ਗੁਰਮਤਿ ਦੀ ਅਜੋਕੀ ਪ੍ਰਸੰਗਿਕਤਾ

ਡਾ. ਕਰਮਜੀਤ ਸਿੰਘ

(ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਦੀ ਵਰਤਮਾਨ ਦੌਰ ਵਿੱਚ ਪ੍ਰਸੰਗਕਿਤਾ ਬਾਰੇ ਲੇਖ ਛਾਪ ਰਹੇ ਹਾਂ-ਸੰਪਾਦਕੀ ਮੰਡਲ)

ਗੁਰਬਾਣੀ ਦੀ ਸਮਕਾਲੀ ਪ੍ਰਸੰਗਿਕਤਾ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਉਸ ਦਾ ਇਤਿਹਾਸਕ, ਸਭਿਆਚਾਰਕ, ਦਾਰਸ਼ਨਿਕ, ਸਮਾਜਿਕ ਆਦਿ ਸੰਦਰਭਾਂ ਵਿਚ ਮੁਲਾਂਕਣ ਅਵੱਸ਼ ਕਰ ਲੈਣਾ ਚਾਹੀਦਾ ਹੈ। 12ਵੀਂ ਤੋਂ 17ਵੀਂ ਸਦੀ ਦਰਮਿਆਨ ਰਚੀ ਗਈ ਬਾਣੀ ਦੇ ਉਸੇ ਕਾਲ ਖੰਡ ਵਿਚ ਮਹੱਤਵ ਦਾ ਦਰੁਸਤ ਮੁਲਾਂਕਣ ਕਰਕੇ ਹੀ ਅਸੀਂ ਇਸ ਦੀ ਅਜੋਕੀ ਪ੍ਰਸੰਗਿਕਤਾ ਨੂੰ ਸਹੀ ਰੂਪ ਵਿਚ ਜਾਣ ਸਕਦੇ ਹਾਂ। ਵਿਸ਼ਵ ਪੱਧਰ ਤੇ ਅਸੀਂ ਪੂਰਵ ਬਾਜ਼ਾਰ ਪੂੰਜੀਵਾਦ ਤੋਂ ਚਲ ਕੇ ਅੱਜ ਉੱਤਰਆਧੁਨਿਕ ਪੜਾਅ ਤਕ ਪਹੁੰਚ ਗਏ ਹਾਂ। ਇਨ੍ਹਾਂ ਪੜਾਵਾਂ ਬਾਰੇ ਸੰਖੇਪ ਜਾਣਕਾਰੀ ਜੇਮਸਨ ਦੇ ਸ਼ਬਦਾਂ ਵਿਚ ਇਉਂ ਹੈ, ”ਪਹਿਲਾ ਪੜਾਅ ਬਾਜ਼ਾਰ ਪੂੰਜੀਵਾਦ ਦਾ ਹੈ ਜੋ18 ਵੀਂ ਸਦੀ ਤੋਂ ਲੈ ਕੇ 19 ਵੀਂ ਸਦੀ ਦੇ ਅਖੀਰ ਤਕ ਚਲਦਾ ਹੈ……ਦੂਜਾ ਪੜਾਅ 19ਵੀਂ ਸਦੀ ਦੇ ਅੱਧ ਤਕ ਆਉਂਦਾ ਹੈ ਤੇ ਇਹ ਅਜਾਰੇਦਾਰੀ ਪੂੰਜੀਵਾਦੀ ਪੜਾਅ ਹੈ……ਤੀਜੇ ਪੜਾਅ ਉਪਰ ਅਸੀਂ ਹੁਣ ਹਾਂ, ਇਹ ਪੜਾਅ ਮਲਟੀਨੈਸ਼ਨਲ ਪੂੰਜੀਵਾਦ ਦਾ ਹੈ ਜੋ ਵਸਤਾਂ ਵੇਚਣ ਅਤੇ ਵਸਤੂ ਉਪਭੋਗਤਾ ਉਪਰ ਜ਼ੋਰ ਦਿੰਦਾ ਹੈ, ਵਸਤਾਂ ਪੈਦਾ ਕਰਨ ਉਪਰ ਓਨਾ ਨਹੀਂ।” ਇਸ ਸਭ ਕੁਝ ਦੀ ਚਰਚਾ ਕਰਨ ਦਾ ਮਕਸਦ ਕੇਵਲ ਇਹ ਦਰਸਾਉਣਾ ਹੈ ਕਿ ਪੂਰਵ ਆਧੁਨਿਕ ਕਾਲ ਤੋਂ ਲੈ ਕੇ ਹੁਣ ਤਕ ਕਈ ਸਦੀਆਂ ਦਾ ਸਫ਼ਰ ਤੈਅ ਹੋਇਆ ਹੈ। ਇਸ ਦੇ ਆਰੰਭ ਦੌਰਾਨ ਅਰਜਿਤ ਕੀਤੀਆਂ ਗਈਆਂ ਮਾਨਵੀ ਕਦਰਾਂ-ਕੀਮਤਾਂ ਨੂੰ ਪਿਛਲਾ ਅਜੋਕਾ ਪੜਾਅ ਤਿਆਗਦਾ ਚਲਾ ਜਾਂਦਾ ਹੈ। ਅਰਾਜਕਤਾ ਤੇ ਮੁਨਾਫ਼ਾ ਅੱਜ ਦੀ ਇਕੋ-ਇਕ ਕੀਮਤ ਰਹਿ ਗਈ ਹੈ। ਅਤਿ ਦੇ ਵਿਅਕਤੀਵਾਦ ਨੇ ਸਾਮੂਹਿਕਤਾ ਨੂੰ ਢਾਹ ਲਾਈ ਹੈ। ਜਿਸ ਰਾਹ ‘ਤੇ ਅਸੀਂ ਤੁਰ ਰਹੇ ਹਾਂ ਉਸ ਸਦਕਾ ਰਹਿੰਦੀਆਂ ਮਾਨਵੀ ਕਦਰਾਂ-ਕੀਮਤਾਂ ਵੀ ਖੁਰਨਗੀਆਂ ਹੀ ਖੁਰਨਗੀਆਂ। ਅਜਿਹੇ ਸਮੇਂ ਆਧੁਨਿਕ ਕਾਲ ਦੇ ਮੁੱਢਲਿਆਂ ਸਮਿਆਂ ਦੀਆਂ ਉਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਦਾ ਵਿਸ਼ਲੇਸ਼ਣ ਕਰਕੇ ਦੁਬਾਰਾ ਆਤਮਸਾਤ ਕਰਨਾ ਪਵੇਗਾ ਤਾਂ ਕਿ ਅਜੋਕੇ ਸਮਿਆਂ ਦੇ ਚੈਲੈਂਜ ਨੂੰ ਸਵੀਕਾਰ ਕੀਤਾ ਜਾ ਸਕੇ। ਇੱਥੇ ਅਸੀਂ ਸਿਰਫ਼ ਗੁਰੂ ਨਾਨਕ ਬਾਣੀ ਅਤੇ ਗੁਰਮਤਿ ਦੇ ਅਜੋਕੇ ਯੁੱਗ ਵਿਚ ਗ੍ਰਹਿਣ ਕਰਨ ਯੋਗ ਜਾਂ ਪ੍ਰਾਸੰਗਿਕ ਤੱਤਾਂ ਤਕ ਹੀ ਆਪਣੇ ਆਪ ਨੂੰ ਸੀਮਤ ਰੱਖਾਂਗੇ।
