ਪੰਜਾਬੀ ਕਹਾਣੀ ਦੀ ਅਜ਼ਮਤ- ਖ਼ਾਲਿਦ ਹੁਸੈਨ

ਖ਼ਾਲਿਦ ਹੁਸੈਨ ਪੰਜਾਬੀ ਜ਼ੁਬਾਨ ਦੀ ਅਜ਼ਮਤ ਦਾ ਕਹਾਣੀਕਾਰ ਹੈ। ਅਜਿਹਾ ਕਹਾਣੀਕਾਰ ਜਿਹਨੇ ਅਜੋਕੀ ਪੰਜਾਬੀ ਕਹਾਣੀ ਵਿਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜਿਹੜਾ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਖ਼ਾਲਿਦ ਹੁਸੈਨ ਦੀ ਕਥਾ ਸਿਰਜਣਾ ਦਾ ਸਫ਼ਰ ਆਰਾਮਦਾਇਕ ਕਤਈ ਨਹੀਂ ਹੈ। ਉਹਦੇ ਜੀਵਨ ਵਿੱਚ ਜਨਮ ਤੋਂ ਸ਼ੁਰੂ ਹੋਏ ਜ਼ਬਰਦਸਤ ਜਲਜ਼ਲਿਆਂ ਨੇ ਉਹਦੀ ਕਹਾਣੀ ਨੂੰ ਵੀ ਤਾਂ ਪ੍ਰਭਾਵਤ ਕਰਨਾ ਹੀ ਸੀ। ਇਸੇ ਲਈ ਖ਼ਾਲਿਦ ਦਾ ਕਥਾ ਸੰਸਾਰ ਵੀ ਸਹਿਜ ਨਹੀਂ ਹੈ। ਪਰ ਉਹਨੇ ਅਸਹਿਜ ਸਮਿਆਂ ਵਿਚੋਂ ਸਹਿਜ ਸਮਿਆਂ ਦਾ ਭਵਿੱਖ ਤਲਾਸ਼ਦੀਆਂ ਕਹਾਣੀਆਂ ਲਿਖੀਆਂ ਹਨ। ਮੁਲਕ ਦੀ ਵੰਡ ਤੋਂ ਲੈ ਕੇ ਕਸ਼ਮੀਰ ਦੇ ਹਿੰਸਕ ਵਰਤਾਰਿਆਂ ਦਾ ਯਥਾਰਥ ਹੰਢਾਉਂਦਿਆਂ ਉਹਦੀ ਕਲਮ ਡੋਲੀ ਨਹੀਂ; ਸਗੋਂ ਯਥਾਰਥਕ ਵਿਸ਼ਲੇਸ਼ਣ ਕਰਦਿਆਂ ਉਹਨੇ ਬਿਨਾਂ ਡਰ ਭੈਅ ਦੇ ਉਨ੍ਹਾਂ ਸਾਰੀਆਂ ਧਿਰਾਂ ਦੀ ਨਿਸ਼ਾਨਦੇਹੀ ਕੀਤੀ ਹੈ; ਜਿਹੜੀਆਂ ਦੁਨੀਆ ਦੇ ਸਵਰਗ ਕਹੇ ਜਾਂਦੇ ਕਸ਼ਮੀਰ ਨੂੰ ਲਹੂ-ਲੁਹਾਣ ਕਰਨ ਲਈ ਜ਼ਿੰਮੇਵਾਰ ਹਨ। ਖ਼ਾਲਿਦ ਦੇ ਕਥਾ ਸੰਸਾਰ ਦਾ ਕੇਂਦਰੀ ਤੱਤ ਹੀ ਇਹ ਹੈ ਕਿ ਉਹ ਯਥਾਰਥ ਅਤੇ ਜੀਵਨ ਦਾ ਵਿਸ਼ਲੇਸ਼ਣ ਵਿਗਿਆਨਕ ਨਜ਼ਰੀਏ ਨਾਲ ਕਰਦਾ ਹੈ।
ਪਹਿਲੀ ਅਪ੍ਰੈਲ, 1945 ਨੂੰ ਊਧਮਪੁਰ (ਜੰਮੂ-ਕਸ਼ਮੀਰ) ਵਿਚ ਜਨਮੇ ਖ਼ਾਲਿਦ ਹੁਸੈਨ ਦੀਆਂ ਹੁਣ ਤਕ 120 ਤੋਂ ਜ਼ਿਆਦਾ ਕਹਾਣੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੰਜਾਬੀ ਉਰਦੂ, ਹਿੰਦੀ, ਅੰਗਰੇਜ਼ੀ, ਪਹਾੜੀ, ਗੋਜਰੀ, ਡੋਗਰੀ ਅਤੇ ਕਸ਼ਮੀਰੀ ਭਾਸ਼ਾਵਾਂ/ਬੋਲੀਆਂ ਦੇ ਗਿਆਤਾ ਖ਼ਾਲਿਦ ਨੇ ਅਨੁਵਾਦ ਰਾਹੀਂ ਸਾਹਿਤ ਦੇ ਅਦਾਨ-ਪ੍ਰਦਾਨ ਵਿਚ ਵੀ ਚੋਖਾ ਯੋਗਦਾਨ ਪਾਇਆ ਹੈ। ਇਕੋ ਵੇਲੇ ਕਹਾਣੀਕਾਰ, ਪੱਤਰਕਾਰ ਅਤੇ ਸਰਕਾਰੀ ਅਫ਼ਸਰ ਹੁੰਦਿਆਂ ਉਹਨੇ ਕਦੇ ਵੀ ਅਪਣਾ ਸੰਤੁਲਨ ਵਿਗੜਨ ਨਹੀਂ ਦਿੱਤਾ। ਭਾਰਤੀ ਅਤੇ ਪਾਕਿਸਤਾਨੀ ਅਦਬ ਦੇ ਵਿਚਾਲੇ ਵੀ ਉਹਨੇ ਇਕ ਪੁਲ ਵਜੋਂ ਬੜੀ ਸਾਰਥਕ ਭੂਮਿਕਾ ਨਿਭਾਈ ਹੈ। ਉਹਦੀ ਕਹਾਣੀ ਵਿਚ ਜਿਸ ਕਮਾਲ ਦਾ ਰਸ ਹੈ; ਉਹੀ ਉਹਦੀਆਂ ਗੱਲਾਂ ਵਿਚ ਵੀ ਹੈ। ‘ਹੁਣ’ ਇਸ ਵਾਰ ਖ਼ਾਲਿਦ ਹੁਸੈਨ ਨਾਲ ‘ਗੱਲਾਂ’ ਕਰ ਕੇ ਮਾਣ ਮਹਿਸੂਸ ਕਰ ਰਿਹਾ ਹੈ।

ਹੁਣ ਵੱਲੋਂ
ਸੁਸ਼ੀਲ ਦੁਸਾਂਝ ਅਤੇ ਬਲਜਿੰਦਰ ਨਸਰਾਲੀ (ਡਾ.)
ਅਕਤੂਬਰ-ਨਵੰਬਰ 2013, ਜੰਮੂ, ਚੰਡੀਗੜ੍ਹ

ਟੱਪਣੀ ਪਵੇ ਲਕੀਰ
ਹੁਣ : ਖ਼ਾਲਿਦ ਜੀ, ਜੰਮੂ ਦੇ ਡੋਗਰੀ ਮਾਹੌਲ ਵਿਚ ਜੰਮਪਲ ਕੇ ਪੰਜਾਬੀ ਭਾਸ਼ਾ ਵਿਚ ਸਾਹਿਤ ਸਿਰਜਣਾ ਨਾਲ ਕਿਵੇਂ ਜੁੜ ਗਏ? ਤੁਹਾਡੀ ਮਾਂ ਬੋਲੀ ਡੋਗਰੀ ਪੰਜਾਬੀ ਹੈ। ਡੋਗਰੀ ਵਾਲੇ ਡੋਗਰੀ ਨੂੰ ਪੰਜਾਬੀ ਦਾ ਹਿੱਸਾ ਮੰਨਣ ਲਈ ਤਿਆਰ ਨਹੀਂ? ਤੁਸੀਂ ਇਹ ਲਕੀਰ ਕਿਵੇਂ ਟੱਪੀ?
ਖ਼ਾਲਿਦ : ਕੁਝ ਹਾਸਲ ਕਰਨ ਲਈ ਕਈ ਵੇਰਾਂ ਲਕੀਰਾਂ ਟੱਪਣੀਆਂ ਪੈਂਦੀਆਂ ਨੇ। ਸਾਡਾ ਖਾਨਦਾਨ ਕੋਈ ਡੇਢ ਸੌ ਸਾਲ ਪਹਿਲਾਂ ਕਸ਼ਮੀਰ ਤੋਂ ਜੰਮੂ ਦੇ ਡੋਗਰੀ ਇਲਾਕੇ ਰਾਮ ਨਗਰ ਵਿਚ ਆਬਾਦ ਹੋ ਗਿਆ ਸੀ। ਉਥੋਂ ਅਸੀਂ ਉਦਮਪੁਰ ਵਿਚ ਆ ਕੇ ਆਬਾਦ ਹੋਏ ਤੇ 1947 ਮਗਰੋਂ ਅਸੀਂ ਸ਼ਰਨਾਰਥੀ ਬਣ ਕੇ ਜੰਮੂ ਆ ਗਏ। ਮੇਰੀ ਮਾਂ, ਮੇਰੇ ਦਾਦਾ-ਦਾਦੀ, ਪਿਉ ਤੇ ਚਾਚੇ ਅਤੇ ਫੁੱਫੀ ਸਾਰੇ ਹੀ ਡੋਗਰੀ ਬੋਲਦੇ ਸਨ ਪਰ ਜਦ ਅਸੀਂ ਜੰਮੂ ਆ ਗਏ ਤੇ ਉਸਤਾਦ ਮੁਹੱਲੇ ਵਿਚ ਵਸ ਗਏ ਤਾਂ ਅਸੀਂ ਭੈਣ-ਭਰਾ ਪੰਜਾਬੀ ਬੋਲਣ ਲੱਗੇ ਕਿਉਂਜੇ ਉਸਤਾਦ ਮੁਹੱਲੇ ਵਿਚ ਪੰਜਾਬੀ ਮੁਸਲਮਾਨ ਰਹਿੰਦੇ ਸਨ ਤੇ ਉਨ੍ਹਾਂ ਦੀ ਰੋਟੀ ਬੇਟੀ ਦੀ ਸਾਂਝ ਸਿਆਲਕੋਟ ਨਾਲ ਸੀ, ਜਿਹੜਾ ਉਸਤਾਦ ਮੁਹੱਲੇ (ਜੰਮੂ) ਤੋਂ 40 ਕਿਲੋਮੀਟਰ ਦੂਰ ਐ। 1947 ਤੋਂ ਪਹਿਲਾਂ ਲੋਕਾਂ ਦੀ ਆਵਾਜਾਈ ਦੋਹਾਂ ਸ਼ਹਿਰਾਂ ਵਿਚ ਰੇਲ ਤੇ ਬੱਸਾਂ ਰਾਹੀਂ ਆਮ ਸੀ। ਸਾਡੀਆਂ ਰਿਸ਼ਤੇਦਾਰੀਆਂ ਅੱਜ ਵੀ ਸਿਆਲਕੋਟ ਵਿਚ ਕਾਇਮ ਨੇ। ਜਦਕਿ ਕੰਡਿਆਲੀ ਤਾਰ ਨੇ ਜੰਮੂ ਤੇ ਸਿਆਲਕੋਟ ਦੇ ਰਸਤੇ ਬੰਦ ਕਰ ਦਿੱਤੇ ਨੇ। ਉਸਤਾਦ ਮੁਹੱਲੇ ਵਿਚ ਰਹਿਣ ਕਾਰਨ ਮੈਂ ਲੁਹਾਰਾਂ, ਤਰਖਾਣਾਂ, ਠੱਠੇਆਰਾਂ, ਪਾਂਡੀਆਂ ਤੇ ਕਸਾਈਆਂ ਕੋਲੋਂ ਪੰਜਾਬੀ ਸਿੱਖੀ। ਇਨ੍ਹਾਂ ਚਿੱਟੇ ਅਨਪੜ੍ਹ ਲੋਕਾਂ ਦੀ ਪੰਜਾਬੀ ਭਾਸ਼ਾ ਵਿਚ ਕਿਸੇ ਕਿਸਮ ਦਾ ਰਲਾਅ ਨਹੀਂ ਐ। ਇਨ੍ਹਾਂ ਕੋਲ ਅਖਾਣਾਂ ਭਰੀ ਤੇ ਮੁਹਾਵਰੇਦਾਰ ਅਤੇ ਸਰਲ ਤੇ ਸ਼ੁੱਧ ਪੰਜਾਬੀ ਐ ਤੇ ਮੇਰੇ ਟੀਚਰ, ਪ੍ਰੋਫ਼ੈਸਰ ਇਹੋ ਲੋਕ ਨੇ ਜਿਨ੍ਹਾਂ ਦੀ ਸੰਗਤ ਵਿਚ ਰਹਿ ਕੇ ਮੈਂ ਪੰਜਾਬੀ ਦਾ ਝੋਲਾ ਪਾਇਆ। ਡੋਗਰੀ ਅੱਜ ਭਾਵੇਂ ਵੱਖਰੀ ਭਾਸ਼ਾ ਐ ਅਤੇ ਸਿਆਸੀ ਕਾਰਨਾਂ ਵਜੋਂ ਅੱਠਵੇਂ ਸ਼ਡੂਲ ਵਿਚ ਸ਼ਾਮਲ ਐ ਪਰ ਅਸਲ ਵਿਚ ਇਹ ਬੋਲੀ ਵੀ ਪੰਜਾਬੀ ਘਰਾਣੇ ਦੀ ਹੀ ਬੋਲੀ ਐ। ਇਸ ਦੀ ਵਿਆਕਰਣ ਤੇ ਸ਼ਬਦਾਂ ਦਾ ਭੰਡਾਰ ਪੰਜਾਬੀ ਤੋਂ ਹੀ ਲਿਆ ਗਿਐ। ਨਾ ਪੰਜਾਬੀਆਂ ਨੂੰ ਡੋਗਰੀ ਸਮਝਣ ਵਿਚ ਕੋਈ ਔਖ ਹੁੰਦੀ ਏ ਅਤੇ ਨਾ ਹੀ ਡੋਗਰੀ ਵਾਲਿਆਂ ਨੂੰ ਪੰਜਾਬੀ ਸਮਝਣ ਵਿਚ ਕੋਈ ਮੁਸ਼ਕਲ ਆਉਂਦੀ ਐ। ਜਦਕਿ ਕਸ਼ਮੀਰੀ, ਬੋਧੀ, ਤਿੱਬਤੀ, ਬਲਤੀ ਤੇ ਦਰਦੀ ਭਾਸ਼ਾਵਾਂ ਨਾ ਡੋਗਰੇ ਸਮਝ ਸਕਦੇ ਨੇ ਅਤੇ ਨਾ ਹੀ ਪੰਜਾਬੀ। ਹਾਲਾਂਕਿ ਇਹ ਭਾਸ਼ਾਵਾਂ ਬੋਲਣ ਵਾਲੇ ਵੀ ਜੰਮੂ ਕਸ਼ਮੀਰ ਦਾ ਹੀ ਹਿੱਸਾ ਨੇ।

ਖ਼ਾਲਿਦ ਚੜ੍ਹਦੀ ਉਮਰੇ ਕਵਿਤਾ ਪੜ੍ਹਦਿਆਂ।

ਹੁਣ : ਤੁਹਾਡੀ ਪਛਾਣ ਕਹਾਣੀਕਾਰ ਦੇ ਤੌਰ ‘ਤੇ ਬਣੀ ਹੈ। ਪਹਿਲੇ-ਪਹਿਲ ਤੁਸੀਂ ਕਵਿਤਾਵਾਂ ਵੀ ਲਿਖੀਆਂ। ਕਵੀ ਦਰਬਾਰ ਵੀ ਸਜਾਉਂਦੇ ਰਹੇ। ਕਿਹੋ ਜਿਹੀ ਕਵਿਤਾ ਲਿਖਦੇ ਰਹੇ ਤੁਸੀਂ, ਇਕ ਦੋ ਟੋਟਕੇ ਹੋ ਜਾਣ।
ਖ਼ਾਲਿਦ : ਹਾਂ ਜੀ, ਕਵੀ ਬਣਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਨਾਕਾਮ ਰਿਹਾ। ਜਦਕਿ ਮੈਂ ਵਾਰਤਕ ਤੋਂ ਪਹਿਲਾਂ ਕਵਿਤਾ ਹੀ ਪੜ੍ਹਦਾ ਸਾਂ ਤੇ ਅੱਜ ਵੀ ਸ਼ਾਇਰੀ ਮੇਰਾ ਮਨ ਪਸੰਦ ਮਜ਼ਮੂਨ ਐ। ਸ਼ਾਇਦ ਇਹੋ ਕਾਰਨ ਐ ਕਿ ਕਹਾਣੀਆਂ ਲਿਖਣ ਵੇਲੇ ਮੇਰੀ ਭਾਸ਼ਾ ਵਿਚ ਕਾਵਿਮਈ ਸ਼ੈਲੀ ਆ ਜਾਂਦੀ ਐ। ਉਨ੍ਹਾਂ ਦਿਨਾਂ ਦੀ ਇਕ ਕਵਿਤਾ ਦੇ ਬੋਲ ਸੁਣੋ :-
ਪੰਛੀ ਅਪਣੇ ਆਲ੍ਹਣੇ
ਨਫ਼ਰਤ ਦੀਆਂ ਕਲਮਾਂ ਵਿੱਚੋਂ ਫੁੱਟੇ ਹੋਏ
ਤੀਲਿਆਂ ਨਾਲ ਨਹੀਂ ਬਣਾਉਂਦੇ
ਇਸੇ ਲਈ
ਪੰਛੀ ਇਕ ਦੂਜੇ ਦੇ ਆਲ੍ਹਣੇ
ਸਾੜਦੇ ਨਹੀਂ
ਅਪਣੀ ਨਸਲ ਉਜਾੜਦੇ ਨਹੀਂ
ਪੰਛੀਆਂ ਦਾ ਦਿਲ
ਪਾਣੀ ਵਾਂਗ ਬੇਰੰਗ ਹੁੰਦਾ ਹੈ
ਪੰਛੀ ਪਿਆਰ ਦਾ ਬਟਨਾ ਮਲ ਕੇ
ਪ੍ਰੀਤ ਸਾਂਝ ਦੇ ਗੀਤ ਗਾਉਂਦੇ ਨੇ
ਪੰਛੀ ਸ਼ਬਦਾਂ ਦੇ ਵਣਜਾਰੇ ਨਹੀਂ ਹੁੰਦੇ
ਦੋਸਤੀ, ਮਨੁੱਖਤਾ, ਮਾਣ, ਮਰਿਆਦਾ
ਸਭ ਸ਼ਬਦਾਂ ਦੇ ਵਸਤਰ
ਇਸੇ ਲਈ
ਉਹ ਸ਼ਬਦਾਂ ‘ਤੇ ਵਿਸ਼ਵਾਸ ਨਹੀਂ ਕਰਦੇ
ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਮਾਰਨ ਵਾਲੇ ਵਸਤਰ
ਰੱਬ ਨੇ ਨਹੀਂ ਬਣਾਏ।

ਹੁਣ : ਤੁਹਾਡੀ ਉਰਦੂ ਵਿਚ ਲਿਖੀ ਕਹਾਣੀ ‘ਸ਼ਮਾ ਹਰ ਰੰਗ ਮੇਂ ਜਲਤੀ ਹੈ’ ‘ਤੇ ਅਸ਼ਲੀਲ ਹੋਣ ਦਾ ਇਲਜ਼ਾਮ ਲੱਗਾ, ਮੁਕੱਦਮਾ ਵੀ ਚੱਲਿਆ ਕੀ ਮਾਜਰਾ ਸੀ ਇਹ?
ਖ਼ਾਲਿਦ : ਮਜ਼ੇਦਾਰ ਮਾਜਰਾ ਸੀ। ਦਰਅਸਲ, ਅਫਸਰਸ਼ਾਹੀ ਵਿਚ ਹੱਦ ਤੋਂ ਵੱਧ ਇਖ਼ਤਿਆਰ ਕਈ ਅਫ਼ਸਰਾਂ ਨੂੰ ਹਜ਼ਮ ਨਹੀਂ ਹੁੰਦਾ ਤੇ ਉਹ ਤਾਕਤ ਦੇ ਬਲਬੂਤੇ ‘ਤੇ ਅਕਸਰ ਬੇਜ਼ਾਬਤਗੀਆਂ ਕਰਿਆ ਕਰਦੇ ਨੇ। ਇਨ੍ਹਾਂ ਵਿਚੋਂ ਕੁਝ ਲੋਕ ਕਾਮ ਦੇ ਕੀੜੇ ਵੀ ਹੁੰਦੇ ਨੇ, ਜਿਹੜੇ ਅਫ਼ਸਰਸ਼ਾਹੀ ਦਾ ਰੋਅਬ ਝਾੜ ਕੇ ਅਪਣੀਆਂ ਮੁਲਾਜ਼ਮ ਤੀਵੀਆਂ ਦਾ ਸ਼ੋਸ਼ਣ ਵੀ ਕਰਦੇ ਨੇ। ਇਹੋ ਜੇਹੀ ਇਕ ਘਟਨਾ ਮੈਂ ਅਪਣੀ ਅੱਖੀਂ ਵੇਖੀ ਸੀ, ਜਿਸ ਵਿਚ ਮਹਿਕਮਾ ਕਾਨੂੰਨ ਦਾ ਸਕੱਤਰ ਆਪਣੀ ਪੀ.ਏ. ਨਾਲ ਰਿਟਾਇਰਿੰਗ ਰੂਮ ਵਿਚ ਰਾਸ ਲੀਲਾ ਖੇਡ ਰਿਹਾ ਸੀ, ਜਿਸ ਨੂੰ ਵੇਖ ਮੈਂ ‘ਸ਼ਮਾ ਹਰ ਰੰਗ ਮੇਂ ਜਲਤੀ ਹੈ’ ਨਾਂਅ ਦੀ ਉਰਦੂ ਕਹਾਣੀ ਲਿਖੀ। ਕਹਾਣੀ ਵਿਚ ਮੈਂ ਪਾਤਰਾਂ ਤੇ ਥਾਵਾਂ ਦੇ ਅਸਲੀ ਨਾਂ ਦਿੱਤੇ ਸਨ ਤੇ ਪਰਚੇ ਦੇ ਸੰਪਾਦਕ ਨੇ ਇਸ ਕਹਾਣੀ ਵਾਲੇ ਅੰਕ ਦੀਆਂ ਸੈਂਕੜੇ ਕਾਪੀਆਂ ਦਫ਼ਤਰਾਂ ਵਿਚ ਵੰਡ ਦਿੱਤੀਆਂ। ਬਵਾਲ ਖੜਾ ਹੋ ਗਿਆ ਤੇ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਦੋਸ਼ ਲਾਇਆ ਗਿਆ ਕਿ ਮੈਂ ਅਸ਼ਲੀਲ ਲੇਖ ਲਿਖਿਐ, ਜਿਸ ਵਿਚ ਸੈਕਟਰੇਟ ਦੇ ਆਦਰਯੋਗ ਸੈਕਟਰੀ ਤੇ ਉਹਦੇ ਪੀ.ਏ. ਦੇ ਖ਼ਿਲਾਫ਼ ਮਨਘੜਤ ਤੇ ਬਦਨਾਮ ਕਰਨ ਵਾਲਾ ਸੰਵਾਦ ਲਿਖਿਆ ਗਿਐ। 9 ਮਹੀਨਿਆਂ ਤਕ ਇੰਕੁਆਇਰੀ ਕਮਿਸ਼ਨ ਵਿਚ ਮੁਕੱਦਮਾ ਚਲਿਆ। ਮੈਂ ਖਵਾਜਾ ਅਹਿਮਦ ਅੱਬਾਸ, ਬਲਰਾਜ ਸਾਹਨੀ, ਅਖ਼ਤਰ ਮਹੀ-ਉ-ਦੀਨ ਆਦਿ ਵਰਗੇ ਕਈ ਲਿਖਾਰੀਆਂ ‘ਤੇ ਆਪਣੀ ਰਾਏ ਲਿਖ ਕੇ ਦਿੱਤੀ ਕਿ ਖ਼ਾਲਿਦ ਹੁਸੈਨ ਦੀ ਰਚਨਾ ਗਲਪ ਦੇ ਜੁਮਲੇ ਵਿਚ ਆਉਂਦੀ ਐ ਤੇ ਅੱਜ ਤਕ ਕਿਸੇ ਵੀ ਕਹਾਣੀ ਵਿਚ ਕੋਈ ਇਹ ਸਾਬਤ ਨਹੀਂ ਕਰ ਸਕਿਆ ਕਿ ਇਸ ਵਿਚ ਅਸ਼ਲੀਲ ਭਾਸ਼ਾ ਵਰਤੀ ਗਈ ਐ ਤੇ ਮੰਟੋ ਦੀ ਮਿਸਾਲ ਸਾਡੇ ਸਾਹਮਣੇ ਐ। ਇੰਜ ਇੰਕੁਆਇਰੀ ਕਮਿਸ਼ਨ ਨੇ ਮੇਰੇ ਹੱਕ ਵਿਚ ਫ਼ੈਸਲਾ ਦਿੱਤਾ ਤੇ ਮੈਂ ਬਹਾਲ ਹੋ ਗਿਆ।

ਹੁਣ : ਉਰਦੂ ਤੋਂ ਫੇਰ ਪੰਜਾਬੀ ਵੱਲ ਕਿਵੇਂ ਮੁੜੇ ਤੇ ਉਹ ਕਿਹੜੀ ਕਹਾਣੀ ਸੀ ਜਿਹਨੇ ਖ਼ਾਲਿਦ ਨੂੰ ਪੰਜਾਬੋਂ ਬਾਹਰਲੇ ਪੰਜਾਬੀ ਕਹਾਣੀਕਾਰਾਂ ਦੀ ਪਹਿਲੀ ਕਤਾਰ ਵਿਚ ਲਿਆ ਖੜਾ ਕੀਤਾ?
ਖ਼ਾਲਿਦ : ਅਪਣੇ ਨਿੱਘੇ ਯਾਰ ਤੇ ਕਹਾਣੀਕਾਰ ਹਰਭਜਨ ਸਿੰਘ ਸਾਗਰ ਦੀ ਪ੍ਰੇਰਨਾ ਸਦਕਾ ਮੈਂ ਪੰਜਾਬੀ ਵਿਚ ਲਿਖਣ ਦਾ ਸਫ਼ਰ ਸ਼ੁਰੂ ਕੀਤਾ ਤੇ ਪਹਿਲੀ ਪੰਜਾਬੀ ਕਹਾਣੀ ‘ਠੰਢੀ ਕਾਂਗੜੀ’ ਦੇ ਸਿਰਨਾਵੇਂ ਹੇਠ ਲਿਖੀ। ਇਸ ਪਹਿਲੀ ਕਹਾਣੀ ਨੂੰ ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਵਿਚ ਛਾਪ ਕੇ ਮੈਨੂੰ ਪੰਜਾਬੀ ਸਾਹਿਤਕ ਜਗਤ ਨਾਲ ਰੂਬਰੂ ਕਰਵਾਇਆ। ਇਸੇ ਕਹਾਣੀ ਨੂੰ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰ ਤੇ ਵਾਰਤਾਕਾਰ ਅਹਿਮਦ ਸਲੀਮ ਨੇ ਲਾਹੌਰ ਤੋਂ ਛਪਦੇ ਅਪਣੇ ਪੰਜਾਬੀ ਪਰਚੇ ‘ਕੂੰਜ’ ਵਿਚ ਸ਼ਾਹਮੁਖੀ ਅਖ਼ਰਾਂ ਵਿਚ ਛਾਪਿਆ ਤੇ ਪਹਿਲੀ ਵਾਰ ਮੈਂ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤਕ ਹਲਕਿਆਂ ਵਿਚ ਵੀ ਜਾਣਿਆ ਜਾਣ ਲੱਗਾ। ਮਗਰੋਂ ‘ਨਾਗਮਣੀ’ ਵਿਚ ਤਿੰਨ ਚਾਰ ਕਹਾਣੀਆਂ ਮੇਰੀਆਂ ਹੋਰ ਛਪੀਆਂ ਤੇ ਉਨ੍ਹਾਂ ਦੇ ਉਲੱਥੇ ਪਾਕਿਸਤਾਨ ਦੇ ਪੰਜਾਬੀ ਸਾਹਿਤਕ ਮਾਸਿਕ ਪਰਚੇ ‘ਲਹਿਰਾਂ’, ‘ਸੂਰਜਮੁਖੀ’ ਤੇ ‘ਪੰਜ ਦਰਿਆ’ ਵਿਚ ਛਪੇ। ਇੰਜ ਮੈਂ ਪੱਕੇ ਪੈਰੀਂ ਪੰਜਾਬੀ ਭਾਸ਼ਾ ਨੂੰ ਹੀ ਅਪਣੇ ਇਜ਼ਹਾਰ ਦਾ ਵਸੀਲਾ ਬਣਾ ਲਿਆ। ਮੈਂ ਅਪਣੀਆਂ ਪੰਜਾਬੀ ਕਹਾਣੀਆਂ ਦਾ ਉਰਦੂ ਵਿਚ ਅਨੁਵਾਦ ਕਰ ਕੇ ਉਰਦੂ ਦੇ ਪ੍ਰਸਿੱਧ ਪਰਚਿਆਂ ਵਿਚ ਵੀ ਛਪਦਾ ਰਿਹਾ। ਮੈਂ ‘ਠੰਢੀ ਕਾਂਗੜੀ’ ਦਾ ਉੁਰਦੂ ਅਨੁਵਾਦ, 1973 ਵਿਚ ਜੰਮੂ ਵਿਖੇ ਹੋਈ ਸਰਵ ਹਿੰਦ ਉਰਦੂ ਕਾਨਫ਼ਰੰਸ ਦੀ ਕਹਾਣੀ ਗੋਸ਼ਟੀ ਵਿਚ ਪੜ੍ਹਿਆ ਤੇ ਉਸ ਗੋਸ਼ਟੀ ਦੀ ਪ੍ਰਧਾਨਗੀ ਉਰਦੂ ਦੇ ਮਹਾਨ ਕਹਾਣੀਕਾਰ ਕ੍ਰਿਸ਼ਨ ਚੰਦਰ ਕਰ ਰਹੇ ਸਨ। ਇੰਜ ਅਦੀਬ ਦੇ ਤੌਰ ‘ਤੇ ਮੇਰੀ ਹੌਸਲਾ ਅਫ਼ਜਾਈ ਹੁੰਦੀ ਰਹੀ।

ਹੁਣ : ਜੰਮੂ-ਕਸ਼ਮੀਰ ਦੇ ਲੇਖਕਾਂ ਦੀਆਂ ਧੜੇਬੰਦੀਆਂ ਦੇ ਚਲਦਿਆਂ ਤੁਸਾਂ ਵੀ ਕੋਈ ਧੜਾ ਪਾਲ਼ਿਆ?
ਖ਼ਾਲਿਦ : ਨਾ, ਮੈਂ ਕੋਈ ਧੜਾ ਨਈਂ ਪਾਲ਼ਿਆ। ਨਾਲੇ ਕਿਸੇ ਸੱਚੇ ਤੇ ਸਿਦਕੀ ਸਾਹਿਤਕਾਰ ਨੂੰ ਕਿਸੇ ਧੜੇਬੰਦੀ ਦੀ ਲੋੜ ਵੀ ਨਈਂ ਹੋਇਆ ਕਰਦੀ। ਪਰ ਕੁਝ ਲੋਕ ਅਜਿਹੇ ਲੇਖਕਾਂ ਦੀ ਲੇਖਣੀ, ਸ਼ਬਦ ਸ਼ਕਤੀ ਅਤੇ ਸ਼ੈਲੀ ਤੋਂ ਦੁਖੀ ਹੁੰਦੇ ਨੇ ਤੇ ਧੜੇਬੰਦੀਆਂ ਬਣਾ ਕੇ ਅਪਣੀ ਡੇਢ ਇੱਟ ਦੀ ਮਸੀਤ ਵਿਚ ਅਪਣੀ ਵਡਿਆਈ ਦੀਆਂ ਬਾਂਗਾਂ ਦਿੰਦੇ ਰਹਿੰਦੇ ਨੇ। ਅਜਿਹੇ ਲੋਕ ਛੇਤੀਂ ਹੀ ਨੰਗੇ ਹੋ ਜਾਂਦੇ ਨੇ ਪਰ ਅਪਣੇ ਨੰਗੇਜ਼ ਨੂੰ ਕਦੇ ਨਹੀਂ ਕਜਦੇ। ਸਾਡੇ ਬਾਬਿਆਂ ਨੇ ਕਦੇ ਕੋਈ ਧੜੇਬੰਦੀ ਨਹੀਂ ਬਣਾਈ। ਸਾਡੇ ਸੂਫ਼ੀ ਸੰਤਾਂ ਨੇ ਇਕ ਦੂਜੇ ਦਾ ਆਦਰ ਕੀਤਾ ਤੇ ਪਿਆਰ ਮੁਹੱਬਤ ਦਾ ਸਾਂਝਾ ਸਬਕ ਖ਼ਲਕਤ ਨੂੰ ਪੜ੍ਹਾਇਆ। ਇਹੋ ਕਾਰਨ ਐ ਕਿ ਰੰਗ, ਨਸਲ, ਧਰਮ, ਜਾਤ ਵੱਖ-ਵੱਖ ਹੋਣ ਦੇ ਬਾਵਜੂਦ ਅਸੀਂ ਅਪਣੇ ਬਾਬਿਆਂ ਨੂੰ ਆਦਰ ਮਾਣ ਦਿੰਦੇ ਆਂ ਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੰਦ ਮਾਣਦੇ ਆਂ। ਪਰ ਅੱਜ ਦੇ ਅਦੀਬ ਇਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ। ਚੰਗੀ ਸਾਹਿਤਕ ਆਲੋਚਨਾ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਤੇ ਫੇਰ ਧੜੇਬੰਦੀਆਂ ਬਣਾ ਲੈਂਦੇ ਨੇ। ਮੈਂ ਕਦੇ ਕਿਸੇ ਧੜੇਬੰਦੀ ਦਾ ਹਿੱਸਾ ਨਹੀਂ ਬਣਿਆ ਪਰ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਉਨਤੀ ਲਈ ਅਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਪੰਜਾਬੀ ਅਦਬੀ ਸੰਗਤ ਦੀ ਸਥਾਪਨਾ ਕੀਤੀ ਅਤੇ ਸਾਰੇ ਸਾਹਿਤਕਾਰਾਂ ‘ਤੇ ਸੈਮੀਨਾਰ ਕਰਵਾਏ, ਪਰਚੇ ਪੜ੍ਹਵਾਏ ਤੇ ਉਨ੍ਹਾਂ ਦੀ ਲਿਖਤ ਨੂੰ ਸਮੁੱਚੇ ਪੰਜਾਬੀ ਸਾਹਿਤ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ।

ਹੁਣ : ਤੁਹਾਡੀ ਸਵੈ ਜੀਵਨੀ ‘ਮਾਟੀ ਕੁਦਮ ਕਰੇਂਦੀ ਯਾਰ’ ਆਪਣੀ ਵਖਰੀ ਕਿਸਮ ਦੀ ਬਿਰਤਾਂਤਕ ਜੁਗਤ ਕਾਰਨ ਚਰਚਾ ਵਿਚ ਰਹੀ ਹੈ? ਜੰਮੂ ਕਸ਼ਮੀਰ ਦੇ ਰਾਜਨੀਤਕ ਤੇ ਇਤਿਹਾਸਕ ਮਸਲਿਆਂ ਨੂੰ ਸਮਝਣ ਵਿਚ ਇਹ ਬੜੀ ਸਹਾਈ ਹੁੰਦੀ ਹੈ। ਇਸ ਨੇ ਪੰਜਾਬੀ ਭਾਸ਼ਾ ਨੂੰ ਤੇ ਪੰਜਾਬੀ ਪਾਠਕਾਂ ਨੂੰ ਕਸ਼ਮੀਰ ਸੰਕਟ ਨਾਲ ਪੂਰੀ ਤਰ੍ਹਾਂ ਜੋੜ ਦਿੱਤਾ ਹੈ। ਇਸ ਨੂੰ ਵਿਉਂਤਣ ਸਮੇਂ ਤੁਹਾਡੇ ਮਨ ਵਿਚ ਕੀ ਸੀ?
ਖ਼ਾਲਿਦ : ਮੈਂ ਕਸ਼ਮੀਰ ਸੰਕਟ ਨਾਲ ਬਚਪਨ ਤੋਂ ਜੁੜਿਆਂ। ਇਹ ਸਾਰੀਆਂ ਗੱਲਾਂ ਮੇਰੀਆਂ ਸਮਝ ਮੁਤਾਬਕ ਪੰਜਾਬੀ ਪਾਠਕਾਂ ਨੂੰ ਦੱਸਣੀਆਂ ਜ਼ਰੂਰੀ ਬਣਦੀਆਂ ਸਨ। ਕਸ਼ਮੀਰ ਦਾ ਇਤਿਹਾਸ, ਰਾਜਨੀਤੀ ਅਤੇ ਰਾਜਨੀਤੀ ਕਾਰਨ ਹਿੰਦੂ ਤੇ ਮੁਸਲਮਾਨ ਵਜੋਂ ਸੋਚਣ ਦਾ ਨਜ਼ਰੀਆ। ਇਹ ਅਜਿਹੀਆਂ ਸਚਾਈਆਂ ਨੇ ਜਿਸ ਬਾਰੇ ਪੰਜਾਬੀ ਪਾਠਕ ਬਹੁਤ ਘੱਟ ਜਾਣੂ ਨੇ; ਕਿਉਂਜੇ ਮੈਂ ਕਸ਼ਮੀਰ ਦੇ ਸੰਕਟ ਦਾ ਆਪ ਇਕ ਹਿੱਸਾ ਰਿਹਾਂ। ਇਕ ਪਾਤਰ ਰਿਹਾ ਹਾਂ, ਇਸ ਲਈ ਮੈਂ ਅਪਣੀ ਸਵੈ-ਜੀਵਨੀ ਵਿਚ ਅਪਣੀ ਜ਼ਿੰਦਗੀ ਨਾਲ ਜੁੜੀਆਂ ਉਹ ਸਾਰੀਆਂ ਗੱਲਾਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਇਤਿਹਾਸ, ਮਿਥਿਹਾਸ ਅਤੇ ਰਾਜਨੀਤੀ ਦਾ ਸ਼ਾਮਲ ਹੋਣਾ ਸੁਭਾਵਕ ਸੀ। ਇਸ ਸਵੈ-ਜੀਵਨੀ ਨੂੰ ਲਿਖਣ ਲਈ ਮੈਂ ਵੱਖਰੀ ਬਿਰਤਾਂਤਕ ਜੁਗਤ ਦਾ ਸਹਾਰਾ ਲਿਐ, ਜੋ ਸ਼ਾਇਦ ਘੱਟੋ ਘੱਟ ਪੰਜਾਬੀ ਵਿਚ ਪਹਿਲੀ ਵਾਰੀ ਬਿਆਨਿਆ ਗਿਐ। ਇਸ ਬਿਰਤਾਂਤਕ ਜੁਗਤ ਅਤੇ ਬਿਆਨ ਕਰਨ ਦੇ ਢੰਗ ਨੂੰ ਸਾਹਿਤਕਾਰ ਮਿੱਤਰਾਂ ਨੇ ਸਲਾਹਿਐ ਅਤੇ ‘ਮਾਟੀ ਕੁਦਮ ਕਰੇਂਦੀ ਯਾਰ’ ਨੂੰ ਪਾਠਕਾਂ ਨੇ ਕਬੂਲ ਕੀਤੈ, ਜਿਸ ਲਈ ਮੈਂ ਅਪਣੇ ਪੜ੍ਹਣ ਵਾਲਿਆਂ ਦਾ ਸ਼ੁਕਰ ਗੁਜ਼ਾਰ ਹਾਂ।

ਹੁਣ : ਤੁਹਾਡੀਆਂ ਬਹੁਤੀਆਂ ਕਹਾਣੀਆਂ ਦੇ ਪਾਤਰ ਨੀਵੀਂ ਸ਼੍ਰੇਣੀ, ਗ਼ਰੀਬ ਤੇ ਕੰਮੀ-ਕਮੀਨ ਹੁੰਦੇ ਨੇ, ਜਿਵੇਂ ਭੁੱਖੀ ਮੱਝ, ਮਹਿਰੀ, ਕੁਆਰ ਗੰਦਲ, ਖੋਖਲਾ ਸੂਰਜ, ਬਾਬਾ ਟਿੱਕੀ, ਬੈਡੇ ਦੀ ਲੰਕਾ, ਇਸ਼ਕ ਮਲੰਗੀ ਆਦਿ ਕਹਾਣੀ ਵਿਚ ਤੁਹਾਡੇ ਮੁੱਖ ਪਾਤਰ ਨੀਵੀਂ ਸ਼੍ਰੇਣੀ ਜਾਂ ਕਾਮਗਾਰ ਤਬਕੇ ਨਾਲ ਸਬੰਧ ਰਖਦੇ ਹਨ। ਬਹੁਤ ਘੱਟ ਕਹਾਣੀਆਂ ਅਜਿਹੀਆਂ ਹਨ ਜਿਨ੍ਹਾਂ ਵਿਚ ਪੜ੍ਹੇ ਲਿਖੇ ਤੇ ਸੂਝਵਾਨ ਪਾਤਰ ਮਿਲਦੇ ਹਨ। ਜਦਕਿ ਤੁਹਾਡੇ ਦੋਸਤਾਂ ਦਾ ਘੇਰਾ ਅਤੇ ਅਫ਼ਸਰਸ਼ਾਹੀ ਦੇ ਤਾਲੂਕਾਤ ਅਮੀਰਾਂ ਅਤੇ ਦਾਨਿਸ਼ਵਰਾਂ ਨਾਲ ਰਹੇ ਹਨ ਪਰ ਤੁਹਾਡੀਆਂ ਕਹਾਣੀਆਂ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ। ਇਸ ਦਾ ਕੀ ਕਾਰਨ ਹੈ?
ਖ਼ਾਲਿਦ : ਮੇਰਾ ਬਚਪਨ ਤੇ ਜਵਾਨੀ ਅਜਿਹੇ ਵਾਤਾਵਰਣ ਵਿਚ ਗੁਜ਼ਰੀ ਕਿ ਜਿਥੇ ਛੋਟੇ ਵਰਗ ਦੇ ਲੋਕ ਰਹਿੰਦੇ ਸਨ। ਲੁਹਾਰ, ਤਰਖਾਣ, ਰਾਜੜੇ, ਨਾਈ, ਕਸਾਈ, ਪਾਂਡੀ, ਠੱਠਿਆਰ ਤੇ ਘੁਮਿਆਰ। ਇਹ ਲੋਕ ਚਿੱਟੇ ਅਣਪੜ੍ਹ ਸਨ ਪਰ ਸ਼ੁੱਧ ਪੰਜਾਬੀ ਭਾਸ਼ਾ ਦੀ ਅਮੀਰੀ ਨਾਲ ਮਾਲਾ-ਮਾਲ ਸਨ। ਇਨ੍ਹਾਂ ਦੇ ਚੁਫ਼ੇਰੇ ਘਟਣ ਵਾਲੀਆਂ ਘਟਨਾਵਾਂ ਨੂੰ ਮੈਂ ਅਪਣੀਆਂ ਕਹਾਣੀਆਂ ਦੇ ਵਿਸ਼ੇ ਬਣਾਇਆ। ਤੁਸਾਂ ਜਿਨ੍ਹਾਂ ਕਹਾਣੀਆਂ ਦਾ ਜ਼ਿਕਰ ਕੀਤਾ ਹੈ, ਉਹ ਸਾਰੀਆਂ ਇਸੇ ਵਰਗ ਨਾਲ ਜੁੜੀਆਂ ਕਹਾਣੀਆਂ ਨੇ ਅਤੇ ਪਾਠਕਾਂ ਨੇ ਖੂਬ ਪਸੰਦ ਕੀਤੀਆਂ। ਇਨ੍ਹਾਂ ਕਹਾਣੀਆਂ ਨਾਲ ਹੀ ਮੇਰੀ ਅਦਬੀ ਸ਼ਨਾਖਤ ਬਣੀ। ਉਂਜ ਜਿਵੇਂ ਰਾਜਿੰਦਰ ਸਿੰਘ ਬੇਦੀ ਦੀ ‘ਲਾਜਵੰਤੀ’, ਅਤੇ ‘ਏਕ ਚਾਦਰ ਮੈਲੀ ਸੀ’ ਅਤੇ ਮੰਟੋ ਦੀਆਂ ਕਹਾਣੀਆਂ ‘ਮੁਜ਼ੀਲ’, ‘ਹੱਤਕ’, ‘ਸੀਦਾ ਬਦਮਾਸ਼’, ਫ਼ੌਜਾ ਹਰਾਮ ਦਾ’ – ਕੋਚਵਾਨ, ਕਾਲੀ ਸਲਵਾਰ ਆਦਿ ਨੀਵੇਂ ਵਰਗ ਨਾਲ ਸਬੰਧਤ ਹਨ, ਜਿਨ੍ਹਾਂ ਬੇਦੀ ਤੇ ਮੰਟੋ ਦੀ ਬਤੌਰ ਕਹਾਣੀਕਾਰ ਸ਼ਨਾਖਤ ਬਣਾਈ।
ਅਜਿਹੀਆਂ ਕਹਾਣੀਆਂ ਸਮਾਜ ਨਾਲ ਜੁੜੀਆਂ ਹੁੰਦੀਆਂ ਨੇ, ਜਦਕਿ ਅਮੀਰ ਵਰਗ ਦਾ ਸਮਾਜੀ ਢਾਂਚਾ ਅਹੰਕਾਰ ਤੇ ਦੋਗਲੇਪਣ ਦੀ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ। ਇਸ ਲਈ ਸੁਹਿਰਦ ਸਾਹਿਤਕਾਰਾਂ ਨੂੰ ਅਪਣੇ ਵੱਲ ਘੱਟ ਹੀ ਖਿਚਦਾ ਹੈ। ਇਸ ਦਾ ਇਹ ਮਤਲਬ ਵੀ ਨਹੀਂ ਕਿ ਉਸ ਵਰਗ ਵਿਚ ਕੋਈ ਅਜਿਹੀ ਵਾਰਦਾਤ ਹੁੰਦੀ ਹੀ ਨਹੀਂ ਜੋ ਸਾਹਿਤਕਾਰ ਦੀ ਸੋਚ ਨੂੰ ਟੁੰਬਦੀ ਨਹੀਂ। ਇਸ ਵਰਗ ਬਾਰੇ ਵੀ ਸਾਹਿਤ ਵਿਚ ਬੇਸ਼ੁਮਾਰ ਕਹਾਣੀਆਂ ਮਿਲਦੀਆਂ ਹਨ। ਪਿਛੇ ਜੇਹੇ ਆਈ ਇਕ ਫ਼ਿਲਮ ‘ਪੇਜ ਥ੍ਰੀ’ ਦੀ ਕਹਾਣੀ ਇਸ ਵਰਗ ਦੀ ਸਹੀ ਤਰਜ਼ਮਾਨੀ ਕਰਦੀ ਹੈ। ਮੈਂ ਵੀ ਸਿਆਸੀ, ਸਮਾਜੀ ਅਤੇ ਆਰਥਕ ਵਿਸ਼ੇ ‘ਤੇ ਕਹਾਣੀਆਂ ਲਿਖੀਆਂ ਹਨ। ਇਹ ਗੱਲ ਠੀਕ ਹੈ ਕਿ ਮੈਨੂੰ ਅਪਣੀਆਂ ਬਹੁਤੀਆਂ ਕਹਾਣੀਆਂ ਦੇ ਵਿਸ਼ੇ ਨੀਵੇਂ ਵਰਗ ਦੇ ਮਹੌਲ ਤੋਂ ਮਿਲੇ ਹਨ।

