ਦੇਸ਼-ਦੁਨੀਆਂ ਦੇ ਕਿਸਾਨ ਘੁਲਾਟੀਆਂ ਨੂੰ ਚਾਨਣ ਵੰਡੇਗਾ ਭਾਰਤ ਦਾ ਕਿਸਾਨ ਸੰਘਰਸ਼

ਸੰਘਰਸ਼ ਸਾਰੇ ਹੀ ਸਬਕਾਂ ਭਰਪੂਰ ਹੁੰਦੇ ਹਨ। ਸੰਸਾਰ ਸੰਘਰਸ਼ਾਂ ਦਾ ਸਦੀਵੀ ਅਖਾੜਾ ਹੈ। ਪਰ ਬਹੁਤ ਘੱਟ ਅਜਿਹੇ ਸੰਘਰਸ਼ ਹਨ ਜਿਹੜੇ ਲਾਮਿਸਾਲ ਹੁੰਦੇ ਹਨ ਅਤੇ ਹਮੇਸ਼ਾ ਲਈ ਵਿਸ਼ਲੇਸ਼ਣ ਅਤੇ ਹਵਾਲਿਆਂ ਦਾ ਵਿਸ਼ਾ ਬਨਣ ਦਾ ਮਾਦਾ ਰੱਖਦੇ ਹਨ। ਕਿਸਾਨ ਮੋਰਚਾ ਵੀ ਉਨ੍ਹਾਂ ਸੰਘਰਸ਼ਾਂ ਵਿਚੋਂ ਇਕ ਹੋ ਨਿਬੜਿਆ ਹੈ, ਜਿਸਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ। ਇਸ ਨੇ ਭਵਿੱਖ ਵਾਸਤੇ ਇਕ ਕੂਹਣੀ ਮੋੜ ਸਾਬਤ ਹੋਣਾ ਹੈ ਜਿਸਨੇ ਝੱਖੜਾਂ ਦਾ ਰੁਖ਼ ਬਦਲਿਆ ਹੈ। ਉਹ ਝੱਖੜ ਜੋ ਕਿਰਤ ਨੂੰ ਉਜਾੜਨ ਅਤੇ ਜੜ੍ਹੋਂ ਉਖਾੜਨ ਵਾਲਾ ਸੀ। ਇਹ ਝੱਖੜ ਇੱਥੇ ਹੀ ਨਹੀਂ ਝੁਲਿਆ ਸਗੋਂ ਪੂਰੇ ਵਿਸ਼ਵ ਵਿਚ ਝੁਲਿਆ ਹੋਇਆ ਹੈ। ਜੋ ਵਿਕਸਤ ਅਤੇ ਅਵਿਕਸਤ ਦੇਸ਼ਾਂ ਦੇ ਕਿਸਾਨਾਂ ਦਾ ਉਜਾੜਾ ਕਰਦਾ ਵੱਧਦਾ ਜਾ ਰਿਹਾ ਹੈ। ਕਿਸਾਨ ਮੋਰਚੇ ਨੇ ਇਸਨੂੰ ਇਕ ਵਾਰ ਤਾਂ ਠੱਲ੍ਹ ਪਾ ਦਿੱਤੀ ਹੈ ਅਤੇ ਵਿਸ਼ਵ ਦਾ ਲਾਜ਼ਮੀ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੇ੍ਰਰਣਾ ਲਿਆ ਕਰੇਗਾ। ਜਿਓਂ-ਜਿਓਂ ਸਮਾਂ ਬੀਤੇਗਾ ਤਿਉਂ-ਤਿਉਂ ਇਹ ਸੱਚ ਨਿਖਰਦਾ ਜਾਵੇਗਾ ਕਿ ਇਸਨੇ ਨਵੇਂ ਯੁੱਗ ਦਾ ਆਗਾਜ਼ ਕੀਤਾ ਹੈ। ਧਰਤੀ ਦੇ ਇਸ ਖਿੱਤੇ ਨੂੰ ਵਰਦਾਨ ਹੈ ਕਿ ਇਹ ਇਤਿਹਾਸ ਦੇ ਖੂਬਸੂਰਤ ਪੰਨ੍ਹੇ ਲਿਖਦਾ ਆਇਆ ਹੈ। ਸੰਘਰਸ਼ਾਂ ਵਿਚ ਹੀ ਨਹੀਂ ਜਿੱਤਾਂ ਪ੍ਰਾਪਤ ਕਰਨ ਵਿਚ ਵੀ ਅਤੇ ਫਲਸਫੇ ਵਿਚ ਵੀ। ਇਸ ਦੀਆਂ ਅਨੇਕਾਂ ਪਹਿਲਾਂ ਹਨ। ਇਹ ਸਾਂਝੀਵਾਲਤਾ ਦੇ ਸੰਕਲਪ ਦਾ ਜਨਮਦਾਤਾ ਹੈ ਅਤੇ ਉਸ ਨੂੰ ਅਮਲ ਵਿਚ ਲਿਆਉਣ ਵਾਲੀ ਪਹਿਲੀ ਕਰਮ ਭੂਮੀ ਹੈ। 