ਨਾ.. ਨਾ..! ਨਾ ਇਹ ਐਲਾਨਜੀਤ ਤੇ ਨਾ ਹੀ ਵਿਸ਼ਵਾਸਜੀਤ, ਇਹ ਤਾਂ ਨੇ ‘ਇਸ਼ਤਿਹਾਰਜੀਤ’

ਕਮਲ ਦੁਸਾਂਝ

ਪੰਜਾਬ ਦੇ ‘ਬਾਈ ਚਾਂਸ’ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬੀਆਂ ਨਾਲ ਨਿੱਤ ਨਵੀਆਂ ਕਲੋਲਾਂ ਕਰ ਰਹੇ ਹਨ। ਉਨ੍ਹਾਂ ਨੂੰ ਮੰਜਾ ਬੁਣਨਾ ਆਉਂਦੈ.. ਉਨ੍ਹਾਂ ਨੂੰ ਟੈਂਟ ਗੱਡਣੇ ਆਉਂਦੇ ਨੇ.. ਉਨ੍ਹਾਂ ਨੂੰ ਧਾਰਾਂ ਚੋਣੀਆਂ ਆਉਂਦੀਆਂ ਨੇ.. ਉਨ੍ਹਾਂ ਨੂੰ ਫਲਾਣਾ ਵੀ ਆਉਂਦੈ … ਉਨ੍ਹਾਂ ਨੂੰ ਢਿਮਕਾ ਵੀ ਆਉਂਦੈ…।

ਜੁੰਮਾ-ਜੁੰਮਾ ਚਾਰ ਦਿਨ ਹੋਏ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਿਆਂ.. ਪਰ ਪੰਜਾਬ ਦੀਆਂ ਸੜਕਾਂ ‘ਤੇ ਇਸ਼ਤਿਹਾਰਾਂ ਦੀਆਂ ਲਹਿਰਾਂ-ਬਹਿਰਾਂ ਕਰਾ ਦਿੱਤੀਆਂ ਨੇ ਉਨ੍ਹਾਂ। ‘ਕੱਲੀਆਂ ਸੜਕਾਂ ਕੀ! ਕੋਈ ਅਖ਼ਬਾਰ ਫਰੋਲ ਲਓ… ਕੋਈ ਸੋਸ਼ਲ ਮੀਡੀਆ ਖੋਲ੍ਹ ਲਓ.. ਹਰ ਥਾਂ ‘ਚੰਨੀ ਮਸਲੇ ਹੱਲ’ ਕਰਦਾ ਨਜ਼ਰੀਂ ਆਉਂਦੈ।

ਅੱਗੇ ਤਾਂ ਦੇਖੀ ਦਾ ਸੀ ਕਿ ਸੜਕਾਂ ‘ਤੇ ਟੋਏ ਹੀ ਟੋਏ ਨੇ ਪਰ ਹੁਣ ਤਾਂ ਸੜਕਾਂ ‘ਤੇ ਵੱਡੇ-ਵੱਡੇ ਚੰਨੀ ਸਰਕਾਰ ਦੀਆਂ ‘ਪ੍ਰਾਪਤੀਆਂ’ ਦੇ ਵੱਡੇ-ਵੱਡੇ ਇਸ਼ਤਿਹਾਰ ਉਹ ਵੀ ਦਸ ਦਸ ਕਦਮਾਂ ਦੀ ਵਿੱਥ ‘ਤੇ …ਸੜਕਾਂ ਵਿਚਾਰੀਆਂ ਆਪਣੇ ਪਾਟੇ ਝੱਗੇ ਦੇਖ, ਬੁੱਲ੍ਹ ਟੇਰ ਰਹੀਆਂ ਨੇ…।

