ਸੂਰਜ ਦਾ ਸਿਰਨਾਵਾਂ ਸੀ ਕਾਮਰੇਡ ਓਮਰ ਲਾਤੀਫ

ਕਾਮਰੇਡ ਓਮਰ ਨਾਲ ਮੇਰੀ ਪਹਿਲੀ ਮੁਲਾਕਾਤ ਸਾਲ 2002 ਦੌਰਾਨ ਟੋਰਾਂਟੋ ਪਾਰਟੀ ਦਫ਼ਤਰ ਵਿਚ ਇਕ ਪ੍ਰੋਗਰਾਮ ਦੌਰਾਨ ਹੋਈ ਸੀ। ਬੜੀ ਸਖ਼ਤ ਸਰਦੀ ਦਾ ਦਿਨ ਸੀ। ਪਹਿਲੀ ਵਾਰ ਟੋਰਾਂਟੋ ਕਿਸੇ ਪ੍ਰੋਗਰਾਮ ‘ਤੇ ਆਉਣਾ ਹੋਇਆ ਸੀ। ਮੇਰੇ ਨਾਲ ਕਾਮਰੇਡ ਗੁਰਬਚਨ ਸੂਚ ਤੇ ਕਾਮਰੇਡ ਗੁਰਦੇਵ ਮੱਟੂ ਵੀ ਸਨ। ਸਾਡੇ ਸ਼ਹਿਰ ਬਰੈਂਪਟਨ ਤੋਂ ਅਸੀਂ ਤਿੰਨੇ ਜਣੇ ਕਾਰ ਵਿਚ ਨੇੜਲੇ ਸੱਬਵੇਅ ਸਟੇਸ਼ਨ ਤੱਕ ਗਏ ਤੇ ਅਗਾਂਹ ਟ੍ਰੇਨ ਰਾਹੀ ਟੋਰਾਂਟੋ ਪਹੁੰਚੇ। ਕਾਮਰੇਡ ਸੂਚ ਨੇ ਬੜੀ ਬਾਰੀਕੀ ਨਾਲ ਆਉਣ ਜਾਣ ਦਾ ਨਕਸ਼ਾ ਬਣਾਇਆ ਹੋਇਆ ਸੀ ਪਰ ਫਿਰ ਵੀ ਅਸੀਂ ਕਾਫ਼ੀ ਖੱਜਲ ਖਵਾਰ ਹੋ ਕੇ ਪ੍ਰੋਗਰਾਮ ਵਾਲੀ ਥਾਂ ‘ਤੇ ਪਹੁੰਚੇ। ਕਮਰੇ ਵਿਚ ਦਾਖ਼ਲ ਹੋਏ ਤਾਂ ਬੜੀ ਗਹਿਮਾ ਗਹਿਮੀ ਸੀ। ਕੁਝ ਕਾਮਰੇਡ ਸਾਥੀਆਂ ਨੂੰ ਸਰਸਰੀ ਮਿਲਣ ਤੋਂ ਬਾਅਦ ਅਸੀਂ ਤਿੰਨੋਂ ਇਕ ਕੋਨੇ ਵਿਚ ਬੈਠ ਗਏ। ਇਕ ਇਕਹਿਰੇ ਜਿਹੇ ਸਰੀਰ ਦਾ ਸ਼ਖ਼ਸ ਸਾਨੂੰ ਵੇਖ ਕਿ ਮਿਲਣ ਆਇਆ। ਕੋਲ ਆ ਕੇ ਉਸ ਹੱਥ ਅਗਾਂਹ ਵਧਾ ਕੇ ਕਿਹਾ, “ਮੇਰਾ ਨਾਂ ਓਮਰ ਲਾਤੀਫ ਹੈ”। ਉਸ ਨੇ ਬਹੁਤ ਮਿਠਾਸ ਭਰੇ ਲਹਿਜ਼ੇ ਵਿਚ ਉਰਦੂ ਤੇ ਪੰਜਾਬੀ ਵਿਚ ਰਲ਼ੀ ਮਿਲੀ ਸੰਖੇਪ ਜਿਹੀ ਗੱਲਬਾਤ ਕੀਤੀ। ਉਸ ਨੇ ਸਾਨੂੰ ਪੁੱਛਿਆ ਕਿ ਥਾਂ ਲੱਭਣ ਵਿਚ ਕੋਈ ਮੁਸ਼ਕਲ ‘ਤੇ ਨਹੀਂ ਆਈ? “ਥੋੜ੍ਹਾ ਖੱਜਲ ਹੋ ਕੇ ਹੀ ਪਹੁੰਚੇ ਹਾਂ”, ਸਾਡਾ ਜਵਾਬ ਸੀ। “ਉਹ ਨਹੀਂ ਯਾਰ, ਅੱਜ ਤੇ ਬਹੁਤ ਠੰਢ ਹੈ, ਫਿਰ ਤੇ ਬੜੀ ਪ੍ਰੇਸ਼ਾਨੀ ਹੋਈ ਹੋਵੇਗੀ”, ਕਾਮਰੇਡ ਓਮਰ ਨੇ ਕਿਹਾ। ‘ਉਹ ਨਈਂ ਯਾਰ’, ਓਮਰ ਦਾ ਇਕ ਅੰਦਾਜ਼ ਸੀ ਜੋ ਉਹ ਅਕਸਰ ਹੀ ਕਹਿੰਦਾ ਸੀ। ਓਮਰ ਦੀ ਗੱਲਬਾਤ ਵਿਚ ਬਹੁਤ ਆਪਣਾਪਨ ਸੀ। ਓਮਰ ਨੂੰ ਮਿਲ ਕੇ ਨਿੱਘ ਜਿਹਾ ਮਿਲਿਆ। ਠੰਢ ਭੁੱਲ ਗਈ ਸੀ। ਉਸ ਤੋਂ ਬਾਅਦ ਓਮਰ ਹਰ ਪਾਰਟੀ ਪ੍ਰੋਗਰਾਮ ਵਿੱਚ ਮਿਲਦਾ ਰਿਹਾ। ਉਸ ਨਾਲ ਅਪਣੱਤ ਜਿਹੀ ਹੋ ਗਈ ਸੀ।। ਟੋਰਾਂਟੋ ਦੇ ਪਾਰਟੀ ਪ੍ਰੋਗਰਾਮਾਂ ਵਿਚ ਜਾਣ ‘ਤੇ ਓਮਰ ਨੂੰ ਲੱਭਣਾ। ਉਸ ਨਾਲ ਗੱਲਬਾਤ ਕਰਕੇ ਟੋਰਾਂਟੋ ਆਉਣਾ ਹੋਰ ਵੀ ਸਾਰਥਕ ਲੱਗਣਾ। ਜੇਕਰ ਓਮਰ ਨਾ ਮਿਲਦਾ ਤਾਂ ਛੇਤੀ ਘਰ ਨੂੰ ਨਿਕਲ ਪੈਣਾ। ਓਮਰ ਜ਼ਿਆਦਾ ਲੰਬੀ ਗੱਲਬਾਤ ਤੇ ਨਹੀਂ ਸੀ ਕਰਦਾ ਪਰ ਜਿੰਨੀ ਵੀ ਕਰਦਾ ਬੜੀ ਨਿੱਘਰ ਕਰਦਾ। ਉਹਦੀ ਗੱਲਬਾਤ ਵਿਚ ਮੋਹ ਹੁੰਦਾ। ਉਹ ਬੜਾ ਨਿੱਘਾ, ਨਰਮ ਤੇ ਹਸਮੁਖ ਇਨਸਾਨ ਸੀ। ਓਮਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ 1977 ਵਿੱਚ ਕੈਨੇਡਾ ਆ ਗਿਆ ਸੀ। ਕੈਨੇਡਾ ਆ ਕੇ ਉਸ ਨੇ ਟੋਰਾਂਟੋ ਯੂਨੀਵਰਸਿਟੀ ਤੋਂ ਰਾਜਨੀਤਕ ਵਿਗਿਆਨਕ ਵਿਚ ਐਮ.ਏ. ਦੀ ਵਿੱਦਿਆ ਹਾਸਲ ਕੀਤੀ ਤੇ ਫਿਰ ਇਸੇ ਯੂਨੀਵਰਸਿਟੀ ਵਿਚ ਨੌਕਰੀ ਮਿਲ ਗਈ। 1981 ਵਿੱਚ ਓਮਰ ਦੀ ਸ਼ਾਦੀ ਇਰਾਨੀ ਮੂਲ ਦੀ ਔਰਤ ਸਿੰਮੀ ਨਾਲ ਹੋਈ। ਇਸੇ ਸਮੇਂ ਦੌਰਾਨ ਉਸ ਦਾ ਸੰਪਰਕ ਕਮਿਊਨਿਸਟ ਪਾਰਟੀ ਨਾਲ ਹੋਇਆ ਤੇ ਇਹ ਸਾਥ ਆਖ਼ਰੀ ਸਾਹਾਂ ਤੱਕ ਰਿਹਾ।
ਓਮਰ ਪਾਰਟੀ ਦਾ ਬੜਾ ਜ਼ਿੰਮੇਵਾਰ ਮੈਂਬਰ ਸੀ। ਉਹ ਲੰਬਾ ਸਮਾਂ ਪਾਰਟੀ ਦੇ ਪਬਲੀਕੇਸ਼ਨ ਵਿਭਾਗ ਦਾ ਇੰਚਾਰਜ ਰਿਹਾ। ਓਮਰ ਨੇ ਟੋਰਾਟੋਂ ਯੂਨੀਵਰਸਿਟੀ ਦੀ ਚੰਗੀ ਨੌਕਰੀ ਛੱਡ, ਬਹੁਤ ਘੱਟ ਤਨਖ਼ਾਹ ‘ਤੇ ਪਾਰਟੀ ਦੀ ਇਹ ਜ਼ਿੰਮੇਵਾਰੀ ਸੰਭਾਲੀ ਸੀ ਤੇ ਉਸ ਨੇ ਪੂਰੀ ਤਨਦੇਹੀ ਨਾਲ ਉਸ ਸਮੇਂ ਤੱਕ ਨਿਭਾਈ ਜਦ ਤੱਕ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਤੇ ਭਗੌੜੇ ਤੇ ਸੋਧਵਾਦੀਆਂ ਨੇ ਪਾਰਟੀ ਖ਼ਤਮ ਨਾ ਕਰ ਦਿੱਤੀ। ਪ੍ਰੈੱਸ ਬੰਦ ਕਰ ਦਿੱਤੀ ਗਈ। ਦਫ਼ਤਰ ਵੇਚ ਵੱਟ ਗਏ ਤੇ ਬੇਹੱਦ ਵਡਮੁੱਲੀ ਪਾਰਟੀ ਲਾਇਬ੍ਰੇਰੀ ਨੂੰ ਤਬਾਹ ਕਰ ਦਿੱਤਾ ਗਿਆ। ਓਮਰ ਵਿਹਲਾ ਹੋ ਗਿਆ ਪਰ ਉਹ ਉਦਾਸ ਨਹੀਂ ਹੋਇਆ। ਉਸ ਨੇ ਦਿਲ ਨਾ ਛੱਡਿਆ। ਉਹ ਸੰਗਰਾਮੀ ਯੋਧਾ ਸੀ। ਲੋਕਾਂ ਨੂੰ ਸਮਰਪਿਤ ਪਾਰਟੀ ਵਰਕਰ ਸੀ। ਉਹ ਸੰਗਰਾਮੀ ਲੋਕਾਂ ਨਾਲ ਤੁਰ ਪਿਆ। ਨਵੇਂ ਸਿਰੇ ਤੋਂ ਪਾਰਟੀ ਉਸਾਰਨ ਦੇ ਔਖੇ ਕਾਰਜ ਵਿਚ ਓਮਰ ਹੋਰ ਸੰਗਰਾਮੀ ਸਾਥੀਆਂ ਨਾਲ ਜੁੱਟ ਗਿਆ। ਕਾਰਜ ਔਖਾ ਸੀ ਪਰ ਜ਼ਰੂਰੀ ਸੀ। ਸਮਾਜਵਾਦ ਦਾ ਕੇਂਦਰ ਸੋਵੀਅਤ ਯੂਨੀਅਨ ਹੁਣ ਢਹਿ ਢੇਰੀ ਹੋ ਗਿਆ ਸੀ। ਸਰਮਾਏਦਾਰੀ ਦੇ ਸਮਾਜਵਾਦੀ ਪ੍ਰਬੰਧ ‘ਤੇ ਹਮਲੇ ਹੋਰ ਤਿੱਖੇ ਹੋ ਗਏ ਸਨ। ਸਮਾਜਵਾਦੀ ਵਿਚਾਰਧਾਰਾ ਦੇ ਅੰਤ ਦਾ ਪ੍ਰਚਾਰ ਪ੍ਰਚੰਡ ਹੋ ਰਿਹਾ ਸੀ। ਪਰ ਓਮਰ ਵਰਗੇ ਮਾਰਕਸਵਾਦੀ ਨਿਰਾਸ਼ ਨਹੀਂ ਹੋਏ ਸਨ। ਉਹ ਜਾਣਦੇ ਸਨ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਹੈ ਮਾਰਕਸਵਾਦੀ ਲੈਨਿਨਵਾਦੀ ਸਮਾਜਵਾਦੀ ਵਿਚਾਰਧਾਰਾ ਕਦੇ ਵੀ ਅਰਥਹੀਣ ਨਹੀਂ ਹੋ ਸਕਦੀ। ਓਮਰ ਨੂੰ ਮਾਰਕਸਵਾਦ ਤੇ ਲੈਨਿਨਵਾਦ ਦੇ ਵਿਗਿਆਨਕ ਫ਼ਲਸਫ਼ੇ ਵਿਚ ਪੂਰਨ ਵਿਸ਼ਵਾਸ ਸੀ। ਉਹ ਸਰਮਾਏਦਾਰੀ ਦੇ ਲੁਟੇਰੇ ਪ੍ਰਬੰਧ ਨੂੰ ਖ਼ਤਮ ਕਰਕੇ ਸਾਂਝੀਵਾਲਤਾ ਵਾਲਾ ਸਮਾਜ ਉਸਾਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਸੀ। ਨਵੀਂ ਪਾਰਟੀ ਦੀ ਉਸਾਰੀ ਵਿਚ ਓਮਰ ਨੇ ਦਿਨ ਰਾਤ ਇੱਕ ਕਰ ਦਿੱਤਾ। ਇਹ ਕੰਮ ਡਾਢਾ ਔਖਾ ਸੀ। ਹਰ ਦਿਨ ਚੁਣੌਤੀਆਂ ਭਰਿਆ। ਪਰ ਓਮਰ ਨੇ ਹਾਰ ਨਾ ਮੰਨੀ ਤੇ ਹੌਲੀ ਹੌਲੀ ਮਿਹਨਤ ਰੰਗ ਲਿਆਉਣ ਲੱਗੀ। ਪਾਰਟੀ ਵਧਣ ਲੱਗੀ।
ਉਮਰ ਟੋਰਾਂਟੋ ਰਹਿੰਦਾ ਸੀ ਪਰ ਸਾਡੇ ਸ਼ਹਿਰ ਬਰੈਂਪਟਨ ਨਾਲ ਉਸ ਦਾ ਨੇੜ ਵਧਦਾ ਗਿਆ। ਸਾਡਾ ਪਾਰਟੀ ਕਲੱਬ ਜਦ ਵੀ ਕੋਈ ਪ੍ਰੋਗਰਾਮ ਕਰਦਾ ਉਹ ਪਹੁੰਚ ਜਾਂਦਾ। ਸਾਡਾ ਹੌਸਲਾ ਵੱਧ ਜਾਂਦਾ। ਅਸੀਂ ਕਹਿਣਾ ਓਮਰ ਆਉਣ ਲਈ ਧੰਨਵਾਦ। ਉਹ ਹੱਸ ਪੈਂਦਾ ਤੇ ਕਹਿੰਦਾ, “ਉਹ ਨਈ ਯਾਰ ਰਹਿਣ ਦੇਵੋ। ਧੰਨਵਾਦ ਕਾਹਦਾ। ਤੁਹਾਡੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕਿ ਮੈਨੂੰ ਵੀ ਨਵਾਂ ਜੋਸ਼ ਮਿਲਦਾ ਹੈ।” ਉਸ ਦੀ ਸਿਹਤ ਸਾਜ਼ਗਾਰ ਨਹੀਂ ਸੀ ਰਹਿੰਦੀ। ਦਿਲ ਵਿਚ ਸਟੰਟ ਪਏ ਸਨ। ਪਰ ਉਸ ਨੇ ਕਦੀ ਕੋਈ ਸ਼ਿਕਾਇਤ ਨਹੀਂ ਸੀ ਕੀਤੀ। ਉਹ ਹਰ ਵੇਲੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਸਾਥੀ ਸੀ। ਹਾਲ ਪੁੱਛਣ ਤੇ ਉਸ ਨੇ ਕਹਿਣਾ ਬਿਲਕੁਲ ਠੀਕ ਹਾਂ। ਬੱਸ ਤੁਰਿਆ ਫਿਰਦਾ ਹਾਂ।
