ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਕਿਸਾਨੀ ਅੰਦੋਲਨ ਦੀ ਜਿੱਤ ਰਚਨਾਵਾਂ ਜ਼ਰੀਏ ਮਨਾਈ


ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦੀਆਂ ਬਾਤਾਂ ਪਾਈਆਂ
ਜ਼ੋਰਾਵਰ ਬਾਂਸਲ -ਪੰਜਾਬੀ ਲਿਖਾਰੀ ਸਭਾ ਦੀ ਇਸ ਸਾਲ ਦੀ ਆਖ਼ਰੀ ਮੀਟਿੰਗ ਪ੍ਰਧਾਨ ਦਵਿੰਦਰ ਮਲਹਾਂਸ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਉਨ੍ਹਾਂ ਸਭ ਨੂੰ ‘ਜੀ ਆਇਆਂ’ ਆਖਿਆ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ। ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ ਤੇ ਸ਼ੋਕ ਮਤੇ ਸਾਂਝੇ ਕਰਦਿਆਂ ‘ਸ਼ਬਦਾਂ ਦਾ ਸ਼ਿਲਪਕਾਰ’ ਮੋਹਨ ਭੰਡਾਰੀ ,ਜਿਨ੍ਹਾਂ ਸ਼ਾਹਕਾਰ ਕਹਾਣੀਆਂ ‘ਮੈਨੂੰ ਟੈਗੋਰ ਬਣਾਦੇ ਮਾਂ’, ‘ਕਾਠ ਦੀ ਲੱਤ’, ‘ਘੋਟਨਾ’,’ਮੂਨ ਦੀ ਅੱਖ’ ਆਦਿ ਤੇ ਰੇਖਾ ਚਿੱਤਰ ‘ਇਹ ਅਜਬ ਬੰਦੇ’ ਵੀ ਲਿਖੇ ਤੇ ਅਨੇਕਾਂ ਮਾਨ-ਸਨਮਾਨ ਹਾਸਲ ਕੀਤੇ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ, ਜਿਹਨਾਂ ਦੀਆਂ ‘ਇੱਕ ਟੋਟਾ ਔਰਤ’, ‘ਡਿਫੈਂਸ ਲਾਈਨ’, ‘ਸ਼ੀਸ਼ਾ’,’ਰਾਂਝਾ ਵਾਰਿਸ ਹੋਇਆ’ ਵਰਗੀਆਂ ਕਹਾਣੀਆਂ ਤੇ ਨਾਵਲ ‘ਜਲਦੇਵ’, ‘ਆਸੋ ਦਾ ਟੱਬਰ’, ‘ਗੋਰੀ’ ਆਦਿ ਬਹੁਤ ਚਰਚਾ ਵਿੱਚ ਰਹੇ। ਅਧਿਆਪਨ ਕਿੱਤੇ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਸਾਹਿਤ ਦੀ ਦੁਨੀਆਂ ਵਿੱਚ ਬਹੁਤ ਖ਼ਾਸ ਰਹੀ ਤੇ ਉਨ੍ਹਾਂ ਕਈ ਮਾਣ ਸਨਮਾਨ ਹਾਸਲ ਕੀਤੇ ਤੇ ਉਨ੍ਹਾਂ ਦੀਆਂ ਲਿਖਤਾਂ ਕਈ ਭਾਸ਼ਾ ਵਿੱਚ ਅਨੁਵਾਦ ਹੋਈਆਂ। ਸਿਰਮੌਰ ਪੰਜਾਬੀ ਚਿੰਤਕ ਡਾ ਸੁਰਿੰਦਰ ਦੁਸਾਂਝ,ਡਾ ਅਵਤਾਰ ਸਿੰਘ ਈਸੇਵਾਲ, ਸ਼ਾਇਰ ਫਤਿਹਜੀਤ ਦੇ ਸਦੀਵੀ ਵਿਛੋੜੇ ‘ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸ਼ਰਧਾ ਦੇ ਅਕੀਦੇ ਭੇਂਟ ਕੀਤੇ ਗਏ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹਰਮਿੰਦਰ ਚੁੱਘ ਨੇ ‘ਨੀਹਾਂ ਚ ਸ਼ਹੀਦ ਹੋ ਗਏ’ ਸੁਰ ਚ ਗਾਇਆ ਤੇ ਗੁਰਦੀਸ਼ ਕੌਰ ਗਰੇਵਾਲ ਨੇ ‘ਧੰਨ ਮਾਤਾ ਗੁਜਰੀ’ ਧਾਰਮਿਕ ਗੀਤਾਂ ਨਾਲ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕੀਤੀ ਤੇ ਤਿੰਨ ਕਿਤਾਬਾਂ ਦੇ ਰਚੇਤਾ ਸੁਜਾਨ ਸਿੰਘ ਸੁਜਾਨ ਨੇ ਪਹਿਲੀ ਵਾਰ ਸਭਾ ਦੀ ਮੀਟਿੰਗ ‘ਚ ਹਾਜ਼ਰੀ ਲਵਾਈ। ਉਹਨਾਂ ਆਪਣੇ ਸਾਹਿਤਕ ਸਫਰ ‘ਤੇ ਚਾਨਣਾ ਪਾਇਆ ਤੇ ਕਿਸਾਨੀ ਸੰਘਰਸ਼ ਤੇ ਬਾਰੇ ਕੁਝ ਸ਼ੇਅਰ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ‘ਦਸਮ ਪਿਤਾ ਦੇ ਪੰਥ ਦੀਆਂ ਸ਼ਾਨਾ’ ਗੀਤ ਤਰੰਨਮ ਵਿੱਚ ਗਾਇਆ। ਬਚਨ ਸਿੰਘ ਗੁਰਮ ਨੇ ‘ਲੋਕ ਸ਼ਕਤੀ ਦੀ ਤਾਕਤ’ ਕਵਿਤਾ ‘ਦਿੱਲੀ ਦੀਆਂ ਬਰੂਹਾਂ’ ਵਿੱਚ ਕਾਲੇ ਕਾਨੂੰਨਾਂ ਦੇ ਰੱਦ ਹੋਣ ਦੀ ਗੱਲ ਕੀਤੀ। ਕਿਸਾਨੀ ਸੰਘਰਸ਼ ਨਾਲ ਹੀ ਸੰਬੰਧਿਤ ਮਨਮੋਹਨ ਬਾਠ ਨੇ ਸੁਰੀਲੀ ਆਵਾਜ਼ ਵਿੱਚ ‘ਬੱਲੇ ਸ਼ੇਰ ਜਵਾਨੋ ਜੰਗ ਜਿੱਤ ਕੇ ਆਏ ਹੋ’ ਸੁਣਾਇਆ ਤੇ ਇਸੇ ਸੰਦਰਭ ਵਿੱਚ ਰਾਜਵੰਤ ਮਾਨ ਨੇ ‘ਹੱਕ ਹਕੂਕ’ ਕਵਿਤਾ ਸਾਂਝੀ ਕੀਤੀ ਮਹਿੰਦਰਪਾਲ ਐਸ ਪਾਲ ਨੇ ‘ਜੋ ਹੋ ਰਿਹਾ ਹੈ’ ਬੜੇ ਵੱਡੇ ਸਵਾਲ ਖੜ੍ਹੇ ਕਰਦੀ ਖੁੱਲ੍ਹੀ ਕਵਿਤਾ ਸੁਣਾਈ। ਇਸੇ ਲੜੀ ਵਿੱਚ ਬਲਜਿੰਦਰ ਸੰਘਾ ਦੀ ‘ਜਾਗਣ ਦੀ ਲੋੜ’ ਛੋਟੀ ਜਿਹੀ ਖੁੱਲੀ ਕਵਿਤਾ ਕਾਬਿਲ-ਏ-ਤਾਰੀਫ ਰਹੀ,ਬਲਵੀਰ ਗੋਰਾ ਨੇ ਕਿਸਾਨੀ ਸੰਘਰਸ਼ ਵਿੱਚ ਲੰਗਰ ਦੀ ਮਹੱਤਤਾ ਦੀ ਗੱਲ ਕੀਤੀ ਤੇ ‘ਅਸੀਂ ਵਾਸੀ ਹਾਂ ਪੰਜਾਬ ਦੇ’ ਬਹੁਤ ਹੀ ਅਸਰਦਾਰ ਗੀਤ ਸੁਣਾਇਆ। ਸੁਖਜੀਤ ਸੈਣੀ ਨੇ ਹਮੇਸ਼ਾਂ ਦੀ ਤਰ੍ਹਾਂ ਬਹੁਤ ਖ਼ੂਬਸੂਰਤ ਮੌਲਿਕ ਕਵਿਤਾ ‘ਗੁਲਾਬ ਦੇ ਅੱਕ’ ਨਾਲ ਮੰਤਰ ਮੁਗਧ ਕੀਤਾ। ਹਰੀਪਾਲ ਨੇ ਜੂਲੀਅਨ ਅਸਾਜ(Julian Assange)ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੇਬਾਕ ਪੱਤਰਕਾਰ ਹੋਣ ਦੀ ਸਜ਼ਾ ਮਿਲੀ ਹੈ। ਵਿੱਕੀਲੀਕਸ ਮੀਡੀਆ ਸੰਸਾਰ ਪੱਧਰ ਤੇ ਸਵਿੱਸ ਬੈਂਕਾਂ ਦੇ ਖਾਤੇ,ਅਮਰੀਕੀ ਚੋਣਾਂ,ਅਮਰੀਕੀ ਫੌਜਾਂ ਦਾ ਅਫਗਾਨਿਸਤਾਨ ਚ ਵਤੀਰਾ ਜੱਗ ਜ਼ਾਹਿਰ ਕਰ ਰਿਹਾ ਸੀ। ਉਨ੍ਹਾਂ ਦਾ ਲਿਖਿਆ ਪ੍ਰਭਾਵਸ਼ਾਲੀ ਲੇਖ ਜਲਦੀ ਹੀ ਸਭ ਨੂੰ ਸੋਸ਼ਲ ਮੀਡੀਆ ਤੇ ਪੜ੍ਹਨ ਨੂੰ ਵੀ ਮਿਲੇਗਾ। ਜਿਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਮੰਗਲ ਚੱਠਾ ਨੇ ਯੋਧਿਆਂ ਦੀ ਗੱਲ ਕਰਦਿਆਂ ‘ਉਹ ਦੱਸ ਕਿੱਥੇ ਮਰਦੇ ਨੇ’ ਸ਼ਹੀਦਾਂ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਸੁਖਵਿੰਦਰ ਤੂਰ ਨੇ ਜਗਦੇਵ ਸਿੱਧੂ ਦੀ ਲਿਖੀ ਕਿਸਾਨੀ ਸੰਘਰਸ਼ ਦੀ ਵਾਰ ਬਹੁਤ ਹੀ ਜੋਸ਼ ਵਿੱਚ ਗਾ ਕੇ ਸਭ ਦੀ ਵਾਹ-ਵਾਹ ਖੱਟੀ। ਤਰਲੋਚਨ ਸੈਂਭੀ ਨੇ ਸਿਦਕ ਸਾਡੇ ਨੇ ਕਦੇ ਮਰਨਾ ਨਹੀਂ’ ਜੋਸ਼ੀਲਾ ਗੀਤ ਬੁਲੰਦ ਆਵਾਜ਼ ਵਿੱਚ ਗਾਇਆ। ਜਗਦੇਵ ਸਿੱਧੂ ਨੇ ਕਿਸਾਨੀ ਅੰਦੋਲਨ ਤੋ ਮਿਲੀ ਸੰਘਰਸ਼ ਲੜਨ ਤੇ ਸਿਦਕ ਦੀ ਸਿੱਖਿਆ ਦਾ ਸੁਨੇਹਾ ਦਿੱਤਾ। ਗੁਰਚਰਨ ਕੌਰ ਥਿੰਦ ਨੇ ਬਚਨ ਸਿੰਘ ਗੁਰਮ ਦੀ ਲਿਖੀ ਖੁੱਲ੍ਹੀ ਕਵਿਤਾ ‘ਕਿਸਮਤਵਾਦੀ’ ਸੁਣਾਈ। ਜਸਵੀਰ ਸਹੋਤਾ ਨੇ ਕਿਸਾਨੀ ਅੰਦੋਲਨ ਦੀ ਜਿੱਤ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਰੇਮੀ ਸੇਖੋਂ ਨੇ ਕਿਸਾਨੀ ਸੰਘਰਸ਼ ਵਿੱਚ ਬਿਤਾਏ ਸਮੇਂ ਦੇ ਅਨੁਭਵ ਸਾਂਝੇ ਕੀਤੇ ਉਸ ਪੂਰੇ ਸੰਘਰਸ਼ ਦੀ ਜੱਦੋ ਜਹਿਦ ਨੂੰ ਬੜੇ ਵਧੀਆ ਤਰੀਕੇ ਨਾਲ ਬਿਆਨ ਕੀਤਾ ਤੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਆਉਣ ਵਾਲੇ ਸਮੇਂ ਵਿੱਚ ਚੁਣੌਤੀਆਂ ਦੀ ਗੱਲਬਾਤ ਨੂੰ ਲੈ ਕੇ ਸਾਰੇ ਹੀ ਬੁੱਧੀਜੀਵੀਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਕਿਸਾਨੀ ਅੰਦੋਲਨ ਦੇ ਪ੍ਰਭਾਵਾਂ ਨੂੰ ਬਹੁਤ ਹੀ ਬਰੀਕੀ ਨਾਲ ਵਿਚਾਰਿਆ ਗਿਆ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ। ਕ੍ਰਿਸਮਸ ਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਨਾਲ ਸਭ ਨੇ ਮੀਟਿੰਗ ਵਿੱਚੋਂ ਵਿਦਾ ਲਈ। ਅਗਲੇ ਸਾਲ ਦੀ ਪਹਿਲੀ ਮੀਟਿੰਗ 16 ਜਨਵਰੀ 2022 ਨੂੰ ਹੋਏਗੀ।ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *