ਪੰਜਾਬੀ ਸਿਨੇਮੇ ਦੀ ਸ਼ਾਨ ‘ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’ : ਅੰਬਰਦੀਪ

ਅੰਬਰਦੀਪ ਪੰਜਾਬੀ ਸਿਨਮੇ ਦਾ ਸਰਗਰਮ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਹੈ ਜਿਸ ਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਦਾ ਆਧਾਰ ਬਣਾਇਆ। ਬਤੌਰ ਲੇਖਕ ‘ਅੰਗਰੇਜ਼’ ਫ਼ਿਲਮ ਦੀ ਸਫਲਤਾ ਨੇ ਉਸ ਨੂੰ ਪੰਜਾਬੀ ਦਰਸ਼ਕਾਂ ਵਿੱਚ ਪਛਾਣ ਦਿਵਾਈ। ‘ਗੋਰਿਆਂ ਨੂੰ ਦਫ਼ਾ ਕਰੋ’, ‘ਅੰਗਰੇਜ਼’, ‘ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਹੌਰੀਏ’, ‘ਭੱਜੋ ਵੀਰੋ ਵੇ’, ‘ਲੌਂਗ ਲਾਚੀ’, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਿਹਾ ਹੈ। ਜਿਸ ਨੂੰ ਉਸ ਨੇ ਬੜੀ ਗੰਭੀਰਤਾ ਨਾਲ ਆਮ ਵਿਸ਼ਿਆਂ ਤੋਂ ਹੱਟ ਕੇ ਲਿਖਿਆ ਹੈ।
ਅਬੋਹਰ ਇਲਾਕੇ ਦੇ ਜੰਮਪਲ ਅੰਬਰਦੀਪ ਨੇ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਦੀ ਪੜ੍ਹਾਈ ਕੀਤੀ ਤੇ ਫਿਰ ਆਪਣੀ ਕਿਸਮਤ ਅਜ਼ਮਾਉਣ ਫ਼ਿਲਮ ਨਗਰੀ ਮੁੰਬਈ ਚਲਾ ਗਿਆ। ਜਿੱਥੇ 10 ਸਾਲ ਕਾਮੇਡੀਅਨ ਕਪਿਲ ਸ਼ਰਮਾ ਨਾਲ ਬਤੌਰ ਸਹਾਇਕ ਕੰਮ ਕਰਦਿਆਂ ਫ਼ਿਲਮ ਨਗਰੀ ‘ਚ ਸੰਘਰਸ਼ ਕੀਤਾ। ਪੰਜਾਬੀ ਫ਼ਿਲਮਾਂ ਦਾ ਰਾਹ ਪੱਧਰਾ ਹੋਇਆ ਤਾਂ ਉਸ ਨੇ ਆਪਣਾ ਧਿਆਨ ਇੱਧਰ ਕਰ ਲਿਆ। ਅੰਬਰਦੀਪ ਸਿੰਘ ਪਿਛਲੇ ਸੱਤ ਕੁ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹੈ। ਫ਼ਿਲਮ ‘ਜੱਟ ਐਂਡ ਜੂਲੀਅਟ’ ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸ਼ੁਰੂਆਤ ਕਰਦਿਆਂ ਅੰਬਰਦੀਪ ਨੇ ‘ਵਿਆਹ 70 ਕਿੱਲੋਮੀਟਰ’, ‘ਡੈਡੀ ਕੂਲ ਮੁੰਡੇ ਫੂਲ’, ‘ਹੈਪੀ ਗੋ ਹੈਪੀ’, ‘ਗੋਰਿਆ ਨੂੰ ਦਫ਼ਾ ਕਰੋ’, ‘ਅੰਗਰੇਜ਼’, ‘ਲਵ ਪੰਜਾਬ’, ‘ਸਰਵਣ’, ‘ਡਿਸਕੋ ਸਿੰਘ’ ਫ਼ਿਲਮਾਂ ਲਈ ਯੋਗਦਾਨ ਪਾਇਆ।
ਇਸੇ ਦੌਰਾਨ ‘ਗੋਰਿਆ ਨੂੰ ਦਫ਼ਾ ਕਰੋ’ ਤੇ ‘ਅੰਗਰੇਜ਼’ ਫ਼ਿਲਮਾਂ ਲਈ ਤਾਂ ਅੰਬਰਦੀਪ ਨੂੰ ਬੈਸਟ ਲੇਖਕ ਦਾ ਐਵਾਰਡ ਵੀ ਮਿਲਿਆ । ‘ਲਵ ਪੰਜਾਬ’ ‘ਸਰਵਣ’, ‘ਹਰਜੀਤਾ’ ਅਤੇ ‘ਲਹੌਰੀਏ’ ਫ਼ਿਲਮਾਂ ਵਿੱਚ ਉਸ ਨੇ ਲੇਖਕ ਦੇ ਇਲਾਵਾ ਅਦਾਕਾਰੀ ਵੀ ਕੀਤੀ। ਭਾਵੇਂ ਦੁਨੀਆ ਘੁੰਮ ਆਇਆ ਪਰ ਉਸ ਦੀ ਸਰਹੱਦੀ ਬੋਲੀ ਉਸ ਦਾ ਫ਼ਿਲਮੀ ਅੰਦਾਜ਼ ਬਣ ਚੁੱਕੀ ਹੈ। ਬਤੌਰ ਅਦਾਕਾਰ, ਲੇਖਕ ਤੇ ਨਿਰਦੇਸ਼ਕ ਉਸ ਦੀ ਪਹਿਲੀ ਫ਼ਿਲਮ ‘ਲਹੌਰੀਏ’ ਸੀ ਜਿਸ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਇਸ ਤੋਂ ਬਾਅਦ ‘ਲੌਂਗ ਲਾਚੀ’ ਅਤੇ ‘ਅਸ਼ਕੇ‘ ਫ਼ਿਲਮਾਂ ਨਾਲ ਅੰਬਰਦੀਪ ਚਾਰ ਕਦਮ ਅੱਗੇ ਹੀ ਵਧਿਆ। ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ਼ 3 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਤੀਜਾ ਪੰਜਾਬ’ ਵਿਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗਾ। ਫ਼ਿਲਮ ਵਿਚ ਇਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗੂ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ ‘ਇੰਦਰਜੋਤ ਬਰਾੜ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਜੀਵਨ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਪਰਿਵਾਰਕ ਉਲਝਣਾ ‘ਚ ਫਸੇ ਮਨੁੱਖ ਨੂੰ ਸਿਆਸੀ ਸੋਚ ਵਾਲੇ ਲੋਕ ਆਪਣੇ ਲਈ ਕਿਵੇਂ ਵਰਤਦੇ ਹਨ ਇਹ ਸਭ ਇਸ ਫ਼ਿਲਮ ਰਾਹੀਂ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਇਹ ਇੱਕ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਪੰਜਾਬੀ ਸਿਨੇਮੇ ਦੀ ਸ਼ਾਨ ‘ਚ ਵਾਧਾ ਕਰੇਗੀ ਅਤੇ ਹਰ ਵਰਗ ਦੇ ਦਰਸ਼ਕ ਦਾ ਖ਼ੂਬ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਕ ਵਰਤਾਰੇ ਦੀ ਗੱਲ ਵੀ ਕਰੇਗੀ। 3 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ।
* 9463828000