ਫੁੱਲਾਂ ਵਾਲਾ ਝੋਲਾ

ਰਿਸ਼ਮਦੀਪ ਸਿੰਘ



ਭਾਗ-।
ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕੰਧੋਲੀਆਂ ਉਤੇ ਚਿੱਟੇ ਰੰਗ ਦੇ ਮੋਰ ਪੈਲਾਂ ਪਾਉਂਦੇ ਸਨ, ਲੰਬੇ ਲੰਬੇ ਕੰਨਾਂ ਵਾਲੇ ਖਰਗੋਸ਼ ਤਖਤਪੋਸ਼ ਉਤੇ ਸਜੇ ਸਿਰਹਾਣਿਆਂ ਦੇ ਉਹਲੇ ਲੁਕਣਮੀਟੀ ਖੇਡਦੇ। ਚਾਦਰ ਉਤੇ ਰੰਗ ਬਿਰੰਗੇ ਫੁੱਲਾਂ ਦੀ ਵੇਲ ਅਤੇ ਇਹਨਾਂ ਫੁੱਲਾਂ ਵਿੱਚ ਲਾਲ ਰੰਗ ਦੀ ਗਾਨੀ ਵਾਲਾ ਤੋਤਿਆਂ ਦਾ ਜੋੜਾ ਬੈਠਾ ਮੋਹ-ਭਿੱਜੀਆਂ ਗੱਲਾਂ ਕਰਦਾ। ਪਲਾਸਟਕ ਦੀ ਤਾਰ ਦਾ ਬੁਣਿਆ ਕਬੂਤਰ ਸਾਹਮਣੀ ਬੈਠਕ ਵਿੱਚ ਰੱਖੇ ਵੱਡੇ ਸਾਰੇ ਰੇਡੂਏ ਉਤੇ ਆਲ੍ਹਣਾ ਪਾਉਂਦਾ। ਰੇਡੂਏ ‘ਤੇ ਵੱਜਦਾ ਸੁਰਿੰਦਰ ਕੌਰ ਦਾ ਗੀਤ ਜਦੋਂ ਕਿਸੇ ਕੁਆਰੀ ਦੇ ਕੰਨੀਂ ਪੈਂਦਾ, ਤਾਂ ਇਹ ਕਬੂਤਰ ਉਹਦਾ ਪਿਆਰ-ਸੁਨੇਹਾ ਆਪਣੀ ਚੁੰਝ ਵਿੱਚ ਲਈ ਅਣਜਾਣੇ ਮਹਿਬੂਬ ਵੱਲ ਨੂੰ ਉਡਾਰੀ ਮਾਰ ਜਾਂਦਾ।
ਕੰਮ-ਕਾਜ ਨਬੇੜ ਤ੍ਰਿੰਜਣੀਂ ਬੈਠ ਮੁਟਿਆਰਾਂ ਚਰਖੇ ਦੀ ਕੂਕ ‘ਤੇ ਗੀਤ ਗਾਉਂਦੀਆਂ ਤੇ ਆਉਣ ਵਾਲੀ ਜ਼ਿੰਦਗੀ ਦੇ ਰੰਗੀਨ ਅਰਮਾਨ ਬਾਗਾਂ-ਫੁਲਕਾਰੀਆਂ ਵਿੱਚ ਭਰਦੀਆਂ। ਜਿਵੇਂ ਸਾਰਾ ਘਰ-ਬਾਰ ਹੀ ਉਹਨਾਂ ਉਮੰਗਾਂ ਤੇ ਸੁਫਨਿਆਂ ਦੀ ਸਤਰੰਗੀ ਪੀਂਘ ਵਿੱਚ ਝੂਮ ਉਠਦਾ। ਮੇਜ਼-ਪੋਸ਼, ਕਨਸ-ਦਾਨ, ਰੁਮਾਲ, ਪੋਣੇ..ਹਰ ਚੀਜ਼..ਹਰ ਜਗਾਹ, ਬੱਸ ਰੰਗ-ਬਿਰੰਗੀ..ਝੋਲੇ ਵੀ ..ਹਾਂ ਹਾਂ ਝੋਲੇ..ਜਿਹਨਾਂ ਨੂੰ ਅੱਜਕੱਲ੍ਹ ਆਪਾਂ ਹੈਂਡਬੈਗ ਆਖਦੇ ਹਾਂ। ਕਿੰਨੇ ਸੋਹਣੇ ਹੁੰਦੇ ਸਨ ਉਹ ਝੋਲੇ, ਹਰੀ ਵੇਲ ਦਾ ਬਾਡਰ ਅਤੇ ਵਿਚਾਲੇ ਲਾਲ ਰੰਗ ਦਾ ਫੁੱਲ..ਕੋਮਲ ਅਹਿਸਾਸਾਂ ਦਾ ਬਣਿਆ ਬੇਸ਼ਕੀਮਤੀ ਤੋਹਫ
ਸਰਵਣ ਸਿੰਘ ਕੋਲ ਵੀ ਸੀ, ਇਹੋ ਜਿਹਾ ਇਕ ਝੋਲਾ। ਹੱਥ ਵਿੱਚ ਝੋਲਾ ਫੜੀ ਤੇ ਮੋਢੇ ਉਤੇ ਲੋਈ ਸੁੱਟੀ ਉਹ ਕਿਧਰੇ ਵੀ ਜਾਂਦਾ, ਸਭ ਨੂੰ ਪਤਾ ਲੱਗ ਜਾਣਾ ਬਈ ਇਹ ਡਰਾਈਵਰ ਹੈ, ਪਰ ਆਵਦੇ ਪਿੰਡ ਉਹ ਮਹੀਨੇ-ਬੱਧੀ ਹੀ ਗੇੜਾ ਮਾਰਦਾ।
ਸਰਵਣ ਨਿੰਮੇ ਦਾ ਭਾਪਾ ਸੀ। ਦੀਵਾਲੀ ਜਦੋਂ ਆਉਣ ਵਾਲੀ ਹੁੰਦੀ ਤਾਂ ਨਿੰਮੇ ਨੇ ਹਰ ਵੇਲੇ ਕਹੀ ਜਾਣਾ-
“ਦਵਾਲੀ ਆਲੇ ਦਿਨ ਆਊ ਮੇਰਾ ਭਾਪਾ..ਝੋਲਾ ਭਰ ਕੇ ਪਟਾਕਿਆਂ ਦਾ ਲਿਆਊ.. ਨਾਲੇ ਮਠਿਆਈ ਦਾ.. ਹਾਂ ਜੀ..“
“ਪਰ ਤਾਂ ਤੇਰਾ ਭਾਪਾ ਆਇਆ ਨਹੀਂ ਸੀ..“ਗਵਾਂਢ ਵਿੱਚ ਰਹਿੰਦੇ ਉਹਦੇ ਪੱਕੇ ਆੜੀ ਬਿੰਦਰ ਨੇ ਟੋਕਿਆ।
“ ਪਰਾਰ ਆਇਆ ਸੀ, ਉਦੋਂ ਤੂੰ ਨਾਨਕੀਂ ਗਿਆ ਹੋਇਆ ਸੀ ਤੇ ਬਾਈ ਸਿਆਂਹ! ਏਸ ਵਾਰੀ ਤਾਂ ਮੈਂ ਚਿੱਠੀ ਲਿਖੀ ਐ ਭਾਪੇ ਨੂੰ..ਤੇ ਸਿਰਨਾਵਾਂ ਮਾਸਟਰ ਜੀ ਤੋਂ ਲਿਖਵਾਇਐ ਆਊਗਾ ਜ਼ਰੂਰ ਏਸ ਵਾਰ ਤਾਂ“
ਨਿੰਮੇ ਦੀਆਂ ਅੱਖਾਂ ਦੀ ਚਮਕ ਤੇ ਟੱਪੂੰ-ਟੱਪੂੰ ਕਰਦਾ ਸਰੀਰ ਦੇਖ ਕੇ ਬਿੰਦਰ ਦੀ ਉਮੀਦ ਬੱਝ ਗਈ-
“ਚੰਗਾ ਫੇਰ ਆਪਾਂ ਦੋਨੋਂ ਚੱਲਾਂਗੇ ਤੇਰੇ ਭਾਪੇ ਨੂੰ ਅੱਡੇ ਤੋਂ ਲੈਣ..“
“ਚੱਲ ਤਾਂ ਪਈਂ ਪਰ ਭਾਪੇ ਦਾ ਝੋਲਾ ਮੈਂ ਚੱਕੂੰ..ਤੇਰਾ ਕੀ ਪਤਾ ਵਿੱਚੋਂ ਵੱਡੇ ਵੱਡੇ ਸਾਰੇ ਪਟਾਕੇ ਕੱਢ ਲਵੇਂ..“
ਨਿੰਮੇ ਨੇ ਛੜੱਪੇ ਮਾਰਦੇ ਹੋਏ ਕਿਹਾ।
ਦੀਵਾਲੀ ਵਾਲੇ ਦਿਨ ਤੜਕੇ ਹੀ ਨਿੰਮੇ ਨੇ ਆਣ ਹਾਕ ਮਾਰੀ-
ਬਿੰਦਰਾ!..ਛੇਤੀ ਕਰ..ਰੋਡਵੇਜ਼ ਆਲੀ ਬੱਸ ਦਾ ਟੈਮ ਹੋ ਗਿਆ “
“ਕਮਲਿਆ! ਪਹਿਲੀ ਬੱਸੇ ਕਿਵੇਂ ਆ ਜੂ ਚਾਚਾ ?..ਪਤੈ ਕਿੰਨੀ ਵਾਟ ਐ ਸੰਗਰੂਰ ਆਪਣੇ ਪਿੰਡੋਂ? ਆਪਾਂ ਤਿੰਨ ਵਜੇ ਆਲੀ ਅਨੰਦ ਵਾਲਿਆਂ ਦੀ ਬੱਸ ਨੂੰ ਚੱਲਾਂਗੇ…“
“ਚਲ ਤੂੰ ਆਜੀਂ..ਜਦੋਂ ਆਉਣਾ ਹੋਇਆ..ਮੈਂ ਤਾਂ ਚੱਲਿਆ..“ ਕਹਿੰਦਾ ਨਿੰਮਾ ਕਾਹਲੇ ਕਾਹਲੇ ਪੱਬ ਚੁੱਕ ਅੱਡੇ ਵੱਲ ਨੂੰ ਵਗ ਗਿਆ।
ਦੁਪਹਿਰੇ ਜਦੋਂ ਬਿੰਦਰ ਡੰਗਰਾਂ ਨੂੰ ਪਾਣੀ-ਧਾਣੀ ਡਾਹ ਕੇ ਕਿੱਲਿਆਂ ਨਾਲ ਬੰਨ੍ਹਦਾ ਫਿਰਦਾ ਸੀ ਤਾਂ ਖੜਕਾ ਸੁਣ ਕੇ ਨਿੰਮੇ ਦੀ ਬੀਬੀ ਨੇ ਕੰਧ ਉਤੋਂ ਮਲਕੜੇ ਜਿਹੇ ਹਾਕ ਮਾਰੀ-
“ਵੇ ਬਿੰਦਰਾ! ਨਿੰਮੇ ਨੂੰ ਲਿਆ ਸੱਦ ਕੇ,ਰੋਟੀ ਖਾ ਜਵੇ..ਔਂਤਰਾ ਸਵੇਰ ਦਾ ਗਿਆ ਅੱਡੇ ਨੂੰ.. ਤੇਰੇ ਚਾਚੇ ਨੇ ਖਬ੍ਹਰਾ ਆਉਣਾ ਵੀ ਆ ਕਿ ਨਈਂ..ਆਹ!..“
ਬਿੰਦਰ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਸੂਤ ਦਾ ਮੰਜਾ ਡਾਹੀ ਪਿਆ ਨਿੰਮੇ ਦਾ ਚਾਚਾ ਬਚਨਾ ਬੋਲਿਆ-
“ਨਾ ਚਾਅ ਤੈਨੂੰ ਵੀ ਬਥੇਰਾ, ਦੇਖੀ ਜਾਨਾਂ ਤੈਨੂੰ ਕੱਲ੍ਹ ਪਰਸੋਂ ਦਾ, ਹੇਖਾਂ! ਕਿਵੇਂ ਨਿਹੰਗਾਂ ਦੀ ਘੋੜੀ ਅੰਗੂੰ ਦੁੜੰਗੇ ਲਾਉਂਦੀ ਫਿਰਦੀ ਐ..“
“ਹਾਂ..ਹੈਗਾ ਚਾਅ ਬਥੇਰਾ!..ਹੋਵੇ ਕਿਉਂ ਨਾ..?…ਤੇ ਤੂੰ ਬੰਦੇ ਦਾ ਪੁੱਤ ਬਣ ਕੇ ਰਹੀਂ, ਜੇ ਵਾਰ-ਤਿਹਾਰ ਕਦੇ ਆੳਂੁਦਾ ਤਾਂ ਮਾੜੀ-ਮੋਟੀ ਇਜ਼ਤ ਕਰਿਆ ਕਰ! ਮਰ ਜਾਣਿਆ! ਬੱਡਾ ਭਰਾ ਆ ਤੇਰਾ..“
ਬਚਨਾ ਘੂਰੀ ਜਿਹੀ ਵੱਟੀ ਹੂੰਅ-ਹੂੰਅ ਕਰਦਾ ਘਰੋਂ ਨਿਕਲ ਗਿਆ।
