ਵਿਸਲਾਵਾ ਸ਼ਿੰਬੋਰਸਕਾ ਦੀਆਂ 6 ਕਵਿਤਾਵਾਂ

ਇਸ ਸਵਾਲ ਦਾ
ਵਿਸਲਾਵਾ ਸ਼ਿੰਬੋਰਸਕਾ, ਪੂਰਾ ਨਾਂ ਮਾਰੀਆ ਵਿਸਲਾਵਾ ਅੰਨਾ ਸ਼ਿੰਬੋਰਸਕਾ, ਦੇਸ਼-ਪੋਲੈਂਡ, ਜਨਮ- 2 ਜੁਲਾਈ 1923, 1948 ਵਿੱਚ ਕਵੀ ਅਦਮ ਵਲੋਦਕ ਨਾਲ ਵਿਆਹ, 1954 ਵਿੱਚ ਤਲਾਕ, ਬਾਹਰਲ਼ੀ ਦੁਨੀਆਂ ਨਾਲ ਨਾਤਾ ਨਾ ਦੇ ਬਰਾਬਰ, ਸਿਰਫ ਚਾਰ-ਪੰਜ ਦੋਸਤ ਪਰ ਜ਼ਿੰਦਾਦਿਲ ਸ਼ਖਸ਼ੀਅਤ, 250 ਕਵਿਤਾਵਾਂ ਲਿਖੀਆਂ, ਇੱਕ ਵਾਰਤਕ ਦੀ ਕਿਤਾਬ, ਫਰੈਂਚ ਭਾਸ਼ਾ ਵਿੱਚੋਂ ਕੁਝ ਅਨੁਵਾਦ ਕੀਤੇ। 1996 ਵਿੱਚ ਨੋਬਲ ਪੁਰਸਕਾਰ ਮਿਲਣ ‘ਤੇ ਕਿਹਾ – ਮੇਰੇ ਲਈ ਇਹ ਮੁਸ਼ਕਲ ਸਥਿਤੀ ਹੈ। ਮੈਂ ਨਿੱਜੀ ਜੀਵਨ ਪਸੰਦ ਕਰਦੀ ਹਾਂ, ਪਰ ਲੱਗਦਾ ਹੈ ਹੁਣ ਕੁਝ ਦਿੱਕਤਾਂ ਪੇਸ਼ ਆਉਣਗੀਆਂ। ਪੁਰਸਕਾਰ ਮਿਲਣ ਪਿਛੋਂ ਕੋਈ ਇੰਟਰਵਿਊ ਨਹੀਂ ਦਿੱਤਾ, ਕਿਸੇ ਸੈਮੀਨਾਰ ਵਿੱਚ ਹਿੱਸਾ ਨਹੀਂ ਲਿਆ। ਨੋਬਲ ਪੁਰਸਕਾਰ ਮਿਲਣ ਮੌਕੇ ਦਿੱਤੇ ਭਾਸ਼ਨ ਦੇ ਸ਼ੁਰੂਆਤੀ ਸ਼ਬਦ ਸਨ- ਕਹਿੰਦੇ ਨੇ ਭਾਸ਼ਨ ਵਿੱਚ ਸਭ ਤੋਂ ਮੁਸ਼ਕਿਲ ਪਹਿਲਾਂ ਵਾਕ ਹੁੰਦਾ ਹੈ। ਖੈਰ, ਉਹ ਤਾਂ ਮੈਂ ਬੋਲ ਚੁਕੀ ਹਾਂ, ਪਰ ਮੈਂਨੂੰ ਲੱਗਦਾ ਹੈ ਇਸ ਤੋਂ ਬਾਅਦ ਦੇ ਸਾਰੇ ਤੀਜੇ, ਚੌਥੇ ਤੋਂ ਲੈ ਕੇ ਆਖਰੀ ਵਾਕ ਤੱਕ ਹਰ ਸ਼ਬਦ ਉਨ੍ਹਾਂ ਹੀ ਮੁਸ਼ਕਲ ਹੈ, ਕਿਉਂਕਿ ਮੈਂ ਕਵਿਤਾ ‘ਤੇ ਬੋਲਣਾ ਹੈ। ਮੈਂ ਕਵਿਤਾ ‘ਤੇ ਬਹੁਤ ਘੱਟ ਬੋਲਦੀ ਹਾਂ- ਨਾ ਦੇ ਬਰਾਬਰ। ਜਦ ਵੀ ਅਜਿਹਾ ਮੌਕਾ ਆਇਆ ਹੈ, ਮਨ-ਹੀ-ਮਨ ਮੈਨੂੰ ਲੱਗਿਆ ਹੈ ਇਹ ਮੇਰੇ ਬਸ ਦਾ ਕੰਮ ਨਹੀਂ। ਇਸ ਲਈ ਮੇਰਾ ਭਾਸ਼ਨ ਛੋਟਾ ਹੀ ਹੋਵੇਗਾ।
ਨੋਬੇਲ ਪੁਰਸਕਾਰ ਅਕੈਡਮੀ ਨੇ ਉਸ ਨੂੰ ਕਵਿਤਾ ਦੀ ਮੋਜਾਰਟ ਦੇ ਖਿਤਾਬ ਨਾਲ ਨਿਵਾਜਿਆ।
ਆਪਣੀ ਕਵਿਤਾ ‘ਦੁਨੀਆ ਦਾ ਸੋਧਿਆ ਹੋਇਆ ਸੰਸਮਰਣ’ ਵਿੱਚ ਉਹ ਆਪਣੀ ਪਸੰਦ ਦੀ ਨਵੀਂ ਦੁਨੀਆ ਬਣਾਉਂਦੀ ਹੈ ਤੇ ਉਸ ਦੁਨੀਆਂ ਵਿੱਚ ਹੋਣ ਵਾਲੀ ਮੌਤ ਬਾਰੇ ਉਹ ਲਿਖਦੀ ਹੈ- ਮੌਤ? ਉਹ ਸਿਰਫ ਨੀਂਦ ਵਿੱਚ ਆਵੇਗੀ/ ਜਿਵੇਂ ਉਸ ਨੂੰ ਆਉਣਾ ਚਾਹੀਦਾ, ਦੱਬੇ ਪੈਂਰੀ/ ਗੁਲਾਬ ਤੋਂ ਵੀ ਕੋਮਲ ਮੌਤ/ ਹਮੇਸ਼ਾਂ ਮੌਨ ਹੋਵੇਗੀ/ ਗੁਲਾਬ ਦੀ ਪੱਤੀ ਦੇ ਡਿੱਗਣ ਤੋਂ ਵੀ ਹਲਕੀ/ ਜਦੋਂ ਆਵੇਗੀ ਉਦੋਂ ਤੁਸੀਂ ਸੁਪਨਾ ਦੇਖ ਰਹੇ ਹੋਵੋਗੇ।
1 ਫਰਵਰੀ 2012, ਉਸਦੀ ਕਲਪਨਾ ਸੱਚ ਹੋ ਨਿਬੜੀ, ਉਹ ਸੁੱਤੀ ਪਈ-ਪਈ ਸਦਾ ਲਈ ਸੌਂ ਗਈ।
ਸ਼ੁਕਰੀਆ
ਬਹੁਤ ਅਹਿਸਾਨਮੰਦ ਹਾਂ ਮੈਂ ਉਨ੍ਹਾਂ ਦੀ
ਜਿਨ੍ਹਾਂ ਨੂੰ ਮੈਂ ਮੁਹੱਬਤ ਨਹੀਂ ਕਰਦੀ
ਬਹੁਤ ਸਕੂਨ ਹੈ ਇਹ ਮੰਨ ਲੈਣ ਵਿੱਚ
ਕਿ ਉਨ੍ਹਾਂ ਦੀ ਕਿਸੇ ਹੋਰ ਨੂੰ
ਮੇਰੇ ਨਾਲੋਂ ਵੱੱਧ ਲੋੜ ਸੀ
ਤੇ ਬਹੁਤ ਚੰਗਾ ਲੱਗਦੈ
ਇਹ ਸੋਚਣਾ ਕਿ ਮੈਂ
ਕਿਸੇ ਦਾ ਹੱਕ ਨਹੀਂ ਖੋਹਿਆ
ਐਨੀ ਸ਼ਾਂਤੀ! ਐਨੀ ਆਜ਼ਾਦੀ!
