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਦਿਹਾੜੇ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਬੇਹੱਦ ਪਿਛੜੇ ਦੇਸ਼ ਰੂਸ ਅੰਦਰ ਰਜਵਾੜਾਸ਼ਾਹੀ (ਜ਼ਾਰਸ਼ਾਹੀ) ਤੇ ਸਰਮਾਏਦਾਰੀ ਜਮਾਤ ਨੂੰ ਸੱਤਾ ਤੋਂ ਲਾਂਭੇ ਕਰਕੇ ਮਜ਼ਦੂਰ ਜਮਾਤ ਤੇ ਕਿਸਾਨੀ ਦੇ ਫੌਲਾਦੀ ਏਕੇ ਰਾਹੀਂ ਮਜ਼ਦੂਰ ਵਰਗ ਦੇ ਹੱਥੀਂ ਰਾਜ ਸੱਤਾ ਆਈ ਸੀ। ਇਸ ਤੋਂ ਪਹਿਲਾਂ ਫਰਾਂਸ ਦੀ ਧਰਤੀ ‘ਤੇ ਫਰਾਂਸੀਸੀ ਇਨਕਲਾਬ ਦੌਰਾਨ ਮਜ਼ਦੂਰ ਜਮਾਤ ਵਲੋਂ ” ਪੈਰਿਸ ਕਮਿਊਨ” ਦੀ ਸਥਾਪਨਾ ਕੀਤੀ ਗਈ ਸੀ ਜੋ 18 ਮਾਰਚ 1871 ਤੋਂ 28 ਮਈ 1871 ਤੱਕ ਕਾਇਮ ਰਹੀ ਅਤੇ ਇਸ ਨੇ ਆਪਣੇ ਸੰਖੇਪ ਕਾਰਜਕਾਲ ਦੌਰਾਨ ਲੋਕ ਕਲਿਆਣ ਦੇ ਅਨੇਕਾਂ ਇਨਕਲਾਬੀ ਕਦਮ ਪੁੱਟੇ ਸਨ। ਪ੍ਰੰਤੂ ਫਰਾਂਸੀਸੀ ਫੌਜ ਨੇ ਇਸ ‘ਕਿਰਤੀ ਰਾਜ’ ਉਪਰ ਫੌਜੀ ਹੱਲਾ ਬੋਲ ਕੇ ਹਜ਼ਾਰਾਂ ਕਮਿਊਨ ਸਮਰਥਕਾਂ ਨੂੰ ਮਾਰ ਦਿੱਤਾ ਕਿਉਂਕਿ ਪੈਰਿਸ ਕਮਿਊਨ ਦੇ ਆਗੂ ਇਸਦੀ ਰਾਖੀ ਲਈ ਲੋੜੀਂਦੀ ਫੌਜ, ਪੁਲਸ ਤੇ ਦੂਸਰੀ ਰਾਜਕੀ ਮਸ਼ੀਨਰੀ ਤਿਆਰ ਨਹੀਂ ਸਨ ਕਰ ਸਕੇ। ਪ੍ਰੰਤੂ ਜਿਹੜੀ ਭੁੱਲ ‘ਪੈਰਿਸ ਕਮਿਊਨ’ ਸਮੇਂ ਕੀਤੀ ਗਈ ਸੀ, ਭਾਵ ਮਜ਼ਦੂਰ ਜਮਾਤ ਦੇ ਹੱਥ ਰਾਜ ਭਾਗ ਦੀ ਵਾਗਡੋਰ ਆ ਜਾਣ ਦੇ ਬਾਵਜੂਦ ਸਰਮਾਏਦਾਰੀ ਨੇ ”ਸੱਤਾ ਦੇ ਹਥਿਆਰਾਂ” ਦੀ ਵਰਤੋਂ ਰਾਹੀਂ ਇਸ ਪਹਿਲੇ ‘ਕਿਰਤੀ ਰਾਜ’ ਦਾ ਚੰਦ ਮਹੀਨਿਆਂ ਵਿੱਚ ਹੀ ਅੰਤ ਕਰ ਦਿੱਤਾ ਸੀ, ਰੂਸੀ ਕ੍ਰਾਂਤੀ ਦੇ ਆਗੂਆਂ ਨੇ ਉਸ ਨੂੰ ਵੀ ਦਰੁਸਤ ਕਰ ਲਿਆ ਗਿਆ।
ਰੂਸ (ਪਿੱਛੋਂ ਸੋਵੀਅਤ ਯੂਨੀਅਨ) ਅੰਦਰ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਮਜ਼ਦੂਰ ਜਮਾਤ ਦੇ ਹਰਿਆਵਲ ਦਸਤੇ ਦੇ ਰੂਪ ਵਿੱਚ ਕਿਰਤੀਆਂ-ਕਿਸਾਨਾਂ ਦੇ ਮਹਾਨ ਏਕੇ ਰਾਹੀਂ ਉੱਸਰੀ ਸ਼ਕਤੀਸ਼ਾਲੀ ਜਨਤਕ ਇਨਕਲਾਬੀ ਲਹਿਰ ਦੀ ਭਾਗੀਦਾਰੀ ਰਾਹੀਂ ਫਰਵਰੀ 1917 ਵਿੱਚ ਜ਼ਾਰਸ਼ਾਹੀ ਦਾ ਤਖਤਾ ਪਲਟ ਕੇ ਸੱਤਾ ‘ਤੇ ਸਰਮਾਏਦਾਰੀ ਜਮਾਤ ਦੇ ਨੁੰਮਾਇੰਦੇ ਕਰਿੰਸਕੀ ਨੂੰ ਰਾਜ ਭਾਗ ‘ਤੇ ਬਿਠਾਇਆ। ਕਿਉਂਕਿ ਇਸ ਇਨਕਲਾਬੀ ਤਬਦੀਲੀ ਦੀ ਅਗਵਾਈ ਇਨਕਲਾਬੀ ਵਿਚਾਰਧਾਰਾ (ਮਾਰਕਸਵਾਦ-ਲੈਨਿਨਵਾਦ) ਨੂੰ ਪ੍ਰਣਾਈ ਇਨਕਲਾਬੀ ਪਾਰਟੀ ਕਰ ਰਹੀ ਸੀ, ਇਸ ਲਈ ਬਦਲੇ ਹਾਲਾਤਾਂ ਦੀ ਰੌਸ਼ਨੀ ਵਿੱਚ ਅਪ੍ਰੈਲ 1917 ਦੇ ਮਤੇ (ਅਪ੍ਰੈਲ ਥੀਸਸ) ਅਨੁਸਾਰ ਅਕਤੂਬਰ (ਇਨਕਲਾਬ) ਨੂੰ ਸਫਲ ਕਰਦਿਆਂ ਪੂੰਜੀਵਾਦੀ ਪ੍ਰਬੰਧ ਦਾ ਖਾਤਮਾ ਕਰਕੇ ਸੱਤਾ ਦੀ ਵਾਗਡੋਰ ਮਜ਼ਦੂਰ ਜਮਾਤ ਦੇ ਹੱਥ ਸੌਂਪ ਕੇ ਸੰਸਾਰ ਸਮਾਜਵਾਦੀ ਪ੍ਰਬੰਧ ਦਾ ਮੁੱਢ ਬੰਨਿਆ ਗਿਆ। ਇਸ ਜੁਗ ਪਲਟਾਊ ਘਟਨਾ ਨੇ ਜਿਥੇ ਸਦੀਆਂ ਤੋਂ ਲੁਟੇਰੀਆਂ ਜਮਾਤਾਂ ਹੱਥੋਂ ਲੁੱਟੀ-ਪੁੱਟੀ ਜਾਂਦੀ ਲੋਕਾਈ ਨੂੰ ਆਪਣੇ ਉਜਵਲ ਭਵਿੱਖ ਲਈ ਰੌਸ਼ਨੀ ਦੀ ਇੱਕ ਨਵੀਂ ਕਿਰਨ ਦਿਖਾਈ, ਉਥੇ ਸੰਸਾਰ ਭਰ ਵਿੱਚ ਸਰਮਾਏਦਾਰਾਂ ਤੇ ਜਗੀਰਦਾਰ ਜਮਾਤਾਂ ਦੇ ਪਿੱਸੂ ਪੈ ਗਏ, ਕਿਉਂਕਿ ਉਨ੍ਹਾਂ ਨੂੰ ਇਹ ਘਟਨਾ ਆਪਣੀ ”ਮੌਤ ਦੇ ਘੋਰੜੂ” ਵਾਂਗ ਜਾਪੀ।
1917 ਦੇ ਸਮਾਜਵਾਦੀ ਇਨਕਲਾਬ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਆਪਣੇ ਦੇਸ਼ ਅੰਦਰ ਲੁੱਟ-ਖਸੁੱਟ ਰਹਿਤ ਮਾਨਵ ਮੁਖੀ ਆਰਥਿਕ ਵਿਕਾਸ ਦੀਆਂ ਵੱਡੀਆਂ ਪੁਲਾਘਾਂ ਪੁੱਟੀਆਂ ਤੇ ਹਰ ਖੇਤਰ ਵਿੱਚ ਹੈਰਾਨਕੁੰਨ ਤਰੱਕੀ ਕੀਤੀ। ਪੱਛੜਿਆ ਸੋਵੀਅਤ ਰੂਸ ਨਵੀਆਂ ਵਿਗਿਆਨਕ ਕਾਢਾਂ ਰਾਹੀਂ ਵੱਡੀ ਆਰਥਕ ਅਤੇ ਫੌਜੀ ਮਹਾਂਸ਼ਕਤੀ ਦੇ ਰੂਪ ਵਿੱਚ ਉਭਰਿਆ। ਇਸ ‘ਮਹਾਂਸ਼ਕਤੀ’ ਨੇ ਸੰਸਾਰ ਭਰ ਵਿੱਚ ਬਸਤੀਵਾਦੀ ਗੁਲਾਮੀ ਤੋਂ ਨਿਜਾਤ ਹਾਸਲ ਕਰਨ ਲਈ ਜੂਝ ਰਹੀਆਂ ਕੌਮੀ ਮੁਕਤੀ ਲਹਿਰਾਂ ਤੇ ਸਾਮਰਾਜੀ ਪ੍ਰਬੰਧ ਵਿਰੁੱਧ ਚਲ ਰਹੇ ਜਨ ਸੰਘਰਸ਼ਾਂ ਨੂੰ ਨਵੀਂ ਊਰਜਾ ਤੇ ਦਿਸ਼ਾ ਹੀ ਪ੍ਰਦਾਨ ਨਹੀਂ ਕੀਤੀ, ਬਲਕਿ ਹਿਟਲਰ ਦੀ ਅਗਵਾਈ ਵਿੱਚ ਮਨੁੱਖੀ ਤਬਾਹੀ ਦੇ ਹਥਿਆਰ ‘ਫਾਸ਼ੀਵਾਦ’ ਨੂੰ ਲੱਕ ਤੋੜਵੀਂ ਹਾਰ ਦੇਣ ਉਪਰੰਤ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਇਨਕਲਾਬਾਂ ਦੀ ਫਤਿਹ ਨਾਲ ਇੱਕ ਮੁਤਬਾਦਲ ” ਸੰਸਾਰ ਸਮਾਜਵਾਦੀ ਕੈਂਪ” ਦੀ ਸਥਾਪਨਾ ਕਰ ਦਿੱਤੀ।
