ਪਾਕਿਸਤਾਨ ਦੇ ਕਰਾਚੀ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਦੋਸ਼ੀ ਗ੍ਰਿਫਤਾਰ

ਕਰਾਚੀ— ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਵਾਰ ਫਿਰ ਹਿੰਦੂ ਮੰਦਰ ‘ਤੇ ਹਮਲਾ ਹੋਇਆ ਹੈ। ਮਾਂ ਦੁਰਗਾ ਦੀ ਮੂਰਤੀ ਨੂੰ ਹਥੌੜੇ ਨਾਲ ਤੋੜਿਆ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੰਦਰ ਕਰਾਚੀ ਦੇ ਰਣਚੌੜ ਲਾਈਨ ਇਲਾਕੇ ਵਿੱਚ ਹੈ। ਘਟਨਾ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਕਈ ਲੋਕ ਇਕੱਠੇ ਹੋ ਗਏ। ਪੁਲਿਸ ਮੁਤਾਬਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸਿੰਧ ਵਿੱਚ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇੱਥੇ ਪਹਿਲਾਂ ਵੀ ਹਿੰਦੂ ਮੰਦਰਾਂ ‘ਤੇ ਹਮਲੇ ਹੋ ਚੁੱਕੇ ਹਨ।
ਮੰਦਰ ਦੇ ਇਕ ਹੋਰ ਹਿੱਸੇ ਵਿਚ ਵੀ ਭੰਨ-ਤੋੜ ਕੀਤੀ ਗਈ
ਪਾਕਿਸਤਾਨ ਦੇ ਟੀਵੀ ਚੈਨਲ ‘ਸਾਮਾ ਨਿਊਜ਼’ ਨੇ ਕਰਾਚੀ ਦੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਸ ਚੈਨਲ ਦੀ ਰਿਪੋਰਟ ਮੁਤਾਬਕ- ਸੋਮਵਾਰ ਰਾਤ ਕਰਾਚੀ ਦੇ ਪਾਸ਼ ਇਲਾਕੇ ਰਣਚੌੜ ਲਾਈਨਸ ਸਥਿਤ ਜੋਗ ਮਾਇਆ ਮੰਦਰ ‘ਚ ਇਕ ਮੁਸਲਮਾਨ ਵਿਅਕਤੀ ਦਾਖਲ ਹੋਇਆ। ਉਸ ਨੇ ਮਾਂ ਦੁਰਗਾ ਦੀ ਮੂਰਤੀ ਨੂੰ ਹਥੌੜੇ ਨਾਲ ਤੋੜ ਦਿੱਤਾ। ਮੰਦਰ ਦੇ ਇਕ ਹੋਰ ਹਿੱਸੇ ਦੀ ਵੀ ਭੰਨਤੋੜ ਕੀਤੀ ਗਈ।
ਹਮਲੇ ਤੋਂ ਬਾਅਦ ਇਸ ਵਿਅਕਤੀ ਨੇ ਭੱਜਣਾ ਚਾਹਿਆ ਪਰ ਘਟਨਾ ਦਾ ਪਤਾ ਸਥਾਨਕ ਹਿੰਦੂ ਭਾਈਚਾਰੇ ਨੂੰ ਲੱਗਾ ਅਤੇ ਕਾਫੀ ਲੋਕ ਉਥੇ ਇਕੱਠੇ ਹੋ ਗਏ। ਇਨ੍ਹਾਂ ਲੋਕਾਂ ਨੇ ਇਸ ਆਦਮੀ ਨੂੰ ਫੜ ਲਿਆ। ਬਾਅਦ ਵਿੱਚ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਭਾਜਪਾ ਆਗੂ ਨੇ ਕਾਰਵਾਈ ਦੀ ਮੰਗ ਕੀਤੀ
ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਕੀਤੀ ਇਕ ਪੋਸਟ ‘ਚ ਸਿਰਸਾ ਨੇ ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਸਿਰਸਾ ਨੇ ਕਿਹਾ- ਇਹ ਸੱਤਾ ਦੇ ਇਸ਼ਾਰੇ ‘ਤੇ ਫੈਲਾਇਆ ਜਾ ਰਿਹਾ ਅੱਤਵਾਦ ਹੈ। ਸਿਰਸਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਟੈਗ ਕਰਦੇ ਹੋਏ ਇਸ ਮਾਮਲੇ ‘ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।