ਅਗਲੇਰੇ ਤਿੱਖੇ ਸੰਘਰਸ਼ ਛੇੜਨ ਵੱਲ ਵਧੀਏ!

ਕਿਸਾਨ ਸੰਘਰਸ਼ ਦੀ ਇਤਿਹਾਸਕ ਜਿੱਤ ਦਾ ਜਸ਼ਨ ਮਨਾਈਏ
ਆਓ, ਸਾਰੇ ਮਿਹਨਤਕਸ਼ ਲੋਕ ਇਕੱਠੇ ਹੋ ਕੇ ਕਿਸਾਨ ਅੰਦੋਲਨ ਦੇ ਅਗਵਾਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵਧਾਈਆਂ ਦੇਈਏ। ਨਾਲ ਹੀ ਉਨ੍ਹਾਂ, ਕਰੋੜਾਂ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ, ਔਰਤਾਂ, ਛੋਟੇ ਦੁਕਾਨਦਾਰਾਂ ਤੇ ਵਿਉਪਾਰੀਆਂ, ਮੁਲਾਜ਼ਮਾਂ, ਸਨਅਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਉਨ੍ਹਾਂ ਦੀ ਇਸ ਲੋਕ ਸੰਗਰਾਮ ਦੀ ਸ਼ਾਨਦਾਰ ਜਿੱਤ ਲਈ ਦਿੱਤੇ ਗਏ ਜਲੌਅ ਭਰਪੂਰ, ਬਹੁਪਰਤੀ ਸਹਿਯੋਗ ਲਈ ਧੰਨਵਾਦ ਦਿੰਦੇ ਹੋਏ ਭਵਿੱਖ ਅੰਦਰ ਲੜੇ ਜਾਣ ਵਾਲੇ ਹੱਕ-ਸੱਚ ਦੇ ਅਜਿਹੇ ਹੋਰ ਅਨੇਕਾਂ ਸੰਘਰਸ਼ਾਂ ਲਈ ਤਿਆਰੀਆਂ ਅਰੰਭਣ ਦਾ ਤਹੱਈਆ ਕਰੀਏ। ਆਓ! ਸ਼ਹਾਦਤਾਂ ਦਾ ਜਾਮ ਪੀਣ ਵਾਲੇ ਉਨ੍ਹਾਂ 750 ਤੋਂ ਜ਼ਿਆਦਾ ਯੋਧਿਆਂ ਨੂੰ ਵੀ ਸੰਗਰਾਮੀ ਸਲਾਮ ਪੇਸ਼ ਕਰੀਏ, ਜਿਨ੍ਹਾਂ ਨੇ ਆਪਣੇ ਖੂਨ ਦੀ ਆਹੂਤੀ ਦੇ ਕੇ ਕਿਰਤੀ-ਕਿਸਾਨ ਘੋਲ ਦੀ ਬਲਦੀ ਲਾਟ ਨੂੰ ਪ੍ਰਚੰਡ ਕਰਕੇ ਇਸਦੀ ਲੋਅ ਨੂੰ ਸੰਸਾਰ ਭਰ ਵਿੱਚ ਬਿਖੇਰਿਆ। ਪ੍ਰਧਾਨ ਮੰਤਰੀ ਮੋਦੀ ਵਲੋਂ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਨੇ ਦੇਸ਼ ਭਰ ਵਿੱਚ ਲੋਕਾਂ ਦੇ ਹਿਰਦਿਆਂ ਅੰਦਰ ਖੁਸ਼ੀ ਤੇ ਉਤਸ਼ਾਹ ਦੀ ਬਿਜਲਈ ਉਮੰਗ ਛੇੜ ਦਿੱਤੀ ਹੈ। ਜਿਸ ਢੰਗ ਨਾਲ ਦੇਸ਼-ਪ੍ਰਦੇਸ਼ ਵਿੱਚ ਵੱਸਦੇ ਆਮ ਲੋਕਾਂ, ਖਾਸਕਰ ਪੰਜਾਬੀ ਭਾਈਚਾਰੇ ਨੇ, ਇਸ ਘੋਲ ਦੀ ਤਨ, ਮਨ, ਧਨ ਨਾਲ ਸਹਾਇਤਾ ਕੀਤੀ ਤੇ ਦੁੱਖ-ਸੁੱਖ ਦੇ ਹਰ ਸਮੇਂ ਵਿੱਚ ਸੰਘਰਸ਼ਸ਼ੀਲ ਕਿਸਾਨਾਂ ਦਾ ਸਾਥ ਨਿਭਾਇਆ, ਉਹ ਸੱਚਮੁੱਖ ਹੀ ਇਸ ਸਦੀ ਦੇ ਇਤਿਹਾਸ ਦਾ ਨਿਵੇਕਲਾ ਤੇ ਮਾਣਮੱਤਾ ਘਟਨਾਕ੍ਰਮ ਹੋ ਨਿੱਬੜਿਆ ਹੈ। ਸ਼ਾਂਤਮਈ, ਅਨੁਸ਼ਾਸ਼ਤ, ਠੀਕ ਮੰਗਾਂ ਦੁਆਲੇ ਕੇਂਦਰਤ ਤੇ ਸੁਚੱਜੀ ਲੀਡਰਸ਼ਿਪ ਦੀ ਸਾਂਝੀ ਅਗਵਾਈ ਵਿੱਚ ਲੜਿਆ ਗਿਆ ਇਹ ਘੋਲ ਸਿੱਧ ਕਰ ਗਿਆ ਹੈ ਕਿ ਦੁਸ਼ਮਣਾਂ ਦੇ ਹਰ ਜ਼ੁਲਮ, ਸਾਜ਼ਿਸ਼ ਤੇ ਆਪਣੇ ਹੱਥਠੋਕਿਆਂ ਤੇ ਏਜੰਸੀਆਂ ਵਲੋਂ ਉਤੇਜਿਤ ਕਰ ਕੇ ਸਹੀ ਪੈਂਤੜੇ ਤੋਂ ਉਖੇੜਣ ਲਈ ਕੀਤੀਆਂ ਜਾਂਦੀਆਂ ਭੜਕਾਊ ਕਾਰਵਾਈਆਂ ਦਾ ਟਾਕਰਾ ਕਿਸ ਤਰ੍ਹਾਂ ਸਬਰ, ਸਿਰੜ ਤੇ ਸਕਾਰਾਤਮਕ ਸੋਚ ਨਾਲ ਕੀਤਾ ਜਾ ਸਕਦਾ ਹੈ। ਅੰਦੋਲਨ ਦੌਰਾਨ ਹਜ਼ਾਰਾਂ ਕਿਸਾਨਾਂ ਸਿਰ ਝੂਠੇ ਕੇਸ ਮੜ੍ਹੇ ਗਏ, ਅਨੇਕਾਂ ਪੁਲਸ ਦੀਆਂ ਗੋਲੀਆਂ ਤੇ ਹਾਕਮਾਂ ਦੇ ਹੰਕਾਰੀ ਵਾਹਨਾਂ ਹੇਠਾਂ ਕੁਚਲ ਕੇ ਸ਼ਹੀਦ ਕਰ ਦਿੱਤੇ ਗਏ, ਪਾਣੀ ਦੀਆਂ ਬੁਛਾੜਾਂ ਨਾਲ ਤੇ ਸੜਕਾਂ ਉਪਰ ਲੋਹੇ ਦੇ ਕਿਲ ਵਿਛਾ ਕੇ ਧਰਤੀ ਪੁੱਤਰਾਂ ਦੇ ਮਾਰਚ ਨੂੰ ਰੋਕਣ ਦਾ ਹਰ ਯਤਨ ਕੀਤਾ ਗਿਆ, ਖੰਦਕਾਂ ਪੁੱਟੀਆਂ ਗਈਆਂ। ਪਰ ਹਰ ਸਾਜ਼ਿਸ਼ ਨੂੰ ਅਸਫਲ ਕਰਨ ਲਈ ਇਹੀ ਲਲਕਾਰਾ ਵੱਜਦਾ ਰਿਹਾ…
”ਜਨਤਾ ਤੇਰੀ ਜੈ ਜੈ ਕਾਰ, ਤੇਰੀ ਸ਼ਕਤੀ ਅਪਰੰਪਾਰ”
ਜਿਸ ਤਰ੍ਹਾਂ ਇਸ ਕਿਸਾਨ ਅੰਦੋਲਨ ਵਿਚ ਸ਼ਾਮਲ ਲਖੂਕਾ ਲੋਕਾਂ ਨੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿਤ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਲੜਦਿਆਂ ਵੱਖ-ਵੱਖ ਧਰਮਾਂ, ਜਾਤੀਆਂ, ਵਿਸ਼ਵਾਸ਼ਾਂ ਤੇ ਫਿਰਕਿਆਂ ਦੇ ਵੱਖੋ ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਫੌਲਾਦੀ ਏਕਤਾ ਦਾ ਨਿਰਮਾਣ ਕੀਤਾ ਅਤੇ ਸੰਘਾਤਮਕ ਢਾਂਚੇ ਦੀ ਰਾਖੀ ਕਰਦਿਆਂ ਵੱਖ-ਵੱਖ ਪ੍ਰਾਂਤਾਂ ਦੇ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਇਕਜੁੱਟਤਾ ਕਾਇਮ ਕੀਤੀ ਤੇ ਦੁਸ਼ਮਣ ਧਿਰਾਂ-ਕਾਰਪੋਰੇਟ ਘਰਾਣਿਆਂ ਤੇ ਫਿਰਕੂਫਾਸ਼ੀਵਾਦੀ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਲੋਕਾਂ ਸਾਹਮਣੇ ਬੇਪਰਦ ਕੀਤਾ, ਉਸਨੇ ਦਰਸਾ ਦਿੱਤਾ ਹੈ ਕਿ ਜਨਤਕ ਰੋਹ ਦੇ ਸਾਹਮਣੇ ਕਈ ਵਾਰ ਸਾਲਾਂ ਦਾ ਪੰਧ ਮਹੀਨਿਆਂ ਵਿੱਚ ਤੇ ਮਹੀਨਿਆਂ ਦਾ ਦਿਨਾਂ ਵਿੱਚ ਵੀ ਮੁਕਾਇਆ ਜਾ ਸਕਦਾ ਹੈ।
