ਚੁਗਾਵਾਂ ਦੀ ਪੁਸਤਕ ਦਾ ਮੁੱਖਬੰਧ ਲਿਖਦਿਆਂ : ਭਾਵਨਾਤਮਕ ਵਾਰਤਕ ਦਾ ਸਿਰਜਣਹਾਰ- ਇੰਦਰਜੀਤ ਚੁਗਾਵਾਂ

ਡਾ. ਕਰਮਜੀਤ ਸਿੰਘ

ਇੰਦਰਜੀਤ ਚੁਗਾਵਾਂ ਆਪਣੀ ਵਾਰਤਕ ਕਰਕੇ ਪੰਜਾਬੀ ਹਲਕਿਆਂ ਵਿਚ ਜਾਣਿਆਂ ਜਾਣ ਲੱਗਾ ਹੈ। ਉਸ ਦੀ ਪੁਸਤਕ ਪੜ੍ਹਨ ਤੋਂ ਬਾਅਦ ਕਈ ਮੌਲਿਕਤਾਵਾਂ ਸਾਹਮਣੇ ਆਉਂਦੀਆਂ ਹਨ। ਪ੍ਰਮੁੱਖ ਤੌਰ ’ਤੇ ਪੱਤਰਕਾਰ ਹੋਣ ਕਾਰਨ ਉਸ ਦੀ ਵਾਰਤਕ ਵਿਚ ਇਸ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਪ੍ਰਗਤੀਵਾਦੀ ਅਤੇ ਮਾਨਵਵਾਦੀ ਦ੍ਰਿਸ਼ਟੀ ਨੇ ਉਸ ਨੂੰ ਆਮ ਲੁਕਾਈ ਨਾਲ਼ ਜੋੜੀ ਰੱਖਿਆ ਹੈ। ਉਸ ਦੀ ਵਾਰਤਕ ਦੀ ਇਕ ਹੋਰ ਵਿਸ਼ੇਸ਼ਤਾ ਸਵੈਜੀਵੀਅਤਮਕਤਾ ਦੀ ਪੁੱਠ ਹੈ। ਕਿਹਾ ਇਹ ਜਾਂਦਾ ਹੈ ਕਿ ਵਿਚਾਰਧਾਰਾ ਨਾਲ਼ ਜੁੜਿਆ ਵਿਅਕਤੀ ਖ਼ੁਸ਼ਕ ਤੇ ਬੇਹੱਦ ਆਲੋਚਨਾਤਮਕ ਹੋ ਜਾਂਦਾ ਹੈ ਪ੍ਰੰਤੂ ਇੰਦਰਜੀਤ ਚੁਗਾਵਾਂ ਉੱਪਰ ਇਹ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ ਸਗੋਂ ਉਹ ਰਿਸ਼ਤਿਆਂ ਪ੍ਰਤੀ, ਮਾਨਵ ਉੱਪਰ ਹੋ ਰਹੇ ਜ਼ੁਲਮਾਂ ਪ੍ਰਤੀ ਇੱਥੋਂ ਤਕ ਕਿ ਜਾਨਵਰਾਂ ਉੱਪਰ ਆਈ ਆਪਦਾ ਨਾਲ਼ ਵੀ ਭਾਵੁਕ ਹੋ ਜਾਂਦਾ ਹੈ। ਉਸ ਦੀ ਸੰਵੇਦਨਸ਼ੀਲਤਾ ਹਰ ਲੇਖ ਵਿਚੋਂ ਪ੍ਰਗਟ ਹੋ ਜਾਂਦੀ ਹੈ। ਅਫ਼ਗ਼ਾਨਿਸਤਾਨ ਤੋਂ…. ਨਾਮੀ ਲੇਖ ਵਿਚ ਚੁਗਾਵਾਂ ‘ਉੜਤਾ ਪੰਜਾਬ’ ਫ਼ਿਲਮ ਦੇ ਵਿਚਾਰਾਂ ਨੂੰ ਸਹੀ ਠਹਿਰਾਉਣ ਲਈ ਡਾਟਾ ਨੂੰ ਆਧਾਰ ਬਣਾਉਂਦਾ ਹੈ ਅਤੇ ਤੱਥਾਂ ਦੇ ਆਧਾਰ ’ਤੇ ਇਸ ਉੱਪਰ ਸਹੀ ਪਾਉਂਦਾ ਹੈ। ਕੈਂਸਰ, ਖ਼ੁਦਕੁਸ਼ੀਆਂ ਦੇ ਵੇਰਵੇ ਦਿੰਦਿਆਂ ਉਹ ਚਾਹੁੰਦਾ ਹੈ ਕਿ ਸਿਆਸਤਦਾਨ-ਪੁਲਸ-ਸਮਗਲਰ ਦੇ ਰਿਸ਼ਤੇ ਨੂੰ ਤੋੜਿਆ ਜਾਵੇ। ਉਸ ਅਨੁਸਾਰ ‘‘ਇਕ ਗੱਲ ਪੱਕੀ ਹੈ ਕਿ ਇਸ (ਉੜਤਾ ਪੰਜਾਬ) ਫ਼ਿਲਮ ਦੇ ਬਹਾਨੇ ਪੰਜਾਬ ਦੇ ਜੜ੍ਹੀਂ ਬੈਠੀ ਇਹ (ਚਿੱਟੇ ਦੀ) ਮਹਾਂਮਾਰੀ ਇਕ ਬਾਰ ਫਿਰ ਉੱਭਰ ਕੇ ਸਾਹਮਣੇ ਆ ਗਈ ਹੈ।’’ ਕਿਸਾਨ ਮੋਰਚੇ ਨੇ ਪੰਜਾਬ ਦੀ ਦੂਜੀ (ਅੱਧੀ) ਤਸਵੀਰ ਨੂੰ ਵੀ ਸਾਹਮਣੇ ਲਿਆਂਦਾ ਹੈ ਕਿ ਸਭ ਕੁਝ ‘ਉੜਤਾ ਪੰਜਾਬ’ ਨਹੀਂ ਹੈ ਜੇ ਅਜਿਹਾ ਹੁੰਦਾ ਤਾਂ ਕਿਸਾਨੀ ਅੰਦੋਲਨ ਇਸ ਪੱਧਰ ’ਤੇ ਨਹੀਂ ਪਹੁੰਚਦਾ। ਬਹੁਤੇ ਲੇਖਾਂ ਵਿਚ ਇੰਦਰਜੀਤ ਸਮੂਹਿਕ ਲੜਾਈ ਨੂੰ ਹੀ ਸਮੱਸਿਆਵਾਂ ਦਾ ਹੱਲ ਦੱਸਦਾ ਹੈ ਜੋ ਸਹੀ ਵੀ ਹੈ।