ਕੇਸ ਦਰਜ ਹੋਣ ਮਗਰੋਂ ਮਜੀਠੀਆ ਹੋਏ ਰੂਪੋਸ਼; ਛੱਡੀ ਪੰਜਾਬ ਪੁਲਿਸ ਦੀ ਸੁਰੱਖਿਆ; ਰੰਧਾਵਾ ਨੇ ਕਿਹਾ- ਗ੍ਰਿਫਤਾਰ ਕਰਾਂਗਾ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਧਮਾਕਾ ਹੋਇਆ ਹੈ। ਚੰਨੀ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਨੇ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਸ ਸਟੇਸ਼ਨ ‘ਚ ਦਰਜ ਕੀਤਾ ਹੈ। ਡਰੱਗਜ਼ ਮਾਮਲੇ ਨੂੰ ਲੈ ਕੇ ਮਜੀਠੀਆ ‘ਤੇ ਲਗਾਤਾਰ ਦੋਸ਼ ਲੱਗ ਰਹੇ ਸਨ। ਇਹ ਮਾਮਲਾ ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਗ੍ਰਹਿ ਵਿਭਾਗ ਨੂੰ ਸੰਭਾਲ ਰਹੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰਾਂ ਨੂੰ ਫੜਿਆ ਜਾ ਸਕਦਾ ਹੈ ਤਾਂ ਮਜੀਠੀਆ ਨੂੰ ਵੀ ਫੜਿਆ ਜਾਵੇਗਾ। ਸੂਤਰਾਂ ਅਨੁਸਾਰ ਅਕਾਲੀ ਦਲ ਨੂੰ ਪਹਿਲਾਂ ਹੀ ਮਜੀਠੀਆ ਖ਼ਿਲਾਫ਼ ਕੇਸ ਦੀ ਜਾਣਕਾਰੀ ਸੀ।
ਮਜੀਠੀਆ ਦੇ ਰੂਪੋਸ਼ ਹੋਣ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ। ਉਸ ਦੇ ਨਾਲ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਹੈ। ਉਹ ਸਿਰਫ਼ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਹੈ।
ਪੰਜਾਬ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਜਿਸ ਵਿੱਚ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਡੀਐਸਪੀ ਰਾਜੇਸ਼ ਕੁਮਾਰ ਅਤੇ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਹ SIT ਹੁਣ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕਰੇਗੀ।