ਨੋਇਡਾ ‘ਚ ਭਾਜਪਾ ਸੰਸਦ ਮੈਂਬਰ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਦੋਸ਼ ਹੇਠ 600 ਕਿਸਾਨਾਂ ‘ਤੇ ਮਾਮਲਾ ਦਰਜ

ਨੋਇਡਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਗੌਤਮ ਬੁੱਧ ਨਗਰ ਤੋਂ ਸੰਸਦ ਮੈਂਬਰ ਡਾਕਟਰ ਮਹੇਸ਼ ਸ਼ਰਮਾ ਦੀ ਰਿਹਾਇਸ਼ ਦਾ ਘਿਰਾਓ ਕਰਨ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਸੜਕ ‘ਤੇ ਆਵਾਜਾਈ ‘ਚ ਵਿਘਨ ਪਾਉਣ ਦੇ ਦੋਸ਼ ‘ਚ ਨੋਇਡਾ ਦੇ ਸੈਕਟਰ 20 ਥਾਣੇ ‘ਚ ਕਰੀਬ 600 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਪਹਿਲਾ ਜ਼ੋਨ) ਰਣਵਿਜੇ ਸਿੰਘ ਨੇ ਦੱਸਿਆ ਕਿ 81 ਪਿੰਡਾਂ ਦੇ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 64 ਦਿਨਾਂ ਤੋਂ ਨੋਇਡਾ ਅਥਾਰਟੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਮੰਗਲਵਾਰ ਨੂੰ ਸੈਕਟਰ 15-ਏ ਵਿੱਚ ਐਮਪੀ ਸ਼ਰਮਾ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ।
ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੰਸਦ ਮੈਂਬਰ ਦੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ’ਤੇ ਕਿਸਾਨਾਂ ਨੂੰ ਰੋਕ ਲਿਆ, ਜਿਸ ਮਗਰੋਂ ਕਿਸਾਨ ਸੜਕ ’ਤੇ ਬੈਠ ਗਏ ਅਤੇ ਉਨ੍ਹਾਂ ਆਵਾਜਾਈ ਠੱਪ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ ਵਿੱਚ ਭਾਰਤੀ ਕਿਸਾਨ ਸਭਾ ਦੇ ਪ੍ਰਧਾਨ ਸੁਖਬੀਰ ਖਲੀਫਾ ਸਮੇਤ ਕਰੀਬ 600 ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਖਲੀਫਾ ਨੇ ਕਿਹਾ ਕਿ 81 ਪਿੰਡਾਂ ਦੇ ਕਿਸਾਨ ਨੋਇਡਾ ਅਥਾਰਟੀ ਦੇ ਖਿਲਾਫ 64 ਦਿਨਾਂ ਤੋਂ ਮੁਆਵਜ਼ੇ ਦੇ ਵਾਧੇ ਅਤੇ ਪਲਾਟਾਂ ਦੇ ਵਿਕਾਸ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਨਾ ਤਾਂ ਅਥਾਰਟੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਹਾਂ-ਪੱਖੀ ਗੱਲਬਾਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇੱਥੇ ਹੋਰ ਲੋਕ ਨੁਮਾਇੰਦਿਆਂ ਦਾ ਵੀ ਜਲਦੀ ਹੀ ਘਿਰਾਓ ਕੀਤਾ ਜਾਵੇਗਾ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨੇ ਕਿਹਾ, ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਉੱਚ ਪੱਧਰ ‘ਤੇ ਲੈ ਕੇ ਜਾਵਾਂਗੇ, ਚਾਹੇ ਉਹ ਮੁੱਖ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ, ਤਾਂ ਜੋ ਉਨ੍ਹਾਂ ਦੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਣਵਿਜੇ ਸਿੰਘ ਨੇ ਕਿਹਾ, “ਅਸੀਂ ਇਹ ਯਕੀਨੀ ਬਣਾਇਆ ਹੈ ਕਿ ਕਿਸਾਨ ਪ੍ਰਦਰਸ਼ਨ ਦੌਰਾਨ ਅਮਨ-ਕਾਨੂੰਨ ਦੀ ਸਮੱਸਿਆ ਨਾ ਪੈਦਾ ਕਰਨ। ਇਹ ਸ਼ਾਂਤਮਈ ਪ੍ਰਦਰਸ਼ਨ ਸੀ ਅਤੇ ਉਹ ਸੰਸਦ ਮੈਂਬਰ ਨੂੰ ਮਿਲਣ ਤੋਂ ਬਾਅਦ ਸੜਕ ਤੋਂ ਚਲੇ ਗਏ।
ਕਿਸਾਨ ਆਗੂਆਂ ਨੇ ਕਿਹਾ ਕਿ ਨੋਇਡਾ ਅਥਾਰਟੀ ਦੀਆਂ ਨੀਤੀਆਂ ਅਤੇ ਕੰਮਕਾਜ ਪੂਰੀ ਤਰ੍ਹਾਂ ਨਾਲ ਸਨਅਤੀ ਸ਼ਹਿਰ ਦੇ ਵਿਕਾਸ ਲਈ ਆਪਣੀ ਜ਼ਮੀਨ ਦੇਣ ਵਾਲੇ ਕਿਸਾਨਾਂ ਦੇ ਖ਼ਿਲਾਫ਼ ਹੈ।
ਕਿਸਾਨ ਏਕਤਾ ਪ੍ਰੀਸ਼ਦ ਦੇ ਆਗੂ ਸੁਖਬੀਰ ਯਾਦਵ ਨੇ ਕਿਹਾ, “ਨੋਇਡਾ ਅਥਾਰਟੀ ਦੇ ਅਧਿਕਾਰੀ ਕਿਸਾਨਾਂ ਨੂੰ ਨੋਟਿਸ ਜਾਰੀ ਕਰਕੇ, ਮਕਾਨ ਢਾਹ ਕੇ, ਵਧੀ ਕੀਮਤ ‘ਤੇ ਜ਼ਮੀਨ ਦਾ ਮੁਆਵਜ਼ਾ ਅਤੇ ਰਿਹਾਇਸ਼ੀ ਪਲਾਟ ਨਾ ਦੇ ਕੇ ਪ੍ਰੇਸ਼ਾਨ ਕਰ ਰਹੇ ਹਨ। ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਸਾਡਾ ਧਰਨਾ ਜਾਰੀ ਰਹੇਗਾ।
ਰਿਪੋਰਟ ਅਨੁਸਾਰ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਅਥਾਰਟੀ ਦੇ ਸੈਕਟਰ-6 ਸਥਿਤ ਪ੍ਰਬੰਧਕੀ ਭਵਨ ਨੇੜੇ ਪਿੰਡ ਹਰੋਲਾ ਵਿੱਚ ਧਰਨਾ ਦੇਣ ਲਈ ਜਗ੍ਹਾ ਦਿੱਤੀ ਗਈ ਹੈ।
ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਹਰ ਰੋਜ਼ ਦੁਪਹਿਰ 12 ਵਜੇ ਹਰੋਲਾ ਧਰਨੇ ਵਾਲੀ ਥਾਂ ‘ਤੇ ਪਹੁੰਚਦੇ ਹਨ ਅਤੇ ਸ਼ਾਮ ਨੂੰ ਆਪਣੇ ਘਰਾਂ ਨੂੰ ਪਰਤਦੇ ਹਨ। ਉਨ੍ਹਾਂ ਧਰਨੇ ਦੌਰਾਨ ਅਥਾਰਟੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਇਮਾਰਤਾਂ ਦੀ ਉਸਾਰੀ ਤੋਂ ਪਹਿਲਾਂ ਨਕਸ਼ਾ ਮਨਜ਼ੂਰ ਕਰਵਾਉਣ ਲਈ ਤਿਆਰ ਨਹੀਂ ਹਨ।
ਇਕ ਹੋਰ ਕਿਸਾਨ ਆਗੂ ਸੁਰਿੰਦਰ ਚੌਹਾਨ ਨੇ ਕਿਹਾ, ‘ਨੋਇਡਾ ਅਥਾਰਟੀ ਸਾਡੇ ਘਰਾਂ ਜਾਂ ਜੀਵਨ ‘ਤੇ ਕਿਵੇਂ ਪਾਬੰਦੀ ਲਗਾ ਸਕਦੀ ਹੈ? ਅਧਿਕਾਰੀਆਂ ਦੀਆਂ ਮਾੜੀਆਂ ਨੀਤੀਆਂ ਕਾਰਨ ਸਾਡੇ ਪਿੰਡ ਬਰਬਾਦ ਹੋ ਗਏ ਹਨ।
ਨੋਇਡਾ ਅਥਾਰਟੀ ਦੇ ਸਪੈਸ਼ਲ ਡਿਊਟੀ ਅਫਸਰ ਇੰਦੂ ਪ੍ਰਕਾਸ਼ ਸਿੰਘ ਨੇ ਕਿਹਾ, “ਅਸੀਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”