ਬੇਰੁਜ਼ਗਾਰਾਂ ਦੀ ਆਵਾਜ਼ ਦਬਾਉਣ ਦਾ ਅਜੀਬ ਤਰੀਕਾ: ਮੂੰਹ ਬੰਦ ਕਰਕੇ ਵਰ੍ਹਾਏ ਜਾ ਰਹੇ ਡੰਡੇ

ਲੁਧਿਆਣਾ: ਪੰਜਾਬ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਦਾਅਵਾ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਦਲਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਦੀਆਂ ਰੈਲੀਆਂ ਵਿੱਚ ਰੋਸ ਮੁਜ਼ਾਹਰੇ ਕਰਨ ਪਹੁੰਚ ਰਹੇ ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ਦੀ ਨਾ ਸਿਰਫ਼ ਕੁੱਟਮਾਰ ਕੀਤੀ ਜਾ ਰਹੀ ਹੈ ਸਗੋਂ ਮੂੰਹ ’ਤੇ ਹੱਥ ਰੱਖ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਹੱਕ ਮੰਗਣ ਵਾਲਿਆਂ ‘ਤੇ ਲਾਠੀਆਂ ਵਰਾਈਆਂ ਜਾ ਰਹੀਆਂ ਹਨ।
26 ਸਤੰਬਰ ਨੂੰ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ‘ਚ ਹਰ ਬੇਰੁਜ਼ਗਾਰ, ਮੁਲਾਜ਼ਮ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇਗਾ। ਸੂਬੇ ਵਿੱਚ ਗ੍ਰੇਡ ਚਾਰ ਤੋਂ ਗ੍ਰੇਡ ਇੱਕ ਤੱਕ ਦੇ ਅਧਿਕਾਰੀ ਖੁਸ਼ ਹੋਣਗੇ। 80 ਦਿਨਾਂ ਬਾਅਦ ਹੁਣ ਸਥਿਤੀ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਪੰਜਾਬ ਦੇ ਹਾਲਾਤ ਇਹ ਹਨ ਕਿ ਬੇਰੁਜ਼ਗਾਰ ਅਧਿਆਪਕ, ਸਿਹਤ ਕਰਮਚਾਰੀ, ਪੀਆਰਟੀਸੀ ਮੁਲਾਜ਼ਮ, ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਸਾਰੇ ਹੀ ਹੜਤਾਲ ‘ਤੇ ਹਨ। ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।