ਸਭ ਤੋਂ ਪਹਿਲਾਂ ਸਾਡੇ ਲਈ ਮਹੱਤਵਪੂਰਣ ਹੈ, ਪਦਾਰਥਕ ਤੇ ਨੈਤਿਕ ਪੱਖ ਜੋ ਇਸ ਲੌਕਿਕ ਜੀਵਨ ਨਾਲ ਜੁੜਿਆ ਹੋਇਆ ਹੈ। ਡਾ. ਸੁਰਿੰਦਰ ਸਿੰਘ ਕੋਹਲੀ ਮਾਰਕਸਵਾਦੀ ਮਾਨਵਵਾਦ ਅਤੇ ਗੂਰੂ ਨਾਨਕ ਦੇਵ ਦੇ ਮਾਨਵਵਾਦ ਨੂੰ ਵੱਖ ਕਰਕੇ ਦੇਖਦਾ ਹੈ। ਉਸ ਅਨੁਸਾਰ, ”ਜਿੱਥੇ ਗੂਰੂ ਨਾਨਕ ਦੇਵ ਪਦਾਰਥਕ, ਨੈਤਿਕ ਅਤੇ ਆਤਮਿਕ ਪੱਧਰ ਤੇ ਸਮੁੱਚੀ ਮਾਨਵਤਾ ਦਾ ਭਲਾ ਚਿਤਵਦੇ ਹਨ ਉੱਥੇ ਮਾਰਕਸਵਾਦ, ਪਦਾਰਥਕ ਅਤੇ ਨੈਤਿਕ ਪੱਧਰ ਤੇ ਸਾਰੇ ਕਮਿਊਨਿਸਟ ਭਾਈਚਾਰੇ ਦਾ ਹਿੱਤ ਲੋਚਦਾ ਹੈ।”1 ਇਥੇ ਸਾਡੇ ਲਈ ਭਗਤ ਕਬੀਰ ਜੀ, ਧੰਨਾ ਭਗਤ ਜੀ ਰਵਿਦਾਸ ਜੀ ਦੀ ਬਾਣੀ ਦਾ ਮਹੱਤਵ ਹੋਰ ਵੀ ਵਧੇਰੇ ਹੈ, ਕਿਉਂਕਿ ਹੇਠਲੀਆਂ ਜਮਾਤਾਂ ਵਿਚੋਂ ਹੋਣ ਕਰਕੇ, ਉਹ ਰੱਬ ਕੋਲੋਂ ਆਮ ਲੋੜਾਂ ਪੂਰੀਆਂ ਕਰਨ ਦੀ ਮੰਗ ਕਰਦੇ ਹਨ। ਭਗਤ ਰਵਿਦਾਸ, ‘ਬੇਗਮਪੁਰਾ’ ਸ਼ਹਿਰ ਦੀ ਕਲਪਨਾ ਕਰਦੇ ਹਨ।
ਗੋਪਾਲ ਤੇਰਾ ਆਰਤਾ।
ਜੋ ਜਨ ਤੁਮਰੀ ਸੇਵ ਕਰੰਤੇ,
ਤਿਨ ਕੇ ਕਾਜ ਸਵਾਰਤਾ ਰਹਾਉ
ਦਾਲਿ ਸੀਧਾ ਮਾਗਉ ਘੀਉ। ਹਮਰਾ ਖੁਸ਼ੀ ਕਰੇ ਨਿਤ ਜੀਉ।
ਪਨੀਆਂ ਛਾਦਨ ਨੀਕਾ। ਅਨਾਜ ਮਾਂਗਉਂ ਸਤ ਸੀਕਾ
ਗਊ ਭੈਸ ਮਾਂਗਉਂ ਲਾਵੇਰੀ। ਇਕ ਤਾਜਨਿ ਤੁਰੀ ਚੰਗੇਰੀ।
ਘਰ ਕੀ ਗੀਹਨਿ ਚੰਗੀ। ਜਨ ਧੰਨਾ ਲੇਵੈ ਮੰਗੀ।
ਭੂਖੇ ਭਗਤਿ ਨਾ ਕੀਜੈ। ਯਹ ਮਾਲਾ ਅਪਨੀ ਲੀਜੈ।
ਹਉ ਮਾਂਗਉਂ ਸੰਤਨ ਰੇਨਾ। ਮੈਂ ਨਾਹੀ ਕਿਸੀ ਕਾ ਦੇਨਾ।
ਮਾਧਉ ਕੈਸੀ ਬਨੇ ਤੁਮ ਸੰਗੇ।
ਆਪਿ ਨ ਦੇਹ ਤ ਲੇਵਉ ਮੰਗੇ ਰਹਾਉ
ਦੁਇ ਸੇਰ ਮਾਂਗਉਂ ਚੂਨਾ। ਪਾਉ ਘੀਉ ਸੰਗਿ ਲੂਨਾ।
ਅੱਧ ਸੇਰ ਮਾਂਗਉਂ ਦਾਲੇ। ਮੋਕਉ ਦੋਨਉਂ ਵਖਤ ਜਿਵਾਲੇ।
ਖਾਟੁ ਮਾਂਗਉਂ ਚਉਪਾਈ। ਸਿਰਹਾਨਾ ਅਵਰ ਤੁਲਾਈੰ।
ਊਪਰ ਕਉ ਮਾਂਗਉਂ ਖੀਂਧਾ। ਤੇਰੀ ਭਗਤਿ ਕਰੇ ਜਨੁ ਥੀਂਦਾ
ਮੈਂ ਨਾਹੀਂ ਕੀਤਾ ਲਬੋ। ਇਕ ਨਾਉ ਤੇਰਾ ਮੈ ਫਬੋ।
ਕਹਿ ਕਬੀਰ ਮਨੁ ਮਾਨਿਆ।
ਮਨ ਮਾਨਿਆ ਤਉ ਹਰ ਜਾਨਿਆ।
ਭਗਤਾਂ ਵਲੋਂ ਵਰਣਿਤ ਰਾਜ ਅਤੇ ਆਮ ਲੋੜਾਂ ਦੀ ਪੂਰਤੀ ਜਦੋਂ ਤਕ ਨਹੀਂ ਹੁੰਦੀ ਉਦੋਂ ਤੱਕ ਇਨ੍ਹਾਂ ਪੰਗਤੀਆਂ ਦੀ ਪ੍ਰਸੰਗਿਕਤਾ ਬਣੀ ਰਹੇਗੀ।
ਅੱਜ ਸਾਡੇ ਲਈ ਮਹੱਤਵਪੂਰਣ ਹੈ ਗੁਰਬਾਣੀ ਦਾ ਮਾਨਵਵਾਦੀ ਸੰਦੇਸ਼। ਇਸੇ ਵਿਚਾਰ ਨੂੰ ਅਸੀਂ ਸੰਪ੍ਰਦਾਇਕ ਏਕਤਾ ਦੇ ਪ੍ਰਸੰਗ ਤਕ ਵਧਾ ਸਕਦੇ ਹਾਂ ਕਿਉਂਕਿ ਗੁਰਮਤਿ ਜਾਤ-ਧਰਮ ਦੇ ਆਧਾਰ ਤੇ ਫ਼ਰਕ ਕਰਨ ਵਿਚ ਯਕੀਨ ਨਹੀਂ ਕਰਦੀ।
ਹਿੰਦੂ ਤੁਰਕ ਕੋਊ, ਰਾਫ਼ਜ਼ੀ ਇਮਾਮ ਸਾਫ਼ੀ।
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।
ਏਕੈ ਨੈਨ, ਏਕੈ ਕਾਨ, ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਿਸ਼ ਔ ਆਬ ਕੋ ਰਲਾਵ ਹੈ।
(ਅਕਾਲ ਉਸਤਤਿ)
ਕੋਈ ਬੋਲੈ ਰਾਮ ਰਾਮ, ਕੋਈ ਖੁਦਾਇ।
ਕੋਈ ਸੇਵੇ ਗੁਸਈਆਂ, ਕੋਈ ਅਲਾਹਿ। (ਰਾਮਕਲੀ ਮਹਲਾ-5)
ਅਲਹੁ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ।
ਹਿੰਦੂ ਮੂਰਤ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ।
(ਪ੍ਰਭਾਤੀ ਕਬੀਰ)
ਅਵਲਿ ਅਲਹੁ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗ ਉਪਜਿਆ, ਕਉਨ ਭਲੇ ਕੋ ਮੰਦੇ। (ਪ੍ਰਭਾਤੀ ਕਬੀਰ)
ਗੁਰਮਤਿ ਉਪਰ ਵਿਚਾਰ ਕਰਦਿਆਂ ਸਾਨੂੰ ਇਸ ਤੱਥ ਦੀ ਵੀ ਸੋਝੀ ਹੁੰਦੀ ਹੈ ਕਿ, ”ਗੁਰੂ ਨਾਨਕ ਦੇ ਸੰਕਲਪਾਂ ਦੀ ਮਾਨਨਵਾਦੀ ਵਸਤੂ, ਉਨ੍ਹਾਂ ਦਾ ਮਾਨਵਵਾਦ ਇਨ੍ਹਾਂ ਅਰਥਾਂ ਵਿਚ ਯਥਾਰਥਕ ਹੈ ਕਿ ਉਹਨਾਂ ਦੇ ਯੁੱਗ ਦੀਆਂ ਠੋਸ ਹਾਲਤਾਂ ਵਿਚ, ਜਿਨ੍ਹਾਂ ਨੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਨਿਸ਼ਚਿਤ ਕੀਤਾ, ਮਨੁੱਖ ਦੇ ਤੱਤ ਨੂੰ ਸਮਝਿਆ ਜਾ ਸਕਦਾ ਹੈ, ਭਾਵੇਂ ਉਨ੍ਹਾਂ ਦੇ ਮਾਨਵਵਾਦ ਉਪਰ ਧਾਰਮਿਕ ਲੀਹਾਂ ਦਾ ਬੋਝ ਹੈ, ਜਿਸਨੇ ਮਗਰਲੇ ਗੁਰੂਆਂ ਵਲੋਂ ਭਾਵਵਾਚੀ ਦਿਸ਼ਾ ਵਲ ਗੁਰੂੁ ਨਾਨਕ ਦੇ ਵਿਚਾਰਾਂ ਦਾ ਵਿਕਾਸ ਕਰਨਾ ਨਿਸ਼ਚਿਤ ਕੀਤਾ, ਇਹ ਰੁਝਾਨ ਅੱਜ ਵੀ ਜਿਉਂਦਾ ਜਾਗਦਾ ਹੈ।”2
ਸੰਤ ਸਿੰਘ ਸੇਖੋਂ ਵੱਲੋਂ ਕਹੀ ਗਈ ਇਹ ਗੱਲ ਮਹੱਤਵਪੂਰਣ ਹੈ ਕਿ ਗੁਰਬਾਣੀ ਦੇ ਇਤਿਹਾਸਕ ਤੇ ਸਮਾਜਿਕ ਅਨੁਭਵ, ਇਸ ਵਿਚਲੀ ਪੀੜ ਤੇ ਵੰਗਾਰ, ਗੁਰੂ ਨਾਨਕ ਦਾ ਬੌਧਿਕ ਸਾਹਸ ਅਤੇ ਉਨ੍ਹਾਂ ਦੇ ਤਰਕਵਾਦੀ ਸ਼ੰਕਾਵਾਦ ਨੂੰ ਅਜੋਕੇ ਅਨੁਭਵ ਦਾ ਅੰਗ ਬਣਾਉਣਾ ਪਵੇਗਾ। ਪਾਰਲੌਕਿਕਤਾ ਦੀ ਥਾਂ ਇਹ ਲੌਕਿਕਤਾ ਤੇ ਦਵੰਦਵਾਦੀ ਪਦਾਰਥਵਾਦੀ ਸੋਚ ਨਾਲ ਇਸ ਸਭ ਕੁਝ ਨੂੰ ਇਕਮਿਕ ਕਰਕੇ ਵਿਅਕਤੀਗਤ ਅਤੇ ਸਾਮੂਹਿਕ ਤੌਰ ਤੇ ਲੰਮੇ ਸੰਘਰਸ਼ਾਂ ਲਈ ਤਿਆਰ ਹੋਇਆ ਜਾ ਸਕਦਾ ਹੈ। ਗੁਰੂ ਸਾਹਿਬਾਨ ਨੇ ਆਪਣੇ ਵੇਲੇ ਦੇ ਸਮਾਜ ਦੇ ਲੋਕਾਂ ਨਾਲ ਅਤੇ ਉਸ ਵੇਲੇ ਦੇ ਸਾਮਰਾਜ ਨਾਲ ਸੰਗਠਿਤ ਰੂਪ ਵਿਚ ਲੜਾਈ ਲੜੀ। ਅੱਜ ਇਹ ਲੜਾਈ ਨਵ-ਸਾਮਰਾਜਵਾਦ ਵਿਰੁੱਧ ਅਤੇ ਲੋਕਾਂ ਦੇ ਹੱਕ ਵਿਚ ਲੜੀ ਜਾਣੀ ਹੈ।
ਅੱਜ ਦੀ ਵਿਚਾਰਧਾਰਕ ਲੜਾਈ ਵਿਚ ਗੁਰਮਤਿ ਦੇ ‘ਦਲਿਤ’ ਸੰਬੰਧੀ ਅਤੇ ਇਸਤਰੀ ਸੰਬੰਧੀ ਵਿਚਾਰਾਂ ਦੇ ਮਹੱਤਵ ਨੂੰ ਅਸੀਂ ਪਹਿਲਾਂ ਹੀ ਜਾਣਦੇ ਹਾਂ। ਅਜੋਕੇ ਸੰਦਰਭ ਵਿਚ ਇਨ੍ਹਾਂ ਵਿਚਾਰਾਂ ਨੂੰ ਅਸੀਂ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਵਾਚ ਕੇ ਅਤੇ ਅਮਲ ਉਪਰ ਪਰਖ ਕੇ ਲਾਗੂ ਕਰਾਂਗੇ। ਗੁਰੂ ਕਵੀ ਨੀਵਿਆਂ ਨਾਲ ਖੜ੍ਹਦੇ ਹਨ।
-ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ।
(ਸ੍ਰੀ ਰਾਗ ਮਹਲਾ-1)
-ਫਕੜੁ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ।
(ਮਹਲਾ-1)
-ਜਾਤੀ ਦੈ ਕਿਆ ਹਥਿ ਸਚੁ ਪਰਖੀਐ। (ਮਹਲਾ-1)
-ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨ ਵੇ।
ਜਿਨ ਕੀ ਲੇਖੈ ਪਤਿ ਪਵੈ। ਚੰਗੇ ਸੇਈ ਕੇਇ।
(ਮਹਲਾ-1,ਵਾਰ ਆਸਾ)
-ਜਾਤਿ ਜਨਮ ਨ ਪੂਛੀਐ, ਸਚ ਘਰ ਲੇਹੁ ਬਤਾਇ
ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ
(ਪ੍ਰਭਾਤੀ ਮਹਲਾ-1)
-ਜਉ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ
ਤਉ ਆਨ ਬਾਟ ਕਾਹੇ ਨਹੀਂ ਆਇਆ।
(ਗਉੜੀ ਕਬੀਰ)
ਇਨ੍ਹਾਂ ਤੇ ਹੋਰ ਪੰਗਤੀਆਂ ਨੂੰ ਵਿਚਾਰਦਿਆਂ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਏਥੇ ਕਸਵੱਟੀ ‘ਬ੍ਰਹਮਵਿਚਾਰ’ ਦੀ ਹੈ। ਬ੍ਰਹਮ ਵਿਚਾਰ ਕਰਨ ਵਾਲਾ ਕਿਸੇ ਵੀ ਜਾਤਿ ਨਾਲ ਜੁੜਿਆ ਊਚਾ ਹੋ ਸਕਦਾ ਹੈ। ਮੱਧਕਾਲ ਵਿਚ ਰਹੱਸਵਾਦੀ ਚਿੰਤਨ ਵਿਚ ਅਜਿਹੇ ਵਿਚਾਰ ਆਉਣੇ ਵੀ ਬੇਹੱਦ ਮਹੱਤਵਪੂਰਣ ਹਨ। ਜਿਨ੍ਹਾਂ ਦੀ ਅਜੋਕੇ ਸਮੇਂ ਵਿਚ ਸਾਰਥਿਕਤਾ ਨੂੰ ਅਸੀਂ ਅੱਖੋਂ ਉਹਲੇ ਨਹੀਂ ਕਰ ਸਕਦੇ, ਕਿਉਂਕਿ ਜਾਤ-ਪਾਤ ਦੀ ਸਮੱਸਿਆ ਅੱਜ ਵੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਖਾਸ ਕਰਕੇ ਇਸ ਨਾਲ ਜੁੜੀ ਰਾਜਨੀਤੀ ਬੇਹੱਦ ਖਤਰਨਾਕ ਵੀ ਹੋ ਸਕਦੀ ਹੈ। ਇਥੇ ਹੀ ਅਸੀਂ ਇਸ ਗੱਲ ਵਲ ਧਿਆਨ ਵੀ ਦੁਆਉਣਾ ਚਾਹੁੰਦੇ ਹਾਂ ਕਿ ਗੁਰਮਤਿ ਸਿੱਖ ਧਰਮ ਦੀ ਵਿਚਾਰਧਾਰਾ ਹੈ। ਵਿਚਾਰਧਾਰਾ ਅਤੇ ਅਮਲ ਵਿਚ ਧਰਮ ਦੇ ਸ਼ੁਰੂਆਤੀ ਦੌਰ ਵਿਚ ਅੰਤਰ ਘੱਟ ਹੁੰਦਾ ਹੈ ਪਰੰਤੂ ਸਮੇਂ ਦੇ ਬੀਤਣ ਨਾਲ ਜੇ ਵਿਚਾਰਧਾਰਾ ਨਾਲੋ-ਨਾਲ ਅਮਲ ਵਿਚੋਂ ਗ੍ਰਹਿਣ ਕੀਤੇ ਅਨੁਭਵ ਨੂੰ ਆਤਮਸਾਤ ਨਹੀਂ ਕਰਦੀ ਅਤੇ ਪਰਿਵਰਤਿਤ ਨਹੀਂ ਹੁੰਦੀ ਤਾਂ ਇਹ ਪਾੜਾ ਵਧ ਜਾਂਦਾ ਹੈ। ਏਥੋਂ ਤਕ ਕਿ ਵਿਚਾਰ ਦੁਹਰਾਉਣ ਮਾਤਰ ਲਈ ਰਹਿ ਜਾਂਦੇ ਹਨ, ਜਾਂ ਸਿਰਫ਼ ਪਰੰਪਰਾ ਨਿਭਾਉਣ ਲਈ। ਜਦੋਂ ਕਿਸੇ ਵਿਚਾਰਧਾਰਾ ਉਪਰ ਵਿਚਾਰ ਕਰਨੀ ਸਮਾਪਤ ਹੋ ਜਾਵੇ ਤਾਂ ਉਹ ਮੱਥਾ ਟੇਕਣ ਲਈ ਰਹਿ ਜਾਂਦੀ ਹੈ। ਅੱਜ ਦੀਆਂ ਧਾਰਮਿਕ ਵਿਚਾਰਧਾਰਾਵਾਂ ਨਾਲ ਇਹੀ ਕੁਝ ਹੋ ਰਿਹਾ ਹੈ।
ਬਾਣੀ ਦਲਿਤਾਂ ਨੂੰ ਬਰਾਬਰੀ ਦਿੰਦੀ ਹੈ, ਪਰ ਪੰਜਾਬ ਵਿਚ ਦਲਿਤਾਂ ਉਪਰ ਅਤਿਆਚਾਰ ਵਧ ਰਹੇ ਹਨ। ਬਾਣੀ ਔਰਤ ਦੀ ਬਰਾਬਰੀ ਦੀ ਗੱਲ ਕਰਦੀ ਹੈ, ਪਰ ਮਾਦਾ ਭਰੂਣ ਹੱਤਿਆ ਅੱਜ ਵੀ ਪੰਜਾਬ ਵਿਚ ਹੋ ਰਹੀ ਹੈ। ਦਲਿਤ ਅਤੇ ਔਰਤ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਇਸੇ ਪ੍ਰਸੰਗ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। ਹੋਰ ਤਾਂ ਹੋਰ ਔਰਤ ਨੂੰ ਸਵੇਰੇ ਦਰਬਾਰ ਸਾਹਿਬ ਵਿਚ ਪਾਲਕੀ ਨੂੰ ਹੱਥ ਲਾਉਣ ਦੀ ਵੀ ਮਨਾਹੀ ਹੈ ਤੇ ਉਹ ਪੰਜ ਪਿਆਰਿਆਂ ਵਿਚ ਵੀ ਸ਼ਾਮਿਲ ਨਹੀਂ ਹੋ ਸਕਦੀ।
ਕਮਾਲ ਦੀ ਗੱਲ ਤਾਂ ਇਹ ਹੈ ਕਿ ਸਾਰੇ ਧਰਮਾਂ ਦੇ ਨੁਮਾਇੰਦੇ ਕੋਈ ਨਾ ਕੋਈ ਬਹਾਨਾ ਲਾ ਕੇ ਔਰਤਾਂ ਦੀ ਭਾਰਤੀ ਪਾਰਲੀਮੈਂਟ ਵਿਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਅੱਜ ਤੱਕ ਖਿਲਾਫ਼ ਹਨ। ਜਦੋਂ ਅਸੀਂ ਧਾਰਮਿਕ ਵਿਚਾਰਧਾਰਾ ਨੂੰ ਅਪਣਾਉਂਦੇ ਹਾਂ ਤਾਂ ਇਸ ਅਮਲੀ ਪਾੜੇ ਨੂੰ ਜ਼ਰੂਰੀ ਧਿਆਨ ਵਿਚ ਰੱਖਣਾ ਬਣਦਾ ਹੈ। ਗੁਰਮਤਿ ਵਿਚ ਇਸਤਰੀ ਨੂੰ ਵਿਚਾਰਧਾਰਕ ਪੱਧਰ ਤੇ ਕਾਫ਼ੀ ਉਚੇਰਾ ਦਰਜਾ ਦਿੱਤਾ ਗਿਆ ਹੈ ਪਰ ਨਾਲ ‘ਕੰਤ’ ਦੀ ਸਰਦਾਰੀ ਵੀ ਨਹੀੰਂ ਟੁੱਟਣ ਦਿੱਤੀ ਗਈ। ਰੱਬ (ਮਰਦ), ਆਤਮਾ (ਔਰਤ) ਨੂੰ ਆਪਣੀ ਮਰਜ਼ੀ ਅਨੁਸਾਰ ਪਰਵਾਨ ਕਰੇ ਨਾ ਕਰੇ ਇਹ ਉਸ ਦੀ ਮਰਜ਼ੀ ਉੱਪਰ ਨਿਰਭਰ ਹੈ। ਪਰ ਬਰਾਬਰੀ ਦਾ ਸੰਕਲਪ ਵਿਚਾਰਧਾਰਕ ਪੱਧਰ ‘ਤੇ ਵੀ ਕਈ ਪੱਖਾਂ ਤੋਂ ਸਾਡੇ ਲਈ ਲਾਹੇਵੰਦਾ ਹੈ। ਹੇਠ ਲਿਖੀਆਂ ਪੰਗਤੀਆਂ ਬਾਰ-ਬਾਰ ਉਚਾਰੀਆਂ ਜਾਂਦੀਆਂ ਹਨ ਪੁਰ ਅਮਲ ਕਿੰਨਾ ਕੁ ਹੈ? ਸਾਨੂੰ ਪਤਾ ਹੀ ਹੈ।
-ਭੰਡੁ ਮੂਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨ।
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।
(ਮਹਲਾ-1, ਵਾਰ ਆਸਾ)
-ਕੰਨਯਾ ਦੇਵੈ ਸਿਖ ਕੋ ਲੇਵੈ ਨਹਿ ਕਛੁ ਦਾਮ।
ਸੋਈ ਮੇਰਾ ਸਿੱਖ ਹੈ ਪਹੁੰਚੈਗੋ ਮਮ ਧਾਮ। (ਸੂਰਜ ਪ੍ਰਕਾਸ਼)
-ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।
ਪਰ ਧਨੁ ਸੂਅਰ ਗਾਇ ਜਿਉ, ਮਕਰੂਹ ਹਿੰਦੂ ਮੁਸਲਮਾਣੈ।
(ਭਾਈ ਗੁਰਦਾਸ)
ਗੁਰਮਤਿ ਵਿਚ ਦਿੱਤੇ ਗਏ ਨੈਤਿਕ ਗੁਣ ਅੱਜ ਵੀ ਸਾਰਥਕ ਹਨ। ਇਥੇ ਨੈਤਿਕਤਾ ਵਿਚ ਪਰਿਵਰਤਨ ਅਤੇ ਸੰਕਲਪ ਉਪਰ ਵਿਚਾਰ ਕਰਨ ਦੀ ਥਾਂ ਨਹੀਂ ਬਸ ਇੰਨਾ ਹੀ ਕਹਿਣਾ ਕਾਫ਼ੀ ਹੈ ਕਿ ਇਨ੍ਹਾਂ ਦੀ ਪੁਣਛਾਣ ਕਰਕੇ ਸਮਕਾਲੀ ਸਥਿਤੀ ਵਿਚ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਨਾਲ ਹੀ ਇਨ੍ਹਾਂ ਦੀ ਸਾਰਥਿਕਤਾ ਬਣੇਗੀ। ਇਨ੍ਹਾਂ ਨੈਤਿਕ ਗੁਣਾਂ ਵਿਚ ਸ਼ਾਮਲ ਹਨ- ਜੂਆ ਨਾ ਖੇਡਣਾ, ਖਿਮਾ, ਦਇਆ, ਅਹਿੰਸਾ, ਚੰਗੀ ਸੰਗਤ ਕਰਨਾ, ਸੱਚ ਬੋਲਣਾ, ਦਗ਼ਾ ਨਾ ਦੇਣਾ, ਠੱਗੀ ਨਾ ਮਾਰਨਾ, ਕਿਸੇ ਦਾ ਦਿਲ ਨਾ ਦੁਖਾਉਣਾ, ਦੁਹਰਾ ਚਰਿਤ੍ਰ ਨਾ ਅਪਣਾਉਣਾ, ਨਿਰਭੈ-ਨਿਰਵੈਰ-ਨਿਰਮਾਣ ਹੋਣਾ, ਪਰਉਪਕਾਰ ਕਰਨਾ, ਕਿਰਤ ਕਮਾਈ ਕਰਕੇ ਖਾਣਾ, ਬਜ਼ੁਰਗਾਂ ਦਾ ਆਦਰ ਮਾਣ ਕਰਨਾ, ਸਮੇਂ ਦੀ ਕਦਰ ਕਰਨਾ, ਖਿਮਾ ਕਰਨਾ, ਸਹਿਜ ਤੇ ਸਹਿਨਸ਼ੀਲ ਹੋਣਾ, ਈਰਖਾ ਆਲਸ ਦਾ ਤਿਆਗ ਕਰਨਾ, ਆਸ਼ਾਵਾਨ ਰਹਿਣਾ, ਨਸ਼ਿਆਂ ਦਾ ਤਿਆਗ ਕਰਨਾ, ਹੰਕਾਰੀ ਨਾ ਹੋਣਾ ਆਦਿ। ਇਨ੍ਹਾਂ ਨੈਤਿਕ ਗੁਣਾਂ ਨੂੰ ਧਾਰਣ ਕਰਨਾ ਅੱਜ ਵੀ ਓਨਾ ਹੀ ਮੁੱਲਵਾਨ ਹੈ ਜਿੰਨਾਂ 15ਵੀਂ-17ਵੀਂ ਸਦੀ ਵਿਚ ਸੀ। ਇਥੇ ਕੁਝ ਇਕ ਉਦਾਹਰਣਾਂ ਹੀ ਦੇਖੀਆਂ ਜਾ ਸਕਦੀਆਂ ਹਨ।
‘-ਘਾਲਿ ਖਾਇ ਕਿਛੁ ਹਥਹੁ ਦੇਹਿ।
ਨਾਨਕ ਰਾਹੁ ਪਛਾਣਹਿ ਸੇਇ। (ਮਹਲਾ ਪਹਿਲਾ)
-ਬਚਨੁ ਕਰੈ ਤੈ ਖਿਸਕਿ ਜਾਇ, ਬੋਲੇ ਸਭੁ ਕਚਾ।
ਅੰਦਰਹੁ ਥੋਥਾ ਕੂੜਿਆਰ ਕੂੜੀ ਸਭ ਖਚਾ। (ਮਹਲਾ ਦੂਜਾ)