ਓਮਰ ਪਾਕਿਸਤਾਨੀ ਮੂਲ ਦੇ ਅਗਾਂਹਵਧੂ ਲੋਕਾਂ ਦੀ ਜਥੇਬੰਦੀ ਕਮੇਟੀ ਆਫ਼ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ (ਸੀਪੀਪੀਸੀ) ਦਾ ਬਾਨੀ ਮੈਂਬਰ ਤੇ ਰੂਹੇ ਰਵਾਂ ਸੀ। ਓਮਰ ਲਾਤੀਫ ਦੇ ਯਤਨਾਂ ਸਦਕਾ ਇਸ ਜਥੇਬੰਦੀ ਨੇ ਬਹੁਤ ਸਾਰੇ ਯਾਦਗਾਰੀ ਸਮਾਗਮ ਕੀਤੇ। ਇਨਕਲਾਬੀ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਦਿਨ ਮਨਾਉਣਾ ਸ਼ੁਰੂ ਕੀਤਾ। ਸਾਨੂੰ ਖ਼ਾਸ ਸੱਦਾ ਭੇਜਣਾ। ਸੂਫ਼ੀ ਸ਼ਾਇਰਾਂ ਨੂੰ ਸਮਰਪਿਤ ਸੂਫ਼ੀ ਸ਼ਾਮ ਸ਼ੁਰੂ ਕਰਨ ਵਿਚ ਵੀ ਓਮਰ ਦਾ ਮੋਹਰੀ ਰੋਲ ਸੀ। ਪਹਿਲਾਂ ਪਹਿਲ ਥੋੜ੍ਹੇ ਲੋਕ ਹੀ ਆਉਂਦੇ ਰਹੇ। ਪਰ ਕਾਫ਼ਲਾ ਹੌਲੀ ਹੌਲੀ ਵਧਣ ਲੱਗਾ। ਪ੍ਰੋਗਰਾਮ ਵਿਚ ਰੌਣਕਾਂ ਹੋਣ ਲੱਗੀਆਂ। ਇਹ ਪ੍ਰੋਗਰਾਮ ਸ਼ਾਮ ਨੂੰ ਹੁੰਦੇ। ਸੂਫ਼ੀ ਕਾਵਿ ਬਾਰੇ ਚਰਚਾ ਹੁੰਦੀ। ਬੜੇ ਪਾਏਦਾਰ ਗਾਇਕ ਸੂਫ਼ੀ ਗਾਣ ਲਈ ਬੁਲਾਏ ਜਾਂਦੇ। ਥੋੜ੍ਹੀ ਜਿਹੀ ਟਿਕਟ ਲਾ ਕੇ ਖਾਣਾ ਵੀ ਖਵਾਇਆ ਜਾਂਦਾ। ਓਮਰ ਨੇ ਭੱਜੇ ਫਿਰਨਾ। ਓਮਰ ਹਰ ਕੰਮ ਕਰ ਰਿਹਾ ਹੁੰਦਾ। ਕਦੇ ਉਹ ਮੇਜ਼ ਕੁਰਸੀਆਂ ਲਾ ਰਿਹਾ ਹੁੰਦਾ ਤੇ ਕਦੇ ਖਾਣੇ ਦਾ ਪ੍ਰਬੰਧ ਕਰ ਰਿਹਾ ਹੁੰਦਾ। ਅਗਲੇ ਹੀ ਪਲ ਸਟੇਜ ਸਕੱਤਰ ਨਾਲ ਜ਼ਰੂਰੀ ਨੁਕਤੇ ਸਾਂਝੇ ਕਰ ਰਿਹਾ ਹੁੰਦਾ ਜਾਂ ਟੇਬਲ ‘ਤੇ ਬਾਹਰ ਬੈਠਾ ਟਿਕਟਾਂ ਦੇ ਰਿਹਾ ਹੁੰਦਾ। ਓਮਰ ਸੂਫ਼ੀ ਸ਼ਾਇਰੀ ਦੇ ਅਮੀਰ ਵਿਰਸੇ ਦੀ ਸਮਕਾਲੀ ਮਹੱਤਤਾ ਤੋਂ ਬੜੀ ਚੰਗੀ ਤਰ੍ਹਾਂ ਵਾਕਫ਼ ਸੀ। ਓਮਰ ਨੇ ਕਹਿਣਾ ਸੂਫ਼ੀ ਸ਼ਾਇਰ ਪਿਆਰ, ਸਦਭਾਵਨਾ, ਧਰਮ ਨਿਰਪੱਖਤਾ ਤੇ ਆਪਸੀ ਸਾਂਝ ਦੇ ਗੂੜ੍ਹੇ ਪ੍ਰਤੀਕ ਹਨ। ਇਨ੍ਹਾਂ ਦੀ ਸ਼ਾਇਰੀ ਕੱਟੜਵਾਦ ਤੇ ਨਫ਼ਰਤ ਨੂੰ ਰੱਦ ਕਰਦੀ ਹੈ। ਮੌਜੂਦਾ ਦੌਰ ਵਿਚ ਸੂਫ਼ੀ ਸ਼ਾਇਰੀ ਦੀ ਬਹੁਤ ਮਹੱਤਤਾ ਹੈ। ਇਹ ਸਾਂਝ ਤੇ ਪਿਆਰ ਦੀ ਸ਼ਾਇਰੀ ਹੈ। ਇਸ ਨੂੰ ਲੋਕਾਂ ਤੱਕ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਤੇ ਇਹ ਕੰਮ ਸਾਡੇ ਤੋਂ ਇਲਾਵਾ ਹੋਰ ਕਿਸੇ ਨੇ ਨਹੀਂ ਕਰਨਾ। ਉਸ ਨੇ ਕਹਿਣਾ ਸਟੇਜ ਸੰਚਾਲਨ ਦਾ ਕੰਮ ਇਕ ਪਾਕਿਸਤਾਨੀ ਤੇ ਇਕ ਭਾਰਤੀ ਰਲ ਕੇ ਕਰਨ। ਲੋਕਾਂ ਨੂੰ ਪਤਾ ਲੱਗੇ ਕਿ ਸੂਫ਼ੀ ਸ਼ਾਮ ਦੋਨਾਂ ਦੇਸ਼ਾਂ ਦੀ ਸਾਂਝ ਦਾ ਪ੍ਰਤੀਕ ਹੈ। ਓਮਰ ਸਾਂਝ ਦੀ ਇਸ ਸੂਫ਼ੀ ਵਿਚਾਰਧਾਰਾ ਦੇ ਪ੍ਰਸਾਰ ਲਈ ਅਹਿਮ ਰੋਲ ਅਦਾ ਕਰਦਾ ਰਿਹਾ ਸੀ। ਪੰਜਾਬੀ ਦੇ ਵੱਡੇ ਲੇਖਕ ਵਰਿਆਮ ਸੰਧੂ ਹੋਰਾਂ ਨੂੰ ਖ਼ਾਸ ਤੌਰ ਤੇ ਸੂਫ਼ੀ ਲਹਿਰ ਬਾਰੇ ਵਿਚਾਰ ਪੇਸ਼ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ। ਉਹ ਬੜਾ ਖ਼ੁਸ਼ ਸੀ। ਓਮਰ ਦਾ ਇਹ ਉਪਰਾਲਾ ਸੱਚੀ ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਮੋਹ ਦਾ ਪੁਲ ਬਣ ਰਿਹਾ ਸੀ।