ਮਹਿਫ਼ਲ ਦੀ ਜਾਨ
ਹੁਣ : ਤੁਹਾਡੀ ਲਤੀਫ਼ਾਗੋਈ ਬੜੀ ਮਸ਼ਹੂਰ ਹੈ। ਕੀ ਤੁਸੀਂ ਖ਼ੁਦ ਵੀ ਲਤੀਫ਼ੇ ਘੜਦੇ ਓ, ਜਾਂ ਇਧਰੋਂ, ਉਧਰੋਂ ਆਏ, ਅੱਗੇ ਤੋਰੀ ਜਾਂਦੇ ਓ। ਜੁਆਬ ਵੀ ਜੇ ਲਤੀਫ਼ਾਈ ਅੰਦਾਜ਼ ਵਿੱਚ ਦੇਵੋ ਤਾਂ ਚੰਗਾ ਰਹੇਗਾ।

ਖ਼ਾਲਿਦ : ਲਤੀਫ਼ਾ ਬਿਰਤਾਂਤੀ ਜੁਗਤ ਐ ਜੋ ਗੱਲਬਾਤ ਵਿਚ ਦਿਲਚਸਪੀ ਪੈਦਾ ਕਰਿਆ ਕਰਦੀ ਐ ਤੇ ਮਨੁੱਖ ਦੀ ਸ਼ਖ਼ਸੀਅਤ ਨੂੰ ਉਭਾਰਦੀ ਐ। ਇਕ ਚੰਗਾ ਤੇ ਸੁਹਿਰਦ ਲਤੀਫ਼ੇਬਾਜ਼ ਮਹਿਫ਼ਲ ਦੀ ਜਾਨ ਹੁੰਦੈ। ਹਰ ਸ਼ਖ਼ਸ ਜ਼ਿੰਦਗੀ ਦੀ ਕੁੜੱਤਣ ਨੂੰ ਕੁਝ ਪਲਾਂ ਲਈ ਅਪਣੀ ਜਾਤ ਤੋਂ ਮਨਫ਼ੀ ਕਰਨਾ ਚਾਹੁੰਦੈ ਤੇ ਦਿਲ ਦਿਮਾਗ਼ ਨੂੰ ਤਾਜ਼ਗੀ ਬਖ਼ਸ਼ਣ ਲਈ ਹਾਸ-ਰਸ ਦੀ ਮਹਿਫ਼ਲ ਵਿਚ ਬਹਿ ਕੇ ਲਤੀਫ਼ਿਆਂ ਦਾ ਅਨੰਦ ਮਾਨਣਾ ਚਾਹੁੰਦੈ ਤਾਂ ਜੋ ਉਹ ਖੁਲ੍ਹ ਕੇ ਹੱਸੇ ਤੇ ਗੜਾਕੇ ਮਾਰ ਸਕੇ। ਹਕੀਮਾਂ ਤੇ ਡਾਕਟਰਾਂ ਨੇ ਵੀ ਹੱਸਣ ਖੇਡਣ ਨੂੰ ਸਿਹਤਮੰਦ ਜ਼ਿੰਦਗੀ ਲਈ ਜ਼ਰੂਰੀ ਕਰਾਰ ਦਿੱਤੈ। ਮੈਂ ਵੀ ਅਕਸਰ ਉਨ੍ਹਾਂ ਮਹਿਫ਼ਲਾਂ ਵਿਚ ਬਹਿੰਦਾ ਰਹਿੰਦਾ ਹਾਂ ਜਿਥੇ ਇਕ ਤੋਂ ਇਕ ਵੱਧ ਲਤੀਫ਼ੇਬਾਜ਼ ਅਪਣੇ ਲਤੀਫ਼ੇ ਸੁਣਾ ਕੇ ਮਹਿਫ਼ਲ ਨੂੰ ਕੇਸਰ ਕਿਆਰੀ ਬਣਾ ਦਿੰਦੇ ਨੇ। ਪੰਜਾਬੀ ਸਾਹਿਤਕਾਰਾਂ ਵਿਚ ਮੈਂ ਕਿਰਪਾਲ ਕਜ਼ਾਕ ਨੂੰ ਸਭ ਤੋਂ ਵਧੀਆ ਲਤੀਫ਼ੇਬਾਜ਼ ਮੰਨਦਾ ਆਂ ਤੇ ਉਸ ਦੇ ਬਾਅਦ ਸ਼ਾਇਦ ਅਪਣੇ ਆਪ ਨੂੰ। ਅਸਾਂ ਦੋਹਾਂ ਕੁਝ ਰਾਤਾਂ ਇਕੱਠੀਆਂ ਗੁਜ਼ਾਰੀਆਂ ਸਨ ਤੇ ਸਾਰੀ ਰਾਤ ਲਤੀਫ਼ੇ ਬਾਜ਼ੀ ਦਾ ਮੁਕਾਬਲਾ ਹੁੰਦਾ ਰਿਹਾ। ਬੜੀਆਂ ਖ਼ੂਬਸੂਰਤ ਤੇ ਯਾਦਗਾਰੀ ਰਾਤਾਂ ਸਨ। ਇੰਜ ਲਗਦਾ ਸੀ ਜਿਵੇਂ ਬੈਂਤਬਾਜ਼ੀ ਦਾ ਮੁਕਾਬਲਾ ਹੋ ਰਿਹਾ ਹੋਵੇ। ਕੁਝ ਯਾਰ ਬੇਲੀ ਸੁਣੇ ਸੁਣਾਏ ਲਤੀਫ਼ਿਆਂ ਨੂੰ ਹੀ ਦੁਹਰਾਉਂਦੇ ਨੇ। ਮੈਂ ਵੀ ਕਈ ਵਾਰੀ ਅਪਣੇ ਕੁਝ ਦੋਸਤਾਂ ਨੂੰ ਉਹ ਲਤੀਫ਼ੇ ਸੁਣਾਉਂਦਾ ਆਂ ਜਿਹੜੇ ਉਨ੍ਹਾਂ ਪਹਿਲਾਂ ਕਦੇ ਨਹੀਂ ਸੁਣੇ ਹੁੰਦੇ ਪਰ ਉਹ ਮੇਰੇ ਅਪਣੇ ਨਹੀਂ ਹੁੰਦੇ ਪਰ ਇਹ ਵੀ ਸੱਚ ਐ ਕਿ ਮੈਂ ਵਧੇਰੇ ਗਿਣਤੀ ਵਿਚ ਅਪਣੇ ਬਣਾਏ ਹੋਏ ਲਤੀਫ਼ੇ ਸੁਣਾਉਂਦਾ ਹਾਂ। ਖ਼ਾਸ ਤੌਰ ‘ਤੇ ਮੁਸਲਿਮ ਸਮਾਜ ਤੇ ਰਹਿਤਲ ਵਿਚੋਂ ਨਿਕਲੇ ਹੋਏ। ਕਈ ਵਾਰੀ ਗੱਲਾਂ ਗੱਲਾਂ ਵਿਚ ਲਤੀਫ਼ਾ ਬਣ ਜਾਇਆ ਕਰਦੈ।
ਮਿਸਾਲ ਵਜੋਂ ਮੈਂ ਤੁਹਾਨੂੰ ਉਰਦੂ ਦੇ ਪ੍ਰਸਿੱਧ ਸ਼ਾਇਰ ਸਰਦਾਰ ਪੰਛੀ ਦਾ ਲਤੀਫ਼ਾ ਸੁਣਾਉਂਦਾ ਆਂ, ਜਿਹੜਾ ਸਾਡੀ ਗੱਲਬਾਤ ਵਿਚੋਂ ਸਹਿਜੇ ਹੀ ਬਣ ਗਿਆ। ਮੈਂ, ਪ੍ਰਿਤਪਾਲ ਸਿੰਘ ਬੇਤਾਬ (ਆਈ.ਏ.ਐਸ.), ਸਰਦਾਰ ਪੰਛੀ ਤੇ ਨਿਦਾ ਫ਼ਾਜ਼ਲੀ (ਉਰਦੂ ਤੇ ਫ਼ਿਲਮੀ ਸ਼ਾਇਰ) ਪੁਣਛ ਤੋਂ ਜੰਮੂ ਆ ਰਹੇ ਸਾਂ। ਹਰ ਘੰਟੇ ਪੌਣੇ ਘੰਟੇ ਮਗਰੋਂ ਸਰਦਾਰ ਪੰਛੀ ਕਾਰ ਰੁਕਵਾ ਕੇ ਪੇਸ਼ਾਬ ਕਰਨ ਲਈ ਜਾਇਆ ਕਰਦਾ ਸੀ। ਇੰਜ ਉਸ ਨੇ ਛੇ ਸੱਤ ਵਾਰੀ ਕੀਤਾ। ਜਦ ਅਸੀਂ ਕਾਲੀਧਾਰ ਦੇ ਇਕ ਟੀ-ਸਟਾਲ ‘ਤੇ ਚਾਹ ਪੀਣ ਲਈ ਰੁਕੇ ਤਾਂ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੋਇਆਂ ਸਰਦਾਰ ਪੰਛੀ ਨੇ ਮੈਨੂੰ ਪੁੱਛਿਆ, ”ਯਾਰ ਖ਼ਾਲਿਦ! ਜੰਮੂ ਇਥੋਂ ਕਿੰਨੀ ਦੂਰ ਰਹਿ ਗਿਐ?” ਮੈਂ ਜੁਆਬ ਦਿੱਤਾ, ”ਸਿਰਫ਼ ਦੋ ਪੇਸ਼ਾਬ।” ਇੰਜ ਇਹ ਲਤੀਫ਼ਾ ਬਣ ਗਿਆ ਅਤੇ ਨਿਦਾ ਫ਼ਾਜ਼ਲੀ ਨੇ ਕਈ ਮਹਿਫ਼ਲਾਂ ਵਿਚ ਇਹ ਲਤੀਫ਼ਾ ਸੁਣਾਇਆ। ਇੰਜ ਹੀ ਮੇਰਾ ਹੀ ਘੜਿਆ ਹੋਇਆ ਲਤੀਫ਼ਾ ਤੁਸੀਂ ਵੀ ਸੁਣੋ। ਇਕ ਬੁੱਢਾ ਗੁੱਜਰ ਜੋੜਾਂ ਦੇ ਦਰਦ ਕਾਰਨ ਬੜਾ ਦੁਖੀ ਸੀ। ਉਸ ਦੇ ਇਕ ਦੋਸਤ ਨੇ ਉਸ ਨੂੰ ਰਾਜੌਰੀ ਕੋਲ ਤੱਤਾ ਪਾਣੀ ਜਾਣ ਦੀ ਸਲਾਹ ਦਿੱਤੀ ਤੇ ਉਥੇ ਗੰਧਕ ਦੇ ਚਸ਼ਮੇ ਵਿਚ ਨ੍ਹਾਣ ਲਈ ਕਿਹਾ। ਕੁਝ ਚਿਰ ਮਗਰੋਂ ਉਹ ਬੁੱਢਾ ਗੁੱਜਰ ਉਸ ਨੂੰ ਮੁੜ ਮਿਲਿਆ। ਸਲਾਮ ਦੁਆ ਦੇ ਬਾਅਦ ਉਸ ਨੇ ਗੁੱਜਰ ਨੂੰ ਜੋੜਾਂ ਦੇ ਦਰਦ ਬਾਰੇ ਪੁੱਛਿਆ ਤਾਂ ਗੁੱਜਰ ਬੋਲਿਆ ਦਰਦ ਵਿਚ ਕੋਈ ਫ਼ਰਕ ਨਹੀਂ ਪਿਆ। ਜਦ ਉਸ ਬੰਦੇ ਨੇ ਪੁੱਛਿਆ ਕੇ ਉਹ ਤੱਤਾ ਪਾਣੀ ਗਿਆ ਸੀ ਅਤੇ ਗਰਮ ਪਾਣੀ ਦੇ ਚਸ਼ਮੇ ਵਿਚ ਨ੍ਹਾਤਾ ਸੀ ਤਾਂ ਗੁੱਜਰ ਨੇ ਜਵਾਬ ਦਿੱਤਾ ਕਿ ਉਹ ਉਥੇ ਗਿਆ ਸੀ ਤੇ ਗਰਮ ਪਾਣੀ ਵਿਚ ਨ੍ਹਾਤਾ ਵੀ ਸੀ। ਫੇਰ ਉਸ ਨੇ ਔਖਿਆਂ ਹੋ ਕੇ ਕਿਹਾ ਕਿ ਸਾਲਿਆ ਜੇ ਮੇਰੇ ਸਰੀਰ ‘ਤੇ ਮੈਲ ਨਾ ਹੁੰਦੀ ਤਾਂ ਤੂੰ ਤੇ ਮੈਨੂੰ ਛਾਲੇ ਪੁਆ ਗਿਆ ਸੈਂ।
ਲਤੀਫ਼ੇ ਨੂੰ ਬਿਆਨ ਕਰਨ ਦਾ ਢੰਗ ਬੜੀ ਅਹਿਮੀਅਤ ਰੱਖਦੈ, ਜੇ ਲਤੀਫ਼ੇ ਨੂੰ ਚੰਗੇ ਢੰਗ ਨਾਲ ਨਾ ਸੁਣਾਓ ਤਾਂ ਲਤੀਫ਼ਾ ਬੇ-ਜਾਨ ਹੋ ਜਾਂਦੈ ਪਰ ਜੇ ਲਤੀਫ਼ਾ ਸੁਣਾਨ ਵਾਲੇ ਦੀ ਪੇਸ਼ਕਾਰੀ ਵਧੀਐ ਤਾਂ ਮਾੜਾ ਲਤੀਫ਼ਾ ਵੀ ਹੱਸਣ ‘ਤੇ ਮਜਬੂਰ ਕਰ ਦੇਂਦੈ।

ਹੁਣ : ਤੁਹਾਡੀਆਂ ਅਦਬੀ ਅਵਾਰਾ ਗਰਦੀਆਂ ਦੇ ਵੀ ਕਈ ਕਿਸੇ ਸੁਣੀਂਦੇ ਨੇ। ਕੋਈ ਦਿਲਚਸਪ ਕਿੱਸਾ ‘ਹੁਣ’ ਦੇ ਪਾਠਕਾਂ ਨਾਲ ਵੀ ਸਾਂਝਾ ਕਰੋ।
ਖ਼ਾਲਿਦ : ਹਾ… ਹਾ… ਅਵਾਰਾ ਗਰਦੀਆਂ, ਬਹੁਤ ਕੀਤੀਆਂ ਨੇ ਮੈਂ। ਚਾਲੀ ਵਰ੍ਹਿਆਂ ਦਾ ਹੋ ਚੁੱਕੈ ਮੇਰਾ ਸਾਹਿਤਕ ਸਫ਼ਰ। ਸਾਹਿਤਕ ਮਿੱਤਰਾਂ ਨਾਲ ਬਹੁਤ ਵੇਰਾਂ ਅਵਾਰਾਪਣ ਹੰਢਾਇਆ। ਤੁਸੀਂ ਸਮਝ ਈ ਸਕਦੇ ਓ। ਅਜਿਹੇ ਦਿਨਾਂ ਦੀਆਂ ਯਾਦਾਂ ਬੰਦੇ ਨੂੰ ਕੁਤਕਤਾਰੀਆਂ ਕਰਦੀਆਂ ਨੇ ਤੇ ਬਦੋਬਦੀ ਹਾਸਾ ਨਿਕਲ ਜਾਂਦੈ। ਕਿੱਸਾ ਸੁਣਾਉਣਾ ਤੁਹਾਨੂੰ ਮੈਂ। 1981 ਦੀ ਗੱਲ ਐ ਜਦ ਮੈਂ ਅਰਨਾਸ ਬਲਾਕ (ਜ਼ਿਲ੍ਹਾ ਰਿਆਸੀ) ਵਿਚ ਬਲਾਕ ਡਿਵੈਲਪਮੈਂਟ ਅਫ਼ਸਰ ਹੁੰਦਾ ਸਾਂ। ਉਥੇ ਮੇਰੇ ਕੋਲ ਡਾ. ਜੋਗਿੰਦਰ ਕੈਰੋਂ, ਮੁਖਤਿਆਰ ਗਿੱਲ, ਪਰਮਿੰਦਰਜੀਤ, ਦਲਬੀਰ ਚੇਤਨ ਤੇ ਗੁਲ ਚੌਹਾਨ ਅਦਬੀ ਅਵਾਰਾਗਰਦੀ ਦਾ ਮਜ਼ਾ ਲੈਣ ਲਈ ਆ ਗਏ। ਦਲਬੀਰ ਚੇਤਨ ਦੀ ਕਾਰ ਵਿਚ ਇਹ ਜੁੰਡਲੀ ਸਾਜੋ ਸਾਮਾਨ ਨਾਲ ਲੈੱਸ ਸੀ। ਮਤਲਬ ਇਹ ਕਿ ਦਾਰੂ ਦੇ ਦੋ ਕਰੇਟ, ਸੋਡੇ ਦੀਆਂ ਬੋਤਲਾਂ ਦੇ ਚਾਰ ਕਰੇਟ ਅਤੇ ਨਮਕੀਨ ਦੇ ਕਈ ਲਿਫ਼ਾਫੇ ਨਾਲ ਲਿਆਂਦੇ ਸਨ। ਇਹ ਪੰਜਾਬੀ ਪੁੱਤ, ਖਾਣ ਪੀਣ ਤੇ ਪਚਾਣ ਵਿਚ ਤਕੜੇ ਸਨ। ਸ਼ਾਇਦ ਇਨ੍ਹਾਂ ਨੂੰ ਵੇਖ ਕੇ ਹੀ ਕਿਸੇ ਗਿਆਨੀ ਨੇ ਇਹ ਅਖਾਣ ਘੜਿਆ ਹੋਵੇ ਕਿ ”ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ।” ਮੇਰੇ ਦੋ ਚਪੜਾਸੀ ਸਵੇਰ ਦਾ ਨਾਸ਼ਤਾ ਤਿਆਰ ਕਰਦੇ, ਦੁਪਹਿਰ ਦਾ ਖਾਣਾ ਬਣਾਉਂਦੇ, ਪੰਜ ਵਜੇ ਮੁੜ ਚਾਹ ਪਰੌਂਠੀਆਂ ਖਾਧੀਆਂ ਜਾਂਦੀਆਂ। ਦਾਰੂ ਦੀ ਮਹਿਫ਼ਲ ਦਿਨੇ ਚਨਾਬ ਦਰਿਆ ਦੇ ਕੰਡੇ ਸਜਦੀ ਤੇ ਰਾਤੀਂ ਮੇਰੇ ਸਰਕਾਰੀ ਕਵਾਟਰ ‘ਤੇ। ਇਹ ਮਿੱਤਰ ਮੇਰੇ ਕੋਲ ਦਸ ਦਿਨ ਰਹੇ। ਇਨ੍ਹਾਂ ਦਸਾਂ ਦਿਨਾਂ ਵਿਚ ਪੰਜਾਬੋਂ ਲਿਆਂਦੀ ਗਈ ਸਾਰੀ ਸ਼ਰਾਬ ਖ਼ਤਮ ਹੋ ਗਈ। ਪਿੰਡ ਵਿਚ ਨਿਕਲਣ ਵਾਲੀ ਸਾਰੀ ਦੇਸੀ ਦਾਰੂ ਮੁੱਕ ਗਈ ਅਤੇ ਫੇਰ ਵਾਰੀ ਗਵਾਂਢ ਦੇ ਪਿੰਡਾਂ ਵਿਚੋਂ ਖਰੀਦਣ ਦੀ ਆ ਗਈ। ਦੋ ਗ੍ਰਾਮ ਸੇਵਕ ਇਸੇ ‘ਨੇਕ’ ਕੰਮ ਲਈ ਪਹਾੜਾਂ ‘ਤੇ ਚੜ੍ਹਦੇ ਤੇ ਉਤਰਦੇ ਰਹਿੰਦੇ। ਅੰਡੇ ਮੁੱਕ ਗਏ, ਮੁਰਗੇ ਖ਼ਤਮ ਹੋ ਗਏ ਤੇ ਚਨਾਬ ਦਰਿਆ ਦੀਆਂ ਮੱਛੀਆਂ ਨੱਸ ਭੱਜ ਗਈਆਂ। ਸਾਰੇ ਅਰਨਾਸ ਵਿਚ ਪੰਜਾਬੀ ਪੱਠਿਆਂ ਦੀਆਂ ਧੂੰਮਾਂ ਪੈ ਗਈਆਂ। ਰਾਤ ਨੂੰ ਲਤੀਫ਼ੇਬਾਜ਼ੀ ਹੁੰਦੀ। ਗਾਲ੍ਹਾਂ ਦੇ ਬਟੇਰ ਲੜਾਏ ਜਾਂਦੇ ਅਤੇ ਜਦ ਤਕ ਹੋਸ਼ ਵਿਚ ਰਹਿੰਦੇ ਕਹਾਣੀਆਂ ਪੜ੍ਹੀਆਂ ਜਾਂਦੀਆਂ। ਉਨ੍ਹਾਂ ‘ਤੇ ਗੱਲਬਾਤ ਹੁੰਦੀ। ਕੈਰੋਂ ਵਰਗੇ ਸੂਝਵਾਨ ਆਲੋਚਨਾਤਮਕ ਅਧਿਐਨ ਕਰਦੇ ਤੇ ਇੰਜ ਮੌਜ ਮੇਲਾ ਲੱਗਿਆ ਰਹਿੰਦਾ। ਇਨ੍ਹਾਂ ਮਿੱਤਰਾਂ ਦੇ ਅਰਨਾਸ ਵਿਚ ਅਪਣੇ ਮੁਬਾਰਕ ਕਦਮ ਪਾਉਣ ਤੋਂ ਪਹਿਲਾਂ ਮੈਂ ਅਪਣੇ ਇਕ ਮੁਲਾਜ਼ਮ ਨੂੰ ਕਿਸੇ ਕੁੜੀ ਨੂੰ ਛੇੜਣ ਦੇ ਜੁਰਮ ਵਿਚ ਮੁਅੱਤਲ ਕੀਤਾ ਹੋਇਆ ਸੀ। ਜਦੋਂ ਇਹ ਪੰਜਾਬੀ ਮਿੱਤਰ ਮੇਰੇ ਕੋਲ ਤਸ਼ਰੀਫ਼ ਲਿਆਏ ਤਾਂ ਮੇਰੇ ਨੌਕਰ ਦਾ ਹੱਥ ਵਟਾਉਣ ਲਈ ਉਹ ਸਸਪੈਂਡ ਕੀਤਾ ਗਿਆ ਮੁਲਾਜ਼ਮ ਵੀ ਕੁਆਰਟਰ ਵਿਚ ਆਉਣ-ਜਾਣ ਲੱਗਾ। ਉਸ ਦਾ ਨਾਂਅ ਪੁਸ਼ਕਰ ਨਾਥ ਕੌਲ ਸੀ ਅਤੇ ਉਹ ਕਸ਼ਮੀਰੀ ਪੰਡਤ ਸੀ। ਸਵੇਰੇ ਨਾਸ਼ਤੇ ਵੇਲੇ ਉਹ ਨਾਸ਼ਤਾ ਪੇਸ਼ ਕਰਦਾ, ਦੁਪਹਿਰ ਵੇਲੇ ਅਤੇ ਸ਼ਾਮ ਨੂੰ ਵੀ ਉਹ ਇਨ੍ਹਾਂ ਮਿੱਤਰਾਂ ਦੇ ਅੱਗੇ ਪਿਛੇ ਨੱਚਦਾ ਰਹਿੰਦਾ। ਇਕ ਰਾਤ ਨੂੰ ਜੋਗਿੰਦਰ ਕੈਰੋਂ ਦਾਰੂ ਪੀ ਕੇ ਮੈਨੂੰ ਕਹਿਣ ਲੱਗਾ ਕਿ ਇਸ ਕਸ਼ਮੀਰੀ ਬ੍ਰਾਹਮਣ ਨੂੰ ਮੁੜ ਨੌਕਰੀ ‘ਤੇ ਬਹਾਲ ਕਰ ਪਰ ਮੈਂ ਗੱਲ ਨੂੰ ਟਾਲ ਛੱਡਿਆ ਪਰ ਸਵੇਰੇ ਮੁੜ ਨਾਸ਼ਤੇ ‘ਤੇ ਜੋਗਿੰਦਰ ਕੈਰੋਂ ਮੈਨੂੰ ਉਸ ਪੰਡਤ ਨੂੰ ਬਹਾਲ ਕਰਨ ਲਈ ਕਹਿਣ ਲੱਗਾ। ਜਦ ਮੈਂ ਕਿਹਾ ਕਿ ਇਹ ਮੇਰਾ ਇੰਤਜ਼ਾਮੀ ਮਾਮਲੈ ਤੇ ਤੁਸੀਂ ਇਸ ਵਿਚ ਦਖ਼ਲ ਨਾ ਦਿਉ। ਖਾਓ, ਪੀਓ ਤੇ ਮੌਜ ਕਰੋ ਪਰ ਉਸ ਵੇਲੇ ਜੋਗਿੰਦਰ ਕੈਰੋਂ ਗੁੱਸੇ ਵਿਚ ਸਾਰਿਆਂ ਨੂੰ ਕਹਿਣ ਲੱਗਾ ਕਿ ਉਠੋ ਤੇ ਚੱਲੋ। ਅਸਾਂ ਇਸ ਮੁਸਲੇ ਕੋਲ ਨਹੀਂ ਰਹਿਣਾ ਕਿਉਂ ਜੇ ਇਹ ਸਾਡੀ ਗੱਲ ਨਹੀਂ ਮੰਨ ਰਿਹਾ। ਇਸ ਨੂੰ ਪਤਾ ਹੋਣਾ ਚਾਹੀਦੈ ਕਿ ਸਾਡੇ ਗੁਰੂਆਂ ਨੇ ਇਨ੍ਹਾਂ ਪੰਡਤਾਂ ਲਈ ਅਪਣੇ ਸੀਸ ਕਟਾਏ ਤੇ ਅਸੀਂ ਇਸ ਪੰਡਤ ਨੂੰ ਬਹਾਲ ਨਹੀਂ ਕਰਾ ਸਕਦੇ। ਬੜੀ ਮੁਸ਼ਕਲ ਨਾਲ ਮੈਂ ਕੈਰੋਂ ਨੂੰ ਠੰਢਿਆਂ ਕੀਤਾ ਤੇ ਉਸ ਪੰਡਤ ਦੀ ਬਹਾਲੀ ਦਾ ਆਰਡਰ ਕੱਢਿਆ।
ਇੰਜ ਹੀ ਇਕ ਦਿਨ ਅਸੀਂ ਚਨਾਬ ਦੇ ਕਿਨਾਰੇ ਬਹਿ ਕੇ ਦਾਰੂ ਪੀ ਰਹੇ ਸਾਂ ਕਿ ਮੁਖਤਿਆਰ ਗਿੱਲ ਮੈਨੂੰ ਪੁੱਛਣ ਲੱਗਾ ਕਿ ਮਹੀਂਵਾਲ ਦੀ ਸੋਹਣੀ ਇਸੇ ਦਰਿਆ ਨੂੰ ਤਰ ਕੇ ਅਪਣੇ ਇਸ਼ਕ ਨੂੰ ਮਿਲਣ ਜਾਂਦੀ ਸੀ? ਜਦ ਮੈਂ ਹਾਂ ਵਿਚ ਸਿਰ ਹਿਲਾਇਆ ਤਾਂ ਉਸ ਨੇ ਅਪਣੇ ਕਪੜੇ ਖੋਲ੍ਹੇ, ਦਾਰੂ ਦਾ ਇਕ ਪੈੱਗ ਹੋਰ ਲਾਇਆ ਤੇ ਚਨਾਬ ਵਿਚ ਛਾਲ ਕੱਢ ਮਾਰੀ। ਠੰਢੇ ਯਖ਼ ਪਾਣੀ ਨਾਲ ਉਸ ਦਾ ਸਾਰਾ ਸਰੀਰ ਨੀਲਾ ਪੈ ਗਿਆ ਤੇ ਡੁੱਬਣ ਲੱਗਾ। ਮੇਰੇ ਚਪੜਾਸੀ ਤੇ ਨੌਕਰ ਨੇ ਦਰਿਆ ਵਿਚ ਛਾਲਾਂ ਮਾਰੀਆਂ ਤੇ ਮੁਖਤਿਆਰ ਗਿੱਲ ਨੂੰ ਬਾਹਰ ਕੱਢਿਆ। ਠੰਢ ਨਾਲ ਮੁਖਤਿਆਰ ਕੰਬ ਰਿਹਾ ਸੀ, ਉਸ ਨੂੰ ਕੰਬਲ ਵਿਚ ਲਪੇਟਿਆ ਤੇ ਮੇਰਾ ਚਪੜਾਸੀ ਤੇਲ ਨਾਲ ਉਸ ਦੇ ਪੈਰ ਝੱਸਣ ਲੱਗਾ। ਕੁਝ ਚਿਰ ਮਗਰੋਂ ਜਦ ਉਹ ਸੁਰਤ ਵਿਚ ਆਇਆ ਤੇ ਕਹਿਣ ਲੱਗਾ, ”ਸੋਹਣੀ ਦੀ ਮਾਂ ਦੀ… ।” ਦਸਾਂ ਦਿਨਾਂ ਮਗਰੋਂ ਇਹ ਟੋਲੀ ਵਾਪਸ ਗਈ ਪਰ 32 ਵਰ੍ਹੇ ਬੀਤਣ ਦੇ ਬਾਵਜੂਦ ਮੈਨੂੰ ਇਸ ਅਦਬੀ ਅਵਾਰਾਗਰਦੀ ਦਾ ਕਿੱਸਾ ਤਾਜ਼ਾ ਲਗਦੈ।
ਆਰ-ਪਰਿਵਾਰ
ਹੁਣ : ਚਲੋ ਹੁਣ ਕੁਝ ਗੱਲਾਂ ਤਹਾਡੇ ਆਰ-ਪਰਿਵਾਰ ਬਾਰੇ ਕਰਦੇ ਆਂ। ਆਪਣੇ ਵੱਡ-ਵੱਡੇਰਿਆਂ ਬਾਰੇ ਦੱਸੋ।
ਖ਼ਾਲਿਦ : ਉਂਜ ਤਾਂ ਅਸੀਂ ਨਸਲੋਂ ਕਸ਼ਮੀਰੀ ਪੰਡਤ ਆਂ ਪਰ ਪਿਛਲੇ ਡੇਢ ਸੌ ਸਾਲਾਂ ਤੋਂ ਜੰਮੂ ਪ੍ਰਾਂਤ ਦੀ ਤਹਿਸੀਲ ਰਾਮ ਨਗਰ ਵਿਚ ਰਹਿ ਰਹੇ ਸਾਂ। ਸਾਡਾ ਦਾਦਾ ਰਾਮ ਨਗਰ ਤੋਂ ਉਧਮਪੁਰ ਜਾ ਵਸਿਆ ਤੇ ਉਥੇ ਹੀ ਉਸ ਨੇ ਅਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਤੇ ਰੁਜ਼ਗਾਰ ਦੇ ਕਾਬਲ ਬਣਾਇਆ। ਪਿਤਾ ਜੀ ਸਕੂਲ ਟੀਚਰ ਸਨ ਤੇ ਮੇਰਾ ਇਕ ਚਾਚਾ ਤੇ ਫੂਫੀ ਵੀ ਅਧਿਆਪਕ ਸਨ। ਸਾਡਾ ਸਾਰਾ ਖਾਨਦਾਨ 1947 ਦੀ ਵੱਢਟੁਕ ਵਿਚ ਮਾਰਿਆ ਗਿਆ। ਮੇਰੀ ਉਮਰ ਉਸ ਵੇਲੇ ਢਾਈ ਸਾਲ ਦੀ ਸੀ। ਮਾਂ ਨੇ ਬੜੀਆਂ ਮੁਸੀਬਤਾਂ ਨਾਲ ਸਾਨੂੰ ਪਾਲਿਆ ਤੇ ਪੜ੍ਹਾਇਆ ਲਿਖਾਇਆ। ਸਾਡੇ ਲਕੜ ਦਾਦੇ ਦੇ ਪਿਓ ਦਾ ਨਾਂ ਦਮੋਦਰ ਕੌਲ ਸੀ ਤੇ ਉਹ ਕਸ਼ਮੀਰ ਦੇ ਕੁਲਗਾਮ ਇਲਾਕੇ ਤੋਂ ਪਲਾਇਨ ਕਰ ਕੇ ਲਾਹੌਰ ਜਾ ਵਸਿਆ ਸੀ। ਉਸ ਦਾ ਪੁੱਤਰ ਸਾਡਾ ਲਕੜ ਦਾਦਾ ਲਾਹੌਰ ਤੋਂ ਰਾਮਨਗਰ ਆ ਗਏ ਸਨ। ਉਨ੍ਹਾਂ ਰਾਮ ਨਗਰ ਵਿਚ ਹੀ ਵਿਆਹ ਕਰਵਾਇਆ ਤੇ ਉਨ੍ਹਾਂ ਦਾ ਪੁੱਤਰ ਅਲੀ ਮੁਹੰਮਦ ਸ਼ੇਖ ਮੇਰਾ ਪੜਦਾਦਾ ਸੀ ਤੇ ਰੱਬ ਦੀ ਮਿਹਰ ਨਾਲ ਦਮੋਦਰ ਕੌਲ ਦੀ ਨਸਲ ਦੀ ਸੱਤਵੀਂ ਪੀੜ੍ਹੀ ਚਲ ਰਹੀ ਹੈ ਤੇ ਮੇਰਾ ਪੋਤਰਾ ਖ਼ੈਰ ਨਾਲ ਅੱਠਵੀਂ ਪੀੜ੍ਹੀ ਦੀ ਨੁਮਾਇੰਦਗੀ ਕਰ ਰਿਹੈ। 1947 ਦੀ ਵੱਢਟੁੱਕ ਵਿਚ ਜੇ ਮੈਂ ਮਾਰਿਆ ਜਾਂਦਾ ਤਾਂ ਇਹ ਨਸਲ ਛੇਵੀਂ ਪੀੜ੍ਹੀ ‘ਤੇ ਖ਼ਤਮ ਹੋ ਜਾਣੀ ਸੀ ਪਰ ‘ਜਾ ਕਉ ਰਾਖੇ ਸਾਈਆਂ ਮਾਰ ਸਕੇ ਨਾ ਕੋਏ’। 1947 ਵਿਚ ਸਾਡੇ ਨਾਲ ਵੀ ਉਹੋ ਕੁਝ ਹੋਇਆ ਜੋ ਪੰਜਾਬ, ਬੰਗਾਲ, ਅਸਾਮ, ਗੁਜਰਾਤ, ਉਤਰ ਪ੍ਰਦੇਸ਼ ਤੇ ਹੋਰ ਦੂਜੇ ਸੂਬਿਆਂ ਵਿਚ ਹੋਇਆ।

ਖ਼ਾਲਿਦ ਦੇ ਮਾਤਾ ਬਤੂਲ ਬੇਗ਼ਮ

ਹੁਣ : ਚੇਤਿਆਂ ਵਿਚ ਵਸੀ ਮਾਂ ਦੀ ਤਸਵੀਰਕਸ਼ੀ ਹੋ ਜਾਵੇ। ਕੀ ਦੁੱਖ ਝੱਲੇ ਮਾਂ ਨੇ। ਹਾਲੇ ਵੀ ਉਠਦੀ ਹੋਵੇਗੀ ਟੀਸ?
ਖ਼ਾਲਿਦ : ਮੇਰੀ ਮਾਂ ਬਤੂਲ ਬੇਗ਼ਮ ਪਿੰਡ ਡੁੱਡੂ ਦੀ ਰਹਿਣ ਵਾਲੀ ਸੀ। ਇਹ ਪਿੰਡ ਤਹਿਸੀਲ ਰਾਮ ਨਗਰ ਦਾ ਹੀ ਹਿੱਸਾ ਸੀ। ਮੇਰੇ ਨਾਨੇ ਦਾ ਨਾਂ ਸਾਹਿਬਦੀਨ ਭੱਟ ਸੀ ਤੇ ਉਹ ਵੀ ਜੱਦੀ-ਪੁਸ਼ਤੀ ਕਸ਼ਮੀਰੀ ਸੀ। ਮਾਂ ਦਾ ਵਿਆਹ 15 ਸਾਲ ਦੀ ਉਮਰ ਵਿਚ ਸ਼ੇਖ ਗੁਲਾਮ ਹੁਸੈਨ ਨਾਲ ਹੋਇਆ ਤੇ ਇੰਜ ਉਹ ਉਧਮਪੁਰ ਵਿਚ ਅਪਣੇ ਪਤੀ ਦੇ ਘਰ ਆ ਗਈ। ਉਸ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿਚੋਂ ਦੋ 1947 ਦੀ ਭੇਟ ਚੜ੍ਹ ਗਏ। ਮੇਰੀ ਮਾਂ ਨੇ ਅਪਣਿਆਂ ਬੱਚਿਆਂ ਨੂੰ ਤੱਤੀ ‘ਵਾ ਨੀਂ ਲੱਗਣ ਦਿੱਤੀ। ਉਹ ਸ਼ੇਰਨੀ ਵਾਂਗ ਅਪਣੇ ਬੱਚਿਆਂ ਦੀ ਹਿਫ਼ਾਜ਼ਤ ਕਰਦੀ ਰਹੀ। ਅਨਪੜ੍ਹ ਹੋਣ ਦੇ ਬਾਵਜੂਦ ਉਸ ਨੇ ਅਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਤੇ ਸਰਕਾਰੀ ਮੁਲਾਜ਼ਮ ਬਣਾਇਆ। ਉਸ ਨੇ ਬੜੀਆਂ ਮੁਸੀਬਤਾਂ ਤੇ ਔਖਿਆਈਆਂ ਬਰਦਾਸ਼ਤ ਕੀਤੀਆਂ।
ਬਚਪਨ ਵਿਚ ਉਹ ਮੇਰੀਆਂ ਸ਼ਰਾਰਤਾਂ ਤੋਂ ਬੜੀ ਦੁਖੀ ਹੋਇਆ ਕਰਦੀ ਸੀ ਤੇ ਅਕਸਰ ਮੇਰੀ ਛਤਰੌਲ ਕਰਿਆ ਕਰਦੀ ਪਰ ਕੀ ਮਜ਼ਾਲ ਕਿ ਕੋਈ ਦੂਜਾ ਬੰਦਾ ਮੈਨੂੰ ਹੱਥ ਵੀ ਲਾਏ। ਉਹ ਮੇਰੇ ਲਈ ਸ਼ਿਕਾਇਤਾਂ ਕਰਨ ਵਾਲਿਆਂ ਨਾਲ ਲੜ ਪਿਆ ਕਰਦੀ। ਜਦੋਂ ਮੈਂ ਅੱਠਵੀਂ ਪਾਸ ਕੀਤੀ ਤਾਂ ਮਾਂ ਨੇ ਮੈਨੂੰ ਕੁੱਛੜ ਵਿਚ ਬਿਠਾ ਕੇ ਬੜਾ ਪਿਆਰ ਕੀਤਾ ਤੇ ਕਿਹਾ ਕਿ ਜਦ ਤੂੁੰ ਦਸਵੀਂ ਪਾਸ ਕਰੇਂਗਾ ਤਾਂ ਮੈਂ ਤੈਨੂੰ ਸਾਈਕਲ ਲੈ ਕੇ ਦੇਵਾਂਗੀ ਪਰ ਮੈਂ ਉਸ ਨੂੰ ਕਿਹਾ ਸੀ ਕਿ ਮੈਨੂੰ ਸਾਈਕਲ ਨਹੀਂ ਚਾਹੀਦੀ, ਬਸ ਤੂੰ ਮੇਰਾ ਵਿਆਹ ਗੁੱਡੋ ਨਾਲ ਕਰਵਾ ਦੇਈਂ। ਮੇਰੀ ਮਾਂ ਨੇ ਇਹ ਗੱਲ ਚੇਤੇ ਰੱਖੀ ਤੇ ਜਦ ਮੈਂ ਸਰਕਾਰੀ ਮੁਲਾਜ਼ਮ ਬਣ ਗਿਆ ਤਾਂ ਉਸ ਨੇ ਮੇਰਾ ਵਿਆਹ ਗੁੱਡੋ ਨਾਲ ਹੀ ਕਰਾ ਦਿੱਤਾ। ਜਿਸ ਦਾ ਅਸਲੀ ਨਾਂ ਨਸੀਮ ਫਿਰਦੋਸ ਏ, ਜਿਹੜੀ ਅੱਜ ਪੋਤਰਿਆਂ ਤੇ ਦੋਹਤਰਿਆਂ ਵਾਲੀ ਹੋ ਗਈ ਐ। ਮੇਰੀ ਮਾਂ ਜਦ ਤਕ ਜ਼ਿੰਦਾ ਰਹੀ ਉਸ ਨੂੰ 1947 ਦੇ ਘੱਲੂਘਾਰੇ ਦੀ ਟੀਸ ਉਠਦੀ ਰਹਿੰਦੀ। ਉਹ ਸਾਨੂੰ ਰੋ-ਰੋ ਕੇ ਸਾਰੀਆਂ ਕਹਾਣੀਆਂ ਸੁਣਾਉਂਦੀ ਜਿਨ੍ਹਾਂ ਵਿਚੋਂ ਲੰਘ ਕੇ ਉਸ ਨੇ ਸਾਡੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਸੰਘਰਸ਼ ਕੀਤਾ ਸੀ। ਮੇਰੀ ਮਾਂ ਬੜੀ ਖ਼ੂਬਸੂਰਤ ਤੇ ਗੋਰੀ ਚਿੱਟੀ ਸੁਆਣੀ ਸੀ ਪਰ ਉਸ ਦਾ ਵਖ਼ਤ ਖ਼ੂਬਸੂਰਤ ਨਹੀਂ ਸੀ। ਉਹ ਨਾ ਗ਼ਲਤ ਗੱਲ ਸੁਣਦੀ ਨਾ ਹੀ ਉਹ ਗ਼ਲਤ ਗੱਲ ਬਰਦਾਸ਼ਤ ਕਰਿਆ ਕਰਦੀ ਸੀ, ਨਾ ਹੀ ਕਿਸੇ ਨਾਲ ਮਾੜਾ ਬੋਲਿਆ ਕਰਦੀ ਸੀ। ਉਹ ਪੂਜਾ ਪਾਠੀ ਔਰਤ ਸੀ ਤੇ ਪੰਜ ਵੇਲੇ ਦੀ ਨਮਾਜ਼ ਪੜ੍ਹਦੀ ਤੇ ਕੁਰਆਨ ਦੀ ਤਲਾਵਤ ਕਰਦੀ ਰਹਿੰਦੀ। ਧਰਮ ਪ੍ਰਤੀ ਮੇਰੀ ਸੋਚ ਨੂੰ ਉਹ ਕਦੇ ਕਬੂਲਣ ਲਈ ਤਿਆਰ ਨਹੀਂ ਹੋਈ। ਉਸ ਦੀ ਨਜ਼ਰ ਵਿਚ ਮੈਂ ਕਾਫ਼ਰ ਸਾਂ ਜਿਹੜਾ ਮਜ਼੍ਹਬ ਦੀ ਨਾਫਰਮਾਨੀ ਕਰਦਾ ਸੀ ਤੇ ਮੁਲਾਣਿਆਂ ਨੂੰ ਨਿੰਦਦਾ ਸੀ। ਉਹ ਮੈਨੂੰ ਜਹੁੱਨੁਮੀ ਸਮਝਦੀ ਸੀ ਤੇ ਰੱਬ ਅੱਗੇ ਦੁਆ ਮੰਗਦੀ ਕਿ ਉਹ ਮੇਰੇ ਗੁਨਾਹ ਮੁਆਫ਼ ਕਰ ਦੇਵੇ। ਇਸ ਸਭ ਦੇ ਬਾਵਜੂਦ ਮੈਂ ਉਸ ਦੇ ਦਿਲ ਦਾ ਟੁਕੜਾ ਸਾਂ ਤੇ ਉਹ ਮੈਨੂੰ ਬੜਾ ਪਿਆਰ ਕਰਿਆ ਕਰਦੀ ਸੀ। ਅਪਣੀ ਪੂਰੀ ਜ਼ਿੰਦਗੀ ਵਿਚ ਮੇਰੀ ਮਾਂ ਮੇਰੇ ਲਈ ਠੰਢੀ ਛਾਂ ਰਹੀ। ਅੱਲਾ ਸਾਈਂ ਉਸ ਨੂੰ ਸਵਰਗ ਵਿੱਚ ਨਿਵਾਸ ਬਖ਼ਸ਼ੇ।

ਹੁਣ : ਮਤਰੇਏ ਭੈਣ-ਭਰਾਵਾਂ ਨਾਲ ਕਿਹੋ ਜਿਹਾ ਰਿਸ਼ਤਾ ਰਿਹਾ?
ਖ਼ਾਲਿਦ : ਬਹੁਤ ਚੰਗਾ ਰਿਸ਼ਤਾ ਰਿਹਾ। ਮੇਰੀ ਨਿੱਕੀ ਭੈਣ ਮੈਥੋਂ ਦਸ ਸਾਲ ਛੋਟੀ ਏ ਅਤੇ ਨਿੱਕਾ ਭਰਾ ਬਾਰ੍ਹਾਂ ਸਾਲ ਛੋਟਾ ਏ। ਇਨ੍ਹਾਂ ਦੋਵਾਂ ਨੂੰ ਮੈਂ ਪੜ੍ਹਾਇਆ ਲਿਖਾਇਆ ਤੇ ਰੁਜ਼ਗਾਰ ਦੇ ਕਾਬਲ ਬਣਾਇਆ ਤੇ ਦੋਵਾਂ ਦੀਆਂ ਸ਼ਾਦੀਆਂ ਕਰਵਾਈਆਂ। ਨਿੱਕੀ ਭੈਣ ਦੇ ਚਾਰ ਬੱਚੇ ਨੇ, ਦੋਵੇਂ ਕੁੜੀਆਂ ਵਿਆਹ ਦਿੱਤੀਆਂ ਨੇ ਅਤੇ ਮੁੰਡਿਆਂ ਲਈ ਰਿਸ਼ਤੇ ਲੱਭ ਲਏ ਗਏ ਨੇ। ਛੋਟਾ ਭਰਾ ਪੁਲੀਸ ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਐ। ਉਸ ਦੇ ਦੋ ਬੱਚੇ ਨੇ ਇਕ ਲੜਕਾ ਇਕ ਲੜਕੀ। ਦੋਵਾਂ ਦੀ ਸ਼ਾਦੀ ਹੋ ਚੁੱਕੀ ਐ। ਇਨ੍ਹਾਂ ਦੋਵਾਂ ਭੈਣ-ਭਰਾਵਾਂ ਨੂੰ ਅਪਣੇ ਪੈਰਾਂ ‘ਤੇ ਖੜਾ ਹੋਣ ਵਿਚ ਮੈਂ ਰੱਜ ਕੇ ਮੱਦਦ ਕੀਤੀ ਐ। ਭੈਣ ਨੂੰ ਮਕਾਨ ਬਣਾ ਕੇ ਦਿੱਤਾ ਤੇ ਭਰਾ ਨੂੰ ਸਰਕਾਰੀ ਪਲਾਟ ਲੈ ਕੇ ਦਿੱਤਾ ਤੇ ਮਕਾਨ ਦੀ ਉਸਾਰੀ ਲਈ ਮਾਇਕ ਸਹਾਇਤਾ ਵੀ ਦਿੱਤੀ। ਅੱਜ ਦੋਵੇਂ ਅਪਣਿਆਂ ਬੱਚਿਆਂ ਨਾਲ ਸੁਖੀ ਜੀਵਨ ਗੁਜ਼ਾਰ ਰਹੇ ਨੇ। ਮੈਂ ਉਨ੍ਹਾਂ ‘ਤੇ ਕੋਈ ਅਹਿਸਾਨ ਨਹੀਂ ਕੀਤਾ, ਸਗੋਂ ਫ਼ਰਜ਼ ਸਮਝ ਕੇ ਅਪਣੀ ਜ਼ਿੰਮੇਦਾਰੀ ਨਿਭਾਈ, ਕਿਉਂ ਜੇ ਇਹ ਦੋਵੇਂ ਮੇਰੀ ਮਾਂ ਜਾਏ ਨੇ।
ਜਵਾਨੀ ਤੇ ਖਰਮਸਤੀਆਂ
ਹੁਣ : ਕਿਹੋ ਜਿਹੀਆਂ ਸਨ ਬਚਪਨ ਦੀਆਂ ਸ਼ਰਾਰਤਾਂ, ਨਾਦਾਨੀਆਂ ਤੇ ਬੇਵਕੂਫ਼ੀਆਂ? ਕੁਝ ਕਿੱਸੇ ਸਾਂਝੇ ਕਰੋ।
ਖ਼ਾਲਿਦ : ਕੁਝ ਨਾ ਪੁੱਛੋ। ਮੇਰਾ ਬਚਪਨ ਉਂਜ ਤਾਂ ਗ਼ਰੀਬੀ, ਮਸਕੀਨੀ ਤੇ ਥੁੜ੍ਹਾਂ ਵਿਚ ਗੁਜ਼ਰਿਆ ਪਰ ਤਬੀਅਤ ਵਿਚ ਬੇ-ਫ਼ਿਕਰੀ, ਨਾਦਾਨੀ ਤੇ ਸ਼ਰਾਰਤਾਂ ਕੁਟ-ਕੁਟ ਕੇ ਭਰੀਆਂ ਸਨ। ਅੱਧੀ ਅੱਧੀ ਰਾਤ ਤੀਕਰ ਖੇਡਦੇ ਰਹਿਣਾ, ਲੜਾਈਆਂ ਕਰਨਾ ਤੇ ਫ਼ਿਲਮਾਂ ਵੇਖਣਾ ਮੇਰਾ ਮਨਪਸੰਦ ਸ਼ੁਗਲ ਹੋਇਆ ਕਰਦਾ ਸੀ। ਜੰਮੂ ਵਿਚ ਸਾਡੇ ਘਰ ਦੇ ਕੋਲ ਇਕ ਬੁੱਢਾ ਦੁਕਾਨਦਾਰ ਰਾਤੀਂ ਦੁਕਾਨ ਦੇ ਬਾਹਰ ਮੰਜਾ ਡਾਹ ਕੇ ਸੌਂ ਜਾਂਦਾ। ਅਸੀਂ ਕੁਝ ਦੋਸਤਾਂ ਚੁੱਪ ਚੁਪੀਤੇ ਮੰਜੇ ਨੂੰ ਚੁੱਕਣਾ ਤੇ ਅੱਧੇ ਕਿਲੋਮੀਟਰ ਦੂਰ ਜਾ ਕੇ ਛੱਡ ਆਉਣਾ। ਜਦ ਬੁੱਢੇ ਨੇ ਉਠਣਾ ਤੇ ਆਪਣੇ ਆਪ ਨੂੰ ਕਿਸੇ ਹੋਰ ਥਾਂ ‘ਤੇ ਦੇਖਣਾ ਤਾਂ ਸਾਨੂੰ ਖ਼ੂਬ ਗਾਲ੍ਹਾਂ ਕੱਢਣੀਆਂ ਤੇ ਅਸਾਂ ਅੱਗੋਂ ਹੱਸਣਾ। ਮਹਾਰਾਜਾ ਹਰੀ ਸਿੰਘ ਦੇ ਪੈਲਸ ਲਾਗੇ ਮਾਲਟੇ, ਸੰਤਰੇ ਤੇ ਅੰਬਾਂ ਦੇ ਬਾਗ਼ ਵਿਚ ਜਾਣਾ ਤੇ ਮਾਲਟੇ ਚੋਰੀ ਕਰਨੇ। ਇਕ ਦਿਨ ਅਸੀਂ ਮਾਲਟੇ ਚੋਰੀ ਕਰ ਰਹੇ ਸਾਂ ਕਿ ਦੋ ਮਾਲੀ ਸਾਨੂੰ ਫੜਨ ਲਈ ਆਏ, ਅਸੀਂ ਛਾਲਾਂ ਮਾਰ ਕੇ ਦੀਵਾਰ ਟੱਪ ਲਈ ਪਰ ਸਾਡਾ ਇਕ ਯਾਰ ਮੁਹੰਮਦ ਸਈਅਦ ਦੀਵਾਰ ਨਹੀਂ ਟੱਪ ਸਕਿਆ ਤੇ ਫੜਿਆ ਗਿਆ। ਪਹਿਲਾਂ ਤਾਂ ਮਾਲੀਆਂ ਨੇ ਉਹਦੀ ਚੰਗੀ ਛਿਤਰੌਲ ਕੀਤੀ ਫਿਰ ਉਸ ਦਾ ਨਾਂਅ ਪੁੱਛਿਆ। ਯਾਰ ਤਾਂ ਸਾਡਾ ਮੁਸਲਮਾਨ ਸੀ ਪਰ ਉਸ ਨੇ ਅਪਣਾ ਨਾਂ ਤੇ ਆਪਣੇ ਪਿਉ ਦਾ ਨਾਂ ਹਿੰਦੂਆਂ ਵਾਲਾ ਦੱਸਿਆ। ਇਸੇ ਦੌਰਾਨ ਬਾਗ਼ ਦਾ ਮੈਨੇਜਰ ਵੀ ਆ ਗਿਆ ਤੇ ਉਹ ਮੁਹੰਮਦ ਸਈਅਦ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ। ਉਸ ਨੂੰ ਪੁੱਛਣ ਲੱਗਾ ਕਿ ਉਹ ਮਾਸਟਰ ਸਲਾਮਦੀਨ ਦਾ ਪੁੱਤਰ ਤਾਂ ਨਹੀਂ। ਜਦ ਸਈਅਦ ਨੇ ਇਨਕਾਰ ਕੀਤਾ ਤਾਂ ਉਸ ਨੇ ਮਾਲੀ ਨੂੰ ਕਿਹਾ ਕਿ ਇਸ ਦੀ ਪੈਂਟ ਖੋਲ੍ਹੋ ਤੇ ਵੇਖੋ ਕਿ ਇਸ ਦੀ ਸੁੰਨਤ ਹੋਈ ਹੈ ਜਾਂ ਨਹੀਂ। ਜਦ ਉਸ ਦੀ ਪੈਂਟ ਖੋਲ੍ਹੀ ਗਈ ਤਾਂ ਅਸਲ ਹਕੀਕਤ ਦਾ ਪਤਾ ਚਲ ਗਿਆ। ਇਕ ਅੱਧ ਚਪੇੜ ਮੈਨੇਜਰ ਨੇ ਵੀ ਕੱਢ ਮਾਰੀ ਤੇ ਉਸ ਨੂੰ ਮੁੜ ਪੁੱਛਿਆ ਕਿ ਉਹ ਮਾਸਟਰ ਸਲੀਮ ਦਾ ਪੁੱਤਰ ਐ ਤਾਂ ਸਈਅਦ ਨੇ ਰੋਂਦੇ ਹੋਇਆਂ ਹਾਂ ਕਹਿ ਦਿੱਤੀ। ਮੈਨੇਜਰ ਉਸ ਨੂੰ ਲੈ ਕੇ ਉਸ ਦੇ ਘਰ ਗਿਆ ਤਾਂ ਉਸ ਨੂੰ ਪਿਉ ਦੇ ਹਵਾਲੇ ਕੀਤਾ। ਮਾਸਟਰ ਸਲਾਮ ਦੀਨ ਮੁਹੱਲੇ ਦਾ ਵਧੀਆ ਬੰਦਾ ਸੀ ਤੇ ਉਸ ਦਾ ਬਹਿਣ ਖਲੋਣ ਪੜ੍ਹੇ ਲਿਖੇ ਤੇ ਵੱਡੇ-ਬੰਦਿਆਂ ਨਾਲ ਸੀ। ਜਦ ਉਸ ਨੂੰ ਪੁੱਤਰ ਦੀ ਕਰਤੂਤ ਦਾ ਪਤਾ ਚਲਿਆ ਤਾਂ ਉਸ ਨੇ ਸਕੂਲੀ ਢੰਗ ਨਾਲ ਮੈਨੂੰ ਕਿਹਾ ਕਿ ਸਈਅਦ ਨੂੰ ਆਪਣੀ ਪਿੱਠ ‘ਤੇ ਚੁੱਕ। ਮੈਂ ਉਸ ਨੂੰ ਪਿੱਠ ‘ਤੇ ਚੁੱਕਿਆ ਤੇ ਮਾਸਟਰ ਸਲਾਮ ਦੀਨ ਨੇ ਉਸ ਦੀ ਪਿੱਠ ਲਾਲ ਕਰ ਦਿੱਤੀ। ਮਾਂ ਤੇ ਭੈਣਾਂ ਨੇ ਆ ਕੇ ਉਸ ਨੂੰ ਛੁਡਾਇਆ। ਇਕ ਅੱਧਾ ਬੈਂਤ ਪ੍ਰਸ਼ਾਦ ਵਜੋਂ ਮੈਂ ਵੀ ਖਾਧਾ। ਫਲ਼ ਚੋਰੀ ਕਰਨ ਲਈ ਅਸੀਂ ਦੂਰ-ਦੂਰ ਤਕ ਮਾਰ ਕਰਦੇ ਸਾਂ। ਸਕੂਲੇ ਪੜ੍ਹਣ ਜਾਣਾ ਤਾਂ ਖੰਬਿਆਂ ‘ਤੇ ਲੱਗੇ ਲਾਟੂ ਨਿਸ਼ਾਨਾ ਲਾ ਕੇ ਤੋੜਨੇ। ਇਕ ਵਾਰੀ ਮੇਰੀ ਲੜਾਈ ਆਪਣੇ ਦੋਸਤ ਪਰਵੇਜ਼ ਪਾਲ ਨਾਲ ਹੋਈ। ਮੈਂ ਉਸ ਨੂੰ ਟੱਕਰ ਮਾਰੀ ਤੇ ਉਹ ਨਾਲੀ ਵਿਚ ਡਿੱਗ ਪਿਆ। ਉਸ ਦਾ ਸਿਰ ਨਾਲੀ ਵਿਚ ਫਸ ਗਿਆ ਤੇ ਉਸ ਦੇ ਨੱਕ ਵਿਚੋਂ ਖ਼ੂਨ ਵਗਦਾ ਰਿਹਾ। ਮੈਂ ਬੜੀ ਮੁਸ਼ਕਲ ਨਾਲ ਨਾਲੀ ਦੇ ਪੱਥਰ ਤੋੜ ਕੇ ਉਸ ਦਾ ਸਿਰ ਕੱਢਿਆ ਤੇ ਹਲਵਾਈ ਦੀ ਦੁਕਾਨ ‘ਤੇ ਲੈ ਜਾ ਕੇ ਜਲੇਬੀਆਂ ਪੁਆ ਕੇ ਦੁੱਧ ਪਿਆਇਆ, ਨਾਲੇ ਮਾਫ਼ੀ ਮੰਗੀ ਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਮੇਰੀ ਮਾਂ ਨੂੰ ਨਾ ਸੁਣਾਏ। ਉਹ ਜਲੇਬੀਆਂ ਵਾਲਾ ਦੁੱਧ ਪੀ ਕੇ ਵੀ ਮੇਰੀ ਮਾਂ ਕੋਲ ਸ਼ਿਕਾਇਤ ਲੈ ਕੇ ਗਿਆ। ਜਦ ਮੈਂ ਘਰ ਪਹੁੰਚਿਆ ਤਾਂ ਮਾਂ ਨੇ ਲਕੜੀ ਦੇ ਡੰਡੇ ਨਾਲ ਮੈਨੂੰ ਬੜਾ ਕੁੱਟਿਆ। ਸਿਨਮੇ ਦੀਆਂ ਟਿਕਟਾਂ ਬਲੈਕ ਕਰਨਾ ਤੇ ਤੀਜੀ ਕਲਾਸ ਵਿਚ ਬਹਿ ਕੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣਾ ਮੇਰੀ ਬੇਵਕੂਫ਼ੀ ਵਿਚ ਸ਼ਾਮਲ ਸੀ। ਜਦੋਂ ਥੋੜ੍ਹੇ ਜੇਹੇ ਵੱਡੇ ਹੋਏ ਤਾਂ ਸ਼ਰਾਰਤਾਂ ਦਾ ਅੰਦਾਜ਼ ਬਦਲ ਗਿਆ ਪਰ ਹਰ ਸ਼ਰਾਰਤ ਦੀ ਸ਼ਿਕਾਇਤ ਜਦ ਮਾਂ ਕੋਲ ਪੁੱਜਦੀ ਤਾਂ ਅਕਸਰ ਛਿੱਤਰ ਪਰੇਡ ਵੀ ਹੁੰਦੀ ਪਰ ਅਸੀਂ ਵੀ ਮਜ਼ਬੂਤ ਦਿਲ, ਗੁਰਦੇ ਦੇ ਬੰਦੇ ਸਾਂ। ਇਸ ਲਈ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸਾਂ ਆਉਂਦੇ।

ਹੁਣ : ਤੇ ਜਵਾਨੀ ਦੀਆਂ ਖਰਮਸਤੀਆਂ ਦੀਆਂ ਗੱਲਾਂ ਵੀ ਹੋ ਜਾਣ।
ਖ਼ਾਲਿਦ : ਜਦ 1965 ਦੀ ਭਾਰਤ-ਪਾਕਿ ਜੰਗ ਲਗੀ ਤਾਂ ਜਿਥੇ ਲੋਕੀਂ ਨੱਸਣ-ਭੱਜਣ ਵਿਚ ਲੱਗੇ ਸਨ, ਉਥੇ ਸਾਡੀਆਂ ਮੌਜਾਂ ਹੀ ਮੌਜਾਂ ਸਨ। ਸਾਡਾ ਇਕ ਯਾਰ ਆਪਣੇ ਮਕਾਨ ਵਿਚ ‘ਕੱਲਾ ਰਹਿੰਦਾ ਸੀ, ਕਿਉਂਜੇ ਉਸ ਦੇ ਮਾਂ-ਪਿਉ ਤੇ ਭੈਣ-ਭਰਾ ਦੂਜੇ ਸ਼ਹਿਰ ਵਿਚ ਰਹਿੰਦੇ ਸਨ। ਅਸਾਂ ਪੰਜ-ਛੇ ਪੰਜਾਬੀ ਪੁੱਤਰਾਂ ਨੇ ਰੋਜ਼ ਸ਼ਾਮੀ ਉਹਦੇ ਘਰ ਪਹੁੰਚ ਜਾਣਾ। ਮਹਿਫ਼ਲ ਸੱਜਣੀ, ਲਤੀਫ਼ੇਬਾਜ਼ੀ ਚਲਣੀ, ਇਕ ਦੂਜੇ ਦੀਆਂ ਖਰਮਸਤੀਆਂ ਦੇ ਕਿੱਸੇ ਸੁਣਨੇ। ਦਾਰੂ ਦੀਆਂ ਦੋ-ਤਿੰਨ ਬੋਤਲਾਂ ਪੀਣੀਆਂ ਰੋਜ਼ ਦਾ ਮਾਮਲਾ ਸੀ। ਫਿਰ ਅਸੀਂ ਦੋ-ਤਿੰਨ ਦੋਸਤ ਮੁਹੱਲੇ ਦੀ ਫੇਰੀ ਲਾਉਂਦੇ ਤੇ ਇਕ ਅੱਧ ਕੁੱਕੜ ਜਾਂ ਕੁਕੜੀ ਫੜ ਲਿਆਉਂਦੇ ਤੇ ਰੋਗਨੀ ਹਾਂਡੀ ਵਿਚ ਰਾੜ੍ਹ ਲਾਉਂਦੇ ਤੇ ਸਵਾਦ ਲੈ ਲੈ ਕੇ ਖਾਂਦੇ, ਜਿਨ੍ਹਾਂ ਦੇ ਕੁੱਕੜ ਗ਼ਾਇਬ ਹੁੰਦੇ ਉਹ ਗਾਲ੍ਹਾਂ ਕੱਢਦੇ ਅਤੇ ਬਦ-ਦੁਆਵਾਂ ਦਿੰਦੇ ਤੇ ਅਸੀਂ ਵੀ ਉਨ੍ਹਾਂ ਨਾਲ ਸ਼ਾਮਲ ਹੋ ਕੇ ਕੁੱਕੜ ਚੋਰੀ ਕਰਨ ਵਾਲਿਆਂ ਨੂੰ ਨਿੰਦੀ ਜਾਂਦੇ। ਉਦੋਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਦੁਆਵਾਂ ਜਾਂ ਬਦ-ਦੁਆਵਾਂ ਅਸਰ ਵੀ ਕਰਦੀਆਂ ਨੇ। ਕਿਉਂਜੇ ਸਾਨੂੰ ਇਸ ਸ਼ੇਅਰ ਦੀ ਸਮਝ ਆ ਚੁੱਕੀ ਸੀ ਕਿ
ਸ਼ੇਖ ਕਰਤਾ ਹੈ ਮਸਜਿਦ ਮੇਂ ਖ਼ੁਦਾ ਕੋ ਸਜਦੇ
ਉਸ ਕੇ ਸਜਦੋਂ ਮੇਂ ਅਸਰ ਹੋ ਜੇ ਜ਼ਰੂਰੀ ਤੋਂ ਨਹੀਂ।
ਮੁਹੱਬਤ ਦਾ ਰਿਸ਼ਤਾ
ਹੁਣ : ਖ਼ਾਲਿਦ ਹੁਸੈਨ ਦਾ ਜਵਾਨ ਦਿਲ ਪਹਿਲੀ ਵਾਰ ਕਿਹਦੇ ਲਈ ਧੜਕਿਆ ਤੇ ਕੀ ਉਹ ਤੁਹਾਡੇ ਦਿਲ ਦੀ ਧੜਕਣ ਬਣ ਸਕੀ?
ਖ਼ਾਲਿਦ : ਬਚਪਨ ਤੇ ਜਵਾਨੀ ਸੰਘਰਸ਼ ਕਰਦਿਆਂ ਹੀ ਗੁਜ਼ਰੀ। ਚੰਗੇ ਤੇ ਖੁਸ਼ਹਾਲ ਜੀਵਨ ਲਈ ਚੋਖੀ ਮਿਹਨਤ ਕਰਨੀ ਪਈ। ਉਸ ਵੇਲੇ ਦਿਲ ਦੀ ਧੜਕਣ ਵਿਚ ਸੌਖਾ ਜੀਵਨ ਗੁਜ਼ਾਰਨ ਦੀ ਤਾਂਘ ਸੀ, ਇਸ ਲਈ ਕਿਸੇ ਹੋਰ ਪਾਸੇ ਦਿਲ ਲਾਉਣ ਵਾਲੀ ਕੋਈ ਗੱਲ ਨਹੀਂ ਸੀ। ਪਰ ਜਿਵੇਂ ਮੈਂ ਪਹਿਲਾਂ ਦੱਸਿਐ ਕਿ ਜਦ ਮੈਂ ਅੱਠਵੀਂ ਜਮਾਤ ਪਾਸ ਕੀਤੀ ਤਾਂ ਮਾਂ ਨੇ ਲਾਡੀਆਂ ਪਾਉਂਦਿਆਂ ਕਿਹਾ ਸੀ ਕਿ ਦਸਵੀਂ ਜਮਾਤ ਪਾਸ ਕਰਨ ‘ਤੇ ਉਹ ਮੈਨੂੰ ਸਾਈਕਲ ਲੈ ਕੇ ਦੇਵੇਗੀ ਪਰ ਮੈਂ ਹੀ ਸੋਚੇ ਸਮਝੇ ਬਗ਼ੈਰ ਕਹਿ ਦਿੱਤਾ ਸੀ ਕਿ ਸਾਈਕਲ ਦੀ ਜਗ੍ਹਾ ਤੂੰ ਮੇਰਾ ਵਿਆਹ ਗੁੱਡੋ ਨਾਲ ਕਰਵਾ ਦਈਂ ਤੇ ਉਹੀ ਗੁੱਡੋ ਮੇਰੀ ਜੀਵਨ ਸਾਥਣ ਬਣੀ ਤੇ ਖ਼ੈਰ ਨਾਲ ਅਸੀਂ ਆਪਣੇ ਵਿਆਹ ਦੀ ਗੋਲਡਨ ਜੁਬਲੀ ਮਨਾਉਣ ਜਾ ਰਹੇ ਆਂ, ਜਿਹੜੀ 12 ਜਨਵਰੀ 2014 ਨੂੰ ਐ। ਪਰ ਇਹ ਵੀ ਸੱਚ ਐ ਕਿ ਆਪਣੇ ਸਾਹਿਤਕ ਸਫ਼ਰ ਵਿਚ ਡਾ. ਸਰੋਜ ਜੇਹੀ ਸੂਝਵਾਨ ਤੇ ਸਾਹਿਤਕ ਗਿਆਨ ਨਾਲ ਭਰਪੂਰ ਔਰਤ ਦੀ ਦੋਸਤੀ ਨੂੰ ਆਪਣੇ ਦਿਲ ਦੀ ਧੜਕਣ ਬਣਾਇਆ। ਉਂਜ ਵੀ ਵਧੀਆ ਲਿਖਾਰੀਆਂ ਤੇ ਚੰਗੀ ਸੋਚ ਰੱਖਣ ਵਾਲੇ ਬੰਦਿਆਂ ਲਈ ਖ਼ਾਲਿਦ ਹੁਸੈਨ ਦਾ ਦਿਲ ਧੜਕਦਾ ਰਹਿੰਦੈ ਤੇ ਉਹ ਉਨ੍ਹਾਂ ਦੀ ਸੰਗਤ ਵਿਚ ਖ਼ੁਸ਼ ਰਹਿੰਦਾ ਐ।

ਹੁਣ : ਮੁਹੱਬਤ ਦੇ ਇਸ ਰਿਸ਼ਤੇ ਦੀ ਬੰਦੇ ਦੀ ਜ਼ਿੰਦਗੀ ਵਿਚ ਕੀ ਅਹਿਮੀਅਤ ਹੈ?
ਖ਼ਾਲਿਦ : ਮੁਹੱਬਤ ਤਾਂ ਜਜ਼ਬੇ ਦਾ ਨਾਂ ਐ। ਅਜਿਹੇ ਰਿਸ਼ਤੇ ਦੀ ਬੁਨਿਆਦ ਐ ਜਿਸ ਨਾਲ ਜ਼ਿੰਦਗੀ ਸੁਆਦਲੀ ਤੇ ਪੁਰਲੁਤਫ਼ ਬਣਿਆ ਕਰਦੀ ਐ। ਮੁਹੱਬਤ ਰੂਹ ਨੂੰ ਤਾਜ਼ਗੀ ਦਿੰਦੀ ਹੈ। ਮਨ ਨੂੰ ਸਕੂਨ ਬਖ਼ਸ਼ਦੀ ਐ। ਇਹ ਸਕੂਨ ਤੁਹਾਨੂੰ ਅਪਣੇ ਘਰ ਵਿਚ ਵੀ ਮਿਲ ਸਕਦਾ ਐ ਜੇ ਦੋਹਾਂ ਪਾਸੇ ਇਕ ਦੂਜੇ ਨੂੰ ਸਮਝਣ ਤੇ ਦਿਲ ਦੀ ਦੁਨੀਆ ਨੂੰ ਆਬਾਦ ਰੱਖਣ ਦੀ ਸਮਰਥਾ ਹੋਏ। ਅਜਿਹੇ ਰਿਸ਼ਤੇ ਬੰਦੇ ਦੀ ਜ਼ਿੰਦਗੀ ਵਿਚ ਬੜੀ ਅਹਿਮੀਅਤ ਰਖਦੇ ਨੇ। ਜਦ ਮੈਂ ਅਪਣੇ ਬੱਚਿਆਂ ਨਾਲ ਬਹਿੰਦਾ ਹਾਂ ਜਾਂ ਅਪਣੀਆਂ ਪੋਤਰੀਆਂ ਨਾਲ ਗੱਲਾਂ ਕਰਦਾ ਹਾਂ ਤਾਂ ਉਨ੍ਹਾਂ ਦੀ ਮਾਸੂਮੀਅਤ ਮੈਨੂੰ ਖੁਮਾਰੀ ਬਖ਼ਸ਼ਦੀ ਐ। ਇੰਜ ਹੀ ਜਦ ਮੈਂ ਸਾਹਿਤਕ ਮਿੱਤਰਾਂ ਨਾਲ ਅਦਬ, ਗਿਆਨ ਤੇ ਧਿਆਨ ਦੀਆਂ ਗੱਲਾਂ ਕਰਦਾਂ ਅਤੇ ਉਨ੍ਹਾਂ ਨੂੰ ਅਪਣੀ ਸੋਚ ਦੇ ਨੇੜੇ ਮਹਿਸੂਸ ਕਰਦਾਂ ਤਾਂ ਉਨ੍ਹਾਂ ਲਈ ਅਪਣੇ ਅੰਦਰ ਮੁਹੱਬਤ ਦਾ ਅਜੀਬ ਰਿਸ਼ਤਾ ਜੁੜਦਾ ਵੇਖਦਾਂ। ਇਹੋ ਕਾਰਨ ਐ ਕਿ ਅਜਿਹੇ ਰਿਸ਼ਤੇ ਬੰਦੇ ਲਈ ਬੜੀ ਅਹਿਮੀਅਤ ਰਖਦੇ ਨੇ ਪਰ ਕਈ ਲੋਕੀਂ ਇਨ੍ਹਾਂ ਪਾਕ ਤੇ ਸਾਫ਼ ਰਿਸ਼ਤਿਆਂ ਵਿਚ ਮੇਖਾਂ ਢੂੰਡਦੇ ਰਹਿੰਦੇ ਨੇ।

ਹੁਣ : ਤੁਸੀਂ ਬਚਪਨ ਤੋਂ ਲੈ ਕੇ ਜਵਾਨੀ ਤਕ ਤੇ ਫਿਰ ਹੁਣ ਇਸ ਮੁਕਾਮ ਤਕ ਵੀ ਬੜੇ ਸੰਘਰਸ਼ ਵਿਚੋਂ ਲੰਘੇ ਹੋ। ਚੰਗੀ ਜ਼ਿੰਦਗੀ ਜਿਊਣ ਲਈ ਜਾਂ ਜਿਸ ਨੂੰ ਤੁਸੀਂ ਜੰਮੂ ਵਾਲੇ ਸੌਖੀ ਜ਼ਿੰਦਗੀ ਆਖਦੇ ਹੋ, ਤੁਸੀਂ ਬੜੀ ਮਿਹਨਤ ਕੀਤੀ ਹੈ। ਅੱਜਕਲ੍ਹ ਦੀ ਨਵੀਂ ਪੀੜ੍ਹੀ ਦੇ ਸੁਭਾਅ ਨੂੰ ਦੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੋਗੇ?
ਖ਼ਾਲਿਦ : ਮੇਰੀ ਨਜ਼ਰ ਵਿਚ ਆਦਮੀ ਨੂੰ ਅਪਣੇ ਰੌਸ਼ਨ ਭੂਤਕਾਲ ਨੂੰ ਯਾਦ ਰੱਖਣਾ ਚਾਹੀਦੈ। ਵਰਤਮਾਨ ਨੂੰ ਸੌਖਿਆਂ ਬਣਾਉਣ ਲਈ ਸੰਘਰਸ਼ ਕਰਨਾ ਚਾਹੀਦੈ ਤੇ ਭਵਿੱਖ ਬਾਰੇ ਫ਼ਿਕਰਮੰਦ ਹੋਣਾ ਚਾਹੀਦੈ ਪਰ ਅੱਜ ਦੀ ਨਵੀਂ ਨਸਲ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ। ਉਸ ਦਾ ਵੱਡਾ ਕਾਰਨ ਇਹ ਐ ਕਿ ਉਨ੍ਹਾਂ ਦੁੱਖ ਦਰਦ ਤੇ ਪੀੜਾ ਨੂੰ ਨਹੀਂ ਵੇਖਿਆ। ਉਨ੍ਹਾਂ ਦੇ ਚੰਗੇ ਭਵਿੱਖ ਲਈ ਸਾਡੀ ਪੀੜ੍ਹੀ ਨੇ ਜੋ ਸੰਘਰਸ਼ ਕੀਤਾ, ਇਹ ਨਵੀਂ ਪੀੜ੍ਹੀ ਉਸ ਦਾ ਫਲ ਖਾਣ ਵਿਚ ਯਕੀਨ ਰਖਦੀ ਐ ਤੇ ਆਪ ਮਿਹਨਤ ਕਰਨ ਜਾਂ ਸੰਘਰਸ਼ ਵਿਚੋਂ ਲੰਘਣ ਲਈ ਤਿਆਰ ਨਹੀਂ। ਇਹ ਬਣੀ ਬਣਾਈ ਖ਼ੀਰ ਖਾਣਾ ਚਾਹੁੰਦੇ ਨੇ। ਦੂਜੀ ਗੱਲ ਇਹ ਐ ਕਿ ਪੁਰਾਣੀਆਂ ਕਦਰਾਂ-ਕੀਮਤਾਂ ਮਿਟ ਰਹੀਆਂ ਨੇ। ਨਿੱਕੇ ਵੱਡੇ ਦੇ ਆਦਰ ਦੀ ਕੋਈ ਗੱਲ ਨਹੀਂ। ਪੱਛਮੀ ਸਭਿਆਚਾਰ ਤੇ ਯੂਰਪੀ ਕਲਚਰ ਨੇ ਸਾਡੀ ਸਾਂਝੀ ਰਹਿਤਲ ਨੂੰ ਖ਼ਤਮ ਕਰ ਕੇ ਰੱਖ ਦਿੱਤੈ।
ਜਨਰੇਸ਼ਨ ਗੈਪ ਹਕੀਕਤ ਹੈ ਪਰ ਪਿਛਲੀ ਪੀੜ੍ਹੀ ਦੇ ਤਜ਼ੁਰਬਿਆਂ ਤੇ ਅਨੁਭਵਾਂ ਤੋਂ ਨਵੀਂ ਪੀੜ੍ਹੀ ਬਹੁਤ ਕੁਝ ਸਿਖ ਸਕਦੀ ਹੈ ਤੇ ਅਪਣਾ ਜੀਵਨ ਸੁਖਾਲਾ ਬਣਾ ਸਕਦੀ ਹੈ। ਜਿਵੇਂ ਇਕ ਨਵੇਂ ਸਾਹਿਤਕਾਰ ਨੂੰ ਪੁਰਾਣਾ ਅਦਬ ਪੜ੍ਹਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਸ ਦੀ ਲਿਖਤ ਵਿਚ ਪਕਿਆਈ ਆਵੇ, ਉਂਜ ਹੀ ਨਵੀਂ ਨਸਲ ਨੂੰ ਪੁਰਾਣੀ ਨਸਲ ਦੇ ਤਜ਼ੁਰਬਿਆਂ ਤੋਂ ਸਿਖਿਆ ਹਾਸਲ ਕਰਨੀ ਚਾਹੀਦੀ ਹੈ।

ਘਰ ਵਿਚ ਅਦਾਕਾਰੀ
ਹੁਣ : 18 ਸਾਲ ਦੀ ਚੜ੍ਹਦੀ ਉਮਰੇ ਹੀ ਤੁਹਾਡਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਜ਼ਿੰਦਗੀ ਦੀ ਤੋਰ ਵਿਚ ਕੀ ਫ਼ਰਕ ਪਿਆ?
ਖ਼ਾਲਿਦ : ਬੱਸ ਜੀ ਵਿਆਹ ਦੇ ਬਾਅਦ ਜ਼ਿੰਦਗੀ ਦੀਆਂ ਹਕੀਕਤਾਂ ਵੇਖਣ ਦਾ ਮੌਕਾ ਮਿਲਿਆ ਕਰਦੈ। ਜ਼ਿੰਮੇਦਾਰੀਆਂ ਵਧਿਆਂ ਕਰਦੀਐਂ, ਬਾਬਾ ਫ਼ਰੀਦ ਦੇ ਕਥਨ ਮੁਤਾਬਕ, ”ਜਾ ਕੁਆਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ” ਗੰਭੀਰਤਾ ਨਾਲ ਮੈਨੂੰ ਬਿਹਤਰ ਜੀਵਨ ਦੀ ਤਲਾਸ਼ ਲਈ ਸੰਘਰਸ਼ ਕਰਨ ਲਈ ਮਜਬੂਰ ਕਰਨ ਲੱਗੇ। ਮੈਂ ਪਾਰਟ ਟਾਈਮ ਜਾਬ ਵੀ ਕਰਨ ਲੱਗਾ। ਸਰਕਾਰੀ ਡਿਊਟੀ ਮਗਰੋਂ ਰਾਤ ਦੇ 12-12 ਵਜੇ ਤਕ ਅਖ਼ਬਾਰਾਂ ਲਈ ਕੰਮ ਕਰਦਾ ਰਿਹਾ। ਵਿਆਹ ਮਗਰੋਂ ਮਾਂ ਦੇ ਵਤੀਰੇ ਵਿਚ ਵੀ ਬੜਾ ਫ਼ਰਕ ਪੈ ਗਿਆ। ਜਿਵੇਂ ਹਰ ਘਰ ਵਿਚ ਹੁੰਦੈ, ਉਵੇਂ ਹੀ ਮੇਰੀ ਮਾਂ ਮੈਨੂੰ ਜੋਰੂ ਦਾ ਗੁਲਾਮ ਸਮਝਣ ਲੱਗੀ ਤੇ ਗੱਲ-ਗੱਲ ‘ਤੇ ਟੋਕਣ ਤੇ ਝਿੜਕਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਮੈਂ ਚੰਗੇ ਕਲਾਕਾਰ ਤੇ ਐਕਟਰ ਵਾਂਗ ਘਰੇਲੂ ਸਟੇਜ ‘ਤੇ ਅਪਣੀ ਅਦਾਕਾਰੀ ਨਾਲ ਵਧੀਆ ਤਾਲਮੇਲ ਬਣਾਇਆ ਤੇ ਮਾਂ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਬੀਵੀ ਤੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਆਪਣੇ ਯਾਰ ਬੇਲੀਆਂ ਨਾਲ ਵੀ ਖੇਡ-ਤਮਾਸ਼ੇ ਜਾਰੀ ਰਖੇ। ਅੱਜ ਮੈਂ ਕਹਿ ਸਕਨਾਂ ਕਿ ਮੈਂ ਇਸ ਮਾਮਲੇ ਵਿਚ ਵਧੀਆ ਐਕਟਰ ਸਾਬਤ ਹੋਇਆਂ ਤੇ ਅਪਣੀਆਂ ਜ਼ਿੰਮੇਦਾਰੀਆਂ ਨੂੰ ਚੰਗੇ ਢੰਗ ਨਾਲ ਨਿਭਾਇਆ ਹੈ ਤੇ ਅਪਣੇ ਸਾਹਿਤਕ ਸਫ਼ਰ ਨੂੰ ਵੀ ਜਾਰੀ ਰੱਖਿਐ।

ਖ਼ਾਲਿਦ ਹੁਸੈਨ ਤੇ ਉਨ੍ਹਾਂ ਦੀ ਬੇਗ਼ਮ ਨਸੀਮ ਫਿਰਦੌਸ – 1966

ਹੁਣ : ਧੀਆਂ ਧਿਆਣੀਆਂ ਦੀ ਆਵਾਜ਼ ਬਣਨ ਵਾਲਾ ਕਲਮਕਾਰ ਉਪਰੋਥਲੀ ਦੋ ਧੀਆਂ ਹੋਣ ਕਰ ਕੇ ਦੁਖੀ ਕਿਉਂ ਹੋ ਗਿਆ?
ਖ਼ਾਲਿਦ : ਧੀਆਂ ਕਿਹਨੂੰ ਪਿਆਰੀਆਂ ਨਹੀਂ ਹੁੰਦੀਆਂ। ਹੈਂ ਜੀ ਧੀਆਂ ਮਾਪਿਆਂ ਦੇ ਦਿਲ ਦਾ ਟੁਕੜਾ ਹੋਇਆ ਕਰਦੀਆਂ ਨੇ, ਤਾਹੀਓਂ ਧੀਆਂ ਜੰਮਦਿਆਂ ਹੀ ਉਹ ਉਨ੍ਹਾਂ ਦੇ ਭਵਿੱਖ ਬਾਰੇ ਚਿੰਤਿਤ ਹੋਇਆ ਕਰਦੇ ਨੇ। ਜਦੋਂ ਮੇਰੇ ਘਰ ਪਹਿਲੀ ਬੇਟੀ ਨੇ ਜਨਮ ਲਿਆ ਤਾਂ ਅਸਾਂ ਰੱਜ ਕੇ ਖ਼ੁਸ਼ੀਆਂ ਮਨਾਈਆਂ ਪਰ ਇਕ ਦਿਨ ਜਦ ਉਹ ਮੇਰੇ ਕੁਛੜ ਵਿਚ ਬੈਠ ਕੇ ਖੇਡ ਰਹੀ ਸੀ ਤਾਂ ਰੇਡੀਓ ਤੋਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦਾ ਗਾਇਆ ਹੋਇਆ ਲੋਕ ਗੀਤ ‘ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀਂ ਮਾਏ’ ਸੁਣਦਿਆਂ ਮੇਰੀਆਂ ਅੱਖਾਂ ਤੋਂ ਆਪ ਮੁਹਾਰੇ ਅੱਥਰੂ ਵੱਗਣ ਲੱਗੇ ਤੇ ਰੋਣ ਨਾਲ ਮੇਰੀਆਂ ਹਿਚਕੀਆਂ ਨਿਕਲ ਪਈਆਂ। ਮੈਂ ਆਪਣੀ ਬੇਟੀ ਸਿੰਮੀ ਨੂੰ ਘੁੱਟ ਕੇ ਗਲੇ ਲਾਇਆ ਸੀ ਤੇ ਰੋਈ ਜਾ ਰਿਹਾ ਸਾਂ। ਮੇਰੀ ਰੋਣ ਦੀ ਆਵਾਜ਼ ਸੁਣ ਕੇ ਮੇਰੀ ਮਾਂ ਦੌੜਦੀ ਆਈ ਤੇ ਪੁੱਛਣ ਲੱਗੀ, ”ਕੇ ਹੋਇਆ?” ਮੈਂ ਉਸ ਨੂੰ ਕੁਝ ਨਹੀਂ ਦੱਸ ਸਕਿਆ, ਸਿਰਫ਼ ਰੋਂਦਾ ਰਿਹਾ। ਮੇਰੇ ਅੰਦਰ ਬਹੁਤ ਕੁਝ ਟੁੱਟ ਭੱਜ ਰਿਹਾ ਸੀ ਤੇ ਮੈਂ ਸੋਚ ਰਿਹਾ ਸਾਂ ਕਿ ਇਸ ਪਰਾਈ ਅਮਾਨਤ ਨੂੰ ਵਿਦਾ ਕਰਨ ਲਈ ਮੈਨੂੰ ਕਿੰਨੀ ਮਿਹਨਤ ਕਰਨੀ ਪੈਣੀ ਐ। ਉਸ ਦੀ ਪਰਵਰਿਸ਼, ਤਾਲੀਮ ਤੇ ਉਸ ਨੂੰ ਪੈਰਾਂ ‘ਤੇ ਖੜਾ ਕਰਨ ਲਈ ਅਤੇ ਵਿਆਹੁਣ ਲਈ ਕਿੰਨਾ ਸੰਘਰਸ਼ ਕਰਨਾ ਪੈਣੈ, ਕਿਉਂਜੇ ਉਸ ਵੇਲੇ ਮੈਂ ਕਲਰਕ ਸਾਂ ਤੇ ਮੇਰੀ ਤਨਖ਼ਾਹ ਡੇਢ ਸੌ ਰੁਪਏ ਸੀ। ਫੇਰ ਜਦ ਦੂਈ ਬੇਟੀ ਪੈਦਾ ਹੋਈ ਤਾਂ ਵੀ ਇਹੋ ਖ਼ਦਸ਼ੇ ਮੈਨੂੰ ਲੱਗੇ ਰਹਿੰਦੇ। ਤੁਸੀਂ ਤਾਂ ਜਾਣਦੇ ਹੀ ਹੋ ਕਿ ਸਮਾਜ ਵਿਚ ਖ਼ਾਸਕਰ ਪੰਜਾਬੀ ਸਮਾਜ ਵਿਚ ਧੀਆਂ ਵਿਆਹੁਣੀਆਂ ਮਾਪਿਆਂ ਲਈ ਕਿੰਨਾ ਔਖਾ ਕੰਮ ਐ। ਚੰਗਾ ਲੜਕਾ, ਚੰਗਾ ਖ਼ਾਨਦਾਨ ਢੂੰਡਣਾ ਲੋਹੇ ਦੇ ਚਣੇ ਚਬਾਉਣ ਦੇ ਬਰਾਬਰ ਐ। ਫੇਰ ਜੇ ਧੀਆਂ ਦੀ ਕਿਸਮਤ ਮਾੜੀ ਹੋਈ ਤੇ ਸਹੁਰੇ ਘਰ ਧੀਆਂ ਦੁਖੀ ਹੋਣ ਤਾਂ ਮਾਂ-ਪਿਉ ਦਾ ਸੁੱਖ ਚੈਨ ਖ਼ਤਮ ਹੋ ਜਾਂਦੈ ਤੇ ਉਹ ਜਿਊਂਦੀ ਲਾਸ਼ ਬਣ ਜਾਂਦੇ ਨੇ। ਇਹੋ ਕਾਰਨ ਸੀ ਕਿ ਜਦ ਮੇਰੇ ਘਰ ਤੀਜਾ ਬੱਚਾ ਪੈਦਾ ਹੋਣ ਵਾਲਾ ਸੀ ਤਾਂ ਮੈਂ ਅਪਣੇ ਆਪ ਨੂੰ ਮਜਬੂਰ ਤੇ ਬੇਬੱਸ ਮਨੁੱਖ ਸਮਝ ਰਿਹਾ ਸਾਂ।

ਹੁਣ : ਸਾਡੇ ਇਕ ਮਿੱਤਰ ਸੇਵਾ ਮੁਕਤ ਪ੍ਰੋਫ਼ੈਸਰ ਤੇ ਪੰਜਾਬੀ ਦੇ ਮੰਨੇ-ਪ੍ਰਮੰਨੇ ਪਾਠਕ ਪ੍ਰੋ. ਕੁਲਵੰਤ ਸਿੰਘ ਕਹਿੰਦੇ ਹਨ ਕਿ ‘ਖ਼ੂਨ ਦੇ ਰਿਸ਼ਤੇ ਤਾਂ ਲਹੂ ਪੀਣੇ ਰਿਸ਼ਤੇ ਹੁੰਦੇ ਹਨ। ਦੋਸਤੀਆਂ ਬੰਦੇ ਦਾ ਅਸਲੀ ਖ਼ਜ਼ਾਨਾ ਹੁੰਦੀਆਂ ਨੇ।’ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਤੇ ਲਗਦੇ ਹੱਥ ਅਪਣੀ ਮਿੱਤਰ ਮੰਡਲੀ ਨਾਲ ‘ਹੁਣ’ ਦੇ ਪਾਠਕਾਂ ਦਾ ਤੁਆਰਫ਼ ਵੀ ਕਰਵਾ ਹੀ ਦਿਓ।
ਖ਼ਾਲਿਦ : ਸਿਆਣਿਆਂ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਕੋਲ ਹੋਣ ਤਾਂ ਸੜਦੇ ਨੇ। ਦੂਰ ਹੋਣ ਤਾਂ ਧੂੰ ਦਿੰਦੇ ਨੇ। ਸਿਆਣੇ ਬਜ਼ੁਰਗਾਂ ਨੇ ਜ਼ਿੰਦਗੀ ਨੂੰ ਸਮਝ, ਸੋਚ ਤੇ ਲਗਨ ਨਾਲ ਹੰਢਾਇਆ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਅਨੁਭਵ ਤੇ ਤਜਰਬਾ ਬਹੁਤ ਗਹਿਰਾ ਹੁੰਦਾ ਹੈ। ਤਾਹੀਓਂ ਉਹ ਆਉਣ ਵਾਲੀ ਨਸਲ ਨੂੰ ਸਿਖ ਮਤ ਦਿੰਦੇ ਹਨ। ਪ੍ਰੋ. ਕੁਲਵੰਤ ਸਿੰਘ ਜੀ ਵੀ ਉਨ੍ਹਾਂ ਸਿਆਣਿਆਂ ਵਿਚ ਸ਼ਾਮਲ ਹਨ ਤੇ ਮੈਂ ਉਨ੍ਹਾਂ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੇਰੀ ਜ਼ਿੰਦਗੀ ਦੇ ਔਖੇ ਦਿਨਾਂ ਵਿਚ ਮੇਰੇ ਕਿਸੇ ਰਿਸ਼ਤੇਦਾਰ ਨੇ ਮੇਰਾ ਸਾਥ ਨਹੀਂ ਦਿੱਤਾ। ਖ਼ਾਸਕਰ ਜ਼ਾਕਿਰ ਵਾਲੇ ਕਾਂਡ ਵੇਲੇ। ਓਦੋਂ ਮੈਨੂੰ ਵੇਖ ਕੇ ਮੇਰੇ ਰਿਸ਼ਤੇਦਾਰ ਨਜ਼ਰਾਂ ਫੇਰ ਲੈਂਦੇ ਸਨ ਅਤੇ ਡਰਦੇ ਸਨ ਕਿ ਕਿਤੇ ਮੇਰੇ ਨਾਲ ਗੱਲ ਕਰ ਕੇ ਉਹ ਕਿਸੇ ਮੁਸੀਬਤ ਵਿਚ ਨਾ ਫਸ ਜਾਣ। ਇਸਲਾਮ ਮੁਤਾਬਕ ਅਗਰ ਕਿਸੇ ਮੁਸਲਮਾਨ ਨੂੰ ਕੰਡਾ ਚੁੱਭੇ ਤਾਂ ਤਕਲੀਫ਼ ਦੂਜੇ ਮੁਸਲਮਾਨ ਨੂੰ ਹੋਣੀ ਚਾਹੀਦੀ ਹੈ ਪਰ ਇਹ ਸਭ ਫਜ਼ੂਲ ਗੱਲਾਂ ਨੇ। ਮੁਸੀਬਤ ਵੇਲੇ ਕੋਈ ਕਿਸੇ ਦੇ ਕੰਮ ਨਹੀਂ ਆਉਂਦਾ। ਨਾ ਆਪਣੇ ਰਿਸ਼ਤੇਦਾਰ ਅਤੇ ਨਾ ਹੀ ਅਪਣੇ ਹਮ-ਮਜ਼੍ਹਬ। ਪਰ ਯਾਰ ਬੇਲੀ ਅਤੇ ਸੱਚੇ ਤੇ ਸੁੱਚੇ ਦੋਸਤ ਮਿੱਤਰ ਇਕ ਇਨਸਾਨ ਦੇ ਜੀਵਨ ਦਾ ਸਰਮਾਇਆ ਹੁੰਦੇ ਨੇ। ਉਹ ਕਿੰਨੀ ਵੀ ਔਖੀ ਗੱਲ ਕਰਨ, ਕਿਸੇ ਨੂੰ ਚੁਬਦੀ ਨਹੀਂ ਕਿਉਂਜੇ ਉਨ੍ਹਾਂ ਦੀ ਗੱਲ ਵਿਚ ਕੋਈ ਕਟਾਖ਼ਸ਼, ਤਨਜ਼ ਜਾਂ ਹੀਣ ਭਾਵਨਾ ਨਹੀਂ ਹੁੰਦੀ ਸਗੋਂ ਉਸ ਵਿਚ ਯਾਰ ਲਈ ਮੁਹੱਬਤ ਝਲਕਦੀ ਹੈ। ਮੇਰੀ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਲਈ ਜਿਨ੍ਹਾਂ ਦੋਸਤਾਂ ਨੇ ਮੇਰੀ ਸਹਾਇਤਾ ਕੀਤੀ ਉਨ੍ਹਾਂ ਵਿਚ ਬਹੁ-ਗਿਣਤੀ ਹਿੰਦੂ ਤੇ ਸਿੱਖ ਮਿੱਤਰਾਂ ਦੀ ਹੈ। ਮੈਟ੍ਰਿਕ ਕਰਨ ਤੋਂ ਬਾਅਦ ਜਦ ਮੈਂ ਕਲਰਕ ਭਰਤੀ ਹੋਇਆ ਤਾਂ ਸ਼ਸ਼ੀਕਾਂਤ ਸ਼ਰਮਾ ਨੇ ਜ਼ਬਰਦਸਤੀ ਮੈਨੂੰ ਨਾਈਟ ਕਾਲਜ ਵਿਚ ਦਾਖ਼ਲ ਕਰਵਾਇਆ ਤੇ ਅਪਣੀਆਂ ਕਿਤਾਬਾਂ ਤੇ ਨੋਟਿਸ ਵੀ ਦਿੱਤੇ। ਉਸ ਦੀ ਪ੍ਰੇਰਨਾ ਸਦਕਾ ਮੈਂ ਬੀ.ਏ. ਪਾਸ ਕੀਤੀ। ਮੇਰੇ ਬੇਟੇ ਜ਼ਾਕਿਰ ਹੁਸੈਨ ਦੀ ਰਿਹਾਈ ਲਈ ਸਭ ਤੋਂ ਵੱਧ ਕੋਸ਼ਿਸ਼ ਮੇਰੇ ਹਿੰਦੂ ਭਰਾਵਾਂ ਨੇ ਕੀਤੀ। ਮੈਨੂੰ ਪੰਜਾਬੀ ਸਾਹਿਤ ਨਾਲ ਜੋੜਨ ਵਾਲਾ ਮੇਰਾ ਮਿੱਤਰ ਹਰਭਜਨ ਸਿੰਘ ਸਾਗਰ ਇਕ ਸਿੱਖ ਹੈ। ਮੈਨੂੰ ਪੰਜਾਬੀ ਵਿਚ ਸਭ ਤੋਂ ਪਹਿਲਾਂ ਛਾਪਣ ਵਾਲੀ ਸ਼ਖ਼ਸੀਅਤ ਅੰਮ੍ਰਿਤਾ ਪ੍ਰੀਤਮ ਹੈ ਜਿਸ ਨੇ ‘ਨਾਗਮਣੀ’ ਵਿਚ ਮੇਰੀ ਪਹਿਲੀ ਕਹਾਣੀ ਛਾਪੀ। ਇਸ ਲਈ ਪ੍ਰੋ. ਕੁਲਵੰਤ ਸਿੰਘ ਜੀ ਦਾ ਕਥਨ ਸਤਿ ਵਚਨ ਹੈ। ਮੇਰੇ ਲੰਗੋਟੀਆ ਯਾਰਾਂ ਵਿਚ ਹਰਭਜਨ ਸਿੰਘ ਸਾਗਰ, ਅਜਬ ਸਿੰਘ, ਮੁਖਤਿਆਰ ਗਿੱਲ, ਹਰਭਜਨ ਸਿੰਘ ਬਾਜਵਾ, ਬੀਬਾ ਬਲਵੰਤ, ਪਰਮਿੰਦਰਜੀਤ, ਗੁਲ ਚੌਹਾਨ, ਸੁਰਜੀਤ ਪਾਤਰ, ਜੋਗਿੰਦਰ ਕੈਰੋਂ ਦੇ ਨਾਲ-ਨਾਲ ਮੁਹੰਮਦ ਇਕਬਾਲ ਖਾਂਡੇ, ਤਾਜ਼ ਮੁਹੀ-ਓ-ਦੀਨ, ਨਸੀਰ ਅਹਿਮਦ ਤੇ ਮਹਿਮੂਦ ਅਹਿਮਦ ਆਦਿ ਸ਼ਾਮਲ ਹਨ, ਜਿਨ੍ਹਾਂ ਨਾਲ ਰਹਿ ਕੇ ਮੈਂ ਮਸਤੀਆਂ ਤੇ ਖਰਮਸਤੀਆਂ ਕੀਤੀਆਂ ਤੇ ਉਨ੍ਹਾਂ ਨਾਲ ਬਿਤਾਏ ਯਾਦਗਾਰੀ ਦਿਨ ਮੇਰੀ ਹਯਾਤੀ ਦਾ ਸਰਮਾਇਆ ਹਨ।