‘-ਵਿਚਿ ਦੁਨੀਆ ਸੇਵ ਕਮਾਈਐ।
ਤਾ ਦਰਗਹ ਬੈਸਣ ਪਾਈਐ। (ਸਿਰੀ ਰਾਗ, ਮਹਲਾ-1)
-ਹਰਖ ਸੋਗ ਜਾ ਨੈ ਨਹੀਂ, ਬੈਰੀ ਮੀਤ ਸਮਾਨ।
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨ।
(ਸਲੋਕ ਮਹਲਾ-9)
-ਮੇਰੇ ਮਨ ਤਜਿ ਨਿੰਦਾ, ਹਊਮੈ, ਹੰਕਾਰ।
(ਸਿਰੀ ਰਾਗ ਮਹਲਾ-3)
-ਮਾਇਆ ਤਜੀ ਕਿਆ ਭਇਆ,
ਜਉ ਮਾਨੁ ਤਜਿਆ ਨਹੀਂ ਜਾਇ।
ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕੋ ਖਾਏ।
‘-ਕਥਨੈ ਕਹਿਣ ਨ ਛੂਟੀਐ ਨ ਪੜਿ ਪੁਸਤਕ ਭਾਰ।
(ਮਹਲਾ-1, ਸਿਰੀ ਰਾਗ)
-ਮਾਨੁਖ ਕਥੈ ਕਥਿ ਲੋਕ ਸੁਨਾਵੈ, ਜੋ ਬੋਲੈ ਸੋ ਨਾ ਬੀਚਾਰੈ।
(ਮਹਲਾ-5)
-ਕੂੜਿ ਕਪਟਿ ਕਿਨੈ ਨ ਪਾਇਉ, ਜੋ ਬੀਜੈ ਖਾਵੈ ਸੋਇ।
(ਸਿਰੀ ਰਾਗ, ਮਹਲਾ-4)
-ਉਦਮੁ ਕਰੇਦਿਆ ਜੀਉ ਤੂ,
ਕਮਾਵੰਦਿਆ ਸੁਖ ਭੁੰਚੁ। (ਮਹਲਾ-5)
-ਕਬੀਰ ਸਾਕਤ ਸੰਗ ਨ ਕੀਜੀਐ, ਦੂਰਹਿ ਜਾਈਐ ਭਾਗਿ।
ਬਾਸਨ ਕਾਰੋ ਪਰਸੀਐ ਤਉ ਕਿਛੁ ਲਾਗੈ ਦਾਗੁ।
(ਸਲੋਕ ਕਬੀਰ)
‘-ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ। (ਮਹਲਾ-1)
‘-ਕਾਮੁ, ਕ੍ਰੋਧ, ਕਾਇਆ ਕਉ ਗਾਲੈ।
ਜਿਉ ਕੰਚਨ ਸੋਹਾਗਾ ਢਾਲੈ।
(ਰਾਮਕਲੀ ਮਹਲਾ-1, ਦਖਣੀ ਓਅੰਕਾਰ) ਆਦਿ।
ਅਜੋਕੇ ਸਮੇਂ ਵਿਚ ਸੰਪ੍ਰਦਾਇਕ ਉਠਾਣ ਨੇ ਮੁੜ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕੀਤਾ ਹੈ ਅਤੇ ਕੱਟੜਵਾਦ ਨੇ ਹਰ ਉਸ ਮੁੱਦੇ ਨੂੰ ਭੰਨਾਉਣ ਦਾ ਤਹੱਈਆ ਕਰ ਲਿਆ ਹੈ ਜੋ ਅੰਧ ਵਿਸ਼ਵਾਸਾਂ ਨੂੰ ਪੱਕਾ ਕਰੇ। ਇਹ ਤਾਂਤ੍ਰਿਕਵਾਦ ਵੀ ਹੋ ਸਕਦਾ ਹੈ ਤੇ ਹੋਰ ਬਹੁਤ ਕੁਝ ਵੀ । ਇਹ ਹੋ ਰਿਹਾ ਹੈ ਭਾਰਤੀ ਸੰਸਕ੍ਰਿਤੀ ਦੇ ਨਾਮ ‘ਤੇ। ਸੰਸਕ੍ਰਿਤੀ ਨੇ ਜੋ ਵਿਕਾਸ ਕੀਤਾ ਹੈ ਉਸ ਨੂੰ ਰੱਦ ਕਰਕੇ ਪੱਛਮੀ ਕਰਣ ਦਾ ਹਊਆ ਖੜਾ ਕਰਕੇ ਮਨੁੱਖਾਂ ਦੇ ਮੂਲਭੂਤ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ। ਉਥੇ ਗੁਰਮਤਿ ਦੀਆਂ ਹੇਠ ਲਿਖੀਆਂ ਟਿੱਪਣੀਆਂ ਨੂੰ ਮੁੜ ਗਹਿਨਤਾ ਵਿਚ ਵਿਚਾਰਨ ਦੀ ਲੋੜ ਹੈ।
ਗੁਰਮਤਿ ਤੀਰਥਾਂ ‘ਤੇ ਜਾਣ ਦੀ ਨਿਰਾਰਥਕਤਾ ਨੂੰ ਰੇਖਾਂਕਿਤ ਕਰਦੀ ਹੈ, ਦਿਸ਼ਾ ਤੇ ਗ੍ਰਹਿ ਵਿਚਾਰ ਦਾ ਖੰਡਨ ਕਰਦੀ ਹੈ, ਅੰਗ ਫਰਕਣ ਦੇ ਵਿਚਾਰਾਂ, ਬਦ-ਨਜ਼ਰ ਨੂੰ ਫ਼ਜ਼ੂਲ ਮੰਨਦੀ ਹੈ; ਅੰਨ ਤਿਆਗ, ਵਰਤ-ਪੂਜਾ, ਸੁਖਣਾ-ਮੰਨਤਾਂ ਦੇ ਵਹਿਮਾਂ ਤੋਂ ਉੱਪਰ ਉੱਠਦੀ ਹੈ, ਵਰ-ਸ਼ਰਾਪ, ਜਿੰਨ-ਭੁਤ-ਪ੍ਰੇਤ-ਬੇਤਾਲ ਦੀ ਹੋਂਦ ਤੋਂ ਇਨਕਾਰੀ ਹੈ; ਜੰਤਰਾਂ-ਮੰਤਰਾਂ-ਤੰਤਰਾਂ ਤੋਂ ਪਰਹੇਜ਼ ਕਰਦੀ ਹੈ, ਝਾੜ-ਫੂਕ, ਕਰਮ-ਕਾਂਡ, ਟੂਣੇ, ਤਵੀਜ਼, ਮਸਾਣ ਜਗਾਉਣ ਦੇ ਵਿਰੋਧ ਵਿਚ ਹੈ ਅਤੇ ਮੂਰਤੀ ਪੂਜਾ, ਮੜ੍ਹੀ-ਮਸਾਣ ਮੰਨਣ ਨੂੰ ਕੁਰਾਹਾ ਮੰਨਦੀ ਹੈ। ਇਸ ਸਭ ਕੁਝ ਨੂੰ ਮਲਟੀਨੈਸ਼ਨਲ ਮੁੜ ਸੁਰਜੀਤ ਕਰਕੇ ਇਨ੍ਹਾਂ ਦੇ ਵਪਾਰੀਕਰਣ ਦੇ ਰਾਹ ਪਈ ਹੈ। ਇਸ ਲਈ ਇਨ੍ਹਾਂ ਵਿਚਾਰਾਂ ਨੂੰ ਆਤਮਸਾਤ ਕਰਕੇ ਅਗਾਂਹ ਵਧਣ ਦੀ ਲੋੜ ਹੈ। ਇਸ ਲਈ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਗਤੀਆਂ ਬਾਰ-ਬਾਰ ਵਿਚਾਰੀਆਂ ਜਾਣੀਆਂ ਚਾਹੀਦੀਆਂ ਹਨ।
