ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ

ਹਰਜਿੰਦਰ ਸਿੰਘ ਜਵੰਦਾ

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਐਮੀ ਬਾਲੀਵੁੱਡ ਫਿਲਮ ’83’ ‘ਚ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਹਨ, ਜਿਸ ਕਾਰਨ ਐਮੀ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ-ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ ਹੈ। ਦਰਅਸਲ ਫਿਲਮ ’83’ ਦੇ ਟ੍ਰੇਲਰ ਨੂੰ ਬੁਰਜ ਖਲੀਫਾ ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਐਮੀ ਵਿਰਕ ਪਹਿਲੇ ਪੋਲੀਵੁੱਡ ਅਦਾਕਾਰ ਹਨ ਜੋ ਦੁਬਈ ਦੇ ਬੁਰਜ ਖਿਲਾਫ ‘ਤੇ ਦਿਖਾਈ ਦਿੱਤੇ ਹਨ। ਇਹ ਐਮੀ ਅਤੇ ਉਨ੍ਹਾਂ ਦੀ ਟੀਮ ਸਮੇਤ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਐਮੀ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਸਿਤਾਰਾ ਹੈ। ਜਿਸ ਨੇ ਕਿਸਮਤ, ‘ਨਿੱਕਾ ਜ਼ੈਲਦਾਰ’, ‘ਬੰਬੂਕਾਟ’ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਦੁਨੀਆ ਭਰ ਵਿੱਚ ਉਸ ਦੇ ਪ੍ਰਸ਼ੰਸਕ ਹਨ ਜੋ ਉਸ ਦੀ ਅਦਾਕਾਰੀ ਦੇ ਨਾਲ-ਨਾਲ ਉਸ ਦੀ ਗਾਇਕੀ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਜਦੋਂ ਦੁਬਈ ਵਿੱਚ ਉਸ ਦੇ ਪ੍ਰਸ਼ੰਸਕਾਂ ਨੂੰ ਇਸ ਸਮਾਗਮ ਬਾਰੇ ਪਤਾ ਲੱਗਿਆ ਤਾਂ ਉਹ ਸਾਰੇ ਆਪਣੇ ਪਸੰਦੀਦਾ ਸਿਤਾਰੇ ਦਾ ਸਮਰਥਨ ਕਰਨ ਅਤੇ ਪ੍ਰਸ਼ੰਸਾ ਕਰਨ ਲਈ ਇਕੱਠੇ ਹੋਏ।
ਫਿਲਮ ’83’, 1983 ਦੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਵਾਪਰੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਟੂਰਨਾਮੈਂਟ ਦੇ ਅੰਡਰਡਾਗ ਮੰਨੇ ਜਾਣ ਵਾਲੇ ਭਾਰਤ ਨੇ ਉਸ ਸਾਲ ਇਤਿਹਾਸ ਰਚਦੇ ਹੋਏ ਕੱਪ ਜਿੱਤਿਆ। ਟ੍ਰੇਲਰ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰਪੂਰ ਹੈ। ਫਿਲਮ ਦੇ ਹਰੇਕ ਕਲਾਕਾਰ ਨੇ ਮਿਸਾਲੀ ਕੰਮ ਕੀਤਾ ਹੈ, ਜਿਸ ਵਿੱਚ ਸਾਡੇ ਪਿਆਰੇ ਪੰਜਾਬੀ ਸਿਤਾਰੇ ਐਮੀ ਵਿਰਕ ਵੀ ਹਨ। ‘ਜੇਦਾਹ’ ਦੇ ‘ਰੈੱਡ ਸੀ ਫਿਲਮ ਫੈਸਟੀਵਲ’ ਵਿੱਚ ਇਸ ਦੇ ਵਰਲਡ ਪ੍ਰੀਮੀਅਰ ਵਿੱਚ ਟ੍ਰੇਲਰ ਨੂੰ ਦਰਸ਼ਕਾਂ ਤੋਂ ਭਰਵਾ ਹੁੰਗਾਰਾ ਮਿਲਆ। ਫਿਲਮ ਦੇ ਟ੍ਰੇਲਰ ‘ਚ ਐਮੀ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਕੁਝ ਹੀ ਸਕਿੰਟਾਂ ‘ਚ ਉਹ ਦਿਲ ਜਿੱਤਣ ‘ਚ ਕਾਮਯਾਬ ਹੋ ਗਿਆ ਹੈ। ਹਾਲਾਂਕਿ ਉਹ ਫਿਲਮ ਵਿੱਚ ਇੱਕ ਖਿਡਾਰੀ ਦਾ ਕਿਰਦਾਰ ਨਿਭਾਅ ਰਹੇ ਹਨ, ਪਰ ਐਮੀ ਨੇ ਇਸ ਭੂਮਿਕਾ ਵਿੱਚ ਆਪਣਾ ਸੁਆਦ ਅਤੇ ਵਾਇਬ ਦੋਵੇਂ ਜੋੜੇ ਹਨ, ਅਤੇ ਦਰਸ਼ਕਾਂ ਦੁਆਰਾ ਉਹਨਾਂ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਐਮੀ ਦੀ ਟਾਈਮਿੰਗ ਤੇ ਬਾਕਮਾਲ ਐਨਰਜੀ ਨੂੰ ਮਿਸ ਕਰਨਾ ਕੋਈ ਨਹੀਂ ਚਾਹੇਗਾ। ਕਬੀਰ ਖਾਨ ਦੁਆਰਾ ਨਿਰਦੇਸ਼ਤ, ’83’ ਵਿੱਚ ਕਪਿਲ ਦੇਵ ਦੇ ਰੂਪ ਵਿੱਚ ਰਣਵੀਰ ਸਿੰਘ, ਬਲਵਿੰਦਰ ਸਿੰਘ ਸੰਧੂ ਦੇ ਰੂਪ ਵਿੱਚ ਐਮੀ ਵਿਰਕ ਅਤੇ ਮਦਨ ਲਾਲ ਦੇ ਰੂਪ ਵਿੱਚ ਹਾਰਡੀ ਸੰਧੂ ਹਨ। ਫਿਲਮ ਇਸ ਕ੍ਰਿਸਮਸ ‘ਤੇ 24 ਦਸੰਬਰ, 2021 ਨੂੰ ਰਿਲੀਜ਼ ਹੋਵੇਗੀ।
9463828000

Leave a Reply

Your email address will not be published. Required fields are marked *