ਮੁਹੱਬਤ ਨਹੀਂ ਦੇ ਸਕਦੀ ਹੈ
ਨਾ ਖੋਹ ਸਕਦੀ ਹੈ
ਹੁਣ ਮੈਂਨੂੰ ਕਿਸੇ ਦੀ ਉਡੀਕ ਨਹੀਂ
ਖਿੜਕੀਆਂ ਤੇ ਦਰਵਾਜ਼ਿਆਂ ਵਿਚਕਾਰ
ਕੋਈ ਚਹਿਲਕਦਮੀ ਨਹੀਂ
ਸੂਰਜ-ਘੜੀ ਨੂੰ ਵੀ ਮਾਤ ਦੇ ਰਿਹੈ
ਮੇਰਾ ਸਬਰ
ਮੈਂ ਸਮਝ ਗਈ ਹਾਂ
ਜੋ ਪਿਆਰ ਨਹੀਂ ਸਮਝਾ ਸਕਦਾ
ਮੈਂ ਮਾਫ਼ ਕਰ ਸਕਦੀ ਹਾਂ
ਜੋ ਪਿਆਰ ਨਹੀਂ ਕਰ ਸਕਦਾ
ਮੁਲਾਕਾਤ ‘ਤੇ ਖ਼ਤ ਵਿਚਕਾਰ
ਹੁਣ ਕਈ ਯੁੱਗਾਂ ਦਾ ਫ਼ਾਸਿਲਾ ਨਹੀਂ ਹੁੰਦਾ
ਬੱਸ ਹੁੰਦੇ ਨੇ ਹੁਣ ਕੁਝ ਦਿਨ..
ਵੱਧ ਤੋਂ ਵੱਧ ਕੁਝ ਹਫਤੇ
ਜਿੰਨ੍ਹਾਂ ਨੂੰ ਮੈਂ ਮੁਹੱਬਤ ਨਹੀਂ ਕਰਦੀ
ਉਨਾਂ ਨਾਲ ਕਿਤੇ ਜਾਣਾ
ਬਹੁਤ ਸਿੱਧੀ ਤੇ ਸਰਲ ਗੱਲ ਹੈ
ਚਾਹੇ ਕਿਸੇ ਸੰਗੀਤ-ਸਮਾਰੋਹ ਵਿੱਚ ਚਲੇ ਜਾਓ
ਚਾਹੇ ਗਿਰਜਾਘਰ ਵਿੱਚ
ਤੇ ਜਦ ਸਾਡੇ ਵਿਚਕਾਰ ਹੁੰਦੇ ਨੇ
ਸੱਤ ਪਹਾੜ ਤੇ ਸੱਤ ਨਦੀਆਂ
ਤਾਂ ਉਹਨਾਂ ਪਹਾੜਾਂ ਤੇ ਨਦੀਆਂ ਦੇ ਫ਼ਾਸਿਲੇ
ਕਿਸੇ ਵੀ ਨਕਸ਼ੇ ਵਿੱਚ ਦੇਖੇ ਜਾ ਸਕਦੇ ਨੇ
ਅੱਜ ਜੇ ਮੈਂ ਸਮੇਂ ਤੋਂ ਪਾਰ ਦੀ ਸਥਿਤੀ ਵਿੱਚ
ਨਿਰਲੇਪ ਤੇ ਭਰਪੂਰ ਜ਼ਿੰਦਗੀ ਜਿਉਂਦੀ ਹਾਂ
ਤਾਂ ਇਹ ਉਹਨਾਂ ਦੀ ਬਦੌਲਤ ਹੈ
ਸ਼ਾਇਦ ਉਹ ਨਹੀ ਜਾਣਦੇ
ਕਿ ਉਨ੍ਹਾਂ ਦੇ ਖਾਲੀ ਹੱਥਾਂ ਵਿੱਚ ਕਿੰਨਾ ਕੁਝ ਹੈ
ਪਰ ਮੈਂ ਤਾਂ ਉਨ੍ਹਾਂ ਤੋਂ ਕੁਝ ਵੀ ਨਹੀਂ ਲਿਆ
ਪਿਆਰ ਕੋਲ ਇਸ ਤੋਂ ਇਲਾਵਾ ਹੋਰ ਕੀ ਜਵਾਬ ਹੋ ਸਕਦਾ ਹੈ
ਪਹਿਲੀ ਨਜ਼ਰ ਦਾ ਪਿਆਰ
ਉਹ ਦੋਵੇਂ ਮੰਨਦੇ ਨੇ
ਕਿ ਅਚਾਨਕ ਨਜ਼ਰਾਂ ਮਿਲੀਆਂ
ਦਿਲਾਂ ਵਿੱਚ ਇਕ ਲਹਿਰ ਜਿਹੀ ਉਠੀ
‘ਤੇ ਉਹ ਹਮੇਸ਼ਾਂ ਲਈ ਇਕ ਹੋ ਗਏ
ਨਿਸ਼ਚਤਾ ਕਿੰਨੀ ਖੂਬਸੂਰਤ ਹੈ
ਪਰ ਅਨਿਸ਼ਚਤਾ ਉਸ ਤੋਂ ਵੱਧ ਖੂਬਸੂਰਤ ਹੈ
ਕਿਉਂਕਿ ਉਹ ਪਹਿਲਾਂ ਕਦੇ ਨਹੀਂ ਮਿਲੇ
ਇਸੇ ਲਈ ਉਹ ਸੋਚਦੇ ਨੇ ਉਨ੍ਹਾਂ ਵਿੱਚ ਪਹਿਲਾਂ ਕੋਈ ਸਾਂਝ ਨਹੀਂ ਸੀ
ਪਰ ਕੀ ਪਤਾ ਉਹ ਗਲੀਆਂ ਵਿੱਚ, ਗਲਿਆਰਿਆਂ ਵਿੱਚ, ਪੌੜੀਆਂ ਵਿੱਚ
ਕਿੰਨੀ ਵਾਰ, ਇੱਕ-ਦੂਜੇ ਦੇ ਕੋਲੋਂ ਦੀ ਗੁਜ਼ਰੇ ਹੋਣ
ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦੀ ਹਾਂ, ਕੀ ਉਨ੍ਹਾਂ ਨੂੰ ਯਾਦ ਨਹੀਂ
ਘੁੰਮਦੇ ਦਰਵਾਜ਼ੇ ਵਿੱਚੋਂ ਦੂਜੇ ਪਾਸੇ ਦਿਖਿਆ ਇਕ ਚਿਹਰਾ
ਜਾਂ ਕਦੇ ਭੀੜ ਵਿੱਚ ਕੋਈ ਐਕਸਕਿਊਜ਼ ਮੀ ਕਹਿ ਅੱਗੇ ਲੰਘਿਆ ਹੋਵੇ
ਜਾਂ ਸ਼ਾਇਦ ਕਦੇ ਕਿਸੇ ਨੇ ‘ਰਾਂਗ ਨੰਬਰ ਕਹਿ ਫੋਨ ਰੱਖਿਆ ਹੋਵੇ?
ਪਰ ਮੈਂ ਜਾਣਦੀ ਹਾਂ, ਉਨ੍ਹਾਂ ਦਾ ਜਵਾਬ –
ਨਹੀਂ, ਸਾਨੂੰ ਕੁਝ ਯਾਦ ਨਹੀਂ
ਉਨਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ
ਸੰਯੋਗ ਲੰਮੇ ਸਮੇਂ ਤੋਂ ਉਨਾਂ ਨਾਲ ਲੁਕਣਮੀਚੀ ਖੇਡ ਰਿਹਾ ਸੀ
ਪਰ ਅਜੇ ਸਹੀ ਵਕਤ ਨਹੀਂ ਆਇਆ ਸੀ
ਕਿ ਸੰਯੋਗ ਕਿਸਮਤ ਵਿੱਚ ਬਦਲ ਜਾਵੇ
ਸੰਯੋਗ ਵਾਰ-ਵਾਰ ਉਨ੍ਹਾਂ ਨੂੰ ਕਰੀਬ ਲੈ ਕੇ ਆਇਆ
ਤੇ ਦੂਰ ਲੈ ਗਿਆ
ਆਪਣੀ ਮੁਸਕਰਾਹਟ ਦਬਾ ਕੇ ਉਨ੍ਹਾਂ ਦਾ ਰਸਤਾ ਰੋਕਦਾ ਰਿਹਾ
ਤੇ ਫੇਰ ਛਾਲ ਮਾਰ ਕੇ ਪਿਛੇ ਹਟ ਗਿਆ
ਕਿਸਮਤ ਨੇ ਉਨਾਂ ਨੂੰ ਵਾਰ-ਵਾਰ ਸੰਕੇਤ ਦਿੱਤੇ
ਚਾਹੇ ਉਹ ਉਨ੍ਹਾਂ ਨੂੰ ਸਮਝ ਨਾ ਸਕੇ
ਤਿੰਨ ਸਾਲ ਪਹਿਲਾਂ ਦੀ ਗੱਲ ਹੈ
ਜਾਂ ਪਿਛਲੇ ਮੰਗਲਵਾਰ ਦੀ
ਜਦ ਇਕ ਸੁੱਕਿਆ ਪੱਤਾ
ਕਿਸੇ ਇੱਕ ਦੇ ਮੋਢੇ ਨੂੰ ਛੂਹ ਕੇ
ਦੂਸਰੇ ਦੀ ਝੋਲੀ ਵਿੱਚ ਜਾ ਡਿੱਗਿਆ ਸੀ
ਕਿਸੇ ਦੇ ਹੱਥੋਂ ਕੁਝ ਡਿੱਗਿਆ ਸੀ
ਕਿਸੇ ਨੇ ਕੁਝ ਚੁੱਕਿਆ ਸੀ
ਕੌਣ ਜਾਣਦੈ ਉਹ ਗੇਂਦ ਹੀ ਹੋਵੇ
ਬਚਪਨ ਦੀਆਂ ਝਾੜੀਆਂ ਵਿੱਚ ਗੁਆਚੀ ਹੋਈ
ਕਈ ਦਰਵਾਜ਼ੇ ਹੋਣਗੇ ਕਈ ਘੰਟੀਆਂ
ਜਿਥੇ ਇੱਕ ਦੀ ਦਸਤਕ ‘ਤੇ
ਦੂਸਰੇ ਨੇ ਦਸਤਕ ਦਿੱਤੀ ਹੋਵੇਗੀ
ਕਈ ਵਾਰ ਹਵਾਈ ਅੱਡਿਆਂ ‘ਤੇ
ਕੋਲ-ਕੋਲ ਖੜ੍ਹ ਕੇ ਸਮਾਨ ਦੀ ਜਾਂਚ ਕਰਵਾਈ ਹੋਵੇਗੀ
ਤੇ ਹੋ ਸਕਦੈ ਉਨਾਂ ਨੇ ਕਿਸੇ ਰਾਤ ਦੇਖਿਆ ਹੋਵੇਗਾ ਇਕ ਹੀ ਸੁਪਨਾ
ਜੋ ਜਾਗਣ ਪਿਛੋਂ ਭੁੱਲ ਗਏ ਹੋਣ
ਤੇ ਹਰ ਸ਼ੁਰੂਆਤ
ਕਿਸੇ ਨਾ ਕਿਸੇ ਸਿਲਸਿਲੇ ਦੀ
ਇੱਕ ਕੜੀ ਹੀ ਤਾਂ ਹੁੰਦੀ ਹੈ
ਕਿਉਂਕਿ ਘਟਨਾਵਾਂ ਦੀ ਕਿਤਾਬ
ਜਦੋਂ ਵੀ ਦੇਖੋ ਅੱਧਖੁੱਲੀ ਹੀ ਮਿਲਦੀ ਹੈ
9/11 ਵਰਲਡ ਟਰੇਡ ਸੈਂਟਰ ਦੀ ਫੋਟੋ
ਉਹ ਅੱਗ ਦੀਆਂ ਲਪਟਾਂ ਵਿੱਚ
ਘਿਰੀਆਂ ਇਮਾਰਤਾਂ ਵਿੱਚੋਂ
ਛਾਲਾਂ ਮਾਰ ਰਹੇ ਨੇ
ਇੱਕ, ਦੋ, ਕੁਝ ਹੋਰ
ਕੁਝ ਉੱਤੇ, ਕੁਝ ਥੱਲੇ
ਇਕ ਫੋਟੋਗਰਾਫਰ ਨੇ
ਉਨਾਂ ਦੀ ਫੋਟੋ ਲੈ ਲਈ
ਜਦੋਂ ਉਹ ਜਿਉਂਦੇ ਸਨ
ਧਰਤੀ ਤੋਂ ਉੱਤੇ
ਧਰਤੀ ਵੱਲ ਆਉਂਦੇ ਹੋਏ
ਹਰ ਆਦਮੀ ਸਾਬਤ
ਹਰ ਇਕ ਦਾ ਆਪਣਾ ਚਿਹਰਾ
ਤੇ ਹਰ ਇਕ ਦਾ ਲੁਕਿਆ ਹੋਇਆ ਖੂਨ
ਅਜੇ ਵਕਤ ਹੈ ਉਨਾਂ ਦੇ ਵਾਲਾਂ ਦੇ ਖਿੱਲਰਣ ਵਿੱਚ
