‘ਤੁਮ ਕਿਉਂ ਉਦਾਸ ਹੋ ?’ ਨਾਰੀ ਸੁਤੰਤਰਤਾ ਦਾ ਦਮ ਭਰਦੀਆਂ ਹਨ ਕੁਲਬੀਰ ਬਡੇਸਰੋਂ ਦੀਆਂ ਕਹਾਣੀਆਂ : ਪ੍ਰੋ. ਬਲਬੀਰ ਸਿੰਘ ਮੁਕੇਰੀਆਂ

(ਕਹਾਣੀ ਸੰਗ੍ਰਹਿ, ਕੁਲਬੀਰ ਬਡੇਸਰੋਂ)
ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ
ਪੁਸਤਕ ਸਮੀਖਿਆ
ਕੁਲਬੀਰ ਬਡੇਸਰੋਂ ਪੰਜਾਬੀ ਦੀ ਸਮਰੱਥ ਕਹਾਣੀਕਾਰ ਹੈ। ਉਹ ਪੰਜਾਬ ਵਿੱਚ ਦੂਰਦਰਸ਼ਨ ਵਿੱਚ ਕੰਮ ਕਰਦਿਆਂ ਬਹੁਤ ਸਾਰੇ ਹੋਰ ਫੀਚਰਾਂ ਤੋਂ ਬਿਨਾਂ ਬੰਬਈ ਦੀ ਫਿਲਮੀ ਦੁਨੀਆ ਵਿੱਚ ਪਹੁੰਚ ਕੇ ਤਿੰਨ ਕਹਾਣੀ ਸੰਗ੍ਰਹਿ ਇੱਕ ਖਤ ਪਾਪਾ ਦੇ ਨਾਂ, ਕਦੋਂ ਆਏਂਗੀ? ਤੇ ਤੀਜਾ ਕਹਾਣੀ ਸੰਗ੍ਰਹਿ ਤੁਮ ਕਿਉਂ ਉਦਾਸ ਹੋ? ਦੇ ਚੁੱਕੀ ਹੈ। ਹੱਥਲੇ ਸੰਗ੍ਰਹਿ ਵਿੱਚ ਉਸ ਨੇ 11 ਕਹਾਣੀਆਂ ਪੇਸ਼ ਕੀਤੀਆਂ ਹਨ। ਉਸਨੇ ਰੇਡੀਓ ਅਤੇ ਦੂਰਦਰਸ਼ਨ ਦੀ ਨੌਕਰੀ ਕਰਦਿਆਂ ਦਰਜਨਾਂ ਨਾਟਕ, ਕਥਾਪੱਟ,ਤੇ ਡਾਇਲਾਗ ਵੀ ਲਿਖੇ।ਬੰਬਈ ਪਹੰਚ ਕੇ ਉਸ ਨੇ ਪੰਜਾਬੀ ਤੇ ਹਿੰਦੀ ਫਿਲਮਾਂ ਤਥਾ ਦੂਰਦਰਸ਼ਨ ਲੜੀਵਾਰਾਂ ਵਿੱਚ ਅਥਾਹ ਕੰਮ ਕੀਤਾ। ਉਸ ਦੀ ਕਹਾਣੀ ਕਲਾ ਤੇ ਕਈ ਖੋਜਾਰਥੀਆਂ ਨੇ ਐਮ.ਫਿਲ. ਦੀਆਂ ਡਿਗਰੀਆਂ ਪਾਸ ਕੀਤੀਆਂ। ਉਸ ਨੇ ਚਾਰ ਦਰਜਨ ਤੋਂ ਵ’ਧ ਐਡ-ਫਿਲਮਾਂ ਵਿੱਚ ਵੀ ਕੰਮ ਕੀਤਾ। ਇਹ ਡੂੰਘਾ ਫਿਲਮੀ ਅਨੁਭਵ ਉਸ ਦੀਆਂ ਕਹਾਣੀਆਂ ਦਾ ਆਧਾਰ ਬਣਦਾ ਹੈ। ‘ਤੁਮ ਕਿਉਂ ਉਦਾਸ ਹੋ’, ‘ਆਕਰੋਸ਼’, ‘ਬਕਬਕ’, ‘ਮਜ਼ਬੂਰੀ’ ਤੇ ‘ਦੋ ਔਰਤਾਂ’, ਉਸ ਦੇ ਫਿਲਮੀ ਜੀਵਨ ਦੀ ਪੈਦਾਵਾਰ ਹਨ। ਕਈ ਵਾਰ ਤਾਂ ਇੰਝ ਲਗਦਾ ਹੈ ਕਿ ਇਹ ਪੂਰਾ ਕਹਾਣੀ ਸੰਗ੍ਰਹਿ ਹੀ ਬਡੇਸਰੋਂ ਦੀ ਸਵੈ ਜੀਵਨੀ ਹੈ।
ਤੁਮ ਕਿਉਂ ਉਦਾਸ ਹੋ, ਉਸ ਦੀ ਕਲੱਕਤੇ ਦੀ ਮਠਿਆਈਆਂ ਬਣਾਉਣ ਵਾਲੀ ਵਡੀ ਫੈਕਟਰੀ ਦੀ ਕਹਾਣੀ ਹੈ ਜਿਸ ਵਿੱਚ ਮਠਿਆਈ ਕਾਮਿਆਂ ਦਾ ਗੰਦਗੀ, ਅੱਤ-ਗਰਮੀ ਵਿੱਚ, ਸਖਤ ਮਿਹਨਤ ਭਰਿਆ ਜੀਵਨ ਹੈ। ਇਸ ਵਿੱਚ ਇੱਕ ਸ਼ਰਮਾਕਲ ਬਿਹਾਰੀ ਕਾਮਾ ਮੁੰਡਾ ਇੱਕ ਅਤਿ-ਆਧੁਨਿਕ ਸਮਾਰਟ ਅਦਾਕਾਰਾ ਨਾਲ ਸ਼ੂਟਿੰਗ ਦੌਰਾਨ ਸੰਵਾਦ ਰਚਾਉੇਣ ਤੋਂ ਝਕਦਾ ਹੈ। ਇਸ ਤਰ੍ਹਾਂ ਫਿਲਮ ਡਾਇਰੈਕਟਰ ਲਈ ਇਹ ਇੱਕ ਵੱਡੀ ਸਮੱਸਿਆ ਹੈ। ਆਕਰੋਸ਼ ਕਹਾਣੀ ਵਿੱਚ ਜਸਬੀਰ ਨੂੰ ਇੱਕ ਪਾਇਲਟ ਲੜੀਵਾਰ ਸ਼ੁਰੂ ਕਰਨ ਲਈ ਪ੍ਰੋਡਕਸ਼ਨ ਯੂਨਿਟ ਦਾ ਫੋਨ ਆਇਆ। ਇਹ ਇੱਕ ਘਰੇਲੂ ਜੰਜਾਲ ਦੀ ਕਹਾਣੀ ਹੈ, ਜਿਸ ਵਿੱਚ ਭੂਆ ਕਾਮਨਾ ਗੁਪਤਾ ਜਸਬੀਰ ਭਰਜਾਈ ਦੇ ਬੱਚਿਆਂ ਨੂੰ ਮਾਪਿਆਂ ਪਾਸੋਂ ਜਾਇਦਾਦ ਲੈਣ ਲਈ ਉਕਸਾਂਦੀ ਹੈ। ਸ਼ੂਟਿੰਗ ਦੌਰਾਨ ਜਸਬੀਰ ਦਾ ਮੱਥਾ ਠਣਕਿਆ ਕਿ ਇਹ ਤਾਂ ਉਹੀ ਦਿਓ ਕੱਦ, ਮਿਸ ਲਖਨਊ ਔਰਤ ਹੈ ਜੋ ਕਈ ਸਾਲ ਉਸ ਦੇ ਪਤੀ ਨਾਲ ਲਿਵਇਨ ਵਿੱਚ ਰਹੀ ਤੇ ਉਸ ਦੇ ਤਾਲਾਕ ਦਾ ਕਾਰਨ ਬਣੀ।