“ਚਾਚੀ! ਤੂੰ ਰੋਟੀ ਬੰਨ੍ਹ ਦੇ , ਨਿੰਮੇ ਨੇ ਆਉਣਾ ਤਾਂ ਹੈ ਨੀਂ..“
ਜਦੋਂ ਬਿੰਦਰ ਰੋਟੀ ਲੈ ਕੇ ਅੱਡੇ ਪਹੁੰਚਿਆ ਤਾਂ ਨਿੰਮੇ ਦਾ ਚਿਹਰਾ ਮਸੋਸਿਆ ਹੋਇਆ ਸੀ-
“ਬਾਈ ਯਾਰ! ਤਿੰਨ ਬੱਸਾ ਈ ਰਹਿ ‘ਗੀਆਂ..ਅਨੰਦ ਆਲੀ..ਮਨਜੀਤ ਆਲੀ ਤੇ ਛੇ ਵਜੇ ਆਲੀ ਰੋਡਵੇਜ਼..“ਨਿੰਮੇ ਨੇ ਫਿਕਰ ਨਾਲ ਕਿਹਾ।
“ਉਇ ਮੈਂ ਤੈਨੂੰ ਦੱਸੀ ਜਾਨਾਂ ਬਈ ਵਾਟ ਕਿੰਨੀ ਆ, ਅਜੇ ਤਾਂ ਚਾਚਾ ਲੁਦੇਹਾਣੇ ਵੀ ਨੀ ਅੱਪੜਿਆ ਹੋਣਾਂ..ਚੱਲ ਤੂੰ ਰੋਟੀ ਖਾਹ“ ਬਿੰਦਰ ਨੇ ਪੋਣੇ ਦੀ ਗੰਢ ਖੋਲ੍ਹਦਿਆਂ ਕਿਹਾ।
“ਬੀਬੀ ਗੁੱਸੇ ਤਾਂ ਨੀ ਸੀ ਹੁੰਦੀ ?“ ਨਿੰਮੇ ਨੇ ਮੂੰਹ ਵਿੱਚ ਬੁਰਕੀ ਪਾਉਂਦਿਆਂ ਪੁੱਛਿਆ।
“ਚਾਚੀ ਤਾਂ ਠੀਕ ਸੀ, ਬਚਨੇ ਚਾਚੇ ਦੇ ਭੂੰਡ ਲੜੀ ਜਾਂਦੇ ਆ, ਚਾਚੀ ਉਹਨੂੰ ਕਹਿੰਦੀ ਸੀ ਕਲੇਸ ਨਾ ਕਰੇ। ਬੁੜ-ਬੁੜ ਕਰਦਾ ਨਿੱਕਲ ਗਿਆ ਘਰੋਂ ਫੇਰ..“
ਨਿੰਮੇ ਨੇ ਬੁਰਕੀ ਚਿੱਥਣੀ ਬੰਦ ਕਰ ਦਿੱਤੀ ਅਤੇ ਰੇਤੇ ਉਤੇ ਉਂਗਲ ਨਾਲ ਔਸੀਆਂ ਪਾਉਣ ਲੱਗਿਆ।
ਕੁਝ ਚਿਰ ਪਿੱਛੋਂ ਬੋਲਿਆ, “ਕਿੱਧਰ ਨੂੰ ਗਿਆ ਚਾਚਾ?“
“ਸੈਕਲ ਲੈ ਕੇ ਗਿਆ ਸ਼ੈਦ ਖੇਤਾਂ ਕੰਨੀ ਗਿਆ ਹੋਣਾ ਗੇੜਾ ਮਾਰਨ..“
“ਖੇਤ ਕਦੋਂ ਜਾਂਦਾ ਉਹੋ..ਮੈਨੂੰ ਪਤਾ ਠੇਕੇ ਗਿਆ ਹੋਣਾ..ਭਾਪੇ ਦੇ ਆਉਣ ਤਾਈਂ ਰੱਜੀ ਬੈਠਾ ਹੋਊ“
ਵੇਖਦੇ-ਵੇਖਦੇ ਅਨੰਦ ਆਲੀ ਬੱਸ ਵੀ ਆ ਕੇ ਚਲੀ ਗਈ ਅਤੇ ਫੇਰ ਮਨਜੀਤ ਆਲੀ ਵੀ।
“ਤੂੰ ਬੱਸ ਦਾ ਅਗਲਾ ਬਾਰ ਦੇਖ..ਮੈਂ ਪਿਛਲਾ ਦੇਖਦਾਂ…“
ਬਿੰਦਰ ਨਿੰਮੇ ਨੂੰ ਕਹਿੰਦਾ, ਪਰ ਨਿੰਮੇ ਦਾ ਧਿਆਨ ਦੋਵਾਂ ਦਰਵਾਜ਼ਿਆਂ ਵੱਲ ਹੁੰਦਾ, ਜਿਵੇਂ ਜਿਵੇਂ ਸਵਾਰੀਆਂ ਮੁੱਕਦੀਆਂ ਜਾਂਦੀਆਂ,ਨਿੰਮੇ ਦੇ ਚਿਹਰੇ ਦਾ ਰੰਗ ਵੀ ਉਤਰਦਾ ਜਾਂਦਾ।
“ਲੈ ਬਈ ਨਿੰਮਿਆ!ਹੁਣ ਤਾਂ ਰੋਡਵੇਜ਼ ‘ਤੇ ਈ ਆਊ ਚਾਚਾ, ਚੱਲ ਆਪਾਂ ਦਬਾ-ਦਬ ਚਾਹ ਪੀ ਕੇ ਆਉਨੇ ਆਂ ਘਰੋਂ“
“ਛੱਡ ਯਾਰ! ਚਾਹ ਨੂੰ ਕੀ ਐ..?“
“ਨਾਲੇ ਸੰਨ੍ਹੀ ਦਾ ਵੇਲਾ ਹੋਇਐ, ਤੇਰੀ ਬੀਬੀ ‘ਕੱਲੀ ਲੱਗੀ ਹੋਈ ਸੀ ਸਵੇਰੇ ਟੋਕੇ ਨੂੰ, ਹੁਣ ਸੰਨ੍ਹੀ ਤਾਂ ਕਰਾ ਆ.. ਮੁੜਕੇ ਚਾਚੀ ਨੇ ਧਾਰਾਂ ਵੀ ਚੋਣੀਆਂ..“
“ਮੈਂ ਨੀ ਜਾਂਦਾ, ਜੇ ਬਚਨਾ ਚਾਚਾ ਟੱਕਰ ਗਿਆ ਤਾਂ ਕਿਸੇ ਹੋਰ ਕੰਮ ਲਾ ‘ਦੂ, ਬਾਈ ਯਾਰ! ਤੂੰ ਵੀਰ ਬਣ ਕੇ ਸਾਡੀ ਵੀ ਸੰਨ੍ਹੀ ਕਰ ਆ“ਨਿੰਮੇ ਨੇ ਤਰਲੇ ਨਾਲ ਕਿਹਾ।
ਬਿੰਦਰ ਜਦੋਂ ਮੱਝਾਂ ਨੂੰ ਸੰਨ੍ਹੀ ਕਰ ਕੇ ਤੇ ਪਾਣੀ ਪਿਆ ਕੇ ਅੱਡੇ ਨੂੰ ਮੁੜਿਆ ਤਾਂ ਸੂਰਜ ਹਵੇਲੀ ਵਾਲਿਆਂ ਦੀ ਪਾਣੀ ਦੀ ਟੈਂਕੀ ਦੇ ਨਾਲ ਆਣ ਲੱਗਾ ਸੀ। ਕਾਵਾਂ ਦੇ ਝੁੰਡ ਰੌਲਾ ਪਾਉਂਦੇ ਨਹਿਰ ਕਿਨਾਰੇ ਦਰੱਖਤਾਂ ਵੱਲ ਨੂੰ ਉਡਣ ਲੱਗੇ। ਚਿੜੀਆਂ ਵੀ ਚੀਂ ਚੀਂ ਕਰਦੀਆਂ ਵਰਾਂਡਿਆਂ ਵਿੱਚ ਆ ਵੜੀਆਂ। ਬੇਟ ਵਾਲੇ ਪਾਸਿਉਂ ਗਊਆਂ ਦੇ ਵੱਗ ਧੂੜ ਦਾ ਬੱਦਲ ਉਠਾਲਦੇ ਪਿੰਡ ਦੀ ਫਿਰਨੀ ਤਾਈਂ ਆ ਗਏ। ਹਟ-ਹਟ..ਸ਼ਸ਼-ਸ਼ਸ਼ ਕਰਦੇ ਵਾਗੀ ਅਤੇ ਬੇਸ਼ੁਮਾਰ ਟੱਲੀਆਂ ਦੀ ਟਣਕ, ਵਿੱਚ ਵਿੱਚ ਗਾਵਾਂ ਦਾ ਰਿੰਗਣਾ, ਉਡਦੀ ਧੂੜ ਤੇ ਵਿੱਚ ਘੁਲਿਆ ਡੁੱਬਦੇ ਸੂਰਜ ਦਾ ਸੰਧੂਰੀ ਰੰਗ ਬੇਹੱਦ ਮਨਮੋਹਕ ਨਜ਼ਾਰਾ ਪੇਸ਼ ਕਰ ਰਿਹਾ ਸੀ।
ਸੂਰਜ ਦੀ ਟਿੱਕੀ ਗੂੜ੍ਹੀ ਲਾਲ ਹੋ ਗਈ ਅਤੇ ਢਾਹੇ ਦੇ ਟਿੱਬਿਆਂ ਉਤੋਂ ਦੀ ਵਲ-ਵਲੇਂਵੇਂ ਖਾਂਦੀ ਸੜਕ ਨਾਲ ਆ ਰਲੀ। ਜਦੋਂ ਸੂਰਜ ਅੱਧਾ ਕੁ ਸੜਕ ਤੋਂ ਥੱਲੇ ਹੋ ਗਿਆ ਤਾਂ ਇਸ ਵਿਚ ਰੋਡਵੇਜ਼ ਦੀ ਬੱਸ ਨਿੱਕਲ ਕੇ ਵੱਡੀ ਹੋਣ ਲੱਗ ਪਈ। ਨਿੰਮਾ ਉਠ ਕੇ ਖੜ੍ਹਾ ਹੋ ਗਿਆ ਤੇ ਅੱਖਾਂ ਉਤੇ ਹੱਥਾਂ ਦੀ ਛਾਂ ਕਰਕੇ ਵੇਖਣ ਲੱਗਿਆ। ਸ਼ਾਇਦ ਉਹ ਪੱਕਾ ਕਰ ਰਿਹਾ ਸੀ ਕਿ ਕਿਤੇ ਇਹ ਕੋਈ ਟਰੱਕ ਤਾਂ ਨਹੀਂ। ਪਿੰਡ ਦੇ ਨੇੜੇ ਆਕੇ ਬੱਸ ਨੇ ਲੰਬਾ ਸਾਰਾ ਹਾਰਨ ਮਾਰ ਕੇ ਅਪਣੀ ਆਮਦ ਦਾ ਐਲਾਨ ਕਰ ਦਿੱਤਾ। ਕਿੰਨੇ ਹੀ ਲੋਕ ਇਸ ਆਖਰੀ ਬੱਸ ਸ਼ਹਿਰੋਂ ਮੁੜਦੇ ਸਨ, ਹਾਰਨ ਦੀ ਆਵਾਜ਼ ਸੁਣ ਕੇ ਜਿਵੇਂ ਪਿੰਡ ਦੇ ਘਰ ਬੋਲ ਪਏ ਹੋਣ, “ਲੈ.. ਆ ‘ਗੀ ਰੋਡਵੇਜ਼.. ਤੇਰਾ ਤਾਇਆ ਆ ਗਿਆ ਹੋਣਾ. . ਤੇਰੀ ਅੰਮਾ ਆ ‘ਗੀ ਹੋਣੀ..“
ਅਖੀਰ ਬੱਸ ਨੇ ਕੋਲ ਆ ਕੇ ਬਰੇਕਾਂ ਲਾ ਲਈਆਂ, ਇਕ ਇਕ ਕਰਕੇ ਸਵਾਰੀਆਂ ਉਤਰਨ ਲੱਗੀਆਂ। ਨਿੰਮਾ ਭੱਜ ਕੇ ਕਿੱਕਰ ਪਿੱਛੇ ਲੁਕ ਗਿਆ। ਬਿੰਦਰ ਕਦੇ ਨਿੰਮੇ ਅਤੇ ਕਦੇ ਸਵਾਰੀਆਂ ਵੱਲ ਵੇਖੇ,
“ਉਏ! ਹੁਣ ਕਿੱਧਰ ਚਲਿਆਂ ..ਉਰੇ ਆ..“
ਫੇਰ ਸਰਵਣ ਉਤਰਿਆ, ਡੱਬੀਦਾਰ ਚਾਦਰਾ ਤੇ ਘਸਮੈਲਾ ਜਿਹਾ ਕੁੜਤਾ, ਪੈਰੀਂ ਕਾਲੀ ਤਿਲੇਦਾਰ ਜੁੱਤੀ, ਲੜ ਛੱਡ ਕੇ ਬੰਨ੍ਹੀ ਖਾਕੀ ਰੰਗ ਦੀ ਪੱਗ, ਖੱਤੀ ਦਾਹੜੀ ਵਿਚੋਂ ਉਹਦੀਆਂ ਗੋਰੀਆਂ ਗੱਲ੍ਹਾਂ ਲਿਸ਼ਕੋਰੇ ਮਾਰ ਰਹੀਆਂ ਸਨ। ਬੱਸ ਵਿਚੋਂ ਉਤਰ ਕੇ ਸਰਵਣ ਅਪਣੀਆਂ ਬਿੱਲੀਆਂ ਅੱਖਾਂ ਨਾਲ ਇਧਰ-ਉਧਰ ਦੇਖਣ ਲੱਗਿਆ।