-ਗੁਰਮੁਖ ਮਾਰਗ ਮੈ ਮਨਮੁਖ ਥਕਿਤ ਹੈ,
ਲਗਨ ਸਗਨ ਮਾਨੈ, ਕੈਸੇ ਮਨ ਮਾਨੀਐ?-
-ਤੀਰਥ ਧਰਮ ਦੇਵ ਜਾਤ੍ਰਾ ਕੋ ਪੰਡਿਤ ਪੂਛ,
ਕਰਤ ਗਵਨ, ਸੋ ਮਹੂਰਤ ਸੋਧਾਵਈ।
ਬਾਹਰਿ ਨਿਕਸ ਗਰਧਭ ਸ੍ਵਾਨ ਸਗਨ ਕੈ,
ਸ਼ੰਕਾ ਉਪਰਾਜਿਤ ਬਹੁਰ ਘਰ ਆਵਈ।
-ਪੂਛਤ ਨ ਜੋਕਤ ਔ ਬੇਦ ਥਿਤ ਵਾਰ ਕਛੁ,
ਗ੍ਰਹ ਔ ਨਛੱਤ੍ਰ ਕੀ ਨਾ ਸ਼ੰਕਾ ਉਰਧਾਰੀ ਹੈ।
ਜਾਨਤ ਨ ਸ਼ਗਨ ਲਗਨ ਆਨ ਦੇਵ ਸੇਵ,
ਸ਼ਬਦ ਸੁਰਤਿ ਲਿਵ ਨੇਹ ਨਿਰੰਕਾਰੀ ਹੈ
(ਕਬਿੱਤ, ਭਾਈ ਗੁਰਦਾਸ)
ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ।
ਹੋਛੀ ਮਤਿ ਭਇਆ ਮਨ ਹੋਛਾ ਗੁਣ ਸਾ ਮੱਖੀ ਖਾਇਆ।
(ਵੰਡਹਸ ਮਹਲਾ-1)
ਕਬੀਰ ਹਰਿ ਕਾ ਸਿਮਰਨ ਛਾਡਿ ਕੈ ਰਾਤਿ ਜਗਾਵਨ ਜਾਇ।
ਸਰਪਨ ਹੋਇ ਕੈ ਅਉਤਰੈ ਜਾਏ ਅਪਨੇ ਖਾਇ। (ਕਬੀਰ)
ਬਹੁ ਭੇਖ ਕੀਆ ਦੇਹੀ ਦੁਖ ਕੀਆ।
ਸਹੁ ਵੇ ਜੀਆ, ਆਪਣਾ ਕੀਆ।
ਅੰਨੁ ਨ ਖਾਇਆ, ਸਾਦੁ ਗਵਾਇਆ।
ਬਹੁ ਦੁਖ ਪਾਇਆ, ਦੂਜਾ ਭਾਇਆ।
ਬਸਤ੍ਰ ਨ ਪਹਿਰੈ, ਅਹਿਨਿਸ ਕਹਰੈ।
ਮੋਨਿ ਵਿਗੂਤਾ, ਕਿਉ ਜਾਗੈ ਗੁਰ ਬਿਨ ਸੂਤਾ?
ਪਗ ਉਪੇਤਾਣਾ। ਆਪਣਾ ਕੀਆ ਕਮਾਣਾ।….
ਰਹੇ ਬੇਬਾਣੀ, ਮੜੀ ਮਸਾਣੀ
ਅੰਧੁ ਨ ਜਾਣੈ ਫਿਰਿ ਪਛੁਤਾਣੀ।
(ਵਾਰ ਆਸਾ ਮਹਲਾ-1)
ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ।
ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ।
ਓਇ ਹਰ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ।
(ਕਬੀਰ)
ਅਜਿਹੀਆਂ ਸੈਂਕੜੇ ਉਦਾਹਰਣਾਂ ਹੋਰ ਵਿਚਾਰੀਆਂ ਜਾਂ ਸਕਦੀਆਂ ਹਨ। ਇਹ ਠੀਕ ਹੈ ਕਿ ਉੱਠਦਾ ਧਰਮ ਕਿਸੇ ਜਮਾਤ ਦਾ ਹਿੱਤ ਪੂਰਦਾ ਹੈ ਤੇ ਉਹ ਕਾਬਜ਼ ਜਮਾਤ ਦੇ ਖਿਲਾਫ਼ ਪ੍ਰਗਤੀਵਾਦੀ ਹੁੰਦਾ ਹੈ। ਕਿਸੇ ਵੀ ਵਿਸ਼ਵ ਦ੍ਰਿਸ਼ਟੀਕੋਣ ਤੋਂ ਧਰਮ ਦਾ ਅਧਿਐਨ ਕਰਨ ਸਮੇਂ ਦਵੰਦਵਾਦੀ ਭੌਤਿਕਵਾਦੀ ਨਜ਼ਰੀਆ ਰੱਖਣ ਵਾਲੇ ਨੂੰ ਜਮਾਤੀ ਦ੍ਰਿਸ਼ਟੀ ਦਾ ਤਿਆਗ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਸਿੱਟੇ ਕਿਸ਼ਨ ਸਿੰਘ ਵਾਲੇ ਜਾਂ ਗੁਰਮੀਤ ਸਿੰਘ ਟਿਵਾਣਾ ਵਾਲੇ ਨਿਕਲਣਗੇ। ਇਨ੍ਹਾਂ ਨਾਲੋਂ ਤਾਂ ਸਿੱਖ ਰੈਸ਼ਨਲ ਬੁੱਧੀਜੀਵੀ ਵਧੇਰੇ ਯਥਾਰਥਕ ਹਨ, ਭਾਵੇਂ ਉਹ ਮਾਰਕਸਵਾਦ ਨਾਲੋਂ ਆਪਣੇ ਧਰਮ ਨੂੰ ਵਡਿਆਉਂਦੇ ਹਨ। ਸੰਤ ਸਿੰਘ ਸੇਖੋਂ ਵਧੇਰੇ ਬਾਹਰਮੁੱਖੀ ਹੈ। ਉਸ ਅਨੁਸਾਰ ਗੁਰਬਾਣੀ ਦੀ ਬੌਧਿਕਤਾ ਤੇ ਇਤਿਹਾਸਕ-ਸਮਾਜਿਕ ਅਨੁਭਵ ਸਾਡੇ ਲਈ ਵਧੇਰੇ ਸਾਰਥਕ ਹਨ। ਸਿੱਖ ਧਰਮ ਛੋਟੇ ਵਪਾਰੀ ਵਰਗ ਦੀ ਅਗਵਾਈ ਵਿਚ ਦਲਿਤਾਂ ਦਾ ਅੰਦੋਲਨ ਸੀ। ਦੂਜੇ ਸ਼ਬਦਾਂ ਵਿਚ ਵੈਸ਼ ਤੇ ਸ਼ੂਦਰ ਇੱਕਠੇ ਜਾਗੀਰਦਾਰੀ (ਭਾਰਤੀ ਤੇ ਸਾਮਰਾਜੀ) ਦੇ ਵਿਰੁੱਧ ਉੱਠਦੇ ਹਨ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਿਖਰਾਅ ਦੀ ਸਥਿਤੀ ਵਿਚੋਂ ਲੰਘਕੇ ਮੁੜ ਜਾਗੀਰਦਾਰੀ ਸਥਾਪਿਤ ਹੋ ਜਾਂਦੀ ਹੈ। ਅੰਗ੍ਰੇਜ਼ਾਂ ਦੇ ਆਉਣ ਨਾਲ ਆਧੁਨਿਕ ਯੁੱਗ ਸ਼ੁਰੂ ਹੁੰਦਾ ਹੈ ਤੇ ਹੁਣ ਅਸੀਂ 1960 ਤੋਂ ਬਾਦ ਉੱਤਰਆਧੁਨਿਕ ਸਥਿਤੀ ਵਿਚ ਵਿਚਰ ਰਹੇ ਹਾਂ। ਪੂਰਵ ਆਧੁਨਿਕ ਕਾਲ ਵਿਚ ਪੈਦਾ ਹੋਈਆਂ ਕਦਰਾਂ-ਕੀਮਤਾਂ ਬਾਅਦ ਵਿਚ ਉੱਤਰ-ਆਧੁਨਿਕਤਾਵਾਦ ਜਮ੍ਹਾਂ ਤਿਆਗ ਦਿੰਦਾ ਹੈ; ਸਿਵਾਏ ਅਰਾਜਕਤਾ ਤੇ ਅਤਿ ਦੇ ਵਿਅਕਤੀਵਾਦ ਦੇ। ਇਨ੍ਹਾਂ ਦੇ ਚਲਦੇ ਉਹ ਸਾਰੀਆਂ ਬਿਮਾਰੀਆਂ ਫਿਰ ਸਿਰ ਚੁੱਕਦੀਆਂ ਹਨ ਜਿਨ੍ਹਾਂ ਖਿਲਾਫ਼ ਪੂਰਵ ਆਧੁਨਿਕ ਅਤੇ ਆਧੁਨਿਕ ਕਾਲ ਵਿਚ ਯੁੱਧ ਲੜਿਆ ਗਿਆ ਸੀ। ਇਸੇ ਲਈ ਪੂਰਵਲੀਆਂ ਕਦਰਾਂ-ਕੀਮਤਾਂ ਦੀ ਮੁੜ ਤੋਂ ਪੁਣ-ਛਾਣ ਕਰਕੇ ਨਵ ਸਾਮਰਾਜਵਾਦ ਵਿਰੁੱਧ ਵਰਤਣ ਤੇ ਏਕਾ ਬਣਾਉਣ ਦੀ ਲੋੜ ਹੈ। ਇਸ ਸਮੇਂ ਸਿੱਖ ਧਰਮ ਦੇ ਸਿਧਾਂਤ ਤੇ ਵਿਹਾਰ ਵਿਚੋਂ ਪਦਾਰਥਕ ਖੁਸ਼ਹਾਲੀ, ਔਰਤ ਤੇ ਦਲਿਤ ਦੀ ਬਰਾਬਰੀ, ਸੰਪ੍ਰਦਾਇਕ ਏਕਤਾ, ਲੋਕਰਾਜ ਸੰਬੰਧੀ ਵਿਚਾਰਾਂ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਅਪਣਾ ਕੇ ਅਤੇ ਅੰਧ ਵਿਸ਼ਵਾਸਾਂ ਦੇ ਅਨੇਕਾਂ ਪੱਖਾਂ ਵਿਰੁੱਧ ਮੁਹਿੰਮ ਵਿੱਢ ਕੇ ਨਵੀਂ ਲਹਿਰ ਦੀ ਉਸਾਰੀ ਵਿਚ ਹਿੱਸਾ ਪਾਇਆ ਜਾ ਸਕਦਾ ਹੈ । ਇਹੀ ਹੈ ਪ੍ਰਾਸੰਗਿਕਤਾ ਗੁਰੁ ਨਾਨਕ ਬਾਣੀ ਅਤੇ ਗੁਰਮਤਿ ਦੀ ਅਜੋਕੇ ਉੱਤਰ-ਆਧੁਨਿਕਤਾ ਦੇ ਦੌਰ ਵਿਚ।
ਹਵਾਲੇ ਤੇ ਟਿੱਪਣੀਆਂ
(1) ਸਿੱਖ ਲਹਿਰ, ਪੰਨਾ-13, (2) ਉਹੀ, ਪੰਨਾ-148, (3) ਗੁਰਬਾਣੀ ਦਾ ਸੱਚ, ਪੰਨਾ-110, (4) ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ, ਪੰਨਾ-10, (5) ਧਰਮ ਬਨਾਮ ਮਾਰਕਸਵਾਦ, ਪੰਨ 11, (6) ਉਹੀ ਪੰਨਾ-17, (7) ਉਹੀ ਪੰਨਾ-18 (8) ਫਿਲਾਸਫੀ ਆਫ ਗੁਰੂ ਨਾਨਕ ਪੰਨਾ-167, (9) ਉਹੀ ਪੰਨਾ-168 (10) ਧਰਮ ਬਨਾਮ ਮਾਰਕਸਵਾਦ ਪੰਨਾ-19, (11) ਪੰਜਾਬੀ ਕਾਵਿ ਸ਼੍ਰੋਮਣੀ, ਪੰਨਾ-12, (12) ਉਹੀ, ਪੰਨਾ-90, (13) ਉਹੀ, (14) ਪੰਜਾਬੀ ਕਾਵਿ ਸ਼੍ਰੋਮਣੀ, ਪੰਨਾ-59, (15) ਗੁਰੂ ਨਾਨਕ, ਪੰਨਾ-42, (16) ਪੰਜਾਬੀ ਕਾਵਿ ਸ਼੍ਰੋਮਣੀ, ਪੰਨਾ-53, (17) ਪੰਜਾਬੀ ਕਾਵਿ ਸ਼ੋ੍ਰਮਣੀ, ਪੰਨਾ 40, (18) ਉਹੀ, ਪੰਨਾ-38, (19) ਉਹੀ, ਪੰਨਾ 160, (20) ਗੁਰੂ ਨਾਨਕ, ਪੰਨਾ-50

Leave a Reply

Your email address will not be published. Required fields are marked *