ਦੋ ਔਰਤਾਂ ਕਹਾਣੀ ਵੀ ਆਕਰੋਸ਼ ਦਾ ਅਗਲਾ ਭਾਗ ਲਗਦੀ ਹੈ। ਇਸ ਕਹਾਣੀ ਵਿੱਚ ਨਾਇਕਾ ਤਾਲਾਕਸ਼ੁਦਾ ਸੁਖਬੀਰ ਦੇ ਰੂਪ ਵਿੱਚ ਆਉਂਦੀ ਹੈ ਤੇ ਯੂ.ਕੇ. ਵਿੱਚ ਜਾ ਕੇ ਆਪਣੀ ਨਣਾਨ ਹਰਲੀਨ ਨਾਲ ਆਪਣੇ ਪਹਿਲੇ ਵਿਆਹ ਤੋਂ ਲੈ ਕੇ ਦੋ ਤਾਲਾਕਾਂ ਦੀ ਕਹਾਣੀ ਦੱਸਦੀ ਹੈ। ਫਿਲਮੀ ਦੁਨੀਆਂ ਦੇ ਬਹੁਤ ਸਾਰੇ ਬਡੇਸਰੋਂ ਦੇ ਪਾਤਰ ਬਿਲਕੁਲ ਅਸਲੀ ਜਾਪਦੇ ਹਨ। ਬਕਬਕ ਕਹਾਣੀ ਵੀ ਉਸ ਦੀ ਨਾਇਕਾ ਨੂੰ ਫਿਲਮੀ ਸ਼ੂਟਿੰਗ ਲਈ ਲੈ ਕੇ ਜਾਂਦੇ ਡਰਾਈਵਰਾਂ ਦੀ ਕਥਾ ਹੈ। ਹਰ ਡਰਾਈਵਰ ਵਿੱਚ ਕੋਈ ਨਾ ਕੋਈ ਨੁਕਸ ਤਾਂ ਹੁੰਦਾ ਹੀ ਹੈ, ਅਖੀਰਲਾ ਇੱਕ ਡਰਾਈਵਰ ਐਸਾ ਮਿਲਦਾ ਹੈ ਜੋ ਸਮੇਂ ‘ਤੇ ਡਿਊਟੀ ਦਾ ਪਾਬੰਦ ਹੈ। ਪਰ ਰਸਤੇ ਵਿੱਚ ਚਲਦਿਆਂ ਬੋਲਣੋਂ ਨਹੀਂ ਹਟਦਾ। ਮੈਡਮ ਉਸ ਨੂੰ ਬਦਲਣ ਬਾਰੇ ਸੋਚ ਹੀ ਰਹੀ ਸੀ ਕਿ ਉਪਰੋਂ ਕਰੋਨਾ ਵਾਇਰਸ ਕਰਕੇ ਲਾਕਡਾੳਨੂ ਦਾ ਐਲਾਨ ਹੋ ਜਾਂਦਾ ਹੈ।
ਮਜਬੂਰੀ ਕਹਾਣੀ ਵਿੱਚ ਨੀਤੀ ਇੱਕ ਅਜਿਹੀ ਫਿਲਮੀ ਨਾਇਕਾ ਹੈ, ਜਿਸ ਨੇ ਆਪਣੀ ਫਿਲਮੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਦਾਕਾਰ ਅਜਿਹੇ ਵੇਖੇ ਹਨ ਜੋ ਸ਼ੂਟਿੰਗ ਦੌਰਾਨ ਕੰਮ ਤਾਂ ਬਹੁਤ ਵਧੀਆ ਕਰਦੇ ਹਨ ਪਰ ਫਿਲਮੀ ਮੁੱਖ ਧਾਰਾ ਵਿੱਚ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ। ਨੀਤੀ ਵਲੋਂ ਸਾਈਨ ਕੀਤੇ ਐਪੀਸੋਡਾਂ ਦੇ ਮਿਹਨਤਾਨੇ ਬਾਰੇ ਵੀ ਉਹ ਮਜ਼ਬੂਰੀਵੱਸ ਪ੍ਰੋਡਿਊਸਰ ਨੂੰ ਪੁੱਛ ਵੀ ਨਹੀਂ ਸਕਦੀ।
ਨੂੰਹ-ਸੱਸ ਉਸ ਦੀ ਮੱਧ-ਵਰਗੀ ਚਰਿੱਤਰ ਦੀ ਕਹਾਣੀ ਹੈ। ਤਹਿਸੀਲਦਾਰ ਗੁਰਨਾਮ ਸਿੰਘ, ਉਸ ਦੇ ਘਰੋਂ ਹਰਬੰਸ ਕੌਰ, ਤੇ ਚੰਗੀ ਨੌਕਰੀ ‘ਤੇ ਲੱਗਾ ਪੁੱਤਰ ਹਰਮਨ ਤਥਾ ਨਵੀਂ ਵਿਆਹੀ ਬਹੂ ਬਲਬੀਰ ਇਸ ਦੇ ਮੁੱਖ ਪਾਤਰ ਹਨ। ਨੂੰਹ, ਬਲਬੀਰ ਸਾਹਮਣੇ ਹੀ ਸੱਸ-ਸਹੁਰੇ ਵਲੋਂ ਬਣ ਠਣ ਕੇ ਰਹਿਣਾ ਅਤੇ ਅਠਖੇਲੀਆਂ ਕਰਨੀਆਂ, ਇਹ ਸਭ ਕੁੱਝ ਬਲਬੀਰ ਨੂੰ ਬੜਾ ਪਸੰਦ ਹੈ। ਪਰ ਬਲਬੀਰ ਦਾ ਪਤੀ ਹਰਮਨ ਅਜਿਹੇ ਕਲੋਲ ਮਲੋਲ ਨਹੀਂ ਕਰਦਾ। ਉਹ ਆਪਣੀ ਨੌਕਰੀ ‘ਤੇ ਹੋਰ ਕੰਮਾਂ ਵੱਲ ਜ਼ਿਆਦਾ ਰੁਚਿਤ ਹੈ, ਪਰ ਬਲਬੀਰ ਆਪਣੇ ਆਪ ਨੂੰ ਖਾਲੀ ਖਾਲੀ ਮਹਿਸੂਸ ਕਰਦੀ ਹੈ। ਹਾਰ ਕੇ ਇੱਕ ਦਿਨ ਜਿਵੇਂ ਵੱਡੇ ਘਰਾਂ ਵਿੱਚ ਹੁੰਦਾ ਹੈ, ਬਲਬੀਰ ਆਪਣੀ ਸੱਸ ਤੇ ਪਤੀ ਦੀ ਗੈਰ-ਹਾਜ਼ਰੀ ਵਿੱਚ ਗੁਰਨਾਮ ਸਿੰਘ ਦੇ ਨੇੜੇ ਹੋ ਜਾਂਦੀ ਹੈ।
ਸਕੂਲ ਟਰਿੱਪ ਕਹਾਣੀ, ਹੇਠਲੀ ਸ਼ਹਿਰੀ ਮੱਧ ਸ਼੍ਰੇਣੀ ਦੀ ਪ੍ਰਤੀਨਿੱਧਤਾ ਕਰਦੀ ਹੈ। ਇਸ ਵਿੱਚ ਅੰਜਲੀ ਦੀਆਂ ਦੋ ਬੇਟੀਆਂ ਸਾਲਾਨਾ ਸਕੂਲ ਟਰਿੱਪ ‘ਤੇ ਜਾਣਾ ਚਾਹੁੰਦੀਆਂ ਹਨ, ਪਰ ਅੰਜਲੀ ਆਰਥਕ ਮਜਬੂਰੀ ਵੱਸ ਉਹਨਾਂ ਦਾ ਸਕੂਲ ਟਰਿੱਪ ‘ਤੇ ਜਾਣਾ ਮੁਲਤਵੀ ਕਰ ਦਿੰਦੀ ਹੈ। ਕਿਉਂਕਿ ਅੰਜਲੀ ਇੱਕ ਇੱਕਲੀ ਮਾਂ ਹੈ।
