ਇਤਿਹਾਸ ਅਤੇ ਜ਼ਿੰਦਗੀ ਦੀ ਰੰਗਲੀ ਤਸਵੀਰ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਮਾਝੇ ਦਾ ਪ੍ਰਸਿੱਧ ਗਲਪਕਾਰ ਮਨਮੋਹਨ ਸਿੰਘ ਬਾਸਰਕੇ ਇਕ ਦਰਜਨ ਪੁਸਤਕਾਂ ਦਾ ਰਚੇਤਾ ਹੈ। ਪੁਸਤਕ ‘ਚੇਤਿਆਂ ਦੀ ਚੰਗੇਰ ’ਚੋਂ’ (ਕੀਮਤ: 200 ਰੁਪਏ; ਆਜ਼ਾਦ ਬੁੱਕ ਡੀਪੋ, ਅੰਮ੍ਰਿਤਸਰ) ਵਿਚ ਉਸ ਨੇ ਆਪਣੀਆਂ ਜੀਵਨ ਯਾਦਾਂ ਨੂੰ ਕਲਮਬੱਧ ਕੀਤਾ ਹੈ। ਨਾਲ ਹੀ ਸਿੱਖ ਇਤਿਹਾਸ ਨਾਲ ਜੁੜੇ ਮਾਝੇ ਦੇ ਅਠਾਰਾਂ ਪਿੰਡਾ ਦਾ ਜ਼ਿਕਰ ਹੈ। ਉਸ ਧਰਤੀ ਨੂੰ ਸਿਜਦਾ ਕੀਤਾ ਹੈ ਜਿਸ ਪਵਿੱਤਰ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਲੇਖਕ ਦਾ ਜਨਮ ਉਸ ਪਿੰਡ ਦਾ ਹੈ ਜਿਸ ਦਾ ਸੰਬੰਧ ਤੀਸਰੇ ਗੁਰੂ ਸਾਹਿਬ, ਗੁਰੂ ਅਮਰਦਾਸ ਜੀ ਨਾਲ ਹੈ। ਬਾਸਰਕੇ ਗਿੱਲਾਂ ਪਿੰਡ ਦੀ ਇਤਿਹਾਸਕ ਮਹਾਨਤਾ, ਦੂਰਦਰਸ਼ਨ ਕੇਂਦਰ, ਸਿਆਸੀ ਪਿਛੋਕੜ, ਸਰਕਾਰੀ ਗੈਰ ਸਰਕਾਰੀ ਅਦਾਰਿਆਂ ਅਤੇ ਸਾਹਿਤਕ ਸ਼ਖ਼ਸੀਅਤਾਂ ਦਾ ਭਰਪੂਰ ਜ਼ਿਕਰ ਹੈ। ਹੋਰਨਾਂ ਪਿੰਡਾਂ ਵਿਚ ਹੁਸ਼ਿਆਰ ਨਗਰ, ਪ੍ਰੋ. ਵਰਿਆਮ ਸਿੰਘ ਸੰਧੂ ਦਾ ਪਿੰਡ ਸੁਰ ਸਿੰਘ, ਮਹਾਰਾਜਾ ਸ਼ੇਰ ਸਿੰਘ ਦਾ ਸਹੁਰਾ ਪਿੰਡ ਠਰੂ, ਪਿੰਡ ਖੈਰਾਬਾਦ, ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬੌਲਦ ਵਾਲਾ ਠਠੀ ਖਾਰਾ, ਅਣਖੀ ਜਰਨੈਲ ਸਰਦਾਰ ਸ਼ਾਮ ਸਿੰਘ ਦਾ ਪ੍ਰਸਿੱਧ ਪਿੰਡ ਅਟਾਰੀ, ਸੰਧੂਆਂ ਦਾ ਪਿੰਡ ਨਾਰਲੀ, ਸਾਹਿਤਕਾਰ ਪ੍ਰੋ. ਲੋਕ ਨਾਥ ਦਾ ਪਿਛਲਾ ਪਿੰਡ ਤਰਸਿਕਾ, ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਵਡਾਲੀ ਗੁਰੂ, ਭਾਈ ਮਹਿਤਾਬ ਸਿੰਘ ਦਾ ਪਿੰਡ ਮੀਰਾਕੋਟ, ਬਾਬਾ ਨੌਧ ਸਿੰਘ ਦਾ ਪਿੰਡ ਚੀਚਾ, ਸਰਾਏ ਅਮਾਨਤ ਖਾਂ, ਨੂਰਦੀਨ ਦੀ ਸਰਾਂ, ਨਾਲੰਦਾ ਵਿਸ਼ਵਵਿਦਿਆਲੇ ਤੋਂ ਇਲਾਵਾ ਨਵਾਬ ਕਪੂਰ ਸਿੰਘ ਦਾ ਇਤਿਹਾਸਕ ਪ੍ਰਸੰਗ ਹੈ। ਗੁਰੂ ਸਾਹਿਬਾਨ ਦੀਆਂ ਜੀਵਨ ਸਾਖੀਆਂ ਵੀ ਇਸ ਵਿਚ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੀਆਂ ਪੱਤੀਆਂ, ਮੁਲਾਜ਼ਮਾਂ ਦੀ ਗਿਣਤੀ, ਸਰਕਾਰੀ ਗ਼ੈਰ-ਸਰਕਾਰੀ ਅਦਾਰਿਆਂ ਦਾ ਵੇਰਵਾ, ਆਬਾਦੀ, ਰਕਬਾ, ਪਿੰਡ ਦੀ ਮੋੜ੍ਹੀ ਗੱਡਣ ਦਾ ਇਤਿਹਾਸ ਤੇ ਹੋਰ ਵੀ ਬਹੁਤ ਕੁਝ ਦਰਜ ਹੈ। ਇਨ੍ਹਾਂ ਪਿੰਡਾਂ ਨਾਲ ਲੇਖਕ ਦੀ ਨਿੱਜੀ ਸਾਂਝ ਹੈ। ਸਾਹਿਤਕਾਰਾਂ ਦਾ ਜ਼ਿਕਰ ਵੀ ਹੈ। ਪਿੰਡਾਂ ਦਾ ਜ਼ਿਕਰ ਪੰਨਾ 85 ਤੋਂ 128 ਤੱਕ ਹੈ। ਇਸ ਤੋਂ ਪਹਿਲਾਂ ਯਾਦਾਂ ਨਾਲ ਭਰਪੂਰ ਪੰਨੇ ਹਨ। ਇਹ ਯਾਦਾਂ ਬਚਪਨ ਦੀਆਂ ਅਤੇ ਨੌਕਰੀ ਸਮੇਂ ਦੀਆਂ ਹਨ। ਪਿੰਡ ਦੇ ਦਿਲਚਸਪ ਪਾਤਰ, ਹਾਸਰਸੀ ਸੁਪਨੇ, ਵਿਅੰਗ ਤੇ ਦਿਲਚਸਪ ਪਾਤਰਾਂ ਦੇ ਰੇਖਾ ਚਿੱਤਰ ਹਨ। ਲੇਖਕ ਆਪਣੀ ਪੋਲੀਓ ਦੀ ਕੁਦਰਤੀ ਸ਼ਿਕਾਇਤ ਦਾ ਜ਼ਿਕਰ ਕਈ ਲੇਖਾਂ ਵਿਚ ਦੁਹਰਾਉਂਦਾ ਹੈ। ਹੌਸਲੇ ਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਲੇਖਕ ਇਸ ਦੇ ਬਾਵਜੂਦ ਹਰ ਖੇਤਰ ਵਿਚ ਮੱਲਾਂ ਮਾਰਦਾ ਗਿਆ। ਸਾਹਿਤ ਸਿਰਜਨਾ ਅਤੇ ਦਫ਼ਤਰੀ ਕੰਮਾਂ ਵਿਚ ਉਹ ਨਿਪੁੰਨ ਰਿਹਾ। ਇਸੇ ਲਈ ਪ੍ਰਸ਼ਾਸਨ ਕੋਲੋਂ ਉਸ ਨੂੰ ਪੁਰਸਕਾਰ ਮਿਲਿਆ। ਭਾਸ਼ਾ ਵਿਭਾਗ ਨੇ ਉਸ ਕੋਲੋਂ ਕਿਤਾਬਾਂ ਲਿਖਵਾਈਆਂ। ਪਿੰਡਾਂ ਦਾ ਇਤਿਹਾਸ ਲਿਖਵਾ ਕੇ ਛਾਪਿਆ। ਪੁਸਤਕ ਦੇ ਪਹਿਲੇ ਭਾਗ ਵਾਲੇ ਲੇਖ ਮਿਡਲ ਲੇਖਾਂ ਦੇ ਰੂਪ ਵਿਚ ਅਖ਼ਬਾਰਾਂ ਦਾ ਸ਼ਿੰਗਾਰ ਬਣੇ। ਲੰਮੇ ਸਮੇਂ ਤੋਂ ਬਾਸਰਕੇ ਆਪਣੇ ਪਾਠਕਾਂ ਦਾ ਚਹੇਤਾ ਸਾਹਿਤਕਾਰ ਹੈ। ਪੁਸਤਕ ਦੇ ਲੇਖਾਂ ਵਿਚ ਲੇਖਕ ਸਵੈ-ਪ੍ਰਗਟਾਵਾ ਕਰਦਾ ਹੈ। ਇਸ ਪ੍ਰਸੰਗ ਵਿਚ ਪੁਸਤਕ ਲੇਖਕ ਦੀ ਸਵੈ-ਜੀਵਨੀ ਵਾਂਗ ਬਣ ਜਾਂਦੀ ਹੈ ਕਿਉਂਕਿ ਇਹ ਸਾਰੇ ਲੇਖ ਬਾਸਰਕੇ ਦੇ ਸਿਰਫ਼ ਚੇਤੇ ਹੀ ਨਹੀਂ ਸਗੋਂ ਹੱਡੀਂ ਹੰਢਾਏ ਅਨੁਭਵ ਹਨ। ਸਾਹਿਤਕਾਰ ਨਿਰਮਲ ਅਰਪਣ, ਲੇਖਕ ਦੀ ਬਜ਼ੁਰਗ ਮਾਂ ਅਤੇ ਸਾਹਿਤਕਾਰ ਕਿਰਪਾਲ ਸਿੰਘ ਕਸੇਲ ਨਾਲ ਬਿਤਾਏ ਪਲ ਉਸ ਦੀਆਂ ਯਾਦਾਂ ਵਿਚ ਅੰਕਿਤ ਹਨ। ‘ਜਦੋਂ ਅਸੀਂ ਟਿਕਟ ਮੰਗੀ’ ਵਿਅੰਗ ਹੈ। ਇਹ ਟਿਕਟ ਬਸ ਗੱਡੀ ਦੀ ਨਹੀਂ ਸਗੋਂ ਸਿਆਸਤ ਵਿਚ ਚੋਣ ਲੜਨ ਦੀ ਟਿਕਟ ਦਾ ਪ੍ਰਸੰਗ ਹੈ। ਪਰ ਜਦੋਂ ਪਾਠਕ ਵੇਖਦਾ ਹੈ ਕਿ ਇਹ ਅਸਲੀਅਤ ਨਹੀਂ, ਸੁਪਨਾ ਹੈ ਤਾਂ ਉਹ ਚੌਂਕ ਜਿਹਾ ਜਾਂਦਾ ਹੈ। ਕਲਾਮਈ ਸ਼ਬਦਾਵਲੀ ਹੈ। ਪਿੰਡ ਦਾ ਦਿਲਚਸਪ ਪਾਤਰ ਹੈ ਚਾਚਾ ਚਿਮੋ ਜਿਸ ਬਾਰੇ ਲੇਖ ਬਹੁਤ ਖ਼ੂਬਸੂਰਤ ਹੈ। ਚਾਚਾ ਚਿਮੋ ਪਿੰਡ ਦਾ ਚਲਦਾ ਫਿਰਦਾ ਸਭਿਆਚਾਰ ਹੈ। ਇਕ ਸਿੱਧਾ ਪੱਧਰਾ ਫ਼ੌਜੀ ਅਫ਼ਸਰ ਵੀ ਲੇਖਕ ਦੀਆਂ ਯਾਦਾਂ ਦਾ ਸ਼ਿੰਗਾਰ ਹੈ। ਇਕ ਵਾਰੀ ਛੋਟੇ ਵੀਰ ਇੰਦਰਜੀਤ ਬਾਸਰਕੇ ਨੂੰ ਪੁਲੀਸ ਫੜਨ ਆਈ, ਪਰ ਫਸ ਗਿਆ ਲੇਖਕ ਆਪ। ਇਹ ਸਾਰੀ ਵਾਰਤਾ ਲੇਖਕ ਨੇ ਬਹੁਤ ਵਧੀਆ ਸ਼ੈਲੀ ਵਿਚ ‘ਮੇਰੇ ਨਾਲ ਖ਼ਤਰਨਾਕ ਅਪਰਾਧੀ ਵਾਲਾ ਵਿਵਹਾਰ ਹੋਇਆ’ ਵਿਚ ਦਰਜ ਕੀਤੀ ਹੈ। ਹਾਲਾਂਕਿ ਲੇਖਕ ਦਾ ਕੋਈ ਕਸੂਰ ਨਹੀਂ ਸੀ, ਪਰ ਇਹ ਵੀ ਲੇਖਕ ਦੀ ਅਭੁੱਲ ਯਾਦ ਬਣ ਗਈ। ਪੁਸਤਕ ਦੇ ਲੇਖ ਸੱਸ ਸ਼ਬਦ ਤੋਂ ਨਫ਼ਰਤ ਕਿਉਂ, ਛੰਦ ਪਰਾਗੇ ਆਈਏ ਜਾਈਏ ਸਭਿਆਚਾਰਕ ਹਨ। ‘ਜਿਸ ਦਾ ਸਾਹਿਬ ਡਾਢਾ ਹੋਇ’ ਵਿਚ ਲੇਖਕ ਦੀ ਹਾਦਸਿਆਂ ਤੋਂ ਬਚ ਕੇ ਨਿਕਲਣ ਦੀ ਗਾਥਾ ਹੈ। ਪੁਸਤਕ ਦੇ ਬਾਕੀ ਲੇਖ ਚੇਤਿਆਂ ਦੀ ਚੰਗੇਰ, ਕਰ ਭਲਾ ਹੋ ਭਲਾ, ਜਦੋਂ ਅਸੀਂ ਬਾਦਸ਼ਾਹੀ ਕੀਤੀ, ਮੈਂ ਤਾਂ ਸਾਧ ਹੋ ਗਿਆ, ਕਿਸੇ ਨਾਲ ਗਲ ਨਾ ਕਰੀਂ, ਬਾਪੂ ਰਣਜੀਤ ਸਿੰਘ ,ਪਰਮਾਤਮਾ ਪਾਰਸ ਵੀ ਦਿਲਚਸਪ ਰੇਖਾ ਚਿੱਤਰ ਹਨ। ਲੇਖਕ ਨੇ ਆਪਣੀ ਪਾਲਕ ਭੂਆ ਤੇ ਪਿਆਰੀ ਮਾਂ ਨੂੰ ਸ਼ਿੱਦਤ ਨਾਲ ਯਾਦ ਕੀਤਾ ਹੈ। ਭੂਆ ਵਾਲੇ ਲੇਖ ਵਿਚੋਂ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਮਹਿਕ ਆਉਂਦੀ ਹੈ। ਡਾ. ਧਰਮ ਸਿੰਘ ਨੇ ਪੁਸਤਕ ਦੀ ਭਾਵਪੂਰਤ ਭੂਮਿਕਾ ਲਿਖੀ ਹੈ। ਦਿਲਜੀਤ ਸਿੰਘ ਬੇਦੀ ਤੇ ਭੁਪਿੰਦਰ ਸਿੰਘ ਸੰਧੂ ਨੇ ਟਾਈਟਲ ’ਤੇ ਲੇਖਕ ਦੀ ਸਿਰਜਨ ਪ੍ਰਕਿਰਿਆ ਬਾਰੇ ਸਾਰਥਕ ਵਿਚਾਰ ਲਿਖੇ ਹਨ। ਇਹ ਇਤਿਹਾਸ ਅਤੇ ਸਮਕਾਲੀ ਸਮਾਜ ਦੀ ਰੰਗਲੀ ਤਸਵੀਰ ਹੈ।

* * *

ਪੁਸਤਕ ‘ਇਕ ਭਰਿਆ-ਪੂਰਾ ਦਿਨ’ (ਲੇਖਕ: ਡਾ. ਸ਼ਿਆਮ ਸੁੰਦਰ ਦੀਪਤੀ; ਕੀਮਤ: 100 ਰੁਪਏ; ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ) ਨਿਵੇਕਲੀ ਸ਼ੈਲੀ ਵਿਚ ਰਚੀ ਸਵੈ-ਜੀਵਨੀ ਮੂਲਕ ਪੁਸਤਕ ਹੈ। ਬਹੁਪੱਖੀ ਸਾਹਿਤਕਾਰ ਨੇ ਇਸ ਪੁਸਤਕ ਦੇ ਅਠਾਰਾਂ ਕਾਂਡਾਂ ਵਿਚ ਇਕ ਪੂਰੇ ਦਿਨ ਦਾ ਆਪਣਾ ਰੁਟੀਨ ਲਿਖਿਆ ਹੈ। ਉਸ ਨੇ ਜ਼ਿੰਦਗੀ ਦੇ ਰੁਝੇਵਿਆਂ ਦੀ ਗਾਥਾ ਪੇਸ਼ ਕੀਤੀ ਹੈ। ਪੁਸਤਕ ਦੀ ਸ਼ੈਲੀ ਸਹਿਜਮਈ ਹੈ। ਹਰੇਕ ਕਾਂਡ ਦਾ ਸਿਰਲੇਖ ਹੈ। ਪਹਿਲੇ ਕਾਂਡ ਵਿਚ ਸਵੇਰੇ ਦਿਨ ਦੀ ਸ਼ੁਰੂਆਤ ਸਵੇਰੇ 5.00 ਵਜੇ ਉੱਠਣ ਨਾਲ ਹੁੰਦੀ ਹੈ। ਲੇਖਕ ਰੋਜ਼ ਸਵੇਰੇ ਸੁਵਖਤੇ ਉੱਠਦਾ ਹੈ। ਅਸਲ ਵਿਚ ਲੇਖਕ ਦੀਪਤੀ ਨੂੰ ਪਿਛਲੇ 45 ਸਾਲ ਤੋਂ ਸ਼ੂਗਰ ਹੈ। ਉਹ ਹਰ ਰੋਜ਼ ਖਾਣੇ ਤੋਂ ਪਹਿਲਾਂ ਇਨਸੁਲਿਨ ਦਾ ਟੀਕਾ ਲਾ ਕੇ ਖਾਣਾ ਖਾਂਦਾ ਹੈ। ਉਸ ਦੀ ਇੱਛਾ ਸੀ ਕਿ ਉਹ ਸ਼ੂਗਰ ਬਾਰੇ ਐਨਾ ਕੁ ਲਿਖੇ ਕਿ ਉਸ ਦੇ ਪਾਠਕਾਂ ਵਿਚੋਂ ਇਸ ਦਾ ਡਰ ਦੂਰ ਹੋ ਜਾਵੇ। ਕੇਵਲ ਸ਼ੂਗਰ ਹੀ ਨਹੀਂ, ਉਸ ਨੂੰ ਜ਼ਿੰਦਗੀ ਵਿਚ ਤਿੰਨ ਵੱਡੇ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਵਿਚੋਂ ਇਕ ਹਾਦਸਾ ਇਸ ਕਦਰ ਭਿਆਨਕ ਸੀ ਕਿ ਉਸ ਦੀ ਇਕ ਲੱਤ ਬਨਾਵਟੀ ਪਾਉਣੀ ਪਈ। ਇਸ ਦੇ ਬਾਵਜੂਦ ਉਸ ਦਾ ਹੌਸਲਾ ਬਰਕਰਾਰ ਰਿਹਾ। ਜੀਵਨ ਸਾਥਣ ਊਸ਼ਾ ਵੀ ਡਾਕਟਰ ਹੈ ਜਿਸ ਨੂੰ ਲੇਖਕ ਨੇ ਵਿਆਹ ਤੋਂ ਪਹਿਲਾਂ (22 ਸਾਲ) ਆਪਣੀ ਸ਼ੂਗਰ ਬਾਰੇ ਦੱਸ ਦਿੱਤਾ ਸੀ। ਉਹ ਪੰਜ ਦਹਾਕਿਆਂ ਤੋਂ ਸ਼ੂਗਰ ਨਾਲ ਵੀ ਉਤਸ਼ਾਹ ਭਰਿਆ ਜੀਵਨ ਮਾਣ ਰਿਹਾ ਹੈ। ਸਾਲ ਦੇ ਬਵੰਜਾ ਐਤਵਾਰਾਂ ਵਿਚੋਂ ਜ਼ਿਆਦਾਤਰ ਉਹ ਸਾਹਿਤਕ ਸਮਾਗਮਾਂ ਵਿਚ ਦੂਰ ਦੁਰਾਡੇ ਜਾਂਦਾ ਰਿਹਾ ਹੈ। ਕਦੇ ਥਕਾਵਟ ਮਹਿਸੂਸ ਨਹੀਂ ਕਰਦਾ।

ਉਸ ਦੀ ਮੁੱਢਲੀ ਵਿਦਿਆ ਅਬੋਹਰ ਸ਼ਹਿਰ ਦੇ ਡੀ.ਏ.ਵੀ. ਕਾਲਜ ਦੀ ਹੈ। ਮੈਡੀਕਲ ਸਿੱਖਿਆ ਭਾਵ ਐਮ.ਬੀ.ਬੀ.ਐੱਸ. ਉਸ ਨੇ ਪਟਿਆਲੇ ਤੋਂ ਕੀਤੀ। ਉਸ ਨੇ ਐਮ.ਡੀ.; ਐਮ.ਏ. ਪੰਜਾਬੀ, ਐਮ.ਏ. ਸਮਾਜ ਵਿਗਿਆਨ ਅਤੇ ਐਮ.ਐੱਸ-ਸੀ. ਅਪਲਾਈਡ ਸਾਇਕੋਲੋਜੀ ਦੀ ਉੱਚ ਯੋਗਤਾ ਹਾਸਲ ਕੀਤੀ ਹੈ। ਸਿਹਤ ਵਿਭਾਗ ਵਿਚ ਉਸ ਨੇ ਸਰਕਾਰੀ ਨੌਕਰੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਤੋਂ ਸ਼ੁਰੂ ਕਰਕੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਕੀਤੀ। ਉਹ 2016 ਤੋਂ ਸੇਵਾ ਮੁਕਤ ਹੈ। ਆਪਣੇ ਮੁੱਖ ਰੁਝੇਵਿਆਂ ਵਿਚ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਦੀ ਕਾਲਮਨਵੀਸੀ ਤੇ ਮਿੰਨੀ ਕਹਾਣੀਆਂ, ਕਵਿਤਾਵਾਂ ਤੋਂ ਇਲਾਵਾ ਹੋਰ ਸਾਹਿਤ ਸਿਰਜਨਾ ਕਰਨਾ ਹੈ। ਉਸ ਦਾ ਜ਼ਿਆਦਾ ਝੁਕਾਅ ਸਾਹਿਤ ਤੇ ਪੱਤਰਕਾਰੀ ਵੱਲ ਹੈ। ਜੇ ਉਹ ਚਾਹੁੰਦਾ ਤਾਂ ਸੇਵਾਮੁਕਤੀ ਪਿੱਛੋਂ ਆਪਣਾ ਹਸਪਤਾਲ ਖੋਲ੍ਹ ਸਕਦਾ ਸੀ, ਪਰ ਉਹ ਤਾਂ ਖ਼ੁਦ ਡਾਕਟਰੀ ਪੇਸ਼ੇ ਦੀਆਂ ਕਮੀਆਂ ਉਜਾਗਰ ਕਰਦਾ ਹੈ। ਲੇਖਣ ਕਾਰਜ ਵਿਚੋਂ ਉਸ ਨੂੰ ਮਾਨਸਿਕ ਸਕੂਨ ਮਿਲਦਾ ਹੈ। ਪਤਨੀ ਊਸ਼ਾ ਦਾ ਉਸ ਨੂੰ ਪੂਰਾ ਸਾਥ ਹੈ। ਸਾਹਿਤਕ, ਘਰੇਲੂ ਤੇ ਬਾਹਰ ਅੰਦਰ ਆਉਣ ਜਾਣ, ਰਿਸ਼ਤੇਦਾਰੀਆਂ ਨਿਭਾਉਣ, ਪੁੱਤਰ ਧੀ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ, ਸਾਹਿਤਕ ਦੋਸਤਾਂ ਸ਼ੁਭਚਿੰਤਕਾਂ ਤੇ ਆਪਣੇ ਪਿਆਰੇ ਪਾਠਕਾਂ ਨਾਲ ਸੰਵਾਦ ਰਚਾਉਣ ਦਾ ਉਸ ਨੂੰ ਸ਼ੌਕ ਵੀ ਹੈ ਤੇ ਬੇਲਾਗ ਰੁਝੇਵਾਂ ਵੀ। ਜੇ ਕਹਿ ਲਿਆ ਜਾਵੇ ਕਿ ਦੀਪਤੀ ਮੁਹੱਬਤ ਦਾ ਵਣਜਾਰਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਸ ਨੇ ਬਹੁਤ ਸਾਰੇ ਸਾਹਿਤਕ ਸਮਾਗਮਾਂ ਦੇ ਨਾਲ ਨਾਲ ਵਿਗਿਆਨਕ ਕਾਰਜਸ਼ਾਲਾਵਾਂ, ਸਮਾਜਿਕ, ਲੋਕ ਭਲਾਈ ਅਤੇ ਮੈਗਜ਼ੀਨ ਸੰਪਾਦਨਾ ਦਾ ਅਹਿਮ ਕਾਰਜ ਕੀਤਾ ਹੈ। ਹਥਲੀ ਪੁਸਤਕ ਦੇ ਲੇਖਾਂ ਵਿਚ ਗੱਲਾਂ ਤੋਂ ਗੱਲ ਤੁਰਦੀ ਕਿਤੇ ਪਹੁੰਚ ਜਾਂਦੀ ਹੈ। ਗੱਲਾਂ ਵੀ ਸਾਰਥਿਕ ਤੇ ਜ਼ਿੰਦਗੀ ਦੀਆਂ। ਪਹਿਲੇ ਕਾਂਡ ਤੋਂ ਅਖ਼ੀਰਲੇ ਕਾਂਡ ਵਿਚ ਪੂਰੇ ਚੌਵੀ ਘੰਟੇ ਦਾ ਵਕਫ਼ਾ ਹੈ ਜੋ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਅਗਲੇ ਦਿਨ 5 ਵਜੇ ਤੋਂ ਪੂਰਾ ਦਿਨ ਹੋ ਜਾਂਦਾ ਹੈ। ਸਿਰਲੇਖ ਭਰਿਆ ਹੋਣ ਤੋਂ ਭਾਵ ਹੈ ਜ਼ਿੰਦਗੀ ਦੇ ਐਨੇ ਰੁਝੇਵੇਂ ਹਨ ਕਿ ਦਿਨ ਵਿਚ ਵਿਹਲ ਦਾ ਨਾਮ ਹੀ ਨਹੀਂ ਹੈ। ਲੇਖਕ ਦਾ ਮੰਨਣਾ ਇਹ ਹੈ ਕਿ ਜ਼ਿੰਦਗੀ ਵਿਚ ਸਾਰਥਿਕ ਰੁਝੇਵੇਂ ਹੋਣੇ ਬਹੁਤ ਜ਼ਰੂਰੀ ਹਨ। ਪੁਸਤਕ ਲੇਖਕ ਦੇ ਸਾਰੇ ਰੁਝੇਵੇਂ ਸਿਰਜਨਾਤਮਕ ਹਨ। ਉਹ ਆਪਣੇ ਮਾਪਿਆਂ ਨਾਲੋਂ ਵੱਖਰੇ ਰਾਹਾਂ ਦਾ ਧਾਰਨੀ ਹੈ। ਉਹ ਸਿਰੇ ਦਾ ਤਰਕਸ਼ੀਲ ਹੈ। ਕਾਰਲ ਮਾਰਕਸ ਦਾ ਮੁਰੀਦ ਹੈ। ਉਸ ਦਾਰਸ਼ਨਿਕ ਦਾ ਜਨਮ ਦਿਨ ਆਪਣੇ ਜਨਮ ਦਿਨ ਵਾਂਗ ਮਨਾਉਂਦਾ ਹੈ। ਅੰਧ-ਵਿਸ਼ਵਾਸਾਂ ਅਤੇ ਪਰੰਪਰਾਗਤ ਰਸਮ-ਰਿਵਾਜਾਂ ਤੋਂ ਕੋਹਾਂ ਦੂਰ ਹੈ। ਆਪਣੀ ਵਿਵਹਾਰਕ ਜ਼ਿੰਦਗੀ ਵਿਚ ਇਹੀ ਨਜ਼ਰੀਆ ਸਖ਼ਤੀ ਨਾਲ ਲਾਗੂ ਕਰਦਾ ਹੈ। ਬੀਤੇ ਸਾਲ ਡਾ. ਦੀਪਤੀ ਨੇ ਕਰੋਨਾ ਦਾ ਡਰ ਦੂਰ ਕਰਨ ਲਈ ਅਖ਼ਬਾਰ ਲਈ ਲੜੀਵਾਰ ਲੇਖ ਲਿਖੇ। ਵਾਰਤਕਕਾਰ ਡਾ. ਕਰਨੈਲ ਸਿੰਘ ਸੋਮਲ ਨੇ ਪੁਸਤਕ ਦੀ ਠੁੱਕਦਾਰ ਵਾਰਤਕ ਸ਼ੈਲੀ ਦੀ ਵਡਿਆਈ ਕੀਤੀ ਹੈ। ਡਾ. ਦੀਪਤੀ ਲਿਖਤ ਵਿਚ ਕਦੇ ਵੀ ਬੋਝਲ ਸ਼ਬਦਾਂ ਦੀ ਵਰਤੋਂ ਨਹੀਂ ਕਰਦਾ। ਸਾਹਿਤਕਾਰ ਹਰਭਜਨ ਖੇਮਕਰਨੀ, ਪ੍ਰੋ. ਫੂਲ ਚੰਦ ਮਾਨਵ, ਸੁਖਬੀਰ (ਬੰਬਈ) ਅਤੇ ਪੰਜਾਬ ਦੇ ਹੋਰ ਕਈ ਸਾਹਿਤਕਾਰਾਂ ਨਾਲ ਉਸ ਦੇ ਕਈ ਵਰ੍ਹਿਆਂ ਤੋਂ ਦੋਸਤਾਨਾ ਰਿਸ਼ਤੇ ਹਨ। ਪੁਸਤਕ ਵਿਚ ਇਹ ਵੀ ਗਾਥਾ ਹੈ ਕਿ ਉਹ ਦਿਵਾਨਾ ਤੋਂ ਦੀਪਤੀ ਕਿਵੇਂ ਬਣਿਆ। ਸੰਵੇਦਨਸ਼ੀਲਤਾ ਉਸ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਗੁਣ ਹੈ, ਪਰ ਉਹ ਸੰਵੇਦਨਸ਼ੀਲ ਹੋਣ ਦੇ ਗੁਣ ਔਗੁਣ ਦਾ ਬਿਰਤਾਂਤ ਵੀ ਖੁੱਲ੍ਹ ਕੇ ਲਿਖਦਾ ਹੈ। ਉਹ ਕਿਤਾਬਾਂ ਦਾ ਆਸ਼ਕ ਹੈ। ਆਪਣੇ ਬਲੱਡ ਗਰੁਪ (ਬੀ ਪਾਜ਼ੇਟਿਵ) ਵਾਲੇ ਕਾਂਡ ਵਿਚ ਉਸ ਨੇ ਬਲੱਡ ਦੀਆਂ ਕਿਸਮਾਂ ਬਾਰੇ ਖੋਜਪੂਰਨ ਜਾਣਕਾਰੀ ਦਿੱਤੀ ਹੈ। ਇਸ ਭਰੇ ਪੂਰੇ ਦਿਨ ਵਿਚ ਹੋਰ ਵੀ ਬਹੁਤ ਕੁਝ ਹੈ। ਸਾਹਿਤ ਤੇ ਵਿਗਿਆਨ ਦਾ ਸੁਮੇਲ ਕਰਦੀ ਪੁਸਤਕ ਪੜ੍ਹ ਕੇ ਇਸ ਦਾ ਪੂਰਾ ਆਨੰਦ ਲਿਆ ਜਾ ਸਕਦਾ ਹੈ। ਜੀਵਨ ਜਾਚ ਦੇ ਨਵੇਂ ਦੁਆਰ ਖੁੱਲ੍ਹਦੇ ਮਹਿਸੂਸ ਕੀਤੇ ਜਾ ਸਕਦੇ ਹਨ।

ਸੰਪਰਕ: 098148-56160

Leave a Reply

Your email address will not be published. Required fields are marked *