“ਨਿੰਮਿਆ!ਆ ਗਿਆ ਚਾਚਾ“ ਬਿੰਦਰ ਨੇ ਪਿੱਛੇ ਨੂੰ ਦੇਖ ਕੇ ਹਾਕ ਮਾਰੀ, ਪਰ ਨਿੰਮਾ ਤਾਂ ਉਥੇ ਹੈ ਹੀ ਨਹੀਂ ਸੀ। ਬਿੰਦਰ ਉਹਨੂੰ ਲੋਕਾਂ ਦੀ ਭੀੜ ਵਿਚੋਂ ਲੱਭਣ ਲੱਗਿਆ, ਪਰ ਉਹ ਕਿਧਰੇ ਵੀ ਨਹੀਂ ਸੀ। ਏਨੇ ਨੂੰ ਸਰਵਣ ਬਿੰਦਰ ਕੋਲ ਆ ਗਿਆ ਅਤੇ ਰਤਾ ਕੁ ਗਹੁ ਨਾਲ ਵੇਖਕੇ ਬੋਲਿਆ,
“ਉਇ ਬਿੰਦਰਾ ਤੂੰ?..ਬੜਾ ਕੱਦ ਕੱਢੀ ਜਾਨੈਂ ਜੁਆਨਾ! ਹੈਂਅ..“ਬਿੰਦਰ ਨੇ ਸਤਿ ਸ੍ਰੀ ਆਕਾਲ ਬੁਲਾਈ।
“ ਚਾਚਾ! ਨਿੰਮਾ ਪਤਾ ਨੀ ਕਿੱਥੇ ਗਿਆ..ਸਵੇਰ ਦਾ ਥੋਨੂੰ ਉਡੀਕਦਾ..“ ਬਿੰਦਰ ਨੇ ਆਲੇ-ਦਵਾਲੇ ਝਾਕਦੇ ਨੇ ਕਿਹਾ।
“ਹੱਛਾ? ਚਲ ਵੇਖਦੇ ਆਂ..ਘਰ ਨੂੰ ਭੱਜ ਗਿਆ ਹੋਣਾ“ ਸਰਵਣ ਹੱਸਦਾ ਹੋਇਆ ਬੋਲਿਆ।
ਘਰ ਤਾਈਂ ਸਰਵਣ ਬਿੰਦਰ ਤੋਂ ਅਗਵਾੜ ਬਾਰੇ ਹਾਲ-ਚਾਲ ਪੁੱਛੀ ਗਿਆ ਅਤੇ ਉਹਨਾਂ ਦੀ ਪੜ੍ਹਾਈ ਤੇ ਸਕੂਲ ਬਾਰੇ ਵੀ। ਬਿੰਦਰ ਦਾ ਜ਼ਿਆਦਾ ਧਿਆਨ ਸਰਵਣ ਦੇ ਝੋਲੇ ਵੱਲ ਸੀ, “ਚਾਚਾ! ਪਟਾਕੇ ਲੈ ਕੇ ਆਇਆ?“
“ਆਹੋ ਆਹੋ ਬਿਲੂ! ਬਹੁਤ ਆ..ਲੁਦੇਹਾਣੇ ਘੰਟਾ-ਘਰ ਕੋਲੋਂ ਲੈ ਕੇ ਆਇਆਂ..ਤਾਂਹੀ ਤਾਂ ਕੁਵੇਲਾ ਹੋ ਗਿਆ.. ਦੱਸ ਕਿੰਨੇ ਚਾਹੀਦੇ ਆ?“ ਸਰਵਣ ਨੇ ਝੋਲੇ ਵਿੱਚ ਹੱਥ ਪਾੳਂੁਦਿਆਂ ਕਿਹਾ।
“ਨਹੀਂ ਨਹੀਂ ਚਾਚਾ! ਮੈਂ ਥੋਡੇ ਘਰੇ ਆ ਕੇ ਚਲਾ ਲਊਂ, ਨਾਲੇ ਮੇਰਾ ਭਾਪਾ ਸ਼ੁਰਲੀਆਂ ਲੈ ਕੇ ਆਇਆ..ਮੈਂ ਸਾਰੀਆਂ ਭਾਪੇ ਦੀ ਦਾਰੂ ਆਲੀਆਂ ਖਾਲੀ ਬੋਤਲਾਂ ਵਿੱਚ ਬੀੜ ਲਈਐਂ, ਪਰ ਚਲਾਊਂਗਾ ਸਾਰਿਆਂ ਤੋਂ ਮਗਰੋਂ,ਜਦੋਂ ਦੂਜਿਆਂ ਦੀਆਂ ਮੁੱਕ’ਗੀਆਂ..“ਬਿੰਦਰ ਨੇ ਛਾਲਾਂ ਮਾਰਦਿਆਂ ਕਿਹਾ।
“ਚੰਗਾ ਮੱਲਾ ਚੰਗਾ!“ ਸਰਵਣ ਨੇ ਕਹਿਕਹਾ ਲਾਉਂਦਿਆਂ ਬਿੰਦਰ ਨੂੰ ਥਾਪੀ ਦਿੱਤੀ।
ਸਰਵਣ ਨੂੰ ਉਹਦੇ ਦਰਾਂ ਵਿੱਚ ਛੱਡ ਕੇ ਬਿੰਦਰ ਭੱਜ ਕੇ ਆਵਦੇ ਘਰ ਦੀ ਖੁਰਲੀ ‘ਤੇ ਜਾ ਚੜ੍ਹਿਆ ਤੇ ਨਿੰਮੇ ਕੇ ਵਿਹੜੇ ਵਿੱਚ ਦੇਖਣ ਲੱਗਿਆ। ਜੀਤੋ ਨੇ ਸੁਆਰ ਕੇ ਸਿਰ ‘ਤੇ ਚੁੰਨੀ ਲੈਂਦੀ ਨੇ ‘ਸਾਸਰੀ-ਕਾਲ’ ਬੁਲਾਈ ਅਤੇ ਨਲਕੇ ਤੋਂ ਪਾਣੀ ਦਾ ਗਲਾਸ ਭਰਨ ਤੁਰ ਪਈ।
“ਨਿੰਮਾ ਘਰੇ ਈ ਆ? “ਸਰਵਣ ਨੇ ਮੰਜੀ ‘ਤੇ ਬੈਠਦਿਆਂ ਹੀ ਪੁੱਛਿਆ।
“ਆਹੋ! ਉਹ ਤੂੜੀ ਆਲੇ ਅੰਦਰ ਵੜਿਆ ਹੋਇਆ..ਸਾਹੋ-ਸਾਹੀ ਹੋਇਆ ਆਇਆ ਥੋਡੇ ਮੂਹਰੇ-ਮੂਹਰੇ“-ਜੀਤੋ ਨੇ ਪਿੱਛੇ ਮੁੜ ਕੇ ਕਿਹਾ।
“ਨਿੰਮੇ ਪੁੱਤ ਉਰੇ ਆ! ਆਹ ਵੇਖ ਕਿੰਨੇ ਪਟਾਕੇ ਲਿਆਇਆਂ ਮੈਂ..ਨਾਲੇ ਬਰਫੀ ਵੀ“ ਸਰਵਣ ਨੇ ਹੱਸਦੇ ਹੋਏ ਹਾਕ ਮਾਰੀ। ਨਿੰਮਾ ਤੂੜੀ ਵਾਲੇ ਅੰਦਰੋਂ ਨਿੱਕਲਿਆ ਤੇ ਮਲਕ-ਮਲਕ ਸਰਵਣ ਵੱਲ ਤੁਰ ਪਿਆ। ਸਰਵਣ ਨੇ ਡੱਬਾ ਖੋਲ੍ਹ ਕੇ ਇਕ ਬਰਫੀ ਦਾ ਟੁਕੜਾ ਨਿੰਮੇ ਨੂੰ ਵਿਖਾਉਂਦਿਆਂ ਹੱਲਾ-ਸ਼ੇਰੀ ਦਿੱਤੀ,“ਆਹ ਦੇਖ ਬਰਫੀ..ਆ ਜਾ ਮੇਰਾ ਪੁੱਤ।“
ਨਿੰਮੇ ਨੇ ਬਰਫੀ ਵੱਲ ਕੋਈ ਧਿਆਨ ਨਾ ਦਿੱਤਾ ..ਬੱਸ ਭੱਜ ਕੇ ਸਰਵਣ ਦੇ ਗਲ ਲੱਗ ਗਿਆ ਤੇ ਰੋਣ ਲੱਗਾ।
“ਦੇਖ! ਕਿਵੇਂ ਸਾਹ ਚੜ੍ਹਾਇਐ ਭੱਜ-ਭੱਜ ਕੇ ਹੈਂਅ..“ ਨਿੰਮੇ ਨੂੰ ਦੋਹਾਂ ਬਾਹਾਂ ਨਾਲ ਉਤਾਂਹ ਚੁਕਦਿਆਂ ਸਰਵਣ ਬੋਲਿਆ। ਪਰ ਨਿੰਮੇ ਨੂੰ ਸਾਹ ਨਹੀਂ ਸੀ ਚੜ੍ਹਿਆ ਹੋਇਆ,ਉਹ ਤਾਂ ਮਸਾਂ ਕਿਤੇ ਮਿਲੇ ਬਾਪੂ ਨੂੰ ਚੁੰਬੜਿਆ ਹਉਕੀਂ-ਹਉਕੀਂ ਰੋ ਰਿਹਾ ਸੀ।
ਪਿੰਡ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਉਣ ਲੱਗ ਪਿਆ..ਵਿਹੜੇ ਹਾਸਿਆਂ ਤੇ ਕਿਲਕਾਰੀਆਂ ਨਾਲ ਖਿੜ ਗਏ। ਬਿੰਦਰ ਖੁਰਲੀ ਤੋਂ ਉਤਰਿਆ ਤੇ ਮਿੰਟਾਂ-ਸਕਿੰਟਾਂ ਵਿੱਚ ਹੀ ਸਾਰੀਆਂ ਆਤਿਸ਼ਬਾਜ਼ੀਆਂ ਚਲਾ ਛੱਡੀਆਂ। ਨਿੰਮਾ ਵੀ ਬਰਫੀ ਖਾਂਦਾ-ਖਾਂਦਾ ਭੱਜ ਕੇ ਅੰਦਰੋਂ ਭੂੰਡ-ਪਟਾਕਿਆਂ ਵਾਲਾ ਝੋਲਾ ਚੁਕ ਲਿਆਇਆ ।
“ਵੇ ਸਬਰ ਕਰ ਵੱਡਿਆ ਕਾਹਲਿਆ..ਪਹਿਲਾਂ ਗੁਰੂ-ਮਾਹਰਾਜ ਦੇ ਜੋਤ ਕਰ ਆਈਏ।“ ਜੀਤੋ ਨੇ ਨਿੰਮੇ ਤੋਂ ਝੋਲਾ ਫੜਕੇ ਕੰਧੋਲੀ ‘ਤੇ ਰੱਖਦਿਆਂ ਕਿਹਾ।
ਜਦੋਂ ਉਹ ਮਟੀਆਂ ‘ਤੇ ਅਤੇ ਗੁਰਦੁਆਰੇ ਦੀਵਾ ਧਰ ਕੇ ਮੁੜੇ ਤਾਂ ਗਲੀਆਂ ਨਿਆਣਿਆਂ ਦੇ ਪਟਾਕਿਆਂ ਨਾਲ ਗੂੰਜ ਰਹੀਆਂ ਸਨ। ਨਿੰਮੇ ਨੇ ਦਰ ਵੜਦਿਆਂ ਹੀ ਝੋਲਾ ਤੀਲ੍ਹਾਂ ਦੇ ਬਣੇ ਵੱਡੇ ਸਾਰੇ ਬੋਹੀਏ ਵਿੱਚ ਉਲੱਦ ਦਿੱਤਾ। ਚੱਕਰੀਆਂ, ਅਨਾਰਾਂ, ਜਹਾਜਾਂ, ਭੂੰਡ-ਪਟਾਕਿਆਂ, ਫੁਲਝੜੀਆਂ, ਆਤਿਸ਼ਬਾਜ਼ੀਆਂ, ਮਤਾਬੀਆਂ ਦਾ ਢੇਰ ਹੀ ਲੱਗ ਗਿਆ। ਨਿੰਮੇ ਨੇ ਚਲਾ-ਚਲਾ ਕੇ ਪੂਰੀਆਂ ਡੰਝਾਂ ਲਾਹੀਆਂ। ਸਰਵਣ ਚੁੱਲ੍ਹੇ ਕੋਲ ਪੀੜ੍ਹੀ ‘ਤੇ ਬਹਿ ਕੇ ਸਾਗ ਨਾਲ ਮੱਕੀ ਦੀ ਰੋਟੀ ਖਾਂਦਾ ਦੇਖ-ਦੇਖ ਮੁਸਕੁਰਾਂਦਾ ਰਿਹਾ। ਜੀਤੋ, “ਵੇ ਬਚ ਕੇ ਚਲਾ ਡੁਬ ਜਾਣਿਆ!ਹੱਥ ਨਾ ਸਾੜ ਲੀਂ“ ਕਰਦੀ ਰਹੀ ।
ਕਿੰਨਾ ਹੀ ਚਿਰ ਗਲੀਆਂ ਵਿੱਚ ਜੁਆਕ ਨੱਠ-ਭੱਜ ਕਰਦੇ ਰਹੇ, ਹੌਲੀ ਹੌਲੀ ਪਟਾਕਿਆਂ ਦੀ ਆਵਾਜ਼ ਮੱਧਮ ਹੋ ਗਈ ਤੇ ਫੇਰ ਬੰਦ ਹੋ ਗਈ। ਦਸੂਤੀ ਦੀ ਕਢਾਈ ਵਾਲੀ ਚਾਦਰ ਉਤੇ ਬਾਪੂ ਦੀ ਵੱਖੀ ਨਾਲ ਲੱਗੇ ਪਏ ਨਿੰਮੇ ਦੀਆ ਪਲਕਾਂ ਵੀ ਬੋਝਲ ਹੋਣ ਲੱਗੀਆਂ। ਆਖਿਰ ਸਾਰਾ ਪਿੰਡ ਨੀਂਦ ਦੇ ਬੱਦਲ ਥੱਲੇ ਢਕਿਆ ਗਿਆ..ਦੀਵੇ ਵੀ ਬੜੀ ਦੇਰ ਹਵਾ ਨਾਲ ਜੂਝਦੇ ਰਹੇ ਸਨ..ਪਰ ਹੁਣ ਤਾਂ ਉਹ ਵੀ ਬੁਝ ਗਏ।
ਅਗਲੀ ਭਲਕ ਨਿੰਮੇ ਦੇ ਜਾਗਣ ਤੋਂ ਪਹਿਲਾਂ ਹੀ ਤੜਕੇ ਆਲੀ ਬੱਸ ਫੜ ਕੇ ਸਰਵਣ ਚਲਿਆ ਗਿਆ।

ਭਾਗ-2
ਸਰਵਣ ਅਤੇ ਬਚਨੇ ਹੁਣਾਂ ਦਾ ਪਿਉ ਸੀ ਕਿਸ਼ਨ ਸਿੰਘ, ਉਹਦਾ ਆਵਦਾ ਟਰੱਕ ਸੀ, ਜਿਹੜਾ ਉਹ ਕਲਕੱਤਾ-ਗੋਹਾਟੀ ਰੂਟ ਉਤੇ ਚਲਾਉਂਦਾ ਹੁੰਦਾ ਸੀ। ਸਰਵਣ ਉਦੋਂ ਦਸਵੀਂ ਵਿੱਚ ਸੀ ਜਦੋਂ ਕਿਸ਼ਨ ਸਿੰਘ ਨੂੰ ਕੋਈ ਬੀਮਾਰੀ ਲੱਗ ਗਈ ਤੇ ਉਹਨੇ ਬਿਸਤਰਾ ਫੜ ਲਿਆ। ਇਲਾਜ ਲਈ ਜ਼ਮੀਨ ਵੀ ਬਹੁਤੀ ਵਿਕ ਗਈ, ਪਰ ਕਿਸ਼ਨ ਸਿੰਘ ਦੀ ਜਾਨ ਨਾ ਬਚੀ। ਨਿਆਣੀ ਉਮਰੇ ਹੀ ਘਰ ਦੀ ਜ਼ਿੰਮੇਵਾਰੀ ਸਰਵਣ ਉਤੇ ਆ ਪਈ। ਕੁਝ ਚਿਰ ਉਹਨੇ ਟਰੱਕ ਚਲਾਇਆ ਅਤੇ ਫੇਰ ਰੋਡਵੇਜ਼ ਵਿੱਚ ਡਰਾਈਵਰ ਦੀ ਨੌਕਰੀ ਲੱਗ ਗਈ।
ਏਧਰ ਬਚਨਾ ਪੰਜਵੀਂ ਜਮਾਤ ਤੋਂ ਅੱਗੇ ਨਾ ਗਿਆ ਅਤੇ ਜ਼ਿਆਦਾ ਸਮਾ ਪਿੰਡ ਦੇ ਵਿਹਲੜਾਂ ਨਾਲ ਬਿਤਾਉਣ ਲੱਗਿਆ। ਬਚਨੇ ਹੁਣਾਂ ਦੀ ਮਾਂ ਸੰਤੋ ਨੇ ਬਥੇਰਾ ਜ਼ੋਰ ਲਾਇਆ ਪਰ ਬਚਨਾ ਠੀਕ ਰਸਤੇ ਨਾ ਪਿਆ। ਸਿਰਫ ਡੰਗਰ-ਪੱਠਿਆਂ ਦਾ ਸਵੇਰ-ਸ਼ਾਮ ਦਾ ਕੰਮ ਤੇ ਬਾਕੀ ਵੇਲਾ ਤਾਸ਼ ਵਿੱਚ ਲੰਘਦਾ। ਇਕ ਇਕ ਕਰਕੇ ਨਸ਼ੇ ਵੀ ਜੁਆਨੀ ਦੇ ਨਾਲ ਹੀ ਸਹੇੜ ਲਏ।
ਸਰਵਣ ਜਦੋਂ ਘਰ ਆਉਂਦਾ ਤਾਂ ਭਰਾਵਾਂ ਦੀ ਅਕਸਰ ਹੀ ਤੂੰ ਤੂੰ-ਮੈਂ ਮੈਂ ਹੁੰਦੀ।
“ਬਚਨਿਆ! ਥੋੜ੍ਹੀ ਜ਼ਿੰਮੇਵਾਰੀ ਸਮਝ! ਆਪਾਂ ਕਿਹੜਾ ਰਜਵਾੜਿਆਂ ਦੇ ਪੁੱਤ ਆਂ, ਤੂੰ ਕਿਸੇ ਕੰਮ-ਧੰਦੇ ਲੱਗ“ ਸਰਵਣ ਨੇ ਕਿੰਨੀ ਵਾਰੀ ਬਚਨੇ ਨੂੰ ਆਖਿਆਂ ਹੋਣਾ। ਵਿੱਚੇ-ਵਿੱਚ ਬਚਨੇ ਨੇ ਕਦੇ ਬੈਟਰੀਆਂ ਦਾ ਕੰਮ ਸਿੱਖਣ ਲੱਗ ਪੈਣਾ, ਕਦੇ ਅਖੇ ਮੈਂ ਹੁਣ ਟਰੈਕਟਰਾਂ ਦਾ ਮਕੈਨਿਕ ਬਣੂੰ ਅਤੇ ਕਿਤੇ ਕਤਾਈਂ ਕਿਸੇ ਟਰੱਕ ਵਾਲੇ ਨਾਲ ਇੱਕ ਅੱਧ ਗੇੜਾ ਲਾ ਆਉਣਾ। ਫੇਰ ਸਭ ਕੁਝ ਛੱਡ-ਛਡਾ ਵਿਹਲੇ ਦਾ ਵਿਹਲਾ ਤੇ ਪਿੰਡ ਦੇ ਤਾਸ਼-ਕੁੱਟਣਿਆਂ ਵਿੱਚ ਦੁਬਾਰਾ ਜਾ ਰਲਣਾ।
ਇਹਨੀ ਦਿਨੀ ਲਾਗਲੇ ਪਿੰਡੋਂ ਸਰਵਣ ਨੂੰ ਹਰਜੀਤ ਕੌਰ ਦਾ ਰਿਸ਼ਤਾ ਆਇਆ । ਜਦੋਂ ਸੰਤੋ ਨੇ ਸਰਵਣ ਨੂੰ ਦੱਸਿਆ ਤਾਂ ਪਹਿਲਾਂ ਤਾਂ ਉਹ ਨਾਂਹ-ਨੁੱਕਰ ਕਰਦਾ ਰਿਹਾ।
“ਵੇ! ਇਕ ਆਰੀ ਫੋਟੂ ਤਾਂ ਦੇਖ ਲਾ..ਨਾਲੇ ਅੱਠ ਜਮਾਤਾਂ ਪੜ੍ਹੀ ਆ।“ ਸੰਤੋ ਨੇ ਹੌਸਲੇ ਨਾਲ ਕਿਹਾ।
ਫੋਟੋ ਵੇਖ ਕੇ ਸਰਵਣ ਦੇ ਦਿਲ ਵਿੱਚ ਲੱਡੂ ਫੁੱਟਣ ਲੱਗ ਪਏ ਤੇ ਫਿਰ “ਚੱਲ ਬੇਬੇ! ਤੇਰੀ ਮਰਜ਼ੀ..“ ਕਹਿਕੇ ਬਾਹਰ ਵੱਲ ਨੂੰ ਖਿਸਕਣ ਲੱਗਿਆ।
“ ਮੈਂ ਤੈਨੂੰ ਕਿਹਾ ਸੀ ਨਾ ਬੇਬੇ! ਫੋਟੂ ਦੇਖ ਕੇ ਬਾਈ ਤੋਂ ਨਾਂਹ ਨੀ ਕਰ ਹੋਣੀ“ ਬਚਨੇ ਨੇ ਜਾਂਦੇ ਸਰਵਣ ਦੇ ਗਿੱਟਿਆਂ ਵਿੱਚ ਟਿੱਚਰ ਮਾਰੀ।
ਛੇਤੀ ਹੀ ਸਰਵਣ ਤੇ ਜੀਤੋ ਦਾ ਵਿਆਹ ਹੋ ਗਿਆ। ਮੁਕਲਾਵੇ ਵਾਲੀ ਰਾਤ ਸਰਵਣ ਨੇ ਪੈਸੇ ਜੋੜ-ਜੋੜ ਖਰੀਦੀ ਚਾਂਦੀ ਦੀ ਮੁੰਦਰੀ ਜੀਤੋ ਦਾ ਹੱਥ ਫੜ ਉਸਦੀ ਉਂਗਲ ਵਿੱਚ ਪਾ ਦਿੱਤੀ।
“ਇਹਦੀ ਕੀ ਲੋੜ ਸੀ ਜੀ..?“ ਘੁੰਡ ਵਿਚੋਂ ਮਸਾਂ ਕਿਤੇ ਹਲਕੀ ਜਿਹੀ ਆਵਾਜ਼ ਆਈ।
ਫੇਰ ਉਹ ਝੱਟ ਦੇਣੇ ਉੱਠ ਕੇ ਅਪਣਾ ਸੰਦੂਕ ਫਰੋਲਣ ਲੱਗ ਪਈ ਅਤੇ ਸੋਹਣੇ ਫੁੱਲਾਂ-ਵੇਲਾਂ ਨਾਲ ਸਜਾਇਆ ਚਿੱਟੇ ਰੰਗ ਦਾ ਝੋਲਾ ਸਰਵਣ ਦੇ ਹੱਥਾਂ ਉਤੇ ਆ ਧਰਿਆ, ਜਿਸ ਦੇ ਇਕ ਪਾਸੇ ਨੀਲੇ ਧਾਗੇ ਨਾਲ ਬਰੀਕ ਜਿਹਾ ‘ਸਰਵਣ ਸਿੰਘ’ ਲਿਖਿਆ ਹੋਇਆ ਸੀ।
ਸਰਵਣ ਨੇ ਹੈਰਾਨਗੀ ਨਾਲ ਪੁੱਛਿਆ, “ਇਹ ਤੂੰ ਕਦੋਂ ਬਣਾਇਆ?“
ਜੀਤੋ ਹਿਚਕਚਾਉਂਦੀ ਜਿਹੀ ਬੋਲੀ, “ਜੀ! ਜਦੋਂ ਅਪਣਾ ਸਾਕ ਪੱਕਾ ਹੋਇਆ ਤੇ ਮੈਨੂੰ ਪਤਾ ਲੱਗਿਆ ਬਈ ਤੁਸੀਂ ਡਰੈਵਰ ਓਂ..ਫੇਰ ਮੈਂ ਆਹ ਝੋਲਾ ਬਣਾਇਆ..ਬਈ ਝੋਲੇ ਨਾਲ ਥੋਨੂੰ ਮੇਰਾ ਚੇਤਾ ਆ ਜਾਇਆ ਕਰੂ ਤੇ ਤੁਸੀਂ ਛੇਤੀ ਘਰ ਆ ਜਾਇਆ ਕਰੋਂਗੇ।“
ਸਰਵਣ ਨੇ ਜੀਤੋ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ।
ਘਰ ਨੂੰ ਜਿਵੇਂ ਭਾਗ ਲੱਗ ਗਏ। ਜੀਤੋ ਨੇ ਆਉਂਦਿਆਂ ਹੀ ਸਾਰਾ ਕੰਮ-ਕਾਰ ਸੰਭਾਲ ਲਿਆ। ਸੰਤੋ ਦੀ ਬੈਠੀ-ਬਿਠਾਈ ਦੀ ਸੇਵਾ ਹੋਣ ਲੱਗੀ
“ਨਾ ਮੇਰੀ ਬਹੂ ਅਰਗੀ ਕੀਹਦੀ ਬਹੂ ਹੋਣੀ ?..ਜਿੰਨੀ ਸੋਹਣੀ ਆ..ਕੰਮ ਕੰਨੀ ਓਨੀ ਸਹੁਨਰੀ ਆ“
ਸੰਤੋ ਨੇ ਆਉਂਦੀ-ਜਾਂਦੀ ਗੁਆਂਢਣ ਕੋਲੇ ਸਿਫਤਾਂ ਕਰਨੀਆਂ। ਜੀਤੋ ਨੂੰ ਸਿਲਾਈ-ਕਢਾਈ ਦਾ ਵੀ ਬਹੁਤ ਸ਼ੌਕ ਸੀ, ਘਰ ਦਾ ਕੋਨਾ -ਕੋਨਾ ਉਹਦੇ ਕੱਢੇ ਬਾਗਾਂ-ਫੁੱਲਾਂ ਨਾਲ ਸਜ ਗਿਆ। ਵਿਆਹ ਦੇ ਸਾਲ ਕੁ ਮਗਰੋਂ ਜਦੋਂ ਨਿੰਮੇ ਦਾ ਜਨਮ ਹੋਇਆ ਤਾਂ ਸੱਸ ਨੇ ਜੀਤੋ ਨੂੰ ਅੱਖਾਂ ਉੱਤੇ ਚੁੱਕ ਲਿਆ।
ਉਧਰ ਬਚਨੇ ਦੀ ਬੇਤਰਤੀਬ ਜ਼ਿੰਦਗੀ ਉਵੇਂ ਹੀ ਰਿੜ੍ਹ ਰਹੀ ਸੀ। ਸਰਵਣ ਤੇ ਬਚਨੇ ਦੀ ਹੁਣ ਆਮ ਹੀ ਖੜਕਦੀ ਰਹਿੰਦੀ।
“ਬੇਬੇ! ਇਹਨੂੰ ਅੱਡ ਕਰ ਦੇ, ਸ਼ੈਦ ਕਿਤੇ ਅਕਲ ਆ ਜੇ ਇਹਨੂੰ ਲਾਟ-ਸਾਹਬ ਨੂੰ“ ਸਰਵਣ ਨੇ ਸੰਤੋ ਨੂੰ ਕਹਿਣਾ।
“ਵੇ ਪੁੱਤ! ਤੂੰ ਤਾਂ ਸਿਆਣਾ..ਇਹਨੂੰ ਸਿੱਧਰੇ ਨੂੰ ਕੌਣ ਸਾਂਭੂ? ਜਮ੍ਹਾ ਈ ਰੁਲ ਜੂ ਬਚਾਰਾ“ ਸੰਤੋ ਨੇ ਤਰਲਾ ਲੈਣਾ।
ਬਚਨਾ ਅਪਣੀ ਨਿੱਤ ਹੁੰਦੀ ਛਿੱਛ-ਪੱਤ ਤੋਂ ਪੂਰਾ ਤੰਗ ਸੀ, ਹਾਲਾਤ ਵਿਗੜਦੇ ਚਲੇ ਗਏ।
ਇਕ ਰਾਤ ਦੋਵੇਂ ਭਰਾ ਗਾਲੋ-ਗਾਲੀ ਹੋ ਗਏ, ਇਸ ਵਾਰ ਜੀਤੋ ਵੀ ਸਰਵਣ ਨਾਲ ਆ ਰਲੀ। ਗੁੱਸੇ ਵਿੱਚ ਪਾਗਲ ਹੋਏ ਬਚਨੇ ਨੇ ਕਹੀ ਨਾਲ ਸਰਵਣ ਦਾ ਸਿਰ ਪਾੜ ਦਿੱਤਾ। ਜੀਤੋ ਉਸੇ ਵੇਲੇ ਠਾਣੇ ਵਗ ਗਈ ਤੇ ਬਚਨਾ ਪੁਲੀਸ ਨੂੰ ਫੜਾ ‘ਤਾ। ਆਖਿਰ ਪੰਚਾਇਤ ਨੇ ਵਿੱਚ ਪੈ ਕੇ ਬਚਨੇ ਤੋਂ ਮਾਫੀ ਮੰਗਵਾਈ। ਉਹਨੇ ਸਾਰਿਆਂ ਦੇ ਸਾਹਮਣੇ ਮਾਫੀ ਤਾਂ ਮੰਗ ਲਈ ਪਰ ਰੰਗ-ਢੰਗ ਉਹੋ ਹੀ ਰਹੇ। ਤਮਾਸ਼ਬੀਨ ਜੋਟੀਦਾਰ ਵੀ ਤੀਲ੍ਹੀ ਲਾਉਣੋਂ ਬਾਜ਼ ਨਾ ਆਏ,“ ਨਾ ਤੂੰ ਸਰਵਣ ਦਾ ਦਿੱਤਾ ਖਾਨਾਂ? ਡਰਦਾ ਕਾਹਤੋਂ ਐਂ ਉਹਦੇ ਤੋਂ ? ਸਾਲਾ ਜਦੋਂ ਦਾ ਰੰਨ ਲੈ ਕੇ ਆਇਐ ਤੈਨੂੰ ਘਰੋਂ ਕੱਢਣ ਨੂੰ ਫਿਰਦੈ।“
“ਤੇ ਉਹ ਭਰਜਾਈ ਕਿਹੜਾ ਘੱਟ ਆ? ਕੱਲ੍ਹ ਦੀ ਭੂਤਨੀ ਤੇ ਸਿਵਿਆਂ ਵਿੱਚ ਅੱਧ..ਵੇਖਾਂ ਕਿਵੇਂ ਮੇਲ੍ਹਦੀ ਗਈ ਸੀ ਠਾਣੇ ਨੂੰ“ ਦੂਜਾ ਬਲਦੀ ‘ਤੇ ਤੇਲ ਪਾਉਂਦਾ।
ਇਕ ਰਾਤ ਨਸ਼ੇ ਵਿੱਚ ਧੁੱਤ ਅਤੇ ਮੰਡ੍ਹੀਰ ਦਾ ਚੁੱਕਿਆ ਬਚਨਾ ਜਦੋਂ ਬੱਕਰੇ ਬੁਲਾਉਂਦਾ ਆਇਆ ਤਾਂ ਸਰਵਣ ਲ੍ਹਾਮ ਨੂੰ ਗਿਆ ਮੁੜਿਆ ਨਹੀਂ ਸੀ । ਬਚਨਾ ਜੀਤੋ ਦੇ ਪਲੰਘ ‘ਤੇ ਜਾ ਬੈਠਾ, ਜੀਤੋ ਨੇ ਗੁੱਟ ਛੁਡਾ ਕੇ ਹਾਲ-ਦੁਹਾਈ ਪਾ ਦਿੱਤੀ। ਲਾਗਲੀ ਸਬਾਤ ਵਿੱਚੋਂ ਸੰਤੋ ਵੀ ਆ ਗਈ, “ਵੇ ਟੁੱਟ ਪੈਣਿਆ! ਮਰਜੇਂ ਤੂੰ..“ ਸੰਤੋ ਬਚਨੇ ਨੂੰ ਭੂਕਣੇ ਨਾਲ ਕੁੱਟਣ ਲੱਗ ਪਈ।
“ਬੇਬੇ ! ਇਹਨੂੰ ਪੁੱਛ, ਨਿੱਤ ਈ ਮੈਨੂੰ ਬੁਲਾਉਂਦੀ ਆ, ਜਿੱਦਣ ਬਾਈ ਘਰੇ ਨਾ ਹੋਵੇ..ਅੱਜ ਸਾਲੀ ਬਾਹਲੇ ਖੇਖਨ ਕਰਦੀ ਆ।“ ਬਚਨਾ ਵੀ ਸੰਘ ਪਾੜ-ਪਾੜ ਬੋਲਣ ਲੱਗਾ। ਗਵਾਂਢੀ ਕੋਠਿਆਂ ਉੱਤੇ ਚੜ੍ਹੇ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗ ਪਏ।
ਜੀਤੋ ਸ਼ਰਮ ਦੀ ਮਾਰੀ ਅੰਦਰੋਂ ਬੂਹਾ ਬੰਦ ਕਰਕੇ, ਰੋਂਦੀ-ਕੁਰਲਾਂਦੀ ਖਰਗੋਸ਼ਾਂ ਦੇ ਗਿਲਾਫ ਵਾਲੇ ਸਿਰਹਾਣੇ ਥੱਲੇ ਲੁਕ ਗਈ।
ਬਚਨਾ ਝੂਠ ਦੀਆਂ ਗਲੋਲੀਆਂ ਪੱਥ ਪੱਥ ਸੰਤੋ ਮੂਹਰੇ ਸੁੱਟਦਾ ਰਿਹਾ। ਵਿੱਚ ਵਿੱਚ ਉਹ ਉੱਚੀ ਦੇਣੇ ਕੋਈ ਚੋਂਦੀ ਚੋਂਦੀ ਗਾਲ ਵੀ ਕੱਢ ਦਿੰਦਾ। ਅਖੀਰ ਅੱਕ ਕੇ ਜੀਤੋ ਅੰਦਰੋਂ ਹੀ ਦਹਾੜੀ, “ਲਾ ਲਾ ..ਲਾ..ਲਾ ਲੂਤੀਆਂ ਹਰਾਮੀਆ! ਸਤਗੁਰ ਸਭ ਦੇਖਦੈ….ਆਉਣ ਦੇ ਅੱਜ ਤੇਰੇ ਪਤੰਦਰ ਨੂੰ..ਜੇ ਤੈਨੂੰ ਜੇਲ੍ਹ ਦੀ ਚੱਕੀ ਨਾ ਪਿਹਾਈ ਤਾਂ ਮੈਨੂੰ ਜੱਟ ਦੀ ਧੀ ਨਾ ਕਹੀਂ..ਫਿਰ ਪਿੱਟੀਂ ਜਣਦਿਆਂ ਨੂੰ ਸੂਰ ਦਿਆ ਬੀਆ!…“
ਸੰਤੋ ਨੇ ਧੱਫੇ-ਧੋੜੇ ਲਾ ਕੇ ਬਚਨੇ ਨੂੰ ਬੈਠਕ ਵਿੱਚ ਵਾੜ ਬਾਹਰੋਂ ਕੁੰਡਾ ਅੜਾ ਦਿੱਤਾ।
ਅਗਲੇ ਦਿਨ ਸੁਵੱਖਤੇ ਹੀ ਸਾਰਿਆਂ ਦੇ ਜਾਗਣ ਤੋਂ ਪਹਿਲਾਂ ਸੰਤੋ ਨੇ ਬਚਨੇ ਨੂੰ ਉਠਾਇਆ। ਕੁੰਡਾ ਖੁਲ੍ਹਦਿਆਂ ਹੀ ਬਚਨੇ ਨੇ ਸੰਤੋ ਦੇ ਪੈਰ ਫੜ ਲਏ, “ਬੇਬੇ !ਮੈਥੋਂ ਗਲਤੀ ਹੋ’ਗੀ..ਬਚਾ ਲਾ ਮੈਨੂੰ ਜਿਵੇਂ ਬਚਾਈਦਾਂ..“
ਉਹ ਥਰ-ਥਰ ਕੰਬ ਰਿਹਾ ਸੀ।
“ਵੇ ਦੋਜ਼ਕੀਆ! ਡੁੱਬ ਜੇਂ ਵੇ ਤੂੰ..“ਸੰਤੋ ਨੇ ਬਚਨੇ ਦੀ ਪਿੱਠ ‘ਤੇ ਜ਼ੋਰ ਦੀ ਧੌਲ ਮਾਰੀ। ਉਹਨੇ ਪੈਰ ਛੱਡਣ ਦੀ ਥਾਂ ਹੋਰ ਜਕੜ ਕੇ ਫੜ ਲਏ।
“ਹੁਣ ਪੈਰ ਛੱਡ ਮੇਰੇ ਤੇ ਆਹ ਫੜ ਪੰਜਾਹ ਰੁਪਈਏ..ਟਿੱਭ ਜਾ ਕਿਤੇ ਕਲਜੋਗੀਆ! ਸਰਵਣ ਡੱਕਰੇ ਕਰ ਦੂ ਤੇਰੇ..ਦੋ-ਚਾਰ ਦਿਨ ਪਿੰਡ ਨਾ ਵੜੀਂ ਹੁਣ..ਜਾਹ ਵਗ ਜਾ!“ ਉਹ ਜੀਤੋ ਦੀ ਕੋਠੜੀ ਵੱਲ ਝਾਕਦੀ ਦੱਬੀ-ਘੁੱਟੀ ਆਵਾਜ਼ ਵਿੱਚ ਬੋਲੀ।
ਸੰਤੋ ਨੇ ਜਿਵੇਂ ਆਵਦੇ ਜਾਣੇ ਮੌਕਾ ਸੰਭਾਲ ਲਿਆ ਸੀ।
“ਨੀ ਕੁੜ੍ਹੇ! ਹੋਇਆ ਕੀ ਸੀ? ਮੈਨੂੰ ਤਾਂ ਦੱਸ ਕੁਸ਼“ ਬਚਨੇ ਦੇ ਬਾਹਰ ਨਿੱਕਲਦਿਆਂ ਹੀ ਸੰਤੋ ਨੇ ਜੀਤੋ ਦਾ ਤਖਤਾ ਖੜਕਾ ਕੇ ਪੁੱਛਿਆ।
“ਬੇਬੇ ਜੀ! ਮੈਨੂੰ ਕੀ ਪੁੱਛਦੇ ਓਂ ਹੁਣ… ਢਕੀ ਰਿੱਝਣ ਦਿਓ ਬਸ…ਆ ਲੈਣ ਦੋ ਇਹਨਾਂ ਨੂੰ ਅੱਜ ਤੁਸੀਂ ਵਿੱਚ ਨਾ ਬੋਲਿਓ ਬੇਬੇ ਜੀ! ਇਹਨੂੰ ਕੰਜਰ ਨੂੰ ਤਾਂ ਦਊਂ ਮੈਂ ਧਨੇਸੜੀ“
“ਨਾ ਐਂ ਉਹ ਕਮਲਾ ਆ..? ਤੂੰ ਹੀ ਕੁਸ਼ ਕਿਹਾ ਹੋਣਾ ਬਚਨੇ ਨੂੰ..“ਸੰਤੋ ਨੇ ਘੂਰੀ ਵੱਟ ਕੇ ਜੀਤੋ ਨੂੰ ਕਿਹਾ।
“ਬੇਬੇ ਜੀ! ਬੇਬੇ ਜੀ! ਆਹ ਤੁਸੀਂ ਕੀ ਕੁਫਰ ਤੋਲੀ ਜਾਨੇ ਓਂ?“
ਜੀਤੋ ਡੌਰ-ਭੌਰ ਹੋ ਗਈ।
“ਤਾੜੀ ਕੁੜ੍ਹੇ! ਇਕ ਹੱਥ ਨਾਲ ਨੀ ਵੱਜਦੀ“ ਸੰਤੋ ਨੇ ਨਾਲੇ ਦੋ ਤਾੜੀਆਂ ਮਾਰ ਕੇ ਦਿਖਾਈਆਂ।
ਸ਼ਾਮ ਵੇਲੇ ਜਦੋਂ ਸਰਵਣ ਪਿੰਡ ਪਰਤਿਆ ਤਾਂ ਅਗਵਾੜ ਵਿਚੋਂ ਕਿਸੇ ਨੇ ਉਹਨੂੰ ਥੋੜ੍ਹਾ- ਬਹੁਤਾ ਰਾਤ ਦੀ ਘਟਨਾ ਬਾਰੇ ਦੱਸ ਦਿੱਤਾ। ਸਰਵਣ ਅੱਗ ਦਾ ਗੋਲਾ ਬਣਿਆ ਦਰ ਵੜਿਆ,
“ਬਚਨਿਆ ਕੁੱਤਿਆ! ਨਿੱਕਲ ਬਾਹਰ ..ਤੇਰੀ ਤਾਂ… ਬੇਬੇ! ਕਿੱਥੇ ਆ ਬਚਨਾ?“
“ਨਾ ਉਹਨੂੰ ਕੀ ਕਹਿਨਾ? ਇਹਨੂੰ ਆਵਦੀ ਰੰਨ ਨੂੰ ਸਾਂਭ..ਜੀਹਦੇ ਚੱਡਿਆਂ ਵਿੱਚ ਅੱਗ ਲੱਗੀ ਹੋਈ ਆ..“
ਸੰਤੋ ਨੇ ਬੁੱਲ੍ਹਾਂ ਵਿਚ ਚੁੰਨੀ ਲੈ ਕੇ ਪਹਿਲਾਂ ਦਾ ਰਟਿਆ ਪਾਪ ਬੋਲ ਦਿੱਤਾ।
ਜੀਤੋ ਭੱਜ ਕੇ ਸਰਵਣ ਦੇ ਪੈਰਾਂ ਉੱਤੇ ਆ ਡਿੱਗੀ, “ਮੈਂ ਕੁਸ਼ ਨੀ ਕੀਤਾ ਜੀ..ਮੈਂ ਤਾਂ ਰੌਲਾ ਪਾ ਕੇ ਮਸਾਂ ਆਵਦੀ ਇਜ਼ਤ ਬਚਾਈ.. ਮੈ ਥੋਡੀ ਗਊ ਆਂ.. ਮੈਂ ਕੁਸ਼ ਨੀ ਕੀਤਾ ਜੀ..“ ਘਗਿਆਈ ਜੀਤੋ ਦੇ ਹੋਸ਼ ਉਡੀ ਜਾਣ।
“ਪੁੱਤ ਸਰਵਣਾ! ਦੱਸਣਾ ਤਾਂ ਮੈਂ ਤੈਨੂੰ ਪਹਿਲਾਂ ਈ ਸੀ..ਮੈਂ ਤਾਂ ਪਹਿਲੇ ਦਿਨੋਂ ਈ ਏਸ ਕਮਜਾਤ ਦੇ ਲੱਛਣ ਦੇਖ’ਲੇ ਸੀ..ਪਰ ਮੈਨੂੰ ਕੀ ਪਤਾ ਸੀ ਬਈ ਇਹ ਭਰਾਵਾਂ-ਪਿੱਟੀ ਏਡੀ ਗੱਦਾਂ ਯੱਧੀ ਐ“ ਸੰਤੋ ਨਾਗਣ ਵਾਂਗ ਫੁੰਕਾਰਦਿਆਂ ਬੋਲੀ।
ਸਰਵਣ ਨੇ ਗਿੱਟਿਆਂ ਨਾਲ ਚੁੰਬੜੀ ਜੀਤੋ ਨੂੰ ਜਬਰਦਸਤੀ ਖਿੱਚ ਕੇ ਪਰ੍ਹਾਂ ਕੀਤਾ ਤੇ ਸਬਾਤ ਵਿੱਚ ਆ ਕੇ ਮਾਂ ਦੇ ਗੋਡੇ-ਮੁੱਢ ਬੈਠ ਗਿਆ, ਜੀਤੋ ਉੱਥੇ ਹੀ ਵਿਹੜੇ ਵਿੱਚ ਡਿੱਗੀ ਕੁਰਲਾਉਂਦੀ ਰਹੀ, ਸੰਤੋ ਪੁੱਤ ਦੇ ਕੰਨੀਂ ਜ਼ਹਿਰ ਭਰੀ ਗਈ। ਕੁਝ ਦੇਰ ਬਾਅਦ ਸਰਵਣ ਉੱਠਿਆ ਤੇ ਫਹੁੜਾ ਚੁੱਕ ਕੇ ਸੱਜਰ-ਸੂਈ ਮੱਝ ਦੀਆਂ ਲੱਤਾਂ ਭੰਨਣ ਲੱਗਿਆ।
“ਵੇ ਇਹਨੂੰ ਕਿਉਂ ਕੁੱਟਦੈਂ ਬੇਜਬਾਨ ਨੂੰ..ਨਿੱਜ ਹੋਣਿਆ!..“ ਸੰਤੋ ਨੇ ਭੱਜ ਕੇ ਸਰਵਣ ਤੋਂ ਫਹੁੜਾ ਖੋਹਿਆ ਤੇ ਮੱਝ ਨੂੰ ਪਲੋਸਣ ਲੱਗੀ।
ਸਾਰੀ ਰਾਤ ਜੀਤੋ ਰੋਂਦੀ ਤੜਫਦੀ ਰਹੀ, ਸਵੇਰੇ ਜੁਆਕ ਨੂੰ ਕੁੱਛੜ ਚੁੱਕ ਆਵਦੇ ਪੇਕੇ ਚਲੀ ਗਈ।
ਜੀਤੋ ਦੇ ਮਾਪੇ ਪੰਚਾਇਤ ਲੈ ਕੇ ਆ ਗਏ, ਬੋਹੜਾਂ ਵਾਲੇ ਥੜ੍ਹੇ ‘ਤੇ ਇਕੱਠ ਹੋਇਆ। ਸੰਤੋ ਨੂੰ ਸਾਰਿਆਂ ਨੇ ਸਿਆਣੀ ਬਣ ਕੇ ਢਹਿੰਦੇ ਘਰ ਨੂੰ ਠੁੰਮ੍ਹਣਾ ਲਾਉਣ ਲਈ ਕਿਹਾ ਤੇ ਫਿਰ ਸਰਵਣ ਨੂੰ ਸਮਝਾਉਣ ਲੱਗੇ,
“ਸਰਵਣ ਸਿਆਂਹ! ਸ਼ੇਰਾ ਘਰਾਂ ਵਿੱਚ ਸੌ ਊਚ-ਨੀਚ ਹੋ ਜਾਂਦੀ ਐ, ਇਉਂ ਤੋੜ-ਵਿਛੋੜਾ ਨੀ ਸੋਭਦਾ ਹੁੰਦਾ“
ਪਿੰਡ ਦਾ ਸਰਪੰਚ ਬੋਲਿਆ।
“ਬੀਬਾ! ਤੂੰ ਆਹ ਨਿੱਕੇ ਜਹੇ ਬਲੂੰਗੜੇ ਅੱਲ ਦੇਖ ..ਕੀ ਕਸੂਰ ਆ ਇਹਦਾ..?“ ਪੇਕਿਆਂ ਦੇ ਸਰਪੰਚ ਨੇ
ਇਕ ਪਾਸੇ ਘੁੰਡ ਕੱਢੀ ਬੈਠੀ ਜੀਤੋ ਦੀ ਗੋਦੀ ਵਿੱਚ ਖੇਡਦੇ ਨਿੰਮੇ ਵੱਲ ਹੱਥ ਕਰਕੇ ਕਿਹਾ।
“ਹੋਈਆਂ ਬੀਤੀਆਂ ‘ਤੇ ਮਿੱਟੀ ਪਾਓ ਭਾਈ! ਆਵਦੇ ਘਰ ਵਸੋ ਰਸੋ“ “
ਸਾਰਾ ਸਮਾਂ ਸਰਵਣ ਗਲ ਵਿੱਚ ਸਾਫਾ ਪਾਈ ਸਿਰ ਝੁਕਾ ਕੇ ਖੜ੍ਹਿਆ ਰਿਹਾ।
ਸਮਝੌਤੀਆਂ ਦਿੰਦੀ ਪੰਚਾਇਤ ਉੱਠ ਗਈ। ਮਾਪੇ ਜੀਤੋ ਨੂੰ ਸਰਵਣ ਦੇ ਘਰ ਤੱਕ ਛੱਡ ਕੇ ਹੱਥ ਬੰਨ੍ਹ ਕੇ ਚਲੇ ਗਏ। ਸਰਵਣ ਨੇ ਜੀਤੋ ਨੂੰ ਬੁਲਾ ਤਾਂ ਲਿਆ,ਪਰ ਜਿਹੜਾ ਸ਼ੱਕ ਦਾ ਬੀਜ ਸੰਤੋ ਨੇ ਸਰਵਣ ਦੇ ਦਿਲ ਵਿੱਚ ਲਾਇਆ,ਉਹ ਮਾਰਿਆ ਨਹੀਂ ਮਰਿਆ..ਸਗੋਂ ਵਧਦਾ ਚਲਾ ਗਿਆ।
ਸਰਵਣ ਨੇ ਅਪਣੀ ਬਦਲੀ ਦੂਰ ਕਿਸੇ ਡੀਪੂ ਉੱਤੇ ਕਰਵਾ ਲਈ ਅਤੇ ਪਿੰਡ ਬੱਸ ਕਦੇ ਹੀ ਆਉਂਦਾ।
ਕੁਝ ਅਰਸੇ ਬਾਅਦ ਸੰਤੋ ਵੀ ਅਕਾਲ-ਚਲਾਣਾ ਕਰ ਗਈ । ਜਦੋਂ ਸਰਵਣ ਮਾਂ ਨੂੰ ਦਾਗ ਲਾਉਣ ਪਿੰਡ ਆਇਆ ਤਾਂ ਸਿਆਣਿਆਂ ਨੇ ਉਹਨੂੰ ਸਮਝਾਉਣ ਲਈ ਫੇਰ ਪੂਰੀ ਵਾਹ ਲਾਈ, ਪਰ ਸਰਵਣ ਨਾ ਰੁਕਿਆ। ਜੀਤੋ ਨੇ ਵੀ ਪੈਰ ਫੜ-ਫੜ ਬਹੁਤ ਲੇਲ੍ਹੜੀਆਂ ਕੱਢੀਆਂ, ਪਰ ਕੋਈ ਵੱਸ ਨਾ ਚੱਲਿਆ।
ਸੱਚ-ਝੂਠ, ਪਾਪ-ਪੁੰਨ, ਪਿਆਰ-ਨਫਰਤ ..ਇਹ ਸਭ ਆਪਸ ਵਿੱਚ ਰਲ-ਮਿਲ ਕੇ ਜੀਤੋ ਦੀ ਜ਼ਿੰਦਗੀ ਵਿੱਚ ਇਕ ਡਰਾਉਣੀ ਸ਼ੈਅ ਬਣ ਗਏ।
ਹੁਣ ਤਾਂ ਵਿਹੜੇ ਵਿਚਲੀ ਡੇਕ ਵੀ ਰੁੰਡ-ਮਰੁੰਡ ਹੋਈ ਪਈ ਸੀ ਤੇ ਉਤੇ ਰਹਿੰਦਾ ਘੁੱਗੀਆਂ ਦਾ ਜੋੜਾ ਕਦੋਂ ਦਾ ਉਡ-ਪੁਡ ਗਿਆ ਸੀ।

ਭਾਗ-3
ਪਰ ਜ਼ਿੰਦਗੀ ਕਦੇ ਨਹੀਂ ਰੁਕਦੀ, ਭਾਵੇਂ ਸਰਘੀ ਵੇਲੇ ਕੋਇਲ ਦੀ ਕੂਕ ਵਰਗੀ ਹੋਵੇ ਅਤੇ ਭਾਵੇਂ ਆਲ੍ਹਣੇ ਵਿਚੋਂ ਡਿੱਗੇ ਬੋਟ ਵਰਗੀ..ਆਸਾ-ਪਾਸਾ ਉਹਨੂੰ ਆਪਣੇ ਵਿੱਚ ਸਮਾ ਹੀ ਲੈਂਦਾ ਹੈ, ਕੁਝ ਵੀ ਉਪਰਾ ਤੇ ਬੇਤਰਤੀਬ ਨਹੀਂ ਲੱਗਦਾ, ਸਭ ਠੀਕ ਹੀ ਲੱਗਣ ਲੱਗ ਪੈਂਦਾ ਹੈ। ਮਨ ਕਿੰਨਾ ਵੀ ਉਦਾਸ-ਪਰੇਸ਼ਾਨ ਹੋਵੇ, ਕਿਸੇ ਬਾਲ ਦੀ ਕਿਲਕਾਰੀ ਸੁਣ ਕੇ ਖਿੜ ਹੀ ਪੈਂਦਾ ਹੈ।
ਤੇ ਨਿੰਮਾ ਤਾਂ ਸੀ ਵੀ ਆਪਣੇ ਪਿਓ ਵਰਗਾ ਸੋਹਣਾ, ਗੋਰਾ ਰੰਗ ਅਤੇ ਬਿੱਲੀਆਂ ਅੱਖਾਂ। ਸਾਰਿਆਂ ਨੂੰ ਉਹ ਚੰਗਾ-ਚੰਗਾ ਲੱਗਣਾ, ਆਂਢ-ਗਵਾਂਢ ਦੀਆਂ ਕੁੜੀਆਂ ਬੁੜ੍ਹੀਆਂ ਨੇ ਨਿੰਮੇ ਨੂੰ ਭੁੰਜੇ ਨਾ ਲਹਿਣ ਦੇਣਾ, ਕਦੇ ਕੋਈ ਚੁੱਕ ਲਿਜਾਂਦੀ ਕਦੇ ਕੋਈ। ਹਾਂ..ਬਚਨੇ ਨੇ ਉਹਨੂੰ ਸ਼ਾਇਦ ਹੀ ਕਦੇ ਚੁੱਕਿਆ ਹੋਣਾ,ਉਂਜ ਵੀ ਬਚਨੇ ਦੇ ਸ਼ਾਹ-ਕਾਲੇ ਰੰਗ ਨਾਲ ਨਿੰਮਾ ਉਪਰਾ ਜਿਹਾ ਲੱਗਦਾ ਸੀ।