ਭਾਵੇਂ 1990ਵਿਆਂ ਅੰਦਰ ਸਮਾਜਵਾਦੀ ਸੋਵੀਅਤ ਸੰਘ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਨੂੰ ਢਹਿ-ਢੇਰੀ ਕਰ ਦਿੱਤਾ ਗਿਆ, ਪ੍ਰੰਤੂ 73 ਸਾਲਾਂ ਤੱਕ ਕਾਇਮ ਰਹੇ ਰੂਸ ਤੇ ਪੂਰਬੀ ਯੂਰਪ ਦੇ ਦੇਸ਼ਾਂ ਵਿਚਲੇ ਸਮਾਜਵਾਦੀ ਪ੍ਰਬੰਧ ਦੀਆਂ ਬਰਕਤਾਂ ਮਾਨਵੀ ਸੋਚ ਨੂੰ ਹਮੇਸ਼ਾ ਹੁਲ੍ਹਾਰਾ ਦਿੰਦੀਆਂ ਰਹਿਣਗੀਆਂ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਕੇ ਕਿਰਤੀਆਂ ਦੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਆ ਜਾਣ ਤੋਂ ਬਾਅਦ ਆਰਥਿਕ ਵਿਕਾਸ ਦੇ ਕਾਇਮ ਕੀਤੇ ਗਏ ਨਵੇਂ ਦਿਸਹੱਦੇ, ਹਮੇਸ਼ਾ ਲਈ ਭਵਿੱਖੀ ਇਤਿਹਾਸ ਦੀ ਬਣਤਰ ਤੇ ਚਾਲ ਨੂੰ ਪ੍ਰਭਾਵਿਤ ਕਰਦੇ ਰਹਿਣਗੇ। ਸੋਵੀਅਤ ਰੂਸ ਵਿੱਚ ਇਹ ਸਮਾਜਵਾਦੀ ਪ੍ਰਬੰਧ ਕਿਵੇਂ ਢਹਿ-ਢੇਰੀ ਹੋਇਆ, ਇਸ ਦੇ ਅਨੇਕਾਂ ਕਾਰਨਾਂ ਬਾਰੇ ਹੁਣ ਤੱਕ ਕਾਫ਼ੀ ਵਿਆਖਿਆ ਹੋ ਚੁੱਕੀ ਹੈ ਤੇ ਅਜੇ ਇਸ ਸੰਬੰਧੀ ਹੋਰ ਵੀ ਬਹੁਤ ਕੁੱਝ ਵਿਚਾਰਿਆ ਤੇ ਖੋਜਿਆ ਜਾਣਾ ਬਾਕੀ ਹੈ। ਪ੍ਰੰਤੂ ਅਕਤੂਬਰ ਇਨਕਲਾਬ ਦੇ 73 ਸਾਲਾਂ ਦੇ ਸਫਲ ਤੇ ਅਸਫਲ ਤਜ਼ਰਬਿਆਂ ਦੇ ਖਜ਼ਾਨੇ ਵਿੱਚੋਂ ਇੱਕ ਪਾਸੇ ਉਤਸ਼ਾਹ ਲੈਣ ਤੇ ਦੂਸਰੇ ਬੰਨੇ ਇਸ ਦੇ ਢਹਿ-ਢੇਰੀ ਹੋਣ ਲਈ ਜ਼ਿੰਮੇਵਾਰ ਕਾਰਨਾਂ, ਤਰੁੱਟੀਆਂ, ਕਮਜ਼ੋਰੀਆਂ ਤੇ ਉਕਾਈਆਂ ਤੋਂ ਸਬਕ ਸਿੱਖ ਕੇ ਉਨ੍ਹਾਂ ਉਪਰ ਕਾਬੂ ਪਾਉਣ ਦੀ ਵੀ ਵੱਡੀ ਲੋੜ ਹੈ। ਆਪਾ ਪੜਚੋਲ ਦੇ ਇਸ ਦੋਹਰੇ ਹਥਿਆਰ ਰਾਹੀਂ ਹੀ ਅਸੀਂ ਭਵਿੱਖ ਅੰਦਰ ਸੰਕਟ ਗ੍ਰਸਤ, ਗਲੇ-ਸੜੇ ਤੇ ਮਨੁੱਖਤਾ ਨੂੰ ਦਰਪੇਸ਼ ਹਰ ਬਿਮਾਰੀ ਤੇ ਸੰਤਾਪ ਲਈ ਜ਼ਿੰਮੇਵਾਰ ਪੂੰਜੀਵਾਦੀ/ਸਾਮਰਾਜੀ ਰਾਜ ਪ੍ਰਬੰਧ ਦਾ ਖਾਤਮਾ ਕਰਕੇ ਲੁੱਟ-ਖਸੁੱਟ ਰਹਿਤ, ਬਰਾਬਰਤਾ ਵਾਲੇ, ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਗਰੰਟੀ ਕਰਦੇ ਇੱਕ ਖੂਬਸੂਰਤ ਸਮਾਜ ਭਾਵ ਸਮਾਜਵਾਦ (ਸਰਬੱਤ ਦੇ ਭਲੇ ਵਾਲੇ ਸਮਾਜ) ਦੀ ਉਸਾਰੀ ਕਰ ਸਕਦੇ ਹਾਂ। ਇੱਕ ਐਸਾ ਰਾਜ ਜਿਸ ਅੰਦਰ ਸਮਾਜਵਾਦੀ ਸੋਵੀਅਤ ਯੂਨੀਅਨ ਦੇ ਸਾਰੇ ਗੁਣ ਵੀ ਮੌਜੂਦ ਹੋਣ ਤੇ ਨਾਲ ਹੀ ਇਹ ਨਵਾਂ ਢਾਂਚਾ ‘ਸੋਵੀਅਤ ਸਮਾਜਵਾਦੀ ਮਾਡਲ’ ਦੇ ਪਤਨ ਲਈ ਜ਼ਿੰਮੇਵਾਰ ਕੁੱਲ ਕਮਜ਼ੋਰੀਆਂ ਤੇ ਤਰੁੱਟੀਆਂ ਤੋਂ ਵੀ ਮੁਕਤ ਹੋਵੇ। ਕਿਉਂਕਿ ਸਮਾਜਵਾਦ ਦੀ ਉਸਾਰੀ ਦਾ ਰਸਤਾ ਬਿਲਕੁਲ ਨਵਾਂ ਤੇ ਨਿਵੇਕਲਾ ਸੀ, ਇਸ ਲਈ ਇਸ ਉਪਰ ਚਲਦਿਆਂ ਬਹੁਤ ਸਾਰੀਆਂ ਉਕਾਈਆਂ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ। ਪ੍ਰੰਤੂ ਇਹ ਤੱਥ ਪੂਰੀ ਤਰ੍ਹਾਂ ਸਪੱਸ਼ਟ ਤੇ ਦਰੁਸਤ ਹੈ ਕਿ ਸੋਵੀਅਤ ਰੂਸ ਅੰਦਰ ਸਮਾਜਵਾਦੀ ਪ੍ਰਬੰਧ ਦੇ ਢਹਿ-ਢੇਰੀ ਹੋਣ ਦਾ ਮੂਲ ਕਾਰਨ ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਦਾ ਗਲਤ ਜਾਂ ਅਸਫਲ ਹੋਣਾ ਨਹੀਂ, ਬਲਕਿ ਇਸ ਦੇ ਮੂਲ ਕਾਰਨ ਇਸ ਵਿਚਾਰਧਾਰਾ ਦੀ ਬੁਨਿਆਦੀ ਸੇਧ ਅਨੁਸਾਰ ਨਵੀਆਂ ਪ੍ਰਸਥਿਤੀਆਂ ਵਿੱਚ ਲੋੜ ਅਨੁਸਾਰ ਢੁਕਵੇਂ ਦਾਅ ਪੇਚ ਨਾ ਘੜਣਾ ਤੇ ਜ਼ਰੂਰੀ ਬਦਲਾਅ ਨਾ ਕਰਨਾ ਹੈ। ਇਸ ਲਈ ਮੁੱਖ ਦੋਸ਼ੀ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਹੈ, ਜਿਸਨੇ ਅੰਤਰਮੁਖਤਾ ਦੇ ਆਧਾਰ ‘ਤੇ ਅਨੇਕਾਂ ਬੱਜਰ ਗਲਤੀਆਂ ਕੀਤੀਆਂ।
ਅਕਤੂਬਰ ਇਨਕਲਾਬ, ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਹੋਇਆਂ ਰੂਸ ਦੀਆਂ ਠੋਸ ਹਾਲਤਾਂ ਦੇ ਠੋਸ ਮੁਲਅੰਕਣ ਅਤੇ ਸਮੇਂ ਸਿਰ ਦਖਲ ਅੰਦਾਜ਼ੀ ਸਦਕਾ ਸਫਲ ਹੋ ਸਕਿਆ ਸੀ। ਭਾਵ ਵਿਕਸਤ ਪੂੰਜੀਵਾਦੀ ਦੇਸ਼ਾਂ ਵਿੱਚ ਸਮਾਜਵਾਦੀ ਇਨਕਲਾਬ ਦੇ ਪਹਿਲਾਂ ਸਫਲ ਹੋਣ ਦੀ ਕਾਰਲ ਮਾਰਕਸ ਦੀ ਭਵਿੱਖਬਾਣੀ ਦੇ ਉਲਟ ਆਰਥਿਕ ਤੌਰ ‘ਤੇ ਪੱਛੜੇ ਦੇਸ਼ ਰੂਸ ਵਿੱਚ ਇਨਕਲਾਬ ਨੇਪਰੇ ਚੜ੍ਹਿਆ। ਕਿਉਂਕਿ ਕਾਮਰੇਡ ਲੈਨਿਨ ਨੇ ਰੂਸ ਅੰਦਰ ਸਾਮਰਾਜੀ ਗੁਲਾਮੀ ਖਿਲਾਫ਼ ਤੇ ਸੰਸਾਰ ਉਪਰ ਸਾਮਰਾਜੀਆਂ ਵਲੋਂ ਥੋਪੀ ਗਈ ਪਹਿਲੀ ਸੰਸਾਰ ਜੰਗ ਵਿਰੁੱਧ ਉਠੇ ਲੋਕ ਰੋਹ ਦਾ ਇਸਤੇਮਾਲ ਕਰਦਿਆਂ ਸਾਮਰਾਜ ਦੀ ਇਸ ਕਮਜ਼ੋਰ ਕੜੀ ‘ਤੇ ਵਦਾਣੀ ਸੱਟ ਮਾਰੀ ਤੇ ਸਾਮਰਾਜੀ ਗੁਲਾਮੀ ਦੇ ਨਾਲ-ਨਾਲ ਰਜਵਾੜਾਸ਼ਾਹੀ ਤੇ ਪੱਛੜੇ ਪੂੰਜੀਵਾਦੀ ਪ੍ਰਬੰਧ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ। ਇੰਜ ਮਾਰਕਸਵਾਦ ਨੂੰ ਇੱਕ ‘ਸਥੂਲ’ ਜਾਂ ‘ਜੜ੍ਹ ਭਰਥ’ ਚੀਜ਼ ਵਾਂਗ ਨਹੀਂ, ਬਲਕਿ ਇਸ ਅੰਦਰਲੇ ਵਿਗਿਆਨ ਨੂੰ ਸਮਝਦਿਆਂ ਹੋਇਆਂ, ਕਿਸੇ ਦੇਸ਼ ਦੀਆਂ ਠੋਸ ਹਾਲਤਾਂ ਤੇ ਅੰਦਰੂਨੀ ਵਿਰੋਧਤਾਈਆਂ ਮੁਤਾਬਕ ਇਸ ਮਹਾਨ ਫਲਸਫੇ ਨੂੰ ਲਾਗੂ ਕਰਨ ਦੀ ਮੁਹਾਰਤ ਹਾਸਲ ਕਰਨਾ ਸਾਡੇ ਲਈ ਵੀ ਇੱਕ ਬਹੁਤ ਹੀ ਲਾਹੇਵੰਦਾ ਸਬਕ ਹੈ।
ਸੋਵੀਅਤ ਯੂਨੀਅਨ ਵਿੱਚ 1917 ਦੀ ਕਰਾਂਤੀ ਸਫਲ ਹੋ ਜਾਣ ਤੋਂ ਬਾਅਦ ਮਜ਼ਦੂਰ ਜਮਾਤ ਦੀ ”ਤਾਨਾਸ਼ਾਹੀ” ਦੇ ਵਿਗਿਆਨਕ ਸਿਧਾਂਤ ਨੂੰ ”ਮਜ਼ਦੂਰ ਜਮਾਤ ਤੇ ਕਿਸਾਨੀ ਦੇ ਵਿਸ਼ਾਲ ਏਕੇ” ਉਪਰ ਆਧਾਰਤ ਹਕੀਕੀ ਲੋਕ ਰਾਜੀ ਪ੍ਰਣਾਲੀ ਵਿੱਚ ਤਬਦੀਲ ਨਹੀਂ ਕੀਤਾ ਗਿਆ। ਜਿਸਦੇ ਸਿੱਟੇ ਵਜੋਂ ਆਰਥਿਕ, ਤਕਨੀਕੀ ਤੇ ਸਮਾਜਿਕ ਵਿਕਾਸ ਦੀ ਉਚੇਰੀ ਮੰਜ਼ਿਲ ਸਰ ਕਰਨ ਦੇ ਬਾਵਜੂਦ ਸਮੁੱਚੀ ਮਜ਼ਦੂਰ ਜਮਾਤ ਸਮੇਤ ਵਸੋਂ ਦੇ ਦੂਸਰੇ ਭਾਗਾਂ, ਗੈਰ-ਸਰਮਾਏਦਾਰ ਤੇ ਗੈਰ ਜਗੀਰੂ ਜਮਾਤਾਂ ਤੇ ਗਰੁੱਪਾਂ ਨੇ ਰੂਸੀ ਕਰਾਂਤੀ ਦੇ ਮੁਢਲੇ ਕੁੱਝ ਕੁ ਸਾਲਾਂ ਨੂੰ ਛੱਡ ਕੇ, ਸਾਂਝੀਵਾਲਤਾ ‘ਤੇ ਆਧਾਰਿਤ ਇਸ ਪ੍ਰਬੰਧ ਨੂੰ ਕਦੇ ਵੀ ‘ਆਪਣੇ’ ਪ੍ਰਬੰਧ ਦੇ ਤੌਰ ‘ਤੇ ਨਹੀਂ ਅਪਣਾਇਆ। ਇਸ ਰੁਝਾਨ ਨਾਲ ਕਮਿਊਨਿਸਟ ਪਾਰਟੀ ਅੰਦਰ ਹੈਂਕੜਬਾਜ਼, ਖੁਦਗਰਜ਼ ਤੇ ਚਾਪਲੂਸ ਤੱਤਾਂ ਦੀ ਭਰਮਾਰ ਹੋ ਗਈ ਤੇ ਨਤੀਜੇ ਵਜੋਂ ਸ਼ਾਸ਼ਨ ਚਲਾਉਂਦੀ ਕਮਿਊਨਿਸਟ ਪਾਰਟੀ ਦਾ ਵਿਸ਼ਾਲ ਕਿਰਤੀ ਜਨ ਸਮੂਹਾਂ ਨਾਲੋਂ ਜੀਵੰਤ ਸੰਬੰਧ ਟੁੱਟ ਗਿਆ। ਹਰ ਕੰਮ ਤੇ ਯੋਜਨਾ ਨੂੰ ਲੋਕ ਰਾਇ ਨੂੰ ਅਣਡਿੱਠ ਕਰਦਿਆਂ ਅਫਸਰਸ਼ਾਹੀ ਤੇ ਸਰਕਾਰੀ ਮਸ਼ੀਨਰੀ ਰਾਹੀਂ ਜਨ ਸਾਧਾਰਨ ਦੇ ਸਹਿਯੋਗ ਤੇ ਸਮਰਥਨ ਤੋਂ ਬਗੈਰ ਲਾਗੂ ਕੀਤਾ ਗਿਆ। ਇਸ ਨਾਲ ਕਿਰਤੀ ਜਨ ਸਮੂਹਾਂ ਦੀ ਰਾਜਸੀ ਤੇ ਆਰਥਿਕ ਗਤੀਵਿਧੀਆਂ ਵਿੱਚ ਭਾਗੀਦਾਰੀ ਤੇ ਯੋਜਨਾਬੰਦੀ ਕਰਨ ਵਿੱਚ ਸਪੱਸ਼ਟ ਤੇ ਨਿਰਪੱਖ ਰਾਇ ਦੇਣ ਦੇ ਅਤਿ ਲੋੜੀਂਦੇ ਅਧਿਕਾਰ ਨੂੰ ਭਾਰੀ ਢਾਅ ਲੱਗੀ। ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਤੇ ਪੂਰਬੀ ਯੂਰਪ ਦੇ ਸਮਾਜਵਾਦੀ ਦੇਸ਼ਾਂ ਦੀਆਂ ਹੁਕਮਰਾਨ ਕਮਿਊਨਿਸਟ ਪਾਰਟੀਆਂ ਵਿੱਚ ਖੁਦਗਰਜ਼ ਤੇ ”ਗੁੱਡੀ ਲੁੱਟਾਂ” ਦੀ ਚੌਧਰ ਕਾਇਮ ਹੋ ਗਈ, ਜਿਸਦਾ ਸਿੱਟਾ ਸੋਵੀਅਤ ਰੂਸ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦ ਦੇ ਪਤਨ ਦੇ ਰੂਪ ਵਿੱਚ ਨਿਕਲਿਆ।