ਫੇਰ ਕਹਾਣੀ ਵਿੱਚ ਕਹਾਣੀਕਾਰਾ ਅਚਾਨਕ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੰਦੀ ਹੈ। ਲੋਕ ਉਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੰਦੇ ਹਨ, ਪਰ ਉਸ ਦੀ ਬੇਟੀ ਉਸ ਨੂੰ ਮੁੱਢਲੀ ਸਹਾਇਤਾ ਦਿਵਾ ਕੇ ਘਰ ਲੈ ਆਉਂਦੀ ਹੈ। ਪਰ ਪਤਾ ਲੈਣ ਵਾਲੇ ਸਾਰੇ ਹੀ ਸਨੇਹੀ ਫੋਨ ‘ਤੇ ਕਹਾਣੀਕਾਰਾ ਦੀ ਥੋੜ੍ਹੀ ਜਿਹੀ ਪੁੱਛਗਿੱਛ ਕਰ ਕੇ ਆਪ ਬੀਤੀਆਂ ਛੇੜ ਲੈਂਦੇ ਹਨ, ਜਿਨ੍ਹਾਂ ਨੂੰ ਸੁਣ ਸੁਣ ਕੇ ਉਹ ਅੱਕ ਜਾਂਦੀ ਹੈ।
‘ਮਾਂ ਨੀ’, ‘ਭੈਣਜੀ’, ਤੇ ‘ਤੂੰ ਵੀ ਖਾ ਲੈ’ ਕਹਾਣੀਕਾਰਾ ਦੀਆਂ ਆਪ ਬੀਤੀਆਂ ਜਾਪਦੀਆਂ ਹਨ। ਮਾਂ ਨੀ ਕਹਾਣੀ ਵਿੱਚ ਇੱਕ ਤਾਲਾਕਸ਼ੁਦਾ ਮਾਂ ਦੀ ਬੇਟੀ ਨੂੰ ਆਪਣੇ ਪਾਪਾ ਨਾਲ ਸਕੂਟਰ ‘ਤੇ ਬੈਠ ਕੇ ਜੱਫੀ ਪਾਉਣ ਦਾ ਸ਼ੌਂਕ ਉਮੜਦਾ ਹੈ। ਮਹਾਂਨਗਰੀ ਸੱਭਿਆਚਾਰ ਵਿੱਚ ਪਰਿਵਾਰ ਦਾ ਸੰਕਲਪ ਟੁੱਟਦਾ ਜਾ ਰਿਹਾ ਹੈ। ਸਾਧਾਰਨ ਵਿਅਕਤੀ ਪੂੰਜੀ ਸਾਹਮਣੇ ਬੌਣਾ ਹੈ।
‘ਭੈਣਜੀ’ ਕਹਾਣੀ ਵਿੱਚ ਸਾਰੀ ਉਮਰ ਨਿੱਕੀ ਭੈਣ, ਵੱਡੀ ਭੈਣ ਦੀ ਅਕਾਰਨ ਹੀ ਨਫਰਤ ਦਾ ਸ਼ਿਕਾਰ ਬਣੀ ਰਹਿੰਦੀ ਹੈ। ਮਨੁੱਖੀ ਹਮਦਰਦੀ ਤੇ ਪਿਆਰ ਇੱਕ ਦੁਵੱਲਾ ਜਜ਼ਬਾ ਹੈ। ਪਰ ਇਸ ਕਹਾਣੀ ਵਿੱਚ ਇਹ ਜਜ਼ਬਾ ਇੱਕ ਪਾਸੜ ਹੋ ਨਿੱਬੜਦਾ ਹੈ, ਕਿਉਂਕਿ ਨਿੱਕੀ ਭੈਣ ਵ’ਡੀ ਭੈਣ ਨੂੰ ਪਿਆਰ ਕਰਨਾ ਨਹੀਂ ਛੱਡਦੀ।
‘ਤੂੰ ਵੀ ਖਾ ਲੈ’ ਵਿੱਚ ਬਿਰਤਾਂਤਕਾਰ ਦੀ ਵੱਡੀ ਯੂ.ਕੇ. ਵਾਲੀ ਭਰਜਾਈ ਨੂੰ ਜਦੋਂ ਕਹਾਣੀਕਾਰਾ ਮਿਲਣ ਜਾਂਦੀ ਹੈ ਤਾਂ ਸਾਂਝੇ ਪਰਿਵਾਰ ਵਾਂਗ ਹੀ ਭਰਜਾਈ ਫਿਰ ਉਸ ਨੂੰ ਰੋਟੀ ਲਈ ‘ਤੂੰ ਵੀ ਖਾ ਲੈ’ ਕਹਿੰਦੀ ਹੈ।