ਹਾਏ! ਲੋਕਾਂ ਦਾ ਅਰਬਾਂ ਰੁਪਇਆ ਪੰਜਾਬ ਦੀਆਂ ਸੜਕਾਂ, ਅਖ਼ਬਾਰਾਂ, ਟੀਵੀਆਂ, ਸੋਸ਼ਲ ਮੀਡੀਆ ‘ਤੇ ਰੁਲ ਰਿਹੈ ਪਰ ਰੋਕਣ-ਟੋਕਣ ਵਾਲਾ ਕੋਈ ਨਹੀਂ। ਏਨੇ ਪੈਸਿਆਂ ਨਾਲ ਤਾਂ ਸੜਕਾਂ ਦੀ ਜੂਨ ਸੁਧਰ ਜਾਣੀ ਸੀ। ਇਸ਼ਤਿਹਾਰਜੀਤ ਦਾਅਵਾ ਕਰਦੇ ਨੇ ਕਿ 36000 ਮੁਲਾਜ਼ਮ ਪੱਕੇ ਕੀਤੇ, ਕੋਈ ਜ਼ਰਾ ਉਹ ਮੁਲਾਜ਼ਮ ਤਾਂ ਲੱਭ ਲਿਆਓ ਜਿਹੜੇ ਪੱਕੇ ਹੋ ਗਏ… ਉਹ ਘੁਰਨਾ ਤਾਂ ਲੱਭੋ ਜਿੱਥੇ ਰੇਤ ਮਾਫ਼ੀਆ ਵੜ ਗਿਐ.. ਵਿਚਾਰੇ ਇਸ਼ਤਿਹਾਰਜੀਤ ਲੋਕਾਂ ਨੂੰ ਕਹਿੰਦੇ ਫਿਰ ਰਹੇ ਨੇ ਕਿ ਜਿਹੜਾ ਇਨ੍ਹਾਂ ਦੀ ਸੂਚਨਾ ਦੇਊ… ਉਹਨੂੰ 25 ਹਜ਼ਾਰ ਦਾ ਇਨਾਮ ਦਿਆਂਗੇ… ‘ਬਿਜਲੀ ਸਮਝੌਤਿਆਂ’ ਦਾ ਤਾਂ ਕੋਈ ‘ਅਣਪਛਾਤਾ ਬੰਦਾ’ ਲਗਦੈ ਕਨੈਕਸ਼ਨ ਹੀ ਕੱਟ ਗਿਆ।

‘ਇਸ਼ਤਿਹਾਰਜੀਤ’ ਜਦੋਂ ਸੜਕਾਂ ‘ਤੇ ਭਲਵਾਨੀ ਗੇੜੀ ‘ਤੇ ਨਿਕਲਦੇ ਨੇ ਤਾਂ ਧੌਣ ਉੱਚੀ ਕਰਕੇ ਅਸਮਾਨੀ ਛੂਹਦੀਆਂ ਆਪਣੀਆਂ ਤਸਵੀਰਾਂ ਦੇਖ ਕੇ ਗਦ-ਗਦ ਹੋ ਜਾਂਦੇ ਨੇ… ”ਦੋ ਮਹੀਨੇ ਹੀ ਸਹੀ, ਕੇਰਾਂ ਤਾਂ ਮੁੱਖ ਮੰਤਰੀ ਆਲੀਆਂ ਚੀਕਾਂ ਕਢਾਤੀਆਂ।

ਇਹ ਜੋ ਕੁਝ ਵੀ ਮੈਂ ਕਿਹਾ… ਆਪਣੇ ਵਲੋਂ ਕੁਝ ਨਹੀਂ ਕਿਹਾ… ਖ਼ੁਦ ‘ਇਸ਼ਤਿਹਾਰਜੀਤ’ ਕਹਿ ਰਹੇ ਨੇ ‘ਫੇਕ ਚੰਨੀ’, ‘ਚੰਨੀ ਫਰਾਡ’। ਯਕੀਨ ਨਹੀਂ ਤਾਂ ਆਹ ਨਾਲ ਨੱਥੀ ਦੋ ਤਸਵੀਰਾਂ ਦੇਖ ਲਓ… ਦਿਨ ਵਿਚ ਦੋ-ਚਾਰ ਵਾਰ ਤਾਂ ਫ਼ੋਨ ਦੀ ਘੰਟੀ ਵੱਜ ਹੀ ਜਾਂਦੀ ਹੈ… ਉਧਰੋਂ ‘ਲੋਕਾਂ ਦੇ ਚੰਨੀ’ ਬੋਲਦੇ ਨੇ ਤੇ ਫ਼ੋਨ ਸਕਰੀਨ ‘ਤੇ ਲਿਖਿਆ ਆਉਂਦਾ ਹੈ- ‘ਫੇਕ ਚੰਨੀ’… ‘ਚੰਨੀ ਫਰਾਡ’ … ‘ਐਲਾਨ ਮੰਤਰੀ’।

‘ਹਾਥ ਕੰਗਣ ਕੋ ਆਰਸੀ ਕਯਾ

ਪੜ੍ਹੇ ਲਿਖੇ ਕੋ ਫਾਰਸੀ ਕਯਾ’

ਤੁਸੀਂ ਆਪਣੇ ਫ਼ੋਨ ‘ਤੇ ਟਰੂ ਕਾਲਰ ਡਾਊਨਲੌਡ ਕਰ ਲਓ ਤੇ ਖ਼ੁਦ ਜਾਣ ਲਓ।