‘ਅਕਤੂਬਰ ਇਨਕਲਾਬ’ ਨੂੰ ਚੇਤੇ ਕਰਦਿਆਂ… ਨਵੇਂ ਸੁਪਨੇ ਆਉਣੇ ਜਾਰੀ ਰਹਿਣਗੇ

ਡਾ. ਪੀ.ਆਰ. ਕਾਲੀਆ


ਅਨੁਵਾਦ : ਕਮਲ ਦੁਸਾਂਝ/

(‘ਅਕਤੂਬਰ ਇਨਕਲਾਬ’ ਦੇ ਦਿਹਾੜੇ (ਗ੍ਰੇਗੋਰੀਅਨ ਕੈਲੰਡਰ ਅਨੁਸਾਰ 6 ਨਵੰਬਰ) ਤੋਂ ਠੀਕ ਇਕ ਦਿਨ ਪਹਿਲਾਂ ਕੁਝ ਨੇੜਲੇ ਮਿੱਤਰ ਹਰਿਆਣਾ ਤੋਂ ਸੀ.ਪੀ.ਆਈ (ਐਮ.) ਦੇ ਸਾਬਕਾ ਵਿਧਾਇਕ ਹਰਪਾਲ ਭੱਟੀ ਦੇ ਵਿਚਾਰ ਸੁਣਨ ਅਤੇ ਸਾਂਝੇ ਕਰਨ ਲਈ ਇਕੱਤਰ ਹੋਏ। ਇਹ ਚਰਚਾ ਮਾਰਕਸਵਾਦੀ ਨਜ਼ਰੀਏ ਤੋਂ ਪਿਛਲੇ 50 ਵਰ੍ਹਿਆਂ ਦੌਰਾਨ ਪ੍ਰਚੱਲਤ ਸਿਆਸੀ ਦ੍ਰਿਸ਼ ‘ਤੇ ਹੀ ਕੇਂਦਰਤ ਰਹੀ। ਇਕ ਵਿਦਵਾਨ ਹੋਣ ਦੇ ਨਾਲ-ਨਾਲ ਹਰਪਾਲ ਚੰਗਾ ਬੁਲਾਰਾ ਵੀ ਹੈ। ਉਹ ਆਪਣੇ ਸਰੋਤਿਆਂ ਨੂੰ ਘੰਟਿਆਂ-ਬੱਧੀ ਆਪਣੇ ਨਾਲ ਜੁੜੇ ਰਹਿਣ ਦੀ ਸਮਰੱਥਾ ਰੱਖਦਾ ਹੈ। ਜ਼ਾਹਰਾ ਤੌਰ ‘ਤੇ ਇਹ ਚਰਚਾ ਬਹੁਤ ਹੀ ਸਾਰਥਕ ਰਹੀ। ‘ਅਕਤੂਬਰ ਇਨਕਲਾਬ’ ਤੋਂ ਪ੍ਰਭਾਵਤ ਹੁੰਦਿਆਂ ਜੋ ਵਿਚਾਰ ਜ਼ਿਹਨ ਵਿਚ ਆਏ, ਉਨ੍ਹਾਂ ਨੂੰ ਲੇਖ ਦੇ ਰੂਪ ਵਿਚ ਇਨ੍ਹਾਂ ਪੰਨਿਆਂ ‘ਤੇ ਉਤਾਰ ਰਿਹਾ ਹਾਂ।)

ਪਹਿਲੀ ਸੰਸਾਰ ਜੰਗ ਦੇ ਆਖ਼ਰੀ ਪੜਾਅ ਦੌਰਾਨ, 25 ਅਕਤੂਬਰ, 1917 (ਗ੍ਰੇਗੋਰੀਅਨ ਕੈਲੰਡਰ ਅਨੁਸਾਰ 7 ਨਵੰਬਰ) ਨੂੰ ਵਲਾਦੀਮੀਰ ਲੈਨਿਨ ਨੇ ਰੈੱਡ ਗਾਰਡਜ਼ ਦੇ ਨਾਂ ਹੇਠ ਫ਼ੈਕਟਰੀ ਕਾਮਿਆਂ, ਕਿਸਾਨਾਂ, ਫ਼ੌਜੀਆਂ ਅਤੇ ਮਲਾਹਾਂ ਦੀ ਗੁਪਤ ਫ਼ੌਜ ਤਿਆਰ ਕੀਤੀ ਸੀ। ਇਸ ਸਵੈ-ਸੇਵੀ ਅਰਧ ਫ਼ੌਜੀ ਦਸਤੇ ਨੇ ਰੂਸੀ ਸਾਮਰਾਜ ਨੂੰ ਸੋਵੀਅਤ ਸਮਾਜਵਾਦੀ ਗਣਰਾਜਾਂ ਦੇ ਸੰਘ ਸੋਵੀਅਤ ਯੂਨੀਅਨ (ਯੂ.ਐਸ.ਐਸ.