ਕਿਸਾਨ ਘੋਲ ਵਿੱਚ ਯੋਗਦਾਨ ਪਾਉਣ ਵਾਲੇ ਬੇਜ਼ਮੀਨੇ-ਦਲਿਤ ਮਜ਼ਦੂਰਾਂ ਅਤੇ ਇਸਤਰੀਆਂ ਦਾ ਸਨਮਾਨ

ਬਠਿੰਡਾ : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਸਥਾਨਕ ਬੀ ਆਰ ਅੰਬੇਦਕਰ ਪਾਰਕ ਵਿਖੇ ਆਯੋਜਿਤ ਇਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਭਰ ਚੱਲੇ ਸਰਬ ਸਾਂਝੇ ਕਿਸਾਨ ਘੋਲ ਵਿੱਚ ਸ਼ਾਨਾਮੱਤਾ ਯੋਗਦਾਨ ਪਾਉਣ ਵਾਲੇ ਬੇਜ਼ਮੀਨੇ-ਦਲਿਤ ਮਜ਼ਦੂਰਾਂ ਅਤੇ ਇਸਤਰੀਆਂ ਦਾ ਸਨਮਾਨ ਕੀਤਾ ਗਿਆ।
ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਸਨਮਾਨ ਸਮਾਰੋਹ ਵਿੱਚ ਉਚੇਚੇ ਸ਼ਾਮਲ ਹੋਏ। ਸਨਮਾਨ ਸਮਾਰੋਹ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਨੇ ਕੀਤੀ ਅਤੇ ਮੰਚ ਸੰਚਾਲਨ ਜਿਲ੍ਹਾ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਬਾਖੂਬੀ ਕੀਤਾ।
ਉਕਤ ਆਗੂਆਂ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੀਨੀਅਰ ਆਗੂ ਬੀਬੀ ਦਰਸ਼ਨਾ ਜੋਸ਼ੀ, ਮੁਲਾਜ਼ਮਾਂ- ਪੈਨਸ਼ਨਰਾਂ ਦੇ ਉੱਘੇ ਆਗੂ ਦਰਸ਼ਨ ਸਿੰਘ ਮੌੜ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ ਅਤੇ ਨਾਇਬ ਸਿੰਘ ਫੂਸ ਮੰਡੀ, ਮਲਕੀਤ ਸਿੰਘ ਮਹਿਮਾ, ਸੱਤਪਾਲ ਗੋਇਲ, ਗੁਰਮੀਤ ਸਿੰਘ ਜੈ ਸਿੰਘ ਵਾਲਾ ਨੇ ਮਜ਼ਦੂਰਾਂ ਅਤੇ ਇਸਤਰੀਆਂ ਦੇ ਗਲਾਂ ਵਿੱਚ ਫੁੱਲ ਮਾਲਾਵਾਂ ਪਾਕੇ ਗੁਰੂਆਂ-ਪੀਰਾਂ ਤੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਕੁਟੇਸ਼ਨਾਂ ਵਾਲੇ ਪੋਸਟਰ ਭੇਂਟ ਕੀਤੇ।
ਬੁਲਾਰਿਆਂ ਨੇ ਕਿਸਾਨ ਘੋਲ ਦੀ ਜਿੱਤ ਦੀਆਂ ਸੰਗਰਾਮੀ ਮੁਬਾਰਕਾਂ ਪੇਸ਼ ਕਰਦਿਆਂ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸ਼ੀ, ਫੁੱਟਪਾਊ ਸਾਜ਼ਿਸ਼ਾਂ ਖਿਲਾਫ਼ ਤੇ ਪੰਜਾਬ ਸਰਕਾਰ ਦੇ ਲਾਰੇ-ਲੱਪਿਆਂ ਵਿਰੁੱਧ ਹੋਰ ਵਧੇਰੇ ਸ਼ਿੱਦਤ ਨਾਲ ਸਮਝੌਤਾ ਰਹਿਤ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।
ਸਮਾਰੋਹ ਦੇ ਆਰੰਭ ਵਿੱਚ ਕਿਸਾਨ-ਮਜ਼ਦੂਰ ਘੋਲ ਦੇ ਸ਼ਹੀਦਾਂ ਨੂੰ ਦੋ ਮਿੰਟ ਮੌਨ ਖਲੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।