ਇੰਦਰਜੀਤ ਚੁਗਾਵਾਂ ਭਾਰਤ ਵਿਚ ਝੁੱਲ ਰਹੀ ਸੰਪਰਦਾਇਕ ਹਨੇਰੀ ਪ੍ਰਤੀ ਸਜੱਗ ਵੀ ਹੈ ਅਤੇ ਚਿੰਤਤ ਵੀ। ਅਖ਼ਲਾਕ ਦਾ ਕਤਲ, ਉਮਰ ਖ਼ਾਲਿਦ ਦੀ ਕੈਦ, ਵੈਲੰਟਨਾਈਨ ਡੇਅ ’ਤੇ ਭਗਵਿਆਂ ਦੀ ਉਦੰਡਤਾ ਦਾ ਇਸੇ ਲਈ ਉਹ ਵਿਰੋਧ ਕਰਦਾ ਹੈ ਅਤੇ ਅਖ਼ਬਾਰਾਂ, ਮਾਸ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਦੀ ਨਕਰਾਤਮਕਤਾ ਉੱਪਰੋਂ ਪਰਦਾ ਚੁੱਕਦਾ ਪੱਤਰਕਾਰ ਦੇ ਤੌਰ ’ਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਆਪਣਾ ਰਾਹ ਦਸੇਰਾ ਬਣਾਉਂਦਾ ਹੈ। ਭਗਤ ਸਿੰਘ ਅਨੁਸਾਰ, ‘‘ਅਖ਼ਬਾਰਾਂ ਦਾ ਅਸਲ ਫ਼ਰਜ਼ ਤਾਂ ਲੋਕਾਂ ਨੂੰ ਸਿੱਖਿਅਤ ਕਰਨਾ, ਉਨ੍ਹਾਂ ਦੇ ਮਨਾਂ ਵਿਚੋਂ ਤੁਅੱਸਬ ਦੂਰ ਕਰਨਾ, ਤੰਗ ਦਿਲੀ ਵਿਚੋਂ ਕੱਢਣਾ, ਆਪਸ ਵਿਚ ਸਦਭਾਵਨਾ ਪੈਦਾ ਕਰਨਾ, ਆਪਸੀ ਦੂਰੀ ਘਟਾ ਕੇ ਆਪਸੀ ਭਰੋਸਾ ਪੈਦਾ ਕਰਨਾ ਅਤੇ ਸਾਂਝੀ ਕੌਮੀਅਤ ਦੇ ਕਾਜ਼ ਵਲ ਵਧਣ ਲਈ ਅਸਲ ਸੁਲ੍ਹਾ-ਸਫ਼ਾਈ ਪੈਦਾ ਕਰਨਾ ਹੈ। ਪਰ ਇਸ ਸਭ ਕੁਝ ਦੀ ਬਜਾਇ ਉਨ੍ਹਾਂ ਦਾ ਮੁੱਖ ਮਕਸਦ ਅਗਿਆਨਤਾ ਫੈਲਾਉਣਾ, ਮਾਨਵਵਾਦ ਅਤੇ ਸੰਕੀਰਨਤਾ ਦਾ ਪ੍ਰਚਾਰ ਅਤੇ ਪ੍ਰਸਾਰ, ਲੋਕਾਂ ਦੇ ਮਨਾਂ ਵਿਚ ਫ਼ਿਰਕੂ ਜ਼ਹਿਰ ਘੋਲ਼ ਕੇ ਫ਼ਿਰਕੂ ਦੰਗੇ ਤੇ ਝੜਪਾਂ ਕਰਵਾਉਣਾ ਹੀ ਹੋ ਗਿਆ ਲੱਗਦਾ ਹੈ।’’ ਭਗਤ ਸਿੰਘ ਦੇ ਇਹ ਵਿਚਾਰ ਅੱਜ ਵੀ ਹੂ-ਬ-ਹੂ ਸੱਚ ਹਨ ਜਿਨ੍ਹਾਂ ਵਲ ਚੁਗਾਵਾਂ ਨੇ ਧਿਆਨ ਦੁਆਇਆ ਹੈ। ਅੱਜ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਅਪਣਾਉਣ ਦੀ ਥਾਂ ਸਿਰਫ਼ ਬਾਹਰੀ ਰੂਪ ਨੂੰ ਅਪਣਾਇਆ ਜਾ ਰਿਹਾ ਹੈ ਜਿਸ ਨੂੰ ਚੁਗਾਵਾਂ ਮਾਨਤਾ ਨਹੀਂ ਦਿੰਦਾ।ਔਰਤਾਂ ਉੱਪਰ ਹੋ ਰਹੇ ਜ਼ੁਲਮਾਂ ਪ੍ਰਤੀ ਚੁਗਾਵਾਂ ਚਿੰਤਤ ਵੀ ਹੈ ਤੇ ਭਾਵੁਕ ਵੀ। ਉਹ ਸੰਸਾਰ ਪੱਧਰ ’ਤੇ ਔਰਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਹੈ। ਜਿਵੇਂ ਪਾਕਿਸਤਾਨ ਵਿਚ ਬੱਚੀ ਜੈਨਬ ਅਮੀਨ ਨਾਲ਼ ਹੋਏ ਅਮਾਨਵੀ ਵਰਤਾਰੇ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੋਇਆ ਉਹ ਸੋਚ ਦੀ ਪੱਧਰ ਤੇ ਪਿਤਾ-ਪੁਰਖੀ ਢਾਂਚੇ ਨੂੰ ਤੋੜਨ ਲਈ ਵੀ ਜੱਦੋ-ਜਹਿਦ ਕਰਦਾ ਵਿਖਾਈ ਦਿੰਦਾ ਹੈ। ਉਹ ਕਿਰਨ ਨਾਜ਼ ਵੱਲੋਂ ਬੱਚੀ ਨੂੰ ਗੋਦ ਵਿਚ ਲੈ ਕੇ ਖ਼ਬਰਾਂ ਪੜ੍ਹਨ ਦੇ ਭਾਵੁਕ ਬਿਰਤਾਂਤ ਰਾਹੀਂ ਪਾਠਕਾਂ ਨੂੰ ਭਾਵਨਾਤਮਕ ਪੱਧਰ ’ਤੇ ਵੀ ਟੁੰਬਦਾ ਹੈ। ਇਕ ਪਾਸੇ ਸੱਤਾ ਭਗਵੀਂ ਹਨੇਰੀ ਨੂੰ ਝੁਲਾਉਣ ਦੇ ਆਹਰ ਵਿਚ ਹੈ ਤਾਂ ਦੂਜੇ ਪਾਸੇ ਉਹ ਵਿਰੋਧ ਨੂੰ, ਵਿਗਿਆਨ ਦੀ ਸੋਚ ਨੂੰ ਅਤੇ ਇਤਿਹਾਸਕ ਦ੍ਰਿਸ਼ਟੀ ਨੂੰ ਕੁਚਲ ਕੇ ਰੱਖ ਦੇਣ ਲਈ ਤੁਲੀ ਹੋਈ ਹੈ। ਪ੍ਰਗਟਾਵੇ ਦੀ ਆਜ਼ਾਦੀ ਉੱਪਰ ਲੱਗ ਰਹੇ ਅੰਕੁਸ਼ ਨੂੰ ਚੁਗਾਵਾਂ ਨੇ ਪੈਰੂਮਲ ਮੁਰਗਨ ਦੇ ਬਿਰਤਾਂਤ ਰਾਹੀਂ ਪੇਸ਼ ਕੀਤਾ ਹੈ। ਵਿਸ਼ੇਸ਼ ਤੌਰ ’ਤੇ ਉਸ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਕੋਰਟ ਦੇ ਸ਼ਬਦ ਹਨ, ‘‘ਸਰਕਾਰ ਅਮਨ ਕਾਨੂੰਨ ਦੇ ਬਹਾਨੇ ਦੀ ਵਰਤੋਂ ਕਰਕੇ ਕਿਸੇ ਦੂਸਰੇ ਦੇ ਵਿਚਾਰ ਪ੍ਰਗਟਾਵੇ ਦੇ ਅਧਿਕਾਰ ਨੂੰ ਖੋਹ ਨਹੀਂ ਸਕਦੀ। ਸਿਰਫ਼ ਇਸ ਕਰਕੇ ਕਿ ਲੋਕਾਂ ਦਾ ਇਕ ਹਿੱਸਾ ਹਿੰਸਕ ਹੋਣ ਦੀ ਧਮਕੀ ਦੇ ਰਿਹਾ ਹੈ, ਮਤਲਬ ਇਹ ਨਹੀਂ ਕਿ ਉਸ ਵਿਅਕਤੀ ’ਤੇ ਪਾਬੰਦੀ ਲਾ ਦੇਵੇ ਜਿਸ ਨੇ ਸ਼ਾਂਤਮਈ ਢੰਗ ਨਾਲ਼ ਆਪਣੇ ਵਿਚਾਰ ਪ੍ਰਗਟਾਏ ਹਨ।’’ ਇਸੇ ਫ਼ੈਸਲੇ ਦਾ ਇਹ ਹਿੱਸਾ ਵੀ ਬਹੁਤ ਅਹਿਮ ਹੈ ਕਿ, ‘‘ਰਾਜ ਤੇ ਪੁਲਸ ਅਧਿਕਾਰੀ ਸਾਹਿਤਕ ਤੇ ਸਭਿਆਚਾਰਕ ਮਾਮਲਿਆਂ ਦੇ ਸਬੰਧ ਵਿਚ ਬਿਹਤਰੀਨ ਜੱਜ ਨਹੀਂ ਹੋ ਸਕਦੇ। ਇਹ ਮਾਮਲੇ ਇਸ ਖੇਤਰ ਦੇ ਮਾਹਿਰਾਂ ’ਤੇ ਅਤੇ ਜੇ ਲੋੜ ਪਵੇ ਤਾਂ ਅਦਾਲਤਾਂ ’ਤੇ ਛੱਡ ਦੇਣੇ ਚਾਹੀਦੇ ਹਨ।’’ ਚੁਗਾਵਾਂ ਪੱਤਰਕਾਰਾਂ ਨੂੰ ਨਜ਼ਰਬੰਦ ਕਰਨ ਅਤੇ ਧਾਰਮਿਕ ਤੀਰਥਾਂ ਲਈ ਚੱਲ ਰਹੀਆਂ ਗੱਡੀਆਂ ਉੱਪਰ ਵੀ ਵਿਅੰਗ ਕਰਦਾ ਹੈ। ਚੁਗਾਵਾਂ ਜਮਾਤ, ਜਾਤ ਤੇ ਿਗੀ ਵਿਤਕਰੇ ਤੋਂ ਰਹਿਤ ਸੈਕੂਲਰ ਤੇ ਜਮਹੂਰੀ ਸਮਾਜ ਦੀ ਸਿਰਜਣਾ ਵਿਚ ਅਜਿਹੇ ਬਿਰਤਾਂਤ ਨੂੰ ਕੋਈ ਥਾਂ ਨਹੀਂ ਦਿੰਦਾ ਜਿਸ ਵਿਚ ਇਕ ਦਲਿਤ ਵੱਲੋਂ ਇਕ ਮੁਸਲਮਾਨ ਦਾ ਕਤਲ ਹੋਵੇ ਅਤੇ ਫਿਰ ਹਿੰਸਾ ਭੜਕਾਈ ਜਾਵੇ। ਇਹ ਬਿਰਤਾਂਤ ਪੜ੍ਹਨ ਨਾਲ਼ ਹੀ ਤੁਅੱਲਕ ਰੱਖਦਾ ਹੈ। ਉਹ ਸਹੀ ਕਹਿੰਦਾ ਹੈ ਕਿ, ‘‘ਆਈ. ਐੱਸ (ਇਸਲਾਮਿਕ ਸਟੇਟ) ਦੀ ਥਾਂ ਐੱਚ. ਐੱਸ. (ਹਿੰਦੂ ਸਟੇਟ) ਨੇ ਲੈ ਲਈ ਹੈ।’’ ਇਸ ਬਿਰਤਾਂਤ ਵਿਚ ਸ਼ੰਭੂ ਰੈਗਰ ਨੂੰ ਕੀ ਸਹਿਣਾ ਪੈਣਾ ਹੈ ਉਸ ਦਾ ਵੇਰਵਾ ਦਿੰਦਾ ਚੁਗਾਵਾਂ ਵਿਅੰਗ ਰਾਹੀਂ ਭਾਰਤੀ ਜਾਤ ਪਾਤ ਦੇ ਕੋਹੜ ਉੱਪਰੋਂ ਵੀ ਪਰਦਾ ਚੁੱਕ ਦਿੰਦਾ ਹੈ। ‘‘ਸ਼ੰਭੂ ਰੈਗਰ ਇਕ ਮੁਸਲਿਮ ਮਨੁੱਖ ਦਾ ਕਤਲ ਕਰਨ ਤਕ ਹੀ ਹਿੰਦੂ ਹੈ ਪਰ ਜਦ ਉਹ ਕਿਸੇ ਮੰਦਿਰ ਵਿਚ ਦਾਖ਼ਲ ਹੋਣਾ ਚਾਹੇਗਾ ਤਾਂ ਉਹ ਇਕ ਦਲਿਤ, ਜੋ ਉਸ ਦੀ ਇਸੇ ਹੀ ਮਨੂੰਵਾਦੀ ਸਮੂਹ ਵੱਲੋਂ ਤੈਅ ਕੀਤੀ ਅਸਲ ਪਛਾਣ ਹੈ ਬਣ ਜਾਵੇਗਾ।’’ ਸ਼ੰਭੂ ਰੈਗਰ ਦੀ ਅਤੇ ਅਫ਼ਰਾਜ਼ੁਲ ਦੀ ਜਮਾਤ ਇਕ ਹੈ ਪਰ ਉਨ੍ਹਾਂ ਨੂੰ ਜਮਾਤੀ ਤੌਰ ’ਤੇ ਇਕੱਠਾ ਨਹੀਂ ਹੋਣ ਦਿੱਤਾ ਜਾਂਦਾ। ਇਸੇ ਸੰਦਰਭ ਵਿਚ 84 ਦੇ ਦੰਗੇ ਆਉਂਦੇ ਹਨ ਜਿਸ ਵਿਚ ਚੌਂਤੀ ਸਾਲ ਬਾਅਦ ਜਗਦੀਸ਼ ਕੌਰ ਨੂੰ ਇਨਸਾਫ਼ ਮਿਲ਼ਦਾ ਹੈ, ਸੱਜਣ ਕੁਮਾਰ ਨੂੰ ਜੇਲ੍ਹ ਵਿਚ ਭੇਜਿਆ ਜਾਂਦਾ ਹੈ। ਜਗਦੀਸ਼ ਕੌਰ ਦੇ ਪਤੀ, ਪੁੱਤਰ ਦੀ ਭੀੜ ਵੱਲੋਂ ਹੋਈ ਹੱਤਿਆ ਦਾ ਵੇਰਵਾ ਦਿਲ ਦਹਿਲਾਉਣ ਵਾਲ਼ਾ ਹੈ। ਚੁਗਾਵਾਂ ਭੀੜ ਨੂੰ ਕਿਵੇਂ ਵਹਿਸ਼ੀ ਬਣਾਇਆ ਜਾਂਦਾ ਹੈ ਇਸ ਸੱਚ ਉੱਪਰ ਵੀ ਉਗਲ ਰੱਖਦਾ ਹੈ। ‘‘ਮਾਂ ਦੀ ਬਜਾਇ ਗਾਂ ਦੀ ਪੂਜਾ ਕਰਨ ਲਈ ਮਜਬੂਰ ਕਰਨਾ ਪਸ਼ੂ ਬਣਾਉਣਾ ਹੀ ਤਾਂ ਹੈ।’’ਚੁਗਾਵਾਂ ਹੈਲੋਵੀਨ ਅਤੇ ਸ਼ਰਾਧ ਦੀ ਤੁਲਨਾ ਕਰਕੇ ਭੂਤਾਂ-ਪ੍ਰੇਤਾਂ ਦੀ ਹੋਂਦ ਉੱਪਰ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਅਤੇ ਭੂਤ ਕਾਲ ਨਾਲ਼ ਜੋੜ ਕੇ ਇਸ ਦੇ ਅਰਥ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਚੁਗਾਵਾਂ ‘ਮੇਰਾ ਕੀ ਕਸੂਰ….’ ਗੀਤ ਉੱਪਰ ਪੈਦਾ ਹੋਏ ਵਿਵਾਦ ਵਿਚ ਬੀਰ-ਬਾਵਾ (ਲਿਖਾਰੀ ਤੇ ਗਾਇਕ) ਦੇ ਹੱਕ ਵਿਚ ਖੜ੍ਹਦਾ ਹੈ। ਉਸ ਅਨੁਸਾਰ ਰਾਜਨੀਤੀ ਤੇ ਧਰਮ ਦਾ ਘਾਲ਼ ਮੇਲ਼ ਕਰਕੇ ਭਾਵਨਾਵਾਂ ਦੇ ਵਪਾਰੀ ਲੋਕ ਮਾਨਸਿਕਤਾ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦੇ ਹਨ। ਧਾਰਮਿਕ ਭਾਵਨਾਵਾਂ ਨਾਲ਼ ਖਿਲਵਾੜ ਦੇ ਨਾਂ ਹੇਠ ਜ਼ੁਬਾਨ-ਬੰਦੀ ਵੀ ਕੀਤੀ ਜਾਂਦੀ ਹੈ। ਅਖੀਰ ’ਤੇ ਚੁਗਾਵਾਂ ਇਹ ਸਮਝ ਬਣਾਉਂਦਾ ਹੈ ਕਿ, ‘‘ਆਓ ਮਾੜੇ ਨੂੰ ਮਾੜਾ ਕਹੀਏ ਤੇ ਚੰਗਾ ਕਰਨ ਵਾਲ਼ਿਆਂ ਨੂੰ ਇਕੱਲਾ ਨਾ ਛੱਡੀਏ।’’ ਇਸੇ ਤਰ੍ਹਾਂ ਸਮਕਾਲੀ ਸਮਿਆਂ ਵਿਚ ਗ਼ਲਤ ਖ਼ਬਰਾਂ ਦੇ ਫੈਲਾਅ ਨੂੰ ਰੋਕਣਾ ਵੀ ਜ਼ਰੂਰੀ ਕਾਰਜ ਬਣਨਾ ਚਾਹੀਦਾ ਹੈ। ਸੰਵੇਦਨਸ਼ੀਲਤਾ ਦੇ ਸਮੂਹਿਕ ਉਬਾਲ਼ਿਆਂ ਨੂੰ ਰੋਕਣਾ ਚੁਗਾਵਾਂ ਲਈ ਬਹੁਤ ਜ਼ਰੂਰੀ ਹੈ ਜਿਸ ਲਈ ਉਹ ਵਿਅਕਤੀਗਤ ਅਤੇ ਵਾਪਰ ਰਹੀਆਂ ਘਟਨਾਵਾਂ ਦੀਆਂ ਉਦਾਹਰਣਾਂ ਵੀ ਦਿੰਦਾ ਹੈ। ਚੁਗਾਵਾਂ ਅਨੁਸਾਰ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਐਵੇਂ ਹਰੇਕ ਜਣੇ-ਖਣੇ ਬਾਰੇ ਲਿਖਣ ਬਹਿ ਜਾਂਦਾ ਹੈ। ਪਰ ਅਸਲ ਵਿਚ ਚੁਗਾਵਾਂ ‘ਨਿੱਕਿਆਂ ਲੋਕਾਂ’ ਦਾ ਵਾਰਤਾਕਾਰ ਹੈ ਅਤੇ ਛੋਟੀਆਂ ਘਟਨਾਵਾਂ ਵਿਚੋਂ ਉਹ ਵਿਸ਼ਾਲ ਅਰਥ ਕੱਢਣ ਦੀ ਸਮਰੱਥਾ ਰੱਖਦਾ ਹੈ। ਇਹੋ ਜਿਹਾ ਲੇਖ ਹੈ ‘ਲੋੜੈ ਦਾਖ਼ ਬਿਜਉਰੀਆਂ’ ਜਿਸ ਵਿਚ ਉਹ ਪੁੱਤ ਨੂੰ ਪੁੱਤ ਤੇ ਧੀ ਨੂੰ ਧੀ ਦੀ ਸਹੀ ਥਾਂ ਦੇਣ ਅਤੇ ਉਨ੍ਹਾਂ ਦੇ ਅਧਿਕਾਰ ਸੁਰੱਖਿਅਤ ਕਰਨ ਦੀ ਵਕਾਲਤ ਕਰਦਾ ਹੈ। ‘ਸੜਕਾਂ ’ਤੇ ਮਾਵਾਂ’ ਵਿਚ ਜਾਨਵਰਾਂ ਪ੍ਰਤੀ ਉਸ ਦੀ ਸੰਵੇਦਨਸ਼ੀਲਤਾ ਦੇ ਦਰਸ਼ਨ ਹੁੰਦੇ ਹਨ ਅਤੇ ਮਾਨਵੀ ਰਿਸ਼ਤਿਆਂ ਦੀ ਭਾਵੁਕਤਾ ਦਾ ਸਿਖ਼ਰ। ਜਿਵੇਂ ਨੰਨ੍ਹੀ ਭਤੀਜੀ ਮੋਲੀ ਨੂੰ ਦੱਬਣ ਜਾਣ ਦਾ ਦ੍ਰਿਸ਼ ਬੜਾ ਮਾਰਮਿਕ ਹੈ। ‘‘ਮੈਂ ਆਪਣੀ ਜ਼ਿੰਦਗੀ ’ਚ ਏਨਾ ਭਾਰੀ ਬੋਝ ਅੱਜ ਤਕ ਨਹੀਂ ਉਠਾਇਆ ਤੇ ਇਹੋ ਦੁਆ ਹੈ ਕਿ ਕਿਸੇ ਵੀ ਮਾਂ ਬਾਪ ਨੂੰ ਆਪਣੀ ਜ਼ਿੰਦਗੀ ’ਚ ਅਜਿਹਾ ਬੋਝ ਕਦੇ ਨਾ ਉਠਾਉਣਾ ਪਵੇ। ਮੋਲੀ ਦਾ ਮਾਮਾ ਉਸ ਨੂੰ ਆਪਣੀਆਂ ਬਾਂਹਾਂ ਵਿਚ ਲੈਣਾ ਚਾਹੁੰਦਾ ਸੀ ਪਰ ਮੇਰੀਆਂ ਬਾਂਹਾਂ ਜਿਵੇਂ ਪੱਥਰ ਹੋ ਗਈਆਂ ਸਨ, ਚਾਹੁੰਦਿਆਂ ਵੀ ਮੇਰੀਆਂ ਬਾਂਹਾਂ ਖੁੱਲ੍ਹ ਨਹੀਂ ਸਨ ਰਹੀਆਂ।’’ ਇਸ ਲੇਖ ਦੇ ਪ੍ਰਕਿਰਤੀ ਚਿੱਤਰਣ ਦੇ ਕੁਝ ਹਿੱਸੇੇ ਵਾਰਤਕ ਦੇ ਉੱਤਮ ਨਮੂਨੇ ਕਹਿਣੇ ਚਾਹੀਦੇ ਹਨ। ਚੁਗਾਵਾਂ ਜੇਮੀ ਸੂਜ਼ਨ (ਅਕਸ ਤੇ ਨੈਣ ਨਕਸ਼) ਵਿਚੋਂ ਕਰਤਾਰ ਦੇ ਵਰਿਆਮ ਦੇ ਅਕਸ ਦੇਖਦਾ ਉਨ੍ਹਾਂ ਪ੍ਰਤੀ ਮੋਹ ਪਾਲ਼ ਲੈਂਦਾ ਹੈ। ਬੱਚਿਆਂ ਦੀ ਮਾਂ ਵੱਲੋਂ ਚੁਗਾਵਾਂ ਨੂੰ ਕਹੇ ਸ਼ਬਦ ਭਾਰਤ ਵਿਚ ਸੋਚੇ ਵੀ ਨਹੀਂ ਜਾ ਸਕਦੇ ਜਿੱਥੇ ਧੀਆਂ ਦੀ ਵਰ ਦੀ ਇੱਛਾ ਕਰਨ ਨਾਲ਼ ਹੀ ਕਤਲ ਹੋ ਜਾਂਦੇ ਹਨ। ਚੁਗਾਵਾਂ ਧੀਆਂ ਲਈ ਹਾਅ ਦਾ ਨਾਅਰਾ ਮਾਰਦਾ ਹੈ, ‘‘ਆਓ ਯਾਰੋ ਆਪਣੀਆਂ ਧੀਆਂ ਦੇ ਜਜ਼ਬਾਤਾਂ ਦੀ ਵੀ ਕਦਰ ਕਰਨਾ ਸਿੱਖੀਏ। ਜਜ਼ਬਾਤਾਂ ਦੇ ਇਨ੍ਹਾਂ ਸਿਵਿਆਂ ਦਾ ਸੇਕ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ।’’‘ਗਿਰਝਾਂ ਤੇ ਘੁੱਗੀਆਂ’ ਲੇਖ ਵਿਚ ਧਾਰਮਿਕ ਬਾਣੇ ਹੇਠ ਪਲ਼ ਰਹੀਆਂ ਗਿਰਝਾਂ ਵੱਲੋਂ ਘੁੱਗੀਆਂ ਦੇ ਹੁੰਦੇ ਸ਼ਿਕਾਰ ਨੂੰ ਪ੍ਰਤੀਕਾਤਮਕ ਢੰਗ ਨਾਲ਼ ਨੰਗਿਆਂ ਕੀਤਾ ਗਿਆ ਹੈ। ਇਹ ਕਾਰਜ ਇਕ ਅਸੂਲਪ੍ਰਸਤ ਸਿੰਘ ਵੱਲੋਂ ਹੀ ਕਰਵਾਇਆ ਗਿਆ ਹੈ। ਦੋਨੋਂ ਪ੍ਰਤੀਕ ਲੇਖ ਦੇ ਅੰਤ ਤਕ ਪੂਰੇ ਨਿਭੇ ਹਨ। ‘ਜਾਬਰ ਦੀ ਚਾਬੀ’ ਵਿਚ ਪੁਲਿਸ ਅਫ਼ਸਰ ਕੁੜੀ ਦੀ ਬਹਾਦਰੀ ਦੱਸਦਿਆਂ ਆਮ ਕੁੜੀਆਂ ਨੂੰ ਅਜਿਹੇ ਬਣਨ ਲਈ ਪ੍ਰੇਰਣਾ ਦੇਣਾ ਹੈ। ਦਸ ਮਹੀਨੇ ਤੋਂ ਦਿੱਲੀ ਬਾਰਡਰਾਂ ’ਤੇ ਲੱਗੇ ਸੰਯੁਕਤ ਕਿਸਾਨ ਮੋਰਚੇ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਹੋਰ ਲਿਖਾਰੀਆਂ ਵਾਂਗ ਇੰਦਰਜੀਤ ਚੁਗਾਵਾਂ ਵੀ ਇਸ ਮੋਰਚੇ ਦੀਆਂ ਪ੍ਰਾਪਤੀਆਂ ਦੱਸਣ ਲਈ ਲੇਖਾਂ ਦੀ ਸਿਰਜਣਾ ਕਰਦਾ ਹੈ। ਇਹ ਲੇਖ, ਨਿਬੰਧ ਘੱਟ ਤੇ ਕਹਾਣੀ ਦਾ ਆਭਾਸ ਵੱਧ ਦਿੰਦੇ ਹਨ। ‘ਕਿਸਾਨ ਮੋਰਚਾ ਬਨਾਮ ਭੋਡੀਆਂ ਗਊਆਂ’ ਵਿਚ ਇਕ ਅੰਮ੍ਰਿਤਧਾਰੀ ਕੁੜੀ ਨੂੰ ਵੱਡੀ ਉਮਰ ਦੇ ਪ੍ਰਵਾਸੀ ਨਾਲ਼ ਨਰੜ ਦੇਣ ਦੀ ਤਿਆਰੀ ਕੀਤੀ ਜਾਂਦੀ ਹੈ ਜਿਸ ਨੂੰ ਕੁੜੀ ਵਿਰੋਧ ਦੇ ਬਾਵਜੂਦ ਨਕਾਰ ਨਹੀਂ ਸਕਦੀ। ਕਿਸਾਨੀ ਅੰਦੋਲਨ ਵਿਚ ਜਾ ਕੇ ਵੱਡੀ ਗਿਣਤੀ ਦੀਆਂ ਔਰਤਾਂ ਦੀ ਸ਼ਮੂਲੀਅਤ ਨੂੰ ਦੇਖ ਕੇ ਤੇ ਉਨ੍ਹਾਂ ਦੇ ਓਜਮਈ ਭਾਸ਼ਣ ਸੁਣ ਕੇ ਕੁੜੀ ਮਾਨਸਿਕ ਤੌਰ ’ਤੇ ਏਨੀ ਤਕੜੀ ਹੁੰਦੀ ਹੈ ਕਿ ਉਹ ਪ੍ਰਵਾਸੀ ਲੋਕਾਂ ਨੂੰ ਸਾਫ਼ ਨਾਂਹ ਕਰ ਦਿੰਦੀ ਹੈ। ਹੁਣ ਗਊਆਂ ਭੋਡੀਆਂ ਨਹੀਂ ਰਹੀਆਂ, ਉਨ੍ਹਾਂ ਦੇ ਸਿੰਙ ਉੱਗ ਆਏ ਹਨ। ‘ਚੌਕੀਦਾਰ ਨਹੀਂ ਸਿਰਫ਼ ਚੌਕੀਦਾਰ’ ਵਿਚ ਜਿੱਥੇ ਚੌਕੀਦਾਰ ਤਾਏ ਹਰਨ ਦੀ ਗ਼ੈਰਤ ਅਤੇ ਹਾਜ਼ਰ ਜਵਾਬੀ ਨੂੰ ਤਿੱਖੇ ਰੂਪ ਵਿਚ ਸਾਹਮਣੇ ਲਿਆਂਦਾ ਹੈ ਓਥੇ ਭਾਰਤ ਦੇ ਚੌਕੀਦਾਰ (ਮੋਦੀ) ਦੇ ਦੋਗਲੇ ਚਰਿੱਤਰ ਨੂੰ ਉਘਾੜ ਕੇ ਕਿਸਾਨ ਮੋਰਚੇ ਦੀ ਸਿਫ਼ਤ ਸਲਾਹ ਰਾਹੀਂ ਉਸ ਵਿਚ ਸ਼ਾਮਿਲ ਹੋਣ ਦਾ ਹੋਕਾ ਵੀ ਦਿੱਤਾ ਗਿਆ ਹੈ। ‘ਨਿੱਕੇ ਲੋਕ ਨਿੱਕੀਆਂ ਗੱਲਾਂ’ ਵਿਚ ਵੀ ਕਿਸਾਨ ਮੋਰਚੇ ਦੀਆਂ ਦੋ ਘਟਨਾਵਾਂ ਨੂੰ ਵੱਡੇ ਅਰਥ ਦਿੱਤੇ ਗਏ ਹਨ। ਇਕ ਵਿਚ ਕਿਸਾਨ ਜਵਾਨ ਨੂੰ ਪਾਣੀ ਪਿਲ਼ਾ ਰਹੇ ਹਨ ਅਤੇ ਦੂਜੀ ਵਿਚ ਕਮਾਂਡੋ ਕਿਸਾਨਾਂ ਦੇ ਮੰਚ ਤੋਂ ਕਿਸਾਨਾਂ ਦੇ ਹੱਕ ਵਿਚ ਬੋਲ ਰਿਹਾ ਹੈ, ‘‘ਹਮ ਕਿਸਾਨੋਂ ਕੇ ਬੇਟੇ ਹੈਂ। ਕੋਈ ਵੀ ਜਵਾਨ, ਕਿਸਾਨ ਪਰ ਲਾਠੀ ਨਹੀਂ ਚਲਾਏਗਾ।’’ ਅਜਿਹਾ ਕਹਿ ਕੇ ਜਵਾਨ ਆਪਣਾ ਕੈਰੀਅਰ ਦਾਅ ’ਤੇ ਲਾ ਰਿਹਾ ਹੈ। ਅੰਤ ’ਤੇ ਚੁਗਾਵਾਂ ਦਾ ਵਿਸ਼ਵਾਸ ਬੋਲਦਾ ਹੈ, ‘‘ਹਵਾ ਕੁੱਝ ਅਜਿਹੀ ਚੱਲੀ ਹੈ ਕਿ ਫ਼ਿਜ਼ਾ ’ਚ ਨਿੱਕੇ ਲੋਕਾਂ ਦੀਆਂ ਨਿੱਕੀਆਂ ਗੱਲਾਂ ਵੱਡੇ ਅਰਥ ਸਿਰਜ ਰਹੀਆਂ ਹਨ। ਅਖਾੜੇ ’ਚ ਘੁਲ਼ ਰਹੇ ਭਲਵਾਨਾਂ ’ਚੋਂ ਜ਼ਰੂਰੀ ਨਹੀਂ ਕਿ ਵੱਡੇ ਜੁੱਸੇ ਵਾਲ਼ਾ ਜਿੱਤੇ…. ਜਿੱਤੇਗਾ ਉਹੀ ਜਿਸ ਅੰਦਰਲੇ ਮੁਕਾਬਲੇ ਦੇ ਜਜ਼ਬੇ ਦਾ ਜੁੱਸਾ ਵੱਡਾ ਹੋਵੇਗਾ। ਮੋਰਚੇ ਦਾ ਰੁਖ਼ ਕੁੱਝ ਅਜਿਹੇ ਸੰਕੇਤ ਦੇ ਰਿਹਾ ਹੈ ਕਿ ਨਿੱਕੇ ਲੋਕ ਨਿੱਕੇ ਨਿੱਕੇ ਹੱਲਿਆਂ ਨਾਲ਼ ਜ਼ਰੂਰ ਕੋਈ ਵੱਡਾ ਥੰਮ੍ਹ ਡੇਗਣਗੇ।’’ ਇੰਦਰਜੀਤ ਚੁਗਾਵਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਹ ਨਿੱਜੀ ਤੌਰ ’ਤੇ ਦਿੱਲੀ ਬਾਰਡਰ ਉੱਪਰ ਹਾਜ਼ਰ ਨਹੀਂ ਹੋ ਸਕਿਆ।ਚੁਗਾਵਾਂ ਕਿੰਨਾ ਸੰਵੇਦਨਸ਼ੀਲ ਹੈ ਇਸ ਦੀ ਇਕ ਝਲਕ ‘ਸਭ ’ਤੇ ਖ਼ਤਰਨਾਕ ਹੁੰਦੀ ਹੈ ਮਾਨਸਿਕ ਅਪਾਹਜਤਾ’ ਲੇਖ ਵਿਚ ਦੇਖੀ ਜਾ ਸਕਦੀ ਹੈ। ਇਸ ਵਿਚ ਪਰਿਵਾਰਕ ਪਿਛੋਕੜ ਦਾ ਬਿਰਤਾਂਤ ਵੀ ਹੈ ਤੇ ਕਹਿਣੀ ਤੇ ਕਰਨੀ ਦੀ ਏਕਤਾ ਦਾ ਪ੍ਰਭਾਵ ਵੀ। ਵਿਚਾਰਧਾਰਕ ਤੌਰ ’ਤੇ ਉਹ ਕਿਸੇ ਨੂੰ ਸਰੀਰਕ ਤੌਰ ’ਤੇ ਅਪਾਹਜ ਹੋਣ ਕਰਕੇ ਨਿੰਦ ਨਹੀਂ ਸਕਦਾ ਸਗੋਂ ਇਕ ਸਾਥੀ ਵੱਲੋਂ ਫ਼ੋਨ ’ਤੇ ਪ੍ਰੇਸ਼ਾਨ ਕਰਨ ਨੂੰ ਮਨ ’ਤੇ ਲਾ ਲੈਂਦਾ ਹੈ। ਕਥਾ ਭਾਵੇਂ ਆਮ ਪਾਠਕ ਨਾਲ਼ੋਂ ਉਸ ਦੇ ਸਾਥੀਆਂ ਨੂੰ ਵਧੇਰੇ ਸਮਝ ਆਵੇ ਪਰ ਉਸ ਵੱਲੋਂ ਕੱਢਿਆ ਨਤੀਜਾ ਹਰ ਇਕ ਲਈ ਸਬਕ ਹੈ, ‘‘ਸਰੀਰਕ ਅਪਾਹਜਤਾ ਏਨੀ ਖ਼ਤਰਨਾਕ ਨਹੀਂ ਹੁੰਦੀ, ਜਿੰਨੀ ਮਾਨਸਿਕ ਅਪਾਹਜਤਾ। ਸਰੀਰਕ ਅਪਾਹਜਤਾ ਤੁਹਾਡੇ ਸਾਹਮਣੇ ਹੁੰਦੀ ਹੈ, ਉਸ ਦਾ ਇਲਾਜ ਕੀਤਾ ਜਾ ਸਕਦੈ, ਸੰਬੰਧਿਤ ਬੰਦੇ ਦੇ ਹਾਲਾਤ, ਉਸ ਦੀ ਮਜਬੂਰੀ ਨੂੰ ਸਮਝਿਆ ਜਾ ਸਕਦੈ ਪਰ ਮਾਨਸਿਕ ਅਪਾਹਜਤਾ ਦਾ ਤਾਂ ਤੁਹਾਨੂੰ ਕੋਈ ਇਲਮ ਹੀ ਨਹੀਂ ਹੁੰਦਾ। ਤੁਹਾਡੇ ਨਾਲ਼ ਬੈਠਾ ਚੰਗਾ ਭਲਾ ਨਜ਼ਰ ਆ ਰਿਹਾ ਬੰਦਾ, ਮਾਨਸਿਕ ਅਪਾਹਜਤਾ ਦੀ ਸੂਰਤ ’ਚ ਕੀ ਚੰਦ ਚਾੜ੍ਹ ਦੇਵੇ, ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।’’ਨਸਲਪ੍ਰਸਤੀ ਦਾ ਸਿੱਧਾ ਵਿਰੋਧ ‘ਅਸੀਂ ਕਾਲ਼ੇ ਲੋਕ ਸਦੀਂਦੇ’ ਵਿਚ ਦੇਖਿਆ ਜਾ ਸਕਦਾ ਹੈ। ਰੰਗਾਂ ਦੀ ਸਮਾਜਿਕਤਾ ਨੂੰ ਵਿਚਾਰਦਿਆਂ ਚੁਗਾਵਾਂ ਜਾਰਜ ਫਲਾਇਡ ਦੇ ਕੀਤੇ ਕਤਲ ਨੂੰ ਯਾਦ ਕਰਨ ਦੇ ਨਾਲ਼ ਜਾਰਜ ਸਟਿਨੀ ਜੂਨੀਅਰ ਨੂੰ ਵੀ ਯਾਦ ਕਰਦਾ ਹੈ। ਜਿਸ ਨੂੰ ਉਸ ਦੀ ਮੌਤ ਤੋਂ ਸੱਤਰ ਸਾਲ ਬਾਅਦ ਬਾਲੜੀਆਂ ਦੇ ਕਤਲ ਤੋਂ ਬਰੀ ਕਰ ਦਿੱਤਾ ਜਾਂਦਾ ਹੈ। ਚੁਗਾਵਾਂ ਆਪਣੇ ਕੰਮ ਸਮੇਂ ਸਿਆਹਫ਼ਾਮ ਲੋਕਾਂ ਦੀਆਂ ਫ਼ਰਾਖ਼ਦਿਲੀਆਂ, ਗ਼ੁੱਸੇ, ਹਾਸਿਆਂ ਦਾ ਜ਼ਿਕਰ ਕਰਕੇ ਮਾਨਵ ਦੀਆਂ ਚੰਗਿਆਈਆਂ ਨੂੰ ਸਾਹਮਣੇ ਲਿਆਉਂਦਾ ਹੈ। ਕਾਲ਼ੀ ਸਿਆਹੀ ਨੂੰ ਰੁਸ਼ਨਾਈ ਕਹਿਣ ਅਤੇ ਧਾਰਮਿਕ ਗ੍ਰੰਥਾਂ ਦੇ ਕਾਲ਼ੇ ਅੱਖਰਾਂ ਦੇ ਕਾਵਿਕ ਤਰਕ ਦਿੰਦਾ ਹੈ ਤੇ ਨਾਲ਼ ਹੀ ਨਸਲ ਪ੍ਰਸਤੀ ਪਿੱਛੇ ਦੀ ਸਮਾਜਿਕ ਪ੍ਰਕਿਰਿਆ ਨੂੰ ਵੀ ਸੰਬੋਧਿਤ ਹੁੰਦਾ ਹੈ। ‘‘ਰੰਗ ਕੋਈ ਬਦਰੰਗ ਨਹੀਂ ਹੋ ਸਕਦਾ, ਬਦਰੰਗ ਹੈ ਤਾਂ ਮਾਨਸਿਕਤਾ ਤੇ ਇਹ ਮਾਨਸਿਕਤਾ ਆਪਣੇ ਆਪ ਬਦਰੰਗ ਨਹੀਂ ਹੋ ਜਾਂਦੀ ਸਗੋਂ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਅੰਦਰਲੇ ਰੰਗਾਂ ਨੂੰ ਕੋਈ ਹੌਲ਼ੀ-ਹੌਲ਼ੀ ਬਦਰੰਗ ਕਰੀ ਜਾ ਰਿਹਾ ਹੈ। ਤੁਹਾਡੇ ਅੰਦਰ ਹੌਲ਼ੀ-ਹੌਲ਼ੀ ਇਕ ਵੱਡੀ ਗੁਣਾਤਮਕ ਤਬਦੀਲੀ ਆ ਜਾਂਦੀ ਹੈ ਪਰ ਤੁਸੀਂ ਉਸ ਤੋਂ ਬੇਖ਼ਬਰ ਹੁੰਦੇ ਹੋ।’’ ਇਹ ਪ੍ਰਕਿਰਿਆ ਸੰਪ੍ਰਦਾਈਕਰਣ ਦੀ ਵੀ ਕਹੀ ਜਾ ਸਕਦੀ ਹੈ। ਇਸ ਪੁਸਤਕ ਦੇ ਤਿੰਨ ਲੇਖ ਵੱਖਰੀ ਵੰਨਗੀ ਦੇ ਹਨ ਜਿਨ੍ਹਾਂ ਨੂੰ ਮੌਖਿਕ ਇਤਿਹਾਸ ਦਾ ਨਾਮ ਦਿੱਤਾ ਜਾ ਸਕਦਾ ਹੈ। ਸੱਤਾ ਪੱਖ ਵਿਰੋਧੀਆਂ ਦੇ ਇਤਿਹਾਸ ਨੂੰ ਕਦੇ ਵੀ ਮਾਨਤਾ ਨਹੀਂ ਦਿੰਦਾ ਸਗੋਂ ਉਸ ਨੂੰ ਤਬਾਹ ਕਰਨ ਜਾਂ ਫਿਰ ਵਿਗਾੜਨ ਦਾ ਹਰ ਹੀਲਾ ਕਰਦਾ ਹੈ। ਇਸ ਲਈ ਇਤਿਹਾਸਕਾਰ ਫ਼ੀਲਡ ਵਿਚ ਜਾ ਕੇ ਲੋਕਾਂ ਤੋਂ ਸੁਣੀਆਂ ਘਟਨਾਵਾਂ ਦਾ ਸੰਕਲਨ ਤੇ ਮੁਲਾਂਕਣ ਕਰਕੇ ਲੋਕਾਂ ਦਾ ਇਤਿਹਾਸ ਸਿਰਜਦੇ ਹਨ। ‘ਭਗਤ ਸਿੰਘ, ਬਾਬਾ ਚੀਮਾ ਤੇ ਪਿਸਤੌਲ’ ਵਿਚ ਜ਼ਮਾਨੇ ਦੀ ਧੂੜ ’ਚ ਗੁਆਚ ਗਏ ਇਸ ਤੱਥ ਨੂੰ ਸਾਹਮਣੇ ਲਿਆਂਦਾ ਹੈ ਕਿ ਭਗਤ ਸਿੰਘ ਨੇ ਜਿਸ ਪਿਸਤੌਲ ਨਾਲ਼ ਸਾਂਡਰਸ ਨੂੰ ਮਾਰਿਆ ਸੀ, ਉਹ ਉਸ ਨੂੰ ਬਾਬਾ ਚੀਮਾ ਨੇ ਦਿੱਤਾ ਸੀ। ਪਰ ਇਹ ਅਜੇ ਤਕ ਸਰਵਜਨਕ ਨਹੀਂ ਹੋ ਸਕਿਆ। ‘ਬਰਬਾਦੀ ਦੀ ਆਜ਼ਾਦੀ ਤੇ ਆਬਾਦਕਾਰ’ ਲੇਖ ਵਿਚ ਗੁਰਦੀਪ ਸਿੰਘ ਅਣਖੀ ਰਾਹੀਂ ਆਬਾਦਕਾਰਾਂ ਦੀਆਂ ਸਮੱਸਿਆਵਾਂ ਅਤੇ ਸੰਘਰਸ਼ਾਂ ਦਾ ਦਸਤਾਵੇਜ਼ੀਕਰਣ ਕੀਤਾ ਗਿਆ ਹੈ। ਇਸ ਵਿਚ ਜਥੇਬੰਦੀ ਦੀ ਲੋੜ ਅਤੇ ਇਸ ਦੇ ਮਹੱਤਵ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਗਿਆ ਹੈ। ‘ਆਬਾਦਕਾਰਾਂ ਦਾ ਹੈੱਡਕੁਆਟਰ ਅਸ਼ਾਹੂਰ’ ਵਿਚ ਵੀ ਆਬਾਦਕਾਰਾਂ ਦੇ ਸੰਘਰਸ਼ ਤੇ ਅਖੀਰ ਹਥਿਆਰਬੰਦ ਟਕਰਾਅ ਤਕ ਪਹੁੰਚਦਿਆਂ ਦੇਖਿਆ ਜਾ ਸਕਦਾ ਹੈ। ਇਸ ਲੇਖ ਵਿਚ ਸੰਗਰਾਮੀ ਯੋਧਿਆਂ ਦੀ ਲੜਾਈ ਦੇ ਪੈਂਤੜੇ ਅਤੇ ਸਮੂਹਿਕ ਲੀਡਰਸ਼ਿਪ ਦੀ ਕਾਮਯਾਬੀ ਦਾ ਬਿਰਤਾਂਤ ਦੇ ਨਾਲ਼-ਨਾਲ਼ ਸੰਘਰਸ਼ ਖਿੰਡਣ ਦੇ ਕਾਰਨਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ। ਨਤੀਜਾ ਇਹ ਕਿ ‘‘ਜਿੰਨੀ ਦੇਰ ਭਾਈ ਲਾਲੋਆਂ ਦੇ ਪਹਿਰੇਦਾਰ ਆਪਸ ਵਿਚ ਰਲ਼ ਕੇ ਨਹੀਂ ਬੈਠਦੇ, ਮਲਿਕ ਭਾਗੋਆਂ ਨਾਲ਼ ਆਪਣੀ ਗੁੱਝ ਸਾਂਝ ਖ਼ਤਮ ਨਹੀਂ ਕਰਦੇ, ਓਨੀਂ ਦੇਰ ਇਹ ਤਬਦੀਲੀ ਨਹੀਂ ਆ ਸਕਦੀ।’’ ਇਤਿਹਾਸ ਨੂੰ ਸਾਂਭਣ ਦਾ ਇਹ ਉਪਰਾਲਾ ਵਿਸ਼ੇਸ਼ ਹੈ ਜਿਸ ਨੂੰ ਜਾਰੀ ਰੱਖਣਾ ਚਾਹੀਦਾ ਹੈ।ਇੰਦਰਜੀਤ ਚੁਗਾਵਾਂ ਦੇ ਇਸ ਪੁਸਤਕ ਤੋਂ ਬਾਹਰ ਵੀ ਕਈ ਲੇਖ ਹਨ ਜਿਨ੍ਹਾਂ ਉੱਪਰ ਵੱਖਰੀ ਵਿਚਾਰ ਕੀਤੀ ਜਾ ਸਕਦੀ ਹੈ। ਚੁਗਾਵਾਂ ਦੀ ਵਾਰਤਕ ਵਿਚ ਵਿਚਾਰਧਾਰਕ ਸਪਸ਼ਟਤਾ, ਨਿੱਜੀ ਬਿਰਤਾਂਤ ਅਤੇ ਭਾਵਨਾਤਮਕ ਪੁੱਠ ਇਸ ਨੂੰ ਰੋਚਕ ਤੇ ਪੜ੍ਹਨਯੋਗ ਬਣਾਉਂਦੇ ਹਨ। ਇਨ੍ਹਾਂ ਲੇਖਾਂ ਦੇ ਪੁਸਤਕ ਰੂਪ ਵਿਚ ਆਉਣ ’ਤੇ ਮੈਂ ਆਪਣੇ ਵੱਲੋਂ ਇੰਦਰਜੀਤ ਚੁਗਾਵਾਂ ਦੀ ਨਵੀਂ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਵਧਾਈ ਦਿੰਦਾ ਹਾਂ।