ਪਰ ਜਦੋਂ ਨਿੰਮੇ ਨੂੰ ਕੁਝ ਸੋਝੀ ਆਈ ਤਾਂ ਬਚਨੇ ਨੇ ਉਹਨੂੰ ਅਪਣੇ ਨਿੱਕੇ-ਮੋਟੇ ਕੰਮਾਂ ‘ਤੇ ਲਾ ਲਿਆ , “ ਜਾਹ ਓਇ ! ਹੱਟੀ ਤੋਂ ਜਰਦੇ ਦੀ ਡੱਬੀ ਲੈ ਕੇ ਆ“ ਜਾਂ “ਡੋਡੇ ਛਾਣ ਰੱਖੀਂ ਆਥਣ ਤਾਈਂ..ਜੇ ਡੁੱਲ੍ਹੇ ਤਾਂ ਦੇਖੀਂ ਫੇਰ..““
ਕਿਸੇ ਆਨੇ-ਬਹਾਨੇ ਨਿੰਮੇ ਨੇ ਗਵਾਂਢ ਵਿੱਚ ਰਹਿੰਦੇ ਬਿੰਦਰ ਕੇ ਘਰ ਵੜੇ ਰਹਿਣਾ। ਬਚਨੇ ਨੇ ਕੰਧ ਉਤੋਂ ਦੀ ਹਾਕ ਮਾਰਨੀ ਤਾਂ ਨਿੰਮੇ ਨੂੰ ਕੰਬਣੀ ਛਿੜ ਜਾਣੀ। ਡਰ ਦੇ ਮਾਹੌਲ ਵਿੱਚ ਪਲਿਆ ਨਿੰਮਾ ਨਿੱਕਾ ਜਿਹਾ ਹੀ ਰਹਿ ਗਿਆ, ਅਪਣੇ ਹਾਣੀਆਂ ਵਿੱਚ ਸਭ ਤੋਂ ਕਮਜ਼ੋਰ..ਮਾੜਕੂ ਜਿਹਾ। ਮੁੰਡਿਆਂ ਉਹਨੂੰ ‘ਹੇਮਾ-ਮਾਲਨੀ’ ਆਖ ਆਖ ਛੇੜਨਾ। ਸਕੂਲ ਵਿੱਚ ਅੱਧੀ ਛੁੱਟੀ ਵੇਲੇ ਵੱਡੇ ਮੁੰਡਿਆਂ ਨਿੰਮੇ ਨੂੰ ਘੇਰ ਲੈਣਾ, ਬੁਗ੍ਹੀਆਂ ਲੈ-ਲੈ ਤੇ ਗੱਲ੍ਹਾਂ ਉੱਤੇ ਦੰਦੀਆਂ ਵੱਢ-ਵੱਢ ਉਹਦਾ ਮੂੰਹ ਲਾਲ ਕਰ ਦੇਣਾ। ਨਿੰਮੇ ਨੇ ਰੋਂਦਿਆਂ ਤੇ ਕੂਹਣੀਆਂ ਨਾਲ ਗੱਲ੍ਹਾਂ ਪੂੰਝਦਿਆਂ ਬਿੰਦਰ ਵੱਲ ਭੱਜਣਾ, ਜੇ ਮੰਡ੍ਹੀਰ ਨੂੰ ਬਿੰਦਰ ਦਾ ਡਰ ਨਾ ਹੁੰਦਾ ਤਾਂ ਨਿੰਮੇ ਨਾਲ ਹੋਰ ਬਹੁਤ ਕੁਝ ਮਾੜਾ ਵਾਪਰ ਜਾਂਦਾ..ਸ਼ਾਇਦ ਵਾਪਰਿਆ ਵੀ ਹੋਵੇ ਪਰ ਉਹਨੇ ਕਦੇ ਕਿਸੇ ਨੂੰ ਨਹੀਂ ਦੱਸਿਆ।
ਉਧਰ ਜੀਤੋ ਦੀ ਜ਼ਿੰਦਗੀ ਵਿੱਚ ਸੁਰਿੰਦਰ ਕੌਰ ਦੇ ਕਿਸੇ ਗੀਤ ਨੂੰ ਵੱਜਿਆਂ ਅਰਸਾ ਹੋ ਗਿਆ ਸੀ, ਖੌਰੇ ਕਿਸੇ ਹੋਰ ਜਨਮ ਦੀ ਗੱਲ ਹੋਵੇ। ਕਿੰਨੇ ਸਾਲ ਉਹ ਨੇੜਲੇ-ਦੁਰਾਡੇ ਦੇ ਹਰ ਮੰਦਰ, ਗੁਰਦੁਆਰੇ, ਮਸੀਤ, ਮੱਠ, ਡੇਰੇ ਜਾ ਜਾ ਮੱਥਾ ਰਗੜਦੀ ਰਹੀ. “ਬਾਬਾ ਜੀ! ਮੇਰਾ ਘਰਵਾਲਾ ਮੈਨੂੰ ਛੋੜ ਕੇ ਚਲਾ ਗਿਆ..ਕੋਈ ਉਪਾਅ ਦਸੋ.“
“ਬੱਚੀ! ਹਮੇਂ ਸਭ ਮਾਲੂਮ ਹੈ, ਤੁਮਹਾਰੇ ਪਤੀ ਪਰ ਏਕ ਪਾਪੀ ਪ੍ਰੇਤ-ਆਤਮਾ ਕਾ ਸਾਇਆ ਹੈ..ਹਰ ਮੰਗਲ ਕੋ ਡੇਰੇ ਪੇ ਆਕਰ ਬਾਬਾ ਕੇ ਪੈਰ ਧੋਨੇ ਸੇ ਅਪਸ਼ਕੁਨੀ ਸਮਾਪਤ ਹੋ ਜਾਏਗੀ“
ਜੀਤੋ ਨੇ ਬੜੇ ਬਾਬਿਆਂ ਦੇ ਪੈਰ ਧੋਤੇ ਤੇ ਘੁੱਟੇ, ਦਾਨ ਕੀਤੇ, ਤਵੀਤ ਬੰਨ੍ਹੇ, ਵਰਤ ਰੱਖੇ ਪਰ ਸਰਵਣ ਦੇ ਸਿਰ ਤੋਂ ਪ੍ਰੇਤ-ਆਤਮਾ ਦਾ ਸਾਇਆ ਨਾ ਲੱਥਿਆ।
ਉਮੀਦ ਦੀ ਕਿਰਨ ਨਾਲ ਬੰਨ੍ਹੀ ਹੋਈ ਸਮਝੋ ਜਾਂ ਚਮਤਕਾਰੀ ਬਾਬਿਆਂ ਦੀ ਚਕਾ-ਚੌਂਧ ਨਾਲ ਚੁੰਧਿਆਈ ਹੋਈ, ਕੁਝ ਵੀ ਹੋਵੇ, ਹੌਲੀ-ਹੌਲੀ ਜੀਤੋ ਅਪਣਾ ਸਭ ਕੁਝ ਡੇਰਿਆਂ ਵਿੱਚ ਗਵਾ ਆਈ। ਤੀਜ-ਤਿਹਾਰ ਜਦੋਂ ਕਦੀ ਸਰਵਣ ਆਉਂਦਾ ਤਾਂ ਉਹ ਮੁੜ-ਮੁੜ ਨਹਾਉਂਦੀ, ਸਵੇਰੇ ਸ਼ਾਮ ਪਾਠ ਕਰਦੀ। ਜਿਸ ‘ਪਤੀ-ਪਰਮੇਸ਼ਰ’ ਦੀ ਵਾਪਸੀ ਲਈ ਉਹਨੇ ਇਹ ਸਾਰੀ ਘਾਲਣਾ ਘਾਲੀ ਸੀ, ਉਸ ਦੇ ਸਾਹਮਣੇ ਹੁਣ ਉਹ ਜੂਠੀ ਜਿਹੀ ਅਤੇ ਸ਼ਰਮਸਾਰ ਮਹਿਸੂਸ ਕਰਦੀ।
ਕਦੇ-ਕਦੇ ਸਰਵਣ ਥੋੜ੍ਹੀ-ਬਹੁਤ ਪੈਸਿਆਂ ਦੀ ਮੱਦਦ ਕਰ ਜਾਂਦਾ, ਨਿੰਮੇ ਨੂੰ ਕਾਪੀ-ਪੈਨਸਿਲ ਲੈ ਦਿੰਦਾ। ਕਿਸੇ ਕਿਸੇ ਵਾਰੀ ਜੀਤੋ ਲਈ ਸੂਟ ਵੀ ਲੈ ਆਉਂਦਾ, ਉਸ ਵਕਤ ਜੀਤੋ ਦੀ ਮੱਧਮ ਹੋਈ ਉਮੀਦ ਫਿਰ ਜਗ ਪੈਂਦੀ, ਬਾਬੇ ਦਾ ਕੀਤਾ ਉਪਾਅ ਕੰਮ ਕਰਦਾ ਜਾਪਦਾ ਅਤੇ ਉਹ ਫੇਰ ਬਾਬੇ ਦੇ ਪੈਰ-ਘੁੱਟਣ ਜਾ ਲੱਗਦੀ।
ਪਰ ਇਕ ਦਿਨ ਜੀਤੋ ਦੀ ਇਹ ਆਸ ਵੀ ਟੁਟ ਗਈ, ਜਦੋਂ ਉਹਨੂੰ ਪਤਾ ਲੱਗਾ ਕਿ ਸਰਵਣ ਨੇ ਉਥੇ ‘ਰੋਟੀ-ਟੁੱਕ’ ਨੂੰ ਕੋਈ ਕੁਦੇਸਣ ਰੱਖੀ ਹੋਈ ਆ।
ਉਧਰ ਨਸ਼ਿਆਂ ਨੇ ਬਚਨੇ ਉਤੇ ਵੀ ਜਿੱਤ ਪ੍ਰਾਪਤ ਕਰ ਲਈ।
“ਰਾਤ ਨੂੰ ਚੰਗਾ ਭਲਾ ਸੁੱਤਾ ਸੀ, ਸਵੇਰੇ ਚਾਹ ਨੂੰ ਹਾਕ ਮਾਰੀ ਤਾਂ ਉਠਿਆ ਈ ਨਾ, ਜਾ ਕੇ ਦੇਖਿਆ ਤਾਂ ਪੂਰਾ ਹੋਇਆ ਪਿਆ ਸੀ “ ਜੀਤੋ ਨੇ ਰੋਂਦਿਆਂ ਰੋਂਦਿਆਂ ਮਰਗਤ ਤੇ ਆਉਣ ਵਲਿਆਂ ਨੂੰ ਦੱਸਿਆ। ਦਾਹ-ਸਸਕਾਰ ਵੇਲੇ ਨਿੰਮੇ ਦੀਆਂ ਅੱਖਾਂ ਵਿਚੋਂ ਇਕ ਹੰਝੂ ਨਾ ਕਿਰਿਆ, ਪਰ ਕੈਸਾ ਦਿਲ ਹੈ ਔਰਤ ਦਾ ਜੀਤੋ ਪਿੱਟ-ਪਿੱਟ ਕੇ ਰੋਈ।
ਨਿੰਮਾ ਅਤੇ ਬਿੰਦਰ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖ ਰਹੇ ਸਨ। ਜੀਤੋ ਨੇ ਵੀ ਡੇਰਿਆਂ ਦੇ ਗੇੜੇ ਮਾਰਨੇ ਕਦੋਂ ਦੇ ਛੱਡ ਦਿੱਤੇ ਸਨ। ਹੁਣ ਉਹ ਮਜ਼੍ਹਬੀਆਂ ਦੀ ਗੁਲਾਬੋ ਨਾਲ ਸ਼ਹਿਰ ਨੂੰ ਜਾਇਆ ਕਰਦੀ ਸੀ। ਪਿਛਲੇ ਕੁਝ ਸਮੇ ਤੋਂ ਗੁਲਾਬੋ ਦਾ ਘਰ ਚੰਗਾ ਆਉਣ-ਜਾਣ ਸੀ। ਨਿੰਮਾ ਅਤੇ ਬਿੰਦਰ ਵੀ ਖੁਸ਼ ਸਨ, ਦੋਵੇਂ ਜਣੇ ਲਸ਼-ਲਸ਼ ਕਰਦੀ ਗੁਲਾਬੋ ਨਾਲ ਸਾਰਾ ਦਿਨ ਠਰਕ ਭੋਰਦੇ ਰਹਿੰਦੇ।
ਫੇਰ ਰਮਤੇ-ਰਮਤੇ ਜੀਤੋ ਇਕੱਲੀ ਹੀ ਸ਼ਹਿਰ ਨੂੰ ਜਾਣ ਲੱਗ ਪਈ। ਆਂਢ-ਗੁਆਂਢ ਨੂੰ ਏਨਾ ਹੀ ਪਤਾ ਸੀ ਕਿ ਜੀਤੋ ਦੀ ਕੋਈ ਦੂਰ ਦੀ ਮਾਸੀ ਹਸਪਤਾਲ ਵਿੱਚ ਲੰਬੀ ਬੀਮਾਰੀ ਨਾਲ ਲੜ ਰਹੀ ਹੈ, ਕਦੇ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਅਤੇ ਫੇਰ ਕੁਝ ਦਿਨਾਂ ਮਗਰੋਂ ਦਾਖਲ ਹੋ ਜਾਂਦੀ ਹੈ।
ਇਕ ਦਿਨ ਬਿੰਦਰ ਤੋਂ ਰਿਹਾ ਨਾ ਗਿਆ ਤੇ ਉਹਨੇ ਸਿੱਧਾ ਹੀ ਨਿੰਮੇ ਨੂੰ ਪੁੱਛ ਲਿਆ,“ਨਿੰਮੇ ਯਾਰ! ਆਹ ਤੇਰੀ ਬੀਬੀ ਨਿੱਤ ਈ ਸ਼ਹਿਰ ਕੀ ਕਰਨ ਜਾਂਦੀ ਆ?“