19 ਨਵੰਬਰ 2021 ਨੂੰ ਇਸ ਰਚੇ ਜਾ ਰਹੇ ਇਤਿਹਾਸ ਦਾ ਅਗਲਾ ਸਫ਼ਾ ਉਲੱਦਿਆ ਗਿਆ ਹੈ।
ਗੁਰੂ ਨਾਨਕ ਦੇਵ ਜੀ ਦਾ ਪੁਰਬ ਜੋ ਆਏ ਸਾਲ ਉਨ੍ਹਾਂ ਦੇ ਆਗਮਨ ਵਜੋਂ ਮਨਾਇਆ ਜਾਂਦਾ ਹੈ, ਇਸ ਵਾਰ ਉਨ੍ਹਾਂ ਦੇ ਫਲਸਫੇ ਦੀ ਅੰਸ਼ਕ ਜਿੱਤ ਵਜੋਂ ਮਨਾਇਆ ਗਿਆ। ਲੁੱਟ ਦੇ ਇਕ ਮੋਰਚੇ ਨੂੰੂ ਕਿਰਤ ਨੇ ਜਿੱਤ ਲਿਆ। ਇਹ ਦਿਨ ਹੁਣ ਆਮ ਦਿਨਾਂ ਵਾਂਗ ਛਿਪਣ ਵਾਲਾ ਨਹੀਂ। ਜਿੱਥੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ ਦਾ ਸਧਾਰਨੀਕਰਨ ਜਸ਼ਨਾਂ ਵਿਚ ਹੋ ਰਿਹਾ ਹੈ ਉਥੇ ਇਸ ਦੀ ਪਾਰਦਰਸ਼ਤਾ ਵਿਚੋਂ ਸਰਕਾਰ ਨਾਲ ਵਾਪਰੇ ਸਿਆਸੀ ਹਾਦਸੇ ਦਾ ਝਉਲਾ ਪੈ ਰਿਹਾ ਹੈ।
ਕਿਸਾਨ ਮੋਰਚੇ ਨੂੰ ਇਕ ਸਾਲ ਪੂਰਾ ਹੋਣ ਵਿਚ ਇਕ ਹਫਤਾ ਬਾਕੀ ਸੀ। ਇਹ ਵਿਸ਼ਵ ਇਤਿਹਾਸ ਦਾ ਸਭ ਤੋਂ ਲੰਬਾ ਮੋਰਚਾ ਹੋ ਨਿਬੜਿਆ ਹੈ। ਜਿਸ ਵਿਚ ਕਿਸੇ ਵੀ ਛੜਯੰਤਰ ਨਾਲ ਭੜਕਾਹਟ ਪੈਦਾ ਨਹੀਂ ਕੀਤੀ ਜਾ ਸਕੀ, ਇਸਨੂੰ ਹਿੰਸਕ ਨਹੀਂ ਕੀਤਾ ਜਾ ਸਕਿਆ। ਨਾ ਇਸਦੀ ਏਕਤਾ ਨੂੰ ਤੋੜਿਆ ਜਾ ਸਕਿਆ ਅਤੇ ਨਾ ਹੀ ਇਸਨੂੰ ਦੱਬਿਆ ਜਾਂ ਭੰਬਲਭੂਸੇ ਵਿਚ ਪਾਇਆ ਜਾ ਸਕਿਆ। ਇਸ ਦੀਆਂ ਇਨ੍ਹਾਂ ਵਿਲੱਖਣਤਾਵਾਂ ਨੂੰ ਹਮੇਸ਼ਾ ਹੀ ਵਡਿਆਇਆ ਕੀਤਾ ਜਾਂਦਾ ਰਹੇਗਾ। ਇਸ ਕਰਕੇ ਇਹ ਕਿਸਾਨ ਮੋਰਚਾ ਰਾਹ ਦਸੇਰਾ ਬਣ ਗਿਆ ਹੈ।
ਸੰਸਾਰ ਨੂੰ ਉਸ ਸਮੇਂ ਸਪੱਸ਼ਟ ਹੋਇਆ ਕਿ ਇਹਨਾਂ ਦੀਆਂ ਤੀਹ ਤੋਂ ਵੱਧ ਜਥੇਬੰਦੀਆਂ ਸੰਘਰਸ਼ ਵਿਚ ਸਨ ਜਦੋਂ ਸੰਘਰਸ਼ ਦਿੱਲੀ ਦੇ ਬਾਰਡਰ ‘ਤੇ ਪਹੁੰਚ ਗਿਆ। ਇਸ ਨੇ ਦੇਸ਼ ਨੂੰ ਵੀ ਅਤੇ ਦੁਨੀਆਂ ਨੂੰ ਵੀ ਹੈਰਾਨ ਕੀਤਾ ਕਿ ਇਹ ਜਥੇਬੰਦੀਆਂ ਏਨੀਆਂ ਕਿਉਂ ਸਨ? ਦੂਜੇ ਪਾਸੇ ਇਨ੍ਹਾਂ ਨੂੰ ਦੋਫਾੜ ਕਰਨਾ ਸਰਕਾਰ ਨੂੰ ‘ਬਾਂਏ ਹਾਥ ਕਾ ਖੇਲ’ ਲੱਗਦਾ ਸੀ। ਜਿਸ ਕਰਕੇ ਉਹ ਆਪਣੇ ਸਾਰੇ ਹੱਥਕੰਡਿਆਂ ਸਮੇਤ ਸਾਲ ਭਰ ਇਸੇ ਯਤਨ ਵਿਚ ਲੱਗੀ ਰਹੀ। ਇਹ ਜਥੇਬੰਦੀਆਂ ਜਦੋਂ ਲੰਬੇ ਸਮੇਂ ਤੋਂ ਆਪਣੇ ਆਪਣੇ ਝੰਡੇ ਹੇਠ ਲੜ ਰਹੀਆਂ ਸਨ ਤਾਂ ਸ਼ਾਇਦ ਉਨ੍ਹਾਂ ਨੂੰ ਏਨਾ ਡੂੰਘਾ ਅਹਿਸਾਸ ਨਹੀਂ ਸੀ ਕਿ ਉਹ ਅਲੱਗ ਰਹਿਕੇ ਵੀ ਇਕੋ ਫਲਸਫੇ ‘ਤੇ ਅਮਲ ਕਰ ਰਹੀਆਂ ਹਨ। ਇਕ ਪਾਸੇ ਤਾਂ ਉਨ੍ਹਾਂ ਵਿਚ ਇਹ ਅਹਿਸਾਸ ਗਹਿਰਾਉਣ ਲਈ ਕਿਰਤ ਦੇ ਡਾਢੇ ਦੁਸ਼ਮਣ ਦੇ ਤਾਬੜਤੋੜ ਹਮਲੇ ਨੇ ਭੂਮਿਕਾ ਨਿਭਾਈ ਅਤੇ ਦੂਜੇ ਪਾਸੇ ਦਹਾਕਿਆਂ ਤੋਂ ਆਮ ਲੋਕਾਂ ਦੀ ਤਿੱਖੀ ਹੋ ਰਹੀ ਰਾਜਨੀਤਕ ਸੂਝ ਨੇ ਵੀ ਸ਼ਾਨਦਾਰ ਭੂਮਿਕਾ ਨਿਭਾਈ। ਇਸ ਮੋਰਚੇ ਵਿਚ ਕੁੱਦੇ ਹੋਏ ਕਿਸਾਨ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਪਿੱਠ ਉਤੇ ਆਏ ਸਮਾਜ ਦੇ ਦੂਜੇ ਸੁਚੇਤ ਹਿੱਸੇ ਰਾਜਨੀਤਕ ਸੂਝ ਦੀ ਮੋਰਚੇ ਦੇ ਆਗੂਆਂ ਜਿੰਨੀ ਹੀ ਉਚਾਈ ਛੂਹ ਚੁੱਕੇ ਸਨ। ਨੀਝ ਨਾਲ ਦੇਖਿਆਂ ਇਹ ਨਿਖੇੜਾ ਕਰਨਾ ਸੰਭਵ ਨਹੀਂ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਲਹਿਰ ਵਿਚ ਕੁੱਦੇ ਲੋਕਾਂ ਦੀ ਅਗਵਾਈ ਕਰ ਰਹੇ ਹਨ ਜਾਂ ਇਸ ਲਹਿਰ ਵਿਚ ਕੁੱਦੇ ਬਜ਼ੁਰਗ ਬੀਬੀਆਂ, ਨੌਜਵਾਨ ਅਤੇ ਬੱਚੇ ਕਿਸਾਨ ਆਗੂਆਂ ਨੂੰ ਸੇਧ ਦੇ ਰਹੇ ਹਨ। ਇਹ ਸੰਘਰਸ਼ ਦੀ ਸੂਝ ਦਾ ਸਿਖ਼ਰ ਸੀ ਜੋ ਇਤਿਹਾਸ ਵਿਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਦੇ ਪਿੱਛੇ ਕੰਮ ਕਰ ਰਹੇ ਸਾਂਝੀਵਾਲਤਾ ਦੇ ਫਲਸਫੇ ਨੇ ਆਸਤਕਾਂ ਅਤੇ ਨਾਸਤਿਕਾਂ ਦੀ ਪੀਡੀ ਗੰਢ ਬੰਨ ਦਿੱਤੀ। ਫਲਸਫੇ ਦੀ ਸ਼ਕਤੀ ਸੰਘਰਸ਼ਕਾਰੀਆਂ ਦੀ ਇਕਸੁਰ ਚੇਤਨਾ ਅਤੇ ਆਗੂਆਂ ਦੀ ਰਾਜਨੀਤਕ ਅਤੇ ਆਰਥਿਕ ਸੂਝ ਇਸ ਇਤਿਹਾਸ ਦੀ ਸਿਰਜਣਾ ਦਾ ਅਧਾਰ ਹੈ।
ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ ਜਦੋਂ ਅਸੀਂ ਬੀਤੇ ਦੇ ਸੰਘਰਸ਼ਾਂ ਤੇ ਨਜ਼ਰ ਮਾਰਦੇ ਹਾਂ ਤਾਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜਦੋਂ-ਜਦੋਂ ਵੀ ਜਮਾਤੀ ਸੰਘਰਸ਼ ਉਠੇ ਅਤੇ ਆਪਣੀ ਬੁਲੰਦੀ ਨੂੰ ਪਹੁੰਚੇ ਉਦੋਂ-ਉਦੋਂ ਹੀ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨੇਤਾ ਆਮ ਕਰਕੇ ਮਧਵਰਗੀ ਬੁੱਧੀਜੀਵੀ ਰਹੇ ਸਨ, ਜਿਨ੍ਹਾਂ ਦੀ ਸਥਿਰਤਾ ਅਤੇ ਸੰਘਰਸ਼ੀ ਜਮਾਤ ਦੇ ਹਿਤਾਂ ਨਾਲ ਤੋੜ ਤੱਕ ਨਿਭ ਸਕਣ ਦੀਆਂ ਸੀਮਾਵਾਂ ਹੁੰਦੀਆਂ ਸਨ। ਇਤਿਹਾਸ ਦੇ ਕੁੰਜੀਵਤ ਮੋੜਾਂ ਉਤੇ ਬਹੁਤ ਹੀ ਮਹਾਨ ਮੰਨੇ ਗਏ ਨੇਤਾਵਾਂ ਨੂੰ ਡੋਲਦੇ ਅਤੇ ਦਿਲ ਛੱਡਦੇ ਦੇਖਿਆ ਜਾ ਸਕਦਾ ਹੈ। ਮੱਧ ਵਰਗੀ ਨੇਤਾਵਾਂ ਦੇ ਡੋਲ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪ੍ਰੰਤੂ ਕਿਸਾਨ ਸੰਘਰਸ਼ ਦੀ ਇਹ ਵਿਲੱਖਣਤਾ ਵੀ ਸ਼ਾਇਦ ਇਤਿਹਾਸ ਦਾ ਵਚਿੱਤਰ ਅਧਿਆਏ ਹੈ ਕਿ ਕਿਸਾਨੀ ਨੇ ਉਚ ਕੋਟੀ ਦੇ ਵਿਦਵਾਨ ਵੀ ਆਪਣੇ ਹੀ ਪੈਦਾ ਕਰ ਲਏ ਸਨ ਜਿਹੜੇ ਆਪਣੇ ਆਰਥਿਕ ਅਤੇ ਰਾਜਨੀਤਕ ਹਿਤਾਂ ਨੂੰ ਨਾ ਕੇਵਲ ਬਰੀਕੀ ਨਾਲ ਸਮਝਦੇ ਹਨ ਸਗੋਂ ਆਪਣੀ ਲਹਿਰ ਨਾਲ ਰੋਮ-ਰੋਮ ਤੋਂ ਵਫ਼ਾਦਾਰ ਹਨ। ਉਹ ਨਾ ਕੇਵਲ ਵਰਤਮਾਨ ਨੂੰ ਸਮਝਦੇ ਹਨ ਸਗੋਂ ਭਵਿੱਖ ਨੂੰ ਦੇਖ ਸਕਣ ਦੀ ਵੀ ਸਮਰੱਥਾ ਰੱਖਦੇ ਹਨ, ਆਪਣੇ ਆਸ਼ੇ ਬਾਰੇ ਸਪੱਸ਼ਟ ਹਨ। ਉਨ੍ਹਾਂ ਨੇ ਨਾ ਕੇਵਲ ਸਰਕਾਰ ਦਾ ਗੱਲਾਂ ਦਾ ਕੜਾਹ ਛਕਣ ਤੋਂ ਇਨਕਾਰ ਕਰ ਦਿੱਤਾ ਸਗੋਂ ਭਟਕਾਊ ਵਿਚਾਰ ਅਤੇ ਤੌਰ-ਤਰੀਕਿਆਂ ਨੂੰ ਵੀ ਅਪ੍ਰਵਾਨ ਕਰੀ ਰੱਖਿਆ। ਕਿਸਾਨੀ ਮੋਰਚੇ ਦੀ ਸਫਲਤਾ ਦੀ ਕੁੰਜੀ ਦਾ ਇਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਉਸਨੇ ਆਪਣੇ ਹੀ ਚਿੰਤਕ ਅਤੇ ਰਾਜਕੀ ਪ੍ਰਪੱਕਤਾ ਵਾਲੇ ਨੇਤਾ ਪੈਦਾ ਕਰ ਲਏ ਹਨ ਜਿਨ੍ਹਾਂ ਨੂੰ ਭਟਕਾ ਸਕਣਾ ਸੰਭਵ ਨਹੀਂ ਸੀ। ਇਸ ਦਾ ਦੂਜਾ ਉਤਮ ਪੱਖ ਇਹ ਸੀ ਕਿ ਕਿਸਾਨ ਸੰਘਰਸ਼ ਦੀ ਪਿੱਠ ਤੇ ਨਿੱਤਰੀਆਂ ਦੂਜੀਆਂ ਸ਼ੇ੍ਰਣੀਆਂ ਦੇ ਨੇਤਾਵਾਂ ਖਾਸ ਕਰਕੇ ਵਿਦਵਾਨਾਂ ਨੇ ਕਿਸਾਨ ਨੇਤਾਵਾਂ ਵੱਲ ਹਮਾਇਤ ਦਾ ਹੱਥ ਵਧਾਇਆ ਨਾ ਕਿ ਉਨ੍ਹਾਂ ਨੂੰ ਅਗਵਾਈ ਜਾਂ ਮੱਤਾਂ ਦੇਣ ਦਾ ਯਤਨ ਕੀਤਾ। ਇਹ ਇਸ ਦਾ ਇਕ ਹੋਰ ਵਿਲੱਖਣ ਪੱਖ ਹੈ ਕਿ ਉਨ੍ਹਾਂ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਕਿਸਾਨ ਆਗੂਆਂ ਦੀ ਵਿਦਵਤਾ ਅਤੇ ਸਮਰੱਥਾ ਨੂੰ ਠੀਕ ਤਰ੍ਹਾਂ ਪਹਿਚਾਣਿਆਂ।
ਸਮਾਜੀ ਵਿਗਿਆਨ ਦਾ ਇਹ ਤਕਾਜ਼ਾ ਹੈ ਕਿ ਜੋ ਸੱਚ ਨਹੀਂ ਹੁੰਦਾ ਜਾਂ ਮਨ ਘੜਤ ਹੁੰਦਾ ਹੈ ਉਹ ਯਥਾਰਥ ਨਾਲ ਟਕਰਾ ਕੇ ਚੂਰ-ਚੂਰ ਹੋ ਜਾਂਦਾ ਹੈ। ਇਹੋ ਹੀ ਵਾਪਰਿਆ ਹੈ ਸਰਕਾਰੀ ਤੰਤਰ ਅਤੇ ਸਰਕਾਰੀ ਨੀਤੀਆਂ ਨਾਲ। ਇਹ ਸੱਚ ਹੈ ਕਿ ਹਾਰੀ ਹੋਈ ਵਿਚਾਰਧਾਰਾ ਕਦੀ ਹਥਿਆਰ ਨਹੀਂ ਸੁੱਟਦੀ। ਜਿੰਨੀ ਸੁੰਗੜਦੀ ਜਾਂਦੀ ਹੈ ਓਨੀ ਹੀ ਵਧੇਰੇ ਕੱਟੜ ਹੁੰਦੀ ਜਾਂਦੀ ਹੈ। ਪਰ ਵਿਚਰਨਾ ਅਤੇ ਪ੍ਰਫੁੱਲਤ ਹੋਣਾ ਓੜਕ ਨੂੰ ਯਥਾਰਥ ਨੇ ਹੀ ਹੁੰਦਾ ਹੈ। ਇਕ ਅਤਿਅੰਤ ਸਧਾਰਨ ਤਰਕ ਇਹ ਹੈ। ਜਦੋਂ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ‘ਤੇ ਪਹੁੰਚ ਗਿਆ ਸੀ ਤਾਂ ਜੇਕਰ ਪ੍ਰਧਾਨ ਮੰਤਰੀ ਉਸ ਸਮੇਂ ਅਜੋਕਾ ਬਿਆਨ ਦੇ ਕੇ ਤਿੰਨ ਕਾਲੇ ਕਾਨੂੰਨ ਵਾਪਿਸ ਲੈ ਲੈਂਦਾ ਤਾਂ ਪ੍ਰਭਾਵ ਸਰਕਾਰ ਵਲੋਂ ਗੋਡੇ ਟੇਕਣ ਵਾਲਾ ਨਾ ਬਣਦਾ, ਜੋ ਕਿ ਹੁਣ ਮੁਕੰਮਲ ਆਤਮ ਸਮਰਪਣ ਕਰਨ ਵਾਲਾ ਬਣ ਗਿਆ ਹੈ। ਤਰ੍ਹਾਂ-ਤਰ੍ਹਾਂ ਦੇ ਸਵਾਲ ਉਠ ਰਹੇ ਹਨ, ਨਾ ਕੇਵਲ ਬਾਹਰੋਂ ਹੀ ਸਗੋਂ ਮੋਦੀ ਭਗਤਾਂ ਦੇ ਇਕ ਹਿੱਸੇ ਵਲੋਂ ਵੀ। ਜਿਨ੍ਹਾਂ ਨੂੰ ਕਿਸਾਨਾਂ ਵਿਰੁੱਧ ਕੌੜ ਚੜ੍ਹਾਈ ਹੋਈ ਸੀ ਹੁਣ ਉਹ ਕੌੜ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵੀ ਚੜ੍ਹਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੂੰ ਕਿਸਾਨਾਂ ਅਤੇ ਕਿਸਾਨ ਹਮਾਇਤੀਆਂ ਵਲੋਂ ਕੀਤੀ ਗਈ ਦੁਰਦਸ਼ਾ ਦੁਖਣੀ ਸ਼ੁਰੂ ਹੋ ਗਈ ਹੈ। ਜਿਹੜਾ ਉਨ੍ਹਾਂ ਨੇ ਮੋਦੀ ਭਗਤੀ ਕਾਰਨ ਕਰਵਾਈ ਸੀ। ਹਿੰਦੂ ਮਹਾਂ ਸਭਾ ਦੇ ਇਕ ਦਫਤਰ ਨੇ ਉਸੇ ਦਿਨ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਉਸਾਰਕੇ ਸਾਵਰਕਰ ਦੀ ਟੰਗ ਦਿੱਤੀ। ਜਾਪਦਾ ਹੈ ਕੱਟੜਪੰਥੀਆਂ ਨੂੰ ਆਪਣੇ ਆਗੂ ਤਬਦੀਲ ਕਰਨੇ ਪੈ ਸਕਦੇ ਹਨ।
ਦੇਸ਼ ਦੀ ਸਮਾਜੀ ਉਣਤ-ਬੁਣਤ, ਭਾਈਚਾਰਕ ਸਾਂਝ, ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਹਕੀਕਤਾਂ ਨੂੰ ਠੋਕਰ ਮਾਰਨ ਦਾ ਨਤੀਜਾ ਇਹੋ ਹੀ ਨਿਕਲ ਸਕਦਾ ਹੈ। ਭਾਜਪਾ ਦੇ ਭਾਰੂ ਨੇਤਾਵਾਂ ਨੇ ਆਪਣੇ ਹੀ ਆਗੂ ਸਤਪਾਲ ਮਲਿਕ ਨੂੰ ਵੀ ਨਹੀਂ ਸੁਣਿਆ ਜਿਸਨੇ ਆਪਣੀ ਗੱਲ ਜਨਤਕ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਲੀਡਰਸ਼ਿਪ ਤੱਕ ਪਹੁੰਚਾਉਣ ਦਾ ਖਤਰਾ ਮੁੱਲ ਲਿਆ। ਜਿਸਨੇ ਕਿਹਾ ਕਿ ਦੇਸ਼ ਦਾ ਕਿਸਾਨ ਨਾ ਕੇਵਲ ਦੇਸ਼ ਦਾ ਢਿੱਡ ਭਰਦਾ ਹੈ ਸਗੋਂ ਕਿਸਾਨਾਂ ਦੇ ਬੱਚੇ ਸਾਡੀਆਂ ਸਰਹੱਦਾਂ ਤੇ ਸ਼ਹੀਦੀਆਂ ਵੀ ਪਾ ਰਹੇ ਹਨ ਜਿਸ ਦਾ ਪ੍ਰਭਾਵ ਸਾਡੇ ਸੁਰੱਖਿਆ ਬਲਾਂ ‘ਤੇ ਵੀ ਪੈਣਾ ਲਾਜ਼ਮੀ ਹੈ। ਗਵਰਨਰ ਸਤਯਪਾਲ ਮਲਿਕ ਦੇ ਵਿਚਾਰਾਂ ਨੇ ਠੋਸ ਰੂਪ ਲੈ ਲਿਆ ਪ੍ਰਤੀਤ ਹੁੰਦਾ ਹੈ, ਜਿਸਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਨਸਿਕਤਾ ਨੂੰ ਵੀ ਸਤਾਇਆ ਹੋ ਸਕਦਾ ਹੈ।
ਇਹ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਪ੍ਰਧਾਨ ਮੰਤਰੀ ਮੋਦੀ ਅਚਾਨਕ ਹੀ ਏਨਾ ਵੱਡਾ ਐਲਾਨ, ਬਿਨਾ ਮੰਤਰੀ ਮੰਡਲ ਨੂੰ ਭਰੋਸੇ ਵਿਚ ਲਿਆਂ ਹੀ ਕਰ ਦੇਣਗੇ। ਭਾਰਤ ਦੇ ਇਤਿਹਾਸ ਵਿਚ ਇਹ ਵੀ ਇਕ ਸਦੀਵੀਂ ਮਿਸਾਲ ਬਣੀ ਰਹੇਗੀ ਕਿ ਅਜਿਹਾ ਬਿੱਲ ਜਿਸ ਬਾਰੇ ਸਰਕਾਰ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਸੀ ਉਸਨੂੰ ਦੇਸ਼ ਦੇ ਦੋਹਾਂ ਸਦਨਾਂ ਨੇ ਇਕੋ ਹੀ ਦਿਨ ਪਾਸ ਕਰਕੇ ਰਾਸ਼ਟਰਪਤੀ ਦੀ ਮਨਜੂਰੀ ਲਈ ਭੇਜ ਦਿੱਤਾ। ਇਹ ਭੇਤ ਖੁੱਲ੍ਹਣ ਵਿਚ ਸ਼ਾਇਦ ਬੜੀ ਦੇਰ ਲੱਗੇਗੀ ਕਿ ਆਖਰਕਾਰ ਅਜਿਹੀ ਕਿਹੜੀ ਹੰਗਾਮੀ ਸਥਿਤੀ ਸੀ ਜਿਹੜੀ ਇਕ ਸਾਲ ਤੋਂ ਦਿਖਾਈ ਨਹੀਂ ਦੇ ਰਹੀ ਸੀ। ਫਿਰ ਵੀ ਪ੍ਰਭਾਵ ਇਹ ਗਿਆ ਹੈ ਕਿ ਇਹ ਸਰਕਾਰ ਦੇ ਪੱਲੇ ਨਾ ਦਯਾ ਹੈ ਨਾ ਦਾਨਾਈ। ਇਹ ਕੇਵਲ ਤੇ ਕੇਵਲ ਕਿਸਾਨ ਸੰਘਰਸ਼ ਦੀ ਜਿੱਤ ਹੈ ਜਿਸ ਦਾ ਜਸ਼ਨ ਉਹ ਬਜ਼ਾ ਤੌਰ ‘ਤੇ ਮਨਾ ਰਹੇ ਹਨ।
ਇਸ ਜਿੱਤ ਨੇ ਨਾ ਕੇਵਲ ਦੇਸ਼ ਦੇ ਦੂਜੇ ਵਰਗਾਂ ਦੀ ਹੀ ਚੇਤਨਾ ਨੂੰ ਪ੍ਰਚੰਡ ਕੀਤਾ ਹੈ ਸਗੋਂ ਵਿਸ਼ਵ ਦੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਰੌਸ਼ਨੀ ਅਤੇ ਤਾਕਤ ਬਖਸ਼ੀ ਹੈ ਜਿਹੜੇ ਕਾਰਪੋਰੇਟਾਂ ਵੱਲੋਂ ਲਗਾਤਾਰ ਉਜਾੜੇ ਜਾ ਰਹੇ ਹਨ। ਭਾਵੇਂ ਉਹ ਅਮਰੀਕਾ ਅਤੇ ਯੂਰਪ ਦੇ ਕਿਸਾਨ ਹਨ ਅਤੇ ਭਾਵੇਂ ਅਫਰੀਕਾ ਮਹਾਂਦੀਪ ਅਤੇ ਸੰਸਾਰ ਦੇ ਦੂਜੇ ਦੇਸ਼ਾਂ ਦੇ। ਉਹ ਜਾਣ ਗਏ ਹਨ ਕਿ ਉਜਾੜੇ ਦਾ ਰਾਹ ਰੋਕਿਆ ਜਾ ਸਕਦਾ ਹੈ।
ਕਿਸਾਨ ਅੰਦੋਲਨ ਦੀ ਜਿੱਤ ਦੇ ਵਿਚਾਰਧਾਰਕ ਅਤੇ ਰਾਜਨੀਤਕ ਪਸਾਰ ਅਸੀਮਤ ਹਨ ਜਿਹੜੇ ਵਿਸ਼ਵੀ ਸੰਘਰਸ਼ਾਂ ਨੂੰ ਮੋੜਾ ਦੇਣ ਦਾ ਬਿੰਦੂ ਬਣ ਸਕਦੇ ਹਨ ਜੇਕਰ ਇਸਨੂੰ ਸੁਚੱਜਤਾ ਨਾਲ ਗ੍ਰਹਿਣ ਕਰ ਲਿਆ ਜਾਂਦਾ ਹੈ।