ਕੁਲਬੀਰ ਬਡੇਸਰੋਂ ਦੀਆਂ ਸਭ ਕਹਾਣੀਆਂ ਉਸ ਦੀਆਂ ਹੁਨਰੀ ਕਹਾਣੀਆਂ ਹਨ, ਜਿਨ੍ਹਾਂ ਦਾ ਵਾਤਾਵਰਣ ਵੀ ਕੁਦਰਤੀ ਹੁੰਦਾ ਹੈ। ਫਿਲਮਾਂ ਤੇ ਲੜੀਵਾਰਾਂ ਵਿੱਚ ਲਗਾਤਾਰ ਕੰਮ ਕਰਦੇ ਹੋਣ ਕਰਕੇ ਉਸ ਪਾਸ ਗੱਲ ਕਹਿਣ ਦੀ ਅਮੀਰੀ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਗੋਲ ਨਹੀਂ ਸਗੋਂ ਚਪਟੇ ਹਨ ਜੋ ਪ੍ਰਸਥਿਤੀਆਂ ਵਿਰੁੱਧ ਜੂਝਦੇ ਹਨ, ਜਿਵੇਂ ਉਸ ਦੀਆਂ ਕਹਾਣੀਆਂ ਆਕ੍ਰੋਸ਼ ਤੇ ਦੋ ਔਰਤਾਂ। ਦੋ ਔਰਤਾਂ ਕਹਾਣੀ ਵਿੱਚ ਆਪਣੇ ਸਾਬਕਾ ਪਤੀ ਤੋਂ ਸਤਾਈ ਜਸਬੀਰ ਨੇ ਜਦੋਂ ਆਪਣੀ ਯੂ.ਕੇ. ਵਾਲੀ ਨਣਾਨ ਹਰਲੀਨ ਨੂੰ ਪੁੱਛਿਆ ਕਿ ਜੇ ਤੂੰ ਮੇਰੀ ਥਾਂ ਹੁੰਦੀ ਤਾਂ ਕੀ ਕਰਦੀ? ਮੈਂ ਉਸ ਨੂੰ ਆਪਣੀ ਜਿੰਦਗੀ ਵਿਚੋਂ ਹਮੇਸ਼ਾਂ ਲਈ ਕਿੱਕ ਆਊਟ ਕਰ ਦਿੰਦੀ ਤੇ ਸਿਰ ਉੱਚਾ ਕਰਕੇ ਜਿਊਂਦੀ, ਜਿਵੇਂ ਤੂੰ ਜੀਂ ਰਹੀਂ ਏਂ ਹਰਲੀਨ ਦਾ ਜਵਾਬ ਸੀ।
ਬਡੇਸਰੋਂ ਦੀਆਂ ਕਹਾਣੀਆਂ ਵਿੱਚ ਨਾਰੀ ਚੇਤਨਾ ਉੱਭਰ ਕੇ ਸਾਹਮਣੇ ਆ ਰਹੀ ਹੈ। ‘ਆਕ੍ਰੋਸ਼’ ਕਹਾਣੀ ਵਿਚ ਸੁਖਬੀਰ ਸ਼ੂਟਿੰਗ ਦੌਰਾਨ ਉਸ ਦੇ ਪਤੀ ਨਾਲ ਲਿਵਇਨ ਵਿੱਚ ਰਹਿ ਕੇ ਆਈ ਔਰਤ ਦੇ ਸੱਚਮੁੱਚ ਹੀ ਥੱਪੜ ਜੜ ਦਿੰਦੀ ਹੈ।
