ਅਰਪਨ ਲਿਖਾਰੀ ਸਭਾ ਦੀ ਮੀਟਿੰਗ ਕਿਸਾਨੀ ਮੋਰਚੇ ਦੀ ਜਿੱਤ ਨੂੰ ਸਮਰਪਿਤ

ਕੈਲਗਰੀ (ਸਤਨਾਮ ਸਿੰਘ ਢਾਹ ): ਅਰਪਨ ਲਿਖਾਰੀ ਸਭਾ ਦੀ ਮਾਸਕ ਮੀਟਿੰਗ ਜ਼ੂਮ ਰਾਹੀਂ ਹੋਈ ਜੋ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਸਮਰਪਿਤ ਕੀਤੀ ਗਈ। ਕਿਸਾਨ ਅੰਦੋਲਨ ਦੌਰਾਨ ਹੋਏ ਸ਼ਹੀਦਾਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇਣ ਵਾਲੇ ਸਾਹਿਤਕਾਰਾਂ ਅਤੇ ਹੇਕਾਂ ਦੀ ਧਨੀ ਗੁਰਮੀਤ ਬਾਵਾ ਸ਼ਰਧਾ ਸੁਮਨ ਭੇਟ ਕੀਤੇ ਗਏ।ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਜੰਗ ਵਿਚ ਹੋਏ ਸ਼ਹੀਦਾਂ ਦੀ ਅਦੁਤੀ ਸ਼ਹਾਦਤ ਅਕੀਦਾ ਪੇਸ਼ ਕੀਤਾ ਗਿਆ।
ਸਤਨਾਮ ਸਿੰਘ ਢਾਹ ਨੇ ਮੀਟਿੰਗ ਵਿਚ ਪਹਿਲੀ ਵਾਰ ਸ਼ਾਮਲ ਹੋਏ ਕਵੀ ਬਚਨ ਸਿੰਘ ਗੁਰਮ ਦਾ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ।ਬਚਨ ਸਿੰਘ ਗੁਰਮ ਨੇ ਆਪਣੀ ਸੰਖੇਪ ਜਾਣੁਪਛਾਣ ਕਰਾਉਣ ਮਗਰੋਂ ਕਿਸਾਨ ਅੰਦੋਲਨ ਬਾਰੇ ਕਵਿਤਾ ਪੇਸ਼ ਕੀਤੀ ‘ਬਾਬਰ ਜ਼ਾਲਮ ਕਹਿਣਾ ਪੈਂਦਾ ਹੈ ਤੱਤੀਆਂ ਤਵੀਆਂ ‘ਤੇ ਬਹਿਣਾ ਪੈਂਦਾ ਹੈ’। ਡਾ. ਮਹਿੰਦਰ ਸਿੰਘ ਹੱਲ੍ਹਣ ਨੇ ਕਿਤਾਬਾਂ ਪੜ੍ਹਨ ਦੇ ਮਹੱਤਵ ਉਘਾੜਦਿਆਂ, ਇਹ ਵਡਮੁੱਲੀ ਮੱਤ ਵੀ ਦਿੱਤੀ ਕਿ ਕਿਹੜੀ ਗੱਲ, ਕਿੰਨੀ ਕੁ, ਕਿਹੜੇ ਵੇਲੇ, ਕਿਵੇਂ ਕਹਿਣੀ ਹੈ। ਉਸਤਾਦ ਗ਼ਜ਼ਲਗ਼ੋ ਕੇਸਰ ਸਿੰਘ ਨੀਰ ਨੇ ਆਪਣੀ ਗ਼ਜ਼ਲ ਕਿਸਾਨ ਅੰਦੋਲਨ ਨਾਲ ਮੇਲ ਕੇ ਪੇਸ਼ ਕੀਤਾ’ਅੱਜ ਤੁਰੇ ਨੇ ਮੰਜ਼ਿਲ ਵੱਲੇ, ਸੂਰੇ ਬੰਨ੍ਹ ਕਤਾਰਾਂ’। ਜਰਨੈਲ ਤੱਗੜ ਨੇ ਕੈਨੇਡਾ ਅੰਦਰ ਖ਼ਾਸ ਕਰਕੇ ਕੁਝ ਪੰਜਾਬੀਆਂ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਰੁਝਾਨ ਉੱਤੇ ਦੁੱਖ ਅਤੇ ਚਿੰਤਾ ਜ਼ਾਹਰ ਕੀਤੀ। ਇਸੇ ਦੁਖ ਨੂੰ ਪ੍ਰਗਟ ਕਰਦੀ ‘ਮਾਂਦੀਪੁਕਾਰ’ ਇਕ ਕਵਿਤਾ ਵੀ ਪੇਸ਼ ਕੀਤੀ। ਡਾ. ਮਨਮੋਹਨ ਬਾਠ ਨੇ ਹਿੰਦੀ ਗੀਤ ਅਤੇ ਜੋਗਾ ਸਿੰਘ ਸਹੋਤਾ ਨੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਦੀ ਲਿਖੀ ਕਵਿਤਾ ਪੇਸ਼ ਕੀਤੀ ਅਤੇ ਪ੍ਰਸਿ’ਧ ਸ਼ਾਇਰ ਕੇਸਰ ਸਿੰਘ ਨੀਰ ਦੀ ਗ਼ਜ਼ਲ ਦੀ ਪੇਸ਼ਕਾਰੀ ਨਾਲ ਸੁਰਾਂ ਦੀ ਗਾਇਕੀ ਦਾ ਮਾਹੌਲ ਸਿਰਜਿਆ। ਸੁਖਵਿੰਦਰ ਤੂਰ ਨੇ ਬਚਨ ਸਿੰਘ ਗੁਰਮ ਦੀ ਗ਼ਜ਼ਲ ‘ਮੁਆਵਜ਼ਾ ਮੌਤ ਦਾ ਦਿੰਦੇ ਹੋ ਤੁਸੀਂ, ਵਸੀਲਾ ਜ਼ਿੰਦਗ਼ੀ ਦਾ ਦਿੰਦੇ ਜੀਵਨ ਸਰਸ਼ਾਰ ਹੁੰਦਾ’ ਅਤੇ ਸੁਖਵਿੰਦਰ ਅੰਮ੍ਰਿਤ ਦੇ ਗੀਤ ਕਮਾਲਦੇ ਸੁਰ ਦਿੱਤੇ। ਅਜਾਇਬ ਸਿੰਘ ਸੇਖੋਂ ਨੇ ਕਿਰਤੀ ਤੇ ਕਿਸਾਨ ਦੇ ਸ਼ੋਸ਼ਣ ਬਾਰੇ ਕਵਿਤਾਵਾਂ ਸੁਣਾਈਆਂ। ਜਸਵੰਤ ਸਿੰਘ ਸੇਖੋਂ ਨੇ ਇਹ ਗਾ ਕੇ ਕਵੀਸ਼ਰੀ ਦੀ ਕਲਾ ਦਾ ਨਿਵੇਕਲਾ ਪ੍ਰਦਰਸ਼ਨ ਕਰਦਿਆਂ ‘ਫ਼ਤਹਿ ਚਰਨ ਚੁੰਮਦੀ ਐ, ਕਿਸਾਨਾਂ ਕੇਂਦਰ ਅੱਜ ਝੁਕਾਤਾ’ ਕਵਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਹੀ ਭਾਵੁਕਤਾ ਨਾਲ ਸੁਣਾਈ।