ਆਰ.) ਵਿਚ ਬਦਲ ਦਿੱਤਾ। ਇਸ ਤਰ੍ਹਾਂ ਰੂਸ ਦੀ ਰਵਾਇਤੀ ਰਾਜਾਸ਼ਾਹੀ ਨੂੰ ਖ਼ਤਮ ਕਰਦਿਆਂ ਦੁਨੀਆ ਦਾ ਪਹਿਲਾ ਸਮਾਜਵਾਦੀ ਰਾਜ ਕਾਇਮ ਹੋਇਆ, ਜਿਸ ਨੂੰ ਅਕਤੂਬਰ ਇਨਕਲਾਬ ਵਜੋਂ ਜਾਣਿਆ ਜਾਂਦਾ ਹੈ। ਦੋ ਵੱਖ-ਵੱਖ ਤਖ਼ਤ ਪਲਟਿਆਂ ਰਾਹੀਂ ਇਹ ਕਰਾਂਤੀ ਪਹਿਲਾਂ ਫਰਵਰੀ ਅਤੇ ਦੂਜੀ ਵਾਰ ਅਕਤੂਬਰ ਵਿਚ ਆਈ। ਅਕਤੂਬਰ ਇਨਕਲਾਬ ਨੇ 20ਵੀਂ ਸਦੀ ਵਿਚ ਕਮਿਊਨਿਜ਼ਮ ਦੇ ਫੈਲਾਅ ਦਾ ਮੁੱਢ ਬੱਝਿਆ।
ਰੂਸ ਦੇ 1300 ਸਾਲਾਂ ਦੇ ਇਤਿਹਾਸ ਵਿਚ ਇਹ ਕਰਾਂਤੀ ਸਭ ਤੋਂ ਸਿਫ਼ਤੀ ਤਬਦੀਲੀਆਂ ਵਿਚੋਂ ਇਕ ਹੈ। ਇਸ ਨੇ ਅਰਥ ਵਿਵਸਥਾ, ਸਮਾਜਕ ਢਾਂਚੇ, ਸਭਿਆਚਾਰ, ਕੌਮਾਂਤਰੀ ਸਬੰਧਾਂ ਅਤੇ ਉਦਯੋਗਿਕ ਵਿਕਾਸ ਨੂੰ ਵਿਆਪਕ ਰੂਪ ਵਿਚ ਪ੍ਰਭਾਵਤ ਕੀਤਾ। ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਸੀ.ਬੀ.ਐਸ.ਯੂ.) ਦੀ ਅਧਿਕਾਰਤ ਵਿਚਾਰਧਾਰਾ ਨੇ ਮਾਰਕਸਵਾਦ ਦੀ ਉਨ੍ਹਾਂ ਦੀ ਸਮਝ ਦੇ ਆਧਾਰ ‘ਤੇ ਵਿਚਾਰਾਂ ਦੀ ਵਿਸ਼ਾਲ ਸ਼੍ਰੇਣੀ ਦਾ ਸਮਰਥਨ ਕੀਤਾ ਪਰ ਆਮ ਤੌਰ ‘ਤੇ ਇਕ ਵੈਨਗਾਰਡ ਪਾਰਟੀ, ਇਕ ਪਾਰਟੀ ਰਾਜ, ਅਰਥਵਿਵਸਥਾ ‘ਤੇ ਸਰਵਹਾਰਾ ਰਾਜ-ਪ੍ਰਭੂਤਵ, ਕੌਮਾਂਤਰੀਵਾਦ, ਬੁਰਜੂਆ ਲੋਕਤੰਤਰ ਦਾ ਵਿਰੋਧ ਅਤੇ ਪੂੰਜੀਵਾਦ ਦੇ ਵਿਰੋਧ ਦੇ ਵਿਚਾਰ ਦਾ ਸਮਰਥਨ ਕੀਤਾ। ਇਸ ਅਨੁਸਾਰ ਅਕਤੂਬਰ ਇਨਕਲਾਬ ਤੋਂ ਤੁਰੰਤ ਬਾਅਦ ਬੋਲਸ਼ਵਿਕਾਂ ਵਲੋਂ ਲਿਆਂਦੇ ਗਏ ਮੁੱਖ ਪਰਿਵਰਤਨ ਸਨ :
-ਰਾਜ ਵਲੋਂ ਸਾਰੀਆਂ ਨਿੱਜੀ ਸੰਪਤੀਆਂ ਜ਼ਬਤ ਕਰ ਲਈਆਂ ਗਈਆਂ; ਜ਼ਮੀਨ ਨੂੰ ਸਮਾਜਕ ਸੰਪਤੀ ਐਲਾਨ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਕੁਲੀਨਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਆਗਿਆ ਦੇ ਦਿੱਤੀ ਗਈ; ਸਾਰੇ ਰੂਸੀ ਬੈਂਕਾਂ ਦਾ ਕੌਮੀਕ੍ਰਿਤ ਕਰ ਦਿੱਤਾ ਗਿਆ ਅਤੇ ਨਿੱਜੀ ਬੈਂਕ ਖਾਤੇ ਜ਼ਬਤ ਕਰ ਲਏ ਗਏ; ਚਰਚ ਦੀਆਂ ਸੰਪਤੀਆਂ (ਬੈਂਕ ਖਾਤਿਆਂ ਸਮੇਤ) ਜ਼ਬਤ ਕਰ ਲਈਆਂ ਗਈਆਂ; ਸਾਰੇ ਵਿਦੇਸ਼ੀ ਕਰਜ਼ੇ ਨਾ-ਮਨਜ਼ੂਰ ਕਰ ਦਿੱਤੇ ਗਏ; ਕਾਰਖਾਨਿਆਂ ਦਾ ਕੰਟਰੋਲ ਸੋਵੀਅਤਾਂ ਨੂੰ ਦੇ ਦਿੱਤਾ ਗਿਆ; ਜੰਗ ਦੌਰਾਨ ਉੱਚ ਦਰਾਂ ‘ਤੇ ਮਜ਼ਦੂਰੀ ਤੈਅ ਕੀਤੀ ਗਈ; ਕੰਮ ਦਾ ਸਮਾਂ ਘਟਾ ਕੇ 8 ਘੰਟੇ ਕਰ ਦਿੱਤਾ ਗਿਆ; ਸਿਹਤ ਸਹੂਲਤਾਂ ਤੱਕ ਪਹੁੰਚ ਵਧਾਈ ਗਈ; ਅਤੇ ਸਿੱਖਿਆ ਵਿਚ ਵੀ ਵੱਡਾ ਉਛਾਲ ਆਇਆ ਅਤੇ ਅਨਪੜ੍ਹਤਾ ਲਗਭਗ ਪੂਰੀ ਤਰ੍ਹਾਂ ਖ਼ਤਮ ਹੋ ਗਈ।
ਇਸ ਤੋਂ ਇਲਾਵਾ ਇਕ ਹੁਕਮ ਰਾਹੀਂ ਲੈਨਿਨ ਨੇ ਗ਼ੈਰ-ਰੂਸੀ ਰਾਸ਼ਟਰਾਂ ਨੂੰ ਆਜ਼ਾਦ ਐਲਾਨਣ ਦੀ ਆਗਿਆ ਦੇ ਦਿੱਤੀ।
ਮੌਲਿਕ ਤਬਦੀਲੀਆਂ ਲਾਗੂ ਕਰਨ ਤੋਂ ਤੁਰੰਤ ਬਾਅਦ, ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸੰਵਿਧਾਨਕ ਚੋਣਾਂ 12 ਨਵੰਬਰ 1917 ਨੂੰ ਹੋਈਆਂ। ਬੋਲਸ਼ਵਿਕਾਂ ਨੇ 715 ਸੀਟਾਂ ਵਾਲੀ ਵਿਧਾਨਕ ਇਕਾਈ ਵਿਚ ਮਹਿਜ਼ 175 ਸੀਟਾਂ ‘ਤੇ ਜਿੱਤ ਹਾਸਲ ਕੀਤੀ ਜਦਕਿ ਸਮਾਜਵਾਦੀ ਕਰਾਂਤੀਕਾਰੀ ਪਾਰਟੀ ਨੇ 370 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 28 ਨਵੰਬਰ, 1917 ਨੂੰ ਹੋਣੀ ਸੀ ਪਰ ਬੋਲਸ਼ਵਿਕਾਂ ਵਲੋਂ ਇਸ ਦੀ ਕਨਵੋਕੇਸ਼ਨ 5 ਜਨਵਰੀ, 1918 ਤੱਕ ਰੋਕ ਕੇ ਰੱਖੀ ਗਈ। ਆਪਣੇ ਪਹਿਲੇ ਅਤੇ ਇਕਮਾਤਰ ਦਿਨ ਦੇ ਸੈਸ਼ਨ ਮੌਕੇ ਇਕਾਈ ਨੇ ਸ਼ਾਂਤੀ ਅਤੇ ਜ਼ਮੀਨ ‘ਤੇ ਸੋਵੀਅਤ ਹੁਕਮ ਖਾਰਜ ਕਰ ਦਿੱਤੇ ਅਤੇ ਅਗਲੇ ਦਿਨ ਸੋਵੀਅਤਾਂ ਦੀ ਕਾਂਗਰਸ ਦੇ ਆਦੇਸ਼ ਭੰਗ ਕਰ ਦਿੱਤੇ ਗਏ।