ਰੂਪਕ ਪੱਖ ਤੋਂ ਬਡੇਸਰੋਂ ਦੀ ਕਹਾਣੀ ਰਵਾਇਤੀ ਨਿੱਕੀ ਕਹਾਣੀ ਵਾਂਗ ਹੀ ਚੱਲਦੀ ਹੈ। ਉਸ ਦੀਆਂ ਕਹਾਣੀਆਂ ਤਿੰਨ ਪ੍ਰਕਾਰ ਦੀਆਂ ਹਨ: (1) ਘਟਨਾ ਪ੍ਰਧਾਨ (2) ਵਿਅਕਤੀ ਪ੍ਰਧਾਨ ਅਤੇ (3) ਸਮੱਸਿਆ ਪ੍ਰਧਾਨ। ਉਹ ਤਿੰਨੇ ਪ੍ਰਕਾਰ ਦੀਆਂ ਕਹਾਣੀਆਂ ਲਿਖਣ ਵਿਚ ਸਫਲ ਹੈ।
ਭਾਸ਼ਾ: ਕਹਾਣੀਆਂ ਵਿਚਲੀ ਬੋਲੀ ਠੇਠ ਪੰਜਾਬੀ ਦੇ ਨਾਲ ਨਾਲ ਦੁਆਬੀ ਭਾਅ ਵੀ ਮਾਰਦੀ ਹੈ। ਪਰ ਉਸ ਦੇ ਬਹੁਤੇ ਵਾਰਤਾਲਾਪ ਹਿੰਦੀ ਤੇ ਅੰਗਰੇਜ਼ੀ ਵਿੱਚ ਹੂਬਹੂ ਦੇ ਦਿੱਤੇ ਗਏ ਹਨ, ਜੋ ਕਿ ਅਸਲ ਹੁੰਦਿਆਂ ਹੋਇਆਂ ਵੀ ਓਪਰੇ ਲੱਗਦੇ ਹਨ। ਇਹੋ ਵਾਰਤਾਲਾਪ ਹੀ ਕਹਾਣੀ ਦੀ ਪਾਤਰ ਉਸਾਰੀ ਵਿੱਚ ਮਦਦ ਕਰਦੇ ਹਨ। ਉਸ ਦੀਆਂ ਕਹਾਣੀਆਂ ਵਿੱਚ ਫਿਲਮੀ ਗਲੈਮਰ ਖੂਬ ਪ੍ਰਗਟ ਹੋਇਆ ਹੈ, ਪਰ ਕਹਾਣੀ ਰਸ ਭਰਪੂਰ ਰਿਹਾ। ਉਸ ਦੀਆਂ ਲਗਭਗ ਸਾਰੀਆਂ ਕਹਾਣੀਆਂ ਨਾਰੀ ਸੁਤੰਤਰਤਾ ਦਾ ਦਮ ਭਰਦੀਆਂ ਹਨ। ਉਸ ਦੇ ਇਸਤਰੀ ਪਾਤਰ ਤਰਸ ਦੇ ਪਾਤਰ ਨਹੀਂ, ਸਗੋਂ ਉਹ ਪ੍ਰਸਥਿਤੀਆਂ ਸੰਗ ਭਿੜਦੇ ਹਨ, ਸਮਝੌਤਾ ਨਹੀਂ ਕਰਦੇ। ਮਰਦ ਦੀ ਸਰਵਉੱਚਤਾ ਨੂੰ ਵੰਗਾਰਦੇ ਹਨ। ਉਪਭੋਗਤਾ ਦੇ ਬਾਜ਼ਾਰ ਦਾ ਸ਼ਿਕਾਰ ਬਡੇਸਰੋਂ ਦੇ ਮਰਦ ਪਾਤਰ ਵਿਵਰਜਿਤ ਖੁੱਲ੍ਹਾਂ ਮਾਣਦੇ ਜ਼ਿੰਦਗੀ ‘ਚੋਂ ਬਾਹਰ ਕੀਤੇ ਜਾਂਦੇ ਹਨ। ਸਮੁੱਚੇ ਤੌਰ ‘ਤੇ ਕੁਲਬੀਰ ਬਡੇਸਰੋਂ ਇੱਕ ਸਫਲ ਅਦਾਕਾਰਾ ਤਾਂ ਹੈ ਹੀ, ਪਰ ਇੱਕ ਸਫਲ ਤੇ ਅਦੁਭੁੱਤ ਕਹਾਣੀਕਾਰਾ ਵੀ ਹੈ, ਕਿਉਂਕਿ ਉਸ ਨੇ ਪੰਜਾਬੀ ਕਹਾਣੀ ਨੂੰ ਨਵਾਂ ਤੇ ਵਿਸ਼ਾਲ ਫਿਲਮੀ ਕੈਨਵਸ ਦਿੱਤਾ ਹੈ।
ਫੋਨ ਨੰਬਰ: 98880-29403