ਇਕ ਵਾਰ ਭਾਰਤ ਪਾਕਿਸਤਾਨ ਦੇ ਹਾਲਾਤ ਖ਼ਰਾਬ ਹੋ ਗਏ। ਲੱਗਦਾ ਸੀ ਕਿ ਜੰਗ ਲੱਗੀ ਕਿ ਲੱਗੀ। ਅਸੀਂ ਕੁਝ ਸਾਥੀਆਂ ਨੇ ਰਲ ਕੇ ਜੰਗ ਦੇ ਵਿਰੋਧ ਵਿਚ ਪ੍ਰੋਗਰਾਮ ਕਰਨ ਦਾ ਸੋਚਿਆ। ਓਮਰ ਨਾਲ ਗੱਲ ਕੀਤੀ। ਉਸ ਨੇ ਕਿਹਾ ਬਹੁਤ ਚੰਗਾ ਉਪਰਾਲਾ ਹੈ ਤੇ ਜ਼ਰੂਰੀ ਵੀ ਹੈ। ਮੈਂ ਪਾਕਿਸਤਾਨੀ ਸਾਥੀਆਂ ਨੂੰ ਸੂਚਿਤ ਕਰਦਾ ਹਾਂ ਕਿ ਭਾਰਤੀ ਤੇ ਪਾਕਿਸਤਾਨੀ ਲੋਕਾਂ ਦੀ ਸਾਂਝ ਤੇ ਸ਼ਾਂਤੀ ਦੇ ਹੱਕ ਵਿਚ ਪ੍ਰੋਗਰਾਮ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਓਮਰ ਨੇ ਕੁਝ ਸਾਥੀਆਂ ਸਮੇਤ ਹਾਜ਼ਰੀ ਲਵਾਈ। ਇਵੇਂ ਲੱਗਾ ਕਿ ਹੁਣ ਨਹੀਂ ਅਸੀਂ ਜੰਗ ਹੋਣ ਦਿੰਦੇ। ਨਫ਼ਰਤ ਤੇ ਜੰਗ ਦੀ ਹਨੇਰੀ ਵਿਚ ਓਮਰ ਵਰਗੇ ਲੋਕ ਸਾਂਝ, ਪਿਆਰ ਤੇ ਸ਼ਾਂਤੀ ਦੇ ਛੱਟੇ ਦਿੰਦੇ ਫਿਰਦੇ ਸਨ।
ਓਮਰ ਜਿੱਥੇ ਰਾਜਸੀ ਵਿਅਕਤੀ ਸੀ ਉੱਥੇ ਨਾਲ ਹੀ ਉਹ ਲੋਕਾਂ ਦੀ ਰਾਜਸੀ ਤੇ ਆਰਥਿਕ ਜੱਦੋਜਹਿਦ ਵਿਚ ਸਹਿਤ ਤੇ ਕਲਾਂ ਦੇ ਮਹੱਤਵ ਨੂੰ ਸਮਝਦਾ ਸੀ ਤੇ ਖ਼ਾਸੀ ਅਹਿਮੀਅਤ ਦਿੰਦਾ ਸੀ। ਇਕ ਵਾਰ ਅਸੀਂ ਕੁਝ ਦੋਸਤਾਂ ਨੇ ਸੋਚਿਆ ਕਿ ਪਾਕਿਸਤਾਨੀ ਲੋਕ ਕਵੀ ਬਾਬਾ ਨਜਮੀ ਨੂੰ ਕੈਨੇਡਾ ਦੌਰੇ ‘ਤੇ ਬੁਲਾਇਆ ਜਾਵੇ। ਇਸ ਬਾਰੇ ਓਮਰ ਨਾਲ ਵਿਚਾਰ ਕਰਨ ਦੀ ਮੇਰੀ ਜ਼ਿੰਮੇਵਾਰੀ ਲਗਾਈ ਗਈ। ਮੈਂ ਓਮਰ ਨੂੰ ਫ਼ੋਨ ਕੀਤਾ। ਓਮਰ ਝੱਟ ਦੇਣੀ ਕਹਿੰਦਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ। ਫ਼ੋਨ ‘ਤੇ ਨਹੀਂ ਤੂੰ ਸਾਡੀ ਕਮੇਟੀ ਦੀ ਮੀਟਿੰਗ, ਜੋ ਕਾਮਰੇਡ ਫਰਹਾ ਦੇ ਘਰ ਹੋ ਰਹੀ ਹੈ, ਵਿਚ ਸ਼ਾਮਲ ਹੋਵੋ। ਆਪਾਂ ਮੀਟਿੰਗ ਵਿਚ ਇਹ ਪ੍ਰਸਤਾਵ ਰੱਖਾਂਗੇ। ਮੈਂ ਤੇ ਕਾਮਰੇਡ ਬਲਜੀਤ ਆਪਣੇ ਪਰਿਵਾਰਾਂ ਸਮੇਤ ਸ਼ਾਮ ਦੀ ਇਸ ਮਿਲਣੀ ਨੁਮਾ ਮੀਟਿੰਗ ਵਿਚ ਸ਼ਾਮਲ ਹੋਏ। ਓਮਰ ਨੇ ਗੱਲ ਤੋਰੀ ਤੇ ਮੈਨੂੰ ਵਿਸਥਾਰ ਵਿਚ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਨ ਬਾਰੇ ਕਿਹਾ। ਮੈਂ ਇਹ ਨੁਕਤਾ ਰੱਖਿਆ ਕਿ ਬਾਬਾ ਨਜਮੀ ਲੋਕ ਕਵੀ ਹੈ ਤੇ ਚੜ੍ਹਦੇ ਪੰਜਾਬ ਵਿਚ ਬਹੁਤ ਮਕਬੂਲ ਹੈ। ਬਾਬਾ ਆਪਣੀ ਕਵਿਤਾ ਰਾਹੀਂ ਲੋਕਾਂ ਦੀ ਸਾਂਝ ਤੇ ਪਿਆਰ ਦੀ ਗੱਲ ਕਰਦਾ ਹੈ। ਜੇਕਰ ਇਹ ਪ੍ਰੋਗਰਾਮ ਭਾਰਤੀ ਤੇ ਪਾਕਿਸਤਾਨੀ ਸਾਥੀ ਰਲ ਕੇ ਕਰਦੇ ਹਨ ਤਾਂ ਬਹੁਤ ਹੀ ਚੰਗਾ ਪ੍ਰੋਗਰਾਮ ਹੋ ਸਕਦਾ ਹੈ। ਸਾਰੇ ਝੱਟ ਸਹਿਮਤ ਹੋ ਗਏ। ਬਾਬੇ ਨਜਮੀ ਨਾਲ ਵੀਜ਼ਾ ਤੇ ਹੋਰ ਪ੍ਰੋਗਰਾਮ ਬਾਰੇ ਗੱਲਬਾਤ ਕਰਨ ਲਈ ਓਮਰ ਦੀ ਜ਼ਿੰਮੇਵਾਰੀ ਲਗਾਈ ਗਈ। ਵਿਚਾਰ ਹੋਇਆ ਕਿ ਇਹ ਕੈਨੇਡਾ ਦਾ ਟੂਰ ਹੋਵੇ ਤੇ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਦੀਆਂ ਅਗਾਂਹਵਧੂ ਤੇ ਸਹਿਤਕ ਜਥੇਬੰਦੀਆਂ ਨਾਲ ਰਲ ਕੇ ਇਹ ਪ੍ਰੋਗਰਾਮ ਕੀਤਾ ਜਾਵੇ। ਬਾਬੇ ਨਜਮੀ ਦਾ ਸਮੁੱਚਾ ਪ੍ਰੋਗਰਾਮ ਕਾਮਰੇਡ ਓਮਰ ਦੀ ਦੇਖ ਰੇਖ ਵਿਚ ਹੋਇਆ ਤੇ ਓਮਰ ਨੇ ਇਹ ਬਹੁਤ ਸਫਲਤਾਪੂਰਵਕ ਨੇਪਰੇ ਚਾੜ੍ਹਿਆ। ਬਾਬੇ ਨਜਮੀ ਨਾਲ ਰਾਬਤਾ ਬਣਾਉਣ, ਵੀਜ਼ਾ ਲਗਾਉਣ, ਟਿਕਟ ਲੈਣ, ਪੈਸੇ ਧੇਲੇ ਦਾ ਵੇਰਵਾ ਤੇ ਵੱਖ ਵੱਖ ਸ਼ਹਿਰਾਂ ਦੀਆਂ ਜਥੇਬੰਦੀਆਂ ਨਾਲ ਤਰੀਕਾਂ ਤੇ ਪ੍ਰੋਗਰਾਮ ਸਬੰਧੀ ਸਾਰੀ ਜ਼ਿੰਮੇਵਾਰੀ ਓਮਰ ਨੇ ਨਿਭਾਈ। ਬਾਬੇ ਦੀ ਜੁਝਾਰੂ ਕਵਿਤਾ ਦੀਆਂ ਕੈਨੇਡਾ ਵਿਚ ਗੂੰਜਾਂ ਪੈ ਗਈਆਂ। ਬੜਾ ਸਫਲ ਪ੍ਰੋਗਰਾਮ ਹੋਇਆ। ਬਾਬੇ ਨਜਮੀ ਨੂੰ ਲੋਕਾਂ ਵੱਲੋਂ ਪਿਆਰ ਸਹਿਤ ਜੋ ਮਾਇਆ ਭੇਟ ਕੀਤੀ ਗਈ, ਓਮਰ ਨੇ ਇਕ ਇਕ ਸੈਂਟ ਦਾ ਹਿਸਾਬ ਰੱਖਿਆ।
ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਪਿਛਲੇ ਦੋ ਦਹਾਕਿਆਂ ਤੋ ਵੱਧ ਸਮੇਂ ਤੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਨ ਮਨਾਉਂਦੀ ਆ ਰਹੀ ਹੈ। ਭਗਤ ਸਿੰਘ ਦੀ ਵਿਚਾਰਧਾਰਾ ਅਤੇ ਜੀਵਨ ਬਾਰੇ ਗੱਲਬਾਤ ਤੋਂ ਇਲਾਵਾ ਨਾਟਕ ਅਤੇ ਗੀਤ-ਸੰਗੀਤ ਦੀ ਪੇਸ਼ਕਾਰੀ ਵੀ ਕੀਤੀ ਜਾਂਦੀ ਹੈ। ਓਮਰ ਲੰਬਾ ਸਮਾਂ ਇਸ ਪ੍ਰੋਗਰਾਮ ਵਿਚ ਸ਼ਾਮਲ ਹੁੰਦਾ ਰਿਹਾ। ਪਾਰਟੀ ਦਾ ਟੇਬਲ ਲਾਉਂਦਾ ਰਿਹਾ। ਸ਼ਹੀਦ ਭਗਤ ਸਿੰਘ ਸਬੰਧੀ ਤੇ ਹੋਰ ਇਨਕਲਾਬੀ ਲੋਕਾਂ ਦੇ ਵਿਚਾਰਾਂ ਨਾਲ ਸਬੰਧੀ ਪੜ੍ਹਨ ਸਮਗਰੀ ਲੈ ਕੇ ਆਉਂਦਾ। ਭਗਤ ਸਿੰਘ ਦੀ ਫ਼ੋਟੋ ਵਾਲੇ ਬਟਨ ਉਹ ਆਪਣੇ ਪੱਲਿਓਂ ਬਣਾ ਕੇ ਲੋਕਾਂ ਵਿਚ ਵੰਡਦਾ। ਉਹ ਅਕਸਰ ਕਹਿੰਦਾ ਭਗਤ ਸਿੰਘ ਤੁਹਾਡੇ ਨਾਲੋਂ ਸਾਡਾ ਵੱਧ ਹੈ। ਉਹ ਪਾਕਿਸਤਾਨ ਵਿਚ ਭਗਤ ਸਿੰਘ ਦੇ ਵਿਚਾਰਾਂ ਦੇ ਵਧਦੇ ਅਸਰ ਬਾਰੇ ਅਕਸਰ ਵਿਚਾਰ ਸਾਂਝੇ ਕਰਦਾ। ਭਾਰਤੀ ਲੋਕ ਸਦਾ ਹੀ ਪਾਕਿਸਤਾਨੀ ਸਾਥੀਆਂ ਨੂੰ ਸੁਣਨਾ ਚਾਹੁੰਦੇ ਹਨ। ਉਹ ਆਪਣੀ ਜਥੇਬੰਦੀ ਦੇ ਵੱਖ ਵੱਖ ਲੋਕਾਂ ਦੀ ਸ਼ਹੀਦ ਭਗਤ ਸਿੰਘ ਬਾਰੇ ਬੋਲਣ ਲਈ ਜ਼ੁੰਮੇਵਾਰੀ ਲਾਉਂਦਾ। ਇਸ ਪ੍ਰੋਗਰਾਮ ਨੂੰ ਉਹ ਅੰਤ ਤੱਕ ਖ਼ਾਸ ਅਹਿਮੀਅਤ ਦਿੰਦਾ ਰਿਹਾ।
ਓਮਰ ਸਥਾਨਕ ਮਸਲਿਆਂ ਦੇ ਨਾਲ ਨਾਲ ਅੰਤਰਰਾਸ਼ਟਰੀ ਮਸਲਿਆਂ ਪ੍ਰਤੀ ਵੀ ਚੋਖੀ ਦਿਲਚਸਪੀ ਰੱਖਦਾ ਸੀ। ਉਹ ਅੰਤਰਰਾਸ਼ਟਰਵਾਦੀ ਵੀ ਸੀ। ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ਾਂ, ਸਮੱਸਿਆਵਾਂ ਅਤੇ ਦੁੱਖਾਂ ਦਰਦਾਂ ਨਾਲ ਸਾਂਝ ਬਣਾ ਕੇ ਰੱਖਦਾ। ਕਰੋਨਾ ਮਹਾਂਮਾਰੀ ਤੋਂ ਪਹਿਲਾਂ ਉਹ ਚੀਨ, ਉੱਤਰੀ ਕੋਰੀਆ ਦਾ ਦੌਰਾ ਕਰ ਕੇ ਆਇਆ ਸੀ। ਚੀਨ ਦੇ ਵੁਹਾਨ ਖੇਤਰ ਵਿਚ ਉਹ ਖ਼ਾਸ ਤੌਰ ‘ਤੇ ਜਾ ਕੇ ਆਇਆ ਸੀ। ਉਸ ਦਾ ਮਕਸਦ ਚੀਨ ਵਿਰੁੱਧ ਸਰਮਾਏਦਾਰ ਦੇਸ਼ਾਂ ਦੇ ਕੂੜ ਪ੍ਰਚਾਰ ਨੂੰ ਨੰਗਾ ਕਰਨਾ ਸੀ। ਵੁਹਾਨ ਦਾ ਖ਼ਿੱਤਾ ਮੁਸਲਿਮ ਬਹੁਗਿਣਤੀ ਖੇਤਰ ਹੈ। ਪੱਛਮੀ ਦੇਸ਼ ਚੀਨ ਉਪਰ ਮੁਸਲਮਾਨਾਂ ਨੂੰ ਦਬਾਉਣ ਦੇ ਬਹੁਤ ਸਾਰੇ ਇਲਜ਼ਾਮ ਲਾਉਂਦੇ ਹਨ। ਇਸ ਝੂਠ ਨੂੰ ਨੰਗਾ ਕਰਨ ਲਈ ਓਮਰ ਨੇ ਚੀਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਚੀਨ ਦਾ ਜਿਨਜਿਆਂਗ ਦਾ ਖ਼ਿੱਤਾ ਚੀਨ ਦੇ ਪੱਛਮੀ ਹਿੱਸੇ ਵਿਚ ਹੈ। ਬਹੁ ਗਿਣਤੀ ਲੋਕ ਮੁਸਲਿਮ ਹਨ। ਇਨ੍ਹਾਂ ਲੋਕਾਂ ਨੂੰ ਊਗਰ ਕਹਿੰਦੇ ਹਨ। ਸਰਮਾਏਦਾਰ ਮੀਡੀਆ ਚੀਨ ਬਾਰੇ ਲਗਾਤਾਰ ਪ੍ਰਚਾਰ ਕਰਦਾ ਹੈ ਕਿ ਚੀਨ ਇਸ ਖ਼ਿੱਤੇ ਦੇ ਮੁਸਲਮਾਨ ਲੋਕਾਂ ਦੇ ਹੱਕਾਂ ਨੂੰ ਦਬਾਉਂਦਾ ਹੈ। ਓਮਰ ਇਸ ਮਸਲੇ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ ਤੇ ਮੁੱਖ ਧਾਰਾ ਦੇ ਮੀਡੀਆ ਦੀ ਕੂੜ ਦੀ ਕੰਧ ਨੂੰ ਢਾਉਣਾ ਚਾਹੁੰਦਾ ਸੀ। ਉਸ ਨੇ ਚੀਨ ਆਪ ਜਾ ਕਿ ਇਹਨਾਂ ਲੋਕਾਂ ਦੀ ਹਾਲਤ ਜਾਣਨ ਦਾ ਫ਼ੈਸਲਾ ਕੀਤਾ। ਉਸ ਦੇ ਦੱਸਣ ਅਨੁਸਾਰ ਉਹ ਬੀਜਿੰਗ ਤੋਂ ਹਵਾਈ ਉਡਾਣ ਰਾਹੀਂ ਉੱਥੇ ਪਹੁੰਚਿਆ ਸੀ। ਇਹ ਔਖਾ ਕਾਰਜ ਸੀ। ਭਾਸ਼ਾ ਸਭ ਤੋਂ ਵੱਡੀ ਚੁਣੌਤੀ ਸੀ। ਓਮਰ ਨੇ ਦੁਭਾਸ਼ੀਏ ਰਾਹੀਂ ਲੋਕਾਂ ਨਾਲ ਗੱਲਬਾਤ ਕੀਤੀ। ਕਈ ਸਵਾਲ ਪੁੱਛੇ। ਤਸਵੀਰਾਂ ਖਿੱਚੀਆਂ। ਓਮਰ ਅਨੁਸਾਰ ਉਹ ਇਸ ਬੇਹੱਦ ਦੂਰ ਦੁਰਾਡੇ ਖੇਤਰ ਦੇ ਵਿਕਾਸ ਨੂੰ ਵੇਖ ਕੇ ਹੈਰਾਨ ਰਹਿ ਗਿਆ। ਖ਼ੂਬਸੂਰਤ ਤੇ ਸਾਫ਼ ਸੁਥਰਾ ਆਲਾ ਦੁਆਲਾ। ਜੋ ਮੀਡੀਏ ਵੱਲੋਂ ਤਸਵੀਰ ਪੇਸ਼ ਕੀਤੀ ਜਾਂਦੀ ਹੈ ਓਮਰ ਬਿਲਕੁਲ ਵੱਖਰੀ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਇਆ। ਓਮਰ ਚੀਨ, ਉੱਤਰੀ ਕੋਰੀਆ ਤੇ ਵੀਅਤਨਾਮ ਹੁੰਦਾ ਹੋਇਆ ਟੋਰਾਂਟੋ ਵਾਪਸ ਆ ਗਿਆ। ਉਹ ਬੜੀ ਜਾਣਕਾਰੀ ਇਕੱਠੀ ਕਰ ਕੇ ਲਿਆਇਆ ਸੀ। ਵਾਪਸ ਆਉਣ ‘ਤੇ ਉਸ ਦੀ ਜਥੇਬੰਦੀ ਨੇ ਚੀਨ ਬਾਰੇ ਜਾਣਨ ਲਈ ਓਮਰ ਦਾ ਸੈਮੀਨਾਰ ਕਰਵਾਇਆ। ਓਮਰ ਬੜੀ ਤਿਆਰੀ ਕਰ ਕੇ ਆਇਆ ਸੀ। ਬਹੁਤ ਤਸਵੀਰਾਂ ਅਤੇ ਅੰਕੜਿਆਂ ਭਰਪੂਰ ਸੈਮੀਨਾਰ ਕੀਤਾ ਗਿਆ। ਬਾਅਦ ਵਿਚ ਇਹ ਸੈਮੀਨਾਰ ਅਸੀਂ ਆਪਣੇ ਸ਼ਹਿਰ ਵੀ ਕਰਵਾਇਆ ਤੇ ਆਨਲਾਈਨ ਮੀਟਿੰਗ ਰਾਹੀਂ ਵੀ ਦੂਰ ਤੱਕ ਪਹੁੰਚਦਾ ਕੀਤਾ। ਅੰਤਰ-ਰਾਸ਼ਟਰੀ ਪੱਧਰ ਦੇ ਮਸਲੇ ਪ੍ਰਤੀ ਓਮਰ ਦਾ ਇਹ ਬੜਾ ਅਹਿਮ ਉਪਰਾਲਾ ਸੀ।
ਓਮਰ ਇੰਡੀਆ ਵਿਚ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਅੰਦੋਲਨ ਦੇ ਹੱਕ ਵਿਚ ਬਰੈਂਪਟਨ ਅਤੇ ਲਾਗਲੇ ਸ਼ਹਿਰਾਂ ਵਿਚ ਕੀਤੇ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਲਾਲ ਝੰਡਾ ਲੈ ਕੇ ਲਗਾਤਾਰ ਸ਼ਾਮਲ ਹੁੰਦਾ ਰਿਹਾ ਸੀ। ਉਹ ਇਸ ਇਤਿਹਾਸਕ ਅੰਦੋਲਨ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਵੀ ਉਨ੍ਹਾਂ ਦੇ ਸੰਘਰਸ਼ ਦਾ ਨਿੱਘ ਮਹਿਸੂਸ ਕਰ ਰਿਹਾ ਸੀ। ਬਰੈਂਪਟਨ ਵਿਚ ਪਹਿਲੀ ਕਾਰ ਰੈਲੀ ਵਿਚ ਸ਼ਾਮਲ ਹੋਇਆ। ਓਮਰ ਦੀ ਸਿਹਤ ਠੀਕ ਨਹੀਂ ਸੀ। ਉਹ ਕੁਝ ਕਮਜ਼ੋਰ ਲੱਗ ਰਿਹਾ ਸੀ। ਬਹੁਤ ਸਰਦ ਦਿਨ ਸੀ ਪਰ ਓਮਰ ਨੇ ਮੋਰਚਾ ਆਣ ਮੱਲਿਆ ਸੀ। ਅਸੀਂ ਇਕ ਵਾਰ ਭਾਰਤੀ ਹਾਈ ਕਮਿਸ਼ਨਰ ਦੇ ਟੋਰਾਂਟੋ ਦਫ਼ਤਰ ਵੀ ਕਿਸਾਨਾਂ ਦੇ ਹੱਕ ਵਿਚ ਮੁਜ਼ਾਹਰਾ ਕਰਨ ਗਏ। ਓਮਰ ਤੇ ਕਾਮਰੇਡ ਫਰਹਾ ਲਾਲ ਝੰਡੇ ਲੈ ਕੇ ਪਹੁੰਚ ਗਏ। ਓਮਰ ਆਖ਼ਰੀ ਸਮੇਂ ਤੱਕ ਬਹੁਤ ਸਾਰੇ ਮੁਜ਼ਾਹਰਿਆਂ ਵਿਚ ਸ਼ਾਮਲ ਹੁੰਦਾ ਰਿਹਾ। ਇਹ ਸਭ ਓਮਰ ਦੀ ਦੁਨੀਆ ਭਰ ਦੇ ਸੰਘਰਸ਼ਸ਼ੀਲ ਲੋਕਾਂ ਨਾਲ ਪ੍ਰਤੀਬੱਧਤਾ ਕਰਕੇ ਹੀ ਸੀ।
ਮੈਨੂੰ ਇਕ ਦਿਨ ਐਡਮਿੰਟਨ ਤੋਂ ਪੰਜਾਬੀ ਰੇਡੀਓ ਹੋਸਟ ਰਮਨਦੀਪ ਦਾ ਫ਼ੋਨ ਆਇਆ ਕਿ ਕਿਸੇ ਬੰਦੇ ਦੀ ਦੱਸ ਪਾਓ ਜੋ ਫ਼ਲਸਤੀਨ ਬਾਰੇ ਬੋਲ ਸਕੇ। ਮੇਰੇ ਮਨ ਵਿਚ ਝੱਟ ਓਮਰ ਦਾ ਨਾਂ ਆ ਗਿਆ। ਮੈਂ ਕਿਹਾ ਚਿੰਤਾ ਨਾ ਕਰੋ ਸਾਡੇ ਕੋਲ ਇਕ ਸ਼ਖ਼ਸ ਹੈ ਜੋ ਇਸ ਵਿਸ਼ੇ ਦਾ ਮਾਹਰ ਹੈ। ਮੈਂ ਰਮਨਦੀਪ ਨੂੰ ਕਿਹਾ, ‘ਓਮਰ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਹਾਂ।’ ਮੈਂ ਓਮਰ ਨੂੰ ਫ਼ੋਨ ਕਰਕੇ ਪੁੱਛਿਆ ਕਿ ਕੀ ਉਹ ਰੇਡੀਓ ‘ਤੇ ਬੋਲ ਸਕੇਗਾ। ਓਮਰ ਨੇ ਬਿਨਾਂ ਦੇਰੀ ਕੀਤੇ ਹਾਂ ਕਰ ਦਿੱਤੀ। ਓਮਰ ਦਾ ਫ਼ੋਨ ਰਮਨ ਨੂੰ ਭੇਜ ਮੈਂ ਨਿਸ਼ਚਿੰਤ ਹੋ ਗਿਆ। ਉਨ੍ਹਾਂ ਦਿਨਾਂ ਵਿਚ ਇਜ਼ਰਾਈਲ ਫ਼ਲਸਤੀਨ ਤੇ ਬੰਬਾਂ ਦਾ ਮੀਂਹ ਵਰਸਾ ਰਿਹਾ ਸੀ। ਹਜ਼ਾਰਾਂ ਲੋਕ ਮਾਰੇ ਜਾ ਰਹੇ ਸਨ। ਥੋੜ੍ਹੇ ਦਿਨਾਂ ਬਾਅਦ ਰਮਨ ਦਾ ਫ਼ੋਨ ਆਇਆ। ਉਹ ਬਹੁਤ ਸੰਤੁਸ਼ਟ ਸੀ। ਓਮਰ ਨੇ ਫ਼ਲਸਤੀਨ ਮਸਲੇ ‘ਤੇ ਬੜੇ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ।
ਇਸੇ ਸਮੇਂ ਦੌਰਾਨ ਹੀ ਟੀਵੀ ਹੋਸਟ ਅਨੁਰੀਤ ਦਾ ਫ਼ੋਨ ਆਇਆ ਕਿ ਫ਼ਲਸਤੀਨ ਦੇ ਹੱਕ ਵਿਚ ਟੋਰਾਂਟੋ ਵਿਖੇ ਮੁਜ਼ਾਹਰਾ ਹੋ ਰਿਹਾ ਹੈ। ਉਹ ਕੈਮਰਾਮੈਨ ਭੇਜ ਰਹੀ ਹੈ ਤੇ ਕੋਈ ਪੰਜਾਬੀ ਵਿਚ ਬੋਲਣ ਵਾਲੇ ਕਿਸੇ ਸ਼ਖ਼ਸ ਬਾਰੇ ਦੱਸੋ ਜੋ ਇਸ ਮਸਲੇ ‘ਤੇ ਬੋਲ ਸਕੇ। ਮੈਂ ਕਿਹਾ, ‘ਮੈਂ ਓਮਰ ਨਾਲ ਗੱਲ ਕਰਦਾਂ ਹਾਂ।’ ਮੈਂ ਓਮਰ ਨੂੰ ਫ਼ੋਨ ਕੀਤਾ। ਓਮਰ ਨੇ ਹਾਂ ਨਾ ਕੀਤੀ। ਇਕ ਦੋ ਹੋਰ ਬੁਲਾਰਿਆਂ ਨਾਲ ਸੰਪਰਕ ਕਰਨ ਲਈ ਕਿਹਾ। ਮੇਰੇ ਜ਼ੋਰ ਪਾਉਣ ‘ਤੇ ਉਸ ਨੇ ਕਿਹਾ ਉਹ ਮੁਜ਼ਾਹਰੇ ਵਿਚ ਜਾ ਨਹੀਂ ਸਕੇਗਾ। ਮੈਨੂੰ ਹੈਰਾਨੀ ਹੋਈ ਕਿ ਓਮਰ ਤਾਂ ਸੰਗਰਾਮੀ ਯੋਧਾ ਹੈ ਉਹ ਇਸ ਬਹੁਤ ਅਹਿਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਹਾਂ ਕਿਉਂ ਨਹੀਂ ਕਰ ਰਿਹਾ। ਓਮਰ ਨੇ ਸਦਾ ਹੀ ਫ਼ਲਸਤੀਨ ਲੋਕਾਂ ਦੇ ਹੱਕ ਵਿਚ ਹਰ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਅੱਜ ਕੀ ਉਲਝਣ ਹੈ? ਓਮਰ ਨੇ ਤਾੜ ਲਿਆ ਕਿ ਮੈਂ ਨਈਂ ਹਟਦਾ। ਉਸ ਨੇ ਹੌਲੀ ਜਿਹੀ ਗੱਲ ਖੋਲੀ ਤੇ ਕਿਹਾ ਕਿ ਉਹ ਤਾਂ ਹਸਪਤਾਲ ਦਾਖਲ ਹੈ। ਮੈਨੂੰ ਇਕਦਮ ਝਟਕਾ ਜਿਹਾ ਲੱਗਾ। ਮੇਰੇ ਮਨ ਵਿੱਚ ਇਕਦਮ ਖ਼ਿਆਲ ਆਇਆ ਕਿ ਓਮਰ ਠੀਕ ਹੀ ਹੋਵੇ। ਮੈਂ ਹੌਸਲਾ ਕਰਕੇ ਪੁੱਛਿਆ, “ਕਾਮਰੇਡ ਕੀ ਗੱਲ ਹੈ?” ਓਮਰ ਹੱਸ ਕੇ ਕਹਿੰਦਾ, “ਉਹ ਕੁਝ ਨਹੀਂ। ਕੱਲ੍ਹ ਰਾਤ ਮੇਰਾ ਪੇਸਮੇਕਰ ਥੋੜ੍ਹੀ ਆਵਾਜ਼ ਕਰਨ ਲੱਗ ਪਿਆ ਸੀ। ਮੈਂ ਸਵੇਰ ਦਾ ਹਸਪਤਾਲ ਬੈਠਾ ਹਾਂ ਤੇ ਡਾਕਟਰ ਕਹਿੰਦੀ ਇਹ ਗੰਭੀਰ ਮਸਲਾ ਹੈ। ਕਿਤੇ ਜਾਣਾ ਨਹੀਂ ਜਦ ਤੱਕ ਇਹ ਠੀਕ ਨਹੀਂ ਕਰਦੇ। ਮੈਂ ਤਾਂ ਮੁਜ਼ਾਹਰੇ ਵਿਚ ਸ਼ਾਮਲ ਹੋਣਾ ਚਾਹੁੰਦਾ ਪਰ ਡਾਕਟਰ ਜਾਣ ਨਹੀਂ ਦਿੰਦੇ”। ਮੈਂ ਬੜਾ ਹੈਰਾਨ ਸੀ ਕਿ ਓਮਰ ਇਕ ਦਿਲ ਦਾ ਮਰੀਜ਼ ਦੂਸਰਾ ਪੇਸਮੇਕਰ ਖ਼ਰਾਬ ਪਰ ਉਸ ਨੂੰ ਕੋਈ ਘਬਰਾਹਟ ਹੀ ਨਹੀਂ ਸੀ। ਮੈਂ ਵੀ ਕਿਹਾ ਕਾਮਰੇਡ ਇਹ ਠੀਕ ਹੋਣਾ ਜ਼ਿਆਦਾ ਜ਼ਰੂਰੀ ਹੈ। ਬਾਕੀ ਕੰਮ ਬਾਅਦ ਵਿਚ ਵੀ ਹੋ ਜਾਣਗੇ। ਓਮਰ ਕਹਿੰਦਾ ਫ਼ਿਕਰ ਨਾ ਕਰ ਸਭ ਠੀਕ ਹੋ ਜਾਵੇਗਾ। ਛੇਤੀ ਦੁਬਾਰਾ ਫ਼ੋਨ ਕਰਨ ਦਾ ਵਾਅਦਾ ਕਰਕੇ ਅਸੀਂ ਫ਼ੋਨ ਕੱਟ ਦਿੱਤੇ।
ਓਮਰ ਦੀ ਸਿਹਤ ਦਾ ਫ਼ਿਕਰ ਹੋਣ ਲੱਗਾ। ਕਈ ਵਾਰ ਫ਼ੋਨ ਕੀਤਾ ਪਰ ਦੁਬਾਰਾ ਓਮਰ ਨਾਲ ਗੱਲ ਨਾ ਹੋ ਸਕੀ। ਮੈਂ ਓਮਰ ਦੀ ਸੰਸਥਾ ਦੀਆਂ ਦੋ ਸਰਗਰਮ ਮੈਂਬਰ ਤੇ ਮੇਰੀਆਂ ਬਹੁਤ ਹੀ ਜਾਣੂ ਕਾਮਰੇਡ ਫੌਜੀਆ ਅਤੇ ਫਰਹਾ ਨੂੰ ਫ਼ੋਨ ਕਰਕੇ ਓਮਰ ਦਾ ਹਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਓਮਰ ਦੀ ਪਤਨੀ ਨਾਲ ਗੱਲ ਹੋਈ ਹੈ। ਓਮਰ ਦਾ ਓਪਰੇਸ਼ਨ ਹੋਵੇਗਾ ਤੇ ਪੇਸਮੇਕਰ ਠੀਕ ਕੀਤਾ ਜਾਵੇਗਾ। ਚਿੰਤਾ ਦੀ ਕੋਈ ਗੱਲ ਨਹੀਂ। ਮੈਂ ਰੋਜ਼ਾਨਾ ਹਾਲ ਪੁੱਛਦਾ ਰਿਹਾ। ਉਸ ਦਾ ਓਪਰੇਸ਼ਨ ਹੋ ਗਿਆ ਸੀ ਪਰ ਬਹੁਤ ਖ਼ੂਨ ਵਗਣ ਕਾਰਨ ਉਹ ਬਹੁਤ ਕਮਜ਼ੋਰ ਹੋ ਗਿਆ ਸੀ। ਹਾਲਤ ਚਿੰਤਾਜਨਕ ਹੋ ਰਹੀ ਸੀ।
ਇਕ ਸ਼ਾਮ ਮੈਂ ਕਾਰ ‘ਤੇ ਜਾ ਰਿਹਾ ਸੀ। ਮੀਂਹ ਪੈ ਰਿਹਾ ਸੀ। ਕਾਮਰੇਡ ਫ਼ੌਜੀਆ ਦਾ ਫ਼ੋਨ ਆਇਆ। ਮੈਂ ਥੋੜ੍ਹਾ ਘਬਰਾ ਗਿਆ। ਇਸ ਵੇਲੇ ਫ਼ੋਨ ਦਾ ਆਉਣਾ? ਮੇਰੇ ਦਿਮਾਗ਼ ਵਿਚ ਇਕਦਮ ਆਇਆ, ਓਮਰ ਠੀਕ ਹੋਵੇ। ਫ਼ੌਜੀਆ ਦੀ ਆਵਾਜ਼ ਵਿਚ ਬੜਾ ਦਰਦ ਸੀ। ਉਸ ਨੇ ਮੱਧਮ ਜਿਹੀ ਆਵਾਜ਼ ਵਿਚ ਕਿਹਾ ਹਰਿੰਦਰ ਓਮਰ ਨਹੀਂ ਰਿਹਾ। ਮੇਰਾ ਗੱਚ ਭਰ ਆਇਆ। ਜ਼ਿਆਦਾ ਗੱਲ ਨਾ ਹੋ ਸਕੀ। ਮੈਂ ਹਰ ਰੋਜ਼ ਸੋਚਦਾ ਸੀ ਓਮਰ ਠੀਕ ਹੋ ਕਿ ਫ਼ੋਨ ਕਰੇਗਾ ਤੇ ਕਹੇਗਾ ਆਓ ਕੋਈ ਭਵਿੱਖ ਦੀ ਨਵੀਂ ਵਿਉਂਤਬੰਦੀ ਕਰੀਏ। ਪਰ ਓਮਰ ਜਾ ਚੁੱਕਾ ਸੀ। ਉਹ ਸ਼ਾਮ ਬੜੀ ਉਦਾਸੀ ਵਾਲੀ ਸੀ। ਪਰ ਇਕ ਅਹਿਸਾਸ ਵੀ ਸੀ ਉਹ ਸੰਘਰਸ਼ਸ਼ੀਲ ਆਦਮੀ ਸੀ। ਉਸ ਨੇ ਆਪਣਾ ਜੀਵਨ ਕਿਸੇ ਮਕਸਦ ਲਈ ਬੜਾ ਅਰਥ ਭਰਪੂਰ ਜੀਵਿਆ ਸੀ। ਉਹ ਲੋਕਾਂ ਦੇ ਚੰਗੇਰੇ ਜੀਵਨ ਲਈ ਸੁਪਨੇ ਲੈਣ ਵਾਲਾ ਸੰਗਰਾਮੀ ਯੋਧਾ ਸੀ। ਸੁਨਹਿਰੀ ਸੁਪਨਿਆਂ ਦਾ ਸਿਰਜਕ ਓਮਰ ਸੂਰਜ ਵਾਂਗ ਮਘਦਾ ਰਿਹਾ ਸੀ। ਹਨੇਰੇ ਖ਼ਿਲਾਫ਼ ਲੜਦਾ ਰੌਸ਼ਨੀ ਦੀਆਂ ਬਾਤਾਂ ਪਾਉਂਦਾ। ਮੇਰੇ ਪਿਤਾ ਹਰਭਜਨ ਹੁੰਦਲ ਦੀ ਗ਼ਜ਼ਲ ਦਾ ਇਕ ਸ਼ਿਅਰ ਹੈ:
ਸੂਰਜ ਨੇ ਹੈ ਚਮਕਣਾ, ਅੱਗੋਂ ਜਾਂ ਪਿੱਛੋਂ ਸੂਰਜ ਨੂੰ ਕੀ ਰੋਕਣਾ, ਘਣਘੋਰ-ਘਟਾਵਾਂ।
ਓਮਰ ਲਾਤੀਫ ਵਰਗੇ ਲੋਕ ਸੂਰਜ ਵਾਂਗ ਹਨੇਰਿਆਂ ਖ਼ਿਲਾਫ਼ ਸਾਡਾ ਰਾਹ ਰੁਸ਼ਨਾਉਂਦੇ ਰਹਿਣਗੇ।
ਉਹ ਜੋ ਬਿਖੜੇ ਮਾਰਗ ਤੁਰਦਾ, ਥੱਕਦਾ ਨਾ ਸੀ ਹੁੰਦਾ
ਉਸ ਨੂੰ ਯਾਦ ਕਰਨਗੇ ਸਾਥੀ, ਥੂੜਾਂ, ਧੁੱਪਾਂ, ਰਾਹਵਾਂ।