ਹੁਣ : ਜੰਮੂ ਕਸ਼ਮੀਰ ਵਿਚ ਝੁਲਦੀ ਰਹੀ ਦਹਿਸ਼ਤੀ ਹਨੇਰੀ ਦੇ ਭੰਵਰ ਵਿਚ ਤੁਹਾਡਾ ਬੇਟਾ ਜਾਕਿਰ ਹੁਸੈਨ ਜਾ ਫਸਿਆ ਸੀ ਤੇ ਲਗਭਗ ਪੌਣੇ ਪੰਜ ਸਾਲ ਉਹਨੂੰ ਜੇਲ੍ਹ ਕੱਟਣੀ ਪਈ। ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਕਿੰਨੇ ਔਖੇ ਸਨ ਉਹ ਦਿਨ ਲੰਘਾਉਣੇ। ਹੋਇਆ ਕੀ ਸੀ?
ਖ਼ਾਲਿਦ : ਉਹ ਤਕਲੀਫ਼, ਦਰਦ ਬਿਆਨ ਕਰਨਾ ਬਹੁਤ ਔਖੇ। ਜਿਸ ਤਰ੍ਹਾਂ ਸੁਨਾਮੀ ਕਿਸੇ ਇਲਾਕੇ ਨੂੰ ਅਚਨਚੇਤ ਤਬਾਹ ਤੇ ਬਰਬਾਦ ਕਰ ਦਿੰਦੀ ਹੈ। ਸਦੀਆਂ ਪੁਰਾਣੇ ਬਿਰਖਾਂ ਨੂੰ ਜੜ੍ਹੋਂ ਉਖਾੜ ਦਿੰਦੀ ਐ। ਘਰਾਂ ਨੂੰ ਖੰਡਰ ਤੇ ਉਜਾੜ ਬਣਾ ਦਿੰਦੀ ਐ। ਉਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਵੀ ਅਤਿਵਾਦ ਸੁਨਾਮੀ ਵਾਂਗ ਆਇਆ, ਜਿਸ ਲਈ ਭਾਰਤ ਸਰਕਾਰ ਦੀਆਂ ਕੂੜ ਸਿਆਸੀ ਚਾਲਾਂ ਜ਼ਿੰਮੇਵਾਰ ਨੇ ਅਤੇ ਜਿਸ ਦਾ ਫ਼ਾਇਦਾ ਪਾਕਿਸਤਾਨ ਨੇ ਰੱਜ ਕੇ ਚੁੱਕਿਆ। ਮਾਸੂਮ ਬੱਚਿਆਂ ਨੂੰ ਜਹਾਦ ਲਈ ਵਰਗਲਾਇਆ ਗਿਆ। ਧਰਮ ਤੇ ਧਰਮ ਗ੍ਰੰਥਾਂ ਦੀ ਵਿਆਖਿਆ ਅਪਣੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਲਈ ਗ਼ਲਤ ਢੰਗ ਨਾਲ ਕੀਤੀ ਗਈ। ਜ਼ਾਕਿਰ ਹੁਸੈਨ ਵੀ 15 ਸਾਲਾਂ ਦਾ ਜੁਆਕ ਸੀ ਤੇ ਦਸਵੀਂ ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਸੀ, ਜਦ ਕੁਝ ਧਰਮੀ ਪਾਖੰਡੀਆਂ ਨੇ ਉਸ ਨੂੰ ਜਹਾਦ ਦੀ ਕੜਿੱਕੀ ਵਿਚ ਫਸਾਇਆ। ਛੇਤੀ ਹੀ ਉਸ ਨੂੰ ਪੁਲੀਸ ਨੇ ਝਪਟ ਲਿਆ। ਜਦ ਤਕ ਉਹ ਖਾੜਕੂਆਂ ਨਾਲ ਰਿਹਾ, ਮੈਂ, ਮੇਰੀ ਪਤਨੀ ਤੇ ਬਾਕੀ ਬੱਚਿਆਂ ਨੇ ਨਰਕ ਭੋਗਿਆ। ਉਹ ਦਿਨ ਬੜੇ ਮਾੜੇ ਦਿਨ ਸਨ। ਜਿਸ ਬੰਦੇ ਦੀ ਮੈਂ ਸ਼ਕਲ ਨਹੀਂ ਸਾਂ ਵੇਖਣਾ ਚਾਹੁੰਦਾ, ਉਸ ਦੇ ਵੀ ਪੈਰ ਫੜਨੇ ਪੈ ਗਏ। ਜ਼ਿਲਤ, ਨਮੋਸ਼ੀ ਤੇ ਬੇਬਸੀ ਨੇ ਸਾਨੂੰ ਜਕੜਿਆ ਹੋਇਆ ਸੀ। ਇਸ ਗੱਲ ਦੀ ਮੈਨੂੰ ਖ਼ੁਸ਼ੀ ਐ ਕਿ ਮੇਰੇ ਹਿੰਦੂ ਤੇ ਸਿੱਖ ਦੋਸਤਾਂ ਨੇ ਉਸ ਔਖੇ ਵੇਲੇ ਮੇਰਾ ਡੱਟ ਕੇ ਸਾਥ ਦਿੱਤਾ ਅਤੇ ਮੇਰੇ ‘ਤੇ ਕੋਈ ਆਂਚ ਨਹੀਂ ਆਉਣ ਦਿੱਤੀ ਅਤੇ ਗੰਗਾ ਗਈਆਂ ਹੱਡੀਆਂ ਮੁੜ ਵਾਪਸ ਲਿਆਂਦੀਆਂ। ਪੌਣੇ ਪੰਜ ਸਾਲਾਂ ਮਗਰੋਂ ਜ਼ਾਕਿਰ ਘਰ ਆਇਆ। ਉਸ ਦੇ ਸਿਰ ਤੋਂ ਜਹਾਦ ਦਾ ਭੂਤ ਉਤਰ ਚੁੱਕਿਆ ਸੀ। ਉਸ ਨੂੰ ਖਰੇ-ਖੋਟੇ ਦੀ ਪਛਾਣ ਹੋ ਚੁੱਕੀ ਸੀ। ਉਹ ਚੰਗੇ ਜੀਵਨ ਲਈ ਆਪ ਸੰਘਰਸ਼ ਕਰਨ ਲੱਗਾ। ਅੱਜ ਰੱਬ ਦੀ ਮਿਹਰ ਨਾਲ ਉਹ ਖ਼ੁਸ਼ਹਾਲ ਗ੍ਰਹਿਸਤੀ ਜੀਵਨ ਗੁਜ਼ਾਰ ਰਿਹੈ।


ਸਰਕਾਰੀ ਸੇਵਾ ਤੇ ਰੰਜ਼ਸ਼ਾਂ
ਹੁਣ : ਡੋਡੇ ਵਿਚ ਏ.ਸੀ.ਡੀ. ਹੁੰਦਿਆਂ ਤੁਹਾਡੇ ਖ਼ਿਲਾਫ਼ ਆਮਦਨ ਸਰੋਤਾਂ ਤੋਂ ਬਾਹਰੀ ਜਾਇਦਾਦ ਬਣਾਉਣ ਦੇ ਦੋ-ਦੋ ਕੇਸ ਚੱਲੇ। ਵਿਭਾਗੀ ਇੰਕੁਆਰੀਆਂ ਹੋਈਆਂ। ਵਿਜੀਲੈਂਸ ਵਾਲਿਆਂ ਵੀ ਵਾਹਵਾ ਤੰਗ ਕੀਤਾ ਪਰ ਕਿਸੇ ਨੂੰ ਤੁਹਾਡੇ ਖ਼ਿਲਾਫ਼ ਕੋਈ ਸਬੂਤ ਨਾ ਮਿਲਿਆ। ਕਿਹੜੇ ਲੋਕ ਸਨ ਤੁਹਾਡੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕਰਨ ਵਾਲੇ ਤੇ ਉਨ੍ਹਾਂ ਨੂੰ ਕੀ ਰੰਜਿਸ਼ ਸੀ ਤੁਹਾਡੇ ਨਾਲ?
ਖ਼ਾਲਿਦ : ਪ੍ਰਸ਼ਾਸਨ ਵਿਚ ਰਹਿੰਦਿਆਂ ਹਰ ਇਕ ਨੂੰ ਖੁਸ਼ ਕਰਨਾ ਬੜਾ ਮੁਸ਼ਕਲ ਹੋਇਆ ਕਰਦੈ; ਖ਼ਾਸ ਕਰ ਜਿਸ ਰਾਜਨੀਤੀ ਨੂੰ ਅਸੀਂ ਹੰਢਾ ਰਹੇ ਆਂ, ਉਸ ਵਿਚ ਚੋਰ ਉਚੱਕਿਆਂ, ਗੁੰਡਿਆਂ ਤੇ ਕੰਨ ਪਾਟਿਆਂ ਦਾ ਬੋਲ-ਬਾਲੈ। ਕੋਈ ਵੀ ਨੇਤਾ ਇਨ੍ਹਾਂ ਦੀ ਸਹਾਇਤਾ ਬਿਨਾਂ ਰਾਜਨੀਤੀ ਵਿਚ ਅਪਣੇ ਕਦਮ ਨਹੀਂ ਜਮਾ ਸਕਦਾ ਅਤੇ ਨਾ ਹੀ ਨੇਤਾਗਿਰੀ ਕਰ ਸਕਦੈ। ਗਾਂਧੀਗਿਰੀ, ਸੱਚ ਤੇ ਹੱਕ ਦੀਆਂ ਗੱਲਾਂ ਬੇ-ਮਤਲਬ ਹੋ ਕੇ ਰਹਿ ਗਈਆਂ ਨੇ।
ਤੁਸੀਂ ਆਏ ਦਿਨ ਅਖ਼ਬਾਰਾਂ ਤੇ ਟੈਲੀਵਿਜ਼ਨ ਚੈਨਲਾਂ ‘ਤੇ ਇਨ੍ਹਾਂ ਲੋਕਾਂ ਨੂੰ ਕੂੜ ਤਮਾਸ਼ੇ ਕਰਦਿਆਂ ਵੇਖਿਆ ਕਰਦੇ ਓ। ਅਜਿਹੀ ਸਥਿਤੀ ਵਿੱਚ ਜਾਇਜ਼ ਲੋੜਾਂ ਪੂਰੀਆਂ ਕਰਨਾ ਤੇ ਅਪਣੇ ਆਪ ਨੂੰ ਸਰਕਾਰੀ ਅਤਾਬ ਤੋਂ ਬਚਾ ਕੇ ਕੰਮ ਕਰਨਾ ਕਿਸੇ ਸਰਕਾਰੀ ਮੁਲਾਜ਼ਮ ਦੀ ਪ੍ਰਸ਼ਾਸਨਕ ਕਾਮਯਾਬੀ ਹੋਇਆ ਕਰਦੀ ਐ। ਵਿਜੀਲੈਂਸ ਏਜੰਸੀਆਂ ਮਾਲ-ਪਾਣੀ ਲੈ ਕੇ ਦੋਸ਼ੀਆਂ ਤੇ ਰਿਸ਼ਵਤਖੋਰਾਂ ਨੂੰ ਛੱਡ ਦਿੰਦੀਆਂ ਨੇ ਤੇ ਮੇਰੇ ਜਿਹੇ ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੂੰ ਫਸਾ ਲੈਂਦੀਆਂ ਨੇ, ਜਿਸ ਦਾ ਸਬੂਤ ਇਹ ਐ ਕਿ ਮੈਂ ਦੋ ਅਫ਼ਸਰਾਂ ਵਿਰੁੱਧ ਪੂਰੇ ਸਬੂਤਾਂ ਨਾਲ ਵਿਜੀਲੈਂਸ ਕਮਿਸ਼ਨਰ ਨੂੰ ਕੇਸ ਭੇਜੇ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਤੇ ਉਹ ਫ਼ਾਇਲਾਂ ਅੱਜ ਵੀ ਵਿਜੀਲੈਂਸ ਕਮਿਸ਼ਨ ਦੇ ਦਫ਼ਤਰ ਦੀ ਗਰਦ ਚੱਟ ਰਹੀਆਂ ਨੇ, ਜਦਕਿ ਉਨ੍ਹਾਂ ਵਲੋਂ ਜਵਾਬੀ ਸ਼ਿਕਾਇਤਾਂ ਕਰਨ ਵਜੋਂ ਮੇਰੇ ਖ਼ਿਲਾਫ਼ ਕਈ ਸਾਲਾਂ ਤਕ ਕੇਸ ਚਲਦੇ ਰਹੇ ਤੇ ਮੈਨੂੰ ਤੰਗ ਕੀਤਾ ਜਾਂਦਾ ਰਿਹਾ। ਮੇਰੇ ਕੋਲੋਂ ਪੈਸੇ ਮੰਗੇ ਜਾਣ ਲੱਗੇ ਪਰ ਮੈਂ ਕਿਸੇ ਨੂੰ ਇਕ ਧੇਲੀ ਵੀ ਨਹੀਂ ਦਿੱਤੀ ਤੇ ਕਹਿ ਦਿੱਤਾ ਕਿ ਮੇਰੇ ਖ਼ਿਲਾਫ਼ ਚਲਾਣ ਅਦਾਲਤ ਵਿਚ ਪੇਸ਼ ਕਰੋ ਪਰ ਚਲਾਣ ਕਦੇ ਪੇਸ਼ ਨਹੀਂ ਹੋਏ ਕਿਉਂਜੇ ਝੂਠ ਦੇ ਪੈਰ ਨਹੀਂ ਹੁੰਦੇ। ਠੀਕ ਐ ਨਾ ਜੀ?
ਇਕ ਮੈਡੀਕਲ ਅਫ਼ਸਰ ਨੇ ਰਿਸ਼ਵਤ ਲੈ ਕੇ ਪੰਤਾਲੀ ਬੰਦਿਆਂ ਨੂੰ ਮੁਲਾਜ਼ਮ ਲਗਾਇਆ। ਇੰਜ ਹੀ ਇਕ ਬੀ.ਡੀ.ਓ. ਨੇ ਅਪਣੇ ਇਖ਼ਤਿਆਰ ਤੋਂ ਬਾਹਰ ਜਾਂਦਿਆਂ ਮਨਜ਼ੂਰਸ਼ੁਦਾ ਰਕਮ ਤੋਂ ਦਸ ਗੁਣਾਂ ਵੱਧ ਖ਼ਰਚ ਕੀਤਾ ਪਰ ਜ਼ਮੀਨ ‘ਤੇ ਨਾ ਸੜਕਾਂ ਦਾ ਵਜੂਦ ਸੀ ਅਤੇ ਨਾ ਹੀ ਨਰਸਰੀਆਂ ਤੇ ਬੂਟਿਆਂ ਦਾ। ਇਕ ਐਮ.ਐਲ.ਏ. ਸਾਹਿਬ ਨੇ ਅਪਣੀ ਰਿਸ਼ਤੇਦਾਰ ਕੁੜੀ ਨੂੰ ਟੀਚਰ ਲਵਾਉਣ ਲਈ ਮੇਰੇ ‘ਤੇ ਦਬਾਅ ਪਾਇਆ ਜਦਕਿ ਉਹ ਜ਼ਾਬਤੇ ਦੇ ਮੁਤਾਬਕ ਨਹੀਂ ਸੀ ਲਗ ਸਕਦੀ। ਸਿੱਟਾ ਇਹ ਨਿਕਲਿਆ ਮੇਰੇ ਖ਼ਿਲਾਫ਼ ਕੇਸ ਬਣਾਏ ਗਏ ਤੇ ਵਿਜੀਲੈਂਸ ਇੰਕੁਆਰੀਆਂ ਰਾਹੀਂ ਮੈਨੂੰ ਤੰਗ ਕੀਤਾ ਜਾਣ ਲੱਗਾ ਪਰ ਨਿਕਲਿਆ ਕੁਝ ਵੀ ਨਹੀਂ ਤੇ ਅਖ਼ੀਰ ਸਾਰੇ ਕੇਸ ਬੰਦ ਕਰ ਦਿੱਤੇ ਗਏ।

ਜਨੂਨ ਦੀ ਸਿਆਸਤ
ਹੁਣ : ਤੁਸੀਂ ਤੁਅੱਸਬੀ ਮੁਲਾਣਿਆਂ ਤੇ ਜਨੂਨੀ ਤਿਲਕਧਾਰੀਆਂ ਤੋਂ ਡਾਢੇ ਦੁਖੀ ਰਹਿੰਦੇ ਓ। ਕੇਵਲ ਦੁਖੀ ਹੋਣ ਨਾਲ ਈ ਸਰ ਸਕਦਾ ਹੈ?

ਖ਼ਾਲਿਦ : ਇਹ ਗੱਲ ਠੀਕ ਐ ਕਿ ਕੱਟੜ ਮੁਲਾਣਿਆਂ ਤੇ ਜਨੂੰਨੀ ਤਿਲਕਧਾਰੀਆਂ ਤੋਂ ਕੇਵਲ ਦੁਖੀ ਹੋਣ ਨਾਲ ਸਮਾਜ ਦਾ ਕੁਝ ਨਹੀਂ ਸਰਿਆ ਕਰਦਾ ਪਰ ਇਨ੍ਹਾਂ ਅਖੌਤੀ ਧਾਰਮਕ ਚਾਲਬਾਜ਼ਾਂ ਦੀ ਹਕੀਕਤ ਆਮ ਲੋਕਾਈ ਨੂੰ ਦੱਸ ਕੇ ਅਸੀਂ ਸਮਾਜ ਨੂੰ ਸਿੱਧਾ ਰਾਹ ਦੱਸ ਸਕਨੇ ਆਂ ਤੇ ਅਜਿਹੇ ਮੁਲਾਣਿਆਂ ਅਤੇ ਸੰਤ ਸਵਾਮੀਆਂ ਦੀ ਅਸਲ ਤਸਵੀਰ ਸਮਾਜ ਨੂੰ ਦੱਸਣ ਨਾਲ ਲੋਕਾਂ ਨੂੰ ਜਾਗਰੂਕ ਕਰ ਸਕਨੇ ਆਂ। ਅੱਜ ਦਾ ਦੌਰ ਗਿਆਨ ਤੇ ਵਿਗਿਆਨ ਅਤੇ ਤਕਨੀਕੀ ਪ੍ਰਾਪਤੀਆਂ ਦਾ ਦੌਰ ਐ ਪਰ ਇਸ ਤਰੱਕੀ ਯਾਫ਼ਤਾ ਯੁਗ ਵਿਚ ਵੀ ਜੇ ਅਜਿਹੇ ਧਾਰਮਕ ਪਖੰਡੀ ਮਜ਼੍ਹਬੀ ਨਫ਼ਰਤ ਤੇ ਜ਼ਾਤ-ਪਾਤ ਦੇ ਨਾਂ ‘ਤੇ ਮਨੁੱਖ ਦਾ ਸ਼ੋਸ਼ਣ ਕਰਦੇ ਨੇ ਤਾਂ ਇਹ ਦੁਖਦਾਈ ਗੱਲ ਐ। ਅੱਜ ਸਾਡੇ ਦੇਸ਼ ਵਿਚ ਧਰਮ ਦੇ ਨਾਂ ‘ਤੇ ਰਾਜਨੀਤੀ ਕੀਤੀ ਜਾਂਦੀ ਐ। ਹਿੰਦੂ ਕਾਰਡ, ਮੁਸਲਿਮ ਕਾਰਡ, ਸਿੱਖ ਤੇ ਇਸਾਈ ਕਾਰਡ ਅਤੇ ਦਲਿਤ ਕਾਰਡ ਦਾ ਰੌਲਾ ਪਾ ਕੇ ਫਿਰਕੂ ਫਸਾਦ ਕਰਵਾਏ ਜਾਂਦੇ ਨੇ। ਦੇਸ਼ ਦੀ ਆਜ਼ਾਦੀ ਮਗਰੋਂ ਲੱਖਾਂ ਲੋਕੀਂ ਖ਼ਾਸਕਰ ਅਕਲੀਅਤ ਦੀ ਵੱਢ-ਟੁੱਕ ਹੋਈ ਐ ਤੇ ਇਹ ਸਿਲਸਿਲਾ ਨਿਰੰਤਰ ਚਲ ਰਿਹੈ।
ਇਕ ਅਦੀਬ ਦੇ ਨਾਤੇ ਮੈਂ ਅਪਣੀਆਂ ਕਹਾਣੀਆਂ ਤੇ ਲੇਖਾਂ ਵਿਚ ਇਸ ਵਿਸ਼ੇ ‘ਤੇ ਖੁਲ੍ਹ ਕੇ ਲਿਖਿਆ ਐ। ਪਾਕਿਸਤਾਨ ਇਸੇ ਮਜ਼੍ਹਬੀ ਜਨੂਨ ਦੀ ਪੈਦਾਵਾਰ ਐ ਪਰ ਉਥੇ ਅੱਜ ਵੀ ਲੋਕਾਂ ਦੀ ਵੱਢ-ਟੁੱਕ ਫਿਰਕਿਆਂ ਦੀ ਬਦੌਲਤ ਜਾਰੀ ਹੈ। ਭਾਰਤ ਵਿਚ ਸਿੱਖਾਂ ਤੇ ਮੁਸਲਮਾਨਾਂ ਦਾ ਕਤਲੇਆਮ ਵੀ ਧਾਰਮਕ ਐਕਸਪਲਾਏਟੇਂਸ਼ਨ ਦਾ ਹੀ ਨਤੀਜਾ ਐ। ਗੁਜਰਾਤ, ਮੁੰਬਈ, ਕਾਨਪੁਰ, ਦਿੱਲੀ, ਯੂ.ਪੀ. ਅਤੇ ਹੋਰ ਥਾਵਾਂ ‘ਤੇ ਹੋਣ ਵਾਲੇ ਫ਼ਸਾਦ ਇਸ ਗੱਲ ਦਾ ਸਬੂਤ ਨੇ। ਜਿਵੇਂ ਆਜ਼ਾਦੀ ਦੀ ਜੰਗ ਲਈ ਮਹਾਤਮਾ ਗਾਂਧੀ ਨੇ ਪੂਰੇ ਭਾਰਤ ਨੂੰ ਜਗਾਇਆ ਸੀ ਉਵੇਂ ਹੀ ਅੱਜ ਵੀ ਅਜਿਹੇ ਸੱਚੇ ਤੇ ਸੁੱਚੇ ਆਦਮ ਦੀ ਲੋੜ ਐ, ਜੋ ਇਸ ਸੰਘਰਸ਼ ਨੂੰ ਲੋਕ-ਲਹਿਰ ਵਿਚ ਤਬਦੀਲ ਕਰ ਕੇ ਕੌਮ ਤੇ ਮੁਲਖ਼ ਨੂੰ ਸਹੀ ਦਿਸ਼ਾ ਦੇਵੇ।


ਹੁਣ : ਸਿਆਸਤ ਤੇ ਧਰਮ ਦਾ ਰਲੇਵਾਂ ਤੇ ਕਈ ਮਾਮਲਿਆਂ ਵਿਚ ਸਿਆਸਤ ਦਾ ਧਰਮ ਨੂੰ ਅਪਣਾ ਹੱਥ ਠੋਕਾ ਬਣਾ ਲੈਣ ਦੇ ਕੀ ਨਤੀਜੇ ਦੇਖਦੇ ਓ?
ਖ਼ਾਲਿਦ : ਨਤੀਜੇ ਜੋ ਨਿਕਲਦੇ ਹਨ ਉਹ ਜਗ ਜ਼ਾਹਰ ਨੇ। ਅਸੀਂ ਦੂਰ ਕਿਉਂ ਜਾਈਏ ਅਪਣੇ ਦੇਸ਼ ਦੀ ਹੀ ਗੱਲ ਕਰਨੇ ਆਂ। ਜਿਥੇ ਧਰਮ ਤੇ ਸਿਆਸਤ ਨੇ ਵਿਸ਼ਾਲ ਮੁਲਖ਼ ਦੇ ਦੋ ਟੋਟੇ ਕਰ ਦਿੱਤੇ। ਅਰਸਤੂ ਦੇ ਕਥਨ ਅਨੁਸਾਰ ਜਨ-ਸਮੂਹ ਭੇਡਾਂ-ਬਕਰੀਆਂ ਵਾਂਗ ਹੁੰਦੇ ਹਨ ਤੇ ਉਹ ਚਰਵਾਹੇ ਦੇ ਪਿੱਛੇ-ਪਿੱਛੇ ਚਲਦੇ ਨੇ। ਰਾਜਨੀਤੀ ਨੂੰ ਚਲਾਣ ਵਾਲੇ ਬੰਦਿਆਂ ਨੂੰ ਸੱਚ-ਝੂਠ ਸੁਣਾ ਕੇ ਅਤੇ ਵਲ਼-ਫ਼ਰੇਬ ਨਾਲ ਭੁਲੇਖਿਆਂ ਵਿਚ ਪਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਆਏ ਹਨ ਅਤੇ ਅਜੇ ਵੀ ਕਰ ਰਹੇ ਨੇ। ਹਿੰਦੁਸਤਾਨ ਦੀ ਵੰਡ ਦੇ ਮੂਲ ਰੂਪ ਵਿਚ ਧਰਮ ਨੂੰ ਰਾਜਨੀਤਕ, ਸਮਾਜਕ ਤੇ ਆਰਥਕ ਮਸਲਿਆਂ ਨਾਲ ਜੋੜ ਕੇ ਜੇ ਵੇਖੀਏ ਤਾਂ ਬੜੀ ਦੁਖਦਾਈ ਤਸਵੀਰ ਸਾਹਮਣੇ ਆਉਂਦੀ ਐ। ਇਕ ਨਸਲ, ਇਕ ਸਭਿਆਚਾਰ ਤੇ ਇਕ ਭਾਸ਼ਾ ਅਤੇ ਹਜ਼ਾਰਾਂ ਸਾਲ ਦੀ ਸਾਂਝੀ ਰਹਿਤਲ ਦੇ ਮਜ਼ਬੂਤ ਰੁੱਖ ਨੂੰ ਧਰਮ ਨੇ ਵੰਡ ਦਿੱਤਾ ਤੇ ਉਸ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਪੰਜਾਬ ਤੇ ਬੰਗਾਲ ਇਸ ਦੀ ਕੂੜ ਮਿਸਾਲ ਨੇ। ਹਿੰਦੂਆਂ ਵਿਚੋਂ ਬੁੱਧ ਧਰਮ ਨਿਕਲਿਆ ਤੇ ਦੁਨੀਆ ਦੇ ਵੱਡੇ ਖੇਤਰ ਤੇ ਕਈ ਮੁਲਖ਼ਾਂ ਵਿਚ ਫੈਲਿਆ ਪਰ ਭਾਰਤ ਵਿਚ ਇਸ ਧਰਮ ਦੇ ਕਾਰਨ ਹੀ ਹਿੰਦੂ ਤੇ ਬੁੱਧ ਆਪੋ ਵਿਚ ਲੜਣ ਲੱਗੇ ਤੇ ਹਿੰਦੂਆਂ ਨੇ ਬੁੱਧ ਧਰਮ ਦੇ ਮੰਨਣ ਵਾਲਿਆਂ ਨੂੰ ਜਾਂ ਤਾਂ ਵਾਪਸ ਹਿੰਦੂ ਧਰਮ ਵਿਚ ਲੈ ਆਂਦਾ ਜਾਂ ਫਿਰ ਮਾਰ ਕੁੱਟ ਕੇ ਵਤਨੋਂ ਬਾਹਰ ਕੱਢ ਦਿੱਤਾ, ਜਦਕਿ ਉਹ ਹਿੰਦੂਆਂ ਦੀ ਹੀ ਨਸਲ ਸਨ। ਇੰਜ ਹੀ ਜਦ ਹਿੰਦੂਆਂ ਵਿਚੋਂ ਹੀ ਲੋਕੀਂ ਮੁਸਲਮਾਨ, ਸਿੱਖ ਤੇ ਇਸਾਈ ਬਣੇ ਤਾਂ ਇਸ ਧਰਮ ਕਾਰਨ ਹੀ ਲੋਕੀਂ ਇਕ ਦੂਜੇ ਨੂੰ ਮੈਲੀ ਅੱਖ ਨਾਲ ਦੇਖਣ ਲੱਗੇ। 1947 ਦੀ ਵੰਡ ਵੇਲੇ ਮਰਨ ਵਾਲਾ ਪੰਜਾਬੀ ਧਰਮ ਦੇ ਨਾਂ ‘ਤੇ ਕਤਲ ਹੋਇਆ। ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਘਰ, ਬੂਹੇ ਫੂਕ ਦਿੱਤੇ ਗਏ। ਦਸ ਲੱਖ ਪੰਜਾਬੀ ਤੇ ਬੰਗਾਲੀ ਹਿੰਦੂ, ਮੁਸਲਮਾਨ ਤੇ ਸਿੱਖ ਕਤਲ ਹੋਏ ਤੇ ਦੋ ਕਰੋੜ ਇਸ ਧਰਮ ਕਰ ਕੇ ਘਰ-ਬਾਰ ਤੇ ਖੇਤ-ਖ਼ਲਿਆਨ ਛੱਡ ਕੇ ਦੂਜੇ ਇਲਾਕਿਆਂ ਵਿਚ ਜਾ ਵਸੇ। 1984 ਦਾ ਕਤਲੇਆਮ ਵੀ ਧਰਮ ਨਾਲ ਹੀ ਜੁੜਦੇ ਐ। ਸਿੱਖਾਂ ਦਾ ਕਤਲੇਆਮ ਇਸ ਲਈ ਹੋਇਆ ਕਿ ਇਕ ਸਿੱਖ ਨੇ ਹਿੰਦੂ ਪ੍ਰਧਾਨ ਮੰਤਰੀ ਨੂੰ ਕਤਲ ਕਰ ਦਿੱਤਾ ਸੀ ਤੇ ਉਸ ਦਾ ਬਦਲਾ ਪੂਰੇ ਭਾਈਚਾਰੇ ਕੋਲੋਂ ਲਿਆ ਗਿਆ। ਗੁਜਰਾਤ, ਕਾਨਪੁਰ, ਯੂ.ਪੀ. ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਹੋਰ ਥਾਵਾਂ ‘ਤੇ ਹੋਣ ਵਾਲੇ ਦੰਗੇ ਵੀ ਧਰਮ ਤੇ ਸਿਆਸਤ ਦਾ ਹੀ ਨਤੀਜਾ ਨੇ। ਕਸ਼ਮੀਰ 1947 ਤੋਂ ਲੈ ਕੇ ਅੱਜ ਤਕ ਧਰਮ ਤੇ ਰਾਜਨੀਤੀ ਦੇ ਨਤੀਜੇ ਭੁਗਤ ਰਿਹੈ। ਮੁਸਲਮਾਨ ਖਾੜਕੂ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਉਥੇ ਇਸਲਾਮੀ ਸ਼ਰਾਅ ਨਾਫ਼ਿਜ਼ ਕਰਨਾ ਚਾਹੁੰਦੇ ਨੇ ਤੇ ਭਾਰਤੀ ਫ਼ੌਜ ਜਿਸ ਵਿਚ 90 ਫ਼ੀਸਦੀ ਗਿਣਤੀ ਹਿੰਦੂਆਂ ਦੀ ਹੈ, ਉਹ ਕਸ਼ਮੀਰ ਦੀ ਹਰ ਤਹਿਰੀਕ ਨੂੰ ਧਰਮ ਤੇ ਸਿਆਸਤ ਦੀ ਬੰਦੂਕ ਨਾਲ ਖ਼ਤਮ ਕਰ ਦੇਣਾ ਚਾਹੁੰਦੀ ਐ। ਜਿਸ ਕਾਰਨ ਅਸੀਂ ਕੂੜ ਤਮਾਸ਼ੇ ਅਤੇ ਲੋਕਾਂ ਦਾ ਦਮਨ ਵੇਖਦੇ ਆਂ।


ਹਕੂਮਤੀ ਗੇੜ ਤੇ ਅਵਾਮ
ਹੁਣ : ਭਾਰਤ ਅਤੇ ਪਾਕਿਸਤਾਨ ਹੁਣ ਬਾਕਾਇਦਾ ਦੋ ਮੁਲਕ ਹਨ। ਦੋਵਾਂ ਦੀ ਆਪੋ-ਅਪਣੀ ਸਿਆਸਤ ਤੇ ਆਪੋ-ਅਪਣੀਆਂ ਤਰਜੀਹਾਂ ਨੇ। ਹਕੂਮਤਾਂ ਦੇ ਗੇੜ ਵਿਚ ਫਸੀ ਅਵਾਮ ਕੀ ਕਰੇ?

ਖ਼ਾਲਿਦ : ਤੁਹਾਡੇ ਵਾਂਗਰ ਮੇਰਾ ਵੀ ਮੰਨਣਾ ਐ ਕਿ ਭਾਰਤ ਅਤੇ ਪਾਕਿਸਤਾਨ ਦੀ ਲੋਕਾਈ ਅਮਨ ਤੇ ਸ਼ਾਂਤੀ ਨਾਲ ਜਿਊਣਾ ਚਾਹੁੰਦੀ ਐ। ਖ਼ਾਸ ਕਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕੀਂ; ਜਿਨ੍ਹਾਂ ਦਾ ਪਿਛੋਕੜ, ਰਹਿਤਲ ਤੇ ਭਾਸ਼ਾ ਇਕੋ ਹੀ ਹੈ ਪਰ ਦੋਵਾਂ ਮੁਲਖ਼ਾਂ ਦੇ ਹੁਕਮਰਾਨਾਂ ਨੂੰ ਇਹ ਕਬੁੂਲ ਨਹੀਂ। ਪਾਕਿਸਤਾਨ, ਭਾਰਤ ਨੂੰ ਵੱਡੀ ਫ਼ੌਜੀ ਤਾਕਤ ਵਜੋਂ ਅਪਣੇ ਵਜੂਦ ਲਈ ਖ਼ਤਰਾ ਦੱਸਦਾ ਐ ਤੇ ਹਵਾਲੇ ਲਈ ਬੰਗਲਾਦੇਸ਼ ਦੀ ਮਿਸਾਲ ਦੇਂਦੈ, ਜਿਥੇ ਭਾਰਤ ਦੀਆਂ ਖ਼ੂਫ਼ੀਆਂ ਏਜੰਸੀਆਂ ਨੇ ਪਾਕਿਸਤਾਨ ਅਤੇ ਖ਼ਾਸ ਕਰ ਪੰਜਾਬੀਆਂ ਦੀ ਧੱਕਾਸ਼ਾਹੀ ਦਾ ਪ੍ਰਾਪੇਗੰਡਾ ਕਰ ਕੇ ਪੂਰਬੀ ਪਾਕਿਸਤਾਨ ਵਿਚ ਗ਼ੈਰ-ਬੰਗਾਲੀਆਂ ਦੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਤੇ ਮੁਕਤੀ ਵਾਹੀਨੀ ਜੇਹੀ ਖਾੜਕੂ ਜਥੇਬੰਦੀ ਵਿਚ ਅਪਣੇ ਫ਼ੌਜੀ ਸ਼ਾਮਲ ਕਰ ਕੇ ਪਾਕਿਸਤਾਨ ਵਿਰੁੱਧ ਵੱਡਾ ਮੁਹਾਜ ਖੋਲ੍ਹਿਆ ਤੇ ਮਗਰੋਂ ਫ਼ੌਜੀ ਮੁਦਾਖ਼ਲਤ ਨਾਲ ਬੰਗਲਾਦੇਸ਼ ਨੂੰ ਵਖਰਾ ਦੇਸ਼ ਬਣਾ ਦਿੱਤਾ। ਇਸਲਾਮੀ ਮੁਲਖ਼ਾਂ ਵਿਚ ਆਬਾਦੀ ਦੇ ਲਿਹਾਜ਼ ਨਾਲ ਪਾਕਿਸਤਾਨ ਸਭ ਤੋਂ ਵੱਡਾ ਦੇਸ਼ ਸੀ, ਜਿਸ ਨੂੰ ਤੋੜਣ ਦਾ ਮਕਸਦ ਪਾਕਿਸਤਾਨ ਨੂੰ ਫ਼ੌਜੀ ਤੌਰ ‘ਤੇ ਕਮਜ਼ੋਰ ਕਰਨਾ ਸੀ ਤਾਂ ਕਿ ਉਹ ਭਾਰਤ ਲਈ ਕਦੇ ਵੀ ਖ਼ਤਰਾ ਨਾ ਬਣ ਸਕੇ। ਪਾਕਿਸਤਾਨ ਨੇ ਫ਼ੌਜੀ ਹਿਕਮਤਅਮਲੀ ਬਦਲੀ ਤੇ ਗੁਰੀਲਾ ਜੰਗ ਦਾ ਤਰੀਕਾ ਅਪਣਾਇਆ। ਅੱਜ ਪੱਚੀ ਸਾਲ ਤੋਂ ਅਸੀਂ ਧਰਮ ਤੇ ਸਿਆਸਤ ਕਾਰਨ ਅਪਣੇ ਦੇਸ਼ ਵਿਚ ਮੌਤ ਦਾ ਤਾਂਡਵ ਦੇਖ ਰਹੇ ਆਂ। ਖਾੜਕੂ ਬੰਨਾ ਟੱਪ ਕੇ ਭਾਰਤ ਦੇ ਹਰ ਸ਼ਹਿਰ ਵਿਚ ਆ ਕੇ ਅਤਿਵਾਦੀ ਕਾਰਵਾਈਆਂ ਕਰਿਆ ਕਰਦੇ ਨੇ। ਦਿੱਲੀ, ਮੁੰਬਈ, ਜੰਮੂ-ਕਸ਼ਮੀਰ ਤੇ ਹੋਰ ਕਈ ਥਾਵਾਂ ‘ਤੇ ਹੋਏ ਅਤਿਵਾਦੀ ਹਮਲੇ ਇਸ ਗੱਲ ਤਾ ਸਬੂਤ ਨੇ। ਪਾਕਿਸਤਾਨ ਨੂੰ ਇਸ ਗੱਲ ਦਾ ਗਿਲਾ ਐ ਕਿ ਭਾਰਤ ਉਸ ਨੂੰ ਕਦੇ ਵੀ ਸੁਤੰਤਰ ਮੁਲਖ਼ ਕਬੂਲ ਕਰਨ ਨੂੰ ਤਿਆਰ ਨਹੀਂ ਐ। ਇੰਜ ਹੀ ਭਾਰਤ, ਪਾਕਿਸਤਾਨ ‘ਤੇ ਦੋਸ਼ ਲਾਉਂਦੈ ਕਿ ਉਹ ਅਤਿਵਾਦੀ ਕਾਰਵਾਈਆਂ ਕਰ ਕੇ ਉਸ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਕੋਈ ਵੀ ਸਰਕਾਰ ਅਮਨ ਤੇ ਸ਼ਾਂਤੀ ਅਤੇ ਪਿਆਰ ਤੇ ਮੁਹੱਬਤ ਦੀ ਗੁੜ੍ਹਤੀ ਚਟਣ ਨੂੰ ਤਿਆਰ ਨਹੀਂ। ਸਿੱਟਾ ਇਹ ਵੇ ਕਿ ਦੋਵਾਂ ਮੁਲਖ਼ਾਂ ਦੀ ਆਵਾਮ ਪਿਛਲੇ 65 ਸਾਲਾਂ ਤੋਂ ਨਰਕ ਭੋਗਿਆ ਕਰਦੀ ਐ।


ਧਾਰਮਕ ਵਲਗਣਾਂ ਤੇ ਲੇਖਕ
ਹੁਣ : ਤੁਸੀਂ ਮਨੁੱਖ ਨੂੰ ਧਾਰਮਕ ਵਲਗਣਾਂ ਤੋਂ ਉਪਰ ਮੰਨਦੇ ਓ ਪਰ ਪੰਜਾਬੀ ਦੇ ਇਕ ਕਵੀ ਕੰਵਰਜੀਤ ਨੂੰ ਇਹ ਕਹਿ ਕੇ ਤੁਸੀਂ ਕੰਵਰ ਇਮਤਿਆਜ਼ ਬਣਾ ਦਿੱਤਾ ਕਿ ਤੇਰੀ ਪਿੰਡ ਵਿਚ ਪਛਾਣ ਮੁਸਲਮਾਨ ਦੀ ਐ; ਇਸ ਲਈ ਮੁਸਲਮਾਨਾਂ ਵਾਲਾ ਨਾਂਅ ਰੱਖ। ਇਹ ਕੀ ਗੱਲ ਹੋਈ? ਜਦੋਂ ਕਿ ਪੰਜਾਬੀ ਦੇ ਕਈ ਲੇਖਕ ਅਜਿਹੇ ਹਨ, ਜਿਨ੍ਹਾਂ ਸਿੱਖ ਹੋਣ ਦੇ ਬਾਵਜੂਦ ਆਪਣੇ ਨਾਂਅ ਮੁਸਲਮਾਨਾਂ ਵਾਲੇ ਰੱਖੇ ਹਨ।

ਖ਼ਾਲਿਦ : ਇਹ ਵੀ ਦਿਲਚਸਪ ਕਿੱਸਾ ਐ ਜਨਾਬ। ਦਰਅਸਲ ਕੰਵਰ ਇਮਤਿਆਜ਼ ਦਾ ਵਿਆਹ ਮੁਸਲਿਮ ਸਮਾਜ ਵਿਚ ਨਹੀਂ ਸੀ ਹੋ ਰਿਹਾ ਕਿਉਂ ਜੇ ਲੋਕੀਂ ਉਸ ਨੂੰ ਉਸ ਦੇ ਨਾਂਅ ਕਾਰਨ ਹਿੰਦੂ ਜਾਂ ਸਿੱਖ ਸਮਝਦੇ ਸਨ। ਉਸ ਨੇ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਸਾਧੂ ਸਿੰਘ ਹਮਦਰਦ ਹੋਰਾਂ ਨੂੰ ਕਹਿ ਦਿੱਤਾ ਸੀ ਬਈ ਜੇ ਉਸ ਦਾ ਵਿਆਹ ਮੁਸਲਮਾਨਾਂ ਵਿਚ ਨਹੀਂ ਹੋ ਸਕਦਾ ਤਾਂ ਉਹ ਧਰਮ ਪਰਿਵਰਤਨ ਕਰਨ ਨੂੰ ਵੀ ਤਿਆਰ ਐ ਪਰ ਹਮਦਰਦ ਸਾਹਿਬ ਨੇ ਉਸ ਨੂੰ ਕਿਹਾ ਕਿ ਵਿਆਹ ਲਈ ਆਪਣਾ ਧਰਮ ਛੱਡਣ ਦੀ ਲੋੜ ਨਹੀਂ ਐ। ਜਦ ਮੈਂ ਕੁੜੀ ਵਾਲਿਆਂ ਨੂੰ ਕੰਵਰ ਇਮਤਿਆਜ਼ ਦਾ ਘਰ ਦਿਖਾਣ ਲਈ ਸਿਦਵਾਂ ਦੋਨਾ ਗਿਆ ਤਾਂ ਉਥੇ ਕੰਵਰਜੀਤ ਨਾਂਅ ਦੇ ਕਈ ਗਭਰੂ ਸਨ ਅਤੇ ਜਦ ਅਸਾਂ ਮੁਸਲਮਾਨ ਘਰ ਬਾਰੇ ਪੁੱਛਿਆ ਤਾਂ ਸਾਨੂੰ ਸਾਰੇ ਉਸ ਦੇ ਘਰ ਲੈ ਗਏ। ਦੂਜੀ ਗੱਲ ਇਹ ਸੀ ਕਿ ਕੰਵਰ ਇਮਤਿਆਜ਼ ਦੀ ਪਤਨੀ ਦੇ ਮਾਪਿਆਂ ਨੇ ਉਸ ਦੇ ਨਾਂ ‘ਤੇ ਇਤਰਾਜ਼ ਕੀਤਾ ਸੀ, ਇਸ ਕਾਰਨ ਮੈਨੂੰ ਕੰਵਰ ਜੀਤ ਨੂੰ ਕੰਵਰ ਇਮਤਿਆਜ਼ ਬਣਾਉਣਾ ਪਿਆ। ਅੱਜ ਤੋਂ ਕੋਈ 30 ਸਾਲ ਪਹਿਲਾਂ ਕੋਈ ਟਾਵਾਂ ਟਾਵਾਂ ਹੀ ਉਰਦੂ ਜਾਂ ਫਾਰਸੀ ਵਾਲਾ ਨਾਂਅ ਰੱਖਿਆ ਕਰਦਾ ਸੀ ਪਰ ਅੱਜ ਪੰਜਾਬੀ ਚੋਖੇ ਪੜ੍ਹੇ ਲਿਖੇ ਨੇ ਅਤੇ ਉਰਦੂ ਸ਼ਾਇਰੀ ਵਿਚ ਵਰਤੇ ਗਏ ਸ਼ਬਦਾਂ ਅਤੇ ਖ਼ਿਆਲਾਂ ਦੇ ਸ਼ੁਦਾਈ ਨੇ। ਇਹੋ ਕਾਰਨ ਐ ਕਿ ਅੱਜ ਪੰਜਾਬ ਵਿਚ ਉਰਦੂ ਤੇ ਫ਼ਾਰਸੀ ਵਾਲੇ ਨਾਂ ਰੱਖੇ ਜਾਂਦੇ ਨੇ, ਜਿਸ ਨੂੰ ਤੁਸੀਂ ਮੁਸਲਮਾਨੀ ਨਾਂਅ ਕਹਿੰਦੇ ਹੋ।


ਕਸ਼ਮੀਰ ਹਿੰਸਾ ਦਾ ਸਿਆਸੀ ਆਧਾਰ
ਹੁਣ : 1989-90 ਤੋਂ ਕਸ਼ਮੀਰ ਵਿਚ ਜਾਰੀ ਹਿੰਸਾ ਦਾ ਰਾਜਨੀਤਕ ਆਧਾਰ ਕੀ ਹੈ?