ਸਮਾਜਵਾਦੀ ਲੀਹਾਂ ‘ਤੇ ਪੈਦਾਵਾਰ ਵਧਾਉਣ ਤੇ ਸਮਾਜਵਾਦੀ ਮੰਡੀ ਕਾਇਮ ਕਰਨ ਲਈ ਢੁਕਵੇਂ ਯਤਨ ਨਹੀਂ ਕੀਤੇ ਗਏ। ਇਸ ਨਾਲ ਲੋਕਾਂ ਦੀ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਸਪਲਾਈ ਤੇ ਮੰਗ ਵਿਚਕਾਰ ਅਸਾਵਾਂਪਨ ਪੈਦਾ ਹੋਣ ਕਾਰਨ ਸੋਵੀਅਤ ਰੂਸ ਦੂਸਰੇ ਸਾਮਰਾਜੀ ਦੇਸ਼ਾਂ ਨਾਲੋਂ ਪੱਛੜ ਗਿਆ। ਨਾਲ ਹੀ ਲੋਕਾਂ ਦੀ ਨਿੱਜੀ ਵਰਤੋਂ ਦੀਆਂ ਚੀਜ਼ਾਂ ਬਾਰੇ ਚੋਣ ਕਰਨ ਦੀ ਇੱਛਾ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਹੋਈਆਂ। ਫੌਜੀ ਸ਼ਕਤੀ ਤੇ ਪੁਲਾੜ ਦੇ ਖੇਤਰਾਂ ਵਿੱਚ ਸਾਮਰਾਜ ਨੂੰ ਪਿਛਾਂਹ ਧੱਕਣ ਵਾਲਾ ਸੋਵੀਅਤ ਯੂਨੀਅਨ ਜੇਕਰ ਆਪਣੇ ਲੋਕਾਂ ਨੂੰ ਆਪਣੀ ਪਸੰਦ ਦੇ ਪਹਿਰਾਵੇ ਤੇ ਖਾਣ-ਪੀਣ ਦੀਆਂ ਵਸਤਾਂ ਵਿੱਚ ਵੰਨ-ਸੁਵੰਨਤਾ ਨਹੀਂ ਦੇ ਸਕਿਆ ਤਾਂ ਉਂਗਲੀ ਸਮਾਜਵਾਦੀ ਪ੍ਰਬੰਧ ਦੀ ਕਾਬਲੀਅਤ ‘ਤੇ ਨਹੀਂ ਧਰੀ ਜਾ ਸਕਦੀ, ਬਲਕਿ ਯੋਜਨਾਬੰਦੀ ਕਰਨ ਵਾਲੀਆਂ ਸੋਵੀਅਤ ਸੰਸਥਾਵਾਂ ਦੀ ਨੁਕਸਦਾਰ ਕਾਰਜਸ਼ੈਲੀ ਤੇ ਇਨ੍ਹਾਂ ਸੰਸਥਾਵਾਂ ਨੂੰ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਤੇ ਜੁਆਬਦੇਹ ਬਣਾਉਣ ਵਿੱਚ ਅਸਫਲਤਾ ਨੂੰ ਦੋਸ਼ੀ ਠਹਿਰਾਇਆ ਜਾਣਾ ਬਣਦਾ ਹੈ।
ਕਿਸੇ ਵੀ ਇਨਕਲਾਬ ਲਈ ਜਿੰਨਾ ਇਨਕਲਾਬੀ ਸਿਧਾਂਤ ਪ੍ਰਤੀ ਪ੍ਰਤੀਬੱਧਤਾ ਤੇ ਇਸ ਲਈ ਮਰ ਮਿਟਣ ਦਾ ਜਜ਼ਬਾ, ਜਥੇਬੰਦਕ ਗਿਆਨ ਤੇ ਕੁਰਬਾਨੀ ਕਰਨ ਦੀ ਭਾਵਨਾ ਲੋੜੀਂਦੀ ਹੈ, ਉਸ ਨਾਲੋਂ ਕਈ ਗੁਣਾ ਜਿਆਦਾ ਸ਼ਕਤੀ, ਚੌਕਸੀ ਤੇ ਤਤਪਰਤਾ ਇਸ ਨਵੇਂ ਸਮਾਜਵਾਦੀ ਪ੍ਰਬੰਧ ਦੀ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਤੋਂ ਰਾਖੀ ਕਰਨ ਲਈ ਲੋੜੀਂਦੀ ਹੈ। ਇਸ ਪੱਖੋਂ ਜਨ ਸਧਾਰਨ ਤੇ ਪਾਰਟੀ ਮੈਂਬਰਾਂ/ਆਗੂਆਂ ਦੀ ਵਿਚਾਰਧਾਰਕ ਤੇ ਰਾਜਨੀਤਕ ਚੇਤਨਤਾ ਵਧਾਉਣ ਦੇ ਨਾਲ-ਨਾਲ ਸੰਸਾਰ ਸਾਮਰਾਜ ਵਿਰੁੱਧ ਹਰ ਖੇਤਰ ਵਿੱਚ ਚੌਕਸੀ ਵਰਤਦਿਆਂ ਇਸ ਪ੍ਰਬੰਧ ਤੇ ਉੱਤਮਤਾ ਹਾਸਲ ਕਰਨ ਲਈ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਬਣਦਾ ਧਿਆਨ ਤੇ ਜ਼ੋਰ ਨਹੀਂ ਦਿੱਤਾ। ਬਿਨ੍ਹਾਂ ਸ਼ੱਕ ਰੂਸੀ ਕਮਿਊਨਿਸਟ ਪਾਰਟੀ ਵਲੋਂ ਸਮਾਜਵਾਦੀ ਵਿਕਾਸ ਦੀਆਂ ਸੰਭਾਵਨਾਵਾਂ ਤੇ ਸ਼ਕਤੀ ਨੂੰ ਵਧਾ ਕੇ ਦੇਖਿਆ ਗਿਆ ਤੇ ਪੂੰਜੀਵਾਦ ਪ੍ਰਬੰਧ ਦੀ ਨਵੀਆਂ ਤਕਨੀਕਾਂ ਤੇ ਯੋਜਨਾਬੰਦੀ ਰਾਹੀਂ ਆਪਣੇ ਅੰਦਰੂਨੀ ਸੰਕਟਾਂ ‘ਤੇ ਵਕਤੀ ਤੌਰ ‘ਤੇ ਕਾਬੂ ਪਾਉਣ ਦੀ ਸਮਰੱਥਾ ਨੂੰ ਘਟਾ ਕੇ ਦੇਖਿਆ ਗਿਆ। ਫਾਸ਼ੀਵਾਦ ਵਿਰੁੱਧ ਲੜਦਿਆਂ ਸਮਾਜਵਾਦ ਦੀ ਰਾਖੀ ਲਈ ਹਰ ਪੰਜਵੇਂ ਬੰਦੇ ਦੀ ਕੁਰਬਾਨੀ ਦੇਣ ਵਾਲਾ ਸੋਵੀਅਤ ਯੂਨੀਅਨ ਸਾਮਰਾਜੀ ਪਿੱਠੂਆਂ ਦੇ ਹਮਲਿਆਂ ਦੌਰਾਨ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਿਆ ਤੇ ਕਿਸੇ ਇੱਕ ਵਿਅਕਤੀ ਨੇ ਵੀ ਇਸ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਹਿੰਮਤ ਨਹੀਂ ਦਿਖਾਈ! ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਸਿਧਾਂਤ ਤੇ ਸਮਾਜਵਾਦੀ ਪ੍ਰਬੰਧ ਦੀ ਰਾਖੀ ਲਈ ਵਚਨਬੱਧਤਾ ਅਤੇ ਸੰਗਰਾਮੀ ਊਰਜਾ ਤੋਂ ਸੱਖਣੀ ਪਾਰਟੀ ਦਾ ਇਹੋ ਹਾਲ ਹੀ ਹੋਣਾ ਸੀ।
ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਘਾਟਾਂ ਦੀ ਨਿਸ਼ਾਨਦੇਹੀ ਕਰਕੇ ਲੋੜੀਂਦੇ ਸਬਕ ਸਿੱਖੇ ਜਾ ਸਕਦੇ ਹਨ, ਤਾਂ ਕਿ ‘ਸੋਵੀਅਤ ਮਾਡਲ’ ਤੋਂ ਭਿੰਨ ਇੱਕ ਹਕੀਕੀ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਲਈ ਲੋੜੀਂਦੀ ਯੋਜਨਾਬੰਦੀ, ਤਿਆਰੀ ਤੇ ਲਾਮਬੰਦੀ ਕੀਤੀ ਜਾ ਸਕੇ। ਇਹ ਤਸੱਲੀ ਵਾਲੀ ਗੱਲ ਹੈ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਸਮਾਜਵਾਦੀ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਸਮਾਜਵਾਦੀ ਦੇਸ਼ਾਂ ਅੰਦਰ ਵਾਪਰੇ ਦੁਖਾਂਤਕ ਵਰਤਾਰੇ ਨੂੰ ਸਮਝਦਿਆਂ, ਆਪਣੇ ਪਾਰਟੀ ਪ੍ਰੋਗਰਾਮ ਅੰਦਰ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਹੋਇਆਂ ਦੇਸ਼ ਦੀਆਂ ਠੋਸ ਆਰਥਿਕ ਤੇ ਸਮਾਜਕ ਅਵਸਥਾਵਾਂ ਦਾ ਮੁਲੰਕਣ ਕਰਦਿਆਂ ਭਾਰਤੀ ਇਤਿਹਾਸ, ਲੋਕਾਂ ਦੇ ਨਰੋਏ ਸਭਿਆਚਾਰਕ ਵਿਰਸੇ ਤੇ ਬੀਤੇ ਦੇ ਲੋਕ ਹਿਤੈਸ਼ੀ ਜਨ ਸੰਘਰਸ਼ਾਂ ਦੇ ਮਾਰਗ ਦਰਸ਼ਕਾਂ ਦੀਆਂ ਕੁਰਬਾਨੀਆਂ ਨੂੰ ਸਨਮੁੱਖ ਰੱਖਦਿਆਂ ਹੋਇਆਂ ”ਯੁਧਨੀਤੀ” ਤੇ “ਦਾਅਪੇਚਕ ਸੇਧ” ਘੜੀ ਹੈ। ਪਾਰਟੀ ਪ੍ਰੋਗਰਾਮ ਅੰਦਰ ਭਾਰਤ ਦੀਆਂ ਠੋਸ ਸਮਾਜਿਕ, ਆਰਥਿਕ ਤੇ ਰਾਜਨੀਤਕ ਪ੍ਰਸਥਿਤੀਆਂ ਦੇ ਅਨੁਸਾਰ ਅਸੀਂ ਜਾਤੀਵਾਦੀ ਆਧਾਰ ‘ਤੇ ਕੀਤੇ ਜਾਣ ਵਾਲੇ ਸਮਾਜਿਕ ਉਤਪੀੜਨ ਦਾ ਅਹਿਸਾਸ ਕਰਦਿਆਂ ਇੱਕ ”ਜਮਾਤ ਰਹਿਤ, ਜਾਤ-ਪਾਤ ਰਹਿਤ ਤੇ ਨਾਰੀ ਮੁਕਤੀ ‘ਤੇ ਅਧਾਰਤ ਧਰਮ ਨਿਰਪੱਖ ਸਮਾਜ ਦੀ ਸਥਾਪਨਾ” ਦਾ ਟੀਚਾ ਮਿਥਿਆ ਹੈ। ਜਾਤੀਪਾਤੀ ਜਬਰ ਅਤੇ ਪਿਤਰ ਸੱਤਾ ਵਿਰੁੱਧ ਲੜਾਈ ‘ਜਮਾਤੀ ਸੰਘਰਸ਼’ ਦਾ ਇੱਕ ਅਨਿੱਖੜਵਾਂ ਤੇ ਮਹੱਤਵਪੂਰਨ ਅੰਗ ਹੈ। ਇਸਦੇ ਬਾਵਜੂਦ ਵੀ ਅਸੀਂ ਆਪਣੇ-ਆਪ ਬਾਰੇ ਸਮਾਜਿਕ ਵਿਗਿਆਨ ਦੇ ਪੂਰੇ ਗਿਆਤਾ ਤੇ ਇਨਕਲਾਬੀ ਲਹਿਰਾਂ ਉਸਾਰਨ ਦੇ ਪੂਰੀ ਤਰ੍ਹਾਂ ਸਮਰੱਥ ਅਤੇ ਸਿਧਾਂਤਕ ਸਮਝਦਾਰੀ ਪੱਖੋਂ ਸੰਪੂਰਨ ਹੋਣ ਦਾ ਦਾਅਵਾ ਨਹੀਂ ਕਰਦੇ। ਅਜੇ ਭਾਰਤੀ ਸਮਾਜ ਵਿਚਲੀਆਂ ਹੋਰ ਅਨੇਕਾਂ ਪਰਤਾਂ ਤੇ ਅੰਦਰੂਨੀ ਵਿਰੋਧਤਾਈਆਂ ਨੂੰ ਹੋਰ ਡੂੰਘਾਈ ਨਾਲ ਘੋਖਣ ਤੇ ਉਸ ਅਨੁਸਾਰ ਢੁਕਵੇਂ ਦਾਅਪੇਚ ਘੜਣੇ ਸਿੱਖਣ ਤੇ ਅਮਲੀ ਜਾਮਾ ਪਹਿਨਾਉਣ ਦੀ ਮੁਹਾਰਤ ਹਾਸਲ ਕਰਨ ਦੇ ਯਤਨ ਨਿਰੰਤਰ ਜਾਰੀ ਰੱਖਣ ਦੀ ਸਖ਼ਤ ਜ਼ਰੂਰਤ ਬਾਕੀ ਹੈ। ਭਾਰਤ ਦੀ ਧਰਤੀ ਉਪਰ ਸਮਾਜਿਕ ਤਬਦੀਲੀ ਇੱਥੋਂ ਦੀਆਂ ਠੋਸ ਹਾਲਤਾਂ ਨੂੰ ਸਮਝੇ ਬਿਨਾਂ ਅਸੰਭਵ ਹੈ, ਇਹੀ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਦਾ ਮੂਲ ਮੰਤਰ ਹੈ। ਇਹ ਇੱਕ ਤਰੱਕੀ ਕਰ ਰਿਹਾ ਵਿਗਿਆਨ ਹੈ, ਜਿਸ ਵਿੱਚ ਨਿਰੰਤਰ ਵਾਧਾ ਕੀਤੇ ਜਾਣ ਦੀ ਲੋੜ ਹੈ। ਪ੍ਰੰਤੂ ਅਜਿਹਾ ਕਰਦਿਆਂ ਸੱਜੇ ਤੇ ਖੱਬੇ ਕੁਰਾਹਿਆਂ ਤੋਂ ਸਾਵਧਾਨ ਰਹਿ ਕੇ ਚੱਲਣ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ।
ਅਕਤੂਬਰ ਇਨਕਲਾਬ ਦੀ ਜੁਗ ਪਲਟਾਊ ਘਟਨਾ, ਇਸ ਦੀਆਂ ਬਰਕਤਾਂ ਤੇ ਬਾਅਦ ਵਿੱਚ ਸਮਾਜਵਾਦੀ ਪ੍ਰਬੰਧ ਦੇ ਢਹਿ ਢੇਰੀ ਹੋਣ ਦੇ ਕਾਰਨਾਂ ਬਾਰੇ ਬਿਨਾਂ ਕਿਸੇ ਰੱਖ-ਰਖਾਅ ਤੋਂ ਸਵੈ ਪੜਚੋਲ ਕਰਕੇ ਹੀ ਅਸੀਂ ਭਵਿੱਖ ਲਈ ਸਾਰਥਕ ਸਿੱਟੇ ਕੱਢਣ ਦੇ ਯੋਗ ਬਣ ਸਕਦੇ ਹਾਂ। ਅਕਤੂਬਰ ਇਨਕਲਾਬ ਨੂੰ ਯਾਦ ਕਰਨ ਦੀ ਸਭ ਤੋਂ ਚੰਗੀ ਵਿਧੀ ਸਾਡੀ ਜਾਚੇ ਇਹੋ ਹੋ ਸਕਦੀ ਹੈ।

Leave a Reply

Your email address will not be published. Required fields are marked *