ਜਗਦੇਵ ਸਿੱਧੂ ਨੇ ਕਿਸਾਨੀ ਮੋਰਚੇ ਦੀ ਜਿੱਤ, ਇਸ ਦੇ ਇਤਿਹਾਸਕ ਮਹੱਤਵ ਅਤੇ ਭਵਿੱਖੀ ਕਾਰਵਾਈਆਂ ਬਾਰੇ ਵਿਚਾਰ ਰੱਖੇ, ਬਚਨ ਸਿੰਘ ਗੁਰਮ ਦੀ ਕਵਿਤਾ ਦੇ ਮਿਆਰੀ ਹੋਣ ਦਾ ਲੇਖਾੁਜੋਖਾ ਕਰਦਿਆਂ ਉਸ ਦੀ ਇੱਕ ਕਵਿਤਾ ‘ਬਾਪੂ ਦੇ ਖ਼ਾਤੇ ਮਹਿਜ਼ ਇੰਦਰਾਜ਼ ਨਹੀਂ, ਪਲੁਪਲ ਮਰਨ ਦਾ ਕੋਈ ਵੀ ਇੰਦਰਾਜ਼ ਨਹੀਂ ਦਿਸਦਾ ਹੁੰਦਾ’। ਤੇਜਾ ਸਿੰਘ ਥਿਆੜਾ ਨੇ ਕਿਸਾਨੀ ਸੰਘਰਸ਼ ਦੀ ਜਿ’ਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਤੇਜਾ ਸਿੰਘ ਥਿਆੜਾ ਦੀ ਸੂਝਵਾਨ ਦਰਸ਼ਕ ਅਤੇ ਸਰੋਤੇ ਵਜੋਂ ਸਭ ਨੇ ਪ੍ਰਸੰਸਾ ਕੀਤੀ। ਸਤਨਾਮ ਸਿੰਘ ਢਾਹ ਨੇ ਵਧੀਆ ਸੰਚਾਲਨ ਕਰਦਿਆਂ ਦਿਲਚਸਪੀ ਬਣਾਈ ਰੱਖੀ।ਮਾਤਾ ਗੁਜਰੀ ਜੀ ਅਤੇ ਸ਼ਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਸਾਹਿਬਜ਼ਾਦਿਆਂ ਦੇ ਸਾਕੇ ਬਾਰੇ ਇਕ ਕਵਿਤਾ ‘ਛੋਟੇ ਲਾਲ ਦੋ ਪਿਆਰੇ, ਵਿਛੜੇ ਸਰਸਾ ਦੇ ਕਿਨਾਰੇ’ ਗਾ ਕੇ ਜਿੱਥੇ ਗਾਇਕ ਪ੍ਰਤਿਭਾ ਦਾ ਸਬੂਤ ਦਿੱਤਾ ਉੱਥੇ ਸਾਰਿਆਂ ਗ਼ਮਗ਼ੀਨ ਕਰ ਦਿੱਤਾ। ਉਸ ਨੇ ਪੇਸ਼ਕਾਰੀਆਂ ਦੇ ਮਿਆਰ ਦੀ ਸ਼ਲਾਘਾ ਕੀਤੀ, ਹਾਜ਼ਰੀਨ ਦਾ ਧੰਨਵਾਦ ਕੀਤਾ, ਨਵੇਂ ਵਰ੍ਹੇ ਦੀ ਅਗਾਊਂ ਵਧਾਈ ਦਿੱਤੀ ਤੇ ਮਹਾਂਮਾਰੀ ਤੋਂ ਨਿਜਾਤ ਪਾਉਣ ਦੀ ਕਾਮਨਾ ਕੀਤੀ। ਢਾਹ ਨੇ, 8 ਜਨਵਰੀ, 2022 ਹੋਣ ਵਾਲੀ ਮੀਟਿੰਗ ਵਿਚ ਵੀ ਇਸੇ ਤਰ੍ਹਾਂ ਉਤਸ਼ਾਹ ਨਾਲ ਸ਼ਾਮਲ ਹੋਣ ਦੀ ਬੇਨਤੀ ਕੀਤੀ।
ਹੋਰ ਜਾਣਕਾਰੀ ਲਈ ਸਤਨਾਮ ਢਾਹ ਨੂੰ 403 285 6091 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।