ਖ਼ਾਲਿਦ : 1989-90 ਤੋਂ ਜਾਰੀ ਹਿੰਸਾ ਦੇ ਰਾਜਨੀਤਕ ਆਧਾਰ ਦੀਆਂ ਤਾਰਾਂ 1947 ਦੀ ਵੰਡ ਨਾਲ ਜੁੜਿਆਂ ਕਰਦੀਆਂ ਨੇ। ਜੰਮੂ-ਕਸ਼ਮੀਰ ਆਜ਼ਾਦ ਰਿਆਸਤ ਸੀ, ਜਿਸ ਦਾ ਅਪਣਾ ਮਹਾਰਾਜਾ ਸੀ ਤੇ ਜੰਮੂ-ਕਸ਼ਮੀਰ ਅੰਗਰੇਜ਼ੀ ਸਰਕਾਰ ਜਾਂ ਅੰਗਰੇਜ਼ ਦੇ ਕਬਜ਼ੇ ਵਾਲੇ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ। ਜਿਸ ਤਰ੍ਹਾਂ ਭਾਰਤ ਵਿਚ ਆਜ਼ਾਦੀ ਦੀ ਤਹਿਰੀਕ ਚਲ ਰਹੀ ਸੀ ਤੇ ਅੰਗਰੇਜ਼ ਨੂੰ ਦੇਸ਼ ਛੱਡਣ ਲਈ ਰਾਜਨੀਤਕ ਸੰਘਰਸ਼ ਚਲ ਰਿਹਾ ਸੀ, ਉਂਜ ਹੀ ਜੰਮੂ ਕਸ਼ਮੀਰ ਵਿਚ ਸ਼ੇਖ ਮੁਹੰਮਦ ਅਬਦੁੱਲਾ ਦੀ ਅਗਵਾਈ ਵਿਚ ਮਹਾਰਾਜਾ ਹਰੀ ਸਿੰਘ ਦੇ ਖ਼ਿਲਾਫ਼ (ਕਸ਼ਮੀਰ ਛੱਡ ਦਿਉ) ਤਹਿਰੀਕ ਚਲ ਰਹੀ ਸੀ। ਅੰਗਰੇਜ਼ ਨੇ ਭਾਰਤ ਛੱਡਣ ਵੇਲੇ ਖ਼ੁਦਮੁਖ਼ਤਾਰ ਰਿਆਸਤਾਂ ਦੇ ਹਾਕਮਾਂ ਨੂੰ ਇਹ ਇਖ਼ਤਿਆਰ ਦਿੱਤਾ ਕਿ ਉਹ ਭਾਰਤ ਜਾਂ ਪਾਕਿਸਤਾਨ ਨਾਲ ਅਪਣੀ ਮਰਜ਼ੀ ਮੁਤਾਬਕ ਸ਼ਾਮਲ ਹੋ ਸਕਦੇ ਹਨ। ਮਹਾਰਾਜਾ ਹਰੀ ਸਿੰਘ ਦੀ ਮਰਜ਼ੀ ਸੀ ਕਿ ਰਿਆਸਤ ਜੰਮੂ-ਕਸ਼ਮੀਰ ਆਜ਼ਾਦ ਰਵ੍ਹੇ ਤੇ ਭਾਰਤ ਤੇ ਪਾਕਿਸਤਾਨ ਦੋਵੇਂ ਉਸ ਦੀ ਖ਼ੁਦਮੁਖਤਾਰੀ ਦੀ ਜ਼ਮਾਨਤ ਦੇਣ ਅਤੇ ਦੋਵੇਂ ਦੇਸ਼ ਜੰਮੂ-ਕਸ਼ਮੀਰ ਦੀ ਰਾਖੀ ਕਰਨ। ਪਾਕਿਸਤਾਨ ਦਾ ਇਹ ਤਰਕ ਸੀ ਕਿ ਜੰਮੂ ਕਸ਼ਮੀਰ ਵਿਚ ਮੁਸਲਿਮ ਆਬਾਦੀ 75 ਫ਼ੀਸਦੀ ਐ ਅਤੇ ਉਸ ਦਾ ਸਾਰਾ ਬਾਰਡਰ ਪਾਕਿਸਤਾਨ ਨਾਲ ਮਿਲਦੈ, ਇਸ ਲਈ ਜੰਮੂ ਕਸ਼ਮੀਰ ਰਿਆਸਤ ਪਾਕਿਸਤਾਨ ਵਿਚ ਸ਼ਾਮਲ ਹੋਣੀ ਚਾਹੀਦੀ ਹੈ। ਕਬਾਇਲੀ ਹਮਲੇ ਕਾਰਨ ਮਹਾਰਾਜਾ ਹਰੀ ਸਿੰਘ ਨੂੰ ਭਾਰਤ ਨਾਲ ਇਲਹਾਕ ਕਰਨਾ ਪੈ ਗਿਆ ਅਤੇ ਭਾਰਤ ਨੇ ਇਸ ਗੱਲ ਦੀ ਗਰੰਟੀ ਦਿੱਤੀ ਕਿ ਰਿਆਸਤ ਵਿਚ ਅਮਨ ਕਾਇਮ ਹੋਣ ਮਗਰੋਂ ਲੋਕਾਂ ਦੀ ਰਾਏ ਪੁੱਛਣ ਲਈ ਰਾਏ ਸ਼ੁਮਾਰੀ ਕਰਵਾਈ ਜਾਏਗੀ। ਪੰਡਤ ਨਹਿਰੂ ਨੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਕਸ਼ਮੀਰੀਆਂ ਨਾਲ ਵਾਅਦਾ ਕੀਤਾ ਪਰ ਯੂ.ਐਨ.ਓ. ਦੀ ਦੇਖ-ਰੇਖ ਵਿਚ ਰਾਏ ਸ਼ੁਮਾਰੀ ਅੱਜ ਤਕ ਨਹੀਂ ਹੋਈ। ਭਾਰਤੀ ਫ਼ੌਜ ਤਾਕਤ ਦੇ ਜ਼ੋਰ ‘ਤੇ ਕਸ਼ਮੀਰ ‘ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਈ ਤੇ ਭਾਰਤੀ ਲੀਡਰਾਂ ਦੇ ਸਾਰੇ ਵਾਅਦੇ ਕਾਗ਼ਜ਼ਾਂ ਵਿਚ ਹੀ ਬੰਦ ਰਹੇ। ਇਹੋ ਕਸ਼ਮੀਰ ਵਿਚ ਜਾਰੀ ਹਿੰਸਾ ਦਾ ਰਾਜਨੀਤਕ ਆਧਾਰ ਐ।


ਅਫ਼ਸਰ ਤੇ ਅਦੀਬ
ਹੁਣ : ਸਰਕਾਰੀ ਅਫ਼ਸਰ ਹੁੰਦਿਆਂ ਤੁਸੀਂ ਇਸ ਵਰਤਾਰੇ ਨੂੰ ਅਪਣੀ ਡਿਊਟੀ ਦੌਰਾਨ ਕਿਵੇਂ ਨਜਿੱਠਿਆ ਤੇ ਇਕ ਕਲਮਕਾਰ ਹੋਣ ਵਜੋਂ ਕਿਵੇਂ ਦੇਖਿਆ?

ਖ਼ਾਲਿਦ : ਸਰਕਾਰੀ ਨੌਕਰ ਵਜੋਂ ਅਸੀਂ ਕਾਨੂੰਨ ਅਤੇ ਜ਼ਾਬਤੇ ਦੇ ਪਾਬੰਦ ਹੁੰਦੇ ਆਂ। ਉਥੇ ਸਾਨੂੰ ਓਹੋ ਕੁਝ ਕਰਨਾ ਪਿਆ ਕਰਦੈ, ਜਿਸ ਦਾ ਸਰਕਾਰ ਵਲੋਂ ਹੁਕਮ ਹੋਏ ਅਤੇ ਮੈਂ ਇਕ ਸਰਕਾਰੀ ਅਫ਼ਸਰ ਵਜੋਂ ਅਪਣੀ ਡਿਊਟੀ ਦੌਰਾਨ ਸਰਕਾਰ ਦੀ ਹੁਕਮ ਅਦੂਲੀ ਨਹੀਂ ਕੀਤੀ। ਉਂਜ ਵੀ ਜਿੰਨੀ ਉਨਤੀ ਜੰਮੂ-ਕਸ਼ਮੀਰ ਵਿਚ 1947 ਮਗਰੋਂ ਹੋਈ ਐ ਅਤੇ ਲੋਕਾਂ ਦਾ ਜੀਵਨ ਪੱਧਰ ਉਚਾ ਹੋਇਐ, ਵਿਦਿਆ ਅਤੇ ਤਕਨੀਕੀ ਤੌਰ ‘ਤੇ ਜੰਮੂ ਕਸ਼ਮੀਰ ਵਿਚ ਇਨਕਲਾਬ ਆਇਐ। ਇਸ ਨਾਤੇ ਮੇਰਾ ਮੰਨਣੈ ਕਿ ਜੰਮੂ ਕਸ਼ਮੀਰ ਭਾਰਤ ਨਾਲ ਜੁੜਿਆ ਰਹਿਣਾ ਚਾਹੀਦੈ। ਇਸੇ ਵਿਚ ਹੀ ਜੰਮੂ-ਕਸ਼ਮੀਰ ਦੇ ਲੋਕਾਂ ਦੀ ਭਲਾਈ ਐ ਤੇ ਇਕ ਕਲਮਕਾਰ ਵਜੋਂ ਮੈਂ ਬੜੀ ਗਹਿਰਾਈ ਨਾਲ ਹਰ ਘਟਨਾ ਨੂੰ ਵੇਖਿਐ ਤੇ ਸ਼ਿੱਦਤ ਨਾਲ ਮਹਿਸੂਸ ਕੀਤਾ ਐ। ਇਨ੍ਹਾਂ ਘਟਨਾਵਾਂ ਵਿਚ ਕੁਝ ਅਜਿਹੀਆਂ ਘਟਨਾਵਾਂ ਵੀ ਸਨ ਜੋ ਮੇਰੀਆਂ ਕਹਾਣੀਆਂ ਦੀਆਂ ਬੁਨਿਆਦ ਬਣੀਆਂ।


ਹੁਣ : ਮਕਬੂਜ਼ਾ ਕਸ਼ਮੀਰ ਦੇ ਦੌਰੇ ਦੌਰਾਨ ਵੱਖ-ਵੱਖ ਸਮਾਗਮਾਂ ਵਿਚ ਤਕਰੀਰ ਕਰਦਿਆਂ ਤੁਸਾਂ ਅਪਣੀ ਧਾਰਨਾ ਇਹ ਕਹਿ ਕੇ ਸਪਸ਼ਟ ਕੀਤੀ ਕਿ ਕਸ਼ਮੀਰ ਬਾਰੇ ਪਾਕਿਸਤਾਨੀਆਂ ਦਾ ਨਜ਼ਰੀਆ ਹਕੀਕਤ ਘੱਟ ਤੇ ਜਜ਼ਬਾਤ ‘ਤੇ ਜ਼ਿਆਦਾ ਆਧਾਰਤ ਹੈ। ਇਸ ਟਿੱਪਣੀ ਤੋਂ ਬਾਅਦ ਤੁਹਾਨੂੰ ਉਥੇ ਕਿਸੇ ਕਿਸਮ ਦੀ ਮੁਸ਼ਕਲ ਤਾਂ ਨਹੀਂ ਆਈ? ਕੀ ਹੋਇਆ ਸੀ ਉਸ ਦੌਰੇ ਦੌਰਾਨ? ਸੰਖੇਪ ਵਿਚ ਦੱਸੋ।
ਖ਼ਾਲਿਦ : ਇਹ ਤਾਂ ਤੁਸੀਂ ਜਾਣਦੇ ਈ ਓ ਕਿ ਕਸ਼ਮੀਰ ਮਸਲਾ 1947 ਤੋਂ ਲੈ ਕੇ ਅੱਜ ਤਕ ਭਾਰਤ ਤੇ ਪਾਕਿਸਤਾਨ ਦੇ ਗਲ਼ੇ ਦੀ ਹੱਡੀ ਬਣਿਆ ਹੋਇਐ। ਇਸ ਕਾਰਨ ਤਿੰਨ ਜੰਗਾਂ ਵੀ ਹੋਈਆਂ, ਜਿਸ ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਦੋਹਾਂ ਪਾਸੇ ਖ਼ਲਕਤ ਦੀ ਤਬਾਹੀ ਹੋਈ। ਕਾਰਗਿਲ ਦਾ ਯੁੱਧ ਵੀ ਕਸ਼ਮੀਰ ਮਸਲੇ ਨਾਲ ਹੀ ਜੁੜਦੈ। ਪਿਛਲੇ 25 ਸਾਲਾਂ ਤੋਂ ਕਸ਼ਮੀਰ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਅਤਿਵਾਦ ਅਤੇ ਇਸ ਨਾਲ ਹੋ ਰਹੀ ਵੱਢ-ਟੁੱਕ, ਸਾੜ-ਫੂਕ ਅਤੇ ਇਸਮਤਦਰੀ ਦੀਆਂ ਤਾਰਾਂ ਵੀ ਕਸ਼ਮੀਰ ਮਸਲੇ ਨਾਲ ਜੁੜਦੀਆਂ ਨੇ। ਭਾਰਤ, ਕਸ਼ਮੀਰ ਦੀ ਇਕ ਇੰਚ ਜ਼ਮੀਨ ਵੀ ਪਾਕਿਸਤਾਨ ਨੂੰ ਦੇਣਾ ਨਹੀਂ ਚਾਹੁੰਦਾ ਤੇ ਪਾਕਿਸਤਾਨ, ਕਸ਼ਮੀਰ ਮਸਲੇ ਨੂੰ ਹੱਲ ਹੋਣ ਤੀਕਰ ਛੱਡਣ ਨੂੰ ਤਿਆਰ ਨਹੀਂ। ਇਸ ਜ਼ਿਦ ਨੇ ਇਹ ਲੋਕਾਈ ਦੇ ਅੰਗ-ਅੰਗ ਤੋੜ ਕੇ ਰੱਖ ਦਿੱਤੇ ਨੇ ਅਤੇ ਸਾਹ ਰਗ ਵਿੱਚੋਂ ਸਾਰਾ ਲਹੂ ਨਚੋੜ ਲਿਐ। ਲੋਕਾਈ ਤੇਜ਼ਾਬ ਵਿਚ ਲਿਬੜੀ ਪਈ ਐ, ਇਸ ਲਈ ਮੇਰਾ ਇਹ ਕਹਿਣਾ ਸੀ ਕਿ ਕਸ਼ਮੀਰ ਦਾ ਹੱਲ ਇਹ ਐ ਕਿ ਪਾਕਿਸਤਾਨੀ ਕਬਜ਼ੇ ਵਾਲਾ ਇਲਾਕਾ ਉਸ ਕੋਲ ਰਵ੍ਹੇ ਤੇ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਹਮੇਸ਼ਾ ਲਈ ਭਾਰਤ ਕੋਲ ਰਹੇ। ਬਾਰਡਰ ਦੀ ਮਾੜੀ ਮੋਟੀ ਐਡਜੈਸਟਮੈਂਟ ਕਰ ਕੇ ਸਰਹੱਦ ਨੂੰ ਅੰਤਰ ਰਾਸ਼ਟਰੀ ਬਾਰਡਰ ਬਣਾ ਦਿੱਤਾ ਜਾਵੇ। ਭਾਰਤ ਵਾਲੇ ਕਸ਼ਮੀਰ ਵਿਚ ਕੇਂਦਰੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਕਰਦੇ ਹੋਏ ਅੰਦਰੂਨੀ ਖ਼ੁਦ-ਮੁਖਤਿਆਰੀ ਦੇ ਕੇ ਕਸ਼ਮੀਰੀਆਂ ਦੇ ਜਜ਼ਬਾਤ ਨੂੰ ਪੂਰਾ ਕਰੇ। ਇਥੇ ਮੈਂ ਇਹ ਗੱਲ ਸਪਸ਼ਟ ਕਰ ਦੇਵਾਂ ਕਿ ਭਾਰਤ ਭਾਵੇਂ ਪਾਰਲੀਮੈਂਟ ਵਿਚ ਪੂਰੇ ਕਸ਼ਮੀਰ ‘ਤੇ ਅਪਣਾ ਹੱਕ ਜਤਾਉਣ ਦੇ ਮਤੇ ਪਾਸ ਕਰਦੈ ਪਰ ਅਸਲ ਵਿਚ ਉਸ ਨੂੰ ਪਾਕਿਸਤਾਨੀ ਇੰਤਜ਼ਾਮ ਵਾਲਾ ਕਸ਼ਮੀਰ ਨਹੀਂ ਚਾਹੀਦਾ ਕਿਉਂਜੇ ਇੰਜ ਕਰਨ ਨਾਲ ਕਸ਼ਮੀਰੀ ਤੇ ਡੋਗਰੀ ਬੋਲਣ ਵਾਲੇ ਘੱਟ ਗਿਣਤੀ ਵਿਚ ਹੋ ਜਾਣਗੇ ਅਤੇ ਪੰਜਾਬੀ ਘਰਾਣੇ ਦੀਆਂ ਬੋਲੀਆਂ ਪੋਠੋਹਾਰੀ (ਪਹਾੜੀ) ਤੇ ਗੋਜਰੀ ਬੋਲਣ ਵਾਲੀ ਆਬਾਦੀ ਅਕਸੀਰੀਅਤ ਵਿਚ ਆ ਜਾਏਗੀ। ਇਹ ਗੱਲ ਨਾ ਕਸ਼ਮੀਰ ਦੇ ਮੁਸਲਮਾਨਾਂ ਨੂੰ ਅਤੇ ਨਾ ਹੀ ਹਿੰਦੂ ਡੋਗਰਿਆਂ ਨੂੰ ਕਬੂਲ ਹੋਵੇਗੀ। ਇਹੋ ਵਿਚਾਰ ਮੈਂ ਪਾਕਿਸਤਾਨੀ ਕਸ਼ਮੀਰ ਦਾ ਦੌਰਾ ਕਰਦਿਆਂ ਹਰ ਸਮਾਗਮ ਵਿਚ ਅਪਣੀ ਤਕਰੀਰ ਵਿਚ ਸਰੋਤਿਆਂ ਸਾਹਮਣੇ ਰੱਖੇ। ਉਨ੍ਹਾਂ ਮੇਰੀ ਗੱਲ ਚੁੱਪ ਕਰ ਕੇ ਸੁਣ ਲਈ ਤੇ ਮੈਨੂੰ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੇ ਮੁਹਾਂਦਰਿਆਂ ਤੋਂ ਪਤਾ ਚਲਦਾ ਸੀ ਕਿ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਨੇ।

ਮਾੜੇ ਸਮਿਆਂ ਦੇ ਗਵਾਹ
ਹੁਣ : ਦੇਸ਼ ਦੀ ਵੰਡ ਦਾ ਪ੍ਰਭਾਵ ਆਮ ਤੌਰ ‘ਤੇ ਪੰਜਾਬ ਅਤੇ ਬੰਗਾਲ ‘ਤੇ ਵਧੇਰੇ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਖਿੱਤਿਆਂ ਵਿਚ ਇਸ ਦਾ ਪ੍ਰਗਟਾਵਾ ਸਾਹਿਤ ਵਿਚ ਵੀ ਭਰਵਾਂ ਹੋਇਆ ਹੈ। ਦੇਸ਼ ਦੀ ਵੰਡ ਦਾ ਪ੍ਰਭਾਵ ਜੰਮੂ-ਕਸ਼ਮੀਰ ‘ਤੇ ਵੀ ਪਿਆ ਹੈ। ਵੱਢ-ਟੁੱਕ ਵੀ ਹੋਈ। ਤੁਸੀਂ ਉਨ੍ਹਾਂ ਮਾੜੇ ਸਮਿਆਂ ਦੇ ਜਿਉਂਦੇ ਜਾਗਦੇ ਗਵਾਹ ਹੋ। ਇਸ ਸਬੰਧੀ ਆਪਣੇ ਅਨੁਭਵ ਦੱਸੋ?

ਖ਼ਾਲਿਦ : ਇਸ ਵੰਡ ਦੀ ਪੀੜਾ ਨੂੰ ਅਸੀਂ 65 ਸਾਲ ਗੁਜ਼ਰਨ ਦੇ ਬਾਵਜੂਦ ਅੱਜ ਵੀ ਹੰਢਾ ਰਹੇ ਹਾਂ। ਜਦ ਤਕ ਪਾਕਿਸਤਾਨ ਅਤੇ ਬੰਗਲਾਦੇਸ਼ ਨਾਂ ਦੇ ਮੁਲਕ ਇਸ ਧਰਤੀ ‘ਤੇ ਕਾਇਮ ਰਹਿਣਗੇ ਤਦ ਤਕ ਮਜ੍ਹਬੀ ਜਨੂੰਨ ਤੇ ਫਿਰਕੂ ਰਾਜਨੀਤੀ ਵੀ ਕਾਇਮ ਰਹੇਗੀ। ਅਸਾਂ ਇਸੇ ਕਾਰਨ ਤਿੰਨ ਜੰਗਾਂ ਵੇਖੀਆਂ। ਪਾਕਿਸਤਾਨ ਦੇ ਦੋ ਟੋਟੇ ਹੁੰਦੇ ਵੇਖੇ। ਲੱਖਾਂ ਬੰਦੇ ’47 ਵਿਚ ਮਰੇ, ਹਜ਼ਾਰਾਂ 1965 ਵਿਚ ਅਤੇ 1971 ਵਿਚ ਮਰੇ ਅਤੇ ਪੰਜਾਬ ਵਿਚ ਰਾਜਨੀਤਕ ਉਥਲ-ਪੁਥਲ ਕਾਰਨ ਜਵਾਨ ਗਭਰੂ ਮੌਤ ਦੀ ਭੇਟ ਚੜ੍ਹੇ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਐ। ਕਿਤੇ ਮੁਸਲਮਾਨ ਦੇ ਨਾਂ ‘ਤੇ ਅਤੇ ਕਿਤੇ ਸਿੱਖ ਦੇ ਨਾਂਅ ‘ਤੇ ਜਾਂ ਹਿੰਦੂ ਦੇ ਨਾਂਅ ‘ਤੇ ਮੌਤ ਦਾ ਤਾਂਡਵ ਅਸੀਂ ਵੇਖ ਰਹੇ ਆਂ। ਮੇਰੀ ਜਾਚੇ ਜੇ ਵੰਡ ਨਾ ਹੁੰਦੀ ਤਾਂ ਪੁਰਾਣਾ ਭਾਈਚਾਰਾ ਕਾਇਮ ਰਹਿੰਦਾ ਅਤੇ ਤਾਕਤ ਦੀ ਤਰਕੜੀ ਦਾ ਤੋਲ ਕਦੇ ਇਕ ਪਾਸੇ ਨਾ ਹੁੰਦਾ। ਜੰਮੂ-ਕਸ਼ਮੀਰ ਵੀ ਵੰਡਿਆ ਗਿਆ ਹਾਲਾਂਕਿ ਇਥੇ ਸ਼ੁਰੂ ਕੀਤਾ ਗਿਆ ਸੰਘਰਸ਼ ਡੋਗਰਾਸ਼ਾਹੀ ਦੇ ਖ਼ਿਲਾਫ਼ ਸੀ ਅਤੇ ਭਾਰਤ ਦਾ ਕਸ਼ਮੀਰ ਦੀ ਰਾਜਨੀਤੀ ਨਾਲ ਕੁਝ ਲੈਣਾ ਦੇਣਾ ਨਹੀਂ ਸੀ। ਕਬਾਇਲੀ ਹਮਲੇ ਨੇ ਜੰਮੂ-ਕਸ਼ਮੀਰ ਵਿਚ ਭਾਰਤ ਦੀ ਫ਼ੌਜ ਤੇ ਰਾਜਨੀਤੀ ਨੂੰ ਅਪਣਾ ਕਬਜ਼ਾ ਜਮਾਉਣ ਦਾ ਮੌਕਾ ਦਿੱਤਾ। ਜਿੰਨੇ ਵਾਅਦੇ ਪੰਡਤ ਨਹਿਰੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੀਤੇ ਸਨ, ਉਨ੍ਹਾਂ ਉਪਰ ਕਦੇ ਅਮਲ ਨਹੀਂ ਹੋਇਆ। ਜੰਮੂ-ਕਸ਼ਮੀਰ ਦੀ ਆਵਾਮੀ ਸਰਕਾਰ ਨਾਲ ਜਿੰਨੇ ਵੀ ਸਮਝੌਤੇ ਕੀਤੇ ਗਏ, ਉਨ੍ਹਾਂ ਉਪਰ ਵੀ ਕਦੇ ਅਮਲ ਨਹੀਂ ਹੋਇਆ। ਸਿੱਟਾ ਇਹ ਨਿਕਲਿਆ ਕਿ ਕਸ਼ਮੀਰ ਵਿਚ ਸਿਆਸੀ ਬੇਚੈਨੀ ਤੇ ਭਾਰਤ ਦੇ ਖ਼ਿਲਾਫ਼ ਵਿਰੋਧ ਵਧਦਾ ਗਿਆ ਤੇ ਇਸ ਵਿਰੋਧ ਦੇ ਬੱਦਲ 1989-90 ਵਿਚ ਫਟੇ। ਪਾਕਿਸਤਾਨ ਨੇ ਇਸ ਸਥਿਤੀ ਦਾ ਭਰਪੂਰ ਫ਼ਾਇਦਾ ਚੁੱਕਿਆ ਤੇ ਗਭਰੇਟ ਉਮਰ ਦੇ ਮੁੰਡਿਆਂ ਨੂੰ ਬੰਦੂਕ ਤੇ ਬਾਰੂਦ ਨਾਲ ਲੈਸ ਕੀਤਾ, ਜਿਨ੍ਹਾਂ ਨੇ ਕਸ਼ਮੀਰ ਵਿਚ ਅਤਿਵਾਦ ਫੈਲਾਇਆ ਤੇ ਕਸ਼ਮੀਰ ਦੇ ਸਭ ਤੋਂ ਪੁਰਾਣੇ ਵਸਨੀਕਾਂ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਛੱਡਣਾ ਪਿਆ। ਫ਼ੌਜ ਦੀ ਜ਼ਿਆਦਤੀ, ਖਾੜਕੂਆਂ ਦਾ ਅਤਿਵਾਦ ਅੱਜ ਵੀ ਕਸ਼ਮੀਰ ਵਿਚ ਜਾਰੀ ਐ ਤੇ ਰੱਬ ਜਾਣੇ ਇਹ ਸਿਲਸਿਲਾ ਕਦੋਂ ਤਕ ਚਲੇਗਾ।
ਇਸ ਸਥਿਤੀ ਨੂੰ ਸਾਡੇ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਰਾਹੀਂ ਪੇਸ਼ ਕੀਤੈ। ਬੜੀਆਂ ਖ਼ੂਬਸੂਰਤ ਕਹਾਣੀਆਂ ਲਿਖੀਆਂ ਗਈਆਂ ਨੇ। ਖ਼ਾਸਕਰ ਕਸ਼ਮੀਰੀ, ਪੰਜਾਬੀ ਤੇ ਉਰਦੂ ਵਿਚ। ਦੂਜੇ ਪਾਸੇ ਜਿਹੜੇ ਕਸ਼ਮੀਰੀ ਪੰਡਤ ਘਾਟੀ ਤੋਂ ਪਲਾਇਨ ਕਰ ਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਰਹਿਣ ਲੱਗੇ, ਉਨ੍ਹਾਂ ਦੇ ਸਾਹਿਤਕਾਰਾਂ ਨੇ ਸ਼ਰਨਾਰਥੀਆਂ ਦੀਆਂ ਪੀੜਾਂ ਨੂੰ ਬੜੇ ਸੁਚੱਜੇ ਢੰਗ ਨਾਲ ਅਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ। ਮੈਂ ਸਮਝਨਾ, ਇਹ ਸਾਹਿਤ ਅਨੁਵਾਦ ਹੋ ਕੇ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਵੀ ਛਪਣਾ ਚਾਹੀਦੈ। ਜੰਮੂ-ਕਸ਼ਮੀਰ ਦੇ ਸਾਹਿਤਕਾਰਾਂ ਨੇ ਵੰਡ ਦੇ ਦਰਦ ਨੂੰ ਆਪ ਹੰਢਾਇਐ ਅਤੇ ਜੋ ਰਚਨਾਵਾਂ ਉਨ੍ਹਾਂ ਨੇ ਸਾਹਿਤ ਨੂੰ ਦਿੱਤੀਆਂ ਨੇ, ਉਹ ਵਰਣਨਯੋਗ ਨੇ। ਮੇਰੀਆਂ ਅਪਣੀਆਂ ਕਹਾਣੀਆਂ ਵਿਚ 1947 ਦੀ ਵੰਡ ਦੇ ਦੁਖਾਂਤ ਦਾ ਜ਼ਿਕਰ ਅਕਸਰ ਮਿਲਦੈ। ਇਸ ਤੋਂ ਛੁੱਟ 1990 ਦੇ ਬਾਅਦ ਜੰਮੁੂ-ਕਸ਼ਮੀਰ ਦੇ ਲੋਕ ਜਿਸ ਸਥਿਤੀ ਵਿਚੋਂ ਲੰਘ ਰਹੇ ਨੇ, ਉਸ ਦਾ ਪ੍ਰਗਟਾਵਾ ਵੀ ਤੁਹਾਨੂੰ ਮੇਰੀਆਂ ਕਹਾਣੀਆਂ ਵਿਚ ਮਿਲ ਜਾਵੇਗਾ।

ਸਾਹਿਤ ਤੇ ਮੀਡੀਆ
ਹੁਣ : ਜੰਮੂ ਕਸ਼ਮੀਰ ਸੰਕਟ ਸਬੰਧੀ ਪੰਜਾਬੀ, ਹਿੰਦੀ, ਡੋਗਰੀ, ਉਰਦੂ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿਚ ਪਿਛਲੇ ਪੱਚੀ ਸਾਲਾਂ ਤੋਂ ਚੱਲ ਰਹੇ ਸੰਘਰਸ਼ ਸਬੰਧੀ ਕਾਫ਼ੀ ਕੁਝ ਲਿਖਿਆ ਗਿਆ ਹੋਵੇਗਾ। ਇਹ ਸਾਹਿਤ ਭਾਰਤੀ ਪੱਧਰ ‘ਤੇ ਚਰਚਾ ਦਾ ਵਿਸ਼ਾ ਨਹੀਂ ਬਣਿਆ। ਕੀ ਨਜ਼ਰ ਆਉਂਦਾ ਹੈ? ਕੱਥ ਤੇ ਵੱਖ ਦੇ ਪੱਖ ਤੋਂ ਇਹ ਸਾਹਿਤ ਕਿਥੇ ਕੁ ਖੜਾ ਹੈ?

ਖ਼ਾਲਿਦ : ਜੰਮੂ ਕਸ਼ਮੀਰ ਦੇ ਸੰਕਟ ਬਾਰੇ ਹਿੰਦੀ, ਡੋਗਰੀ ਤੇ ਅੰਗਰੇਜ਼ੀ ਵਿਚ ਬਹੁਤ ਘੱਟ ਲਿਖਿਆ ਗਿਐ। ਕਸ਼ਮੀਰ ਸੰਕਟ ਨੂੰ ਹਿੰਦੀ ਤੇ ਡੋਗਰੀ ਦੇ ਸਾਹਿਤਕਾਰ ਵੱਖਵਾਦ ਨਾਲ ਜੋੜਦੇ ਨੇ ਤੇ ਸਮਝਦੇ ਨੇ ਕਿ ਕਸ਼ਮੀਰ ਵਿਚ ਭਾਰਤੀ ਫ਼ੌਜਾਂ ਜੋ ਕਾਰਵਾਈਆਂ ਕਰ ਰਹੀਆਂ ਨੇ, ਉਹ ਭਾਰਤ ਦੇ ਹਿਤ ਵਿਚ ਨੇ। ਇਸ ਤਰ੍ਹਾਂ ਜੰਮੂ-ਕਸ਼ਮੀਰ ਦੇ ਸਾਹਿਤਕਾਰ ਵੀ ਹਿੰਦੂ ਤੇ ਮੁਸਲਮਾਨ ਨਜ਼ਰੀਏ ਨਾਲ ਸੋਚਦੇ ਨੇ ਪਰ ਫੇਰ ਵੀ ਕੁਝ ਸੱਚੇ ਤੇ ਸੁੱਚੇ ਸਾਹਿਤਕਾਰਾਂ ਨੇ ਕਸ਼ਮੀਰ ਸੰਕਟ ਨੂੰ ਉਸ ਦੇ ਸਹੀ ਪਰਿਪੇਖ ਵਿਚ ਵੇਖ ਕੇ ਕਸ਼ਮੀਰ ਸੰਕਟ ‘ਤੇ ਚੋਖਾ ਸਾਹਿਤ ਰਚਿਐ। ਹਰਭਜਨ ਸਿੰਘ ਸਾਗਰ, ਸੁਰਿੰਦਰ ਨੀਰ, ਕਮਲਦੀਪ ਸਿੰਘ, ਕੰਵਲ ਕਸ਼ਮੀਰ, ਪ੍ਰੇਮ ਸਿੰਘ ਵਰਗੇ ਸਾਹਿਤਕਾਰਾਂ ਨੇ ਕਸ਼ਮੀਰ ਸੰਕਟ ਨੂੰ ਮੁੱਖ ਰੱਖ ਕੇ ਬਹੁਤ ਖ਼ੂਬਸੂਰਤ ਕਹਾਣੀਆਂ ਲਿਖੀਆਂ ਨੇ। ਮੇਰੀਆਂ ਵੀ ਇਸ ਮਸਲੇ ਬਾਰੇ ਕੁਝ ਕਹਾਣੀਆਂ ਚਰਚਾ ਦਾ ਵਿਸ਼ਾ ਬਣੀਆਂ ਨੇ। ਸਮੁੱਚੇ ਭਾਰਤੀ ਸਾਹਿਤ ਵਿਚ ਇਹ ਕਹਾਣੀਆਂ ਚਰਚਾ ਦਾ ਵਿਸ਼ਾ ਇਸ ਕਰ ਕੇ ਨਹੀਂ ਬਣੀਆਂ ਕਿਉਂਕਿ ਕਸ਼ਮੀਰ ਬਾਰੇ ਅਤੇ ਕਸ਼ਮੀਰ ਦੀ ਕੂੜ ਰਾਜਨੀਤੀ ਬਾਰੇ ਕਸ਼ਮੀਰੋਂ ਬਾਹਰ ਬੜੇ ਭੁਲੇਖੇ ਪਏ ਹੋਏ ਨੇ, ਜਿਨ੍ਹਾਂ ਨੂੰ ਦੂੁਰ ਕਰਨ ਲਈ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਨੂੰ ਸੈਮੀਨਾਰ ਕਰਵਾਉਣੇ ਚਾਹੀਦੇ ਨੇ ਅਤੇ ਉਨ੍ਹਾਂ ਵਿਚ ਇਥੇ ਰਚੇ ਪੰਜਾਬੀ ਸਾਹਿਤ ਨੂੰ ਗੌਲਿਆ ਜਾਣਾ ਚਾਹੀਦੈ। ਇੰਜ ਹੀ ਕਸ਼ਮੀਰੀ ਸਾਹਿਤਕਾਰਾਂ ਨੇ ਅਪਣੇ ਲੋਕਾਂ ਦੀ ਪੀੜਾ ਨੂੰ ਬੜੀ ਗੰਭੀਰਤਾ ਤੇ ਸ਼ਿੱਦਤ ਨਾਲ ਉਭਾਰਿਐ ਪਰ ਉਨ੍ਹਾਂ ਦੀ ਲਿਖਤ ਵਿਚ ਦੁੱਖ-ਦਰਦ ਤੇ ਮਾਯੂਸੀ ਨਾਲ ਜਜ਼ਬਾਤੀਪਣ ਵੀ ਮਿਲਦੈ। 25 ਸਾਲ ਤੋਂ ਚੱਲ ਰਹੇ ਕਸ਼ਮੀਰ ਸੰਕਟ ‘ਤੇ ਲਿਖੀਆਂ ਗਈਆਂ ਕਸ਼ਮੀਰੀ ਰਚਨਾਵਾਂ ਦਾ ਅਨੁਵਾਦ ਬਾਕੀ ਭਾਰਤੀ ਭਾਸ਼ਾਵਾਂ ਵਿਚ ਛਪਣਾ ਲੋਚਦੈ, ਉਸ ‘ਤੇ ਖੁਲ੍ਹ ਕੇ ਗੱਲਬਾਤ ਕਰਨੀ ਬਣਦੀ ਐ ਤਾਂ ਜੋ ਕਸ਼ਮੀਰ ਦੀ ਸਮੱਸਿਆ ਨੂੰ ਸਮਝਿਆ ਜਾਵੇ ਤੇ ਉਸ ਦੇ ਹੱਲ ਲਈ ਸਾਹਿਤਕਾਰ ਅਪਣਾ ਯੋਗਦਾਨ ਪਾ ਸਕਣ।


ਹੁਣ : ਕਸ਼ਮੀਰ ਸੰਕਟ ਸਬੰਧੀ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦਾ ਰੋਲ ਕਿਹੋ ਜਿਹਾ ਲੱਗਾ?
ਖ਼ਾਲਿਦ : ਕਸ਼ਮੀਰ ਸੰਕਟ ਸਬੰਧੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦਾ ਰੋਲ ਬੜਾ ਮਾੜਾ ਤੇ ਇਕਪਾਸੜ ਰਿਹੈ। ਦਿੱਲੀ ਵਿਚ ਦਾਮਨੀ ਬਲਾਤਕਾਰ ਨੂੰ ਸਾਰੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਨੇ ਐਨਾ ਉਭਾਰਿਆ ਕਿ ਪੂਰੇ ਦੇਸ਼ ਵਿਚ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਹੱਕ ਵਿਚ ਜ਼ੋਰਦਾਰ ਤਹਿਰੀਕ ਚੱਲ ਪਈ ਪਰ ਕਸ਼ਮੀਰ ਵਿਚ ਹੋਏ ਸਮੂਹਕ ਬਲਾਤਕਾਰ ਦੀਆਂ ਘਟਨਾਵਾਂ ‘ਤੇ ਮੀਡੀਆ ਨੇ ਚੁੱਪ ਵੱਟੀ ਰੱਖੀ ਐ। ਜਿਵੇਂ ਕਸ਼ਮੀਰ ਦੀ ਔਰਤ, ਔਰਤ ਹੀ ਨਹੀਂ, ਇਸ ਲਈ ਉਸ ਦੀ ਕੋਈ ਇੱਜ਼ਤ ਨਹੀਂ। 2010 ਵਿਚ ਕਸ਼ਮੀਰੀ ਲੋਕਾਈ ਵਲੋਂ ਚਲਾਈ ਗਈ ਭਾਰਤ ਵਿਰੋਧੀ ਐਜੀਟੇਸ਼ਨ ਵਿਚ 120 ਬੱਚੇ (12 ਤੋਂ 25 ਸਾਲ ਦੇ) ਪੱਥਰ ਮਾਰਨ ਦੇ ਜੁਰਮ ਵਿਚ ਭੁੰਨ ਦਿੱਤੇ ਗਏ ਪਰ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੇ ਕੋਈ ਸ਼ੋਰ ਹੰਗਾਮਾ ਨਹੀਂ ਕੀਤਾ। ਮੀਡੀਆ ਦਾ ਪੱਖਪਾਤ ਉਸ ਯੋਜਨਾ ਦਾ ਹਿੱਸਾ ਐ, ਜਿਸ ਤਹਿਤ ਪੂਰੀ ਦੁਨੀਆ ਨੂੰ ਕਸ਼ਮੀਰ ਵਿਚ ਹੋ ਰਹੀਆਂ ਘਟਨਾਵਾਂ ਤੋਂ ਛੁਪਾਉਣੈ। ਇਹ ਸਾਫ਼ ਜ਼ਾਹਰ ਹੈ ਕਿ ਇਸ ਪਾਲਸੀ ਲਈ ਸਰਕਾਰ ਦਾ ਹਦਾਇਤਨਾਮਾ ਵੀ ਸ਼ਾਮਲ ਹੋਵੇਗਾ। ਕਸ਼ਮੀਰ ਵਿਚ ਬਹੁ-ਗਿਣਤੀ ਉਨ੍ਹਾਂ ਲੋਕਾਂ ਦੀ ਐ ਜੋ ਭਾਰਤੀ ਮੀਡੀਆ ਦੀ ਬਜਾਏ ਬੀ.ਬੀ.ਸੀ., ਵਾਇਸ ਆਫ਼ ਅਮਰੀਕਾ ਅਤੇ ਦੂਜੇ ਮੁਲਕਾਂ ਦੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਅਤੇ ਇੰਟਰਨੈਟ ਰਾਹੀਂ ਕਸ਼ਮੀਰ ਦੀਆਂ ਖ਼ਬਰਾਂ ਸੁਣਨਾ ਪਸੰਦ ਕਰਦੇ ਨੇ। ਇਹ ਸਥਿਤੀ ਪਿਛਲੇ 65 ਸਾਲਾਂ ਤੋਂ ਬਣੀ ਹੋਈ ਐ ਅਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਮਾਲਕ ਜਾਂ ਸਰਕਾਰ ਇਸ ਸਥਿਤੀ ਨੂੰ ਬਦਲਣ ਲਈ ਕੋਈ ਕਦਮ ਚੁੱਕਣ ਨੂੰ ਤਿਆਰ ਨਹੀਂ।

ਨਸਰੀਨ ਨਕਾਸ਼, ਸੁਰਜੀਤ ਸਖੀ ਤੇ ਖ਼ਾਲਿਦ ਹੁਸੈਨ – 1986


ਕਸ਼ਮੀਰ ਹਿੰਦ-ਪਾਕਿ ਤੇ ਅਵਾਮ
ਹੁਣ : ਕਸ਼ਮੀਰੀ ਅਵਾਮ ਵਿਚ ਹਿੰਦੁਸਤਾਨ ਪ੍ਰਤੀ ਬੇਗਾਨਗੀ ਦੀ ਭਾਵਨਾ ਪਾਈ ਜਾਂਦੀ ਹੈ। ਇਸ ਭਾਵਨਾ ਦੇ ਪੈਦਾ ਹੋਣ ਦੇ ਕੀ ਕਾਰਨ ਤੇ ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?

ਖ਼ਾਲਿਦ : ਭਾਰਤ ਪ੍ਰਤੀ ਬੇਗਾਨਗੀ ਦਾ ਮੁੱਖ ਕਾਰਨ 1947-48 ਵਿਚ ਕਸ਼ਮੀਰੀਆਂ ਨਾਲ ਕੀਤੇ ਗਏ ਸਮਝੌਤਿਆਂ ਨੂੰ ਕੇਂਦਰੀ ਸਰਕਾਰ ਦਾ ਰੱਦ ਕਰਨੈ। ਦੂਜਾ ਕਾਰਨ ਐ ਕਿ ਕਸ਼ਮੀਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਤੇ ਕਸ਼ਮੀਰ ਬਾਰੇ ਹਰ ਫ਼ੈਸਲਾ ਦਿੱਲੀ ਵਿਚ ਬਹਿ ਕੇ ਕਰਨਾ ਅਤੇ ਲੋਕਾਂ ਦੀ ਨਬਜ਼ ਨਾ ਪਛਾਣਨਾ ਹੈ। ਇਹ ਮੂਲ ਕਾਰਨ ਨੇ ਕਿ ਕਸ਼ਮੀਰੀ ਆਵਾਮ ਭਾਰਤ ਸਰਕਾਰ ਅਤੇ ਲੀਡਰਾਂ ‘ਤੇ ਯਕੀਨ ਨਹੀਂ ਕਰਦੀ। 1947 ਪਿਛੋਂ ਭਾਰਤ ਸਰਕਾਰ ਦੇ ਜਿੰਨੇ ਵੀ ਵਿਭਾਗ ਜੰਮੂ ਕਸ਼ਮੀਰ ਵਿਚ ਕੰਮ ਕਰ ਰਹੇ ਨੇ, ਉਨ੍ਹਾਂ ਵਿਚ ਕਸ਼ਮੀਰੀ ਮੁਸਲਮਾਨਾਂ ਦੀ ਭਰਤੀ ਨਾਂ-ਮਾਤਰ ਹੈ ਜਦਕਿ ਕਸ਼ਮੀਰ ਵਿਚ ਉਨ੍ਹਾਂ ਦੀ ਗਿਣਤੀ 90 ਫ਼ੀਸਦੀ ਤੋਂ ਵੱਧ ਐ ਪਰ ਕੇਂਦਰ ਸਰਕਾਰ ਦੇ ਵਿਭਾਗਾਂ, ਬੈਂਕਾਂ ਅਤੇ ਦੂਜਿਆਂ ਅਦਾਰਿਆਂ ਵਿਚ ਇਹ 2 ਤੋਂ 3 ਫ਼ੀਸਦੀ ਨੇ। ਭਾਰਤ ਸਰਕਾਰ ਦੀਆਂ ਖੂਫ਼ੀਆਂ ਏਜੰਸੀਆਂ ਵਿਚ ਇਨ੍ਹਾਂ ਦਾ ਕੋਈ ਵਜੂਦ ਨਹੀਂ ਐ। ਸੈਕੂਲਰ ਭਾਰਤ ਵਿਚ ਕਸ਼ਮੀਰ ਨੂੰ ਹਿੰਦੂ ਤੇ ਮੁਸਲਮਾਨ ਦੇ ਆਧਾਰ ‘ਤੇ ਸੋਚਣ ਦਾ ਵਤੀਰਾ ਪਿਛਲੇ 66 ਸਾਲਾਂ ਤੋਂ ਜਾਰੀ ਹੈ। ਇਥੇ ਜਿੰਨੀਆਂ ਵੀ ਚੋਣਾਂ ਹੋਈਆਂ ਉਸ ਵਿਚ (1977 ਦੀ ਚੋਣ ਨੂੰ ਛੱਡ ਕੇ) ਫ਼ੌਜ ਅਤੇ ਖੂਫ਼ੀਆ ਏਜੰਸੀਆਂ ਨੂੰ ਵਰਤ ਕੇ ਹਮੇਸ਼ਾ ਅਪਣੀ ਮਰਜ਼ੀ ਦੇ ਉਮੀਦਵਾਰ ਕਾਮਯਾਬ ਕਰਵਾਏ ਜਾਂਦੇ ਰਹੇ ਨੇ। ਮਿਸਾਲ ਵਜੋਂ 1987 ਦੀ ਚੋਣ ਵਿਚ ਜੰਮੂ ਕਸ਼ਮੀਰ ਮੁਸਲਿਮ ਯੂਨਾਈਟਡ ਫ਼ਰੰਟ ਨੇ ਕਸ਼ਮੀਰ ਘਾਟੀ ਵਿਚ 24 ਸੀਟਾਂ ‘ਤੇ ਅਪਣੀ ਬੜਤ ਸਾਬਤ ਕੀਤੀ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਜਿੱਤ ਨੂੰ ਨਕਾਰਦਿਆਂ ਅਪਣੇ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ, ਜਿਸ ਕਾਰਨ ਕਸ਼ਮੀਰ ਵਿਚ ਅਤਿਵਾਦ ਸ਼ੁਰੂ ਹੋਇਆ। ਸਈਅਦ ਸਲਾਹ-ਓ-ਦੀਨ ਅਮੀਰਾ ਕਦਲ ਹਲਕੇ ਤੋਂ ਜਿੱਤ ਰਿਹਾ ਸੀ। ਪਰ ਉਸ ਨੂੰ ਪੁਲੀਸ ਨੇ ਹਵਾਲਾਤ ਵਿਚ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਿਆ। ਇਹ ਉਹੋ ਸਈਅਦ ਸਲਾਹ-ਓ-ਦੀਨ ਐ ਜਿਹੜਾ ਹਿਜ਼ਬਤ-ਉਲ-ਮੁਜਾਹਿਦੀਨ ਦਾ ਮੁਖੀ ਹੈ ਅਤੇ ਯੂਨਾਈਟਡ ਜਹਾਦ ਕੌਂਸਲ ਦਾ ਚੇਅਰਮੈਨ। ਬੇਗ਼ਾਨਗੀ ਦਾ ਇਕ ਕਾਰਨ ਇਹ ਵੀ ਐ ਕਿ ਸੁਰੱਖਿਆ ਬਲਾਂ ਵਲੋਂ ਜਿਹੜਾ ਅਤਿਆਚਾਰ ਕੀਤਾ ਗਿਆ, ਔਰਤਾਂ ਦਾ ਬਲਾਤਕਾਰ, ਮਾਸੂਮ ਤੇ ਬੇਗਨਾਹਾਂ ਦਾ ਜੋ ਕਤਲੇਆਮ ਹੁੰਦੈ, ਉਸ ਬਾਰੇ ਨਾ ਤਾਂ ਕੋਈ ਇੰਕੁਆਇਰੀ ਹੁੰਦੀ ਐ ਅਤੇ ਨਾ ਹੀ ਕੋਈ ਸਜ਼ਾ ਮਿਲਦੀ ਐ। ਨਾ ਹੀ ਭਾਰਤ ਦੇ ਟੈਲੀਵਿਜ਼ਨ ਚੈਨਲ ਇਨ੍ਹਾਂ ਅਤਿਆਚਾਰਾਂ ਬਾਰੇ ਗੱਲ ਕਰਦੇ ਨੇ। ਮਿਸਾਲ ਵਜੋਂ ਕੁਨੱਨ-ਪੋਸ਼ਪੁਰਾ (ਕੁੱਪਵਾੜਾ) ਵਿਚ ਫ਼ੌਜ ਵਲੋਂ 52 ਔਰਤਾਂ ਨਾਲ ਬਲਾਤਕਾਰ (ਫ਼ੌਜ 22 ਕੇਸਾਂ ਦੀ ਪੁਸ਼ਟੀ ਕਰਦੀ ਐ) ਪਰ 22 ਸਾਲ ਗੁਜ਼ਰਨ ਦੇ ਬਾਵਜੂਦ ਅੱਜ ਤਕ ਕਿਸੇ ਨੂੰ ਸਜ਼ਾ ਨਹੀਂ ਮਿਲੀ। ਛੱਤੀਸਿੰਘਪੁਰਾ ਵਿਚ 36 ਬੇਗੁਨਾਹ ਸਿੱਖਾਂ ਦਾ ਕਤਲ, ਪਥਰੀਬਲ ਵਿਚ 5 ਮਸੂਮ ਬੰਦਿਆਂ ਦਾ ਫ਼ੌਜੀਆਂ ਵਲੋਂ ਕਤਲ ਕਰਨਾ ਤੇ ਉਨ੍ਹਾਂ ਨੂੰ ਅਤਿਵਾਦੀ ਦੱਸਣਾ। ਇਸ ਤਰ੍ਹਾਂ ਦੀਆਂ ਬੇਸ਼ੁਮਾਰ ਘਟਨਾਵਾਂ ਦੇ ਸਬੂਤ ਜੰਮੂ-ਕਸ਼ਮੀਰ ਵਿਚ ਤੁਹਾਨੂੰ ਥਾਂ-ਥਾਂ ‘ਤੇ ਮਿਲਣਗੇ। ਨੌਜਵਾਨਾਂ ਦੀ ਗੁਮਸ਼ੁਦਗੀ ਦੇ ਹਜ਼ਾਰਾਂ ਕੇਸ। ਇਹ ਸਾਰੀਆਂ ਗੱਲਾਂ ਕਸ਼ਮੀਰੀਆਂ ਨੂੰ ਮੇਨ ਸਟਰੀਮ ਨਾਲ ਜੁੜਨ ਨਹੀਂ ਦਿੰਦੀਆਂ ਅਤੇ ਕਸ਼ਮੀਰੀ ਇਹ ਸਮਝਦੇ ਨੇ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਹੀਂ ਸਗੋਂ ਇਕ ਕਾਲੋਨੀ ਐ, ਜਿਸ ਉਪਰ ਜਬਰਨ ਕਬਜ਼ਾ ਕੀਤਾ ਗਿਆ ਐ। ਭਾਰਤ ਨੇ ਬੇਗ਼ਾਨਗੀ ਖ਼ਤਮ ਕਰਨ ਲਈ ਕਈ ਕਮਿਸ਼ਨ ਬਣਾਏ ਪਰ ਉਨ੍ਹਾਂ ਦੀਆਂ ਸਿਫ਼ਾਰਸ਼ਾਂ ‘ਤੇ ਕਦੇ ਅਮਲ ਨਹੀਂ ਕੀਤਾ। ਇਸ ਸਥਿਤੀ ਨੂੰ ਖ਼ਤਮ ਕਰਨ ਲਈ ਕਸ਼ਮੀਰੀਆਂ ਦਾ ਦਿਲ ਜਿੱਤਣਾ ਬਹੁਤ ਜ਼ਰੂਰੀ ਐ। ਉਨ੍ਹਾਂ ਅੰਦਰ ਵਿਸ਼ਵਾਸ ਪੈਦਾ ਕਰਨਾ ਵੀ ਜ਼ਰੂਰੀ ਬਣਦਾ ਐ ਕਿ ਉਹ ਬਾਕੀ ਭਾਰਤੀਆਂ ਵਾਂਗ ਇਸ ਦੇਸ਼ ਦੇ ਇੱਜ਼ਤਦਾਰ ਨਾਗਰਿਕ ਨੇ। ਮਸ਼ਹੂਰ ਫਾਰਸੀ ਸ਼ਾਇਰ ਤੇ ਵਿਦਵਾਨ ਸ਼ੇਖ ਸਾਅਦੀ ਕਹਿੰਦਾ ਹੈ, ”ਬੰਦਿਆਂ ਦਾ ਸ਼ਿਕਾਰ ਅਹਿਸਾਨ ਨਾਲ ਕਰੋ।”


ਹੁਣ : ਕਸ਼ਮੀਰੀ ਅਵਾਮ ਜੰਮੂ ਦੀ ਮੁਸਲਿਮ ਅਵਾਮ ਨਾਲ ਕਿੰਨਾ ਕੁ ਮੋਹ ਤੇਹ ਜਤਾਉਂਦੀ ਹੈ?
ਖ਼ਾਲਿਦ : ਕਸ਼ਮੀਰੀ ਕਦੀਮ ਆਰੀਆਈ ਨਸਲ ਵਿਚੋਂ ਨੇ। ਉਨ੍ਹਾਂ ਦੇ ਪੁਰਖੇ ਇਰਾਨ, ਇਰਾਕ, ਤੁਰਕੀ ਅਤੇ ਸੈਂਟਰਲ ਏਸ਼ੀਆ ਤੋਂ ਆ ਕੇ ਕਸ਼ਮੀਰ ਵਿਚ ਆਬਾਦ ਹੋਏ। ਇਨ੍ਹਾਂ ਦੀ ਬੋਲੀ ਵੱਖਰੀ ਐ, ਪਹਿਰਾਵਾ ਵਖਰੈ ਅਤੇ ਸਭਿਆਚਾਰ ਵੱਖਰੈ, ਜੋ ਕਿ ਲੱਦਾਖ਼, ਬਗਿਲਗਿਤ-ਬਲਤਿਸਤਾਨ ਅਤੇ ਜੰਮੂ ਪ੍ਰਾਂਤ ਤੋਂ ਵੱਖਰੈ। ਇੰਜ ਹੀ ਜੰਮੂ ਦਾ ਸਭਿਆਚਾਰ ਵਾਤਾਵਰਣ, ਮੌਸਮ, ਭਾਸ਼ਾ, ਖਾਣ-ਪੀਣ ਅਤੇ ਲਿਬਾਸ ਉਨ੍ਹਾਂ ਕੋਲੋਂ ਵੱਖ ਐ। ਜੰਮੂ ਪ੍ਰਾਂਤ ਦਾ ਮੁਸਲਮਾਨ, ਜੰਮੂ ਦੇ ਹਿੰਦੂਆਂ ਦੇ ਨੇੜੇ ਹੈ। ਉਸ ਦੀ ਭਾਸ਼ਾ ਤੇ ਸਭਿਆਚਾਰ ਅਤੇ ਖਾਣ-ਪਾਣ ਹਿੰਦੂਆਂ ਨਾਲ ਮਿਲਦੈ। ਭਾਸ਼ਾ ਤੇ ਰਹਿਤਲ ਕਾਰਨ ਜੰਮੂ ਦਾ ਮੁਸਲਮਾਨ ਪੰਜਾਬ ਨਾਲ ਜ਼ਿਆਦਾ ਜੁੜਿਆ ਹੋਇਐ ਕਿਉਂਕਿ ਪੁੱਣਛ ਤੋਂ ਲੈ ਕੇ ਕਠੂਏ ਤਕ ਦੀ ਸਾਰੀ ਸਰਹੱਦ ਪੰਜਾਬ ਨਾਲ ਹੀ ਮਿਲਦੀ ਐ। ਉਹ ਭਾਵੇਂ ਭਾਰਤੀ ਪੰਜਾਬ ਹੋਵੇ ਜਾਂ ਪਾਕਿਸਤਾਨੀ ਪੰਜਾਬ। 1947 ਤੋਂ ਪਹਿਲਾਂ ਕਾਰੋਬਾਰ ਅਤੇ ਰੋਟੀ-ਬੇਟੀ ਦੇ ਰਿਸ਼ਤੇ ਪੰਜਾਬ ਨਾਲ ਹੀ ਹੁੰਦੇ ਸਨ। ਇਸ ਅੰਤਰ ਕਾਰਨ ਕਸ਼ਮੀਰੀ, ਜੰਮੂ ਦੇ ਮੁਸਲਮਾਨਾਂ ਨਾਲ ਉਹ ਮੋਹ ਨਹੀਂ ਜਤਾਉਂਦਾ ਜਿਸ ਦਾ ਵੱਡਾ ਕਾਰਨ ਭਾਸ਼ਾਈ ਅਤੇ ਸਭਿਆਚਾਰਕ ਵਿੱਥ ਐ।


ਫਸਾਦ ਦੀ ਸਿਆਸਤ
ਹੁਣ : ਕਸ਼ਮੀਰ ਸੰਕਟ ਲਈ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਕਸ਼ਮੀਰੀ ਆਵਾਮ ਤੇ ਕੇਂਦਰ ਵਿਚਕਾਰਲੀ ਜੰਗ ਹੈ ਪਰ ਪਿਛਲੇ ਸਮੇਂ 2008 ਵਿਚ ਅਮਰਨਾਥ ਭੂਮੀ ਵਿਵਾਦ ਜਾਂ ਹੁਣੇ ਅਗਸਤ 2013 ਵਿਚ ਕਿਸ਼ਤਵਾੜ ਮਸਲਾ। ਇਹ ਦੋਵੇਂ ਮਸਲੇ ਕਸ਼ਮੀਰ ਤੇ ਕੇਂਦਰ ਵਿਚਕਾਰ ਨਹੀਂ ਬਲਕਿ ਇਥੇ ਰਹਿ ਰਹੇ ਹਿੰਦੂ ਤੇ ਮੁਸਲਮਾਨਾਂ ਵਿਚਕਾਰ ਹੋਏ ਹਨ। ਜੋ ਕਸ਼ਮੀਰ ਸੰਕਟ ਨੂੰ ਹੋਰ ਪੇਚੀਦਾ ਬਣਾਉਂਦੇ ਹਨ। ਇਸ ਬਾਰੇ ਕੀ ਵਿਚਾਰ ਨੇ?

ਖ਼ਾਲਿਦ : 2008 ਵਿਚ ਅਮਰਨਾਥ ਭੂਮੀ ਵਿਵਾਦ ਤੇ ਅਗਸਤ 2013 ਵਿਚ ਕਿਸ਼ਤਵਾੜ ਵਿਚ ਹੋਏ ਹਿੰਦੂ-ਮੁਸਲਿਮ ਟਕਰਾਅ ਦਾ ਕਸ਼ਮੀਰ ਸੰਕਟ ਨਾਲ ਕੋਈ ਤਾਲੁੱਕ ਨਹੀਂ ਐ। ਇਹ ਦੋਵੇਂ ਘਟਨਾਵਾਂ ਰਾਜਨੀਤਕ ਫ਼ਾਇਦਿਆਂ ਲਈ ਮਨਸੂਬਾਬੰਦ ਤਰੀਕਿਆਂ ਨਾਲ ਕਰਵਾਈਆਂ ਗਈਆਂ ਸਨ ਤਾਂ ਜੋ ਚੋਣਾਂ ਵਿਚ ਇਕ ਖ਼ਾਸ ਫਿਰਕੇ ਨੂੰ ਇਸ ਦਾ ਫ਼ਾਇਦਾ ਮਿਲੇ ਤੇ ਹੋਇਆ ਵੀ ਇੰਜ ਹੀ। 2008 ਦੀਆਂ ਚੋਣਾਂ ਵਿਚ ਜੰਮੂ ਖੇਤਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰੀ 11 ਸੀਟਾਂ ਮਿਲੀਆਂ ਤੇ ਇਹ ਹਿੰਦੂ ਕਾਰਡ ਖੇਡਣ ਦਾ ਨਤੀਜਾ ਸੀ ਜਦਕਿ ਭਾਰਤੀ ਜਨਤਾ ਪਾਰਟੀ ਜੰਮੂ ਖੇਤਰ ਵਿਚ ਕਦੇ ਵੀ ਤਿੰਨ-ਚਾਰ ਸੀਟਾਂ ਤੋਂ ਵੱਧ ਨਹੀਂ ਜਿੱਤ ਸਕੀ। ਅਮਰਨਾਥ ਦੀ ਗੁਫ਼ਾ ਅਜੇ ਵੀ ਮੌਜੂਦ ਐ ਅਤੇ ਡੇਢ ਸੌ ਸਾਲ ਪਹਿਲਾਂ ਵੀ ਮੌਜੂਦ ਸੀ। ਇਸ ਗੁਫ਼ਾ ਨੂੰ ਸਭ ਤੋਂ ਪਹਿਲਾਂ ਕਸ਼ਮੀਰੀ ਮੁਸਲਮਾਨ ਮਲਿਕ ਨੇ ਲੱਭਿਆ ਸੀ ਤੇ ਉਸ ਖ਼ਾਨਦਾਨ ਨੂੰ ਅਮਰਨਾਥ ਸ਼ਰਾਇਨ ਬੋਰਡ ਬਣਨ ਤੋਂ ਪਹਿਲਾਂ ਤਕ ਚੜ੍ਹਤ ਵਿਚੋਂ ਲਗਾਤਾਰ ਹਿੱਸਾ ਮਿਲਦਾ ਰਿਹਾ। ਅਮਰਨਾਥ ਜਾਣ ਲਈ ਤੇ ਸ਼ਿਵਲਿੰਗ ਦੇ ਦਰਸ਼ਨ ਕਰਾਉਣ ਲਈ ਸਾਰੇ ਮਜ਼ਦੂਰ, ਪਿੱਠੂ ਵਾਲੇ, ਪਾਲਕੀਆਂ ਵਾਲੇ, ਘੋੜਿਆਂ ਵਾਲੇ, ਦੁਕਾਨਾਂ ਤੇ ਹੋਟਲਾਂ ਵਾਲੇ ਸਾਰੇ ਦੇ ਸਾਰੇ ਮੁਸਲਮਾਨ ਨੇ। ਪਿਛਲੇ ਪੰਜੀ ਸਾਲ ਤੋਂ ਕਸ਼ਮੀਰ ਵਿਚ ਲੋਕ ਸਰਕਾਰੀ ਤੇ ਅਤਿਵਾਦ ਦੀ ਬੰਦੂਕ ਦਾ ਸ਼ਿਕਾਰ ਹੋ ਰਹੇ ਨੇ ਪਰ ਉਨ੍ਹਾਂ ਕਦੇ ਵੀ ਅਮਰਨਾਥ ਦੀ ਯਾਤਰਾ ਵਿਚ ਕੋਈ ਰੁਕਾਵਟ ਨਹੀਂ ਪਾਈ ਸਗੋਂ ਲੋਕਾਂ ਨੇ 2008 ਵਿਚ ਇਸ ਭੂਮੀ ਵਿਵਾਦ ਕਾਰਨ ਫਸੇ ਯਾਤਰੀਆਂ ਲਈ ਅਪਣੇ ਪੈਸਿਆਂ ਨਾਲ ਲੰਗਰ ਲਾਏ ਤੇ ਯਾਤਰੀਆਂ ਦੀ ਪੂਰੀ ਹਿਫ਼ਾਜ਼ਤ ਕੀਤੀ। ਇਨ੍ਹਾਂ ਗੱਲਾਂ ਨੂੰ ਕੌਮੀ ਮੀਡੀਆ ਤੇ ਖ਼ਾਸ ਕਰ ਕੱਟੜ ਹਿੰਦੂ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਨੇ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ। ਉਸ ਵੇਲੇ ਜੰਮੂ ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਐਮ.ਐਲ.ਏ. ਆਸ਼ੋਕ ਖਜੂਰੀਆ ਨੇ ਕਸ਼ਮੀਰ ਲਈ ਭੇਜੀ ਜਾ ਰਹੀ ਰਸਦ ਅਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਭਰੇ ਟਰੱਕ ਜੰਮੂ ਵਿਚ ਹੀ ਰੋਕ ਲਏ ਅਤੇ ਕਸ਼ਮੀਰ ਦਾ ਆਰਥਕ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਪਤਾ ਚਲਦੈ ਕਿ ਕਸ਼ਮੀਰ ਭਾਰਤ ਦਾ ਕਿੰਨਾ ਅਟੁੱਟ ਅੰਗ ਐ। ਕਿਸ਼ਤਵਾੜ ਵਿਚ ਈਦ ਵਾਲੇ ਦਿਨ ਇਕ ਨਿੱਕੇ ਜਿਹੇ ਵਿਵਾਦ ‘ਤੇ ਹਿੰਦੂਆਂ ਨੇ ਈਦਗਾਹ ਵਿਚ ਪਥਰਾਅ ਸ਼ੁਰੂ ਕੀਤਾ। ਮੁਸਲਮਾਨ ਵੀ ਜਲੂਸ ਬਣਾ ਕੇ ਬਾਜ਼ਾਰ ਵੱਲ ਨਿਕਲੇ ਤੇ ਉਨ੍ਹਾਂ ਹਿੰਦੂਆਂ ਦੀਆਂ ਸਾਰੀਆਂ ਦੁਕਾਨਾਂ ਫੂਕ ਛੱਡੀਆਂ। ਦੁਕਾਨਾਂ ਵਿਚ ਮਾਲ ਤਾਂ ਹਿੰਦੂਆਂ ਦਾ ਸੀ ਪਰ ਦੁਕਾਨਾਂ ਦੇ ਮਾਲਕ ਮੁਸਲਮਾਨ ਸਨ। ਦੋ ਹੋਟਲ, ਪੈਟਰੋਲ ਪੰਪ ਅਤੇ ਕਈ ਮਕਾਨ ਮੁਸਲਮਾਨਾਂ ਦੇ ਫੂਕੇ। ਦੋ ਮੁਸਲਮਾਨ ਤੇ ਇਕ ਹਿੰਦੂ ਬੜੀ ਬੇ-ਰਹਿਮੀ ਨਾਲ ਇਕ ਦੂਜੇ ਨੇ ਮਾਰੇ। ਪਰ ਹਿੰਦੂ ਸੰਸਥਾਵਾਂ ਅਤੇ ਖ਼ਾਸਕਰ ਭਾਜਪਾ ਨੇ ਚੋਖਾ ਵਾਵਰੋਲਾ ਪਾਇਆ। ਉਨ੍ਹਾਂ ਦੇ ਲੀਡਰ ਕਿਸ਼ਤਵਾੜ ਵੱਲ ਚਲ ਪਏ ਪਰ ਕੋਈ ਉਨ੍ਹਾਂ ਨੂੰ ਪੁੱਛੇ ਕਿ ਦੇਸ਼ ਵਿਚ ਕਿੰਨੇ ਹੀ ਫਿਰਕੂ ਫਸਾਦਾਂ ਵਿਚ ਅਕਲੀਅਤ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਹ ਉਥੇ ਕਿਉਂ ਨਹੀਂ ਪਹੁੰਚਦੇ। ਇਹ ਸਭ ਕੁਝ ਬਿਆਨ ਕਰਨ ਦਾ ਮੇਰਾ ਮਤਲਬ ਇਹ ਸਾਬਤ ਕਰਨੈ ਕਿ ਦੋਵੇਂ ਥਾਵਾਂ ਦੇ ਫਸਾਦ ਰਾਜਨੀਤਕ ਫ਼ਾਇਦੇ ਲਈ ਹੀ ਹੋਏ ਸਨ।


ਛੱਟੀਸਿੰਘਪੁਰਾ ਦਾ ਸੱਚ
ਹੁਣ : ਉਨ੍ਹੀਂ ਦਿਨੀਂ ਹੀ ਪੁਲਵਾਮਾ ਜ਼ਿਲ੍ਹੇ ਦੀ ਤਹਿਸੀਲ ਤਰਾਲ ਦੇ ਪਿੰਡ ਛੱਟੀਸਿੰਘਪੁਰਾ ਪਿੰਡ ਵਿਚ 36 ਸਿੱਖਾਂ ਦਾ ਕਤਲੇਆਮ ਹੋਇਆ ਸੀ। ਤੁਹਾਡੇ ਮੁਤਾਬਕ ਇਸ ਦਰਦਨਾਕ ਕਤਲਕਾਂਡ ਦਾ ਸੱਚ ਕੀ ਹੈ?

ਖ਼ਾਲਿਦ : ਹਾਂ, ਇਹ ਸ਼ਹੀਦੀ ਕਾਂਡ ਕਸ਼ਮੀਰ ਘਾਟੀ ਦੇ ਜ਼ਿਲ੍ਹਾ ਪੁਲਵਾਮਾ ਦੀ ਤਹਿਸੀਲ ਤਰਾਲ ਵਿਚ ਹੋਇਆ ਸੀ। ਜਿਥੇ ਸਿੱਖਾਂ ਦੇ ਕਈ ਪਿੰਡ ਨੇ ਜਿਨ੍ਹਾਂ ਵਿਚ ਇਕ ਪਿੰਡ ਦਾ ਨਾਂ ਐ ਛੱਟੀਸਿੰਘਪੁਰਾ। ਕਸ਼ਮੀਰ ਦੀ ਸਿੱਖ ਸੰਗਤ ਅਤੇ ਕਸ਼ਮੀਰ ਦੇ ਮੁਸਲਮਾਨਾਂ ਦਾ ਇਹ ਇਲਜ਼ਾਮ ਐ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਭਾਰਤੀ ਫ਼ੌਜੀ ਸਨ ਜਾਂ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਮੁਖ਼ਬਰ ਤੇ ਸਰਕਾਰੀ ਖਾੜਕੂ (ਇਖ਼ਵਾਨੀ)। ਕਸ਼ਮੀਰੀ ਜਨਤਾ ਅਤੇ ਪੂਰੇ ਭਾਰਤ ਦੇ ਸਿੱਖਾਂ ਦੀ ਪੁਰਜ਼ੋਰ ਮੰਗ ਦੇ ਬਾਵਜੂਦ ਭਾਰਤ ਸਰਕਾਰ ਜਾਂ ਰਿਆਸਤੀ ਸਰਕਾਰ ਨੇ ਇਸ ਕਾਂਡ ਦੀ ਅਦਾਲਤੀ ਜਾਂਚ ਨਹੀਂ ਕਰਵਾਈ ਅਤੇ ਜਦੋਂ ਅਮਰੀਕਾ ਦਾ ਪ੍ਰਧਾਨ ਭਾਰਤ ਆਇਆ ਸੀ ਤਾਂ ਉਸ ਨੇ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਇਹ ਕਿਹਾ ਸੀ ਕਿ ”ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਛੱਟੀਸਿੰਘਪੁਰਾ ਦੇ ਸਿੱਖਾਂ ਨੂੰ ਕਿਸ ਨੇ ਮਾਰਿਐ ਪਰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾਂ ਕਿ ਉਹ ਬੇਗੁਨਾਹ ਮੇਰੇ ਕਾਰਨ ਮਰੇ ਨੇ।” ਇਹ ਗੱਲ ਕਹਿ ਕਿ ਅਮਰੀਕੀ ਪ੍ਰਧਾਨ ਨੇ ਬਹੁਤ ਕੁਝ ਕਹਿ ਦਿੱਤਾ ਸੀ।


ਹੁਣ : ਸੰਤਾਲੀ ਵਿਚ ਤੁਸੀਂ ਬਾਕੀ ਮੁਸਲਮਾਨਾਂ ਵਾਂਗ ਪਾਕਿਸਤਾਨ ਨਹੀਂ ਜਾ ਸਕੇ। ਤੁਸੀਂ ਇਥੇ ਜੰਮੂ ਵਿਚ ਰਹਿ ਕੇ ਆਪਣੇ ਜੀਵਨ ਪੰਧ ਨੂੰ ਸਫ਼ਲ ਮੰਨਦੇ ਹੋ ਜਾਂ ਫਿਰ ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਪਾਕਿਸਤਾਨ ਵਿਚ ਜ਼ਿਆਦਾ ਸਫ਼ਲ ਹੋਣਾ ਸੀ?
ਖ਼ਾਲਿਦ : ਜੋ ਲੋਕ 1947 ਵਿਚ ਮੌਤ ਕੋਲੋਂ ਡਰਦੇ ਅਤੇ ਆਪਣੇ ਜਾਨ-ਮਾਲ ਦੀ ਹਿਫ਼ਾਜਤ ਲਈ ਪਾਕਿਸਤਾਨ ਚਲੇ ਗਏ, ਉਹ ਬੜੀਆਂ ਮੁਸੀਬਤਾਂ, ਪ੍ਰੇਸ਼ਾਨੀਆਂ ਤੇ ਸੰਘਰਸ਼ ਵਿਚੋਂ ਲੰਘ ਕੇ ਉਥੇ ਆਪਣੀ ਹੋਂਦ ਕਾਇਮ ਕਰ ਸਕੇ ਪਰ ਸਾਡੀ ਤਬਾਹੀ ਤਾਂ ਪਹਿਲਾਂ ਹੀ ਇਧਰ ਹੋ ਚੁੱਕੀ ਸੀ। ਪਿਉ, ਦਾਦਾ, ਚਾਚੇ ਤੇ ਹੋਰ ਰਿਸ਼ਤੇਦਾਰ ਸਭ ਕਤਲ ਹੋ ਚੁੱਕੇ ਸਨ। ਘਰ-ਬੂਹਾ ਸਾੜ ਫੂਕ ਦਿੱਤਾ ਗਿਆ ਸੀ। ਅਸੀਂ ਮਿੱਟੀ ਦੀ ਢੇਰੀ ‘ਤੇ ਬੈਠੇ ਸੀ। ਘਰ ਦਾ ਕੋਈ ਵੱਡਾ ਜੀਅ ਨਹੀਂ ਸੀ ਜਿਸ ਦਾ ਸਹਾਰਾ ਹੁੰਦਾ। ਅਜਿਹੀ ਹਾਲਤ ਵਿਚ ਅਸੀਂ ਪਾਕਿਸਤਾਨ ਜਾ ਕੇ ਕੀ ਲੈਣਾ ਸੀ। ਇਸ ਲਈ ਅਸੀਂ ਜੰਮੂ ਕਸ਼ਮੀਰ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ ਤੇ ਅਪਣੀ ਜ਼ਿੰਦਗੀ ਦਾ ਆਗ਼ਾਜ਼ ਜ਼ੀਰੋ ਤੋਂ ਸ਼ੁਰੂ ਕੀਤਾ। ਸੰਘਰਸ਼ਮਈ ਜ਼ਿੰਦਗੀ ਗੁਜ਼ਾਰੀ ਅਤੇ ਅਪਣੀ ਮਿਹਨਤ ਤੇ ਲਗਨ ਸਦਕਾ ਜੀਵਨ ਨੂੰ ਖੁਸ਼ਹਾਲ ਬਣਾਇਆ। ਸਾਡਾ ਪਾਕਿਸਤਾਨ ਨਾ ਜਾਣਾ ਹੀ ਸਾਡੀ ਕਾਮਯਾਬੀ ਤੇ ਖ਼ੁਸ਼ਹਾਲੀ ਦਾ ਕਾਰਨ ਬਣਿਆ। ਅਪਣੇ ਹਿੰਦੂ ਤੇ ਸਿੱਖ ਭਰਾਵਾਂ ਨਾਲ ਰਹਿ ਕੇ ਅਸਾਂ ਮੁੜ 1947 ਤੋਂ ਪਹਿਲਾਂ ਦੀ ਰਹਿਤਲ ਨੂੰ ਜ਼ਿੰਦਾ ਰੱਖਿਆ। ਅਸੀਂ ਤਾਲੀਮ, ਗਿਆਨ, ਆਰਥਕ, ਸਮਾਜਕ ਤੇ ਰਾਜਨੀਤਕ ਤੌਰ ‘ਤੇ ਉਨ੍ਹਾਂ ਲੋਕਾਂ ਕੋਲੋਂ ਬਹੁਤ ਅੱਗੇ ਹਾਂ ਜਿਹੜੇ 1947 ਤੋਂ ਪਹਿਲਾਂ ਜੰਮੂ-ਕਸ਼ਮੀਰ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਇਸ ਲਈ ਸਾਨੂੰ ਕੋਈ ਅਫ਼ਸੋਸ ਨਹੀਂ ਐ, ਸਗੋਂ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਭਾਰਤ ਵਿਚ ਰਹਿੰਦਿਆਂ ਹੋਇਆ ਇੱਜ਼ਤ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਆਂ। ਬਾਕੀ ਮਾੜੀਆਂ ਮੋਟੀਆਂ, ਪ੍ਰੇਸ਼ਾਨੀਆਂ ਅਤੇ ਰਾਜਨੀਤਕ ਕੂੜ ਤਮਾਸ਼ੇ ਤਾਂ ਹਰ ਥਾਂ ਚਲਦੇ ਰਿਹਾ ਕਰਦੇ ਨੇ।


ਜੰਮੂ ਕਸ਼ਮੀਰ ਵਿਚ ਪੰਜਾਬੀ
ਹੁਣ : ਜੰਮੂ-ਕਸ਼ਮੀਰ ਦੇ ਸੰਦਰਭ ਵਿਚ ਤੁਸੀਂ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ ਲੈ ਕੇ ਕੀ ਸਮਝਦੇ ਹੋ? ਇਸ ਦਾ ਭਵਿੱਖ ਉਜਵਲ ਹੈ ਜਾਂ ਫਿਰ ਗਲੋਬਲਾਈਜ਼ੇਸ਼ਨ ਕਾਰਨ ਇਹ ਭਾਸ਼ਾ ਜੰਮੂ-ਕਸ਼ਮੀਰ ਵਿਚ ਦਮ ਤੋੜ ਰਹੀ ਹੈ?

ਖ਼ਾਲਿਦ : ਜੰਮੂ-ਕਸ਼ਮੀਰ ਵਿਚ 1941 ਦੀ ਜਨਗਣਨਾ ਅਨੁਸਾਰ ਪੰਜਾਬੀ ਪਹਿਲੇ ਨੰਬਰ ‘ਤੇ ਸੀ ਅਤੇ ਕਸ਼ਮੀਰੀ ਦੂਜੇ ਨੰਬਰ ‘ਤੇ ਪਰ ਇਸ ਲਿਪੀ ਦੇ ਪੁਆੜੇ ਕਾਰਨ ਅੱਜ ਜੰਮੂ-ਕਸ਼ਮੀਰ ਵਿਚ ਪਹਿਲੇ ਨੰਬਰ ‘ਤੇ ਕਸ਼ਮੀਰੀ, ਦੂਜੇ ਨੰਬਰ ‘ਤੇ ਡੋਗਰੀ, ਤੀਜੇ ਨੰਬਰ ‘ਤੇ ਪਹਾੜੀ, ਚੌਥੇ ਨੰਬਰ ‘ਤੇ ਗੋਜਰੀ ਆਉਂਦੀ ਐ ਜਦਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 2011 ਦੀ ਜਨਗਣਨਾ ਮੁਤਾਬਕ ਕੇਵਲ ਡੇਢ ਲੱਖ ਦਸੀ ਗਈ ਐ। ਇਸ ਤੋਂ ਇਹ ਸਪਸ਼ੱਟ ਹੁੰਦਾ ਐ ਕਿ ਜਨਗਣਨਾ ਵਾਲਿਆਂ ਨੇ ਸਿਰਫ਼ ਸਿੱਖਾਂ ਨੂੰ ਹੀ ਪੰਜਾਬੀ ਮੰਨਿਆ ਐ ਤੇ ਇਹ ਗੱਲ ਠੀਕ ਨਹੀਂ ਐ। ਮੇਰੀ ਜਾਚੇ ਅੱਜ ਵੀ ਪੰਜਾਬੀ ਅਤੇ ਪੰਜਾਬੀ ਘਰਾਣੇ ਦੀਆਂ ਬੋਲੀਆਂ ਗੋਜਰੀ, ਪਹਾੜੀ ਬੋਲਣ ਵਾਲਿਆਂ ਦੀ ਗਿਣਤੀ ਜੰਮੂ ਕਸ਼ਮੀਰ ਵਿਚ ਸਭ ਤੋਂ ਜ਼ਿਆਦੈ। ਇਹ ਭਾਸ਼ਾ ਕਦੇ ਨਹੀਂ ਮਰ ਸਕਦੀ, ਜਦੋਂ ਤਕ ਇਸ ਨੂੰ ਅਤੇ ਇਸ ਦੀਆਂ ਉਪ-ਭਾਸ਼ਾਵਾਂ ਨੂੰ ਬੋਲਣ ਵਾਲੇ ਅਪਣੇ ਘਰਾਂ ਵਿਚ ਇਸ ਦੀ ਵਰਤੋਂ ਜਾਰੀ ਰੱਖਣਗੇ। ਬੇਸ਼ੱਕ ਉਹ ਗੁਰਮੁਖੀ ਨਾ ਲਿਖ ਪੜ੍ਹ ਸਕਦੇ ਹੋਣ ਪਰ ਬੋਲਦੇ ਸਾਰੇ ਪੰਜਾਬੀ ਹੀ ਨੇ। ਜਦੋਂ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਵਿਚ ਪੰਜਾਬੀ ਲਿਖਣੀ ਬੰਦ ਹੋ ਜਾਵੇਗੀ ਅਤੇ ਲੋਕੀਂ ਘਰਾਂ ਵਿਚ ਪੰਜਾਬੀ ਬੋਲਣੀ ਬੰਦ ਕਰ ਦੇਣਗੇ ਤੇ ਉਸ ਦਾ ਪ੍ਰਭਾਵ ਜੰਮੂ ਕਸ਼ਮੀਰ ‘ਤੇ ਵੀ ਪਵੇਗਾ, ਜੋ ਮੇਰੀ ਸੋਚ ਮੁਤਾਬਕ ਅਸੰਭਵ ਐ।


ਹੁਣ : ਇਥੇ ਅਕੈਡਮੀਆਂ, ਸਭਾਵਾਂ ਜਾਂ ਯੂਨੀਵਰਸਿਟੀਆਂ ਦਾ ਕੀ ਕੀ ਰੋਲ ਹੈ ਜਾਂ ਉਹ ਆਪਣਾ ਕੰਮ ਸਹੀ ਕਰ ਰਹੀਆਂ ਹਨ?
ਖ਼ਾਲਿਦ : ਰਿਆਸਤ ਦੀ ਕਲਚਰ ਅਕੈਡਮੀ ਅੱਠ ਭਾਸ਼ਾਵਾਂ ਵਿਚ ਮਾਸਿਕ ਪਰਚੇ ਕਢਦੀ ਐ ਜਿਸ ਵਿਚ ਉਨ੍ਹਾਂ ਭਾਸ਼ਾਵਾਂ ਦੇ ਸਾਹਿਤਕਾਰ, ਖੋਜਕਾਰਾਂ ਤੇ ਸ਼ਾਇਰਾਂ ਦੀਆਂ ਰਚਨਾਵਾਂ ਛਪਦੀਆਂ ਨੇ। ਪਰ ਇਨ੍ਹਾਂ ਦਾ ਕੰਮਕਾਰ ਸੰਤੋਖਜਨਕ ਨਹੀਂ। ਇਨ੍ਹਾਂ ਦੇ ਪ੍ਰੋਗਰਾਮ ਕੰਮ ਟਪਾਊ ਅਤੇ ਟੀਚੇ ਪੂਰੇ ਕਰਨ ਵਾਲੇ ਹੁੰਦੇ ਨੇ। ਏਹੀ ਹਾਲ ਪੰਜਾਬੀ ਭਾਸ਼ਾ ਦਾ ਵੀ ਐ। ਜੰਮੂ ਕਸ਼ਮੀਰ ਕਲਚਰ ਅਕੈਡਮੀ ਨੇ ਸੱਤ ਸਾਲਾਂ ਮਗਰੋਂ 2013 ਵਿਚ ਇਕ ਪੰਜਾਬੀ ਕਾਨਫ਼ਰੰਸ ਕਰਵਾਈ। ਉਹ ਵੀ ਅਧਿਕਾਰੀਆਂ ਦੇ ਪਿਛੇ ਲੱਗ-ਲੱਗ ਕੇ। ਮਾਇਕ ਸਹਾਇਤਾ ਨਾ ਹੋਣ ਕਾਰਨ ਸਭਾਵਾਂ ਵੀ ਪੰਜਾਬੀ ਲਈ ਕੋਈ ਸੰਜੀਦਾ ਕੰਮ ਨਹੀਂ ਕਰ ਰਹੀਆਂ। ਸਾਲ ਵਿਚ ਇਕ ਅੱਧ ਪ੍ਰੋਗਰਾਮ ਕਰਵਾਉਣ ਨਾਲ ਪੰਜਾਬੀ ਨੂੰ ਕੋਈ ਲਾਭ ਨਹੀਂ ਹੋ ਸਕਦਾ। ਇੰਜ ਹੀ ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਚਾਲੀ ਸਾਲਾਂ ਵਿਚ ਕੁਝ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਅਦਬੀ ਸੰਗਤ ਵਿਚ ਜਿਹੜੇ ਵਿਦਵਾਨ ਬਾਹਰੋਂ ਆਉਂਦੇ ਹਨ ਉਨ੍ਹਾਂ ਦਾ ਲੈਕਚਰ ਪੰਜਾਬੀ ਵਿਭਾਗ ਵੀ ਕਰਵਾਏ ਪਰ ਇਹ ਨਹੀਂ ਹੁੰਦਾ। ਹੁਣ ਕੁਝ ਨਵੇਂ ਬੱਚੇ ਪੜ੍ਹਨ ਤੇ ਲਿਖਣ ਲੱਗੇ ਹਨ। ਵਿਭਾਗ ਵਿਚ ਮੇਰੇ ਉਪਰ ਦੋ ਐਮ.ਫਿਲਾਂ. ਡਾ. ਨਸਰਾਲੀ ਅਧੀਨ ਹੋ ਰਹੀਆਂ ਹਨ। ਪੰਜਾਬੀ ਲੇਖਕ ਸਭਾ ਜੰਮੂ (ਰਜਿ.) ਵਿਚ ਹੁਣ ਵਿਭਾਗ ਦੇ ਨਵੇਂ ਮੁੰਡੇ ਕੁੜੀਆਂ ਅਹੁਦੇਦਾਰ ਬਣੇ ਹਨ। ਆਸ ਹੈ ਕਿ ਉਹ ਵਧੀਆ ਕੰਮ ਕਰਨਗੇ।


ਹੁਣ : ਤੁਸੀਂ ਸ਼ਾਹਮੁਖੀ ਵੀ ਜਾਣਦੇ ਓ ਤੇ ਗੁਰਮੁਖੀ ਵੀ। ਫੇਰ ਤੁਸੀਂ ਅਨੁਵਾਦ ਕਾਰਜ ਕਿੰਨਾ ਕੁ ਕੀਤਾ?
ਖ਼ਾਲਿਦ : ਅਨੁਵਾਦ ਕੀਤੈ ਮੈਂ ਪਰ ਕਹਿ ਸਕਨਾਂ, ਓਨਾ ਨਈਂ। ਛੋਟੀਆਂ-ਮੋਟੀਆਂ ਕਹਾਣੀਆਂ ਕਰ ਲਈਆਂ, ਕਸ਼ਮੀਰੀ, ਉਰਦੂ ਵਿੱਚੋਂ ਪੰਜਾਬੀ ਵਿਚ ਤੇ ਏਸੇ ਤਰ੍ਹਾਂ ਪੰਜਾਬੀ ਦੀਆਂ ਅਨੁਵਾਦ ਕੀਤੀਆਂ ਨੇ। ਹਾਂ! ਵੱਡਾ ਕੰਮ ਮੈਂ ਤਾਮਿਲ ਨਾਵਲ, ਨਾਵਲ ਕੀ ਟੈਬਲਟ ਐ, ਓਹਦਾ ਕੀਤੈ, ਤਾਮਿਲ ਜ਼ੁਬਾਨ ਦਾ ਇਹ ਨਾਵਲ ਬਹੁਤ ਖ਼ੂਬਸੂਰਤ ਐ, ਕਰੀਬ 2000 ਸਾਲ ਪੁਰਾਣਾ। 45 ਜ਼ੁਬਾਨਾਂ ਵਿਚ ਇਹ ਅਨੁਵਾਦ ਹੋ ਚੁੱਕੈ। ਮੈਂ ਇਹਦਾ ਪੰਜਾਬੀ ਵਿੱਚ ਤਰਜਮਾ ਕੀਤਾ, ਸ਼ਾਹਮੁਖੀ ਵਿੱਚ ਵੀ ਤੇ ਗੁਰਮੁਖੀ ਵਿਚ ਵੀ। ਇਹਦਾ ਅਸਲ ਨਾਂ ਤਾਂ ਇਸ ਵੇਲੇ ਮੈਨੂੰ ਚੇਤੇ ਨਹੀਂ ਆ ਰਿਹਾ ਪਰ ਮੈਂ ਅਪਣੇ ਅਨੁਵਾਦ ਕੀਤੇ ਨਾਵਲ ਦਾ ਨਾਂ ‘ਝਾਂਜਰ ਦੀ ਚੀਖ’ ਰੱਖਿਆ। ਅਸਲ ਵਿੱਚ ਰਾਜੇ ਦੀ ਬੀਵੀ ਦੀ ਝਾਂਜਰ ਗੁਆਚ ਜਾਂਦੀ ਐ। ਉਹ ਲਭਦਾ ਲਭਦਾ ਬਰਬਾਦ ਹੋ ਜਾਂਦੈ ਤੇ ਇਕ ਦਿਨ ਸੁਨਿਆਰਾ ਉਹਨੂੰ ਲਿਆ ਕੇ ਦਿੰਦੈ। ਰਾਜੇ ਦੇ ਪੁੱਤਰਾਂ ਦਾ ਕੰਮ ਸੀ ਇਹ ਤੇ ਇਸ ਦੁੱਖ ਵਿੱਚ ਰਾਜੇ ਦੀ ਬੀਵੀ ਜੋ ਵਿਰਲਾਪ ਕਰਦੀ ਐ, ਬਸ ਇਸੇ ‘ਤੇ ਸਾਰੀ ਕਹਾਣੀ ਚਲਦੀ ਐ। ਤੁਸੀਂ ਕਮਾਲ ਦੇਖੋ ਇਸ ਨਾਵਲ ਦੀ, 2000 ਸਾਲ ਪਹਿਲਾਂ ਦਾ ਕਲਚਰ ਇਹਦੇ ਵਿੱਚੋਂ ਝਲਕਦੈ, ਬਈ ਕਿਸ ਤਰ੍ਹਾਂ ਜਗੀਰਦਾਰ ਨੱਚਣ ਵਾਲੀਆਂ ‘ਤੇ ਪੈਸੇ ਲੁਟਾਉਂਦੇ ਸਨ। ਜੇ ਔਰਤ ਦੇ ਬੱਚਾ ਹੋਣ ਵਾਲੈ ਤਾਂ ਅਹਿਤਿਆਤੀ ਉਹਨੂੰ ਉਠਣ-ਬੈਠਣ ਦਾ ਦਸਿਆ ਜਾਂਦੈ। ਭਾਵ ਇਹ ਕਿ ਤੁਹਾਨੂੰ ਉਸ ਵੇਲੇ ਦੇ ਸਭਿਆਚਾਰ ਦੀ ਤਸਵੀਰ ਸਾਫ਼ ਨਜ਼ਰ ਆਉਂਦੀ ਹੈ। ਇਹੀ ਇਸ ਨਾਵਲ ਦੀ ਖ਼ੂਬਸੂਰਤੀ ਐ।
ਹੁਣ : ਤੁਹਾਡੇ ਕੋਲ ਤਾਂ ਬਹੁਤ ਮੌਕਾ ਸੀ ਅਨੁਵਾਦ ਕਰਨ ਦਾ ਤੇ ਤੁਸੀਂ ਇਸ ਪਾਸੇ ਬਹੁਤਾ ਧਿਆਨ ਕਿਉਂ ਨਹੀਂ ਦਿੱਤਾ?
ਖ਼ਾਲਿਦ : ਤੁਹਾਨੂੰ ਮੈਂ ਜਿਵੇਂ ਦੱਸਿਐ ਕਿ ਕੁਝ ਕਹਾਣੀਆਂ ਕੀਤੀਆਂ ਪਰ ਮੈਂ ਸਮਝਦਾ ਪਈ ਸਾਡੇ ਇਧਰ ਕੋਈ ਉਚੇਚ ਨਹੀਂ ਹੋਇਆ। ਹੁਣ ਤੁਸੀਂ ਦੇਖੋ ਪਾਕਿਸਤਾਨ ਵਿੱਚ ਐਮ.ਏ. ਕਰਨ ਲਈ ਗੁਰਮੁਖੀ ਦਾ ਪਰਚਾ ਪਾਸ ਕਰਨਾ ਲਾਜ਼ਮੀ ਐ, ਪਹਿਲਾਂ ਇਹ ਆਪਸ਼ਨਲ ਸੀ। ਤੇ ਹੁਣ ਜਿਹੜੇ ਨਵੇਂ ਮੁੰਡੇ ਨੇ ਬਹੁਤ ਚੰਗੀ ਤਰ੍ਹਾਂ ਗੁਰਮੁਖੀ ਵੀ ਜਾਣਦੇ ਨੇ ਤੇ ਸ਼ਾਹਮੁਖੀ ਵੀ। ਉਧਰ ਪਾਸੇ ਅਨੁਵਾਦ ਦਾ ਬਹੁਤ ਕੰਮ ਹੋ ਰਿਹਾ ਹੈ। ਤੁਸੀਂ ਹੈਰਾਨ ਹੋਵੋਗੇ, ਮੈਂ ਵਰਿਆਮ ਸੰਧੂ ਦਾ ਕਹਾਣੀ ਸੰਗ੍ਰਹਿ ‘ਦਲਦਲ’ ਉਥੋਂ ਸ਼ਾਹਮੁਖੀ ਵਿੱਚ ਖ਼ਰੀਦ ਕੇ ਲਿਆਂਦਾ। ਸ਼ਿਵ ਕੁਮਾਰ ਬਟਾਲਵੀ ਟੋਟਲ ਓਧਰੋਂ ਖ਼ਰੀਦਿਐ ਹੈਂਜੀ, ਅੰਮ੍ਰਿਤਾ ਪ੍ਰੀਤਮ ਦਾ ਸਾਰਾ ਕੰਮ ਉਧਰੋਂ ਖ਼ਰੀਦਿਐ। ਹੋਰ ਸੁਣੋ, ਗੁਰਦਿਆਲ ਸਿੰਘ ਦਾ ‘ਮੜੀ ਦਾ ਦੀਵਾ’ ਵੀ ਮੈਂ ਉਧਰੋਂ ਲੈ ਕੇ ਆਇਆ ਸਾਂ। ਉਧਰ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਇਕ ਪ੍ਰੋਫ਼ੈਸਰ ਐ ਨਵੀਲਾ, ਉਹ ਗੁਰਮੁਖੀ ਵਿੱਚ ਅਨੁਵਾਦ ਕਰ ਕੇ ਇਧਰ ਭੇਜਦੀ ਐ। ਮੈਂ ਸਮਝਨਾ, ਇਧਰ ਵੀ ਸ਼ਾਹਮੁਖੀ ਲਾਜ਼ਮੀ ਹੋਣੀ ਚਾਹੀਦੀ ਐ। ਇਹ ਜੋ ਦੀਵਾਰਾਂ ਖੜੀਆਂ ਨੇ, ਇਹ ਤੁਸੀਂ ਦੇਖੋ ਇਕ ਦਿਨ ਟੁੱਟਣਗੀਆਂ ਜ਼ਰੂਰ।


ਭਾਸ਼ਾ ਵਿਚ ਦਖ਼ਲ
ਹੁਣ : ਪੰਜਾਬੀ ਵਿਚ ਦੂਸਰੀਆਂ ਭਾਸ਼ਾਵਾਂ ਦੇ ਵਧਦੇ ਦਖ਼ਲ ਬਾਰੇ ਤੁਹਾਡਾ ਕੀ ਖ਼ਿਆਲ ਐ?