ਸਿੱਟੇ ਵਜੋਂ, ਬੋਲਸ਼ਵਿਕ ਵਿਰੋਧੀ ਸਮੂਹਾਂ ਦੇ ਗਠਜੋੜ ਨੇ ਰੂਸੀ ਗ੍ਰਹਿ ਯੁੱਧ ਵਿਚ ਨਵੀਂ ਸਰਕਾਰ ਨੂੰ ਬੇਦਖ਼ਲ ਕਰਨ ਦੀ ਕੋਸ਼ਿਸ਼ ਕੀਤੀ। ਗ੍ਰਹਿ ਯੁੱਧ (1918-1922) ਮੁੱਖ ਤੌਰ ‘ਤੇ ਬੋਲਸ਼ਵਿਕਾਂ ਦੀ ਅਗਵਾਈ ਵਾਲੇ ‘ਰੈੱਡਜ਼’ ਅਤੇ ਗ਼ੈਰ-ਬੋਲਸ਼ਵਿਕਾਂ ਦੇ ਸਿਆਸੀ ਵਖਰੇਵੇਂ ਵਾਲੇ ਗਠਜੋੜ ‘ਗੋਰਿਆਂ’ ਵਿਚਾਲੇ ਹੋਇਆ। ਗੋਰਿਆਂ ਨੂੰ ਬਰਤਾਨੀਆ, ਫਰਾਂਸ, ਅਮਰੀਕਾ, ਕੈਨੇਡਾ ਅਤੇ ਜਪਾਨ ਵਰਗੇ ਕਈ ਮੁਲਕਾਂ ਦਾ ਸਮਰਥਨ ਹਾਸਲ ਸੀ ਜਦਕਿ ਰੈੱਡਜ਼ ਨੂੰ ਅੰਦਰੂਨੀ ਸਮਰਥਨ ਹਾਸਲ ਸੀ ਜੋ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋਇਆ। 1921 ਤੱਕ ਰੈੱਡਜ਼ ਨੇ ਆਪਣੇ ਅੰਦਰੂਨੀ ਦੁਸ਼ਮਣਾਂ ਨੂੰ ਹਰਾ ਦਿੱਤਾ ਅਤੇ ਫਿਨਲੈਂਡ, ਬਾਲਟਿਕ ਰਾਜਾਂ, ਮੋਲਡਾਵੀਅਨ ਡੈਮੋਕਰੈਟਿਕ ਰਿਪਬਲਿਕ (ਜੋ ਰੋਮਾਨੀਆ ਵਿਚ ਸ਼ਾਮਲ ਹੋ ਗਏ) ਅਤੇ ਪੋਲੈਂਡ (ਜਿਨ੍ਹਾਂ ਨਾਲ ਉਨ੍ਹਾਂ ਨੇ ਪੋਲਿਸ਼-ਸੋਵੀਅਤ ਲੜਾਈ ਲੜੀ ਸੀ) ਨੂੰ ਛੱਡ ਕੇ ਜ਼ਿਆਦਾਤਰ ਨਵੇਂ ਆਜ਼ਾਦ ਰਾਜਾਂ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ।
ਯੁੱਧ ਕਾਰਨ ਰੂਸੀ ਅਰਥਵਿਵਸਤਾ ਬੁਰੀ ਤਰ੍ਹਾਂ ਤਬਾਹ ਹੋ ਗਈ ਸੀ। ਉਦਯੋਗਿਕ ਉਤਪਾਦਨ ਮੁੱਲ 1913 ਦੇ ਮੁੱਲ ਦੇ ਸੱਤਵੇਂ ਹਿੱਸੇ ਤੱਕ ਡਿਗ ਗਿਆ ਜਦਕਿ ਖੇਤੀਬਾੜੀ ਉਤਪਾਦਨ ਇਕ-ਤਿਹਾਈ ਘੱਟ ਗਿਆ। ਗ੍ਰਹਿ ਯੁੱਧ ਅਤੇ ਪੋਲਿਸ਼-ਸੋਵੀਅਤ ਜੰਗ ਦੌਰਾਨ 300,000 (ਲਾਲ ਫ਼ੌਜ ਦੇ 125000 ਅਤੇ ਗੋਰੀਆਂ ਫ਼ੌਜਾਂ ਅਤੇ ਪੋਲਜ਼ ਦੇ 175,500) ਦੇ ਕਰੀਬ ਜਾਨਾਂ ਚਲੀਆਂ ਗਈਆਂ ਅਤੇ ਬਿਮਾਰੀ ਨਾਲ ਮਰਨ ਵਾਲੇ ਫ਼ੌਜੀਆਂ ਦੀ ਕੁੱਲ ਗਿਣਤੀ (ਦੋਹਾਂ ਪਾਸਿਆਂ ਤੋਂ) 450000 ਸੀ। ਇਸ ਦੌਰਾਨ 250,000 ਦੇ ਕਰੀਬ ‘ਲੋਕਾਂ ਦੇ ਦੁਸ਼ਮਣਾਂ’ ਨੂੰ ਫਾਂਸੀ ਦਿੱਤੀ ਗਈ, ਕੁੱਲ ਅੰਦਾਜ਼ਾ ਦਸ ਲੱਖ ਤੋਂ ਵੱਧ ਸੀ। ਇਸ ਤੋਂ ਇਲਾਵਾ 1920 ਅਤੇ 21 ਦੇ ਸੋਕਿਆਂ ਅਤੇ ਨਾਲ ਹੀ 1921 ਦੇ ਅਕਾਲ ਨੇ ਤਬਾਹੀ ਦਾ ਭਿਆਨਕ ਮੰਜ਼ਰ ਪੈਦਾ ਕਰ ਦਿੱਤਾ। ਬਿਮਾਰੀ ਭਿਆਨਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਸੀ ਅਤੇ 1920 ਵਿਚ ਇਕੱਲੇ ‘ਟਾਈਫਸ’ ਨਾਲ ਹੀ 3 ਮਿਲੀਅਨ ਲੋਕਾਂ ਦੀ ਮੌਤ ਹੋ ਗਈ ਸੀ। ਵੱਡੀ ਜੰਗ ਅਤੇ ਘਰੇਲੂ ਯੁੱਧ ਕਾਰਨ ਤਬਾਹੀ ਦੇ ਸਾਲਾਂ ਦਾ ਨਤੀਜਾ ਸੀ ਕਿ 7 ਮਿਲੀਅਨ ਬੱਚੇ ਰੂਸ ਦੀਆਂ ਗਲੀਆਂ ਵਿਚ ਰੁਲ ਰਹੇ ਸਨ।
ਕਰੀਬ 20 ਲਖ ਲੋਕ, ਜਿਨ੍ਹਾਂ ਨੂੰ ਵ੍ਹਾਈਟ ਇਮੀਗਰੇਟਸ ਕਿਹਾ ਜਾਂਦਾ ਸੀ, ਰੂਸ ਛੱਡ ਕੇ ਭੱਜ ਗਏ। ਇਨ੍ਹਾਂ ਪਰਵਾਸੀਆਂ ਵਿਚ ਰੂਸ ਦੀ ਪੜ੍ਹੀ-ਲਿਖੀ ਅਤੇ ਹੁਨਰਮੰਦ ਆਬਾਦੀ ਦਾ ਵੱਡਾ ਹਿੱਸਾ ਸ਼ਾਮਲ ਸੀ।
ਦਸੰਬਰ 1922 ਵਿਚ ਪਏ ਦੌਰੇ ਤੋਂ ਬਾਅਦ ਲੈਨਿਨ ਨੇ ਪਾਰਟੀ ਨੂੰ ਇਕ ਖ਼ਤ (ਜਿਸ ਨੂੰ ਵਸੀਅਤ ਵਜੋਂ ਵੀ ਜਾਣਿਆ ਜਾਂਦਾ ਹੈ) ਲਿਖਿਆ ਜਿਸ ਵਿਚ ਜੋਸੇਫ ਸਟਾਲਿਨ ਦੀ ਆਲੋਚਨਾ ਕੀਤੀ ਗਈ ਸੀ ਅਤੇ ਉਸ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਸੀ, ਅਜਿਹਾ ਅਹੁਦਾ ਜੋ ਪਾਰਟੀ ਵਿਚ ਸਭ ਤੋਂ ਤਾਕਤਵਰ ਬਣਦਾ ਜਾ ਰਿਹਾ ਸੀ। ੰਟਾਲਿਨ, ਲੈਨਿਨ ਦੀ ਵਸੀਅਤ ਤੋਂ ਜਾਣੂ ਸੀ ਅਤੇ ਵਿਗੜਦੀ ਸਿਹਤ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਅਲੱਗ-ਥਲੱਗ ਰੱਖਣ ਦਾ ਕੰਮ ਕੀਤਾ। ਗਰਿਗੋਰੀ ਜ਼ੀਨੋਵੀਵ, ਬੁਖਾਰਿਨ ਅਤੇ ਲਿਓਨ ਟ੍ਰਾਟਸਕੀ ਦੀਆਂ ਸਟਾਲਿਨ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਪਾਰਟੀ ਉਪਰ ਆਪਣਾ ਕੰਟਰੋਲ ਵਧਾ ਲਿਆ। ਹੌਲੀ-ਹੌਲੀ ਆਪਣਾ ਪ੍ਰਭਾਵ ਮਜ਼ਬੂਤ ਕਰਨ ਅਤੇ ਪਾਰਟੀ ਅੰਦਰ ਆਪਣੇ ਵਿਰੋਧੀਆਂ ਨੂੰ ਇਕ ਪਾਸੇ ਕਰਕੇ, ਸਟਾਲਿਨ ਸੋਵੀਅਤ ਯੂਨੀਅਨ ਦਾ ਨਿਰਵਿਵਾਦ ਆਗੂ ਬਣ ਗਿਆ। 1920 ਦੇ ਅੰਤ ਤੱਕ ਉਸ ਨੇ ਤਾਨਾਸ਼ਾਹੀ ਸ਼ਾਸਨ ਦੀ ਸਥਾਪਨਾ ਕੀਤੀ। ਅਕਤੂਬਰ 1927 ਨੂੰ ਗਰਿਗੋਰੀ ਜ਼ੀਨੋਵੀਵ ਅਤੇ ਲਿਓਨ ਟ੍ਰਾਟਸਕੀ ਨੂੰ ਸੈਂਟਰਲ ਕਮੇਟੀ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਜਲਾਵਤਨ ਲਈ ਮਜਬੂਰ ਕਰ ਦਿੱਤਾ।
ਇਸ ਤੋਂ ਬਾਅਦ, ਆਪਣੇ ਸ਼ਾਸਨ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਕੁਚਲਦੇ ਹੋਏ, ਸਟਾਲਿਨ ਨੇ ਰਾਜ ਦੀ ਵਿਚਾਰਧਾਰਾ ਨੂੰ ਮਾਰਕਸਵਾਦ-ਲੈਨਿਨਵਾਦ (ਜਿਸ ਨੂੰ ਉਸ ਨੇ ਬਣਾਇਆ ਸੀ) ਪ੍ਰਤੀ ਵਚਨਬੱਧ ਕੀਤਾ ਅਤੇ ਯੋਜਨਾਬੱਧ ਕੇਂਦਰੀ ਕਮਾਂਡ ਅਰਥਚਾਰੇ ਦੀ ਸ਼ੁਰੂਆਤ ਕੀਤੀ। ਇਹ ਦੇਸ਼ ਵਿਚ ਸਮਾਜਵਾਦ ਦੀ ਉਸ ਦੀ ਨੀਤੀ ‘ਤੇ ਆਧਾਰਤ ਸੀ। ਨਤੀਜੇ ਵਜੋਂ, ਦੇਸ਼ ਤੇਜ਼ੀ ਨਾਲ ਉਦਯੋਗੀਕਰਨ ਅਤੇ ਸਮੂਹੀਕਰਨ ਦੇ ਦੌਰ ਵਿਚੋਂ ਲੰਘਿਆ ਜਿਸ ਨੇ ਦੂਜੇ ਵਿਸ਼ਵ ਯੁੱਧ ਵਿਚ ਆਪਣੀ ਜਿੱਤ ਅਤੇ ਪੂਰਬੀ ਯੂਰਪ ਦੇ ਯੁੱਧ ਤੋਂ ਬਾਅਦ ਦੇ ਦਬਦਬੇ ਦੀ ਨੀਂਹ ਰੱਖੀ। ਸਟਾਲਿਨ ਨੇ ਸਿਆਸੀ ਪਾਗ਼ਲਪਣ ਨੂੰ ਹਵਾ ਦਿੱਤੀ ਅਤੇ 1936 ਤੋਂ 1938 ਤੱਕ ਗਰੇਟ ਪਰਸ ਦਾ ਸੰਚਾਲਨ ਕੀਤਾ। ਇਸ ਵਿਚ ਕਮਿਊਨਿਸਟ ਪਾਰਟੀ ਅਤੇ ਸਰਕਾਰੀ ਅਧਿਕਾਰੀਆਂ ਦਾ ਵੱਡੇ ਪੱਧਰ ‘ਤੇ ਸ਼ੁੱਧੀਕਰਨ, ਕਿਸਾਨਾਂ ਅਤੇ ਲਾਲ ਫ਼ੌਜ ਦੀ ਅਗਵਾਈ ਦਾ ਦਮਨ ਅਤੇ ਵਿਆਪਕ ਪੁਲੀਸ ਨਿਗਰਾਨੀ, ‘ਭੰਨਤੋੜ ਕਰਨ ਵਾਲੇ’ ਸ਼ੱਕੀਆਂ ਨੂੰ ਜੇਲ੍ਹ ਅਤੇ ਮਨ-ਮਰਜ਼ੀ ਦੀਆਂ ਸਜ਼ਾਵਾਂ ਸ਼ਾਮਲ ਸਨ।
ਫੇਰ ਵੀ 1930 ਦੇ ਦਹਾਕੇ ਦੇ ਅੱਧ ਤੋਂ ਲੈ ਕੇ ਅਖ਼ੀਰ ਤੱਕ ਦੀ ਉਥਲ-ਪੁਥਲ ਦੇ ਬਾਵਜੂਦ, ਸੋਵੀਅਤ ਸੰਘ ਨੇ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਦੇ ਵਰ੍ਹਿਆਂ ਦੌਰਾਨ ਇਕ ਸ਼ਕਤੀਸ਼ਾਲੀ ਉਦਯੋਗਿਕ ਅਰਥਵਿਵਸਥਾ ਵਿਕਸਤ ਕੀਤੀ। ਅਗਲੇ ਕਈ ਦਹਾਕਿਆਂ ਵਿਚ, ਸੋਵੀਅਤ ਸੰਘ ਨੇ ਆਪਣੇ ਪ੍ਰਭਾਵ ਖੇਤਰ ਨੂੰ ਵਿਆਪਕ ਬਣਾਉਣ ਦੇ ਯਤਨ ਵਿਚ ਦੁਨੀਆ ਭਰ ਵਿੱਚ ਕਮਿਊਨਿਸਟ ਅੰਦੋਲਨਾਂ ਅਤੇ ਕਰਾਂਤੀਆਂ ਨੂੰ ਸਰਗਰਮ ਰੂਪ ਵਿਚ ਸਹਾਇਤਾ ਪ੍ਰਦਾਨ ਕੀਤੀ। ਦੂਜੀ ਸੰਸਾਰ ਜੰਗ ਦੌਰਾਨ ਨਾਜੀ ਜਰਮਨੀ ਦੀ ਹਾਰ ਮੌਕੇ ਵੀ ਦੇਸ਼ ਨੇ ਮੌਲਿਕ ਭੂਮਿਕਾ ਨਿਭਾਈ।
ਆਪਣੀ ਹੀ ਜ਼ਮੀਨ ‘ਤੇ ਕਰਾਂਤੀਆਂ ਦੀ ਸੰਭਾਵਨਾ ਤੋਂ ਡਰ ਕੇ, ਕਈ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਨੇ ਸਾਮਵਾਦ ਨੂੰ ਫੈਲਦੇ ਹੋਏ ਖ਼ਤਰੇ ਦੇ ਰੂਪ ਵਿਚ ਦੇਖਿਆ ਅਤੇ ਜਿੰਨਾ ਸੰਭਵ ਹੋ ਸਕਿਆ ਸੋਵੀਅਤ ਸੰਘ ਨੂੰ ਦੂਰ ਰੱਖਣ ਲਈ ਅੱਗੇ ਵਧੀਆਂ। ਇਸ ਤੋਂ ਇਲਾਵਾ, ਸਮਾਜਵਾਦ ਦੇ ਪ੍ਰਸਾਰ ਨੂੰ ਰੋਕਣ ਲਈ ਉਨ੍ਹਾਂ ਨੇ ਕੁਝ ਕਲਿਆਣਕਾਰੀ ਸੁਧਾਰ, ਜਿਵੇਂ ਕਿ ਜਨਤਕ ਸਿਹਤ ਅਤੇ ਸਿੱਖਿਆ ਪ੍ਰਣਾਲੀ, ਮਹਿਲਾ ਮੁਕਤੀ ਅਤੇ ਇਕ ਹੱਦ ਤੱਕ ਮਜ਼ਦੂਰ ਜਮਾਤ ਲਈ ਬਰਾਬਰੀ ਦੇ ਅਧਿਕਾਰ-ਵਿਸ਼ੇਸ਼ ਤੌਰ ‘ਤੇ ਲੈਨਿਨ ਸ਼ਾਸਨ ਵਲੋਂ ਲਾਗੂ ਕੀਤੇ ਗਏ ਮਜ਼ਦੂਰੀ ਅਤੇ ਕੰਮ ਦੇ ਘੰਟਿਆਂ ਦੇ ਸਬੰਧ ਵਿਚ, ਲਾਗੂ ਕੀਤੇ ਗਏ।
