ਭਾਕਿਯੂ ਏਕਤਾ ਉਗਰਾਹਾਂ ਨੇ ‘ਜਸ਼ਨ-ਏ-ਫਤਹਿ’ ਮਨਾਇਆ, ਨਵੀਂ ਟੌਲ ਫੀਸ ਵਾਪਸ ਨਾ ਲੈਣ ਤੱਕ ਜਾਰੀ ਰਹਿਣਗੇ ਧਰਨੇ

ਲਹਿਰਾਗਾਗਾ (ਰਮੇਸ਼ ਭਾਰਦਵਾਜ) : ਇਥੇ ਪਿੰਡ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ 339ਵੇਂ ਦਿਨ ਇਹ ਮੋਰਚਾ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾ ਦੀ ਅਗਵਾਈ ਹੇਠ ‘ਜਸ਼ਨ-ਏ-ਫਤਹਿ’ ਮਨਾਉਂਦਿਆਂ ਜਥੇਬੰਦੀ ਦੇ ਅਗਲੇ ਐਲਾਨਾਂ ਨਾਲ ਸੰਪੰਨ ਗਿਆ ਹੈ। ਇਸ ਮੌਕੇ ਬਲਾਕ ਲਹਿਰਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਅਤੇ ਮੂਨਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਨੇ ਮੋਰਚੇ ਦੀ ਸਟੇਜ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਵਿਚ ਸਹਿਯੋਗ ਕਰਨ ਵਾਲੇ ਲੋਕਾਂ ਦਾ ਜਥੇਬੰਦੀ ਵਲੋਂ ਧੰਨਵਾਦ ਕੀਤਾ। ਜਥੇਬੰਦੀ ਮੁਤਾਬਕ ਸੰਘਰਸ਼ ਨੇ ਲੋਕਾਂ ਨੂੰ ਜਾਤਾਂ-ਪਾਤਾਂ ਅਤੇ ਧਰਮਾਂ ਤੋਂ ਹਟ ਕੇ ਇਕਜੁੱਟ ਕੀਤਾ ਹੈ। ਜਥੇਬੰਦੀ ਨੇ ਰਿਲਾਇੰਸ ਪੰਪ ਨੂੰ ਬੰਧਨ ਮੁਕਤ ਕਰਨ ਦਾ ਐਲਾਨ ਕੀਤਾ ਅਤੇ ਰਿਲਾਇੰਸ ਪੰਪ ’ਤੇ ਲਾਇਆ ਪੱਕਾ ਸ਼ੈੱਡ ਵੀ ਪੁੱਟ ਦਿੱਤਾ ਗਿਆ। ਬੀਕੇਯੂ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪੈਂਡੂ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ। ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਟੌਲ ਪਲਾਜ਼ਿਆ ਤੋਂ ਧਰਨੇ ਉਦੋਂ ਤੱਕ ਨਹੀਂ ਚੁੱਕੇ ਜਾਣਗੇ ਜਦੋਂ ਤੱਕ ਵਧਾਈ ਗਈ ਨਵੀਂ ਟੌਲ ਫੀਸ ਵਾਪਸ ਨਹੀਂ ਲਈ ਜਾਂਦੀ। ਉਨ੍ਹਾਂ ਨੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਚੰਨੀ ਸਰਕਾਰ ਦੇ ਸਕਿਉਰਿਟੀ ਡੀ.ਐਸ.ਪੀ. ਦੀ ਮੁਅੱਤਲੀ ਦੀ ਮੰਗ ਵੀ ਕੀਤੀ। ਆਗੂਆ ਨੇ ਐਲਾਨ ਕੀਤਾ ਕਿ ਕਿਹਾ ਸਰਕਾਰ ਆਪਣਾ ਕਰਜ਼ ਮੁਆਫੀ, ਘਰ ਘਰ ਨੌਕਰੀ, ਨਰਮੇ ਦਾ ਮੁਆਵਜ਼ਾ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਵਾਲਾ ਵਾਅਦਾ ਪੂਰਾ ਕਰੇ, ਨਹੀਂ ਤਾਂ ਜਥੇਬੰਦੀ ਵੱਡਾ ਸੰਘਰਸ਼ ਸ਼ੁਰੂ ਕਰੇਗੀ।