ਪਰਵਾਸੀ ਪੱਤਰਕਾਰੀ ‘ਤੇ ਪੰਜਾਬੀ ਪੱਤਰਕਾਰੀ ਦਾ ਪ੍ਰਭਾਵ

ਜਤਿੰਦਰ ਕੌਰ ਰੰਧਾਵਾ, ਫੋਨ : 647-982 2390

ਪਰਵਾਸੀ ਪੱਤਰਕਾਰੀ ‘ਤੇ ਮੁੱਖ ਧਾਰਾ ਪੰਜਾਬੀ ਜਰਨਲਿਸਮ ਦਾ ਕੀ ਪ੍ਰਭਾਵ ਪਿਆ ਹੈ ? ਜਾਂ ਮੇਰੇ ਖਿਆਲ ਵਿੱਚ ਕੀ ਹੋਣਾ ਚਾਹੀਦਾ ਹੈ? ਮੈਂ ਆਪਣੇ ਇਸ ਪਰਚੇ ਵਿੱਚ ਪਰਵਾਸੀ ਪੱਤਰਕਾਰੀ ਸਾਹਮਣੇ ਆਉਣ ਵਾਲੀਆਂ ਔਕੜਾਂ ਇਹਨਾਂ ਔਕੜਾਂ ਦੇ ਬਾਵਜੂਦ ਪ੍ਰਾਪਤੀਆਂ ਅਤੇ ਜੋ ਊਣਤਾਈਆਂ ਰਹਿ ਗਈਆਂ ਹਨ, ਉਹ ਕੀ ਹਨ ਅਤੇ ਕੁਝ ਸੁਝਾਅ ਜੋ ਇਸ ਪਰਵਾਸੀ ਪੱਤਰਕਾਰੀ ਦੇ ਕੱਦ ਨੂੰ ਹੋਰ ਉੱਚਾ ਚੁੱਕ ਸਕਦੇ ਹਨ ਜਾਂ ਇੰਝ ਕਹਿ ਲਵੋ ਕਿ ਅਸੀਂ ਪਰਵਾਸੀ ਪੱਤਰਕਾਰੀ ਨੂੰ ਕਿਸ ਹੀਲੇ ਹੋਰ ਵਿਕਸਤ ਕਰਾ ਕੇ, ਹੋਰ ਮਆਿਰੀ ਬਣਾ ਸਕਦੇ ਹਾਂ? ਬਾਰੇ ਚਰਚਾ ਕਰਾਂਗੀ।
ਇਹਨਾਂ ਸਭ ਗੱਲਾਂ ਤੋਂ ਪਹਿਲਾਂ, ਮੈਂ ਪੱਤਰਕਾਰੀ ਕੀ ਹੈ ਜਾਂ ਕੀ ਹੋਣੀ ਚਾਹੀਦੀ ਹੈ? ਇਸ ਬਾਰੇ ਚਰਚਾ ਕਰਨਾ ਚਾਹਾਂਗੀ। ਜਰਨਲਿਸਮ ਅਸਲ ਵਿੱਚ ਇੱਕ ਪ੍ਰਕਿਰਿਆ ਹੈ, ਸੂਚਨਾਵਾਂ ਇਕੱਠੀਆਂ ਕਰਨਾ, ਉਹਨਾਂ ਦਾ ਅਧਿਐਨ ਕਰਨਾ, ਰਚਨਾਤਮਕ ਸ਼ਬਦ-ਮਾਲਾ ਨਾਲ ਖ਼ਬਰਾਂ ਬਣਾ ਕੇ ਪੇਸ਼ ਕਰਨੀਆਂ ਅਤੇ ਜਾਣਕਾਰੀ ਦੇ ਰੂਪ ਵਿੱਚ ਲੋਕਾਂ ਸਾਹਮਣੇ ਪਰੋਸਣਾ।
ਪੱਤਰਕਾਰੀ ਇਕ ਬਹੁਤ ਸਤਿਕਾਰਤ ਅਤੇ ਮਹਾਨ ਕਾਰਜ ਹੈ ਜੇ ਇਮਾਨਦਾਰੀ, ਸੱਚਾਈ ਅਤੇ ਨਿਰਭੈਤਾ ਨਾਲ ਕੀਤੀ ਜਾਵ ਅਤੇ ਉਸ ਵਿੱਚ ਸਵਾਰਥ ਨਾ ਹੋਵੇ। ਲੋਕ- ਹਿੱਤਾਂ, ਲੋਕਾਂ ਦੇ ਹੱਕਾਂ, ਪ੍ਰਜਾਤੰਤਰ ‘ਤੇ ਅਗਾਂਹਵਧੂ ਸੋਚ ਦੇ ਹਾਣੀ ਹੀ ਅਸਲੀ ਪੱਤਰਕਾਰ ਹੋ ਸਕਦੇ ਹਨ। ਪੱਤਰਕਾਰੀ ਅਤੇ ਪੱਤਰਕਾਰ ਸਾਨੂੰ ਉਹ ਖ਼ਬਰ ਦੇਂਦੇ ਹਨ ਜੋ ਅਸਲ ਵਿੱਚ ਵਾਪਰੀ ਹੋਵੇ ਪਰ ਲੋਕਾਂ ਨੂੰ ਉਸ ਬਾਰੇ ਪਤਾ ਨਾ ਹੋਵੇ। ਅਖ਼ਬਾਰਾਂ, ਮੈਗਜ਼ੀਨਾਂ, ਵੈਬਸਾਈਟਾਂ,  ਟੈਲੀਵਿਜ਼ਨ ਅਤੇ ਰੇਡੀਉ ਸਟੇਸ਼ਨ ਪੱਰਕਾਰੀ ਦੇ ਮਾਧਿਅਮ ਹਨ। ਇਸ ਲਈ, ਜੋ ਨਿਜੀ ਹਿੱਤਾਂ ਨੂੰ ਭੁੱਲ ਕੇ ਲੋਕ ਹਿੱਤਾਂ ਲਈ ਕੰਮ ਕਰਨ ਉਹੀ ਸੱਚੇ ਤੇ ਸੁੱਚੇ ਪੱਤਰਕਾਰ ਹਨ।
ਪੱਤਰਕਾਰੀ ਦਾ ਸਭ ਤੋਂ ਵੱਡਾ ਗੁਣ ਉਤਸੁਕਤਾ ਹੈ। ਚੰਗਾ ਪੱਤਰਕਾਰ ਪੜ੍ਹਦਾ ‘ਤੇ ਵਿਚਾਰਦਾ ਹੈ, ਉਸਦਾ ਗਿਆਨ-ਖ਼ੇਤਰ ਬਹੁਤ ਵਿਸਤ੍ਰਿਤ ਹੋਣਾ ਚਾਹੀਦਾ ਹੈ। ਉਹ, ਇੱਕ ਖ਼ਿਤੇ, ਮੁਲਖ਼ ਜਾਂ ਕਿਸੇ ਇੱਕ ਫ਼ਿਰਕੇ ਪ੍ਰਤੀ ਜਾਣਕਾਰੀ ਹੀ ਨਹੀਂ ਸਗੋਂ ਗਲੋਬਲੀ ਪੱਧਰ ਤੇ, ਆਪਣੇ ਆਲੇ- ਦੁਆਲੇ ਸਮੇਤ ਸਾਰੇ ਸੰਸਾਰ ਦੀ ਜਾਣਕਾਰੀ ਇਕੱਠੀ ਕਰੇ, ਵਿਚਾਰੇ ਤੇ ਫਿਰ ਲੋਕਾਂ ਨਾਲ ਸਾਂਝੀ ਕਰੇ ਤਾਂ ਹੀ ਉਹ ਸਹੀ ਪੱਤਰਕਾਰ ਬਣਦਾ ਹੈ। ਮੇਰੇ ਹਥਲੇ ਪਰਚੇ ਦਾ ਵਿਸ਼ਾ ਹੈ ‘ਮੁੱਖ ਧਾਰਾ ਪੰਜਾਬੀ ਜਰਨਲਿਸਮ ਦਾ ਪਰਵਾਸੀ ਪੱਤਰਕਾਰੀ ‘ਤੇ ਪ੍ਰਭਾਵ’।
ਪਰਵਾਸੀ ਪੱਤਰਕਾਰੀ ਮੁਖ ਤੌਰ ਤੇ ਪੰਜਾਬੀ ਪੱਤਰਕਾਰੀ ਦਾ ਵਿਸਤਾਰ (extention) ਹੁੰਦਿਆਂ ਹੋਇਆਂ ਵੀ ਇੱਕ ਵੱਖਰੀ ਪਛਾਣ, ਦ੍ਰਿਸ਼ਟੀ ਅਤੇ ਵਿਚਾਰਧਾਰਾ ਰੱਖਦੀ ਹੈ। ਇਕ ਸਮਾਂ ਸੀ ਜਦੋਂ ਪਰਵਾਸੀ ਪੰਜਾਬੀ ਲੋਕ, ਵਤਨ ਨਾਲ ਜੁੜੀਆਂ ਖ਼ਬਰਾਂ, ਸਮਾਜਕ ਮੁੱਦੇ, ਸੂਚਨਾਵਾਂ, ਰਾਜਨੀਤਕ ਘਟਨਾਵਾਂ ‘ਤੇ ਹੋਰ ਕਈ ਤਰ੍ਹਾਂ ਦੇ ਮਸਲੇ ਜੋ ਪੰਜਾਬ ਦੀਆਂ ਸਮਸਿਆਵਾਂ ਨਾਲ ਸਿੱਧੇ ਜੁੜੇ ਹੁੰਦੇ ਸਨ ਆਦਿ ਬਾਰੇ ਜਾਨਣ ਲਈ ਸਿਰਫ਼ ਅਖ਼ਬਾਰਾਂ, ਰੇਡਿਉ ਜਾਂ ਟੈਲੀਵਿਜ਼ਨ ਤੇ ਨਿਰਭਰ ਰਹਿੰਦੇ ਸਨ। ਖ਼ਾਸ ਕਰਕੇ, ਪੰਜਾਬੀ ਅਖ਼ਬਾਰਾਂ ਹੀ ਵਸੀਲਾ ਹੁੰਦਾ ਸੀ, ਉਹਨਾਂ ਖ਼ਬਰਾਂ ਨੂੰ ਪਰਵਾਸੀਆਂ ਤੱਕ ਪਹੁੰਚਾਉਣ ਲਈ। ਇਸ ਲਈ, ਹਫ਼ਤਾਵਾਰ, ਮਹੀਨਾਵਾਰ, ਡੇਲੀ ਅਖਬਾਰਾਂ, ਹੋਰ ਸਾਹਿਤਕ ‘ਤੇ ਰਾਜਨੀਤਕ ਪਰਚਿਆਂ ਜਾਂ ਰਸਾਲਿਆਂ ਤੇ ਨਿਰਭਰ ਹੋਣਾ ਪੈਂਦਾ ਸੀ।
