ਬੁੱਕਲ ਦੇ ਸੱਪ !

ਜ਼ਿੰਦਗੀ ਵਿੱਚ ਕੋਈ ਇਨਸਾਨ, ਸਰਕਾਰ, ਕੌਮ ਤੇ ਪੰਥ ਇਨ੍ਹਾਂ ਬੁੱਕਲ ਦੇ ਸੱਪਾਂ ਦੇ ਡੰਗ ਤੋਂ ਨਹੀਂ ਬਚਿਆ। ਜਿਹੜੇ ਬਚੇ ਹਨ, ਉਨ੍ਹਾਂ ਦੀ ਜ਼ਿੰਦਗੀ ਕੋਹਲੂ ਦੇ ਬਲਦ ਤੋਂ ਵੱਧ ਨਹੀਂ। ਜਿਹੜੇ ਬੁੱਕਲ ਦੇ ਸੱਪ ਹੁੰਦੇ ਹਨ, ਉਹ ਤਾਂ ਸਦਾ ਹੀ ਆਪਣੀ ਜ਼ਿੰਦਗੀ ਵਿੱਚ ਉਂਗਲ ਹੀ ਘੁਮਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ, ਬੇਗਾਨੇ ਚੁੱਲ੍ਹੇ ਉੱਤੇ ਰੋਟੀਆਂ ਸੇਕਣੀਆਂ ਤੇ ਲੋਕਾਂ ਦੀਆਂ ਹੱਥਾਂ ਦੀਆਂ ਲਕੀਰਾਂ ਮੇਟਣੀਆਂ ਹੁੰਦੀਆਂ ਹਨ। ਇਹ ਉਹੀ ਹੁੰਦੇ ਹਨ ਜਿਨ੍ਹਾਂ ਦਾ ਕੋਈ ਦੀਨ ਧਰਮ ਹੀ ਨਹੀਂ ਹੁੰਦਾ, ਸਗੋਂ ਉਨ੍ਹਾਂ ਨੇ ਸ਼ਰਮ ਵੀ ਲਾ ਕੇ ਖੀਸੇ ਵਿੱਚ ਪਾਈ ਹੁੰਦੀ ਹੈ। ਉਹ ਤੇ ਸਦਾ ਆਪਣਾ ਉੱਲੂ ਸਿੱਧਾ ਕਰਦੇ ਹਨ। ਉਹ ਦੂਜਿਆਂ ਨੂੰ ਉੱਲੂ ਹੀ ਸਮਝਦੇ ਹਨ। ਉਹ ਤਾਂ ਅਮਰੀਕਾ ਦੀ ਕਹਾਵਤ ਵਾਂਗ “ਵਰਤੋ ਤੇ ਸੁੱਟੋ” ਵਾਲੀ ਨੀਤੀ ਵਰਤਦੇ ਹਨ ਤੇ ਮੌਕਾ ਲੱਗੇ ਤਾਂ ਕੁੱਟੋ, ਜੜ੍ਹਾਂ ਪੁੱਟੋ। ਪਿੱਠ ਤੇ ਛੁਰਾ ਮਾਰਨਾ ਮਨੁੱਖ ਦੀ ਫ਼ਿਤਰਤ ਹੈ ਪਰ ਸਭ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ ਕੁਝ ਲੋਕ ਪੂਰੇ ਸਮਾਜ ਜਾਂ ਮਨੁੱਖਤਾ ਨੂੰ ਬਦਨਾਮ ਕਰ ਦੇਂਦੇ ਹਨ!ਜ਼ਿੰਦਗੀ ਵਿਚ ਜਦੋਂ ਵੀ ਕੋਈ ਅਰਸ਼ ਤੋਂ ਫ਼ਰਸ਼ ‘ਤੇ ਡਿਗਦਾ ਹੈ ਤਾਂ ਉਸ ਦਾ ਆਪਣਾ ਏਨਾ ਆਪਣਾ ਕਸੂਰ ਨਹੀਂ ਹੁੰਦਾ, ਜਿੰਨਾ ਉਨ੍ਹਾਂ ਦੇ ਸਲਾਹਕਾਰਾਂ ਦਾ ਹੁੰਦਾ ਹੈ, ਜਿਹੜੇ ‘ਸੱਚ’ ਨੂੰ ਝੂਠ ਤੇ ‘ਝੂਠ’ ਨੂੰ ਸੱਚ ਬਣਾ ਕੇ ਦੱਸਦੇ ਰਹਿੰਦੇ ਹਨ। ਅਸੀਂ ਅਕਸਰ ਹੀ ਆਪਣੇ ਦੁਸ਼ਮਣ ਦੀਆਂ ਚਾਲਾਂ ‘ਤੇ ਨਜ਼ਰ ਰੱਖਦੇ ਹਾਂ ਕਿ ਉਹ ਕੀ ਕਰਦਾ ਹੈ? ਅਸੀਂ ਉਸ ਦੇ ਖ਼ਿਲਾਫ਼ ਕੀ ਕਰਨਾ ਹੈ, ਇਸ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਪਰ ਸਾਨੂੰ ਉਸ ਵੇਲੇ ਹੀ ਪਤਾ ਲੱਗਦਾ ਜਦੋਂ ‘ਧੋਬੀ ਪਟੜਾ’ ਮਾਰ ਕੇ ਬੁੱਕਲ ਦੇ ਸੱਪ ਲਾਂਭੇ ਹੁੰਦੇ ਹਨ। ਅਸੀਂ ਬਾਅਦ ‘ਚ ‘ਹੱਥ ਮਲਦੇ’ ਹੀ ਰਹਿ ਜਾਂਦੇ ਹਾਂ। ਇਸ ਤਰ੍ਹਾਂ ਦਾ ਸਿਲਸਿਲਾ ਘਰ, ਪਰਿਵਾਰ, ਪਿੰਡ, ਰਾਜ ਤੇ ਦੇਸ਼ ਤੱਕ ਚੱਲਦਾ ਹੈ। ਜਿਹੜੇ ‘ਅੰਨ-ਪਾਣੀ’ ਮਾਲਕ ਦਾ ਛਕਦੇ ਹਨ ਪਰ ਖ਼ਬਰਾਂ ਹੋਰਾਂ ਨੂੰ ਦੇਂਦੇ ਹਨ। ਤੁਸੀਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਵੋ ਪਰ ਉਸ ਨੇ ਇੱਕ ਨਾ ਇੱਕ ਦਿਨ ਤੁਹਾਨੂੰ ਹੀ ਡਸਣਾ ਹੁੰਦਾ ਹੈ। ਇਤਿਹਾਸ ਵਿਚ ਇਨ੍ਹਾਂ ਬੁੱਕਲ ਦੇ ਸੱਪਾਂ ਦੀ ਲੰਮੀ ਲਿਸਟ ਹੈ। ਜਿਨ੍ਹਾਂ ਨੇ ਅਜਿਹੇ ਡੰਗ ਮਾਰੇ ਕਿ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਪਰ ਬੁੱਕਲ ਦੇ ਸੱਪਾਂ ਦਾ ਕਦੇ ਵੀ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਬਣਦੇ ਹਨ? ਤਾਂ ਹੀ ਕਿਹਾ ਜਾਂਦਾ ਹੈ ਕਿ ‘ਘਰ ਦਾ ਭੇਤੀ ਲੰਕਾ ਢਾਹੇ’। ਇਸ ਸਮੇਂ ਸਮਾਜ, ਧਰਮ ਤੇ ਰਾਜਨੀਤੀ ਵਿਚ ਜਿਹੜਾ ਖਲਾਰਾ ਪਿਆ ਹੋਇਆ ਹੈ, ਇਹਦੇ ਵਿਚ ਉਨ੍ਹਾਂ ‘ਬੁੱਕਲ ਦੇ ਸੱਪਾਂ’ ਦੀ ਮਿਹਰਬਾਨੀ ਹੈ, ਜਿਹੜੇ ਆਪਣੀ ਕਾਰਵਾਈ ਪਾ ਕੇ ਤਿੱਤਰ ਹੋ ਜਾਂਦੇ ਹਨ। ਸਿੱਖ ਇਤਿਹਾਸ ਦੇ ਅਜਿਹੇ ਸੱਪਾਂ ਦੀ ਗਿਣਤੀ ਬਹੁਤ ਹੈ ਪਰ ਅਸੀਂ ਨਾ ਤਾਂ ਇਤਿਹਾਸ ਪੜ੍ਹਦੇ ਹਾਂ ਤੇ ਨਾ ਹੀ ਸਾਹਿਤ ਪੜ੍ਹਦੇ ਹਾਂ। ਅਸੀਂ ਸ਼ਬਦ ਨਹੀਂ ਪੜ੍ਹਦੇ, ਸੁਣੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਹਾਂ ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਜੀਵਨ ਦਾ ਅਸਲੀ ਸੱਚ ਕੀ ਹੈ ਤੇ ਅਸੀਂ ਕੀ ਕਰੀ ਜਾ ਰਹੇ ਹਾਂ? ‘ਚੰਦੂ ਤੇ ਗੰਗੂ’ ਅਜਿਹੇ ਬੁੱਕਲ ਦੇ ਸੱਪ ਹਨ, ਜਿਨ੍ਹਾਂ ਵਿਚੋਂ ਇੱਕ ਨੇ ਪੰਜਵੇਂ ਪਾਤਸ਼ਾਹ ਨੂੰ ‘ਤੱਤੀ ਤਵੀ’ ਤੇ ਦੂਜੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਵਾਇਆ। ਇਸੇ ਹੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਧਰਤੀ ‘ਤੇ ਮੁਗ਼ਲਾਂ ਦਾ ਕੈਦੀ ਬਣਾਉਣ ਵਿਚ ਜਿਹੜੀ ਭੂਮਿਕਾ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਨੇ ਨਿਭਾਈ ਇਸ ਤੋਂ ਕੌਮ ਜਾਣੂ ਹੈ। ਇਸੇ ਹੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਭੂਮਿਕਾ ਡੋਗਰਿਆਂ ਨੇ ਨਿਭਾਈ ਜਿਸ ਵਿਚ ਕਈ ਸਿੱਖ ਰਾਜੇ ਵੀ ਸ਼ਾਮਲ ਸਨ। ਇਹੋ ਹੀ ਹਾਲ ਅੰਗਰੇਜ਼ ਹਕੂਮਤ ਖ਼ਿਲਾਫ਼ ਪਹਿਲੇ ਵਿਦਰੋਹ ਵੇਲੇ ਹੋਇਆ ਸੀ, ਜਦੋਂ ਘਰ ਦੇ ਭੇਤੀਆਂ ਪਹਾੜਾ ਸਿੰਘ ਤੇ ਕਿਰਪਾਲ ਸਿੰਘ ਨੇ ਇਸ ਵਿਦਰੋਹ ਦੀ ਕਹਾਣੀ ਅੰਗਰੇਜ਼ਾਂ ਨੂੰ ਜਾ ਦੱਸੀ ਸੀ, ਉਸ ਵੇਲੇ ਇਹ ਸਾਰੀ ਸਕੀਮ ਧਰੀ-ਧਰਾਈ ਰਹਿ ਰਹਿ ਗਈ ਸੀ। ਗ਼ਦਰ ਲਹਿਰ ਤੇ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੂੰ ਫੜਾਉਣ ਲਈ ਕਦੇ ਸਫ਼ੈਦਪੋਸ਼ਾਂ ਤੇ ਕਦੇ ਆਪਣਿਆਂ ਨੇ ਭੇਤ ਦੱਸ ਕੇ ਜੁਝਾਰੂ ਸ਼ਹੀਦ ਕਰਵਾਏ। ਹੁਣ ਦੀ ਤਾਜ਼ਾ ਖੋਜ ਇਹ ਦੱਸਦੀ ਹੈ ਕਿ ਚੰਦਰ ਸ਼ੇਖਰ ਆਜ਼ਾਦ ਆਖ਼ਰੀ ਸਮੇਂ ਇਕ ਕਾਂਗਰਸੀ ਆਗੂ ਨੂੰ ਮਿਲਣ ਗਿਆ ਸੀ, ਜਦੋਂ ਉਸ ਨੂੰ ਅੰਗਰੇਜ਼ ਸਿਪਾਹੀਆਂ ਨੇ ਬਾਗ਼ ਵਿਚ ਘੇਰਾ ਪਾਇਆ ਸੀ। ਸਿਆਸਤ ਵਿਚ ਬੁੱਕਲ ਦੇ ਸੱਪਾਂ ਨੇ ਕਿਸ ਕਿਸ ਨੂੰ ਡੰਗਿਆ ਹੈ? ਇਸ ਦੀ ਲੰਮੀ ਕਥਾ ਹੈ। ਹੁਣ ਜਿਵੇਂ ਕਾਂਗਰਸ ਦਾ ਪਤਨ ਕਰਵਾਉਣ ਲਈ ਇਕ ਸਿਆਸੀ ਆਗੂ ਗ਼ੱਦਾਰੀ ਕਰ ਰਿਹਾ ਹੈ। ਉਸ ਤੋਂ ਵੱਡੀਆਂ ਗ਼ਲਤੀਆਂ ਕਰਵਾਉਂਦਾ ਜਾ ਰਿਹਾ ਹੈ ਤੇ ਹੁਣ ਕਾਂਗਰਸ ਖੱਖੜੀਆਂ ਕਰੇਲੇ ਹੋਵੇਗੀ। ਬਿਨਾਂ ਬਜਟ ਤੋਂ ਰਾਹਤ ਦੇ ਗੱਫੇ ਦਿੱਤੇ ਜਾ ਰਹੇ ਹਨ। ਅਸਲ ਵਿੱਚ ਇਹ ਕਾਂਗਰਸ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਜਾ ਰਹੇ ਹਨ। ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ ਜਾਂ ਕਿਸੇ ਘਰ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ। ਪਰ ਇਹ ਮੂੰਹ ਦੇ ਮਿੱਠੇ ਤੇ ਕੁੱਤੇ ਵਾਂਗ ਪੂਛ ਮਾਰਦੇ ਰਹਿੰਦੇ ਹਨ। ਇਨ੍ਹਾਂ ਦੁਮੂੰਹਿਆਂ ਤੋਂ ਬਚਣ ਦੀ ਲੋੜ ਹੈ, ਹੁਣ ਸਿੱਖ ਭਾਈਚਾਰਾ ਬੁੱਕਲ ਦੇ ਸੱਪਾਂ ਦੇ ਕਬਜ਼ੇ ਵਿਚ ਹੈ, ਜਿਹੜੇ ਖਾਂਦੇ ਤਾਂ ਗੁਰੂ ਘਰ ‘ਚੋਂ ਹਨ ਪਰ ਕੰਮ ਹੋਰਾਂ ਲਈ ਕਰਦੇ ਹਨ। ਆਓ! ਇਨ੍ਹਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰੀਏ। ਪੰਥ ਦੀ ਹਿੱਕ ਉੱਤੇ ਹੋਏ ਜ਼ਖਮ ਨੂੰ ਛੱਤੀ ਵਰ੍ਹੇ ਬੀਤ ਗਏ ਹਨ। ਗੱਲ ਉੱਥੇ ਹੀ ਐ। ਜਿੱਥੋਂ ਸ਼ੁਰੂ ਹੋਈ ਸੀ। ਖੱਟਿਆ ਕੁੱਝ ਨਹੀਂ। ਸਗੋਂ ਗਵਾਇਆ ਹੀ ਹੈ। ਹੋਰ ਕਿੰਨਾ ਗਵਾਉਣਾ ਹੈ? ਕੋਈ ਹਿਸਾਬ ਨਹੀਂ। ਘਰ ਦਾ ਭੇਤੀ ਲੰਕਾ ਢਾਹੇ ਤੇ ਬੁੱਕਲ ਦੇ ਸੱਪਾਂ ਤੋ ਕੌਣ ਬਚਾਏ? ਹੁਣ ਬੁੱਕਲ ਦੇ ਸੱਪ ਪਛਾਣੇ ਜਾ ਰਹੇ ਹਨ। ਪਰ ਨੁਕਸਾਨ ਲੋਕਾਂ ਦਾ ਹੋ ਰਿਹਾ ਹੈ ਜੋ ਚੁੱਪ ਹਨ। ਪੰਜਾਬੀਓ! ਤੁਹਾਡਾ ਤੇ ਹੁਣ ਰੱਬ ਵੀ ਰਾਖਾ ਨਹੀਂ। ਤੁਸੀਂ ਫੇਰ ਅੰਨ੍ਹੇ ਖੂਹ ਵੱਲ ਵੱਧ ਰਹੇ ਹੋ। ਇਹ ਬੁੱਕਲ ਦੇ ਸੱਪ ਹੁਣ ਵਿਸ਼ ਕੰਨਿਆ ਦੀ ਭੂਮਿਕਾ ਨਿਭਾ ਰਹੇ ਹਨ। ਹੁਣ ਪੰਜਾਬ ਦੇ ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਤਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕੀ ਬਣੂੰਗਾ ?
Pic- dreamstime.com