ਖ਼ਾਲਿਦ : ਦੇਖੋ ਅਸੀਂ ਕੀ ਕਰ ਰਹੇ ਆਂ। ਅਸੀਂ ਸੰਸਕ੍ਰਿਤ ਦੇ ਸ਼ਬਦਾਂ ਦੀ ਏਨੀ ਵਰਤੋਂ ਪਏ ਕਰਨੇ ਆਂ ਕਿ ਪੰਜਾਬੀ ਵਿਚੋਂ ਲਭਣੀ ਪੈਂਦੀ ਏ। ਦੇਖੋ, ਸਾਡੇ ਇਧਰ ਕਹਿਣਗੇ ਫਲਾਣੀ ਥਾਂ ਦਾ ਉਦਘਾਟਨ ਸਮਾਰੋਹ। ਨਾ ਹੁਣ ਉਦਘਾਟਨ ਸਾਡਾ ਲਫ਼ਜ਼ ਐ, ਤੇ ਨਾ ਈ ਸਮਾਰੋਹ। ਸਾਡੇ ਕੋਲ ਬੜਾ ਸੋਹਣਾ ਲਫ਼ਜ਼ ਐ ‘ਚੱਠ’। ਸਾਡੇ ਆਲੋਚਕਾਂ ਨੇ ਸਤਿਆਨਾਸ ਕਰ ਦਿੱਤੈ ਪੰਜਾਬੀ ਜ਼ੁਬਾਨ ਦਾ। ਮੈਨੂੰ ਯਾਦ ਐ ਇਕ ਵੇਰਾਂ ਪੰਜਾਬੀ ਕਾਨਫ਼ਰੰਸ ‘ਤੇ ਕਿਸੇ ਆਲੋਚਕ ਨੇ ਪਰਚਾ ਪੜ੍ਹਿਆ। ਇਕ ਲਾਹੌਰੋਂ ਆਏ ਅਦੀਬ ਨੇ ਖੜ੍ਹੇ ਹੋ ਕੇ ਪੁੱਛਿਆ, ਜਨਾਬ ਇਹ ਕਿਹੜੀ ਜ਼ੁਬਾਨ ਵਿੱਚ ਤੁਸਾਂ ਪਰਚਾ ਪੜ੍ਹਿਐ? ਮੇਰੇ ਤਾਂ ਪੱਲੇ ਨਈਂ ਪਿਆ। ਜਾਂ ਤਾਂ ਇਹਦਾ ਤਰਜਮਾ ਕਰ ਦਿਓ ਜਾਂ ਸੰਸਕ੍ਰਿਤ ਹੀ ਪੜ੍ਹ ਲਓ। ਓ ਆਲੋਚਕ ਵਿਚਾਰਾ ਕੱਚਾ ਜਿਹਾ ਹੋ ਕੇ ਬਹਿ ਗਿਆ। ਅਸਲ ਵਿੱਚ ਚੜ੍ਹਦੇ ਪੰਜਾਬ ਦੇ ਲੋਕਾਂ ਦਾ ਆਪਣੀ ਮਾਂ ਬੋਲੀ ਨਾਲੋਂ ਸਬੰਧ ਟੁੱਟ ਚੁੱਕਿਐ। ਨਾ ਲਹਿੰਦੀ, ਨਾ ਪੋਠੋਹਾਰੀ ਰਹੀ। ਮਾਝੀ ਬੋਲੀ ਐ, ਉਹ ਵੀ ਅੱਧ-ਪਚੱਦੀ। ਵੰਡ ਤੋਂ ਪਹਿਲਾਂ ਚਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਸੀ। ਮਗਰੋਂ ਸਿਆਲਕੋਟ ਤੇ ਲਾਹੌਰ ਓਧਰ ਰਹਿ ਗਏ ਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਇਧਰ ਨੇ ਤੇ ਇਨ੍ਹਾਂ ‘ਤੇ ਵੀ ਦੁਆਬੇ ਦਾ ਅੱਧਾ ਅਸਰ ਐ। ਜਿਹੜਾ ਮਾਲਵਾ ਐ, ਓਥੇ ਹੀ ਜ਼ਿਆਦਾ ਅਦੀਬ ਹੈਗੇ ਨੇ, ਜ਼ਿਆਦਾ ਸ਼ਾਇਰ ਨੇ। ਹੁਣ ਤੁਸੀਂ 50-60 ਦੇ ਦੌਰ ਦੀਆਂ ਫ਼ਿਲਮਾਂ ਹੀ ਦੇਖ ਲਓ। ਬਿਲਕੁਲ ਵਖਰੀਆਂ ਨੇ। ਉਨ੍ਹਾਂ ਦੀ ਇਕ ਫ਼ਿਲਮ ਆਈ ਸੀ ‘ਮਜਾਜਣ’ ਗੋਲਡਨ ਜੁਬਲੀ ਤੇ ਘੱਟ ਬਜਟ ਦੀ ਫ਼ਿਲਮ ਸੀ। ਦੇਖੋ ਇਹਦਾ ਸੰਗੀਤ ਕਿੰਨਾ ਕਮਾਲ ਦਾ ਐ। ਤੁਹਾਨੂੰ ਸਕਰੀਨ ਅੱਗੋਂ ਫਿਲਮ ਹਿਲਣ ਨਹੀਂ ਦਿੰਦੀ। ਹੁਣ ਤੁਸੀਂ ਪਾਕਿਸਤਾਨ ਦੇ ਪੰਜਾਬੀ ਡਰਾਮੇ ਹੀ ਦੇਖ ਲਓ। ਕਿੰਨੀ ਜੁਗਤਬਾਜ਼ੀ ਐ, ਗੱਲ ਕਹਿਣ ਦਾ ਸਲੀਕਾ ਐ। ਸਮਾਜ ਦੀਆਂ ਬੁਰਾਈਆਂ ‘ਤੇ ਤਨਜ਼ ਵੀ ਕਰਦੇ ਨੇ, ਤਾਂ ਵੀ ਅਦਬ ਮਿਜਾਜ਼ ਨਾਲ। ਬੁਰਾ ਵੀ ਨਹੀਂ ਲਗਦਾ। ਹੱਸ-ਹੱਸ ਵਖੀਆਂ ਦੂਹਰੀਆਂ ਹੁੰਦੀਆਂ ਨੇ। ਜੋ ਉਨ੍ਹਾਂ ਕੋਲ ਐ, ਸਾਡੇ ਕੋਲ ਨਈਂ। ਇਧਰ ਦੀਆਂ ਫ਼ਿਲਮਾਂ ਦੇਖ ਲਓ ਫੁਹੜ ਕਿਸਮ ਦਾ ਮਜ਼ਾਕ। ਸ਼ੁਕਰ ਐ ਸਾਡੇ ਪਿੰਡਾਂ ਵਿੱਚ ਹਾਲੇ ਨ੍ਹੇਰਗਰਦੀ ਨਈਂ ਆਈ। ਸ਼ਹਿਰਾਂ ਵਿੱਚ ਪੰਜਾਬੀ ਜ਼ੁਬਾਨ ਦਾ ਸਤਿਆਨਾਸ ਹੋ ਰਿਹੈ। ਖਾਸ ਤੌਰ ‘ਤੇ ਯੂਨੀਵਰਸਿਟੀਆਂ, ਕਾਲਜਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਹਿੰਦੀ ਮੀਡੀਅਮ ਵਿੱਚੋਂ ਪੜ੍ਹ ਕੇ ਆਉਂਦੇ ਨੇ ਤਾਂਈਂਓ ਤਾਂ ਗੁਆਚ ਰਹੀ ਐ ਪੰਜਾਬੀ। ਇਨ੍ਹਾਂ ਅਖੌਤੀ ਬੁੱਧੀਜੀਵੀਆਂ ਨੇ ਬਹੁਤ ਕੰਮ ਖ਼ਰਾਬ ਕੀਤੈ ਪੰਜਾਬੀ ਦਾ। ਸਾਡੇ ਅਖੌਤੀ ਅਦੀਬ ਵੀ ਘੱਟ ਨਈਂ ਗੁਜ਼ਾਰ ਰਹੇ। ਮੈਂ ਜਦੋਂ ਕਾਨਫ਼ਰੰਸਾਂ ਵਿੱਚ ਜਾਨਾਂ। ਮੈਂ ਕਹਿਨਾਂ, ਯਾਰ ਗੱਲ ਏ ਐ, ਤੁਸੀਂ ਪੰਜਾਬ ਵਿੱਚ ਰਹਿ ਕੇ ਪੰਜਾਬੀ ਕਿਉਂ ਨਈਂ ਬੋਲਦੇ। ਦੇਖੋ ਜੇ ਤੁਹਾਨੂੰ ਪੰਜਾਬੀ ਦਾ ਸ਼ਬਦ ਨਈਂ ਮਿਲਿਆ ਕਰਦਾ ਤਾਂ ਲੱਭੋ, ਜ਼ਰੂਰ ਮਿਲੇਗਾ। ਪਾਲੀ ਦੇ ਬਾਅਦ ਦੀ ਢਾਈ ਹਜ਼ਾਰ ਪੁਰਾਣੀ ਜ਼ੁਬਾਨ ਐ ਸਾਡੀ। ਇਸਲਾਮ ਤਾਂ 12ਵੀਂ ਸਦੀ ਬਾਅਦ ਆਇਆ। ਨਾ ਮੁਸਲਮਾਨ ਪੰਜਾਬੀ ਬੋਲਦੇ ਸੀ। ਜੇ ਤੁਸੀਂ ਕੋਈ ਸ਼ਬਦ ਲਭਣੈਂ ਤਾਂ ਅਪਣਾ ਮਹਿਜੰਦਾਰੋ ਐ। ਹੜੱਪਾ ਪੰਜਾਬ ਵਿੱਚ ਐ। ਓਥੇ ਕਿਉਂ ਨਈਂ ਜਾਂਦੇ। ਉਥੋਂ ਲੱਭੋ। ਹੈਂ ਜੀ; ਮੈਂ ਜਦੋਂ ਪਾਕਿਸਤਾਨ ਜਾਨਾਂ ਜਾਂ ਪਿੰਡਾਂ ਵਿੱਚ ਜਾਨਾਂ, ਜੋ ਉਹ ਬੋਲਿਆ, ਕਰਦੇ ਆ, ਮੈਂ ਮਤਲਬ ਪੁਛਨਾਂ। ਅਪਣੀਆਂ ਕਹਾਣੀਆਂ ਵਿੱਚ ਇਸਤੇਮਾਲ ਕਰਨਾ। ਹੁਣ ਤੁਸੀਂ ਦੇਖੋ ‘ਪੁਨਾਲਿਆ’, ਪੰਜਾਬੀ ਦਾ ਸ਼ਬਦ ਐ, ਕੌਣ ਵਰਤਦੈ। ਪੁਨਾਲਿਆ ਮਤਲਬ ਗਰਮੀਆਂ ਵਿੱਚ, ਸਿਆਲੇ ਮਤਲਬ ਸਰਦੀਆਂ ਵਿੱਚ। ਅਸੀਂ ਭੁੱਲ ਚੁੱਕੇ ਆਂ। ਪੋਠੋਹਾਰੀ, ਲਹਿੰਦੀ ਵਿੱਚੋਂ ਮਿਲਣਗੇ ਇਹ ਸ਼ਬਦ। 60 ਉਪ ਬੋਲੀਆਂ ਨੇ ਸਾਡੀਆਂ। ਪਾਕਿਸਤਾਨ ਵਿੱਚ ਧੰਦੀ ਐ, ਪੁਣਛੀ ਵਿੱਚੋਂ ਮਿਲਣਗੇ ਸ਼ਬਦ, ਯੂਨੀਵਰਸਿਟੀਆਂ ਵਿੱਚ ਇਨ੍ਹਾਂ ਨੂੰ ਲੱਭਣ ਦਾ ਕੰਮ ਨਈਂ ਹੋ ਰਿਹਾ। ਤਨਖ਼ਾਹਾਂ ਖਾਣ ਤਕ ਦਾ ਮਸਲਾ ਜ਼ਿਆਦਾ, ਸਾਹਿਤ ਲਈ ਜਨੂੰਨ ਨਈਂ ਲਭਦਾ। ਮੈਂ ਕਹਾਣੀ ਲਿਖੀ ਸੀ ‘ਮਹਿਰੀ’। ਸੱਤ ਦਿਨ ਮੈਂ ਗੁੱਜਰਾਂ ਦੇ ਡੇਰੇ ਵਿੱਚ ਰਿਹਾ। ਜਿਹੜੀਆਂ ਔਰਤਾਂ ਗਹਿਣੇ ਪਾਉਂਦੀਆਂ, ਅਸਲ ਸ਼ਬਦ ਲਏ। ਕੰਗਨ ਨੂੰ ਗੋਠਰ, ਹਾਰ ਨੂੰ ਮਿਹਲ, ਸਲਵਾਰ ਨੂੰ ਸ਼ਲਾਰਾ ਆਖਦੇ ਨੇ ਉਹ।


ਹੁਣ : ਇਹ ਗੱਲ ਸਹੀ ਨਈਂ ਕਿ ਅਸਾਵਾਂ ਵਿਕਾਸ ਸਾਨੂੰ ਅਦਬ ਨਾਲੋਂ ਤੋੜਦੈ?
ਖ਼ਾਲਿਦ : ਮੈਂ ਤੁਹਾਨੂੰ ਦਸਨਾ। ਪੰਜਾਬ ਵਿੱਚ ਤਿੰਨ ਯੂਨੀਵਰਸਿਟੀਆਂ ਨੇ। ਪੰਜਾਬੀ ਯੂਨੀਵਰਸਿਟੀ ਤਾਂ ਹੈ ਈ ਮਾਲਵੇ ਵਿੱਚ, ਪੰਜਾਬ ਯੂਨੀਵਰਸਿਟੀ ਵੀ ਇਕ ਤਰ੍ਹਾਂ ਮਾਲਵੇ ਨਾਲ ਈ ਜਾ ਜੁੜਦੀ ਐ। ਪੜ੍ਹਨ ਵਾਲੇ ਜ਼ਿਆਦਾ ਮਾਲਵੇ ਵਿੱਚ ਈ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਏਨਾ ਕੰਮ ਹੋ ਨਈਂ ਰਿਹਾ, ਜੋ ਖੋਜ ਹੋਣੀ ਚਾਹੀਦੀ ਐ, ਹੋ ਨਈਂ ਰਹੀ। ਜੋ ਓਥੇ ਲਿਖਿਆ ਜਾ ਰਿਹੈ, ਉਚ ਪੱਧਰ ਦਾ ਐ। ਆਮ ਬੰਦੇ ਦੀ ਸਮਝ ਤੋਂ ਬਾਹਰ। ਮਤਲਬ ਸਾਹਿਤ ਜਿਹੜਾ ਟੁੱਟੀਦੈ, ਉਹ ਇਸੇ ਕਰ ਕੇ ਐ। ਸਾਡਾ ਵਿਸ਼ਾ ਪਾਠਕਾਂ ਨੂੰ ਖਿੱਚਦਾ ਨਈਂ। ਜੇ ਉਨ੍ਹਾਂ ਦੇ ਹਾਣ ਦਾ ਲਿਖੋਗੇ ਤਾਂ ਜ਼ਰੂਰ ਟੁੰਬੇਗਾ।
ਮੈਂ ਦਸਨਾਂ ਤੁਹਾਨੂੰ, ਮੈਂ ਪੰਜਾਬੀ ਵਿੱਚ ਕਹਾਣੀ ਲਿਖੀ ਸੀ ‘ਲਕੀਰ’। ਅਲੀ ਅਦਾਲਤ ਨੇ ਇਸ ਕਹਾਣੀ ‘ਤੇ ਪੋਠੋਹਾਰੀ ਵਿੱਚ ਫ਼ਿਲਮ ਬਣਾਈ। ਉਹ ਪਿਛੋਂ ਮਹੀਰਪੁਰ ਦਾ ਐ ਪਰ ਇੰਗਲੈਂਡ ਜਾ ਵਸਿਐ ਤੇ ਉਥੇ ਪੋਠੋਹਾਰੀ ਟੀ.ਵੀ. ਚੈਨਲ ਚਲਾਉਂਦੈ। ਇਹਦੀ ਸਕ੍ਰਿਪਟ ਬਹੁਤ ਕਮਾਲ ਦੀ ਸੀ ਪਰ ਤਕਨੀਕੀ ਤੌਰ ‘ਤੇ ਕੁਝ ਖਾਮੀਆਂ ਸਨ ਪਰ ਇਹ ਖਾਮੀਆਂ ਢਕੀਆਂ ਹੀ ਰਹੀਆਂ। ਕਿਉਂ; ਕਿਉਂਕਿ ਇਹ ਲੋਕਾਂ ਦੀ ਜ਼ੁਬਾਨ ਵਿੱਚ ਸੀ।
ਹੁਣ : ਤੁਸੀਂ ਪੰਜਾਬੀ ਨੂੰ ਅਖੌਤੀ ਵਿਦਵਾਨਾਂ ਹਕੂਮਤਾਂ ਤੋਂ ਕਿਸੇ ਕਿਸਮ ਦਾ ਖ਼ਤਰਾ ਮੰਨਦੇ ਓ ਜਾਂ ਨਈਂ?
ਖ਼ਾਲਿਦ : ਦੇਖੋ ਜੀ, ਨਾ ਖ਼ਤਰਾ ਹਕੂਮਤ ਤੋਂ ਐ ਤੇ ਨਾ ਵਿਦਵਾਨਾਂ ਤੋਂ। ਮੇਰੀ ਜਾਚੇ ਖ਼ਤਰਾ ਕੋਈ ਨਈਂ ਐ। ਮੈਂ ਤੁਹਾਨੂੰ ਉਸਤਾਦ ਦਾਮਨ ਦਾ ਸ਼ਿਅਰ ਸੁਣਾਨਾਂ, ਤੁਸੀਂ ਓਥੋਂ ਈ ਅੰਦਾਜ਼ਾ ਲਾਓ :-
ਮੈਨੂੰ ਕਈਆਂ ਨੇ ਆਖਿਐ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਹਦੀ ਵਿਚ ਪਲ ਕੇ ਜਵਾਨ ਹੋਇਐਂ,
ਉਹ ਮਾਂ ਛੱਡ ਦੇ, ਉਹ ਗਰਾਂ ਛੱਡ ਦੇ।
ਜੇ ਪੰਜਾਬੀ ਪੰਜਾਬੀ ਕੂਕਨੈਂ,
ਜਿਥੇ ਖੜਾ ਖਲੋਤਾ ਐ ਉਹ ਥਾਂ ਛੱਡ ਦੇ।
ਮੈਨੂੰ ਲਗਦਾ ਲੋਕੀਂ ਆਖਦੇ ਨੇ,

ਪੁੱਤਰਾ ਤੂੰ ਆਪਣੀ ਮਾਂ ਛੱਡ ਦੇ।

ਦੇਖੋ ਅਵਾਮੀ ਸ਼ਾਇਰ ਨੇ ਇਹ, ਇਨ੍ਹਾਂ ਦੀ ਭਾਵਨਾ ਸਮਝੋ। ਮੈਂ ਵੀ ਸਮਝਨਾ ਜਦੋਂ ਤਕ ਘਰਾਂ ਵਿੱਚ ਪੰਜਾਬੀ ਬੋਲੀ ਜਾਵੇਗੀ ਪੰਜਾਬੀ ਨਈਂ ਮਰਦੀ। ਚੌਪਾਲਾਂ ਵਿੱਚ, ਤ੍ਰਿੰਝਣਾਂ ਵਿੱਚ ਜਦੋਂ ਤੀਕ ਸੈਫ਼ਲਮਲੂ ਰਹੇਗਾ, ਗਿੱਧਾ, ਬੋਲੀਆਂ ਰਹਿਣਗੀਆਂ, ਪੰਜਾਬੀ ਨਈਂ ਮਰੇਗੀ। ਪਿੰਡਾਂ ਵਿੱਚ 80 ਫ਼ੀਸਦੀ ਲੋਕ ਰਹਿੰਦੇ ਨੇ ਤੇ ਸ਼ਹਿਰਾਂ ਵਿੱਚ 20 ਫ਼ੀਸਦੀ ਲੋਕ ਹਿੰਦੀ, ਉਰਦੂ ਜਾਣਦੇ ਨੇ। ਸ਼ਹਿਰੀ ਅਪਣੇ ਆਪ ਨੂੰ ਅਲੀਟ ਮੰਨਦੇ ਨੇ। ਅਲੀਟ ਕਲਾਸ ਦੀ ਇਹ ਮੁਸ਼ਕਲ ਐ। ਮੈਂ ਮਿਸਾਲ ਦਿੰਨਾਂ- ਮਹਾਰਾਜਾ ਰਣਜੀਤ ਸਿੰਘ ਵੇਲੇ ਫਾਰਸੀ ਬੋਲੀ ਜਾਂਦੀ ਸੀ ਤੇ ਜਦੋਂ ਰਾਜ ਦਰਬਾਰ ਖ਼ਤਮ ਹੋਇਆ ਤਾਂ ਫਾਰਸੀ ਜ਼ੁਬਾਨ ਵੀ ਨਾਲ ਈ ਚਲੀ ਗਈ। ਉਸ ਵੇਲੇ ਦੀ ਜਿਹੜੀ ਅਲੀਟ ਕਲਾਸ ਸੀ, ਉਨ੍ਹਾਂ ਦੀ ਸਿਆਸੀ ਤੇ ਆਰਥਕ ਮਜਬੂਰੀ ਸੀ ਕਿ ਉਹ ਉਸ ਜ਼ੁਬਾਨ ਨਾਲ ਜੁੜਨ, ਕਿਉਂਕਿ ਇਹ ਸਰਕਾਰ ਦੀ ਜ਼ੁਬਾਨ ਐ। ਉਹ ਅੱਜ ਵੀ ਐ। ਅੱਜ ਜਿੰਨੇ ਵੀ ਆਈ.ਏ.ਐਸ. ਅਫ਼ਸਰ ਨੇ, ਉਹ ਅੰਗਰੇਜ਼ੀ ਬੋਲਦੇ ਨੇ ਪਰ ਉਨ੍ਹਾਂ ਦੀ ਗਿਣਤੀ ਕਿੰਨੀ ਐ, ਠੀਕ ਐ? ਮੈਂ ਤੁਹਾਨੂੰ ਦਸਾਂ ਕਿ ਪਿੰਡਾਂ ਵਿੱਚ ਚਲੇ ਜਾਓ ਉਹ, ਅਜਿਹੇ ਅਖਾਣ ਤੇ ਮੁਹਾਵਰੇ ਬੋਲਣਗੇ, ਜਿਹੜੇ ਕਿਸੇ ਡਿਕਸ਼ਨਰੀ ਵਿੱਚ ਨਈਂ ਮਿਲਣੇ ਤੁਹਾਨੂੰ।
ਖ਼ਤਰਾ ਇਸ ਵਾਸਤੇ ਵੀ ਨਈਂ ਕਿ ਪਾਕਿਸਤਾਨ ਵਿਚਲੇ ਪੰਜਾਬ ਵਿਚ 8 ਕਰੋੜ ਦੇ ਕਰੀਬ ਕਰੀਬ ਲੋਕ ਨੇ। ਕੋਈ 9 ਵੀ ਕਹਿੰਦੈਂ ਪਰ ਮੈਂ ਸਮਝਨਾਂ 8 ਕਰੋੜ ਦੇ ਨੇੜੇ-ਤੇੜੇ ਐ। ਫੇਰ ਵੀ ਇਥੇ ਸਕੂਲਾਂ ਵਿੱਚ ਪੰਜਾਬੀ ਹੈ ਕੋਈ ਨਈਂ ਸੀ। ਅੰਗਰੇਜ਼ੀ ਤੇ ਉਰਦੂ ਹੀ ਪੜ੍ਹਾਈ ਜਾਂਦੀ ਸੀ। ਇਹ ਪਿਛਲੇ ਦਸ ਕੁ ਸਾਲਾਂ ਤੋਂ ਹੋਇਐ ਕਿ ਪੰਜਾਬੀ ਵੀ ਪੜ੍ਹਾਈ ਜਾਣ ਲੱਗੀ ਐ। ਪਰ ਮੈਂ ਓਧਰ ਪੰਜਾਬ ਦੇ ਜਿਸ ਪਿੰਡ, ਜਿਸ ਸ਼ਹਿਰ ਵਿੱਚ ਗਿਆਂ, ਉਥੇ ਸਿਰਫ਼ ਤੇ ਸਿਰਫ਼ ਪੰਜਾਬੀ ਬੋਲੀ ਜਾਂਦੀ ਐ। ਮਾਂ ਪੰਜਾਬੀ ਬੋਲਿਆ ਕਰਦੀ ਐ, ਬੁੱਢਾ ਵੀ, ਜਵਾਨ ਵੀ ਪੰਜਾਬੀ ਬੋਲਿਆ ਕਰਦੈ। ਬੱਚਾ ਪੰਜਾਬੀ ਬੋਲਿਆ ਕਰਦੈ, ਮਤਲਬ ਘਰ ਵਿੱਚ ਸਾਰੇ ਪੰਜਾਬੀ ਬੋਲਿਆ ਕਰਦੇ ਐ। ਤੇ ਸਰਕਾਰੀ ਪੈਟਰਨ ਵਿਚ ਨਾ ਆਉਣ ਦੇ ਬਾਵਜਦੂ ਅਸੰਬਲੀ ਵਿਚ ਕੋਈ ਪੰਜਾਬੀ ਨਈਂ ਬੋਲ ਸਕਦਾ। ਸਭ ਉਰਦੂ ਵਿੱਚ ਬੋਲਦੇ ਨੇ ਪਰ ਇਸ ਦੇ ਬਾਵਜੂਦ ਪੰਜਾਬੀ ਮਰੀ ਨਈਂ। ਬਲਕਿ ਇਤਨੇ ਸ਼ਾਇਰ, ਇਤਨੀਆਂ ਕਹਾਣੀਆਂ, ਕਾਵਿ ਸੰਗ੍ਰਹਿ ਛਪੇ ਨੇ, ਉਹ ਸਾਡੇ ਵਾਲੇ ਪਾਸੇ ਏਨਾ ਕੰਮ ਨਈਂ ਹੋਇਆ।

ਹੁਣ : ਫੇਰ ਕੀ ਬੋਲੀ ਨਾਲ ਈ ਤਸੱਲੀ ਹੋ ਸਕਦੀ ਐ, ਭਾਸ਼ਾ ਦੀ ਲੋੜ ਨਈਂ?
ਖ਼ਾਲਿਦ : ਮੈਂ ਦਸਦਾਂ ਤੁਸੀਂ ਅੱਜ ਪੀ.ਐਚ.ਡੀ.ਆਂ ਕਰਾਉਂਦੇ ਓ ਬੁਲ੍ਹੇ ਦੇ ਕਲਾਮ ‘ਤੇ, ਕਿਤੇ ਸੁਲਤਾਨ ਬਾਹੂੁ ‘ਤੇ, ਕਿਤੇ ਵਾਰਸ ‘ਤੇ, ਜਿੰਨੇ ਵੀ ਸੂਫ਼ੀ ਹੋਏ ਨੇ, ਇਨ੍ਹਾਂ ਨੇ ਕਿਹੜੀਆਂ ਡਿਗਰੀਆਂ ਲਈਆਂ ਸਨ, ਕਿਤਨਿਆਂ ਨੇ ਪੜ੍ਹਾਈਆਂ ਕੀਤੀਆਂ? ਗ਼ਾਲਿਬ ਤੇ ਮੀਰ ਕੋਲ ਕਿਹੜੀ ਡਿਗਰੀ ਸੀ? ਡਿਗਰੀਆਂ ਲੈ ਲੈ ਕੇ ਤਾਂ ਤੁਸੀਂ ਅਪਣਾ ਕੱਦ ਵਧਾਇਆ ਕਰਦੇ ਓ, ਤਨਖਾਹਾਂ ਲਿਆ ਕਰਦੇ ਓ। ਹੈਂ ਜੀ, ਇਹ ਆਲੋਚਕ ਕੀ ਐ? ਆਲੋਚਕ ਕਿਸੇ ਦੇ ਕ੍ਰੀਏਟਿਵ ਕੰਮ ‘ਤੇ ਮੋਹਰ ਲਾਉਣ ਦੀ ਕੋਸ਼ਿਸ਼ ਕਰਦੈ। ਉਹਤੋਂ ਸੂਪੀਰੀਅਰ ਬਣਨ ਦੀ ਕੋਸ਼ਿਸ਼ ਕਰਦੈ, ਕਿਉਂਕਿ ਆਪ ਤਾਂ ਉਹ ਕ੍ਰੀਏਟਿਵ ਰਾਈਟਰ ਬਣ ਨਈਂ ਸਕਿਆ, ਇਹ ਪਰਖਣ ਵਾਲਾ ਉਹ ਕੌਣ ਐ? ਬਈ ਜੇ ਉਹਦਾ ਠੱਪਾ ਲੱਗਿਆ ਕਿ ਇਹ ਬੜੀ ਵਧੀਆ ਕਿਤਾਬ ਐ ਤਾਂ ਹਰ ਬੰਦਾ ਉਹਦੇ ਪਿਛੇ ਲਗਜੇਗਾ? ਮੰਟੋ ਕਹਿੰਦਾ ਹੁੰਦਾ ਸੀ, ‘ਯੇ ਤੋ ਹਰਾਮਜ਼ਾਦੀ ਕੌਮ ਹੈ, ਲਿਖ ਕੇ ਕਿਹੈ ਓਹਨੇ। ਕਿਉਂ? ਕਿਉਂ ਉਹ ਕਹਿੰਦਾ ਐ, ਇਨ੍ਹਾਂ ਨੂੰ ਪਤਾ ਈ ਕੋਈ ਨਈਂ ਤੇ ਜਦੋਂ ਤਕ ਮੰਟੋ ਜ਼ਿੰਦਾ ਰਿਹਾ, ਇਨ੍ਹਾਂ ਆਲੋਚਕਾਂ ਨੇ ਕਦੀ ਵਜਣ ਈ ਨਈਂ ਦਿੱਤਾ ਕਿ ਇਹ ਰਾਈਟਰ ਐ। ਜਦੋਂ ਉਹ ਮਰੇ ਤਾਂ ਮੰਟੋ ਜ਼ਿੰਦਾ ਹੋਇਆ।

ਹੁਣ : ਖ਼ਾਲਿਦ ਸਾਹਬ, ਸਾਡਾ ਸਵਾਲ ਇਹ ਹੈ ਕਿ ਕੀ ਸਿਰਫ਼ ਬੋਲੀ ‘ਤੇ ਹੀ ਟੇਕ ਰੱਖ ਕੇ ਸਰ ਸਕਦੈ? ਭਾਸ਼ਾ ਤੋਂ ਬਿਨਾਂ ਸੰਸਾਰ ਦੀਆਂ ਹੋਰਨਾਂ ਭਾਸ਼ਾਵਾਂ ਨਾਲ ਸੰਵਾਦ ਕਿਵੇਂ ਹੋਊ।
ਖ਼ਾਲਿਦ : ਨਈਂ, ਮੇਰਾ ਕਹਿਣਾ ਇਹ ਵੈ ਕਿ ਪੰਜਾਬੀ ਨੂੰ ਲਿਖਣਾ, ਪੜ੍ਹਨਾ ਜ਼ਰੂਰੀ ਐ, ਇਸ ਗੱਲ ਤੋਂ ਇਨਕਾਰ ਨਈਂ ਕਰਦਾ। ਅਪਣੀ ਗੱਲ ਚੱਲ ਰਹੀ ਸੀ ਕਿ ਬੋਲੀ ਮਰ ਜਾਏਗੀ? ਮੈਂ ਇਹ ਕਹਿਣਾ ਚਾਹੁੰਨਾ ਕਿ ਜਦ ਤਕ ਪੰਜਾਬਣ ਜਣਦੀ ਰਹੇਗੀ, ਤਦ ਤਕ ਪੰਜਾਬੀ ਮਰ ਨਈਂ ਸਕਦੀ। ਕਿਉਂਕਿ ਮਾਂ ਨੇ ਬੱਚੇ ਨੂੰ ਪੰਜਾਬੀ ਵਿੱਚ ਹੀ ਲੋਰੀ ਦੇਣੀ ਐ, ਅੰਗਰੇਜ਼ੀ ਵਿੱਚ ਨਈਂ।
ਹੁਣ ਮੈਂ ਤੁਹਾਨੂੰ ਦਸਨਾਂ ਕਿ ਮੈਂ ਕਿਤੋਂ ਪੰਜਾਬੀ ਨਈਂ ਸਿੱਖੀ, ਕਿਸੇ ਸਕੂਲ, ਕਾਲਜ ਤੋਂ ਨਈਂ। ਪਰ ਮੈਂ ਪੰਜਾਬੀ ਲਿਖਨਾ ਪਿਆਂ ਕਿਉਂਕਿ ਮੈਂ ਅਪਣੀ ਮਾਂ ਦੀ ਕੁਛੜ ਵਿੱਚ ਬਹਿ ਕੇ ਪੰਜਾਬੀ ਸਿਖੀ ਐ। ਮੈਂ ਉਨ੍ਹਾਂ ਅਨਪੜ੍ਹ ਲੋਕਾਂ ਕੋਲੋਂ, ਤਰਖਾਣਾਂ, ਲੁਹਾਰਾਂ ਕੋਲੋਂ ਜਿਹੜੇ ਅਖਾਣ ਸਿੱਖੇ, ਬੋਲੀ ਸਿੱਖੀ ਉਹ ਮੈਨੂੰ ਕਿਸੇ ਯੂਨੀਵਰਸਿਟੀ ਤੋਂ ਨਈਂ ਮਿਲੀ। ਇਨ੍ਹਾਂ ਲੋਕਾਂ ਕੋਲ ਐਸੇ-ਐਸੇ ਅਖਾਣ ਨੇ, ਬੋਲੀ ਐ ਜੋ ਤੁਹਾਨੂੰ ਯੂਨੀਵਰਸਿਟੀਆਂ ਵਿੱਚ ਨਈਂ ਮਿਲਦੀ। ਤੁਹਾਡੇ ਵਾਸਤੇ ਜਿਹੜੇ ਚਿੱਟੇ ਅਨਪੜ੍ਹ ਐ, ਉਨ੍ਹਾਂ ਕੋਲ ਜਿੰਨੀ ਜ਼ੁਬਾਨ ਦੀ ਅਮੀਰੀ ਐ, ਹੈਂ ਜੀ ਤੁਸੀਂ ਜਿਨ੍ਹਾਂ ਨੂੰ ਵਿਦਵਾਨ ਆਖਦੇ ਓ, ਉਨ੍ਹਾਂ ਵਰਗਿਆਂ ਨੂੰ ਲਿਖਣ ਦਾ ਵਲ਼ ਦਿੱਤੈ। ਮੇਰੇ ਵਰਗਿਆਂ ਨੂੰ ਪ੍ਰੇਰਨਾ ਦਿੱਤੀ। ਮੈਂ ਉਹ ਅਖਾਣਾਂ ਅਪਣੀਆਂ ਕਹਾਣੀਆਂ ਵਿੱਚ ਵਰਤੀਆਂ। ਮੇਰੇ ਕਹਿਣ ਦਾ ਇਹ ਮਤਲਬ ਐ ਕਿ ਲਿਖਣਾ-ਪੜ੍ਹਨਾ ਬਹੁਤ ਜ਼ਰੂਰੀ ਐ। ਮੈਂ ਇਹ ਨਈਂ ਕਹਿੰਦਾ ‘ਕੱਲੀ ਪੰਜਾਬੀ ਪੜ੍ਹੋ, ਮੈਂ ਕਹਿਨਾ ਵਾਂ ਕਿ ਉਰਦੂ ਵੀ ਪੜ੍ਹੋ, ਅੰਗਰੇਜ਼ੀ ਵੀ ਪੜ੍ਹੋ, ਅਸੀਂ ਤਾਂ ਹੀ ਦੂਜੀ ਭਾਸ਼ਾ ਦਾ ਅਨੁਵਾਦ ਕਰ ਸਕਨੇ ਆਂ।

ਹੁਣ : ਲਿਪੀ ਦੇ ਮਾਮਲੇ ਵਿਚ ਤੁਹਾਡੇ ਕੀ ਵਿਚਾਰ ਨੇ?
ਖ਼ਾਲਿਦ : ਦੇਖੋ ਜੀ ਮੈਂ ਇਹ ਸਮਝਨਾ ਕਿ ਇਹਦੇ ਵਿੱਚ ਸਿਆਸਤ ਤੇ ਧਰਮ ਦਾ ਬਹੁਤ ਦਖ਼ਲ ਐ, ਸਾਡੇ ਕੋਲ ਜਿੰਨਾ ਵੀ ਸਿੱਖ ਸਾਹਿਤ ਐ, ਧਾਰਮਕ ਗ੍ਰੰਥ ਐ, ਉਹ ਗੁਰਮੁਖੀ ਵਿੱਚ ਮਿਲੇਗਾ। ਇਸ ਕਰ ਕੇ ਕਿਸੇ ਖ਼ਾਸ ਤਬਕੇ ਦਾ ਜਜ਼ਬਾਤੀ ਲਗਾਅ ਇਸ ਸਕ੍ਰਿਪਟ ਨਾਲ ਜੁੜ ਗਿਆ। ਦੂਜੇ ਪਾਸੇ ਮੁਸਲਮਾਨ ਐ, ਜਿਨ੍ਹਾਂ ਦਾ ਸਾਰਾ ਧਾਰਮਕ ਸਾਹਿਤ ਉਰਦੂ ਵਿਚ ਐ। ਠੀਕ ਐ? ਅਰਬੀ ਦੇ ਨਾਲ ਉਰਦੂ ਵਿਚ ਅਨੁਵਾਦ ਐ। ਉਨ੍ਹਾਂ ਦਾ ਇਸ ਸਕ੍ਰਿਪਟ ਨਾਲ ਜਜ਼ਬਾਤੀ ਲਗਾਅ ਜੁੜ ਗਿਆ। ਦੇਖੋ ਇਹ ਚੀਜ਼ 1947 ਤਕ ਨਹੀਂ ਸੀ। 47 ਤਕ ਸਾਰੇ ਸ਼ਾਹਮੁਖੀ ਜਾਣਦੇ ਸਨ। ਹਿੰਦੂ ਵੀ, ਸਿੱਖ ਵੀ, ਬਜ਼ੁਰਗ, ਤੁਸੀਂ ਅਪਣੇ ਖ਼ਾਨਦਾਨ ਵਿੱਚ ਹੀ ਦੇਖੋ, ਉਰਦੂ ਪੜ੍ਹ ਲੈਂਦੇ ਨੇ ਸਾਰੇ। ਇਹ ਪੁਆੜਾ ਸਾਰਾ ਉਦੋਂ ਪਿਆ, ਜਿਸ ਵੇਲੇ ਮੁਲਖ਼ ਤਕਸਮੀ ਹੋਇਆ। ਪਹਿਲਾਂ ਪੰਜਾਬ ਦੇ ਦੋ ਟੋਟੇ ਹੋਏ, ਫੇਰ ਅੱਗੋਂ ਇਹਦੇ ਛੇ ਟੋਟੇ ਹੋਏ। ਇਹਦੇ ਨਾਲ ਕੀ ਹੋਇਆ, ਤੁਸੀਂ ਹਿਮਾਚਲ ਵਖਰਾ ਕਰਤਾ, ਤੁਸੀਂ ਹਰਿਆਣਾ ਵਖਰਾ ਕਰਤਾ ਤੇ ਇਹ ਧਰਮ ਦੇ ਨਾਂਅ ‘ਤੇ ਅਤੇ ਸਿਆਸਤ ਦੇ ਨਾਂਅ ‘ਤੇ ਹੋਏ, ਜ਼ੁਬਾਨ ਦੇ ਨਾਂ ‘ਤੇ ਨਈਂ। ਵਰਨਾ ਇਕ ਵਕਤ ਪੰਜਾਬ ਤਾਂ ਇਧਰ ਦਿੱਲੀ ਦਾ ਬੂਹਾ ਠੋਰਦਾ ਸੀ ਤੇ ਓਧਰ ਪਿਸ਼ੌਰ ਦਾ। ਏਨਾ ਵੱਡਾ ਖੇਤਰ। ਜੰਮੂ ਵਿਚ ਸ਼ਾਮਲ ਸੀ।
ਜਦੋਂ ਪੰਜਾਬੀ ਮੂਮੈਂਟ ਚਲੀ। ਮੈਂ ਆਪ ਅਖ਼ਬਾਰਾਂ ਪੜ੍ਹੀਆਂ। ਹਿੰਦ ਸਮਾਚਾਰ ਵਿੱਚ ਲਿਖਿਆ ਸੀ ਕਿ ਹਿੰਦੀ ਸਾਡੀ ਭਾਸ਼ਾ ਐ ਤੇ ਬੋਲੀ ਘਰ ਵਿੱਚ ਅਸੀਂ ਪੰਜਾਬੀ ਬੋਲਦੇ ਆਂ। ਉਨ੍ਹਾਂ ਨੇ ਮਰਦਮਸ਼ੁਮਾਰੀ ਵਿੱਚ ਇਹ ਲਿਖਾਇਆ। ਕਿਉਂ, ਕਿਉਂਕਿ ਅਸੀਂ ਹਿੰਦੂ ਆਂ ਤੇ ਕਿਤੇ ਸਾਨੂੰ ਇਸ ਚੀਜ਼ ਦਾ ਨੁਕਸਾਨ ਤਾਂ ਨਈਂ ਹੋਏਗਾ। ਜਿਸ ਤਰ੍ਹਾਂ ਇਸਲਾਮਇਜ਼ਮ ਐ, ਉਸੇ ਤਰ੍ਹਾਂ ਹਿੰਦੂਇਜ਼ਮ ਵੀ ਐ। ਇਨ੍ਹਾਂ ਸੋਚਾਂ ਨੇ ਹੀ ਜ਼ੁਬਾਨਾਂ ਦਾ ਇਹ ਹਸ਼ਰ ਕੀਤਾ ਪਰ ਜਿਹੜੀ ਆਮ ਲੋਕਾਈ ਐ, ਓਹਦੇ ਵਾਸਤੇ ਇਹ ਗੱਲਾਂ ਮਾਅਨੇ ਨਹੀਂ ਰਖਦੀਆਂ।
ਚਾਰ-ਪੰਜ ਸਾਲ ਪਹਿਲਾਂ ਪਾਕਿਸਤਾਨ ਤੋਂ ਕਰਾਚੀ ਦੇ ਇਕ ਬੰਦੇ ਨੇ ਸਕ੍ਰਿਪਟ ਭੇਜਿਆ। ਦੋਵੇਂ ਪੰਜਾਬਾਂ ਦੇ ਵਿਦਵਾਨਾਂ ਨੂੰ। ਇਹਦਾ ਨਾਂ ਸੀ ਸਾਂਝੂ ਸਕ੍ਰਿਪਟ। ਇਹ ਵੀ ਗੁਰਮੁਖੀ ਵਾਂਗ ਖੱਬੇ ਪਾਸਿਓਂ ਹੀ ਲਿਖਿਆ ਜਾਵੇਗਾ। ਓਹਨੇ ਪੰਝੀਂ ਸਾਲ ਲਾਏ ਇਹ ਸਕ੍ਰਿਪਟ ਬਣਾਉਣ ਵਿਚ। ਇਹਦੇ 36 ਅੱਖਰ ਨੇ। ਉਹ ਕਹਿੰਦਾ ਕਿ ਤੁਸੀਂ ਇਸ ਨੂੰ ਗੌਲੋ, ਖੋਜੋ, ਦੇਖੋ, ਪਰਖੋ ਕਿ ਇਹ ਸਕ੍ਰਿਪਟ ਸਾਡੇ ਦੋਵੇਂ ਪੰਜਾਬਾਂ ਵਾਸਤੇ ਠੀਕ ਰਹੇਗਾ? ਇਧਰਲੇ ਪੰਜਾਬ ਵਾਲਿਆਂ ਨੇ ਵੀ ਮਿੰਟ ਨਹੀਂ ਲਾਇਆ ਉਹਨੂੰ ਦੱਬਣ ਵਿੱਚ ਤੇ ਉਧਰਲੇ ਪੰਜਾਬ ਵਾਲਿਆਂ ਨੇ ਵੀ ਸੁੱਟ ਦਿੱਤਾ। ਛੋਟੀ ਜਿਹੀ ਇਕ ਉਦਾਹਰਨ ਜਿਵੇਂ ‘ਜ’ ਦਾ ਉਰਦੂ ਵਿਚ ਪੰਜ ਤਰ੍ਹਾਂ ਉਚਾਰਨ ਐ ਤੇ ਪੰਜਾਬੀ ਵਿੱਚ ਤੁਸੀਂ ‘ਜ’ ਤੇ ‘ਜ਼’ ਨਾਲ ਸਾਰ ਲੈਂਦੇ ਹੋ। ਇਸੇ ਤਰ੍ਹਾਂ ‘ਸ’। ਪੰਜਾਬੀ ਵਿਚ ਪੈਰ ਵਿੱਚ ਬਿੰਦੀ ਪਾ ਕੇ ਸਰ ਜਾਂਦੈ ਤੇ ਸ਼ਾਹਮੁਖੀ ਵਿਚ ਇਹ ਤਿੰਨ ਤਰ੍ਹਾਂ ਉਚਾਰਨ ਹੁੰਦੈ ਭਾਵ ਸੇ, ਸੁਆਦ ਸੀਨ। ਅਸੀਂ ਤਾਂ ਸਿਰਫ਼ ‘ਸ’ ਜਾਣਦੇ ਆਂ। ਉਸ ਬੰਦੇ ਨੇ ਵਿਚਾਰੇ ਨੇ ਬੜਾ ਜ਼ੋਰ ਲਾਇਆ ਪਰ ਅਸੀਂ ਕਿਸੇ ਨੇ ਗੌਲਿਆ ਨਈਂ। ਮਤਲਬ ਕਿ ਇਕ ਪਾਸੇ ਜੇ ਕੋਈ ਖੋਜ ਵੀ ਹੋ ਰਹੀ ਹੈ, ਉਹਨੂੰ ਵੀ ਅਸੀਂ ਤਵੱਜੋ ਨਈਂ ਦਿੰਦੇ। ਅਸੀਂ ਅਸਲ ਵਿੱਚ ਧਾਰਮਕ ਵਲਗਣਾਂ ਵਿਚ ਉਲਝੇ ਹੋਏ ਆਂ ਕਿ ਗੁਰਮੁਖੀ ਤੋਂ ਬਿਨਾਂ ਅਸੀਂ ਅਗਾਂਹ ਸੋਚਣਾ ਈ ਨਈਂ। ਇਸੇ ਤਰ੍ਹਾਂ ਉਧਰਲੇ ਸ਼ਾਹਮੁਖੀ ਤੋਂ ਅਗਾਂਹ ਕੁਝ ਸੋਚਣਾ ਨਈਂ ਚਾਹੁੰਦੇ।

