ਮੁੱਖ ਮੰਤਰੀ ਨੇ ਕਿਸਾਨ ਵਫ਼ਦ ਨੂੰ 5 ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ 9 ਮੈਂਬਰੀ ਵਫ਼ਦ ਨਾਲ ਮੀਟਿੰਗ ਕੀਤੀ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨ ਵਫ਼ਦ ਵੱਲੋਂ ਪੇਸ਼ ਕੀਤੀਆਂ 6 ਮੰਨੀਆਂ ਹੋਈਆਂ, ਪਰ ਲਾਗੂ ਨਾ ਕੀਤੀਆਂ ਮੰਗਾਂ ਵਿੱਚੋਂ 5 ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਨਰਮੇ ਅਤੇ ਝੋਨੇ ਦੀ ਫਸਲੀ ਤਬਾਹੀ ਦਾ ਮੁਆਵਜ਼ਾ 17000 ਰੁਪਏ ਪ੍ਰਤੀ ਏਕੜ ਕਾਸ਼ਤਕਾਰ ਕਿਸਾਨਾਂ ਨੂੰ ਅਤੇ ਵੱਖਰਾ 10 ਫੀਸਦ ਖੇਤ ਮਜ਼ਦੂਰਾਂ ਨੂੰ ਛੇਤੀ ਦੇਣ ਲਈ ਹਰ ਪ੍ਰਭਾਵਿਤ ਜ਼ਿਲ੍ਹੇ ਵਿੱਚ ਏਡੀਸੀ ਜਨਰਲ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਪੱਤਰ ਮੌਕੇ ’ਤੇ ਜਾਰੀ ਕੀਤਾ ਗਿਆ। ਨਿੱਜੀ ਖੰਡ ਮਿੱਲਾਂ ਨੂੰ ਵੇਚੇ ਗੰਨੇ ਦੀ 325 ਰੁਪਏ ਪ੍ਰਤੀ ਕੁਇੰਟਲ ਵਾਲੀ ਪਰਚੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਅੱਗੇ ਪੇਸ਼ ਕਰਨ ਤੇ 2 ਦਿਨਾਂ ਦੇ ਅੰਦਰ-ਅੰਦਰ 35 ਰੁਪਏ ਪ੍ਰਤੀ ਕੁਇੰਟਲ ਹੋਰ ਉਸ ਦੇ ਖਾਤੇ ਵਿੱਚ ਜਮ੍ਹਾਂ ਕਰਨ ਦੀ ਹਦਾਇਤ ਜਾਰੀ ਕੀਤੀ ਜਾਵੇਗੀ। ਐਲਾਨੀ ਗਈ 3-3 ਲੱਖ ਰੁਪਏ ਦੀ ਰਾਹਤ ਅਤੇ ਨੌਕਰੀ ਸਮੇਤ ਕਰਜ਼ਾ ਮੁਆਫ਼ੀ ਤੋਂ ਵਾਂਝੇ ਰਹਿ ਗਏ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇਹ ਰਾਹਤਾਂ ਹਫ਼ਤੇ ਦੇ ਵਿੱਚ ਦੇਣ ਲਈ ਜਨਤਕ ਨੋਟਿਸ ਜਾਰੀ ਕਰਕੇ ਦੁਬਾਰਾ ਸੂਚੀਆਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚ ਪਿਤਾ, ਪੁੱਤਰ/ਧੀ ਜਾਂ ਪਤੀ ਪਤਨੀ ਕਿਸੇ ਦੇ ਸਿਰ ਵੀ ਕਰਜ਼ਾ ਹੋਵੇ ਤਾਂ ਉਹ ਮੰਨਿਆ ਜਾਵੇਗਾ ਅਤੇ ਨਾ ਵੀ ਹੋਵੇ ਤਾਂ ਆਰਥਿਕ ਤੰਗੀ ਕਾਰਨ ਮੰਨੀ ਜਾਵੇਗੀ। 5 ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਲੈਂਡ ਮਾਰਟਗੇਜ਼ ਬੈਂਕ ਦੇ ਕਰਜ਼ਦਾਰਾਂ ਸਮੇਤ ਰਹਿੰਦੇ ਸਾਰੇ ਕਰਜ਼ਦਾਰਾਂ ਨੂੰ ਛੇਤੀ ਅਦਾ ਕੀਤੀ ਜਾਵੇਗੀ। ਅੰਦੋਲਨਕਾਰੀ ਕਿਸਾਨਾਂ ਵਿਰੁੱਧ ਦਰਜ ਸਾਰੇ ਪੁਲੀਸ ਕੇਸ ਹਫ਼ਤੇ ਦੇ ਅੰਦਰ ਵਾਪਸ ਲਏ ਜਾਣਗੇ, ਜਦੋਂਕਿ 234 ਕੇਸਾਂ ਵਿੱਚੋਂ 211 ਪਹਿਲਾਂ ਹੀ ਵਾਪਸ ਲਏ ਜਾ ਚੁੱਕੇ ਹਨ। ਕਿਸਾਨ ਘੋਲ ਦੇ ਸ਼ਹੀਦਾਂ ਦੇ ਵਾਂਝੇ ਰਹਿੰਦੇ ਵਾਰਸਾਂ ਨੂੰ 5-5 ਲੱਖ ਦਾ ਮੁਆਵਜ਼ਾ, ਇਕ ਪੱਕੀ ਸਰਕਾਰੀ ਨੌਕਰੀ ਤੇ ਕਰਜ਼ਾ ਮੁਆਫ਼ੀ ਵੀ ਤੁਰੰਤ ਦੇਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ। ਮਾਨਸਾ ਵਿਖੇ ਬੇਰੁਜ਼ਗਾਰ ਟੀਚਰਾਂ ਉੱਤੇ ਲਾਠੀਆਂ ਵਰ੍ਹਾਉਣ ਵਾਲੇ ਡੀਐੱਸਪੀ ਵਿਰੁੱਧ 2 ਦਿਨਾਂ ਵਿੱਚ ਕੇਸ ਦਰਜ ਕਰ ਕੇ ਮੁਅੱਤਲ ਕੀਤਾ ਜਾਵੇਗਾ। ਇਸੇ ਦੌਰਾਨ ਹੋਰਨਾਂ ਮਸਲਿਆਂ ਦੇ ਹੱਲ ਲਈ 30 ਦਸੰਬਰ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ 15 ਜ਼ਿਲ੍ਹਿਆਂ ਵਿੱਚ ਡੀਸੀ, ਐੱਸਡੀਐੱਮ ਦਫ਼ਤਰਾਂ ਅੱਗੇ ਪੱਕੇ ਧਰਨੇ ਫਿਲਹਾਲ ਜਾਰੀ ਰਹਿਣਗੇ।

Leave a Reply

Your email address will not be published. Required fields are marked *