ਸਭ ਤੋਂ ਪਹਿਲਾਂ ਗ਼ਦਰੀ ਅਖ਼ਬਾਰਾਂ ਨੇ ਨਵੀਆਂ ਪੈੜਾਂ ਪਾਈਆਂ ਇਨ੍ਹਾਂ ਦਾ ਮੁਖ ਸਰੋਕਾਰ ਆਜ਼ਾਦੀ ਦਾ ਹੋਕਾ ਦੇਣਾ ਸੀ ਅਤੇ ਲੋਕਾਂ ਨੂੰ ਗ਼ਦਰ ਕਰਨ ਲਈ ਤਿਆਰ ਕਰਨਾ। ਇਹ ਅਖ਼ਬਾਰ ਸਨ ਸਵਦੇਸ਼ ਸੇਵਕ 1909 (ਸੰਪਾਦਕ ਬਾਬੂ ਹਰਨਾਮ ਸਿੰਘ ਸਾਹਰੀ) ਅਤੇ ਗ਼ਦਰ 1913। ਜਿਸਦਾ ਕੰਮ ਕਰਤਾਰ ਸਿੰਘ ਸਰਾਭਾ ਦੇਖਦਾ ਸੀ। ਗ਼ਦਰ ਇਕੋ ਸਮੇਂ ਉਰਦੂ, ਪੰਜਾਬੀ, ਹਿੰਦੀ ਅਤੇ ਗੁਜਰਾਤੀ ਵਿਚ ਛਪਦਾ ਸੀ। ਇਹ ਪੰਜਾਬੀ ਦੀ ਸਥਾਨਕ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਅਖ਼ਬਾਰ ਸੀ ਜੋ ਪੰਜਾਬ ਅਤੇ ਦੇਸ਼ ਤੋਂ ਬਾਹਰ ਵੱਸਦੇ ਸਾਰੇ ਭਾਰਤੀਆਂ ਲਈ ਚਾਨਣ ਮੁਨਾਰਾ ਸੀ। ਇਹ ਪਰਚਾ ਫਰਾਂਸ, ਮਨੀਲਾ, ਸ਼ੰਘਾਈ, ਹਾਂਗਕਾਂਗ, ਸਿੰਘਾਪੁਰ, ਰੰਗੂਨ, ਇਰਾਕ, ਰੂਸ ਅਤੇ ਚੀਨ ਵਿੱਚ ਵੀ ਪਾਠਕਾਂ ਦੀ ਪ੍ਰੇਰਣਾ ਦਾ ਸੋਮਾ ਰਿਹਾ।।
ਪਿਛਲੇ ਲਗਭਗ ਸੌ ਕੁ ਸਾਲਾਂ ਵਿੱਚ ਪੰਜਾਬੀ ਪੱਤਰਕਾਰੀ ਨੇ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਕਾਰਜਸ਼ੀਲ ਹੈ, ਕਾਫੀ ਉਤਾਰ ਚੜ੍ਹਾਅ ਦੇਖੇ ਹਨ।
‘ਕੈਨੇਡੀਅਨ ਪੰਜਾਬੀ ਪੋਸਟ: ਕੈਨੇਡਾ ਵਿੱਚ ਮੁਢਲੀਆਂ ਅਖ਼ਬਾਰਾਂ ਵਿੱਚੋਂ ਬਹੁਤ ਸ਼ਿਦੱਤ ਨਾਲ ਇਮੀਗਰੇਸ਼ਨ ਮਸਲਿਆਂ ‘ਤੇ ਤੱਤਕਾਲੀਨ ਮੁੱਦਿਆਂ ਤੇ ਲਿਖਣ ਵਾਲ਼ਾ ਹਫ਼ਤਾਵਾਰ ਕੈਨੇਡੀਅਨ ਪੰਜਾਬੀ ਪੋਸਟ ਇਕ ਸਰਗਰਮ ਅਖ਼ਬਾਰ ਰਿਹਾ ਹੈ। ‘ਇੰਡੋ ਟਾਈਮਜ਼ ਅਸਟਰੇਲੀਆ ਅਤੇ ਨਿਉਜ਼ੀਲੈਂਡ ਸਾਡੇ ਸ਼ੁਰੂਆਤੀ ਦੌਰ ਦੀ ਪੱਤਰਕਾਰੀ ਦੀਆਂ ਸਸ਼ਕਤ ਉਦਾਹਰਣਾਂ ਹਨ ਜਿਨ੍ਹਾਂ ਨੇ ਦੇਸ਼ ਤੋਂ ਬਾਹਰ ਵੱਸਦੇ ਪੰਜਾਬੀਆਂ ਲਈ ਪੱਤਰਕਾਰੀ ਦੀ ਬਿਹਤਰੀਨ ਸੇਵਾ ਨਿਭਾਈ। ‘ਇੰਡੋ- ਕੈਨੇਡੀਅਨ ਟਾਈਮਜ਼ ਆਦਿ ਵੀ ਇਸ ਪਾਸੇ ਬਹੁਤ ਹੀ ਮਹੱਤਵਪੂਰਣ ਹਨ। ਨਵੀਂ ਦੁਨੀਆਂ (ਨਵਤੇਜ ਬੈਂਸ) ਅਤੇ ਦੇਸ਼ ਦੁਆਬਾ (ਪ੍ਰੇਮ ਕੁਮਾਰ ਚੁੰਬਰ) ਨੇ ਵੀ ਸਾਰੀ ਲਚਰਤਾ ਤੋਂ ਬਚ ਕੇ ਨਵੀਆਂ ਸਾਹਿਤਕ ਲੀਹਾਂ ਪਾਈਆਂ ਹਨ
ਪੱਤਰਕਾਰਤਾ ਪਿਛਲੇ 15 ਕੁ ਸਾਲਾਂ ਤੋਂ ਕਾਫ਼ੀ ਸਰਗਰਮ ਭੂਮਿਕਾ ਨਿਭਾ ਰਹੀ ਹੈ। ਬਹੁਤ ਸਾਰੀਆਂ ਰੋਜ਼ਾਨਾ, ਹਫ਼ਤਾਵਾਰ ਅਤੇ ਮਹੀਨਾਵਾਰ ਪ੍ਰਕਾਸ਼ਨਾਵਾਂ ਹਨ। ਪਰਵਾਸੀ ਪੱਤਰਕਾਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਅਖ਼ਬਾਰਾਂ ਇਸ਼ਤਿਹਾਰਾਂ ਦੇ ਸਿਰ ਤੇ ਨਿਕਲ਼ਦੀਆਂ ਹਨ ਅਤੇ ਮੁਫ਼ਤ ਵਿਚ ਪਾਕਾਂ ਨੂੰ ਮਿਲ਼ਦੀਆ ਹਨ।  ਪ੍ਰਾਈਵੇਟ ਚੈਨਲਸ ਹੋਣ ਕਾਰਨ ਬਹੁਤ ਸਾਰੇ ਟੀ ਵੀ ਚੈਨਲਾਂ ਨੇ ਅਖ਼ਬਾਰਾਂ ਦਾ ਚਸਕਾ ਕਾਫੀ ਘਟਾ ਦਿੱਤਾ ਹੈ। ਪਰ, ਫਿਰ ਵੀ ਅਖ਼ਬਾਰਾਂ ਦੇ ਮੈਗਜ਼ੀਨ ਸੈਕਸ਼ਨ, ਸਾਹਿਤਕ ਗਤੀਵਿਧੀਆਂ ਦੇ ਨਾਲ ਕਹਾਣੀਆਂ ਤੇ ਕਲਮ ਦੀਆਂ ਹੋਰ ਕਿਰਤਾਂ ਦੇ ਵਾਹਨ ਬਣੇ ਹੋਏ ਹਨ। ਇਹ ਗੱਲ ਮੰਨਣ ਯੋਗ ਹੈ ਕਿ ਸਾਡੇ ਸਾਹਿਤਕ ਅਦਾਰਿਆਂ, ਲੇਖਕਾਂ ਅਤੇ ਕਵੀਆਂ ਨੇ ਅਖ਼ਬਾਰਾਂ ਵਿੱਚ ਚੰਗੀਆਂ ਰੌਣਕਾਂ ਲਾਈਆਂ ਹਨ। ਚੰਗੀ ਸੋਚ- ਸਮਝ ਨਾਲ ਉਸਾਰੂ ਪਰਚੇ ਨਿਕਲ ਰਹੇ ਹਨ।
ਸਮਾਂ ਬਦਲਣ ਨਾਲ ਰੇਡੀਉ, ਟੈਲੀਵਿਜ਼ਨ, ਇੰਟਰਨੈਟ, ਵੱਟਸਐਪ, ਫੇਸ ਬੁੱਕ ਅਤੇ ਟਵਟਿਰ ਰਾਹੀਂ ਮਿੰਟਾਂ- ਸਕਿੰਟਾਂ ਵਿੱਚ ਖ਼ਬਰਾਂ ਨਸ਼ਰ ਹੋ ਜਾਂਦੀਆਂ ਹਨ। ਅੱਜ ਦੀ ਪੱਤਰਕਾਰੀ ਰਵਾਇਤੀ ਨਹੀਂ ਰਹੀ। ਤਕਨਾਲੋਜੀ ਨੇ ਬਹੁਤ ਤੇਜ਼ ਤੇ ਆਮ ਪਹੁੰਚ ਵਿੱਚ ਲਿਆ ਦਿੱਤੀ ਹੈ। ਹਰ ਉਹ ਵਿਅਕਤੀ ਜਿਸਦੇ ਹੱਥ ਵਿਚ ਮੋਬਾਈਲ ਹੈ ਉਹ ਪੱਤਰਕਾਰ ਦੀ ਭੂਮਿਕਾ ਨਿਭਾ ਰਹਾ ਹੈ। ਸੂਚਨਾਵਾਂ ਸਬੂਤਾਂ ਸਮੇਤ ਸਾਡੇ ਸਾਹਮਣੇ ਲਿਆ ਖੜੀਆਂ ਕੀਤੀਆਂ ਜਾਂਦੀਆਂ ਹਨ। ਵੀਡੀਉ ਰਾਹੀਂ ਤੇ ਤਸਵੀਰਾਂ ਨਾਲ ਦੀ ਨਾਲ ਅਪਲੋਡ ਹੋ ਦਰਸ਼ਕਾਂ ਤੇ ਪਾਠਕਾਂ ਲਈ ਇੰਟਰਨੈਟ ਤੇ ਉਪਲਬਧ ਹੋ ਜਾਂਦੀਆਂ ਹਨ। ਜੋ ਅਖ਼ਬਾਰਾਂ ਅਤੇ ਸਾਹਿਤਕ ਪਰਚਿਆਂ ਲਈ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ। ਸੂਚਨਾ ਸੰਬੰਧੀ ਇਨਕਲਾਬ ਆਇਆ ਹੋਇਆ ਹੈ। ਇਸ ਸਮੇਂ ਲਿਖਤ ਪੱਤਰਕਾਰੀ ਲਈ ਇਹ ਇੱਕ ਵੱਡੀ ਸਮਸਿਆ ਹੈ ਕਿ ਆਪਣੀ ਹੋਂਦ ਕਿਵੇਂ ਬਚਾ ਕੇ ਰਖੀ ਜਾਵੇ?
ਦੂਜੇ ਪਾਸੇ ਆਨਲਾਈਨ ਅਖ਼ਬਾਰਾਂ: ਦੇਸ਼ ਵਿਦੇਸ਼ ਟਾਈਮਸ, ਯੁਰੋਪ ਸਮਾਚਾਰ, ਯਰੋਪ ਵਿੱਚ ਪੰਜਾਬੀ, ਪੰਜਾਬ ਟਾਈਮਸ ਤੇ ਹੋਰ ਕਈ ਪੰਜਾਬੀ ਦੇ ਆਨਲਾਈਨ ਅਖ਼ਬਾਰ ਹਨ। ਵੈਸੇ ਤਾਂ ਸਾਰੇ ਹੀ ਸਥਾਪਿਤ ਪੰਜਾਬੀ ਪਰਵਾਸੀ ਅਖ਼ਬਾਰ ਆਨਲਾਈਨ ਪੜ੍ਹੇ ਜਾ ਸਕਦੇ ਹਨ, ਉਪਲਬਧ ਹਨ। ਉਹਨਾਂ ਨੇ ਹਾਰਡ ਕਾਪੀ ਅਖ਼ਬਾਰਾਂ ਨੂੰ ਪਿੱਛੇ ਪਾ ਦਿੱਤਾ ਹੈ। ਇਸੇ ਲਈ ਸਾਡੇ ਸੰਸਾਰ ਭਰ ਦੀਆਂ ਅਖ਼ਬਾਰਾਂ ਨੇ, ਆਪਣਾ ਖੇਤਰ ਹੁਣ ਵਿਸ਼ਾਲ ਕਰ ਲਿਆ ਹੈ। ਹੁਣ ਇਨ੍ਹਾਂ ਵਿੱਚ ਸਾਹਿਤਕ, ਵਪਾਰਕ, ਖੇਡਾਂ, ਮਨੋਰੰਜਨ, ਫ਼ਿਲਮੀ ਜਾਣਕਾਰੀ, ਵਿੱਦਿਅਕ, ਸੰਪਾਦਕੀ ਕਾਲਮ ਆਦਿ ਮਹੱਤਵਪੂਰਨ ਵਨਗੀਆਂ ਸ਼ਾਮਲ ਕਰ ਲਈਆਂ ਹਨ। ਇਹਨਾਂ ਵਿੱਚ ਸੂਝਵਾਨ ਲੇਖਕਾਂ, ਬੁੱਧੀਜੀਵੀਆਂ ਅਤੇ ਰਾਜਨੀਤਕ ਮਾਹਿਰਾਂ ਅਤੇ ਵੱਡੇ- ਵੱਡੇ ਅਰਥ ਸ਼ਾਸਤਰੀਆਂ ਵੱਲੋਂ ਕਾਲਮ ਲਿਖਵਾਏ ਜਾ ਰਹੇ ਹਨ ਜੋ ਇਹਨਾਂ ਅਖ਼ਬਾਰਾਂ ਦੀ ਸ਼ੋਭਾ ਬਣਦੇ ਹਨ। ਦਰਜਣਾਂ ਪੰਜਾਬੀ ਅਖ਼ਬਾਰ ਕੈਲੀਫੋਰਨੀਆਂ, ਨਿਊਯਾਰਕ, ਨਿਉਜਰਸੀ, ਸ਼ਿਕਾਗੋ, ਮਿਲਵਾਕੀ, ਸ਼ੇਰੇ ਪੰਜਾਬ (ਬਲਦੇਵ ਸਿੰਘ ਗਰੇਵਾਲ) ਪੰਜਾਬ ਮੇਲ (ਗੁਰਜਤਿੰਦਰ ਸਿੰਘ ਰੰਧਾਵਾ), ਪੰਜਾਬ ਨਿਉਜ਼ (ਸਤਨਾਮ ਸਿੰਘ ਚਾਹਲ), ਅਮ੍ਰਿਤਸਰ ਟਾਈਮਜ਼ (ਦਲਜੀਤ ਸਿੰਘ), ਟਾਈਮਸ ਆਫ ਪੰਜਾਬ (ਸਤਿੰਦਰ ਸਿੰਘ ਬੈਂਸ), ਅਪਨਾ ਪੰਜਾਬ (ਗੁਰਮੀਤ ਸਿੰਘ), ਲੋਕ ਆਵਾਜ਼ (ਜਰਨੈਲ ਸਿੰਘ ਬਸੋਤਾ), ਪੰਜਾਬੀ ਪਰੈਸ (ਸਿੱਧੂ ਦਮਦਮੀ), ਪੰਜਾਬੀ ਟ੍ਰਿਬਿਉਨ (ਸਤਪਾਲ ਮੁਲਤਾਨੀ), ਹਮਦਰਦ (ਅਮਰ ਸਿੰਘ ਭੁੱਲਰ), ਦੇਸ਼ ਦੁਆਬਾ (ਪ੍ਰੇਮ ਕੁਮਾਰ ਚੁੰਬਰ), ਅਜੀਤ ਵੀਕਲੀ (ਕੈਨੇਡਾ), ਸਿੱਖ ਸਪੋਕਸਮੈਨ (ਕੈਨੇਡਾ), ਸ਼ੇਰੇ ਪੰਜਾਬ (ਨਿਉ ਯਾਰਕ), ਕੌਮੀ ਏਕਤਾ ਯੂ. ਐਸ. ਏ., ਪੰਜਾਬੀ ਸਟਾਰ (ਨਿਉਯਾਰਕ), ਸਿੱਖ ਟਾਈਮਜ਼ (ਯੂ.ਕੇ.), ਸੱਜਨ, ਖਬਰਾਂ, ਭੁਲੇਖਾ (ਪਾਕਿਸਤਾਨ) ਆਦਿ। ਐਡਮਿੰਟਨ ਤੋਂ ਨਵਤੇਜ ਬੈਂਸ ਦਾ, ‘ਨਵੀਂ ਦੁਨੀਆਂ’ ਬਹੁਤ ਵਧੀਆ ਸੋਚ ਤੇ ਖਿਆਲਾਂ ਵਾਲਾ ਅਖ਼ਬਾਰ ਹੈ। ਖ਼ਬਰਨਾਮਾਂ, ਦੇਸ਼ ਵਿਦੇਸ਼ ਤੇ ਹੋਰ ਬਹੁਤ ਸਾਰੇ ਅਖ਼ਬਾਰ ਹਨ। ਪਰਵਾਸੀ, ਪੰਜਾਬ ਸਟਾਰ, ਖ਼ਬਰਨਾਮਾ ਆਦਿ ਚੰਗੀਆਂ ਅਖ਼ਬਾਰਾਂ ਹਨ ਜੋ ਪਰਵਾਸੀ ਪੱਤਰਕਾਰੀ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਕੁਝ ਦੇ ਨਾਂ ਮੈਂ ਲੈਣਾ ਭੁੱਲ ਵੀ ਗਈ ਹੋਵਾਂ ਇਹ ਵੀ ਸੰਭਵ ਹੈ।
ਕੁਝ ਵੀਕਲੀ ਅਖ਼ਬਾਰਾਂ ਜੋ ਕੈਨੇਡਾ ਅਤੇ ਅਮਰੀਕਾ ਵਿੱਚ ਛਪਦੀਆਂ ਹਨ, ਉਨ੍ਹਾਂ ਵਿੱਚ ਚੰਗੇ ਕਾਲਮ, ਸਾਹਿਤਕ ਲੇਖ, ਆਡੋਟੋਰੀਅਲ ਛਪਦੇ ਹਨ ਉਹ ਮੁਖ ਧਾਰਾ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਪਰਵਾਸੀ ਪੱਤਰਕਾਰੀ ਵਿੱਚ ਵੀ ਉਚ ਕੋਟੀ ਦੇ ਸਾਹਿਤਕਾਰ, ਵਿਦਵਾਨ ਅਤੇ ਮਾਹਿਰ ਆਪੋ-ਆਪਣੇ ਵਿਚਾਰ ਤੇ ਤਜ਼ਰਬੇ ਸਾਂਝੇ ਕਰਦੇ ਹਨ। ਇਸ ਦਾ ਕਾਰਣ ਇਹ ਵੀ ਹੋ ਸਕਦਾ ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਮੀਡੀਆ ਅਤੇ ਕੁਝ ਕੁ ਸਥਾਪਿਤ ਲੇਖਕਾਂ ਨੇ ਪੰਜਾਬ ਤੋਂ ਇਧਰ ਆ ਡੇਰੇ ਲਾਏ ਹਨ ਤੇ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਅਤੇ ਸ਼ੌਕ ਇਨ੍ਹਾਂ ਮੈਗਜ਼ੀਨਾਂ, ਅਖ਼ਬਾਰਾਂ ਵਿੱਚ ਆਰਟੀਕਲ ਲਿਖ ਕੇ ਜਾਂ ਆਪਣੇ ਹੀ ਅਖ਼ਬਾਰ ਜਾਂ ਜਰਨਲ ਕੱਢ ਕੇ ਪਰਵਾਸੀ ਪੱਤਰਕਾਰੀ ਦੇ ਖ਼ੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ।
ਵਿਚਾਰਨ ਯੋਗ ਗੱਲ ਹੈ ਕਿ ਸਾਡੀ ਇਹ ਪਰਵਾਸੀ ਪੱਤਰਕਾਰੀ ਕਿਸੇ ਤਰ੍ਹਾਂ ਦੇ ਵੀ ਡਰ ਤੋਂ ਮੁਕਤ ਇਕ ਆਜ਼ਾਦ ਪੱਤਰਕਾਰੀ ਹੈ। ਕਿਸੇ ਵੀ ਸ਼ਕਤੀ ਜਾਂ ਅਥਾਰਿਟੀ, ਸਰਕਾਰੀ ਜਾਂ ਗੈਰ- ਸਰਕਾਰੀ ਦਬਾਅ ਤੋਂ ਮੁਕਤ ਹੋਣ ਕਾਰਨ,
ਨਿਰਭੈ ਹੋ ਕੇ ਪੱਤਰਕਾਰੀ ਕੀਤੀ ਜਾਂਦੀ ਹੈ, ਕਿਸੇ ਤਾਨਾਸ਼ਾਹੀ ਜਾਂ ਰਾਜਨੀਤਕ ਦਬਾਅ ਤੋਂ ਮੁਕਤ ਹੋ ਕੇ ਪੱਤਰਕਾਰੀ ਕਰਨ ਸਦਕਾ, ਬਹੁਤੀਆਂ ਖ਼ਬਰਾਂ ਜੋ ਭਾਰਤੀ ਪੰਜਾਬ ਵਿੱਚ ਨਹੀਂ ਛਪਦੀਆਂ ਉਹ ਇਥੋਂ ਦੀਆਂ ਸਨਸਨੀ ਖ਼ੇਜ ਖ਼ਬਰਾਂ ਹੋ ਨਿਬੜਦੀਆਂ ਹਨ। ਕੋਈ ਵੀ ਮੁਲਖ਼ ਭਰ ਵਿੱਚ ਹੁੰਦੀ ਮੰਦਭਾਗੀ ਘਟਨਾਂ-ਸਮਾਜਿਕ, ਰਾਜਨੀਤਕ, ਸਰਕਾਰਾਂ ਦੀ  ਤਾਨਾਸ਼ਾਹੀ ਆਦਿ ਨੂੰ ਇਥੇ ਖੁਲ ਕੇ ਬਿਆਨਿਆਂ ਜਾਂਦਾ ਹੈ। ਕਿਸੇ ਨਾ ਕਿਸੇ ਦਬਾਉ ਅਧੀਨ, ਜੋ ਕੁਝ ਭਾਰਤ ਵਿੱਚ ਕਿਹਾ ਜਾਂ ਸੁਣਿਆ ਨਹੀਂ ਜਾ ਸਕਦਾ ਉਹ ਇਹਨਾਂ ਪਰਵਾਸੀ ਅਖ਼ਬਾਰਾਂ, ਰੇਡੀਉ- ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਰੱਜ ਕੇ ਭੰਡਿਆ ਤੇ ਬਿਆਨਿਆਂ ਜਾਂਦਾ ਹੈ। ਇਹ ਇਕ ਸੂਤਰ ਹੈ ਜੋ ਪਰਵਾਸੀ ਪੱਤਰਕਾਰੀ ਨੂੰ, ਮੁਖ ਧਾਰਾ ਨਾਲੋਂ ਨਿਖੇੜਦਾ ਹੈ। ਇਸ ਨਾਲ ਕਈ ਵਾਰੀ ਭਾਰਤੀ ਕੇਂਦਰ ਜਾਂ ਪ੍ਰਦੇਸ਼ਕ ਸਰਕਾਰ ਉੱਤੇ ਨਿਆਂ ਕਰਨ ਲਈ ਦਬਾਅ ਵੀ ਬਣਾਇਆ ਜਾਂਦਾ ਹੈ।
ਪ੍ਰੈਸ ਦੀ ਆਜ਼ਾਦੀ, ਜੇ ਸਕਾਰਾਤਮਕ ਪ੍ਰਭਾਵ ਸਿਰਜਦੀ ਹੈ ਤਾਂ ਇਸੇ ਨਾਲ ਨਕਾਰਾਤਮਕ ਪ੍ਰਭਾਵ ਵੀ ਸਾਹਮਣੇ ਆਉਂਦੇ ਹਨ। ਉਹ ਗੱਲਾਂ ਜੋ ਜ਼ਰੂਰੀ ਨਹੀਂ ਹੁੰਦੀਆਂ ਜਾਂ ਕੋਈ ਮੱਹਤਵ ਨਹੀਂ ਰਖਦੀਆਂ, ਉਹਨਾਂ ਨੂੰ ਬਾਰ- ਬਾਰ ਸਾਹਮਣੇ ਲਿਆ ਕੇ ਲੋਕਾਂ ਨੂੰ ਭੜਕਾਇਆ ਵੀ ਜਾਂਦਾ ਹੈ। ਕੁਝ ਕੁ ਲੋਕ ਆਪਣੇ ਨਿਜੀ ਹਿੱਤਾਂ ਲਈ ਇਨ੍ਹਾਂ ਸਾਧਨਾਂ ਦਾ ਦੁਰ ਉਪਯੋਗ ਵੀ ਕਰਦੇ ਹਨ। ਇਸ ਤੋਂ ਇਲਾਵਾ ਸਾਡੀ ਪਰਵਾਸੀ ਪੱਤਰਕਾਰੀ ਮੁਖ ਧਾਰਾ ਦਾ ਪਸਾਰ ਵੀ ਕਹੀ ਜਾ ਸਕਦੀ ਹੈ। ਤਰਕ ਇਹੀ ਕਿ ਜੇ ਆਜ਼ਾਦ ਵਿਚਾਰਧਾਰਾ ਵੀ ਹੈ ਤਾਂ ਵੀ ਮੁੱਦੇ ਸਾਰੇ ਹੀ ਪੰਜਾਬ ਦੇ ਹੁੰਦੇ ਹਨ। ਪੰਜਾਬ ਦੀ ਪੱਤਰਕਾਰੀ ਹੀ ਪਰਵਾਸੀ ਅਖ਼ਬਾਰਾਂ ਵਿੱਚ ਛਾਈ ਰਹਿੰਦੀ ਹੈ। ਅਸੀਂ ਮੰਨਦੇ ਹਾਂ ਕੁਝ ਪੰਜਾਬੀ ਭਾਈਚਾਰੇ ਦੀਆਂ ਸਮਸਿਆਵਾਂ ਸਾਂਝੀਆਂ ਹਨ ਪਰ, ਰਾਜਨੀਤਕ, ਸਮਾਜਿਕ, ਭੁਗੋਲਿਕ ਅਤੇ ਆਰਥਿਕ ਮਸਲੇ ਤਾਂ ਵਖੋ ਵਖੱਰੇ ਹਨ । ਇਹਨਾਂ ਮੁਲਖਾਂ ਵਿੱਚ ਹੋ ਰਹੀ ਪੱਤਰਕਾਰੀ ਵਿੱਚ ਦੇਸੀ ਮਸਲੇ ਹੀ ਭਾਰੂ ਰਹਿੰਦੇ ਹਨ, ਭਾਵੇਂ ਰੇਡੀਉ ਤੇ ਗੱਲ ਬਾਤ ਹੋਵੇ, ਅਖ਼ਬਾਰ ਵਿੱਚ ਹੋਵੇ, ਪਰਵਾਸ ਦੀਆਂ ਖ਼ਬਰਾਂ, ਅੰਤਰ- ਰਾਸ਼ਟਰੀ ਮਸਲੇ, ਅੰਤਰ- ਰਾਸ਼ਟਰੀ ਪਰਿਆਵਰਨ, ਰਾਜਨੀਤਕ ਉਥਲ- ਪੁਥਲ ਅਤੇ ਆਰਥਿਕ ਉਤਰਾਅ- ਚੜਾਅ (ਕੈਨੇਡਾ, ਅਮਰੀਕਾ ਜਾਂ ਸਥਾਨਕ ਕੋਈ ਵੀ ਪਰਵਾਸੀ ਮੁਲਖ) ਬਾਰੇ ਬਹੁਤ ਘੱਟ ਛਾਪਿਆ, ਕਹਿਆ ਜਾਂ ਸੁਣਿਆ ਜਾਂਦਾ ਹੈ। ਪੰਜਾਬ ਦੀ ਰਾਜਨੀਤੀ, ਕਿਰਸਾਨੀ, ਧਰਮ, ਫ਼ਿਰਕਾਪ੍ਰਸਤੀ ਤੇ ਪੰਜਾਬ ਦੇ ਹੀ ਸੰਕਟ ਇਸ ਪੱਤਰਕਾਰੀ ਦੇ ਸ਼ਿੰਗਾਰ ਹਨ। ਜਿਹੜੇ ਮੁਲਖ਼ ਵਿੱਚ ਰਹਿੰਦੇ ਹਾਂ, ਉਥੋਂ ਦੀ ਗੱਲ ਬਾਤ ਨਾਂਹ ਬਰਾਬਰ। ਇਸੇ ਕਰਕੇ ਪੜ੍ਹੇ- ਲਿਖੇ ਨੌਜਵਾਨਾਂ ਦੀ ਪਰਵਾਸੀ ਪੱਤਰਕਾਰੀ (ਅਖ਼ਬਾਰਾਂ) ਵਿੱਚ ਰੁਚੀ ਹੀ ਨਹੀਂ ਰਹੀ। ਕੇਵਲ ਘਰ ਰਹਿਣ ਵਾਲੇ ਬਜ਼ੁਰਗ, ਬੀਬੀਆਂ ਜੋ ਰੌਚਕ ਸਮਗਰੀ ਪੜ੍ਹਨਾ ਪਸੰਦ ਕਰਦੇ ਹਨ- ਫ਼ਿਲਮੀ ਜਾਂ ਮਨੋਰੰਜਕ, ਲੇਖਕ ਅਤੇ ਸਾਹਿਤਕਾਰ ਜਿਨ੍ਹਾਂ ਦੀਆਂ ਰਚਨਾਵਾਂ ਤੇ ਫ਼ੋਟੋਆਂ ਇਹਨਾਂ ਕਾਲਮਾਂ ਵਿੱਚ ਛਪਦੀਆਂ ਹਨ ਉਨ੍ਹਾਂ ਨੂੰ ਇਹਨਾਂ ਦੀ ਉਡੀਕ ਰਹਿੰਦੀ ਹੈ ਨਹੀਂ ਤਾਂ ਅਖ਼ਬਾਰਾਂ ਅਲਮਾਰੀਆਂ, ਕਿਚਨ ਕਲੋਜ਼ਟ ਆਦਿ ਵਿੱਚ ਵਿਛਣ ਦੇ ਕੰਮ ਹੀ ਆਉਂਦੀਆਂ ਹਨ।
ਇਸ ਦੇ ਨਾਲ ਹੀ ਬਹੁਤ ਸਾਰੇ ਪੰਜਾਬੀ ਟੀ ਵੀ ਚੈਨਲ, ਜੋ ਇਹਨਾਂ ਮੁਲਖ਼ਾਂ ਵਿੱਚ ਚਲ ਰਹੇ ਹਨ ਇਹੋ ਜਿਹਾ ਹੀ ਹਾਲ ਉਹਨਾਂ ਦਾ ਹੈ। ਕੁਝ ਚੈਨਲਸ ਦੇ ਮੇਜ਼ਬਾਨ ਸੋਹਣੀ ਪੱਤਰਕਾਰੀ ਕਰਦੇ ਹਨ, ਕੁਝ ਅਜੇ ਡੰਗ ਟਪਾਉ ਵੇਲਾ ਲੰਘਾ ਰਹੇ ਹਨ। ਅਸਲ ਵਿੱਚ ਉਨ੍ਹਾਂ ਦਾ ਮਨੋਰਥ ਨਿਸਵਾਰਥ ਨਾ ਹੋ ਕੇ ਕਈ ਵਾਰ, ਬਹੁਤਾ ਵਿਅਕਤੀਗਤ ਸੋਚ ਅਤੇ ਨਫ਼ਾ- ਨੁਕਸਾਨ ਵੱਲ ਜ਼ਿਆਦਾ ਹੁੰਦਾ ਹੈ ਜੋ ਉਨ੍ਹਾਂ ਦਾ ਧਿਆਨ ਵਿਅਕਤੀਗਤ ਨਫ਼ੇ ਨੁਕਸਾਨ ਵੱਲ ਕੇਂਦਰਿਤ ਹੈ, ਉਹ ਜਿਸ ਨੂੰ ਚਾਹੁਣ ਤਾਂ ਸਟਾਰ ਬਣਾ ਲੈਂਦੇ ਹਨ ਤੇ ਜੀਹਨੂੰ ਚਾਹੁਣ ਤਖ਼ਤੋਂ ਲਾਹ ਵੀ ਮਾਰਦੇ ਹਨ ਭਾਵ ਲੋਕਾਂ ਦੀ ਨਜ਼ਰੋਂ ਡੇਗ ਦੇਣ ਤੇ ਧਿਆਨ ਹਮੇਸ਼ਾ ਉਨ੍ਹਾਂ ਵੱਲ ਹੀ ਕੇਂਦਰਿਤ ਰਹੇ। ਇਸ ਸਭ ਕੁਝ ਦੇ ਬਾਵਜੂਦ ਕੁਝ ਕੁ ਟੀ. ਵੀ. ਚੈਨਲ ਅਤੇ ਰੇਡੀਉ ਚੰਗੀ ਭੂਮਿਕਾ ਨਿਭਾ ਰਹੇ ਹਨ।
ਵੀਜ਼ਨ ਆਫ ਪੰਜਾਬ, ਏਸ਼ੀਅਨ ਟੈਲੀਵਿਜ਼ਨ ਪੰਜਾਬੀ ਨੈਟਵਰਕ (ਅਮਰਜੀਤ ਸੰਘਾ ) ,ਗਾਉਂਦਾ ਪੰਜਾਬ, ਵਤਨੋ ਦੂਰ, ਚੜਦੀ ਕਲਾ ਟਾਈਮ ਪੀ. ਟੀ. ਸੀ., ਫ਼ਤਹਿ, ਫੁਲਕਾਰੀ ਰੇਡੀਉ, ਸਰਗਮ ਰੇਡੀਉ, ਸੁਰ ਸਾਗਰ ਰੇਡੀਉ ਅਤੇ ਟੀ ਵੀ ਪ੍ਰੋਗਰਾਮ, ਸਰਦਾਰੀ, ਪੰਜਾਬੀ ਵਿਰਸਾ (ਹਰਜੀਤ ਸਿੰਘ), ਲਿਸ਼ਕਾਰਾ, ਦੇਸ ਪਰਦੇਸ (ਹਰਜਿੰਦਰ ਸਿੰਘ ਥਿੰਦ/ ਬਲਜਿੰਦਰ ਸਿੰਘ), ਮੁਲਾਕਾਤ (ਚਰਨਜੀਤ ਬਰਾੜ), ਏਕਮ (ਅਮਰਜੀਤ ਸਿੰਘ ਰਾਇ), ਸਿੱਖ-ਟਾਈਮਸ ਯੂਕੇ ਆਦਿ ਵਰਨਣਯੋਗ ਹਨ।
ਅਸੀਂ ਮੰਨਦੇ ਹਾਂ ਕਿ ਜਿੱਥੇ ਵੀ ਪੰਜਾਬੀ ਗਏ ਹਨ ਉਥੇ ਹੀ ਉਨ੍ਹਾਂ ਨੇ ਇਕ ਪੰਜਾਬ ਵਸਾ ਲਿਆ ਹੈ ਜਿਸ ਲਈ ਉਸਦੀ ਸਭਿਆਚਾਰਕ ਸਾਂਝ ਪੰਜਾਬੀ ਜਾਂ ਭਾਰਤੀ ਪੰਜਾਬੀ ਦੀ ਮੁੱਖ ਧਾਰਾ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਪਰ, ਕੁਝ ਕੁ ਗੱਲਾਂ ਸਾਂਝੀਆਂ ਹੋ ਸਕਦੀਆਂ ਹਨ ਜਿਵੇ, ਸਮਾਜਿਕ ਮੁੱਦੇ, ਇਸਤਰੀ ਦੀ ਦਸ਼ਾ ਤੇ ਦਿਸ਼ਾ, ਨਸ਼ਿਆਂ ਦੀਆਂ ਸਮਸਿਆਵਾਂ ‘ਤੇ ਨੈਤਿਕ ਨਿਘਾਰ ਦੇ ਮਸਲੇ। ਪਰ, ਇੰਝ ਲੱਗੇ ਕਿ ਇਹ ਪਰਵਾਸ ਵਿੱਚ ਹੁੰਦੀ ਪੱਤਰਕਾਰੀ ਹੈ। ਮਾਧਿਅਮ ਪੰਜਾਬੀ ਹੋਵੇ, ਪੰਜਾਬੀ ਲੋਕਾਂ ਵੱਲੋਂ ‘ਤੇ ਪੰਜਾਬੀਆਂ ਲਈ ਹੋਵੇ, ਪਰ ਮਸਲੇ ਸਥਾਨਕ ਹੋਣ, ਸਥਾਨਕ ਸਭਿਆਚਾਰ ਅਤੇ ਨਿਤਾਪ੍ਰਤੀ ਜੀਵਨ ਵਿਚ ਵਾਪਰਦੀਆਂ ਚੰਗੀਆਂ ਮੰਦੀਆ ਘਟਨਾਵਾਂ ਦੇ ਨਾਲੋ ਨਾਲ ਸਾਡੀਆਂ ਔਂਕੜਾਂ ਵੀ ਸ਼ਮਿਲ ਹੋਣ । ਜਿੱਥੇ ਕਿਤੇ ਵੀ ਸਥਾਨਕ ਸਭਿਆਚਾਰ ਦੀ ਗੱਲ ਹੁੰਦੀ ਵੀ ਹੈ ਉਹ ਜਿਆਦਾਤਰ ਨਾਂ-ਪੱਖੀ ਹੁੰਦੀ ਹੈ। ਪਰ ਬਹੁਤ ਕੁਝ ਵਧੀਆ ਹੈ ਇਹਨਾਂ ਮੁਲਖਾਂ ਵਿਚ, ਜਿਸ ਕਰਕੇ ਅਸੀਂ ਇਥੇ ਬੈਠੇ ਹਾਂ । ਮਾਣ ਨਾਲ ਕਹਿੰਦੇ ਹਾਂ ‘ਅਸੀਂ ਕੈਨੇਡੀਅਨ ਹਾਂ’, ‘ਯੂਕੇ ਦੇ ਸਿੱਖ ਹਾਂ’, ‘ਆਸਟਰੇਲੀਆ ਦੇ ਪੰਜਾਬੀ ਹਾਂ’, ਅਮੈਰਿਕਨ ਸਿੱਖ ਜਾਂ ਪੰਜਾਬੀ ਹਾਂ, ਹੁਣ ਬਹੁਤਾ ਪਿੱਛੇ ਦਾ ਹੇਰਵਾ ਨਹੀਂ ਰਿਹਾ ਲੋਕ ਇਥੇ ਪਰਵਾਸ ਦਾ ਆਨੰਦ ਮਾਣ ਰਹੇ ਹਨ, ਵਧੀਆ ਜੀਵਨ ਜੀ ਰਹੇ ਹਨ ਅਤੇ ਉਸਦਾ ਵੀ ਜ਼ਿਕਰ ਹੋਣਾ ਚਾਹੀਦਾ ਹੈ।
ਕਈ ਅਖ਼ਬਾਰਾਂ ਵਿੱਚ ਬਹੁਤ ਕੱਟੜਤਾ ਹੈ, ਫ਼ਿਰਕਾਪ੍ਰਸਤੀ ਵੀ ਹੈ, ਕਈ ਵਾਰ ਸੋਚ ਇੱਕ ਪਾਸੜ ਜਾਂ ਉਲਾਰੂ ਹੋ ਨਿਬੜਦੀ ਹੈ। ਕੋਈ ਨਵੀਂ ਜਾਂ ਖ਼ਰੀ ਗੱਲ, ਹੋ ਰਹੀ ਨਹੀਂ ਲੱਗਦੀ। ਹਾਂ, ਕੁਝ ਕੁ ਗਿਣਤੀ ਦੇ ਚੈਨਲ ਜਾਂ ਅਖ਼ਬਾਰ ਉਸਾਰੂ- ਅਗਾਂਹ ਵਧੂ ਗੱਲ ਕਰਦੇ ਹਨ ਪਰ ਉਹ ਆਟੇ ਵਿੱਚ ਲੂਣ ਬਰਾਬਰ ਹੈ। ਜੇ ਕੋਈ ਅਗਾਂਹਵਧੂ ਜਾਂ ਉਸਾਰੂ ਗੱਲ ਕਰਦਾ ਵੀ ਹੈ ਤਾਂ ਕੋਈ ਹੌਂਸਲਾ ਅਫ਼ਜ਼ਾਈ ਨਹੀਂ ਮਿਲਦੀ। ਅਸੀਂ ਪਿਛੜੇਪਨ ਦੇ ਆਦੀ ਹੋ ਚੁਕੇ ਹਾਂ। ਬਦਲਾਅ ਸਾਨੂੰ ਰਾਸ ਨਹੀਂ ਆÀਂਦਾ। ਜੋ ਕੋਈ ਮਾੜੀਆਂ ਅਲਾਮਤਾਂ ਦੇਸੀ ਮੁੱਖ ਧਾਰਾ ਦੀ ਪੱਤਰਕਾਰੀ ਵਿੱਚ ਸਨ, ਉਹੀ ਸਾਡੀ ਪਰਵਾਸੀ ਪੱਤਰਕਾਰੀ ਵਿੱਚ ਵੀ ਆ ਗਈਆਂ ਹਨ। ਚਾਹੀਦਾ ਇਹ ਹੈ ਕਿ ਪੱਤਰਕਾਰੀ ਜਿਸ ਮੁਲਖ਼ ਵਿੱਚ ਹੋ ਰਹੀ ਹੋਵੇ, ਮੁੱਖ ਤੌਰ ਤੇ ਉਥੋਂ ਦੀ ਗੱਲ ਕਰੇ, ਉਥੋਂ ਦੇ ਸਮਾਜ ਦੀ ਗੱਲ ਕਰੇ, ਗੱਲ- ਬਾਤ ਸਥਾਨਕ ਮੁੱਦਿਆਂ ਦੀ ਹੋਵੇ, ਬਦਲਾਉ ਦੀ ਹੋਵੇ, ਵਿਕਾਸ ਤੋਂ ਅੱਗੇ ਦੀ ਗੱਲ ਹੋਏ। ਕਦੀ- ਕਦੀ ਤਾਂ ਲੱਗਦਾ ਹੈ ਕਿ ਪਰਵਾਸੀ ਪੰਜਾਬੀ ਪੱਤਰਕਾਰੀ ਕੋਲ਼, ਕੋਈ ਮਿਥਿੱਆ ਨਿਸ਼ਾਨਾ ਨਹੀਂ। ਪੱਤਰਕਾਰੀ ਨੂੰ ਜਿਹੜਾ ਪੰਜਵਾਂ ਥੰਮ ਮੰਨਿਆ ਗਿਆ ਹੈ, ਇਸ ਲਈ ਇਸ ਨੂੰ ਆਪਣਾ ਰੋਲ ਪਛਾਨਣ ਦੀ ਲੋੜ ਹੈ। ਜੋ ਹੈ, ਉਸ ਨੂੰ ਸਾਂਭਿਆ ਜਾ ਰਿਹਾ ਹੈ ਪਰ, ਕੁਛ ਨਵਾਂ ਨਹੀਂ ਹੋ ਰਿਹਾ। ਭਾਸ਼ਾ ਭਾਵੇਂ ਰੇਡੀਉ ਦੀ ਹੈ ਤੇ ਥੋੜ੍ਹੇ ਕੁ ਟੀ ਵੀ ਚੈਨਲ ਵੀ, ਪੰਦਰਵੀਂ ਸਦੀ ਦੀ ਪੰਜਾਬੀ ਭਾਸ਼ਾ ਹੀ ਬੋਲੀ ਆਉਂਦੇ ਹਨ। ਵਿਕਾਸਸ਼ੀਲ ਪੱਤਰਕਾਰੀ ਦੀ ਥਾਂ ਪਿਛਾਖੜੀ ਵਿਚਾਰ ਵਧੇਰੇ ਹਨ। ਭਾਸ਼ਾ ਕਿਸੇ ਵੀ ਸਾਹਿਤ ਜਾਂ ਪੱਤਰਕਾਰੀ ਦੀ ਜਿੰਦ-ਜਾਨ ਹੁੰਦੀ ਹੈ। ਸਾਫ਼- ਸੁਥਰੀ ਤੇ ਸਪੱਸ਼ਟ ਭਾਸ਼ਾ ਜਿਥੇ ਸੋਹਣਾ ਪ੍ਰਭਾਵ ਸਿਰਜਦੀ ਹੈ ਉਥੇ ਭਾਸ਼ਾਈ ਸੁਹਜ ਅਤੇ ਵਿਕਾਸ ਦੀ ਪਰਿਚਾਇਕ ਵੀ ਹੈ। ਜੇ ਅਸੀਂ ਆਪਣੇ ਖਿੱਤੇ ਦੀ ਬੋਲੀ ਤੇ ਟਕਸਾਲੀ ਭਾਸ਼ਾ ਵਿਚਲਾ ਫ਼ਰਕ ਨਹੀਂ ਸਮਝਾਂਗੇ ਤਾਂ ਭਾਸ਼ਾਈ ਵਿਕਾਸ ਦੀ ਗੱਲ ਅਧੂਰੀ ਹੈ। ਇਥੋਂ ਦਾ ਤੇ ਮੈਨੂੰ ਪਤਾ ਨਹੀਂ ਪਰ, ਕੈਨੇਡਾ ਵਿੱਚ ਕੁਛ ਕੁ ਰੇਡੀਉ ਸਟੇਸ਼ਨ, ਇਹੋ ਜਿਹੇ ਵੀ ਹਨ ਜੋ ਨਾਂ ਤਾਂ ਸਹੀ ਅੰਗਰੇਜ਼ੀ ਬੋਲ ਸਕਦੇ ਹਨ ਤੇ ਨਾਂ ਹੀ ਪੰਜਾਬੀ। ਉਹਨਾਂ ਦਾ ਪੰਜਾਬੀ ਉਚਾਰਣ ਸੁਣ ਕੇ ਹਾਸਾ ਹੀ ਆਉਂਦਾ ਹੈ। ਕੋਈ ਪੱਤਰਕਾਰੀ ਦੀ ਮਹਿਕ ਨਹੀਂ। ਕਈ ਵਾਰੀ ਤਾਂ ਰੇਡੀਉ ਦੇ ਟਾਕ ਸ਼ੋ ਜੰਗ ਦਾ ਮੈਦਾਨ ਹੀ ਬਣ ਜਾਂਦੇ ਹਨ ਤੇ ਸਾਡੀ ਬੋਲੀ ਅਤੇ ਸੰਵਾਦ, ਸ਼ਿਸ਼ਟਤਾ ਦੀਆਂ ਹੱਦਾਂ-ਬੰਨੇ ਹੀ ਟੱਪ ਜਾਂਦੇ ਹਨ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਹੁਤੇ ਪੱਤਰਕਾਰਾਂ ਨੂੰ ਆਪਣੀ ਜ਼ਿਮੇਵਾਰੀ ਅਤੇ ਹੱਕਾਂ ਬਾਰੇ ਹੀ ਪੂਰਾ ਗਿਆਨ ਨਹੀਂ। ਜਿੱਥੇ, ਉਹ ਇਕ ਰੇਡੀਉ ਅਤੇ ਟੈਲੀਵਿਜ਼ਨ ਦੇ ਮੇਜ਼ਬਾਨ ਹੋਣ ਦੀ ਜ਼ਿਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਉੱਥੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਵੀ ਗਿਆਨ ਅੱਧ-ਪਚੱਧ ਹੀ ਹੈ। ਬਹੁਤੀ ਵਾਰ ਕਿਸੇ ਇੰਟਰਵਿਉ ਜਾਂ ਟਾਕ ਸ਼ੋ ਦੌਰਾਨ ਜਿਵੇਂ ਜੀਵੰਤ ਪ੍ਰਸਾਰਣ (live broadcasting) ਹੁੰਦੇ ਹਨ ਕੈਨੇਡੇ, ਉਹ ਸੰਵਾਦ ਸ਼ੁਰੂ ਤਾਂ ਕਰ ਦਿੰਦੇ ਹਨ ਪਰ ਨਜਿੱਠਣਾ ਨਹੀਂ ਜਾਣਦੇ। ਬਹੁਤੀ ਵਾਰ ਸਰੋਤੇ ਜਾਂ ਦਰਸ਼ਕ ਵੀ, ਵਿਸ਼ੇ ਦੀ ਗੱਲ ਪੂਰੀ ਸੁਣੇ ਬਗੈਰ ਸਵਾਲ ਦਾਗਣੇ ਸ਼ੁਰੂ ਕਰ ਦਿੰਦੇ ਹਨ ਤੇ ਜੇ ਸਾਹਮਣੇ ਵਾਲਾ ਵੀ ਆਪਣੇ ਵਿਸ਼ੇ ਦਾ ਮਾਹਰ ਨਾ ਹੋਵੇ ਤਾਂ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਅਗਲੀ ਗੱਲ ਜੋ ਮੈਂ ਸਮਝਦੀ ਹਾਂ ਉਹ ਹੈ ਭਾਸ਼ਾਈ ਮੁਹਾਰਤ ਦਾ ਨਾ ਹੋਣਾ। ਸ਼ੁੱਧ, ਸਰਲ, ਸਪੱਸ਼ਟ ਅਤੇ ਟਕਸਾਲੀ ਬੋਲੀ ਜੇ ਬੋਲੀ ਜਾਏ ਤਾਂ ਭਾਸ਼ਾ ਸੁਹਜਮਈ ਹੋ ਜਾਂਦੀ ਹ ਤੇ ਸਾਰੇ ਲੋਕਾਂ ਦੀ ਸਮਝ ਵਿੱਚ ਆਉਂਦੀ ਹੈ। ਕਿਸੇ ਖ਼ਾਸ ਇਲਾਕੇ ਦੀ, ਖ਼ਾਸ ਬਿਰਾਦਰੀ ਜਾਂ ਮਾਝੇ, ਮਾਲਵੇ, ਦੁਆਬੇ ਆਦਿ ਦੇ ਚੱਕਰ ਵਿੱਚ ਨਾ ਪੈਕੇ, ਜੇ ਕੇਂਦਰੀ ਜਾਂ ਟਕਸਾਲੀ ਬੋਲੀ ਵਰਤੀ ਜਾਵੇ ਤਾਂ ਭਾਸ਼ਾ ਦੀ ਨਾਜ਼ੁਕਤਾ ‘ਤੇ ਸੁਹੱਪਣ ਬਣਿਆ ਰਹਿੰਦਾ ਹੈ। ਖ਼ਿਆਲ ਵੀ ਪਿਛਾਂਹ ਖਿੱਚੂ ਦੀ ਬਜਾਇ ਅਗਾਂਹ ਵਧੂ ਹੋਣੇ ਚਾਹੀਦੇ ਹਨ। ਹਰ ਭਾਸ਼ਾ ਵਿਕਾਸ ਕਰਦੀ ਹੈ, ਦੁਨੀਆਂ ਦੀ ਕੋਈ ਵੀ ਭਾਸ਼ਾ ਖੜ੍ਹੀ ਨਹੀਂ ਹੈ- ਲਗਾਤਾਰ ਅੱਗੇ ਵੱਧ ਰਹੀ ਹੈ, ਵਿਕਾਸ ਹੋ ਰਿਹਾ ਹ, ਨਵੇਂ ਸ਼ਬਦ ਪਰੋਏ ਜਾ ਰਹੇ ਹਨ। ਜੇ ਅਸੀਂ, ਉਹੀ ਸੌ- ਦੋ ਸੌ ਸਾਲ ਪੁਰਾਣੀ ਭਾਸ਼ਾ ਹੀ ਵਰਤੀ ਜਾਵਾਂਗੇ ਤਾਂ ਭਾਸ਼ਾਈ ਵਿਕਾਸ ਦੀ ਗੱਲ ਹੀ ਨਿਰਮੂਲ ਹੈ। ਪਰਵਾਸੀ ਪੱਤਰਕਾਰੀ ਵਿੱਚ (ਮਾਸ ਮੀਡੀਆ) ਰੇਡੀਉ ਟੈਲੀਵਿਜ਼ਨ ਤੇ ਬੋਲੀ ਜਾਣ ਵਾਲੀ ਬੋਲੀ, ਕਈ ਵਾਰ ਮਿਆਰੀ ਨਹੀਂ ਹੁੰਦੀ। ਉਸ ਵਿੱਚ ਪਛੜਿਆਪਣ ਅਤੇ ਫ਼ਿਰਕਾਪ੍ਰਸਤੀ ਭਾਰੂ ਹੈ।
ਅਲਗ- ਅਲਗ ਖਿੱਤਿਆਂ, ਵਖੋ-ਵੱਖਰੇ ਇਲਾਕਿਆਂ ਦੀ ਭਾਸ਼ਾ ਤੋਂ ਇੱਕ ਹੋਰ ਗੱਲ ਜੋ ਨਜ਼ਰੀਂ ਪੈਂਦੀ ਹੈ, ਉਹ ਹੈ ਕਿ ਜਿਵੇਂ ਭਾਰਤੀ ਪੰਜਾਬੀ ਪੱਤਰਕਾਰੀ ਦੀ ਗੱਲ ਕਰੀਏ ਤੇ ਉਥੇ ਹੁਣ ਜ਼ਿਲੇਵਾਰ ਵੀ ਅਖ਼ਬਾਰ ਦਾ ਪੇਜ ਤਿਆਰ ਹੁੰਦਾ ਹੈ ਜਿੱਥੇ ਉਸ ਜ਼ਿਲੇ ਦੀਆਂ ਖ਼ਬਰਾਂ, ਸੂਚਨਾਵਾਂ ਜਾਂ ਹੋਰ ਸਥਾਨਕ ਗਤੀਵਿਧੀਆਂ ਦਾ ਵਰਨਣ ਹੁੰਦਾ ਹੈ। ਉਹਨਾਂ ਦੇ ਪੱਤਰਕਾਰ ਜਾਂ ਰਿਪੋਰਟਰ ਸਥਾਨਕ ਕੰਮਾਂ- ਕਾਰਾਂ ਵਾਲੇ ਹੁੰਦੇ ਹਨ ਜਿਹਨਾਂ ਦਾ ਪੱਤਰਕਾਰੀ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਜੋ ਉਨ੍ਹਾਂ ਦਾ ਜੀ ਕਰਦਾ ਹੈ,ਰਿਪੋਰਟਿੰਗ ਕਰੀ ਜਾਂਦੇ ਹਨ। ਸੱਚ ਜਾਂ ਝੂਠ ਦਾ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਬਸ ਖ਼ਬਰਾਂ ਬਣਾਈ ਜਾਂਦੇ ਹਨ। ਲੀਡ ਸਟੋਰੀ ਲਿਖੀ ਜਾਂਦੇ ਹਨ। ਪੈਸੇ ਦੇ ਕੇ ਕੋਈ ਵੀ ਆਪਣੇ ਹਿੱਤ ਵਿੱਚ ਖ਼ਬਰ ਲਵਾ ਲਵੇ ਜਾਂ ਆਪਣਾ ਪੱਖ ਪੂਰ ਲਵੇ। ਗ਼ਲਤ ਨੂੰ ਸਹੀ ਤੇ ਸਹੀ ਨੂੰ ਗ਼ਲਤ ਆਖਿਆ ਜਾ ਰਿਹਾ ਹੈ। ਉਸ ਦਾ ਅਸਰ ਪਰਵਾਸੀ ਪੱਤਰਕਾਰੀ ਤੇ ਵੀ ਪਿਆ ਹੈ। ਬਹੁਤੀ ਵਾਰੀ ਅਖ਼ਬਾਰ ਦੇ ਐਡੀਟਰ ਨੂੰ, ਇਹ ਪਤਾ ਹੀ ਨਹੀਂ ਹੁੰਦਾ ਕਿ ਉਸਦੀ ਅਖ਼ਬਾਰ ਵਿੱਚ ਜੋ ਛਾਪਿਆ ਜਾ ਰਿਹਾ ਹੈ ਉਸ ਦਾ ਕੋਈ ਸਬੂਤ ਹੈ ਵੀ ਜਾਂ ਨਹੀਂ, ਇੰਝ ਹੋਇਆ ਵੀ ਹੈ ਜਾਂ ਨਹੀਂ
ਪੱਤਰਕਾਰ, ਹਉਮੈਵਾਦੀ ਹੋ ਗਏ ਹਨ। ਜਿਸ ਪ੍ਰੋਗਰਾਮ ਵਿੱਚ ਚਾਹ-ਪਾਣੀ ਦੀ ਚੰਗੀ ਸੇਵਾ ਹੋ ਗਈ ਜਾਂ ਅਗਲੀਆਂ  ਖਾਸ ਕੁਰਸੀਆਂ  ਤੇ ਬਿਠਾ ਦਿੱਤਾ ਜਾਂ ਚਾਪਲੂਸੀ ਹੋ ਗਈ ਤਾਂ ਪ੍ਰੋਗਰਾਮ ਦੀ ਬੱਲੇ- ਬੱਲੇ ਕਰ ਦਿੱਤੀ, ਨਹੀਂ ਤਾਂ ਬੇਹੱਦ ਮਿਹਨਤ ਨਾਲ ਤਿਆਰ ਕੀਤਾ ਗਿਆ ਪ੍ਰੋਗਰਾਮ ਵੀ ਪੱਤਰਕਾਰ ਫੇਲ੍ਹ ਕਰ ਸਕਦੇ ਹਨ, ਕਲਮ ਦੀ ਤਾਕਤ ਦਾ ਦੁਰ ਉਪਯੋਗ ਹੋ ਰਿਹਾ ਹੈ। ਸੱਚ, ਇਮਾਨਦਾਰੀ ਅਤੇ ਸੂਝ-ਬੂਝ ਰਾਹ ਵਿੱਚ ਹੀ ਗਵਾਚ ਗਈਆਂ ਲਗਦੀਆਂ ਹਨ। ਕੁਝ ਕੁ ਅਖ਼ਬਾਰਾਂ ਕਮਰਸ਼ੀਅਲ ਵਿਗਿਆਪਨਾਂ, ਭੈੜੀਆਂ ਤਸਵੀਰਾਂ, ਬਾਬਿਆਂ ਦੀਆਂ ਮਸ਼ਹੂਰੀਆਂ ‘ਤੇ ਸਨਸਨੀਖੇਜ਼ ਭਾਵਨਾਵਾਂ ਨੂੰ ਭੜਕਾÀਣ ਵਾਲੀਆਂ ਖ਼ਬਰਾਂ ਨਾਲ ਹੀ ਭਰੀਆਂ ਹੁੰਦੀਆਂ ਹਨ।
ਹੁਣ ਸਾਡੇ ਸਾਹਮਣੇ ਗੱਲ ਆਉਂਦੀ ਹੈ ਕਿ ਇੰਝ ਕਿਉਂ ਹੋ ਰਿਹਾ ਹੈ? ਜੋ ਮੀਡੀਆ ਸੱਚ ਦਾ ਪਹਿਰੇਦਾਰ ਸੀ, ਈਮਾਨਦਾਰੀ ਦਾ ਪਰਿਚਾਇਕ ਸੀ, ਜਿੱਸ ਦਾ ਕੰਮ ਲੋਕਾਂ ਨੂੰ ਜਗਾਉਣਾ ਸੀ ਉਹ ਆਪ ਕਿਉਂ ਸੌਂ ਗਿਆ ਹੈ? ਜਾਂ ਕੁਰਾਹੇ ਪੈ ਗਿਆ ਹੈ? ਇਸ ਲਈ ਮੈਂ ਕੁਝ ਕੁ ਅਖ਼ਬਾਰਾਂ-ਮੈਗਜ਼ੀਨਾਂ ਦੇ ਪੱਤਰਕਾਰਾਂ ਨਾਲ ਗੱਲ ਕੀਤੀ। ਕੁਛ ਕੁ ਰੇਡੀਉ-ਟੈਲੀਵਿਜ਼ਨ ਦੇ ਸੰਚਾਲਕਾਂ ਨਾਲ ਗਲਾਂ ਕੀਤੀਆਂ,ਜੋ ਖ਼ਾਸ ਕਰ ਕੇ ਸਾਡੇ ਕੈਨੇਡਾ ਵਿੱਚ ਸਰਗਰਮ ਹਨ ਅਤੇ ਮੈਂ ਆਪ ਵੀ ਜਾਨਣਾ ਚਾਹਿਆ ਕਿ  ਪਰਵਾਸੀ ਪੱਤਰਕਾਰੀ ਵਿੱਚ ਜੋ ਇਹ ਬੁਰੀਆਂ ਅਲਾਮਤਾਂ ਆਈਆਂ ਹਨ, ਉਹਨਾਂ ਦਾ ਕਾਰਣ ਕੀ ਹੈ? ਸਭ ਤੋਂ ਪਹਿਲੀ ਗੱਲ ਜੋ ਮੇਰੀ ਸਮਝ ਵਿੱਚ ਆਈ, ਉਹ ਇਹ ਹੈ ਕਿ ਇਸ ਕੰਮ ਵਿੱਚ ਪੈਸਾ ਨਹੀਂ ਹੈ ਭਾਵ ਇਸ ਖ਼ੇਤਰ ਵਿੱਚ ਕੰਮ ਕਰਦੇ ਵਿਅਕਤੀ ਆਮ ਲੋਕਾਂ ਤੋਂ ਗ਼ਰੀਬ ਰਹਿ ਜਾਂਦੇ ਹਨ ਭਾਵੇਂ ਉਨ੍ਹਾਂ ਦੇ ਕੰਮ ਦੇ ਘੰਟੇ, ਦੂਸਰੇ ਲੋਕਾਂ ਨਾਲੋਂ ਵੱਧ ਹੀ ਹਨ । ਉਸ ਹਿਸਾਬ ਨਾਲ ਪੈਸੇ ਨਹੀਂ ਮਿਲ਼ਦੇ, ਮਿਹਨਤ ਬਹੁਤ ਕਰਨੀ ਪੈਂਦੀ ਹੈ, ਪੜ੍ਹਨਾ ਵੀ ਪੈਂਦਾ ਹੈ, ਖੋਜ ਵੀ ਕਰਨੀ ਪੈਂਦੀ ਹੈ, ਦਰਸ਼ਕਾਂ, ਸਰੋਤਿਆਂ ਜਾਂ ਪਾਠਕਾਂ ਦੇ ਸਨਮੁਖ ਹੋਣ ਤੱਕ ਇੱਕ ਲੰਮਾ ਪੈਂਡਾ ਹੈ ਜੋ ਨਜ਼ਰ ਤੇ ਨਹੀਂ ਆਉਂਦਾ ਪਰ, ਹੈ ਥੋੜ੍ਹਾ ਜਲਿਟ। ਉਸ ਹਿਸਾਬ ਨਾਲ ਮਿਲਦਾ ਕੁਝ ਨਹੀਂ! ਕਮਾਈ ਨਹੀਂ ਹੈ। ਆਪਣੀ ਮੈਗਜ਼ੀਨ, ਅਖ਼ਬਾਰ ਜਾਂ ਟੈਲੀਵਿਜ਼ਨ ਨੂੰ ਜਿੰਦਾ ਰੱਖਣ ਲਈ- ਚਲਦਾ ਰੱਖਣ ਲਈ ਆਦਰਸ਼ਾਂ ਨਾਲ ਸਮਝੌਤੇ ਕਰਨੇ ਪੈਂਦੇ ਹਨ, ਕਮਰਸ਼ਿਅਲ ਹੋਣਾ ਪੈਂਦਾ ਹੈ, ਇਸੇ ਲਈ ਅੱਧੇ ਘੰਟੇ ਦੇ ਪ੍ਰੋਗ੍ਰਾਮ ਵਿੱਚ ਕਮਰਸਿਅਲ ਐਡਸ ਹੀ ਚਲਦੀਆਂ ਰਹਿੰਦੀਆਂ ਹਨ। ਇੱਥੇ ਹੀ ਬੱਸ ਨਹੀਂ ਅਖ਼ਬਾਰਾਂ ਤੇ ਸਾਡੇ ਇਹਨਾਂ ਮੁਲਖ਼ਾਂ ਵਿੱਚ ਮੁਫ਼ਤ ਵੰਡਣੀਆਂ ਪੈਂਦੀਆਂ ਹਨ । ਗੁਰਦੁਆਰਿਆਂ ਦੇ ਬਾਹਰ, ਗਰੌਸਰੀ ਸਟੋਰਜ਼ ਦੇ ਬਾਹਰ ਤੇ ਬਕਸੇ ਵੀ ਪੱਲਿਉਂ ਖ਼ਰਚ ਲਾ ਕੇ ਲਗਾਉਣੇ ਪੈਂਦੇ ਹਨ ਤੇ ਫ਼ਿਰ ਅਖ਼ਬਾਰਾਂ ਭਰੀਆਂ ਜਾਂਦੀਆਂ ਹਨ। ਕਾਗਜ਼ ਦਾ ਖ਼ਰਚਾ, ਛਪਾਈ ਦਾ ਖ਼ਰਚਾ, ਆਵਦਾ ਸਮਾਂ, ਢੋਆ- ਢੁਆਈ ਤੇ ਸਟਾਫ਼ ਦਾ ਖ਼ਰਚਾ ਕੱਢ ਕੇ ਪੱਤਰਕਾਰਾਂ ਨੂੰ ਦੇਣ ਜੋਗਾ ਕੁਝ ਬਚਦਾ ਹੀ ਨਹੀਂ। ਫ਼ਿਰ ਪੱਤਰਕਾਰ ਵੀ ਮੁਫ਼ਤ ਦੇ ਹੋਣ ਕਾਰਣ ਆਪਣਾ ਅੰਗ-ਸਾਕ ਹੀ ਪਾਲਦੇ ਹਨ ਜਾਂ ਲਿਹਾਜ਼ ਤੇ ਈਰਖ਼ਾ ਦੇਖਦੇ ਹੋਏ, ਖ਼ਬਰਾਂ ਭੇਜਦੇ ਹਨ। ਬਹੁਤੀ ਸਮੱਗਰੀ ਇੰਡੀਆ ਵਿੱਚ ਹੀ ਤਿਆਰ ਹੁੰਦੀ ਹੈ ਤੇ ਇੱਥੇ ਸਿਰਫ਼ ਛੇਕੜਲੇ ਕੰਮ ਹੀ ਕੀਤੇ ਜਾਂਦੇ ਹਨ।
ਇਸ ਖ਼ੇਤਰ ਵਿੱਚ ਬਹੁਤੀ ਕਮਾਈ ਨਹੀਂ ਹੈ। ਅਖ਼ਬਾਰ ਏਨੀ ਮਿਹਨਤ ਕਰ ਕੇ, ਤਿਆਰ ਕੀਤੀ ਜਾਂਦੀ ਹੈ ਤੇ ਵਿਰਲਾ ਹੀ ਕੋਈ ਪੜ੍ਹਦਾ ਹੈ। ਜਾਂ ਤਾਂ ਉਹ ਲੇਖਕ ਪੜ੍ਹਦੇ ਹਨ ਜਿਹਨਾਂ ਦਾ ਕੋਈ ਲੇਖ, ਆਰਟੀਕਲ ਜਾਂ ਸਿਫ਼ਤ ਛਪੀ ਹੋਵੇ ਬਾਦ ਵਿਚ ਉਸਨੂੰ ਮਾਸ ਮੀਡੀਏ ਤੇ ਸ਼ੇਅਰ ਵੀ ਕੀਤਾ ਜਾਂਦਾ ਹੈ। ਬਾਕੀ ਤੇ ਵਿਚਾਰੇ ਐਡੀਟਰ ਜੋਗੀਆਂ ਹੀ ਰਹਿ ਜਾਂਦੀਆਂ ਹਨ। ਇਹੀ ਹਾਲ ਸਾਹਿਤਕ ਮੈਗਜ਼ੀਨਾਂ ਦਾ ਹੈ, ਪੈਸੇ ਭਰਨ ਲਈ ਕੋਈ ਤਿਆਰ ਨਹੀਂ, ਸਭ ਫਰੀ ਵਿੱਚ ਚਾਹੁੰਦੇ ਹਨ। ਸਥਾਪਤ ਲੇਖ਼ਕਾਂ ਦੀ ਹਉਮੈ ਵੱਡੀ ਹੈ, ਉਹ ਹੋਰ ਪੜ੍ਹਨਾ ਹੀ ਨਹੀਂ ਚਾਹੁੰਦੇ
ਤੇ ਨਾ ਹੀ ਉਨ੍ਹਾਂ ਨੂੰ ਹੋਰ ਕਿਸੇ ਦੀ ਰਚਨਾ ਵਿੱਚ ਕੋਈ ਬਹੁਤੀ ਰੁਚੀ ਹੈ। ਨਾਮ ਉਹਨਾਂ ਪਹਿਲਾਂ ਹੀ ਬਹੁਤ ਕਮਾ ਲਿਆ ਹੈ, ਕੁਝ ਬਿਲਕੁਲ ਨਵੇਂ ਜਾਂ ਕੱਚ-ਘਰੜ ਲੇਖਕ ਆਪਣੀਆਂ ਰਚਨਾਵਾਂ ਛਪਵਾਉਣ ਲਈ ਇਹਨਾਂ ਸਾਹਿਤਕ ਪਰਚਿਆਂ ਵਿੱਚ ਛਪਣ ਲਈ ਕੋਸ਼ਿਸ਼ਾਂ ਕਰਦੇ ਹਨ ਤੇ ਚੰਦੇ ਭਰਨ ਦਾ ਹੀਆ ਵੀ ਕਰਦੇ ਹਨ। ਜਿੱਥੇ ਐਡੀਟਰਜ਼ ਜਾਂ ਪ੍ਰੋਡਿਉਸਰਜ਼ ਨੂੰ ਸਮਝੌਤੇ ਕਰਨੇ ਪੈਂਦੇ ਹਨ ਉੱਥੇ ਪੱਤਰਕਾਰੀ ਚਾਹ ਕੇ ਵੀ ਵੱਡੀਆਂ ਪੁਲਾਘਾਂ ਭਰਨ ਤੋਂ ਵਾਂਝੀ ਰਹਿ ਜਾਂਦੀ ਹੈ ਜਾਂ ਫਿਰ ਵਿੱਚੇ ਹੀ ਫ਼ਨਾਹ ਹੋ ਜਾਂਦੀ ਹੈ । ਜੇ ਅਸੀਂ ਰੇਡੀਉ ਜਾਂ ਟੈਲੀਵਿਜ਼ਨ ਦੀ ਗੱਲ ਕਰੀਏ ਤਾਂ ਕੀ ਸਾਰੇ ਸੰਚਾਲਕ ਅਤੇ ਹੋਸਟ ਆਪਣੇ ਰੋਲ ਵਿੱਚ ਖ਼ਰੇ ਨਹੀਂ ਉਤਰ ਰਹੇ? ਵਿਰਲੇ ਹੀ  ਕਾਬਲੀਅਤ ਅਤੇ ਗਿਆਨ ਪਖਂੋ ਨਿਪੁੰਨ ਹਨ, ਕਈਆਂ ਨੂੰ ਤੇ  ਵਿਸ਼ੇ ਦੀ ਜਾਣਕਾਰੀ ਵੀ ਪੂਰੀ ਨਹੀਂ ਹੁੰਦੀ। ਵਿਸ਼ੇ ਦੀ ਮੁਹਾਰਤ ਦੇ ਨਾਲ- ਨਾਲ, ਟੀ ਵੀ ਜਾਂ ਰੇਡੀਉ ਹੌਸਟ ਨੂੰ ਆਲਰਾÀਂਡਰ ਅਤੇ  ਗਿਆਨਵਾਨ ਵੀ ਹੋਣਾ ਪੈਣਾ ਹੈ। ਕਾਬਲੀਅਤ ਵੀ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕੇ। ਜਿਵੇਂ ਵੱਖੋ-ਵੱਖਰੇ ਮਾਹਿਰਾਂ ਨਾਲ ਗਲਬਾਤ ਕਰਨੀ ਪੈਂਦੀ ਹੈ ਉਹਨਾਂ ਦੇ ਇੰਟਰਵੀਉ ਲਏ ਜਾਂਦੇ ਹਨ ਤੇ ਉਹਨਾਂ ਦੀ ਸੋਚ ਨੂੰ ਸਮਝਣ ਲਈ ਜਾਂ ਸਰੋਤਿਆਂ ਜਾਂ ਦਰਸ਼ਕਾਂ ਸਾਹਮਣੇ ਸਹੀ ਜਾਣਕਾਰੀ ਲਿਆਉਣ ਲਈ, ਆਪਦੇ ਆਪ ਨੂੰ ਵੀ ਕਾਬਲ ਬਨਾਉਣਾ ਜ਼ਰੂਰੀ ਹੈ। ਸਾਡੇ ਬਹੁਤੇ ਹੌਸਟ ਜਾਂ ਚੈਨਲ ਚਲਾਉਣ ਵਾਲੇ ਸਿਰਫ਼ ਪੇਸ਼ੇ ਤੋਂ ਹੀ ਜਰਨਲਿਸਟ ਬਣੇ ਹੋਏ ਹਨ ਪਰ ਉਹਨਾਂ ਨੂੰ ਆਵਦੇ ਰੋਲ, ਜ਼ਿਮੇਵਾਰੀ ਅਤੇ ਹੱਕਾਂ ਬਾਰੇ ਬਹੁਤਾ ਪਤਾ ਨਹੀਂ; ਬਸ ਲਾਈਮ- ਲਾਈਟ ਵਿੱਚ ਰਹਿਣ ਲਈ ਟੀ. ਵੀ. ਜਾਂ ਰੇਡੀਉ ਚਲਾਈ ਜਾਂਦੇ ਹਨ। ਆਵਦਾ ਕੋਈ ਪਰਸਪੈਕਟਿਵ ਜਾਂ ਸਮਝਦਾਰੀ ਨਹੀਂ ਹੈ।
ਹੁਣ ਸਵਾਲ ਇਹ ਹੈ ਕਿ ਜੇ ਪਰਵਾਸੀ ਪੱਤਰਕਾਰੀ ਨੇ ਆਪਣੀ ਵੱਖਰੀ ਪਛਾਣ ਬਣਾਉਣੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਪਰਵਾਸੀ ਯਥਾਰਥ ਨੂੰ ਪੇਸ਼ ਕਰਨਾ ਪੈਣਾ ਹੈ। ਪਰਵਾਸ ਵਿੱਚ, ਜਿਸ ਸਮਾਜ ਵਿੱਚ ਰਹਿ ਕੇ ਪੱਤਰਕਾਰੀ ਹੋ ਰਹੀ ਹੈ ਉਥੋਂ ਦੇ ਸਮਾਜ ਦੇ ਹਾਣ ਦਾ ਹੋਣਾ ਪੈਣਾ ਹੈ। ਉਨ੍ਹਾਂ ਦੀਆਂ ਦਿੱਤੀਆਂ ਸੂਚਨਾਵਾਂ, ਖ਼ਬਰਾਂ, ਆਰਟੀਕਲ ਪੰਜਾਬ ਨਾਲ਼ ਸਬੰਧਿਤ ਹੋਣ ਦੇ ਨਾਲ਼-ਨਾਲ਼ ਉਥੋਂ (ਪਰਵਾਸ) ਦੇ ਸਮਾਜਿਕ, ਰਾਜਨੀਤਕ, ਆਰਥਿਕ ਤੇ ਸੋਸ਼ਲ ਮਸਲਿਆਂ ਤੇ ਆਧਾਰਿਤ ਹੋਣ। ਅੰਤਰਰਾਸ਼ਟਰੀ ਮਸਲਿਆਂ, ਔਕੜਾਂ, ਚੁਣੌਤੀਆਂ ਆਦਿ ਦੀ ਗੱਲ ਵੀ ਕੀਤੀ ਜਾਵੇ। ਫ਼ਿਰਕਾਪ੍ਰਸਤੀ ਅਤੇ ਪਛੜੇਪਨ ਨੂੰ ਛੱਡ ਕੇ ਅਗਾਂਹਵਧੂ ‘ਤੇ ਸਾਕਾਰਾਤਮਕ ਸੋਚ ਅਪਣਾਈ ਜਾਵੇ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਕੁਝ ਪੱਤਰਕਾਰ ਅਜਿਹੇ ਹਨ ਜੋ ਆਪਣਾ ਕੰਮ ਬਹੁਤ ਈਮਾਨਦਾਰੀ ਨਾਲ ਕਰ ਰਹੇ ਹਨ।, ਸੱਚ ਤੇ ਖੜ੍ਹੇ ਹਨ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਹਾਰਿਉ ਨਾ, ਬਦਲਾਉ ਜ਼ਰੂਰ ਆਵੇਗਾ ਤੇ ਕੋਈ ਬਦਲਾਅ ਰਾਤੋ-ਰਾਤ ਨਹੀਂ ਆਇਆ, ਵਕਤ ਲਗਦਾ ਹੈ । ਲੋਕ ਜ਼ਰੂਰ ਸਮਝਣਗੇ ।
ਇਸ ਦੇ ਨਾਲ ਹੀ ਸਾਨੂੰ ਆਮ ਲੋਕਾਂ ਨੂੰ ਵੀ, ਚੰਗੇ ਪੱਤਰਕਾਰਾਂ ਨੂੰ ਸ਼ਬਾਸ਼ੇ ਦੇਣੀ ਬਣਦੀ ਹੈ। ਉਹਨਾਂ ਦੀ ਕਾਬਲੀਅਤ ਦੀ ਕਦਰ ਕਰੀਏ, ਚੰਗੇ ਤੇ ਵਧੀਆ ਪੱਤਰਕਾਰ ਜੋ ਸੱਚ ਤੇ ਪਹਿਰਾ ਦੇਂਦੇ ਹਨ ਤੇ ਈਮਾਨਦਾਰ ਸੋਚ ਰੱਖਦੇ ਹਨ  ਉਹਨਾਂ ਦਾ ਉਤਸ਼ਾਹ ਵਧਾਈਏ। ਸਾਡੇ ਵਿਦਵਾਨਾਂ ਤੇ ਲੇਖਕਾਂ ਦਾ ਵੀ ਫ਼ਰਜ਼ ਬਣਦਾ ਹੈ ਕੇ ਉਹ ਪੱਤਰਕਾਰੀ ਨੂੰ ਨਰੋਈ ਸੇਧ ਦੇਣ।  ਸਿਰਫ਼ ਪ੍ਰਸ਼ੰਸਕ ਅਤੇ ਸੇਵਾ ਭਾਵ ਰੱਖਣ ਵਾਲੇ ਪੱਤਰਕਾਰਾਂ ਨੂੰ ਹੀ ਪਰਮੋਟ ਨਾ ਕਰੀਏ ਸਗੋਂ ਸਹੀ ਅਤੇ ਈਮਾਨਦਾਰ ਪੱਤਰਕਾਰੀ ਦੀ ਸ਼ਲਾਘਾ ਕਰੀਏ ਅਤੇ ਪਿਛਾਂਹ ਖਿੱਚੂ ਤੇ ਤੰਗ ਸੋਚ ਵਾਲੀ ਪੱਤਰਕਾਰੀ ਨੂੰ ਨਰੋਈ ਸੇਧ ਦੇਂਦੇ ਹੋਇਆਂ ਆਪ ਸਾਹਮਣੇ ਆਉਣ ਤੇ ਉਹਨਾਂ ਲਈ ਰੋਲ ਮਾਡਲ ਬਨਣ । ਕਲਮ ਵਿੱਚ ਬਹੁਤ ਤਾਕਤ ਹੈ, ਪੱਤਰਕਾਰ ਅਤੇ ਪੱਤਰਕਾਰੀ ਨਾਲ ਚਾਹੇ ਉਹ ਕਿਸੇ ਵੀ ਰੂਪ ਵਿੱਚ ਜੁੜੇ ਹਨ, ਟੀ ਵੀ ਰਾਹੀਂ, ਰੇਡੀਉ ਰਾਹੀਂ ਜਾਂ ਅਖ਼ਬਾਰਾਂ ਰਾਹੀਂ  ਆਪਣੇ  ਪੇਸ਼ੇ ਦੇ ਪੂਰੇ ਜਾਣਕਾਰ ਬਨਣ। ਲੋੜੀਂਦੀ ਜਾਣਕਾਰੀ ਰੱਖਣ, ਆਪਣੇ ਆਪ ਨੂੰ ਯੋਗ ਬਨਾਉਣ । ਆਪਦੇ ਹੱਕ ਅਤੇ ਜ਼ਿਮੇਵਾਰੀਆਂ ਦੀ ਪੂਰੀ ਸੋਝੀ ਰੱਖਦੇ ਹੋਏ ਇਸ ਮਹਾਨ ਸੱਚੇ ਤੇ ਸੁੱਚੇ ਕਾਰਜ ਵਿੱਚ ਈਮਾਨਦਾਰੀ ਨਾਲ ਹਿੱਸੇਦਾਰ ਬਣਨ ਤਾਂ ਪਰਵਾਸੀ ਪੱਤਰਕਾਰੀ, ਨਵੀਆਂ ਸਿਖ਼ਰਾਂ ਨੂੰ ਛੋਹ ਕੇ ਇਕ ਨਿਵੇਕਲੀ ਪਛਾਣ ਬਣਾ ਸਕਦੀ ਹੈ।
ਸਾਰ ਰੂਪ ਵਿਚ ਕਹਿਣਾ ਹੋਵੇ ਤਾਂ 1909 ਤੋਂ ਲੈ ਕੇ ਹੁਣ ਤਕ ਪਰਵਾਸ ਵਿਚ ਪੰਜਾਬੀ ਪੱਤਰਕਾਰੀ ਨੇ ਲੰਮਾ ਸਮਾਂ ਤੈਅ ਕੀਤਾ ਹੈ। ਤਿੰਨ ਮੁੱਖ ਕੇਂਦਰਾਂ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਰਮਨੀ ਆਦਿ ਵਿਚ ਵੀ ਪੰਜਾਬੀਆਂ ਨੇ ਪੱਤਰਕਾਰੀ ਨੂੰ ਜ਼ਿੰਦਾ ਰੱਖਿਆ ਹੈ। ਇਹ ਇਨ੍ਹਾਂ ਦੀ ਇਕ ਦੂਜੇ ਨਾਲ਼ ਜੁੜਨ ਦੀ ਤਾਂਘ ਦੇ ਨਾਲ਼ ਨਾਲ਼ ਅੰਦੋਲਨਾਂ ਨਾਲ਼ ਵੀ ਜੁੜੀ ਹੋਈ ਹੈ। ਵਿਸ਼ੇਸ਼ ਤੌਰ ਤੇ ਗ਼ਦਰ ਲਹਿਰ ਨਾਲ਼। ਇੰਡੋ ਕੈਨੇਡੀਅਨ ਜਿਹੇ ਕੁਝ ਅਖ਼ਬਾਰ ਖ਼ਰੀਦ ਕੇ ਵੀ ਪੜ੍ਹੇ ਜਾਂਦੇ ਹਨ ਪਰੰਤੂ ਬਹੁਤੇ ਇਸ਼ਤਿਹਾਰਾਂ ਦੇ ਸਿਰ ਤੇ ਬਿਨਾਂ ਪੈਸੇ ਲੋਕਾਂ ਤਕ ਪਹੁੰਚਦੇ ਹਨ। ਟੈਕਨਾਲੋਜੀ ਨੇ ਅਖ਼ਬਾਰਾਂ ਦਾ ਛੱਪਣਾ ਸਸਤਾ ਕਰ ਦਿੱਤਾ ਹੈ। ਪੰਜਾਬੋਂ ਆਏ ਪਰਵਾਸੀਆਂ ਕਾਰਣ ਇਹ ਅਖ਼ਬਾਰ ਚਲਦੇ ਰਹਿਣੇ ਹਨ ਜਦ ਕਿ ਨਵੀਂ ਪੀੜ੍ਹੀ ਲਈ ਇਨ੍ਹਾਂ ਨਾਲ ਜੁੜਨਾ ਕਠਿਨ ਹੈ। ਕਿੱਤਾਵਰ ਪੱਤਰਕਾਰਾਂ ਦੇ ਇਸ ਵਿਚ ਸ਼ਾਮਿਲ ਹੋਣ ਨਾਲ਼ ਸ਼ਾਇਦ ਇਸ ਸਮੱਸਿਆ ਦਾ ਹੱਲ ਨਿਕਲ਼ ਸਕੇ।
(ਇਹ ਪਰਚਾ 5 ਜੂਨ, 2016 ਨੂੰ ਫ਼ਰਿਜ਼ਨੋ ਵਿਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਪੜ੍ਹਿਆ ਗਿਆ ਅਤੇ ਭਰਪੂਰ ਚਰਚਾ ਅਧੀਨ ਆਇਆ।)

ਜਤਿੰਦਰ ਕੌਰ ਰੰਧਾਵਾ,
ਫੋਨ : 647-982 2390

Leave a Reply

Your email address will not be published. Required fields are marked *