ਹੁਣ : ਸਮੇਂ ਦੇ ਨਾਲ ਬਹੁਤ ਬਦਲਾਅ ਵੀ ਆਇਆ। ਇਹਦੇ ਅਸਰ ਸਭਿਆਚਾਰ ‘ਤੇ ਵੀ ਪੈਣੇ ਹੁੰਦੇ ਨੇ। ਕੀ ਕਹਿੰਦੇ ਓ?
ਖ਼ਾਲਿਦ : ਦੇਖੋ ਜੀ, ਉਹ ਸਾਡਾ ਪਿਛੋਕੜ ਸੀ, ਜਦੋਂ ਅਸੀਂ ਭੱਠੀਆਂ ਲਾਂਦੇ ਸਾਂ, ਤੰਦੂਰ ਲਾਂਦੇ ਸਾਂ। ਸਾਡੀਆਂ ਮਾਵਾਂ, ਨਾਨੀਆਂ, ਔਰਤਾਂ ‘ਕੱਠੀਆਂ ਰੋਟੀ ਲਾਹੁੰਦੀਆਂ ਸਨ। ‘ਕੱਠੇ ਬੈਠ ਕੇ ਖਾਂਦੇ ਸਾਂ। ਉਹ ਵੀ ਵਕਤ ਸੀ। ਸਭਿਆਚਾਰ ਸੀ। ਔਰਤਾਂ ਲਾਚੇ ਪਾਉਂਦੀਆਂ ਸਨ, ਅੱਜ ਵੀ ਪਿੰਡਾਂ ਵਿੱਚ ਕੁਝ ਔਰਤਾਂ ਪਾਂਦੀਆਂ ਨੇ। ਪਿੰਡਾਂ ਵਿੱਚ ਇਹ ਪੁਰਾਣਾ ਵਿਰਸਾ ਹਾਲੇ ਵੀ ਕਿਤੇ ਨਾ ਕਿਤੇ ਸਾਂਭਿਆ ਪਿਆ। ਪਰ ਸ਼ਹਿਰਾਂ ਨੇ ਜਿੰਨੀ ਤਰੱਕੀ ਕੀਤੀ ਐ, ਤੁਸੀਂ ਦੇਖ ਹੀ ਰਹੇ ਓ। ਪਹਿਲਾਂ ਅਸੀਂ ਗੱਡਿਆਂ ‘ਤੇ, ਰੇਹੜਿਆਂ ‘ਤੇ, ਘੋੜਿਆਂ ‘ਤੇ ਜਾਂਦੇ ਸੀ। ਹੁਣ ਸਾਈਕਲ ਤੋਂ ਲੈ ਕੇ ਕਾਰਾਂ ਆ ਗਈਆਂ। ਇਹ ਤਰੱਕੀ ਹੋਈ ਐ। ਹੁਣ ਸਰਕਾਰ ਨੇ ਤਾਂ ਨਈਂ ਕਿਹਾ ਨਾ ਕਿ ਤੁਸੀਂ ਗਿੱਧਾ ਛੱਡ ਦਿਓ, ਲੋਹੜੀ ਮੰਗਣੀ ਛੱਡ ਦਿਓ। ਇਹ ਅਸਲ ਜੋ ਤਰੱਕੀ ਹੋ ਰਹੀ ਐ, ਤਾਲੀਮ ਵੱਧ ਰਹੀ ਐ, ਅਪਣੇ ਆਪ, ਇਹ ਚੀਜ਼ਾਂ ਬਦਲ ਰਹੀਆਂ ਨੇ। ਕਮਾਲ ਦੇਖੋ, ਪਾਕਿਸਤਾਨ ਜਿਥੇ ਇਸਲਾਮ ਦਾ ਜ਼ੋਰ ਐ, ਸਭ ਤੋਂ ਪਹਿਲਾਂ ਫੈਸ਼ਨ ਉਥੋਂ ਸ਼ੁਰੂ ਹੁੰਦੈ। ਪੰਜ ਸਾਲ ਪਹਿਲਾਂ ਮੈਂ ਉਥੇ ਲੰਮੇ-ਲੰਮੇ ਕੁਰਤੇ ਦੇਖੇ ਸੀ, ਜੋ ਹੁਣ ਇਧਰ ਆਏ ਨੇ। ਫ਼ੈਸ਼ਨ ਉਧਰੋਂ ਚੱਲ ਕੇ ਇਧਰ ਆਉਂਦੈ।
ਇਹ ਗਲੋਬਲੀ ਪਿੰਡ ਦਾ ਕਮਾਲ ਐ। ਵੱਡੇ-ਵੱਡੇ ਮਾਲ ਆ ਰਹੇ ਨੇ। ਹੋਟਲ ਖੁਲ੍ਹ ਰਹੇ ਨੇ। ਇਹ ਸਭ ਪੈਸੇ ਦੀ ਬਹੁਤਾਤ ਕਰ ਕੇ ਐ। ਪੁਰਾਣੀਆਂ ਚੀਜ਼ਾਂ ਮਿਊਜ਼ੀਅਮ ਦਾ ਹਿੱਸਾ ਬਣਦੀਆਂ ਨੇ। ਇਕ ਵਕਤ ਆਏਗਾ, ਆਏਗਾ ਕੀ ਆ ਹੀ ਗਿਐ। ਮਿਊੁਜ਼ੀਅਮ ਵਿੱਚ ਘਗਰੇ, ਪਰਾਂਦੇ, ਜੁੱਤੀਆਂ, ਚਰਖੇ ਰੱਖ ਕੇ ਪੁਰਾਣੇ ਵਿਰਸੇ ਬਾਰੇ ਦਸਿਆ ਜਾਂਦੈ। ਅਸੀਂ ਜੇ ਇਹ ਕਹਿਨੇ ਆਂ ਕਿ ਸਾਡਾ ਵਿਰਸਾ ਬੜਾ ਅਮੀਰ ਸੀ, ਪਰ ਕੀ ਅਸੀਂ ਇਹ ਸਭ ਚੀਜ਼ਾਂ ਵਰਤ ਰਹੇ ਆਂ? ਜਾਂ ਤਾਂ ਉਹ ਕਲਚਰ ਅਪਨਾਓ, ਉਹਨੂੰ ਲੈ ਕੇ ਜੀਓ, ਕੁਝ ਨਈਂ ਫ਼ਰਕ ਪਏਗਾ। ਲੱਦਾਖ, ਤਿੱਬਤ ਵਿੱਚ ਜਾਂ ਤੁਸੀਂ ਦਲਾਈ ਲਾਮਾ ਨੂੰ ਦੇਖ ਲਓ। ਇਨ੍ਹਾਂ ਲੋਕਾਂ ਨੇ ਅਪਣਾ ਵਿਰਸਾ ਕਿਉਂ ਨਈਂ ਬਦਲਿਆ? ਇਹ ਉਸੇ ਤਰ੍ਹਾਂ ਦਾ ਪਹਿਰਾਵਾ ਪਾਉਂਦੇ ਨੇ। ਹੁਣ ਤੁਸੀਂ ਦੱਖਣ ਵਾਲ ਈ ਦੇਖ ਲਓ, ਉਥੇ ਤਰੱਕੀ ਨਈਂ ਆਈ? ਆਈ ਐ ਪਰ ਉਹ ਹਾਲੇ ਵੀ ਨਾਇਲੋਨ ਦੀ ਚੱਪਲ ਪਾਉਂਦੇ ਨੇ। ਉਹ ਚਮੜਾ ਪਸੰਦ ਨਈਂ ਕਰਦੇ ਕਿ ਮੁਰਦੇ ਦੀ ਚਮੜੀ ਐ। ਔਰਤਾਂ-ਮਰਦਾਂ ਦਾ ਪਹਿਰਾਵਾ ਪਹਿਲਾਂ ਵਾਂਗ ਈ ਐ। ਮੰਤਰੀ ਤਕ ਹਾਲੇ ਵੀ ਲੂੰਗੀ ਪਾਉਂਦੇ ਨੇ। ਦਰਅਸਲ ਜਿਹੜਾ ਉਤਰੀ ਭਾਰਤ ਐ, ਇਹ ਦੋਗਲਾ ਐ। ਕਹਿੰਦੇ ਅਸੀਂ ਕੁਝ ਆਂ, ਕਰਦੇ ਕੁਝ ਹੋਰ ਆਂ।

ਹੁਣ : ਤੁਹਾਡੀ ਸਾਰੀ ਗੱਲਬਾਤ ਵਿੱਚੋਂ ਅਸੀਂ ਦੇਖਿਆ ਕਿ ਤੁਸੀਂ ਹਕੂਮਤ ਨੂੰ ਬਰੀ ਕਰਦੇ ਓ।
ਖ਼ਾਲਿਦ : ਇਹਦੇ ਲਈ ਸਰਮਾਏਦਾਰ ਜ਼ਿੰਮੇਵਾਰ ਐ ਪਰ ਇਹ ਵੀ ਸੱਚ ਐ ਕਿ ਹੁਣ ਤਾਂ ਬਹੁਤੇ ਸਿਆਸਤਦਾਨ ਸਰਮਾਏਦਾਰ ਨੇ। ਸੱਤਾ ਤੇ ਬਾਜ਼ਾਰ ਦਾ ਬਹੁਤ -ਬਹੁਤ ਡੂੰਘਾਈ ਨਾਲ, ਪਕਿਆਈ ਨਾਲ ਗਠਜੋੜ ਐ। ਹੁਣ ਤੁਸੀਂ ਦੇਖੋ, ਭਾਰਤ ਵਿੱਚ ਬਾਹਰਲੀਆਂ ਕੰਪਨੀਆਂ ਆ ਗਈਆਂ ਨੇ। ਤੁਸੀਂ ਅੰਦਾਜ਼ਾ ਕਰੋ, ਜੇ ਅਸਾਂ ਮਰਚਾਂ ਵੀ ਵੇਚਣੀਆਂ ਤਾਂ ਉਨ੍ਹਾਂ ਦੀ ਮਰਜ਼ੀ ਨਾਲ। ਮਰਚ ਸਾਡੀ ਐ, ਸਾਡੇ ਖੇਤਾਂ ਵਿੱਚੋਂ ਮਰਚ ਨਿਕਲਿਆ ਕਰਦੀ ਐ, ਸਬਜ਼ੀ ਨਿਕਲਿਆ ਕਰਦੀ ਐ ਪਰ ਮਾਰਕੀਟਿੰਗ ਬਾਹਰ ਦਾ ਬੰਦਾ ਕਰਦੈ। ਉਹਦੇ ਮਾਲ ਵਿੱਚ ਚੀਜ਼ ਵਿਕਿਆ ਕਰਦੀ ਐ। ਉਹੀ ਖ਼ਰੀਦੇਗਾ, ਉਹੀ ਵੇਚੇਗਾ ਤੇ ਜਿਹੜਾ ਸਾਡਾ ਅਪਣਾ ਵੇਚਣ ਵਾਲਾ ਸੀ, ਉਹ ਮਾਈਨਸ ਹੋ ਗਿਆ। ਇਹ ਕਿਸ ਤਰ੍ਹਾਂ ਹੋ ਗਿਆ? ਬਾਹਰਦੇ ਨੂੰ ਕਿਹਨੇ ਲਿਆਂਦਾ? ਸਰਕਾਰ ਨੇ ਹੀ ਨਾ। ਸੋ ਸਰਕਾਰ ਤਾਂ ਜ਼ਿੰਮੇਵਾਰ ਈ ਐ ਇਸ ਸਾਰੇ ਲਈ। ਸਰਕਾਰ ਦੇਖੋ ਵਿਸ਼ਵ ਬੈਂਕ ਤੋਂ ਕਰਜ਼ੇ ਲੈ ਰਹੀ ਐ ਤੇ ਵਿਸ਼ਵ ਬੈਂਕ ਅਪਣੀਆਂ ਸ਼ਰਤਾਂ ‘ਤੇ ਕਰਜ਼ਾ ਦਿੰਦੈ, ਬੇਮਤਲਬ ਨਈਂ ਦਿੰਦਾ।

ਹੁਣ : ਇਸ ਸੰਕਟਮਈ ਦੌਰ ਵਿਚ ਸਾਹਿਤ ਦੀ ਕੀ ਭੂਮਿਕਾ ਹੈ?
ਖ਼ਾਲਿਦ : ਮੁਸ਼ਕਲ ਇਹ ਵੇ ਕਿ ਸਾਹਿਤ ਆਮ ਲੋਕਾਂ ਨਾਲ ਨਈਂ ਜੁੜ ਰਿਹਾ, ਜਿਹੜਾ ਜੁੜਨਾ ਜ਼ਰੂਰੀ ਐ। ਦਰਅਸਲ ਪੜ੍ਹਨ ਵਾਲਾ ਓਹੀ ਐ, ਜੋ ਆਪ ਲਿਖਿਆ ਕਰਦੈ। ਆਮ ਬੰਦਾ ਨਈਂ ਪੜ੍ਹ ਰਿਹਾ ਉਹਨੂੰ। ਅਕਾਦਮਿਕ ਭਾਸ਼ਾ ਵਰਤੀ ਜਾ ਰਹੀ ਐ। ਬਸ ਹਰ ਕੋਈ ਇਹ ਚਾਹੁੰਦਾ ਐ ਕਿ ਮੇਰੀ ਚਰਚਾ ਹੋਵੇ, ਮੇਰੇ ਬਾਰੇ ਕੋਈ ਪਰਚਾ ਪੜ੍ਹੇ। ਮੇਰੇ ਬਾਰੇ ਕੋਈ ਯੂਨੀਵਰਸਿਟੀ ਵਿੱਚ ਗੱਲ ਹੋਵੇ। ਓਹਦਾ ਘੇਰਾ ਆਮ ਲੋਕ ਨਈਂ। ਇਥੇ ਮੈਨੂੰ ਉਸਤਾਦ ਦਾਮਨ ਦਾ ਇਕ ਸ਼ੇਅਰ ਯਾਦ ਆ ਰਿਹੈ :-
ਮੇਰੇ ਮੁਲਕ ਵਿੱਚ ਮੌਜਾਂ ਈ ਮੌਜਾਂ
ਜਿਧਰ ਦੇਖੋ ਫ਼ੌਜਾਂ ਈ ਫ਼ੌਜਾਂ
ਇਹ ਸ਼ੇਅਰ ਹਰ ਬੰਦੇ ਦੇ ਮੂੰਹ ‘ਤੇ ਆ ਗਿਆ ਕਿਉਂਕਿ ਇਹ ਉਨ੍ਹਾਂ ਦੀ ਗੱਲ ਕਰ ਰਿਹਾ ਸੀ। ਠੀਕ ਐ ਨਾ? ਜਦੋਂ ਮਾਰਸ਼ਲ ਲਾਅ ਲਗਿਆ ਤਾਂ ਉਹਨੇ ਕਿਹਾ :-
ਮੇਰੇ ਮੁਲਕ ਦੇ ਦੋ ਖ਼ੁਦਾ
ਲਾ ਇਲਾ ਤੇ ਮਾਰਸ਼ਲ ਲਾਅ
ਇਕ ਰੱਬ ਐ ਤੇ ਇਕ ਮਾਰਸ਼ਲ ਲਾਅ। ਕਿੰਨੀ ਸਾਦਗੀ ਨਾਲ ਓਹਨੇ ਆਮ ਲੋਕਾਂ ਦੀ ਗੱਲ ਆਮ ਲੋਕਾਂ ਤਕ ਰੱਖੀ। ਇਹ ਗੱਲਾਂ ਅਵਾਮ ਨੂੰ ਟਚ ਕਰਿਆ ਕਰਦੀਐਂ। ਸਾਡਾ ਜਿਹੜਾ ਸਾਹਿਤ ਐ, ਸ਼ਾਇਰੀ ਐ, ਅਦਬ ਐ, ਉਹ ਲੋਕਾਂ ਦੇ ਮਨ ਤੀਕ ਨਈਂ ਪੁੱਜ ਰਿਹਾ। ਇਸ ਕਰ ਕੇ ਅਸੀਂ ਜੋ ਮਰਜ਼ੀ ਸੁਨੇਹਾ ਦਈਏ, ਉਨ੍ਹਾਂ ਤਕ ਨਈਂ ਪੁੱਜੇਗਾ। ਉਹ ਜਿਸ ਵਰਗ ਨੂੰ ਪੁੱਜਿਆ ਕਰਦੈ, ਉਹ ਖਾਂਦਾ ਪੀਂਦਾ ਵਰਗ ਐ ਜਾਂ ਇਹ ਕਹਿ ਲਓ ਦੋਗਲੈ, ਠੀਕ ਐ ਨਾ? ਇਸੇ ਕਰ ਕੇ ਅਸੀਂ ਕੋਈ ਅਹਿਮ ਰੋਲ ਅਦਾ ਨਈਂ ਕਰ ਸਕਦੇ।
ਦੇਖੋ, ਹੁਣ ਇਹੀ ਵਿਥ ਐ ਆਮ ਲੋਕਾਂ ਤੇ ਅਲੀਟ ਕਲਾਸ ਵਿਚਾਲੇ। ਪੰਜਾਬ ਵਿਚ ਦੋ ਤਰ੍ਹਾਂ ਦੀ ਕਹਾਣੀ ਲਿਖੀ ਜਾ ਰਹੀ ਐ, ਇਕ ਪੇਂਡੂ ਤੇ ਇਕ ਸ਼ਹਿਰੀ। ਸ਼ਹਿਰੀ ਕਿਸੇ ਨੂੰ ਸਮਝ ਨਈਂ ਆਉਂਦੀ, ਪੇਂਡੂ ਕੋਈ ਪੜ੍ਹਦਾ ਨਈਂ। ਏਦਾਂ ਈ ਐ ਜਿਵੇਂ ਪਹਿਲਾਂ ਫਿਲਮਾਂ ਪਿੰਡਾਂ ਵਿੱਚ ਬਣਿਆ ਕਰਦੀਆਂ ਸੀ, ਹੁਣ ਉਹ ਅਮਰੀਕਾ, ਕਨੇਡਾ ਵਿੱਚ ਬਣਿਆ ਕਰਦੀਐਂ। ਮੈਨੂੰ ਅੱਜ ਤਕ ਯਾਦ ਐ ਇਕ ਫ਼ਿਲਮ ਆਈ ਸੀ ‘ਕਰਤਾਰ ਸਿੰਘ’, ਸੈਫ਼ ਉਦੀਨ ਸੈਫ਼ ਦੀ। ਉਰਦੂ ਦਾ ਬੜਾ ਮਸ਼ਹੂਰ ਸ਼ਾਇਰ ਸੀ ਉਹ। ਓਹਨੇ ਪੰਜਾਬੀ ਵਿੱਚ ਫ਼ਿਲਮ ਬਣਾਈ। ਉਹ ਬਣਾਇਆ ਕਰਦੈ 53-54 ਵਿਚ। ਇਹ ਫ਼ਿਲਮ 47 ਤੋਂ ਬਾਅਦ ਦੀ ਐ, ਜੋ ਲੋਕਾਈ ਹੰਡਿਆਇਆ ਕਰਦੀ ਐ, ਸੰਤਾਪ ਭੋਗਿਆ ਕਰਦੀ ਐ। ਇਧਰ ਵੀ ਤੇ ਉਧਰ ਵੀ। ਇਥੇ ਹੁਣ ਮਾਨਸਿਕ ਸਥਿਤੀ ਸਮਝਣ ਦੀ ਲੋੜ ਐ। ਦੋਹਾਂ ਪਾਸੇ ਇਕੋ ਜਿਹੀ ਸਥਿਤੀ ਸੀ। ਇਹਦੇ ਵਿੱਚ ਦੇਖੋ ਇਕ ਮੁਸਲਿਮ ਪਰਿਵਾਰ ਸਰਹੱਦ ਪਾਰ ਕਰ ਜਾਂਦੈ ਤੇ ਪਿਛੇ ‘ਕੱਲੀ ਕੁੜੀ ਰਹਿ ਜਾਂਦੀ ਐ। ਇਕ ਸਰਦਾਰ ਉਹਨੂੰ ਅਪਣੇ ਘਰੇ ਲੈ ਜਾਂਦੈ ਕਿ ਧੀਏ ਚਿੰਤਾ ਨਾ ਕਰ, ਹਾਲਾਤ ਠੀਕ ਹੋਣ ‘ਤੇ ਮੈਂ ਤੈਨੂੰ ਸਰਹੱਦ ਪਾਰ ਕਰਾ ਦਿਆਂਗਾ। ਘਰੇ ਉਹਦਾ ਜਵਾਨ ਪੁੱਤਰ ਵੀ ਐ। ਦੋਸਤਾਂ ਦੀ ਚੁੱਕ ਵਿੱਚ ਆ ਕੇ ਉਹ ਲੜਕੀ ਦੇ ਨੇੜੇ ਆਉਂਦੈ ਤਾਂ ਬਾਪ ਕਹਿੰਦੈ ਦੇਖ ਤੇਰੀ ਇਹ ਪਹਿਲੀ ਗ਼ਲਤੀ ਐ, ਮੁੜ ਕੇ ਨਾ ਕਰੀਂ। ਮੇਰੇ ਅੰਦਰਲਾ ਫ਼ੌਜੀ ਜਾਗ ਪੈਣੈਂ। ਦੂਜੀ ਵਾਰ ਜਦੋਂ ਫੇਰ ਪੁੱਤ ਹਰਕਤ ਕਰਦੈ ਤਾਂ ਪਿਓ ਅਪਣੇ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੰਦੈ ਤੇ ਉਹਦੀ ਲਾਸ਼ ‘ਤੇ ਕੀਰਨੇ ਪਾਉਂਦੈ। ਕੁੜੀ ਨੂੰ ਉਹ ਸਰਹੱਦ ਪਾਰ ਕਰਾ ਦਿੰਦੈ, ਕਿ ਮੈਂ ਅਪਣਾ ਫ਼ਰਜ਼ ਨਿਭਾਇਆ। ਫ਼ਿਲਮ ਏਥੇ ਈ ਖ਼ਤਮ ਹੋ ਜਾਂਦੀ ਐ। ਦੇਖੋ ਇਹ ਚੀਜ਼ ਆਮ ਲੋਕਾਂ ਨੂੰ ਟੱਚ ਕਰਿਆ ਕਰਦੀ ਐ ਕਿ ਇਸ ਮਾਹੌਲ ਦੇ ਬਾਵਜੂਦ ਉਹ ਲੋਕ ਅੱਜ ਜ਼ਿੰਦਾ ਨੇ, ਜਿਹੜੇ ਸਮਾਜੀ ਕਦਰਾਂ-ਕੀਮਤਾਂ ਦੇ ਮੁਦੱਈ ਨੇ। ਇਸ ਕਿਸਮ ਦਾ ਸਾਹਿਤ ਨਈਂ ਲਿਖਿਆ ਜਾ ਰਿਹਾ। ਜਦ ਅਸੀਂ ਇਸ ਕਿਸਮ ਦਾ ਸਾਹਿਤ ਲਿਖ ਨਈਂ ਰਹੇ ਤਾਂ ਕੀ ਕਰ ਸਕਨੇ ਆਂ? ਦੇਖੋ ਏਡੇ ਵੱਡੇ ਹਮਲੇ ਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਸਕਨੇ ਆਂ। ਇਹ ਯਲਗਾਰ ਏ, ਜਿਹੜਾ ਮੀਡੀਆ ਰਾਹੀਂ ਸਾਡੇ ਤਕ ਆ ਰਿਹੈ। ਮਾਰਕੀਟਿੰਗ ਰਾਹੀਂ ਸਾਡੇ ਤਕ ਆ ਰਿਹੈ। ਮੀਡੀਆ ਜਿਹੜਾ ਐ, ਉਹ ਬਾਜ਼ਾਰ ਦਾ ਹਿੱਸਾ ਐ। ਇਸ ਲਈ ਮੈਂ ਨਈਂ ਸਮਝਦਾ ਕਿ ਲੇਖਕ ਕੋਈ ਬਦਲਾਅ ਲਿਆ ਸਕਦੈ।
ਇਸ ਲਈ ਮੈਂ ਨਈਂ ਸਮਝਦਾ ਕਿ ਮੀਡੀਆ ਬਦਲਾਅ ਲਿਆ ਸਕਦੈ। ਫ਼ਿਲਮਾਂ ਤੋਂ ਵੱਧ ਹੋਰ ਕੋਈ ਮੀਡੀਆ ਨਈਂ ਐ, ਜਿਹਦੀ ਅਸੀਂ ਗੱਲ ਕਰੀਏ। ਇਥੇ ਸਾਨੂੰ ਵਪਾਰਕ ਹੋ ਕੇ ਸੋਚਣਾ ਪੈਂਦਾ ਐ, ਕਿ ਇਹ ਸਾਨੂੰ ਪੈਸਾ ਦੇਵੇਗੀ ਜਾਂ ਨਹੀਂ। ਦਰਅਸਲ ਅਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਆਂ ਜੋ ਫ਼ਲਾਣੇ ਸ਼ੋਅਰੂਮ ਵਿੱਚ ਜਾ ਕੇ ਬਰਾਂਡਡ ਚੀਜ਼ਾਂ ਖਰੀਦਦੇ ਨੇ।
ਇਕ ਮੇਰੀ ਕਹਾਣੀ ਐ ‘ਦਰਦ ਵਿਛੋੜੇ ਦਾ ਹਾਲ’। ਸਾਡੇ ਪਿੰਡ ਦੇ ਇਕ ਪਾਸੇ ਪਿੰਡ ਐ ਸਲੋਤਰੀ। ਇਹਦੇ ਵਿਚ ਕਾਸਿਮ ਮਿਨਹਾਸ (ਰਾਜਪੂਤ) ਜਿਹੜਾ, ਉਹ ਪਾਕਿਸਤਾਨ ਦੀ ਗੋਲ਼ੀ ਦਾ ਸ਼ਿਕਾਰ ਹੋ ਕੇ ਮਰ ਜਾਂਦੈ। ਇਹਦੇ ਘਰ ‘ਤੇ ਜਦੋਂ ਗੋਲਾ ਡਿਗਦੈ ਤੇ ਇਹ ਵੀ ਮਰ ਜਾਂਦੈ। ਬੱਚੇ ਨਈਂ ਮਰਦੇ, ਕਿਉਂਕਿ ਉਹ ਕਿਸੇ ਹੋਰ ਥਾਂ ਵਿਆਹ ਵਾਲੇ ਗੀਤ ਗਾਉਣ ਗਏ ਹੁੰਦੇ ਨੇ। ਹੁਣ ਇਹ ਮਸਜਿਦ ਤੋਂ ਅਨਾਊਂਸਮੈਂਟ ਹੁੰਦੀ ਆ ਕਿ ਗ਼ਾਇਬਾਨਾ (ਜਨਾਜ਼ਾ) ਉਠਣ ਵਾਲਾ ਐ। ਹੁਣ ਲੋਕੀ ਪਿੰਡ ਦੇ ਆਇਆ ਕਰਦੇ ਨੇ ਸਾਰੇ। ਹਿੰਦੂ, ਸਿੱਖ ਸਾਰੇ ਆਇਆ ਕਰਦੇ ਨੇ। ਜਦੋਂ ਫ਼ਾਇਰਿੰਗ ਹੁੰਦੀ ਐ। ਸਰਹੱਦ ਪਾਰ ਵੀ ਇਹੋ ਨੁਕਸਾਨ ਹੁੰਦੈ। ਫ਼ੌਜ ਦਾ ਕਰਨਲ ਵੀ ਅਫ਼ਸੋਸ ਲਈ ਆਉਂਦੈ। ਉਹ ਦੇਖਦਾ ਵੀ ਰੋਣ ਦੀਆਂ ਆਵਾਜ਼ਾਂ ਪਿੰਡ ਦੇ ਪਾਰੋਂ ਵੀ ਆਉਂਦੀਆਂ ਨੇ। ਵਿਚਕਾਰ ਪੁਣਛ ਦਾ ਦਰਿਆ ਐ। ਉਨ੍ਹਾਂ ਦਾ ਪਿੰਡ ਐ ਤੇਤਰੀ ਨੋਟ। ਉਸ ਪਿੰਡ ਤੋਂ ਵੀ ਰੋਣ ਦੀਆਂ ਆਵਾਜ਼ਾਂ ਆਇਆ ਕਰਦੀ ਐ। ਕਰਨਲ ਪੁਛਦੈ, ਇਹ ਰੋਣ ਦੀਆਂ ਆਵਾਜ਼ਾਂ ਕਿਥੋਂ ਆਇਆ ਕਰਦੀਐਂ? ਨਾਲ ਖੜਾ ਬੰਦਾ ਕਹਿੰਦੈ, ਜੀ ਹੋ ਸਕਦੈ ਇਸ ਪਾਸੋਂ ਜਿਹੜੀ ਗੋਲੀ ਗਈ ਹੋਵੇ, ਉਹਨੇ ਵੀ ਮਾਰ ਕੀਤੀ ਹੋਵੇ। ਕਹਿੰਦੈ, ਸਾਡੇ ਦੋਹਾਂ ਪਾਸੇ ਦੀ ਸਾਂਝੀ ਤਕਦੀਰ ਐ ਕਿ ਕਦੇ ਓਧਰ ਲੋਕ ਮਰਦੇ ਨੇ ਤੇ ਕਦੇ ਇਧਰ ਮਰਿਆ ਕਰਦੇ ਨੇ। ਤਦੇ ਉਥੋਂ ਦੀ ਮਸਜਿਦ ਤੋਂ ਅਨਾਊਸਮੈਂਟ ਹੁੰਦੀ ਐ, ਸਾਰੇ ਪਿੰਡ ਵਾਸੀਆਂ ਨੂੰ ਇਤਲਾਹ ਕੀਤੀ ਜਾਂਦੀ ਐ ਕਿ ਮੇਰਾ ਨਿੱਕਾ ਭਰਾ ਸਾਡੇ ਜੱਦੀ ਪਿੰਡ ਸਲੋਤਰੀ ਵਿਚ ਮਰ ਗਿਆ। ਓਹਦਾ ਗ਼ਾਇਬਾਨਾ ਸ਼ਾਮੀ 6 ਵਜੇ ਐ। ਇਧਰ ਮੌਲਵੀ ਦੁਆਵਾਂ ਕਰਦੈ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਮਿਲੇ। ਇਹ ਅਰਦਾਸ ਪਿੰਡ ਦੇ ਪਰਲੇ ਪਾਸੇ ਵੀ ਜਾਂਦੀ ਐ ਤੇ ਇਥੇ ਈ ਕਹਾਣੀ ਦਾ ਅੰਤ ਹੋ ਜਾਂਦੈ। ਮੈਂ ਜਦੋਂ ਡਿਪਟੀ ਕਮਿਸ਼ਨਰ ਸਾਂ ਉਥੇ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਘਟਨਾਵਾਂ ਦੇਖੀਆਂ। ਇਥੋਂ ਹੀ ਪਲਾਟ ਲਿਆ ਕਹਾਣੀ ਲਈ।
ਦੂਜੀ ਘਟਨਾ ਐ ਕਿ ਦਹਿਸ਼ਤਗਰਦ ਲੋਕਾਂ ਦੇ ਘਰਾਂ ਵਿੱਚ ਜਾਂਦੇ ਨੇ, ਰੋਟੀ ਖਾਣ ਲਈ। ਮੁਫ਼ਤ ਵਿੱਚ ਨਈਂ ਖਾਂਦੇ ਓ। ਜਿਹਦੇ ਵੀ ਘਰ ਜਾਂਦੇ ਨੇ ਰੋਟੀ ਖਾ ਕੇ ਪੈਸੇ ਦੇ ਕੇ ਆਉਂਦੇ ਨੇ। ਇਹ ਵੀ ਐ ਜਾਂ ਤਾਂ ਉਹ ਬੰਦੂਕ ਦੀ ਨੋਕ ‘ਤੇ ਰੋਟੀ ਮੰਗਦੇ ਨੇ ਜਾਂ ਫੇਰ ਕੁਝ ਲੋਕ ਆਪ ਖਵਾਉਂਦੇ ਨੇ। ਉਧਰ ਜਿਹੜੇ ਆਰਮੀ ਦੇ ਮੁਖਬਰ ਨੇ, ਪਿੰਡ ਵਿੱਚ ਜਗ੍ਹਾ ਜਗ੍ਹਾ ਨੇ। ਇਹ ਦੇਖੋ ਕਿ ਉਹ ਵੀ ਮੁਸਲਮਾਨ ਨੇ, ਇਨ੍ਹਾਂ ਵਿੱਚੋਂ ਕੋਈ ਹਿੰਦੂ, ਕੋਈ ਸਿੱਖ ਨਈਂ। ਪਿੰਡ ਈ ਸਾਰਾ ਮੁਸਲਮਾਨਾਂ ਦਾ ਐ। ਇਨ੍ਹਾਂ ਰਾਹੀਂ ਮੇਜਰ ਨੂੰ ਇਤਲਾਹ ਮਿਲਦੀ ਐ ਕਿ ਫਲਾਣੇ ਘਰ ਵਿੱਚ ਅਤਿਵਾਦੀ ਆਏ ਨੇ। ਆਰਮੀ ਸਾਰੇ ਪਿੰਡ ਨੂੰ ਘੇਰਾ ਪਾਂਦੀ ਐ ਤੇ ਤਲਾਸ਼ੀ ਲੈਂਦੀ ਐ। ਇਹ ਬੁੱਢੀ ਦੇ ਘਰ ਜਾਂਦੇ ਨੇ। ਓਹਦੇ ਕੋਲੋਂ ਪੁੱਛਦੇ ਨੇ, ‘ਮਾਈਏ ਇਥੇ ਮੌਲਵੀ ਆਏ ਸਨ?’ ਉਥੇ ਅਤਿਵਾਦੀਆਂ ਨੂੰ ਸੱਦਦੇ ਨੇ ਮੌਲਵੀ। ਮੌਲਵੀ ਇਸ ਲਈ ਕਹਿੰਦੇ ਨੇ ਕਿ ਲੰਮੀਆਂ ਦਾੜ੍ਹੀਆਂ ਹੁੰਦੀਐਂ ਤੇ ਪੰਜ ਵਕਤ ਦੇ ਨਮਾਜ਼ੀ ਹੁੰਦੇ ਨੇ ਇਹ। ਜਦੋਂ ਆਰਮੀ ਵਾਲੇ ਬੁੱਢੀ ਨੂੰ ਇਨ੍ਹਾਂ ਬਾਰੇ ਪੁਛਦੇ ਨੇ ਤਾਂ ਅੱਗੋਂ ਉਹ ਆਖਦੀ ਐ, ‘ਆਏ ਸਨ।’ ‘ਕਿਉਂ ਆਏ ਸਨ?’ ਅੱਗੋਂ ਆਰਮੀ ਵਾਲੇ 70-80 ਸਾਲਾ ਮਾਈ ਤੋਂ ਸਵਾਲ-ਜਵਾਬ ਕਰਦੇ ਨੇ।
‘ਨਾ ਪੁੱਤਰਾ ਉਨ੍ਹਾਂ ਨੂੰ ਭੁੱਖ ਲੱਗੀ ਸੀ, ਮੈਨੂੰ ਕਿਹਾ, ਮਾਈਏ ਸਾਨੂੰ ਰੋਟੀ ਖੁਆ। ਮੈਂ ਉਨ੍ਹਾਂ ਵਾਸਤੇ ਰੋਟੀ ਬਣਾਈ। ਉਨ੍ਹਾਂ ਰੋਟੀ ਖਾਧੀ ਤੇ ਫੇਰ ਚਲੇ ਗਏ। ਆਹ ਸਾਹਮਣੇ ਵਾਲੀ ਪਹਾੜੀ ਵਾਲੇ ਪਾਸੇ ਗਏ ਨੇ।’ ਬੁੱਢੀ ਬੜੇ ਹੌਸਲੇ ਨਾਲ ਦਸਦੀ ਐ।
ਆਰਮੀ ਵਾਲੇ ਪੁੱਛਦੇ, ”ਨਾ, ਤੂੰ ਕਿਉਂ ਰੋਟੀ ਖਵਾਈ ਉਨ੍ਹਾਂ ਨੂੰ, ਤੈਨੂੰੂ ਨਈਂ ਪਤਾ ਕੌਣ ਸਨ ਉਹ? ਇਹ ਦੁਸ਼ਮਣ ਨੇ ਸਾਡੇ, ਸਾਨੂੰ ਮਾਰ ਦੇਣਗੇ, ਖ਼ਤਮ ਕਰਨ ਆਏ ਸਨ ਸਾਨੂੰ।” ਬੁੁੱਢੀ ਕਹਿੰਦੀ, ”ਪੁੱਤਰਾ, ਮੈਨੂੰ ਕੀ ਪਤੈ, ਕੌਣ ਸਨ। ਸਾਡੇ ਤਾਂ ਪਿੰਡ ਵਿੱਚ ਰਿਵਾਜ਼ ਐ, ਜੇ ਕੋਈ ਆ ਕੇ ਰੋਟੀ ਮੰਗਦੈ, ਰੋਟੀ ਦੇ ਛੱਡਦੇ ਆਂ। ਜੇ ਕੋਈ ਰਹਿਣ ਲਈ ਜਗ੍ਹਾ ਮੰਗਦੈ, ਦੇ ਦਿੰਦੇ ਆਂ।’ ਸਾਡੇ ਪਿੰਡਾਂ ਵਿੱਚ ਤਾਂ ਇਸੇ ਤਰ੍ਹਾਂ ਹੁੰਦੈ, ਤੁਹਾਡੇ ਇਹ ਰਿਵਾਜ਼ ਨਈਂ ਐ?” ਆਰਮੀ ਵਾਲਾ ਅੱਗੋਂ ਆਖਦੈ, ”ਮਾਈਏ ਤੈਨੂੰ ਨਈਂ ਪਤਾ ਦੁਸ਼ਮਣ ਮੁਲਕ ਤੋਂ ਆਏ ਸਨ ਤੇ ਅਸੀਂ ਇਨ੍ਹਾਂ ਨੂੰ ਖ਼ਤਮ ਕਰ ਦਿਆਂਗੇ।” ਉਹ ਕਹਿੰਦੀ, ”ਪੁੱਤਰਾ ਸਾਨੂੰ ਨਈਂ ਪਤਾ ਦੁਸ਼ਮਣ ਕੌਣ, ਸੱਜਣ ਕੌਣ। ਤੂੰ ਕਿਵੇਂ ਖ਼ਤਮ ਕਰੇਂਗਾ ਇਨ੍ਹਾਂ ਨੂੰ? ਅਸੀਂ ਆਂ ਜਿਹੜੇ ਭੇਡ, ਬਕਰੀਆਂ ਰੋਜ਼ ਵੱਢ ਨੇ ਆਂ, ਇਹ ਕਦੇ ਖ਼ਤਮ ਹੋਏ ਨੇ, ਇਹ ਨਸਲ ਖ਼ਤਮ ਹੋਈਐ ਕਦੇ, ਇਨਸਾਨਾਂ ਨੂੰ ਖ਼ਤਮ ਕਰੇਂਗਾ ਤੂੰ? ਇਹ ਕਦੇ ਖ਼ਤਮ ਹੋਇਆ ਕਰਦੀ ਐ? ਤੂੰ ਕਿਹੜੀਆਂ ਗੱਲਾਂ ਪਿਆਂ ਕਰਦੈਂ? ਮੈਨੂੰ ਇਕ ਗੱਲ ਦੱਸ ਪੁੱਤਰਾ, ਉਹ ਵੀ ਜਿਸ ਵੇਲੇ ਆਂਦੇ ਨੇ, ਪੁਛਦੇ ਨੇ, ਇਥੇ ਖੱਤਰੀ ਤਾਂ ਨਈਂ ਸਨ ਆਏ? (ਖੱਤਰੀ ਮਤਲਬ ਆਰਮੀ) ਪੁੱਤਰਾ ਆਖ਼ਰ ਤੁਹਾਡੀ ਦੁਸ਼ਮਣੀ ਕੀ ਐ? ਤੁਸੀਂ ਕਿਉਂ ਇਨ੍ਹਾਂ ਜੰਗਲਾਂ ਵਿੱਚ ਅਪਣੀ ਜਵਾਨੀ ਪਈ ਤਬਾਹ ਕਰਦੇ ਓ? ਮੈਨੂੰ ਦਸ ਤਾਂ, ਜੇ ਮੈਂ ਤੁਹਾਡੀ ਸੁਲਾਹ ਕਰਾਦਿਆਂ। ਜੇ ਮੇਰੇ ਕੋਲੋਂ ਨਾ ਹੋਇਆ ਤਾਂ ਜਿਹੜਾ ਸਾਡਾ ਸਰਪੰਚ ਐ, ਉਹ ਬੜਾ ਆਲਮ ਆਦਮੀ ਐ, ਓਹਦੇ ਕੋਲ ਤੁਹਾਡਾ ਮੁਕੱਦਮਾ ਲੈ ਜਾਨੀ ਆਂ। ਉਹ ਤੁਹਾਡਾ ਮਸਲਾ ਹੱਲ ਕਰਾ ਦਏਗਾ, ਕਿਉਂ ਜੰਗਲਾਂ ਵਿੱਚ ਜਵਾਨੀ ਸਾੜਦੇ ਓ ਪੁੱਤਰੋ?’
ਉਹ ਜਾਣ ਲਗਦੇ ਨੇ ਤਾਂ ਬੁੱਢੀ ਫੇਰ ਉਨ੍ਹਾਂ ਨੂੰ ਰੋਕ ਲੈਂਦੀ ਐ, ਨਾ ਪੁੱਤਰਾ ਐਂ ਨਈਂ ਜਾਣਾ, ਬੈਠੋ ਮੈਂ ਚਾਹ ਬਣਾ ਕੇ ਲਿਆਂਦੀ ਆਂ। ਮੇਜਰ ਨੂੰ ਕਹਿੰਦੀ, ”ਤੂੰ ਤੇ ਮੇਰੇ ਪੁੱਤਰ ਨਸੀਰੇ ਵਰਗਾ ਐਂ, ਜਿਹੜਾ ਅੱਜਕਲ੍ਹ ਪੰਜਾਬ ਵਿੱਚ ਮਜ਼ਦੂਰੀ ਕਰਨ ਗਿਐ, ਮੈਂ ਨਈਂ ਤੈਨੂੰ ਜਾਣ ਦਿਆਂਗੀ, ਬਹਿ ਇਥੇ। ਚੁੱਪ ਕਰ ਕੇ ਬਹਿ ਇਥੇ।” ਉਹ ਜਾ ਕੇ ਚਾਹ ਬਣਾ ਕੇ ਲਿਆਂਦੀ ਐ। ਮੇਜਰ ਬੈਠਾ ਮੁਸਕਰਾਉਂਦਾ ਤੇ ਚਾਹ ਪੀ ਕੇ ਚੁੱਪ ਕਰ ਕੇ ਅਪਣੀ ਟੁਕੜੀ ਲੈ ਕੇ ਚਲਾ ਜਾਂਦਾ, ਬਈ ਹੁਣ ਇਸ ਬੁਢੜੀ ਨੂੰ ਕੀ ਕਹਿਣਾ। ਦੇਖੋ, ਇਹ ਏਨੇ ਮਾਸੂਮ ਲੋਕ ਨੇ, ਇਨ੍ਹਾਂ ਨੂੰ ਕੀ ਪਤਾ ਕਿ ਪਾਕਿਸਤਾਨ ਮਸਲਾ ਕੀ ਐ, ਕਸ਼ਮੀਰ ਮਸਲਾ ਕੀ ਐ? ਬਸ ਜਿਥੇ ਜਿਥੇ ਮੇਰੀ ਪੋਸਟਿੰਗ ਰਹੀ, ਇਹੋ ਜਿਹੀਆਂ ਕਹਾਣੀਆਂ ਮੈਨੂੰ ਮਿਲਦੀਆਂ ਰਹੀਆਂ।
ਹੁਣ : ਠੀਕ ਐ ਖ਼ਾਲਿਦ ਸਾਹਿਬ! ਤੁਸੀਂ ‘ਹੁਣ’ ਦੇ ਪਾਠਕਾਂ ਲਈ ਐਨਾ ਸਮਾਂ ਕੱਢਿਆ। ਤੁਹਾਡਾ ਬਹੁਤ -ਬਹੁਤ ਸ਼ੁਕਰੀਆ।
ਖ਼ਾਲਿਦ : ਸ਼ੁਕਰੀਆ ਤੁਹਾਡਾ ਮਿੱਤਰੋ। ‘ਹੁਣ’ ਦੇ ਪਾਠਕਾਂ ਤਕ ਮੇਰੀਆਂ ਗੱਲਾਂ ਪਹੁੰਚਾਉਣ ਲਈ।


ਹੁਣ’ ਦੇ 26ਵੇਂ ਅੰਕ ਵਿਚੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *