ਬੰਗਲਾਦੇਸ਼ : ਕਿਸ਼ਤੀ ਵਿੱਚ ਅੱਗ ਲੱਗਣ ਕਾਰਨ 36 ਦੀ ਮੌਤ: ਕੁਝ ਅੱਗ ਤੇ ਧੂੰਏਂ ਨਾਲ ਮਰੇ, ਕੁਝ ਨੇ ਪਾਣੀ ਵਿੱਚ ਛਾਲ ਮਾਰੀ

ਢਾਕਾ: ਬੰਗਲਾਦੇਸ਼ ਦੇ ਝਲਕਾਠੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ। ਇਸ ਕਾਰਨ ਕਿਸ਼ਤੀ ‘ਤੇ ਸਵਾਰ 36 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਲੋਕ ਜ਼ਖਮੀ ਹੋ ਗਏ ਹਨ। ਝਲਕਾਠੀ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਨਜਮੁਲ ਆਲਮ ਨੇ ਦੱਸਿਆ ਕਿ ਕਿਸ਼ਤੀ ‘ਤੇ ਲਗਭਗ 1000 ਲੋਕ ਸਵਾਰ ਸਨ ਅਤੇ ਕਿਸ਼ਤੀ ਸੁਗੰਧਾ ਨਦੀ ਦੇ ਪਾਰ ਢਾਕਾ ਤੋਂ ਬਰਗੁਨਾ ਜ਼ਿਲੇ ਵੱਲ ਜਾ ਰਹੀ ਸੀ।
ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ
ਇਹ ਹਾਦਸਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 250 ਕਿਲੋਮੀਟਰ ਦੂਰ ਝਲਕਾਠੀ ਪਿੰਡ ਨੇੜੇ ਸ਼ੁੱਕਰਵਾਰ ਸਵੇਰੇ ਵਾਪਰਿਆ। ਸਥਾਨਕ ਪੁਲਿਸ ਮੁਖੀ ਮੋਇਨੁਲ ਇਸਲਾਮ ਨੇ ਦੱਸਿਆ ਕਿ ਅੱਗ ਮੱਧ ਨਦੀ ਵਿੱਚ ਤਿੰਨ ਮੰਜ਼ਿਲਾ ਕਿਸ਼ਤੀ ਓਬੀਜਾਨ ਵਿੱਚ ਲੱਗੀ। ਅਸੀਂ ਹੁਣ ਤੱਕ 36 ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ, ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਲੋਕ ਨਦੀ ਵਿੱਚ ਛਾਲ ਮਾਰ ਕੇ ਡੁੱਬਣ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਇੰਜਣ ਰੂਮ ਤੋਂ ਸ਼ੁਰੂ ਹੋਈ ਅਤੇ ਫਿਰ ਪੂਰੀ ਬੇੜੀ ਵਿੱਚ ਫੈਲ ਗਈ। ਅਸੀਂ ਅੱਗ ‘ਚ ਜ਼ਖਮੀ ਹੋਏ 200 ਲੋਕਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਹੈ।
ਕੁਝ ਲੋਕ ਠੰਢੇ ਪਾਣੀ ‘ਚ ਤੈਰ ਕੇ ਕਿਨਾਰੇ ‘ਤੇ ਪਹੁੰਚੇ
ਹਾਦਸੇ ‘ਚ ਸੁਰੱਖਿਅਤ ਰਹੇ ਇਕ ਯਾਤਰੀ ਸੈਦੁਰ ਰਹਿਮਾਨ ਨੇ ਦੱਸਿਆ ਕਿ ਅੱਗ ਸਵੇਰੇ ਕਰੀਬ 3 ਵਜੇ ਇੰਜਨ ਰੂਮ ‘ਚ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਕਿਸ਼ਤੀ ‘ਤੇ ਸਵਾਰ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ‘ਚ ਯਾਤਰੀ ਸਵਾਰ ਸਨ। ਕਈ ਲੋਕ ਪਾਣੀ ਵਿੱਚ ਛਾਲ ਮਾਰ ਕੇ ਕਿਨਾਰੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਅਸੀਂ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ। ਅਸੀਂ ਤੈਰ ਕੇ ਕਿਨਾਰੇ ਪਹੁੰਚ ਗਏ।