ਇਸ ਕਿਸਾਨ ਅੰਦੋਲਨ ਦਾ ਉਦੈ ਉਸ ਸਮੇਂ ਹੋਇਆ, ਜਦੋਂ ਮੋਦੀ ਸਰਕਾਰ ਨੇ ਆਪਣੀ ਫਾਸ਼ੀਵਾਦੀ ਤੇ ਨਿਰੰਕੁਸ਼ ਪਹੁੰਚ ‘ਤੇ ਚੱਲਦਿਆਂ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਚੋਰ ਦਰਵਾਜਿਓਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਨੂੰ ਸੰਵਿਧਾਨ ਦੀ ਕਿਤਾਬ ਵਿੱਚ ਦਰਜ਼ ਕਰ ਦਿੱਤਾ ਸੀ। ਮੋਦੀ ਸਰਕਾਰ ਆਪਣੀ ਹਿਟਲਰੀ ਸੋਚ ‘ਤੇ ਚਲਦਿਆਂ ਹੱਕ-ਸੱਚ ਦੀ ਹਰ ਆਵਾਜ਼ ਨੂੰ ਕੁੱਚਲਣ ਦੇ ਰਾਹ ਪਈ ਹੋਈ ਸੀ। ਕਿਸੇ ਵੀ ਵਿਰੋਧ ਨੂੰ ‘ਦੇਸ਼ ਧ੍ਰੋਹੀ’, ‘ਅੱਤਵਾਦੀ’, ‘ਪਾਕਿਸਤਾਨੀ ਤੇ ਚੀਨ ਸਮਰਥਕ’, ‘ਖਤਰਨਾਕ ਵਿਦੇਸ਼ੀ ਵਿਚਾਰਧਾਰਾ ਤੋਂ ਪ੍ਰੇਰਤ’ ਸ਼ਹਿਰੀ ਨਕਸਲੀ ਆਦਿ ਆਖ ਕੇ ਜਬਰ ਨਾਲ ਦਬਾਉਣ ਤੇ ਵਿਰੋਧੀਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜੇਲ੍ਹੀਂ ਡੱਕਣ ਦੀ ਆਦੀ ਬਣ ਗਈ ਸੀ। ਜਦੋਂ ਦੇਸ਼ ਦੀਆਂ ਹਾਕਮ ਜਮਾਤਾਂ ਦੀਆਂ ਹੱਥਠੋਕਾ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਆਪਣੇ ਕਾਰਪੋਰੇਟ ਘਰਾਣਿਆਂ ਪ੍ਰਤੀ ਹੇਜ਼ ਅਤੇ ਭਰਿਸ਼ਟਾਚਾਰੀ ਤੇ ਅਸਮਾਜਿਕ ਕਾਰਜਾਂ ਰਾਹੀਂ ਜਮ੍ਹਾਂ ਕੀਤੇ ਕਾਲੇ ਧਨ ਕਾਰਨ ਭੈਭੀਤ ਹੋ ਜਾਣ ਦੀ ਸਥਿਤੀ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਕੋਈ ਡਟਵਾਂ ਪੈਂਤੜਾ ਲੈਣ ਤੋਂ ਟਾਲ ਮਟੋਲ ਕਰ ਰਹੀਆਂ ਸਨ, ਉਦੋਂ ਗੁਰੂਆਂ, ਸੰਤਾਂ, ਗਦਰੀ ਬਾਬਿਆਂ ਤੇ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦੇ ਸਾਥੀਆਂ ਦੀ ਕਰਮਭੂਮੀ ਤੋਂ ਮਿੱਟੀ ਵਿੱਚ ਮਿੱਟੀ ਹੋਣ ਵਾਲੇ ਕਿਰਸਾਨਾਂ ਨੇ ਮੋਦੀ ਦੀ ਇਸ ਬਰਬਰਤਾ ਖਿਲਾਫ਼ ਰੋਹਲੀ ਆਵਾਜ਼ ਬੁਲੰਦ ਕੀਤੀ। ਇਸ ਯੁੱਧ ਦੇ ਨਗਾਰੇ ਦੀ ਧਮਕ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਯੂ.ਪੀ., ਰਾਜਸਥਾਨ ਉਤਰਾਖੰਡ ਆਦਿ ਵਿੱਚੋਂ ਹੁੰਦੀ ਹੋਈ ਪੂਰੇ ਦੇਸ਼ ਤੇ ਦੁਨੀਆਂ ਤੱਕ ਅੱਪੜ ਗਈ।
ਸਾਰੀਆਂ ਘਾਲਣਾਵਾਂ ਦੀ ਬਦੌਲਤ ਹਾਸਲ ਹੋਈ ਜਿੱਤ ਉਪਰ ਖੁਸ਼ੀਆਂ ਮਨਾਉਂਦੇ ਹੋਏ ਅਗਲੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਮੋਦੀ ਸਰਕਾਰ ਦੀਆਂ ਸੰਭਾਵਿਤ ਸਾਜਿਸ਼ਾਂ ਨੂੰ ਪਛਾੜਣ ਦੀ ਲੋੜ ਹੈ, ਤਾਂ ਕਿ ਭਵਿੱਖ ਵਿੱਚ ਉਠਣ ਵਾਲੀ ਕਿਸੇ ਵੀ ਬੁਰਿਆਈ ਦਾ ਸਿਰ ਸਮਾਂ ਰਹਿੰਦਿਆਂ ਫੇਹਿਆ ਜਾ ਸਕੇ। ਸੰਸਾਰ ਪੱਧਰ ‘ਤੇ ਸਾਮਰਾਜੀ ਲੁਟੇਰੇ ਤੇ ਕਾਰਪੋਰੇਟ ਘਰਾਣੇ ਸੰਸਾਰ ਦੀ 750 ਕਰੋੜ ਤੋਂ ਵਧੇਰੇ ਵਸੋਂ ਦਾ ਘਾਣ ਕਰਕੇ ਆਪਣੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਬਜ਼ਿੱਦ ਹਨ। ਆਪਣੇ ਮੁਨਾਫ਼ੇ ਵਧਾਉਣ ਲਈ ਉਹ ਹਰ ਵੇਲੇ ਨਵੇਂ ਰਾਹ ਤਲਾਸ਼ਦੇ ਰਹਿੰਦੇ ਹਨ। ਆਪਣੇ ਫ਼ੌਜੀ ਦਾਬੇ ਤੇ ਸੰਸਾਰ ਵਿਤੀ ਸੰਸਥਾਵਾਂ ਦੀ ਸਹਾਇਤਾ ਨਾਲ ਸਾਮਰਾਜੀ ਸ਼ਕਤੀਆਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਨੇ ਸੰਸਾਰ ਭਰ ਦੇ ਕੁਦਰਤੀ ਖਜ਼ਾਨਿਆਂ, ਵਿਉਪਾਰ, ਖੇਤੀ ਤੇ ਖਨਣ ਸਮੇਤ ਕੁੱਲ ਪੈਦਾਵਾਰ ਤੇ ਮੰਡੀਆਂ ਉਪਰ ਆਪਣਾ ਕੰਟਰੋਲ ਕੀਤਾ ਹੋਇਆ ਹੈ। ਮੁਨਾਫ਼ੇ ਦੀ ਹਵਸ ਪੂਰੀ ਕਰਨ ਹਿੱਤ ਇਹ ਲੁਟੇਰੇ ਹੁਣ ਦੁਨੀਆਂ ਦੇ ਲੋਕਾਂ ਦੀਆਂ ਕੁਲ ਖੁਰਾਕ ਵਸਤੂਆਂ ਦੀ ਸਪਲਾਈ ਤੇ ਆਪਣੀ ਇਜ਼ਾਰੇਦਾਰੀ ਕਾਇਮ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਖਾਧ ਪਦਾਰਥਾਂ ਦੀ ਸਪਲਾਈ (ਫੂਡ ਚੇਨ) ‘ਤੇ ਕੰਟਰੋਲ ਕਰਨ ਹਿੱਤ ਕਿਸਾਨਾਂ ਦੀ ਜ਼ਮੀਨ ਨੂੰ ਹਥਿਆਉਣਾ ਲਾਜ਼ਮੀ ਹੈ। ਕਿਸਾਨੀ ਉਪਜ ਲਈ ਮੰਡੀਕਰਨ ਦੀ ਵਿਵਸਥਾ ਖਤਮ ਕਰਕੇ ਕਾਰਪੋਰੇਟ ਘਰਾਣੇ ਆਪ ਕਿਸਾਨੀ ਉਪਜ ਦੀ ਮਨ ਮਰਜ਼ੀ ਦੇ ਰੇਟਾਂ ‘ਤੇ ਸਿੱਧੀ ਖਰੀਦ ਤੇ ਅਸੀਮਤ ਭੰਡਾਰ ਕਰਨ ਦਾ ਅਧਿਕਾਰ ਹਾਸਲ ਕਰਕੇ ਕਿਸਾਨ ਵਸੋਂ ਤੇ ਸੈਂਕੜੇ ਕਰੋੜਾਂ ਖਪਤਕਾਰਾਂ ਦੀ ਕਾਰਪੋਰੇਟ ਘਰਾਣਿਆਂ ਉਪਰ ਪੂਰੀ ਤਰ੍ਹਾਂ ਨਿਰਭਰਤਾ ਕਾਇਮ ਕਰਨੀ ਚਾਹੁੰਦੇ ਹਨ। ‘ਕੰਟਰੈਕਟ ਫਾਰਮਿੰਗ’ ਰਾਹੀਂ ਬੇਲੋੜੀਆਂ ਸ਼ਰਤਾਂ ਲਾ ਕੇ ਖੇਤੀ ਉਪਜ ਨੂੰ ਸੌਖਿਆਂ ਹੀ ਲੁੱਟਿਆ ਜਾ ਸਕਦਾ ਹੈ। ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਸਾਮਰਾਜੀ ਤਾਕਤਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਦੀ ਉਕਤ ਮੰਸ਼ਾ ਦੀ ਪੂਰਤੀ ਲਈ ਕਾਇਮ ਹੋਈ ਸਾਜ਼ਿਸ਼ੀ ਮਿਲੀ ਭੁਗਤ ਦੀ ਹੀ ਪੈਦਾਵਾਰ ਹਨ। ਇਸ ਸਥਿਤੀ ਵਿੱਚ ਸੰਸਾਰ ਭਰ ਦੇ ਕਿਰਤੀਆਂ-ਕਿਸਾਨਾਂ ਦੀ ਜ਼ਿੰਦਗੀ ਹੋਰ ਵੀ ਦੁੱਖਾਂ-ਦੁਸ਼ਵਾਰੀਆਂ ਭਰੀ ਹੋਣ ਵਾਲੀ ਹੈ। ਇਸੇ ਤਰ੍ਹਾਂ ਭਾਰਤ ਦੇ ਰਾਜਨੀਤਕ ਤੇ ਆਰਥਿਕ ਖੇਤਰ ਵਿੱਚ ਇਸ ਕਿਸਾਨ ਅੰਦੋਲਨ ਦੀ ਬਦੌਲਤ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਪਹਿਲਾਂ ਵਾਲੀ ਚਿੰਤਾਜਨਕ ਸਥਿਤੀ ਉਸੇ ਤਰ੍ਹਾਂ ਕਾਇਮ ਹੀ ਨਹੀਂ, ਸਗੋਂ ਹਰ ਦਿਨ ਹੋਰ ਵੀ ਵਧੇਰੇ ਤੋਂ ਵਧੇਰੇ ਨਿੱਘਰਦੀ ਜਾ ਰਹੀ ਹੈ। ਮੋਦੀ ਸਰਕਾਰ ਵਲੋਂ ਕੁਲ ਸਰਕਾਰੀ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣ/ਗਿਰਵੀ ਰੱਖਣ ਦਾ 1990 ਤੋਂ ਸ਼ੁਰੂ ਹੋਇਆ ਕੁਲਹਿਣਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਮਜ਼ਦੂਰ ਜਮਾਤ ਉਪਰ ਹਮਲੇ, ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਨ, ਸਿਹਤ ਤੇ ਵਿਦਿਅਕ ਸਹੂਲਤਾਂ ਦਾ ਖਾਤਮਾ, ਸਮਾਜਿਕ ਸੁਰੱਖਿਆ ਦੀ ਅਣਹੋਂਦ ਆਦਿ ਮੁਸ਼ਕਿਲਾਂ ਨਾ ਕੇਵਲ ਬਾਦਸਤੂਰ ਜਾਰੀ ਹਨ ਬਲਕਿ ਦਿਨੋਂ-ਦਿਨ ਹੋਰ ਭਿਆਨਕ ਸ਼ਕਲ ਅਖ਼ਤਿਆਰ ਕਰਦੀਆਂ ਜਾ ਰਹੀਆਂ ਹਨ। ਰਾਜਸੀ ਖੇਤਰ ਵਿੱਚ ‘ਹਿੰਦੂ ਰਾਸ਼ਟਰ’ ਦੀ ਕਾਇਮੀ ਲਈ ਦੇਸ਼ ਦੇ ਲੋਕਰਾਜੀ, ਧਰਮ ਨਿਰਪੱਖ ਤੇ ਸੰਘੀ ਢਾਂਚੇ ਨੂੰ ਹਰ ਪਲ ਖੋਰਾ ਲਾਇਆ ਜਾ ਰਿਹਾ ਹੈ। ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਬੁੱਧੀਜੀਵੀਆਂ, ਆਦਿਵਾਸੀਆਂ ਅਤੇ ਅਗਾਂਹਵਧੂ ਸਮਾਜਿਕ ਕਾਰਕੁੰਨਾਂ ਉਪਰ ਪਹਿਲਾਂ ਤੋਂ ਵੀ ਜ਼ਿਆਦਾ ਬੇਤਰਸੀ ਨਾਲ ਹਿੰਸਕ ਹਮਲੇ ਕੀਤੇ ਜਾ ਰਹੇ ਹਨ। ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਸਮੁੱਚੇ ਦੇਸ਼ ਅੰਦਰ ਫੈਲਾ ਕੇ ਸਮਾਜਿਕ ਵਾਤਾਵਰਣ ਨੂੰ ਫਿਰਕੂ ਜ਼ਹਿਰ, ਅਸਹਿਨਸ਼ੀਲਤਾ ਤੇ ਬੇਭਰੋਸਗੀ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।
ਮੋਦੀ ਸਰਕਾਰ ਦੀਆਂ ਸਾਮਰਾਜੀ ਸ਼ਕਤੀਆਂ ਨਾਲ ਯੁਧਨੀਤਕ ਸਾਂਝਾਂ ਦੇਸ਼ ਦੀ ਵਿਦੇਸ਼ੀ ਨੀਤੀ ਤੇ ਅੰਦਰੂਨੀ ਸੁਰੱਖਿਆ ਲਈ ਨਵੇਂ ਖਤਰੇ ਸਹੇੜਨ ਦੀਆਂ ਸੂਚਕ ਤਾਂ ਹਨ ਹੀ, ਅਮਰੀਕਾ ਨਾਲ ਯਾਰੀ ਪੁਗਾਉਣ ਦੇ ਚੱਕਰ ਵਿੱਚ ਸਾਰੇ ਗੁਆਂਢੀ ਦੇਸ਼ਾਂ ਨਾਲ ਸਾਡੇ ਦੁਵੱਲੇ ਸਬੰਧ ਵੀ ਖਰਾਬ ਹੋ ਰਹੇ ਹਨ।
ਭਾਜਪਾ ਵਿਰੋਧੀ ਰਵਾਇਤੀ ਰਾਜਸੀ ਪਾਰਟੀਆਂ, ਜੋ ਸਾਮਰਾਜ ਨਾਲ ਸਾਂਝ ਭਿਆਲੀ ਅਤੇ ਕਾਰਪੋਰੇਟ ਘਰਾਣਿਆਂ ਤੇ ਜਗੀਰੂ ਤੱਤਾਂ ਨਾਲ ਮਿਲਕੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਮਾਡਲ ਨੂੰ ਭਾਰਤੀ ਲੋਕਾਂ ਸਿਰ ਮੜ੍ਹਕੇ ਦੇਸ਼ ਨੂੰ ਤਬਾਹੀ ਦੇ ਰਸਤੇ ਤੋਰਨ ਲਈ ਬਜ਼ਿੱਦ ਹਨ, ਨਵੇਂ-ਨਵੇਂ ਭਰਮਾਊ ਨਾਅਰਿਆਂ ਤੇ ਧੋਖੇ ਭਰੇ ਵਾਅਦਿਆਂ ਦੇ ਹਵਾਈ ਕਿਲ੍ਹੇ ਉਸਾਰ ਕੇ ਰਾਜ ਸੱਤਾ ਉਪਰ ਆਪਣੀ ਇਜ਼ਾਰੇਦਾਰੀ ਨੂੰ ਪੱਕਿਆ ਕਰਨ ਦੇ ਜੁਗਾੜ ਲਗਾ ਰਹੀਆਂ ਹਨ।
ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਰਾਜ-ਭਾਗ ਦੇ ‘ਨਜ਼ਾਰੇ’ ਦੇਸ਼ ਤੇ ਪੰਜਾਬ ਦੇ ਲੋਕੀਂ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹਨ ਤੇ ਹੱਡੀਂ ਹੰਢਾ ਚੁੱਕੇ ਹਨ। ਹੁਣ ਇਹ ਦਲ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿੱਚ ਪਾ ਕੇ ਸਾਰੇ ‘ਦੁੱਖਾਂ ਦਾ ਦਾਰੂ’ ਬਣਾ ਕੇ ਪੇਸ਼ ਕਰ ਰਹੇ ਹਨ। ਇਹ ਦਲ ਚਾਹੁੰਦੇ ਹਨ ਕਿ ਜਨ ਸਧਾਰਨ ਕਿਸੇ ਆਰਥਿਕ ਜਾਂ ਰਾਜਸੀ ਮੁੱਦੇ ਬਾਰੇ ਸੰਘਰਸ਼ ਤਾਂ ਬੇਸ਼ੱਕ ਕਰਦੇ ਰਹਿਣ, ਪ੍ਰੰਤੂ ਰਾਜਨੀਤਕ ਤੌਰ ‘ਤੇ ਉਨ੍ਹਾਂ ਦੇ ਪਿਛਲੱਗ ਬਣੇ ਰਹਿਣ। ਲੋਕਾਂ ਦੀ ਇਹ ਅਵਸਥਾ ਉਨ੍ਹਾਂ ਲਈ ਘਾਟੇ ਦਾ ਨਹੀਂ ਬਲਕਿ ਮੁਨਾਫ਼ੇ ਦਾ ਸੌਦਾ ਹੈ। ਕਈ ਰਾਜਨੀਤਕ ਦਲ ਤੇ ਜਨ ਸੰਗਠਨ ਪੀੜਤ ਲੋਕਾਂ ਨੂੰ ਸਿਰਫ ਆਰਥਿਕ ਘੋਲਾਂ ਤੱਕ ਸੀਮਤ ਰੱਖ ਕੇ ਅਗਲੇਰਾ ਰਾਜਸੀ ਪੜਾਅ ਤੈਅ ਕਰਨ ਲਈ ਰਾਜਨੀਤਕ ਘੋਲਾਂ ਦੇ ਰਾਹ ਤੋਰਨ ਲਈ ਰਜ਼ਾਮੰਦ ਨਹੀਂ ਹਨ। ਇੰਝ ਕਰਕੇ ਉਹ ਰਾਜਸੀ ਪੱਖ ਤੋਂ ਲੋਕਾਂ ਦੀ ਸੂਝਬੂਝ ਦੇ ਵਾਧੇ ਦੇ ਡਰੋਂ ਮੌਜੂਦਾ ਸੰਵਿਧਾਨ ਦੇ ਸੀਮਤ ਦਾਇਰੇ ਵਿਚ ਲੋਕ ਰਾਜੀ ਪ੍ਰਕਿਰਿਆ ਰਾਹੀਂ ਲੋਕਾਂ ਲਈ ਕੁਝ ਸਾਰਥਕ ਕਦਮ ਚੁੱਕਣ ਤੇ ਇਸ ਅਵਸਰ ਨੂੰ ਸਮਾਜਿਕ ਬਦਲਾਅ ਦੀ ਫੈਸਲਾਕੁੰਨ ਲੜਾਈ ਲਈ ਤਿਆਰ ਹੋਣ ਤੋਂ ਡੱਕਣਾ ਚਾਹੁੰਦੇ ਹਨ। ਜੇਕਰ ਅਸੀਂ ਜੇਤੂ ਕਿਸਾਨ ਅੰਦੋਲਨ ਵਲੋਂ ਲੋਕ ਮਨਾਂ ਅੰਦਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਨਾਲ ਮਿਲੀ ਭੁਗਤ ਤੇ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਦੀਆਂ ਘਿਨਾਉਣੀਆਂ ਚਾਲਾਂ ਬਾਰੇ ਉਪਜੀ ਚੇਤਨਤਾ ਨੂੰ ਲੜੇ ਗਏ ਕਿਸਾਨ ਅੰਦੋਲਨ ਦੀ ਸੇਧ ਵਿੱਚ ਰਾਜਸੀ ਰੂਪ ਨਹੀਂ ਦੇ ਸਕਾਂਗੇ, ਤਾਂ ਫਿਰ ਸਾਰੇ ਲੋਕ ਮਜ਼ਬੂਰੀ ਬਸ ਜਾਂ ਮਾਯੂਸੀ ਵਿੱਚ ਘਿਰ ਕੇ ਪਹਿਲਾਂ ਵਾਂਗ ਹੀ ਲੁਟੇਰੇ ਰਾਜਸੀ ਦਲਾਂ ਦੇ ਚੁੰਗਲ ਵਿੱਚ ਹੀ ਫਸੇ ਰਹਿਣਗੇ। ਸਮਾਜਿਕ ਤਬਦੀਲੀ ਦੀ ਲਹਿਰ ਲਈ ਇਹ ਬਹੁਤ ਹੀ ਮੰਦਭਾਗਾ ਤੇ ਪਿਛਾਂਹ ਖਿੱਚੂ ਵਰਤਾਰਾ ਹੋਵੇਗਾ। ਸਾਡੀ ਸਾਰੀਆਂ ਇਨਕਲਾਬੀ, ਸੰਘਰਸ਼ਸ਼ੀਲ, ਲੋਕ ਰਾਜੀ ਤੇ ਧਰਮ ਨਿਰਪੱਖ ਸ਼ਕਤੀਆਂ ਤੇ ਹੋਰ ਅਨੇਕਾਂ ਕਿਸਮ ਦੇ ਸਮਾਜਿਕ, ਧਾਰਮਿਕ, ਸਭਿਆਚਾਰਕ ਸੰਗਠਨਾਂ ਤੇ ਬੁੱਧੀਜੀਵੀਆਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਉਹ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੇ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਰਾਹੀਂ ਆਉਂਦੀਆਂ ਪੰਜਾਬ ਅਸੈਂਬਲੀ ਚੋਣਾਂ ਅੰਦਰ ਰਵਾਇਤੀ ਲੋਟੂ ਰਾਜਨੀਤਕ ਦਲਾਂ ਦੇ ਮੁਕਾਬਲੇ ਇਕ ਲੋਕ ਪੱਖੀ ਰਾਜਨੀਤਕ ਤੇ ਆਰਥਿਕ ਮੁਤਬਾਦਲ ਉਸਾਰਨ ਲਈ ਅੱਗੇ ਆਉਣ। ਅਜਿਹਾ ਮੁਤਬਾਦਲ ਹੀ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹਕੀਕੀ ਹੱਲ ਕਰਨ ਵੱਲ ਭਾਵੇਂ ਸੀਮਤ ਹੀ ਸਹੀ, ਪ੍ਰੰਤੂ ਪ੍ਰਭਾਵਸ਼ਾਲੀ ਕਦਮ ਪੁੱਟ ਸਕਦਾ ਹੈ ਤੇ ਭਵਿੱਖ ਵਿਚ ਸਮਾਜਕ ਬਦਲਾਅ ਦੀ ਲਹਿਰ ਨੂੰ ਹੋਰ ਊਰਜਾ ਤੇ ਸੇਧ ਪ੍ਰਦਾਨ ਕਰ ਸਕਦਾ ਹੈ। ਭਾਵੇਂ ਇਸ ਕਾਰਜ ਲਈ ਅਸੀਂ ਕੁਝ ਪੱਛੜੇ ਹੋਏ ਹਾਂ, ਪ੍ਰੰਤੂ ਜਿੰਨੀ ਤੇਜ਼ੀ ਤੇ ਡੂੰਘਾਈ ਨਾਲ ਕਿਸਾਨ ਅੰਦੋਲਨ ਨੇ ਲੋਕਾਈ ਵਿੱਚ ਨਵੀਂ ਰਾਜਸੀ ਚੇਤਨਾ ਦਾ ਸੰਚਾਰ ਤੇ ਪਸਾਰ ਕਰਕੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਇਆ ਹੈ, ਉਸੇ ਤੇਜ਼ੀ ਨਾਲ ਇਕ ਲੋਕ ਪੱਖੀ ਰਾਜਸੀ ਮੁਤਬਾਦਲ ਸਿਰਜਿਆ ਜਾਣਾ ਵੀ ਸੰਭਵ ਹੋ ਸਕਦਾ ਹੈ। ਆਰ.ਐਮ.ਪੀ.ਆਈ. ਇਸ ਕਾਰਜ ਵਾਸਤੇ ਹਰ ਸੰਭਵ ਯਤਨ ਜੁਟਾਉਣ ਤੇ ਕਿਸੇ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਾ ਹਟਣ ਦਾ ਅਹਿਦ ਕਰਦੀ ਹੈ।