ਉਨਾਂ ਦੀਆਂ ਜੇਬਾਂ ਵਿੱਚੋਂ
ਚਾਬੀਆਂ ਤੇ ਸਿੱਕੇ ਡਿੱਗਣ ਵਿੱਚ
ਉਹ ਹੁਣ ਵੀ ਹਾਜ਼ਿਰ ਨੇ ਹਵਾ ਵਿੱਚ
ਉਨਾਂ ਥਾਵਾਂ ‘ਤੇ ਜਿਥੇ
ਉਨ੍ਹਾਂ ਲਈ ਹੁਣੇ-ਹੁਣੇ ਥਾਵਾਂ ਬਣੀਆਂ ਨੇ
ਉਨ੍ਹਾਂ ਲਈ ਮੈਂ ਸਿਰਫ ਦੋ ਕੰਮ ਕਰ ਸਕਦੀ ਹਾਂ
-ਉਨ੍ਹਾਂ ਦੀ ਉਡਾਣ ਦਾ ਵਰਣਨ ਕਰਾਂ
ਤੇ ਆਖਰੀ ਸਤਰ ਨਾ ਲਿਖਾਂ
ਦੋਹਰਾਅ ਸੰਭਵ ਨਹੀਂ
ਕੁਝ ਵੀ ਦੁਬਾਰਾ ਨਹੀਂ ਵਾਪਰਦਾ
ਹਕੀਕਤ ਇਹ ਹੈ ਕਿ ਅਸੀਂ ਬਿਨ੍ਹਾਂ ਆਪਣੇ ਡਾਇਲਾਗ ਯਾਦ ਕੀਤੇ
ਸਟੇਜ ‘ਤੇ ਪਹੁੰਚ ਜਾਂਦੇ ਹਾਂ
ਤੇ ਆਪਣੀ ਭੂਮਿਕਾ ਵਿੱਚ ਆਤਮਸਾਤ ਹੋਣ ਤੋਂ ਪਹਿਲਾਂ
ਹੀ ਵਾਪਸ ਪਰਤ ਜਾਂਦੇ ਹਾਂ
ਇਹ ਸ਼ੋਅ ਸਿਰਫ ਇੱਕ ਵਾਰ ਹੁੰਦਾ ਹੈ
ਚਾਹੇ ਕੋਈ ਕਿੰਨਾ ਹੀ ਨਲਾਇਕ ਹੋਵੇ
ਕਿੰਨਾ ਹੀ ਜ਼ਾਹਿਲ
ਉਸਨੂੰ ਅਗਲੇ ਸਾਲ ਦਾਖਲਾ ਨਹੀਂ ਮਿਲਦਾ
ਇਹ ਪੜ੍ਹਾਈ ਦੁਬਾਰਾ ਨਹੀਂ ਹੁੰਦੀ
ਕੱਲ੍ਹ ਜਿਹਾ ਨਹੀਂ ਹੁੰਦਾ ਕੋਈ ਵੀ ਅੱਜ
ਕੋਈ ਦੋ ਰਾਤਾਂ ਇੱਕੋ ਜਿਹੇ ਚੁੰਮਣਾਂ ਤੋਂ
ਇੱਕੋ ਜਿਹਾ ਸੁੱਖ ਨਹੀ ਦਿੰਦੀਆਂ
ਇਕ ਦਿਨ ਕਿਸੇ ਨੇ ਗੱਲਾਂ-ਗੱਲਾਂ ਵਿੱਚ
ਤੇਰਾ ਜ਼ਿਕਰ ਕੀਤਾ ਤਾਂ ਮੈਨੂੰ ਲੱਗਿਆ
ਕਮਰੇ ਵਿੱਚ ਗੁਲਾਬ ਹੀ ਗੁਲਾਬ ਖਿੜ ਗਏ
ਅਗਲੇ ਦਿਨ ਤੂੰ ਮੇਰੇ ਨਾਲ ਸੀ
ਮੇਰੀ ਨਜ਼ਰ ਘੜੀ-ਮੁੜੀ ਘੜੀ ‘ਤੇ ਪੈ ਰਹੀ ਸੀ
ਸਾਰੇ ਗੁਲਾਬ ਪਤਾ ਨਹੀਂ ਕਦੋਂ ਪੱਥਰ ਬਣ ਗਏ
ਤਾਂ ਫੇਰ ਅਸੀਂ ਬੀਤਦੇ ਦਿਨਾਂ ਨੂੰ
ਬੇਵਜ਼ਾ ਖੌਫ ਤੇ ਦੁੱਖ ਦੇ ਪਰਛਾਵੇਂ ਹੇਠ ਕਿਉਂ ਜਿਉਂਦੇ ਹਾਂ
ਜਦਕਿ ਠਹਿਰਦਾ ਕੁਝ ਵੀ ਨਹੀਂ
ਅੱਜ ਵੀ ਬੀਤਿਆ ਹੋਇਆ ਕੱਲ ਹੁੰਦਾ ਹੈ
ਆਪਣੀ ਕਿਸਮਤ ਦੇ ਸਿਤਾਰੇ ਥੱਲੇ ਅਸੀਂ ਮਿਲਦੇ ਹਾਂ
ਮੁਸਕਰਾਹਟਾਂ ਤੇ ਚੁੰਮਣਾਂ ਦੇ ਪੁਲ ‘ਤੇ
ਇਸਦੇ ਬਾਵਜੂਦ ਕਿ ਅਸੀਂ ਅਲੱਗ ਹਾਂ
ਪਾਣੀ ਦੀਆਂ ਦੋ ਬੂੰਦਾਂ ਵਾਂਗ
ਆਤਮ ਗਿਲਾਨੀ ਦੇ ਹੱਕ ਵਿੱਚ
ਬਾਜ਼ ਆਪਣਾ ਗੁਨਾਹ ਕਦੇ ਨਹੀਂ ਕਬੂਲ਼ ਕਰਦਾ
ਚੀਤਾ ਸ਼ਿਕਾਰ ‘ਤੇ ਝਪਟਣ ਸਮੇਂ ਕਦੇ ਨਹੀਂ ਝਿਜਕਦਾ
ਬਿੱਛੂ ਡੰਗਣ ਸਮੇਂ ਕਦੇ ਨਹੀਂ ਸ਼ਰਮਿੰਦਾ ਹੁੰਦਾ
ਜੇ ਸੱਪ ਦੇ ਹੱਥ ਹੁੰਦੇ, ਤਾਂ ਉਹ ਵੀ ਉਨਾਂ ਨੂੰ ਬੇਦਾਗ ਦੱਸਦਾ
ਭੇੜੀਆ ਕਦੇ ਨਹੀਂ ਪਛਤਾਉਂਦਾ
ਸ਼ੇਰ ਹੋਵੇ ਜਾਂ ਜੂੰਆਂ, ਖੂਨ ਪੀਣਾ ਆਪਣਾ ਜੱਦੀ ਹੱਕ ਸਮਝਦੇ ਨੇੇ
ਸਮਝਣ ਵੀ ਕਿਉਂ ਨਾ, ਜਦ ਉਹ ਜਾਣਦੇ ਨੇ ਕਿ ਉਹ ਸਹੀ ਨੇ
ਸਮੁੰਦਰੀ ਵੇਲ ਦਾ ਦਿਲ ਭਾਵੇਂ ਇਕ ਟਨ ਦਾ ਹੁੰਦਾ ਹੈ
ਪਰ ਇਹ ਅਸਲੀ ਅਰਥਾਂ ਵਿੱਚ ਹਰ ਪੱਖੋਂ ਹਲ਼ਕਾ ਹੁੰਦਾ ਹੈ
ਸੂਰਜਮਾਲਾ ਦੇ ਇਸ ਤੀਜੇ ਗ੍ਰਹਿ ਉੱਤੇ
ਪਸ਼ੂਪਣ ਦੀ ਪਹਿਲੀ ਨਿਸ਼ਾਨੀ ਹੈ
ਅਡੋਲ ਵਿਸ਼ਵਾਸ਼ ਵਾਲੀ ਨਿਰਦਈ ਆਤਮਾ
ਕਵਿਤਾ-ਪਾਠ
ਆਦਮੀ ਜਾਂ ਤਾਂ ਮੁੱਕੇਬਾਜ਼ ਹੋਵੇ
ਜਾਂ ਪੈਦਾ ਹੀ ਨਾ ਹੋਵੇ
ਓ ਮੇਰੀ ਕਵਿਤਾ ਕਿਥੇ ਨੇ ਤੇਰੇ ਸਰੋਤੇ ?
ਕਮਰੇ ਵਿੱਚ ਸਿਰਫ ਬਾਰਾਂ ਲੋਕ ਨੇ
ਤੇ ਅੱਠ ਕੁਰਸੀਆਂ ਖਾਲੀ ਨੇ
ਚਲੋ ਹੁਣ ਸ਼ੁਰੂ ਕਰਦੇ ਹਾਂ
ਇਹ ਸਾਹਿਤਕ ਸਮਾਗਮ
ਕੁਝ ਹੋਰ ਲੋਕ ਅੰਦਰ ਆ ਗਏ ਨੇ
ਸ਼ਾਇਦ ਬਾਰਿਸ਼ ਹੋਣ ਲੱਗ ਗਈ ਹੈ
ਬਾਕੀ ਸਾਰੇ ਕਵੀ ਦੇ ਸਕੇ-ਸਬੰਧੀ ਨੇ
ਇਥੇ ਬੈਠੀਆਂ ਔਰਤਾਂ ਚੀਕ-ਚੀਕ ਪਾਗਲ ਹੋ ਜਾਂਦੀਆਂ
ਜੇ ਇਥੇ ਕਿਤੇ ਮੁੱਕੇਬਾਜ਼ੀ ਦਾ ਮੁਕਾਬਲਾ ਹੁੰਦਾ
ਹੁਣ ਤਾਂ ਉਹਨਾਂ ਨੂੰ ਖਾਮੋਸ਼ ਰਹਿ ਕੇ ਸੁਣਨਾ ਪਵੇਗਾ
ਓ ਮੇਰੀ ਪਿਆਰੀ ਕਵਿਤਾ, ਦਾਂਤੇ ਦਾ ਸਵਰਗ ਤੇ ਨਰਕ
ਅੱਜਕੱਲ ਬਾਕਸਿੰਗ ਰਿੰਗ ਦੇ ਆਸ-ਪਾਸ ਹੀ ਪਾਇਆ ਜਾਂਦਾ ਹੈ
ਕਾਸ਼! ਮੈਂ ਕਵੀ ਹੋਣ ਦੀ ਥਾਂ ਮੁੱਕੇਬਾਜ਼ ਹੁੰਦਾ
ਜ਼ਿੰਦਗੀ ਉਂਝ ਹੀ ਬੇਵਜ਼ਾ ਬੀਤ ਰਹੀ ਹੈ
ਸਿਰਫ ਇਸ ਲਈ ਕਿ ਮੇਰੇ ਕੋਲ ਦਿਖਾਉਣ ਲਈ
ਪੱਥਰ ਜਿਹੀਆਂ ਮਾਸਪੇਸ਼ੀਆਂ ਨਹੀਂ ਹਨ
ਜੇ ਹੈ ਤਾਂ ਸਿਰਫ ਕਵਿਤਾ
ਜੋ ਵੱਧ ਤੋਂ ਵੱਧ ਕਿਸੇ ਪਾਠ-ਪੁਸਤਕ ਵਿੱਚ ਲੱਗ ਜਾਵੇਗੀ
ਪਹਿਲੀ ਕਤਾਰ ਵਿੱਚ ਬੈਠਾ
ਪਿਆਰਾ ਜਿਹਾ ਬਜ਼ੁਰਗ ਸੁੱਤਾ ਪਿਆ ਹੈ
ਉਸਦੀ ਪਤਨੀ ਉਸਦੇ ਸੁਪਨੇ ਵਿੱਚ ਜ਼ਿੰਦਾ ਹੋ ਗਈ ਹੈ
ਐਨਾ ਹੀ ਨਹੀਂ ਉਹ ਉਸ ਲਈ ਕੇਕ ਬਣਾ ਰਹੀ ਹੈ
ਜਿਵੇਂ ਪਹਿਲਾਂ ਬਣਾਇਆ ਕਰਦੀ ਸੀ
ਅੱਗ ਲਾ ਸਕਦੀ ਹੈ ਕਵਿਤਾ
ਪਰ ਥੋੜਾ ਸੰਭਲ ਕੇ
ਕਿਤੇ ਕੇਕ ਨਾ ਸੜ ਜਾਵੇ
ਓ ਮੇਰੀ ਪਿਆਰੀ ਕਵਿਤਾ
ਤਾਂ ਫੇਰ ਕਰੀਏ ਸ਼ੁਰੂ ਕਵਿਤਾ ਪਾਠ
ਸਾਡੇ ਜ਼ਮਾਨੇ ਦੇ ਬੱਚੇ
ਅਸੀਂ ਆਪਣੇ ਜ਼ਮਾਨੇ ਦੇ ਬੱਚੇ ਹਾਂ
ਤੇ ਸਾਡਾ ਜ਼ਮਾਨਾ ਰਾਜਨੀਤਕ ਜ਼ਮਾਨਾ ਹੈ
ਸਾਰਾ ਦਿਨ ਸਾਰੀ ਰਾਤ ਸਾਰੀਆਂ ਗੱਲਾਂ
ਮੇਰੇ, ਤੇਰੇ ‘ਤੇ ਉਸਦੇ ਮਸਲੇ
ਰਾਜਨੀਤਕ ਮਸਲੇ ਨੇ
ਤੁਸੀਂ ਚਾਹੋ ਜਾਂ ਨਾ ਚਾਹੋ
ਤੁਹਾਡੇ ਵੰਸ਼ ਦਾ ਅਤੀਤ ਇਕ ਰਾਜਨੀਤਕ ਅਤੀਤ ਹੈ
ਤੁਹਾਡੀ ਚਮੜੀ ਦਾ ਰੰਗ ਰਾਜਨੀਤਕ ਹੈ
ਤੁਹਾਡੀ ਦ੍ਰਿਸ਼ਟੀ ਦਾ ਕੋਣ ਰਾਜਨੀਤਕ ਹੈ
ਤੁਸੀਂ ਜੋ ਕੁਝ ਕਹਿੰਦੇ ਹੋ ਉਸਦੀ ਇਕ ਹੋਰ ਧੁਨੀ ਹੁੰਦੀ ਹੈ
ਇਕ ਹੋਰ ਆਵਾਜ਼ ਹੁੰਦੀ ਹੈ ਤੁਹਾਡੀ ਖਾਮੋਸ਼ੀ ਦੀ
ਲਿਹਾਜ਼ਾ ਤੁਸੀਂ ਕੁਝ ਕਹੋਂ ਜਾਂ ਨਾ ਕਹੋਂ
ਬਚ ਨਹੀਂ ਸਕਦੇ ਰਾਜਨੀਤੀ ਤੋਂ
ਜਦ ਤੁਸੀ ਜੰਗਲ ਵੱਲ ਜਾਂਦੇ ਹੋ
ਉਦੋਂ ਵੀ ਇਕ ਰਾਜਨੀਤਕ ਕਦਮ ਉਠਾਉਂਦੇ ਹੋ
ਇਕ ਰਾਜਨੀਤਕ ਪ੍ਰਦੇਸ਼ ਵਿੱਚ
ਗੈਰ-ਰਾਜਨੀਤਕ ਕਵਿਤਾਵਾਂ ਵੀ ਰਾਜਨੀਤਕ ਨੇ
ਤੇ ਸਾਡੇ ਉਪਰ ਚਮਕਦਾ ਚੰਦ ਵੀ ਸਿਰਫ ਚੰਦ ਨਹੀਂ
ਜਿਉਂਦੇ ਰਹੋ ਜਾਂ ਨਾ, ਇਹ ਇਕ ਸਵਾਲ ਹੈ
ਹਾਲਾਂਕਿ ਇਸ ਨਾਲ ਹਾਜ਼ਮਾ ਖਰਾਬ ਹੋ ਸਕਦਾ ਹੈ
ਫੇਰ ਵੀ ਇਹ ਹਮੇਸ਼ਾਂ ਤੋਂ ਇਕ ਰਾਜਨੀਤਕ ਸਵਾਲ ਰਿਹਾ ਹੈ
ਰਾਜਨੀਤੀ ਦੇ ਦਾਇਰੇ ਵਿੱਚ ਆਉਣ ਲਈ
ਜ਼ਰੂਰੀ ਨਹੀਂ ਕਿ ਤੁਸੀਂ ਮਨੁੱਖ ਹੋਵੋ
ਤੁਸੀ ਕੱਚਾ ਮਾਲ, ਪ੍ਰੋਟੀਨਯੁਕਤ ਆਹਾਰ
ਮਿੱਟੀ ਦਾ ਤੇਲ ਜਾਂ ਲੱਕੜ ਦੀ ਮੇਜ਼ ਹੀ ਕਿਉਂ ਨਾ ਹੋਵੋ
ਤੁਹਾਡੇ ‘ਤੇ ਕਈ ਮਹੀਨੇ ਅੰਤਹੀਣ ਬਹਿਸ ਹੋ ਸਕਦੀ ਹੈ
ਕਿ ਜ਼ਿੰਦਗੀ ਤੇ ਮੌਤ ਦੇ ਫੈਸਲੇ
ਗੋਲ ਮੇਜ਼ ‘ਤੇ ਹੋਣ ਜਾਂ ਚੌਰਸ ਮੇਜ਼ ਤੇ
ਤੇ ਇਸ ਸਮੇਂ ਦੌਰਾਨ ਲੋਕ ਮਰਦੇ ਰਹਿੰਦੇ ਨੇ
ਪਸ਼ੂ ਮਰਦੇ ਰਹਿੰਦੇ ਨੇ
ਮਕਾਨ ਸੜਦੇ ਰਹਿੰਦੇ ਨੇ
ਤੇ ਫਸਲਾਂ ਤਬਾਹ ਹੁੰਦੀਆਂ ਰਹਿੰਦੀਆਂ ਨੇ
ਜਿਵੇਂ ਉਸ ਦੌਰ ਵਿੱਚ ਹੁੰਦਾ ਸੀ
ਜਦੋਂ ਜ਼ਮਾਨੇ ਦਾ ਰੰਗ
ਐਨਾ ਰਾਜਨੀਤਕ ਨਹੀਂ ਸੀ
ਘਰ ਵਾਪਸੀ
ਉਹ ਘਰ ਆਇਆ
ਚੁੱਪ ਤੇ ਖੰਡਿਤ
ਜ਼ਾਹਿਰ ਹੈ ਕਿਤੇ ਕੋਈ ਗੜਬੜ ਸੀ
ਉਹ ਬਿਨਾਂ ਕੱਪੜੇ ਲਾਹੇ
ਚਾਦਰ ਮੂੰਹ ‘ਤੇ ਲੈ ਗੋਡੇ ਸਮੇਟ ਸੌਂ ਗਿਆ
ਉਹ ਚਾਲੀ ਸਾਲਾਂ ਦਾ ਹੋ ਗਿਆ ਹੈ
ਪਰ ਇਨ੍ਹਾਂ ਪਲਾਂ ਵਿੱਚ ਉਹੋਂ ਜਿਹਾ
ਜਿਹੋ ਜਿਹਾ ਮਾਂ ਦੇ ਗਰਭ ਵਿੱਚ ਸੀ
ਸੱਤ-ਪਰਤੀ ਚਮੜੀ ਦੇ ਹਨੇਰੇ ਵਿੱਚ
ਮਹਿਫੂਜ਼ ਸੁੱਤਾ ਹੋਇਆ
ਕੱਲ੍ਹ ਨੂੰ ਉਸਨੇ ਭਾਸ਼ਨ ਦੇਣਾ ਹੈ
ਮੇਗੈਲੈਕਿਟਕ ਕਾਸਮੋਨਾਟਿਕਸ ਵਿੱਚ ਹੋਮਿਔਸਟੈਸਿਸ
ਜਿਹੇ ਭਾਰੀ ਵਿਸ਼ੇ ‘ਤੇ
ਪਰ ਹੁਣ ਤਾਂ ਉਹ ਸੁੱਤਾ ਪਿਐ, ਗੋਡੇ ਸਮੇਟ ਕੇ
ਵੀਅਤਨਾਮ
ਬੀਬੀ, ਤੇਰਾ ਨਾਂ ਕੀ ਹੈ? -ਮੈਨੂੰ ਨਹੀਂ ਪਤਾ
ਤੇਰੀ ਉਮਰ ਕਿੰਨੀ ਆਂ? ਤੇਰਾ ਪਿੰਡ ਕਿਹੜਾ? – ਮੈਨੂੰ ਨਹੀਂ ਪਤਾ
ਤੂੰ ਸੁਰੰਗ ਕਿਉਂ ਪੱਟੀ ਐ? – ਮੈਨੂੰ ਨਹੀਂ ਪਤਾ
ਤੂੰ ਇਥੇ ਕਦੋਂ ਤੋਂ ਲੁਕੀ ਏ ?- ਮੈਨੂੰ ਨਹੀਂ ਪਤਾ
ਤੂੰ ਮੇਰੀ ਉਂਗਲ ‘ਤੇ ਦੰਦ ਕਿਉਂ ਵੱਢੀ? -ਮੈਨੂੰ ਨਹੀਂ ਪਤਾ
ਤੈਨੂੰ ਪਤੈ, ਤੈਨੂੰ ਇਹ ਦੁੱਖ ਅਸੀਂ ਨਹੀਂ ਦਿੱਤਾ? -ਮੈਨੂੰ ਨਹੀਂ ਪਤਾ
ਤੂੰ ਕਿਹੜੀ ਧਿਰ ਨਾਲ ਏ ? -ਮੈਨੂੰ ਨਹੀਂ ਪਤਾ
ਇਹ ਜੰਗ ਹੈ, ਤੈਨੂੰ ਇਕ ਪਾਸੇ ਤਾਂ ਹੋਣਾ ਪਵੇਗਾ – ਮੈਨੂੰ ਨਹੀਂ ਪਤਾ
ਤੇਰਾ ਪਿੰਡ ਸਹੀ ਸਲਾਮਤ ਹੈ? -ਮੈਨੂੰ ਨਹੀਂ ਪਤਾ
ਕੀ ਇਹ ਤੇਰੇ ਬੱਚੇ ਨੇ? – ਹਾਂ
ਉਪਰੋਂ ਦੇਖਦਿਆਂ
ਖੇਤ ਦੀ ਵੱਟ ‘ਤੇ ਮਰਿਆ ਪਿਆ ਹੈ ਇਕ ਟਿੱਡਾ
ਆਪਣੇ ਪੈਰਾਂ ਦੇ ਤਿੰਨ ਜੋੜੇ ਪੇਟ ਨਾਲ ਲਾ ਕੇ
ਸਭ ਕੁਝ ਸਹਿਜ ਹੈ
ਮੌਤ ਦਾ ਕਿਤੇ ਵੀ ਕੋਈ ਰੌਲਾ ਨਹੀਂ
ਇਸ ਦ੍ਰਿਸ਼ ਵਿੱਚ ਹਲਕੀ ਜਿਹੀ ਦਹਿਸ਼ਤ ਹੈ
ਪਰ ਸਿਰਫ ਹਲਕੀ ਜਿਹੀ
ਇਹ ਸਥਾਨਕ ਘਟਨਾ ਹੈ
ਖੇਤ ਦੀ ਵੱਟ ਤੱਕ ਸੀਮਤ
ਇਸਦਾ ਦੁੱਖ ਸਨਸਨੀਖੇਜ਼ ਨਹੀਂ
‘ਤੇ ਆਕਾਸ਼ ਹਮੇਸ਼ਾਂ ਵਾਂਗ ਨੀਲਾ ਹੈ
ਜੀਵ-ਜੰਤੂ ਸਦਾ ਹੀ ਸਹਿਜ ਮੌਤ ਮਰਦੇ ਨੇ
ਤਾਂ ਕਿ ਸਾਡੇ ਮਨ ਦੀ ਸ਼ਾਂਤੀ ਭੰਗ ਨਾ ਹੋਵੇ
ਉਹ ਸਵਰਗਵਾਸੀ ਨਹੀਂ ਹੁੰਦੇ, ਸਿਰਫ ਮਰ ਜਾਂਦੇ ਨੇ
ਉਹ ਆਪਣੇ ਪਿਛੇ ਬਹੁਤ ਛੋਟੀ ਜਿਹੀ ਦੁਨੀਆਂ ‘ਤੇ ਮਾਮੂਲੀ ਜਿਹਾ ਦਰਦ ਛੱਡ ਜਾਂਦੇ ਨੇ
ਘੱਟ ਤੋਂ ਘੱਟ ਅਸੀਂ ਉਨ੍ਹਾਂ ਬਾਰੇ ਅਜਿਹਾ ਹੀ ਸੋਚਦੇ ਹਾਂ
ਉਨਾਂ ਦਾ ਗੁਜ਼ਰ ਜਾਣਾ ਤ੍ਰਾਸਦੀ ਤੋਂ ਇਕ ਦਰਜਾ ਘੱਟ ਹੁੰਦਾ ਹੈ
ਉਨ੍ਹਾਂ ਦੀਆਂ ਨਿਮਾਣੀਆਂ-ਨਿਤਾਣੀਆਂ ਰੂਹਾਂ, ਹਨ੍ਹੇਰੇ ਵਿੱਚ ਸਾਡਾ ਪਿੱਛਾ ਨਹੀਂ ਕਰਦੀਆਂ
ਉਹ ਆਪਣੀ ਹੈਸੀਅਤ ਜਾਣੀਆਂ ਨੇ ਤੇ ਸਾਡੇ ਸਤਿਕਾਰ ਵਿੱਚ ਝੁਕੀਆਂ ਰਹਿੰਦੀਆਂ ਨੇ
ਇਸ ਲਈ ਚਮਕਦੀ ਧੁੱਪ ਵਿੱਚ ਵੱਟ ‘ਤੇ ਪਿਆ ਹੈ ਉਹ ਟਿੱਡਾ
ਕੋਈ ਰੋਣ ਵਾਲਾ ਨਹੀਂ ਉਸਦੀ ਲਾਸ਼ ‘ਤੇ
ਇਕ ਨਜ਼ਰ ਹੀ ਕਾਫੀ ਹੈ ਉਸ ਉੱਤੇ ਜੇ ਕਿਤੇ ਪੈ ਜਾਵੇ
ਜ਼ਾਹਿਰ ਹੈ ਅਜਿਹਾ ਕੋਈ ਖਾਸ ਨਹੀਂ ਹੋਇਆ ਉਸਨੂੰ
ਖਾਸ ਮਾਮਲੇ ਸਿਰਫ ਸਾਡੇ ਤੱਕ ਸੀਮਤ ਨੇ
ਖਾਸ ਹੁੰਦੀ ਹੈ ਸਾਡੀ ਜ਼ਿੰਦਗੀ
‘ਤੇ ਸਾਡੀ ਮੌਤ
ਮੌਤ ਜੋ ਗੁਜ਼ਰਦੀ ਹੈ ਰਾਜਮਾਰਗਾਂ ਤੋਂ
ਦੇਖ ਰਿਹਾ ਹੈ ਅੱਤਵਾਦੀ
ਬਾਰ ਵਿੱਚ ਰੱਖਿਆ ਬੰਬ ਫਟ ਜਾਵੇਗਾ
ਇਕ ਵੱਜ ਕੇ ਵੀਹ ਮਿੰਟ ‘ਤੇ
ਇਕ ਵੱਜ ਕੇ ਸੋਲਾਂ ਮਿੰਟ ਹੋ ਗਏ ਨੇ
ਅਜੇ ਵਕਤ ਹੈ
ਕੁਝ ਲ਼ੋਕ ਅੰਦਰ ਜਾਣਗੇ
ਕੁਝ ਬਾਹਰ ਆਉਣਗੇ
ਅੱਤਵਾਦੀ ਸੜਕ ਪਾਰ ਕਰ ਚੁੱਕਿਆ ਹੈ
ਖਤਰੇ ਦੀਆਂ ਹੱਦਾਂ ਤੋਂ ਪਾਰ ਖੜ੍ਹਾ ਉਹ
ਇਸ ਦ੍ਰਿਸ਼ ਨੂੰ ਫਿਲਮ ਵਾਂਗ ਦੇਖ ਰਿਹਾ ਹੈ
ਪੀਲੇ ਬਲਾਊਜ਼ ਵਾਲੀ ਔਰਤ ਅੰਦਰ ਚਲੀ ਗਈ
ਕਾਲੇ ਚਸ਼ਮੇ ਵਾਲਾ ਆਦਮੀ ਬਾਹਰ ਆ ਰਿਹਾ ਹੈ
ਕੁਝ ਬੱਚੇ ਜਿੰਨਾਂ ਨੇ ਜੀਨਾਂ ਪਾਈਆਂ ਹੋਈਆਂ ਨੇ
ਉਥੇ ਖੜੇ-ਖੜੇ ਹੀ ਗੱਲਾਂ ਵਿੱਚ ਰੁਝੇ ਨੇ
ਇਕ ਵੱਜ ਕੇ ਸਤਾਰਾਂ ਮਿੰਟ ‘ਤੇ ਚਾਰ ਸਕਿੰਟ ਹੋ ਗਏ
ਇਕ ਕਿਸਮਤ ਵਾਲਾ ਮਧਰਾ ਆਦਮੀ ਸਕੂਟਰ ਲੈ ਕੇ ਚਲਾ ਗਿਆ
ਪਰ ਇਕ ਲੰਮਾ ਆਦਮੀ ਅੰਦਰ ਚਲਾ ਗਿਆ
ਇਕ ਵੱਜ ਕੇ ਸਤਾਰਾਂ ਮਿੰਟ ‘ਤੇ ਚਾਲੀ ਸਕਿੰਟ ਹੋ ਗਏ ਨੇ
ਹਰੇ ਰਿਬਨ ਵਾਲੀ ਇਕ ਕੁੜੀ ਤੁਰੀ ਆਉਂਦੀ ਹੈ
ਪਰ ਉਦੋਂ ਹੀ ਉਸਦੇ ਅੱਗੇ ਬੱਸ ਆ ਕੇ ਖੜ ਗਈ
ਇਕ ਵੱਜ ਕੇ ਅਠਾਰਾਂ ਮਿੰਟ ਹੋ ਗਏ ਨੇ
ਕੁੜੀ ਕਿਤੇ ਦਿਖ ਨਹੀਂ ਰਹੀ
ਪਤਾ ਨਹੀਂ ਉਹ ਅੰਦਰ ਗਈ ਹੈ ਜਾਂ ਨਹੀਂ
ਚਲੋ ਦੇਖਦੇ ਹਾਂ, ਜਦ ਉਨਾਂ ਨੂੰ ਬਾਹਰ ਲਿਆਂਦਾ ਜਾਵੇਗਾ
ਇੱਕ ਵੱਜ ਕੇ ਉਨੀ ਮਿੰਟ ਹੋ ਗਏ ਨੇ
ਕੋਈ ਅੰਦਰ ਨਹੀਂ ਜਾ ਰਿਹਾ
ਪਰ ਇਕ ਮੋਟਾ ਆਦਮੀ ਬਾਹਰ ਆ ਰਿਹਾ ਹੈ
ਪਰ ਰੁਕੋ ਜ਼ਰਾ
ਉਹ ਆਪਣੀਆਂ ਜੇਬਾਂ ਫਰੋਲ ਰਿਹਾ ਹੈ
ਇਕ ਵੱਜ ਕੇ ਪੰਜਾਹ ਮਿੰਟ ਹੋ ਗਏ ਨੇ
ਉਹ ਫੇਰ ਅੰਦਰ ਚਲਾ ਗਿਆ
ਸ਼ਾਇਦ ਆਪਣੇ ਦਸਤਾਨੇ ਅੰਦਰ ਭੁੱਲ ਆਇਆ ਸੀ
ਲਓ, ਹੋ ਗਏ ਇਕ ਵੱਜ ਕੇ ਵੀਹ ਮਿੰਟ ਹੋ ਗਏ
ਸਮਾਂ ਰੁਕ ਗਿਆ ਹੈ
ਹੁਣ ਕੋਈ ਵੀ ਪਲ ਅੰਤਿਮ ਪਲ ਹੋ ਸਕਦਾ ਹੈ
ਨਹੀਂ, ਅਜੇ ਨਹੀਂ
ਹਾਂ, ਤੇ ਹੁਣ
ਧਮਾਕੇ ਨਾਲ ਬੰਬ ਫਟ ਗਿਆ
—-
ਮੋਬਾਈਲ 81460-96501
‘ਹੁਣ’ ਵਿਚੋਂ ਧੰਨਵਾਦ ਸਹਿਤ