ਦੂਜੀ ਸੰਸਾਰ ਜੰਗ ਅਤੇ ਪਰਮਾਣੂ ਯੁੱਗ ਦੇ ਆਗਮਨ ਤੋਂ ਬਾਅਦ ਆਖ਼ਰਕਾਰ ਸੋਵੀਅਤ ਯੂਨੀਅਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਟਕਰਾਅ ਨੇ ਕੇਂਦਰੀ ਪੜਾਅ ਲੈ ਲਿਆ। ਜਿਵੇਂ ਹੀ ਇਹ ਸ਼ੀਤ ਯੁੱਧ ਸ਼ੁਰੂ ਹੋਇਆ, ਦੋਵੇਂ ਦੇਸ਼ ਮਹਾਂਸ਼ਕਤੀ ਬਣ ਕੇ ਉਭਰੇ ਅਤੇ ਬਾਕੀ ਦੁਨੀਆ ਦੇ ਬਹੁਤ ਸਾਰੇ ਦੇਸ਼ ਇਕ ਜਾਂ ਦੂਜੇ ਦੇ ਪਿੱਛੇ ਹੋ ਗਏ। ਸੰਯੁਕਤ ਰਾਜ ਅਤੇ ਸੋਵੀਅਤ ਯੂਨੀਅਨ ਵਿਚਕਾਰ ਲੰਬੀ ਪਰਮਾਣੂ ਹਥਿਆਰਾਂ ਦੀ ਦੌੜ ਉਦੋਂ ਤੱਕ ਚੱਲੀ, ਜਦੋਂ ਤੱਕ 1991 ਵਿਚ ਸੋਵੀਅਤ ਯੂਨੀਅਨ ਅਖ਼ੀਰ ਢਹਿ-ਢੇਰੀ ਨਹੀਂ ਹੋ ਗਿਆ।
ਅਸਲ ਵਿਚ ਇਹ ਅਫ਼ਸਰਸ਼ਾਹੀ ਅਤੇ ਤਾਨਾਸ਼ਾਹੀ ਦਾ ਢਹਿ-ਢੇਰੀ ਹੋਣਾ ਲਾਜ਼ਮੀ ਸੀ ਜਿਸ ਬਾਰੇ ਲੈਨਿਨ ਨੇ ਵੀਹਵੇਂ ਦਹਾਕੇ ਦੇ ਸ਼ੁਰੂ ਵਿਚ ਇਕ ਦੋਸਤ ਨੂੰ ਸੰਬੋਧਨ ਹੁੰਦਿਆਂ ਖ਼ਤ ਲਿਖਿਆ ਸੀ, ”ਕਮਿਊਨਿਸਟ ਅਫ਼ਸਰਸ਼ਾਹ ਬਣ ਗਏ ਹਨ; ਜੇ ਕੋਈ ਚੀਜ਼ ਸਾਨੂੰ ਤਬਾਹ ਕਰ ਸਕਦੀ ਹੈ ਤਾਂ ਉਹ ਇਹ ਹੈ।” ਬਿਨਾਂ ਸ਼ੱਕ, ਮਾਰਕਸਵਾਦ ‘ਮਨੁੱਖੀ ਇਤਿਹਾਸ’ ਅਤੇ ‘ਪੂੰਜੀਵਾਦ’ ਦਾ ਵਿਗਿਆਨਕ ਵਿਸ਼ਲੇਸ਼ਣ ਹੈ ਜੋ ਜ਼ਾਹਰਾ ਤੌਰ ‘ਤੇ ਯੁੱਗਾਂ ਤੱਕ ਕਾਇਮ ਰਹੇਗਾ। ਯਕੀਨਨ, ਸਮਾਜਵਾਦੀ ਵਿਸ਼ਵ-ਦ੍ਰਿਸ਼ਟੀ ਆਪਣੀ ਸ਼ਾਨ ਮੁੜ ਬਹਾਲ ਕਰਨ ਲਈ ਇਕ ਦਿਨ ਹੋਰ ਮਨੁੱਖੀ ਰੂਪ ਵਿਚ ਪਰਤੇਗੀ, ਇਕ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਨਵੇਂ ਸੁਪਨੇ ਆਉਣੇ ਜਾਰੀ ਰਹਿਣਗੇ!