ਲੁਧਿਆਣਾ ਦੀ ਅਦਾਲਤ ‘ਚ ਫਿਦਾਈਨ ਹਮਲੇ ਦਾ ਖਦਸ਼ਾ, 1 ਮੌਤ, ਵਕੀਲ ਸਣੇ 5 ਜ਼ਖਮੀ

ਲੁਧਿਆਣਾ: ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਤੀਜੀ ਮੰਜ਼ਿਲ ਵਿੱਚ ਅੱਜ ਦੁਪਹਿਰ ਵੇਲੇ ਬਾਥਰੂਮ ਵਿੱਚ ਬੰਬ ਧਮਾਕਾ ਹੋਇਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਵਕੀਲ ਸਣੇ 5 ਲੋਕ ਫੱਟੜ ਹੋ ਗਏ ਹਨ। ਮੌਕੇ ’ਤੇ ਮੁੱਢਲੀ ਪੜਤਾਲ ਵਿੱਚ ਪੁਲੀਸ ਨੂੰ ਖਦਸ਼ਾ ਹੈ ਕਿ ਜੋ ਵਿਅਕਤੀ ਬਾਥਰੂਮ ਦੇ ਅੰਦਰ ਬੰਬ ਲਗਾ ਰਿਹਾ ਸੀ ਤਾਂ ਉਸ ਸਮੇਂ ਬੰਬ ਫੱਟ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀਆਂ ਲੱਤਾਂ ਉਡ ਗਈਆਂ। ਇਸ ਧਮਾਕੇ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ। ਧਮਾਕੇ ਦੀ ਜਾਂਚ ਲਈ ਐਨਐਸਜੀ, ਦਿੱਲੀ ਤੋਂ ਨੈਸ਼ਨਲ ਬੰਬ ਡੇਟਾ ਸੈਂਟਰ ਅਤੇ ਚੰਡੀਗੜ੍ਹ ਤੋਂ ਐਨਆਈਏ ਦੀ ਦੋ ਮੈਂਬਰੀ ਟੀਮ ਲੁਧਿਆਣਾ ਪਹੁੰਚ ਰਹੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਵੀ ਮੌਕੇ ‘ਤੇ ਪਹੁੰਚ ਗਏ ਹਨ।
ਇਹ ਧਮਾਕਾ ਰਾਤ 12:25 ‘ਤੇ ਤੀਜੀ ਮੰਜ਼ਿਲ ‘ਤੇ ਹੋਇਆ ਇਹ ਧਮਾਕਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੁਧਿਆਣਾ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੋਇਆ।
ਧਮਾਕੇ ਵਿਚ ਇਹ ਪੰਜ ਲੋਕ ਜ਼ਖਮੀ ਹੋ ਗਏ
ਧਮਾਕੇ ‘ਚ ਜ਼ਖਮੀ ਸੰਦੀਪ ਕੌਰ (31 ਸਾਲ) ਲੁਧਿਆਣਾ ਦੇ ਪਿੰਡ ਰਾਜਕੋਟ ਅਤੇ ਸ਼ਰਨਜੀਤ ਕੌਰ (25 ਸਾਲ) ਵਾਸੀ ਜਮਾਲਪੁਰ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਕਲੋਨੀ ਵਾਸੀ ਮਨੀਸ਼ ਕੁਮਾਰ (32 ਸਾਲ) ਨੂੰ ਸੀ.ਐਮ.ਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕੁਲਦੀਪ ਸਿੰਘ ਮੰਡ (50 ਸਾਲ) ਅਤੇ ਕ੍ਰਿਸ਼ਨ ਖੰਨਾ (75 ਸਾਲ) ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਬਾਥਰੂਮ ‘ਚੋਂ ਸੜੀ ਹੋਈ ਲਾਸ਼ ਬਰਾਮਦ
ਇਹ ਧਮਾਕਾ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਬਣੇ ਬਾਥਰੂਮ ‘ਚ ਹੋਇਆ। ਧਮਾਕੇ ਤੋਂ ਬਾਅਦ ਮੌਕੇ ‘ਤੇ ਇਕ ਵਿਗੜ ਚੁੱਕੀ ਲਾਸ਼ ਬਰਾਮਦ ਹੋਈ। ਸ਼ੱਕ ਹੈ ਕਿ ਲਾਸ਼ ਆਤਮਘਾਤੀ ਹਮਲਾਵਰ ਦੀ ਹੈ। ਧਮਾਕੇ ਵਿੱਚ ਕਥਿਤ ਆਤਮਘਾਤੀ ਹਮਲਾਵਰ ਦਾ ਧੜ ਅਤੇ ਲੱਤਾਂ ਦੇ ਟੁਕੜੇ ਹੋ ਗਏ ਸਨ। ਫੋਰੈਂਸਿਕ ਟੀਮ ਲਾਸ਼ ਦੀ ਜਾਂਚ ਕਰ ਰਹੀ ਹੈ, ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਇਹ ਮੁੱਖ ਤੌਰ ‘ਤੇ ਆਤਮਘਾਤੀ ਹਮਲਾਵਰ ਹੈ।