ਨਿੰਮਾ ਬਿੰਦਰ ਦੇ ਅੱਜ ਪੁੱਛੇ ਸਵਾਲ ਤੋਂ ਬਚਣ ਦਾ ਹਰ ਹੀਲਾ ਕਰਦਾ ਰਿਹਾ ਸੀ, ਜਾਂ ਸ਼ਾਇਦ ਆਸ ਹੀ ਕਰਦਾ ਸੀ ਕਿ ਘੱਟ ਤੋਂ ਘੱਟ ਬਿੰਦਰ ਉਹਨੂੰ ਇਹ ਗੱਲ ਕਦੀ ਨਹੀਂ ਪੁੱਛੇਗਾ। ਖੈਰ! ਪਹਿਲੀ ਸੱਟੇ ਤਾਂ ਨਿੰਮੇ ਦੇ ਮੂੰਹੋਂ ਉਹੀ ਹਸਪਤਾਲ ਵਾਲੀ ਕਹਾਣੀ ਨਿੱਕਲੀ, ਬਿੰਦਰ ਨੇ ਵੀ ਹਾਂ-ਹੂੰ ਕਹਿ ਦਿੱਤੀ ਅਤੇ ਦੋਵੇਂ ਤੁਰ ਪਏ, ਕੁਝ ਦੇਰ ਚੁਪ-ਚਾਪ ਤੁਰੇ ਜਾਂਦਿਆਂ ਆਪੇ ਹੀ ਨਿੰਮਾ ਬੋਲ ਪਿਆ-
“ਬਾਈ ਯਾਰ! ਤੈਨੂੰ ਪਤਾ ਈ ਆ ਘਰ ਦਾ ਖਰਚਾ ਕਿਵੇਂ ਚੱਲਦਾ, ਬੀਬੀ ਵੀ ਹੁਣ ਦੱਸ ਕੀ ਕਰੇ..ਸ਼ੈਦ ਸ਼ਹਿਰ ਠਾਣੇ ਆਲੇ ਕਿਸੇ ਅਫਸਰ ਕੋਲ ਜਾਂਦੀ ਆ, ਊਂ ਬਾਹਲਾ ਤਾਂ ਮੈਨੂੰ ਵੀ ਪਤਾ ਨੀ।“ ਕਹਿੰਦੇ ਦਾ ਨਿੰਮੇ ਦਾ ਗੱਚ ਭਰ ਆਇਆ। ਬਿੰਦਰ ਨੇ ਨਿੰਮੇ ਦੀ ਪਿੱਠ ਦਵਾਲੇ ਬਾਂਹ ਵਲ ਲਈ ਅਤੇ ਦੋਵੇਂ ਨਹਿਰ ਦੀ ਪਟੜੀ ਚੜ੍ਹਨ ਲੱਗੇ। ਹਵੇਲੀ ਵਾਲਿਆਂ ਦਾ ਹੈਪੀ ਮੋਟਰਸਾਈਕਲ ‘ਤੇ ਕੋਲੋਂ ਲੰਘਦਾ ਦੋਵਾਂ ਨੂੰ ਟਿੱਚਰ ਕਰ ਗਿਆ,“ ਆਹ ਹੇਮਾ-ਮਾਲਨੀ ਨੂੰ ਕਿੱਧਰ ਲਈ ਜਾਨੈਂ ਜੰਗਲਾਂ ਕੰਨੀਂ..?“ “ ਨਿੰਮੇ ਨੇ ਉਡੇ ਜਾਂਦੇ ਮੋਟਰਸਾਈਕਲ ਦੇ ਮਗਰ ਰੋੜਾ ਵਗਾਹ ਕੇ ਮਾਰਿਆ।

ਭਾਗ-4
ਪਰ ਕਹਿੰਦੇ ਆ ਮੂੰਹ ‘ਤੇ ਫੁੱਟਦੀ ਮੁੱਛ ਸਰੀਰ ਵਿੱਚ ਨਵੀਂ ਜਾਨ ਪਾ ਦਿੰਦੀ ਐ..ਚੜ੍ਹਦੀ ਜਵਾਨੀ ਦੇ ਹੌਸਲੇ ਨੇ ਨਿੰਮੇ ਵਿੱਚ ਵੀ ਰੂਹ ਫੂਕ ਦਿੱਤੀ।
ਦੋਵੇਂ ਬੇਲੀ ਚੰਗੀ ਕਬੱਡੀ ਖੇਡਣ ਲੱਗ ਪਏ। ਨਹਿਰ ਦੀ ਪਿੰਡ ਵਾਲੀ ਪੁਲੀ ਤੋਂ ਅਗਲੇ ਪਿੰਡ ਦੀ ਪੁਲੀ ਤੱਕ ਦੌੜ ਲਾਉਂਦੇ ਅਤੇ ਆਂਡਿਆਂ ਦੀ ਰੇਹੜੀ ‘ਤੇ ਸ਼ਰਤ ਲਗਾ ਕੇ ਆਂਡੇ ਖਾਂਦੇ। ਦਸਵੀਂ ਦੇ ਇਮਤਹਾਨਾਂ ਵਿੱਚ ਬਿੰਦਰ ਨੇ ਔਖੇ-ਸੌਖੇ ਹੋ ਕੇ ਨਕਲ ਮਰਵਾ ਨਿੰਮੇ ਨੂੰ ਵੀ ਪਾਸ ਕਰਵਾ ਲਿਆ। ਅੱਗੇ ਪੜ੍ਹਨ ਵਾਸਤੇ ਬਿੰਦਰ ਨੇ ਚੰਡੀਗੜ੍ਹ ਕਾਲਜ ਵਿੱਚ ਦਾਖਿਲਾ ਲੈ ਲਿਆ ਤੇ ਹੌਸਟਲ ਵਿੱਚ ਰਹਿਣ ਲੱਗਾ..ਬਿੰਦਰ ਦੇ ਧੱਕੇ-ਧੂਏ ਨਿੰਮਾ ਵੀ ਗਿਆਰਵੀਂ ਵਿੱਚ ਦਾਖਲ ਹੋ ਗਿਆ।
ਬਿੰਦਰ ਹੁਣ ਕਈ ਕਈ ਮਹੀਨੇ ਪਿੰਡ ਨਾ ਆਉਂਦਾ..ਨਿੰਮੇ ਦੇ ਨਵੇਂ ਯਾਰ-ਬੇਲੀ ਬਣ ਗਏ। ਜਰਦਾ-ਡੋਡੇ ਤਾਂ ਬਚਨਾ ਸਿਖਾ ਗਿਆ ਸੀ, ਰਹਿੰਦੀ ਕਸਰ ਸੱਜਰੇ ਬੇਲੀਆਂ ਨੇ ਪੂਰੀ ਕਰ ਦਿੱਤੀ। ਸਰਵਣ ਦੇ ਆਏ ਦਾ ਵੀ ਹੁਣ ਨਿੰਮਾ ਕੋਈ ਚਾਅ ਨਾ ਕਰਦਾ, ਆਉਂਦਾ ਵੀ ਸਰਵਣ ਹੁਣ ਖਾਸੇ ਚਿਰ ਮਗਰੋਂ.. ਜੀਤੋ ਹੀ ਕੋਈ ਕਪੜਾ-ਲੱਤਾ ਜਾਂ ਪੰਜੀਰੀ-ਮੱਠੀਆਂ ਦੇਣ ਦੇ ਬਹਾਨੇ ਨਿੰਮੇ ਨੂੰ ਸਰਵਣ ਵੱਲ ਘੱਲ ਦਿੰਦੀ।
ਨਿੰਮੇ ਨੂੰ ਸ਼ਹਿਰ ਜਾਣ ਦਾ ਮੌਕਾ ਮਿਲ ਜਾਂਦਾ ਅਤੇ ਉਹ ਦੋ-ਦੋ ਫਿਲਮਾਂ ਦੇਖ ਕੇ ਪਿੰਡ ਮੁੜਦਾ। ਕਈ ਵਾਰੀ ਅੱਧੀ-ਅੱਧੀ ਰਾਤ ਤੱਕ ਨਿੰਮਾ ਘਰੇ ਨਾ ਮੁੜਦਾ, ਜੀਤੋ ਦੇ ਸਾਹ ਸੁੱਕੇ ਰਹਿੰਦੇ।
ਰੇਤੇ ਦੀ ਮੁੱਠ ਵਾਂਗ ਇਕੋ-ਇਕ ਪੁੱਤ ਜੀਤੋ ਦੇ ਹੱਥੋਂ ਕਿਰਨ ਲੱਗਾ।
“ਬੰਦਾ ਬਣ ਕੇ ਰਹਿ! ਭਰਤੀਆਂ ਨਿੱਕਲਣੀਆਂ ਅਗਲੇ ਮਹੀਨੇ ਹੋਮਗਾਰਡਾਂ ਦੀਆਂ..ਭਰਤੀ ਕਰਾ ਦੂੰ ਤੈਨੂੰ
ਰੁੜ੍ਹ ਜਾਣਿਆ! ਨਹੀਂ ਤਾਂ ਆਵਦੇ ਚਾਚੇ ਅੰਗੂੰ ਖੇਹ ਖਾਂਦਾ ਰਹੀਂ ਏਥੇ..“ ਜੀਤੋ ਨਿੰਮੇ ਨੂੰ ਨਸੀਹਤਾਂ ਦਿੰਦੀ।
ਤੇ ਸੱਚੀਂ ਜੀਤੋ ਨੇ ਕਿਸੇ ਵੱਡੇ ਅਫਸਰ ਨੂੰ ‘ਮਿਲਕੇ’ ਨਿੰਮੇ ਨੂੰ ਹੋਮਗਾਰਡ ਭਰਤੀ ਕਰਵਾ ਦਿੱਤਾ। ਦੋ ਸਾਲਾਂ ਬਾਅਦ ਨਿੰਮਾ ਉਰਫ ਨਿਰਮਲਜੀਤ ਸਿੰਘ ਪੰਜਾਬ ਪੁਲੀਸ ਵਿੱਚ ਸਿਪਾਹੀ ਪੱਕਾ ਹੋ ਗਿਆ..ਸਿਪਾਹੀ ਨਿਰਮਲਜੀਤ ਸਿੰਘ..ਹੁਣ ਨਿੰਮੇ ਦਾ ਬੁਲਟ ਸਵੇਰੇ ਸ਼ਾਮ ਪਿੰਡ ਦੀਆਂ ਗਲੀਆਂ ਵਿੱਚ ਧੱਕ-ਧੱਕ’ ਕਰਦਾ ਫਿਰਦਾ।
ਬਿੰਦਰ ਕਦੇ ਪਿੰਡ ਛੁੱਟੀ ਆਉਂਦਾ ਤਾਂ ਨਿੰਮਾ ਉਹਨੂੰ ਬਦਲਿਆ ਬਦਲਿਆ ਜਾਪਦਾ..ਹੁਣ ਨਿੰਮੇ ਕੋਲ ਠਾਣੇ ਵਿੱਚ ਉਹਦੇ ਵੱਲੋਂ ਮਾਰੀਆਂ ਬੇਅੰਤ ਮੱਲਾਂ ਦੀਆਂ ਕਹਾਣੀਆਂ ਹੁੰਦੀਆਂ, “ਬਾਈ ਬਿੰਦਰ ਸਿਆਂਹ! ਕਿੰਨੀਆਂ ਨੱਢੀਆਂ ਲੰਘ ‘ਗੀਆਂ ਯਾਰ ਦੀਆਂ ਲੱਤਾਂ ਵਿਚੋਂ ਦੀ..ਕੋਈ ਸਾਭ-ਕਤਾਬ ਨੀ ਹੈਗਾ“ ਜਾਂ ਸਾਲੇ ਦੇ ਪਿਛਵਾੜੇ ਜਦੋਂ ਪਟਾ ਪਿਆ ਤਾਂ ਭਾਫਾਂ ਨਿੱਕਲ’ਗੀਆਂ ਚੰਮ ਵਿਚੋਂ..“
ਨਿੰਮੇ ਦੀਆਂ ਕਰਤੂਤਾਂ ਸੁਣ ਕੇ ਬਿੰਦਰ ਦਾ ਮਹੀਨਿਆਂ ਪਿਛੋਂ ਮਿੱਤਰ ਨੂੰ ਮਿਲਣ ਦਾ ਉਤਸ਼ਾਹ ਤਿਊੜੀ ਵੱਚ ਬਦਲ ਜਾਂਦਾ, “ਨਿੰਮਿਆ! ਕਿਸੇ ਦੀ ਧੀ-ਭੈਣ ਨੂੰ ਖਰਾਬ ਨੀ ਕਰੀਦਾ ਹੁੰਦਾ..ਨਾਲੇ ਤੇਰਾ ਕੰਮ ਲੋਕਾਂ ਨੂੰ ਕੁੱਟਣਾ-ਮਾਰਨਾ ਨਹੀਂ, ਸਗੋਂ ਤੂੰ ਗਰੀਬ-ਗੁਰਬੇ ਦੀ ਮੱਦਦ ਕਰਿਆ ਕਰ, ਅਸੀਂ ਵੀ ਕਹੀਏ ਬਈ ਸਿਪਾਹੀ ਨਿਰਮਲਜੀਤ ਭਰਾ ਐ ਸਾਡਾ।“ “ਚੰਡੀਗੜ੍ਹ ਜਾ ਕੇ ਕੂਲਰ ਲਾਗੇ ਸੌਣ ਲੱਗ ਪਿਆ ਤੂੰ, ਉਹ ਵੇਲੇ ਭੁੱਲ ਗਿਆ ਪੁੱਤ? ਜਦੋਂ ਸਾਡੇ ਛਿੱਤਰ ਪੈਂਦੇ ਸੀ .. ਜੇ ਆਹੀ ਲੋਕਾਂ ਦਾ ਵੱਸ ਚੱਲਦਾ ਤਾਂ ਮੈਨੂੰ ਤੇ ਮੇਰੀ ਮਾਂ ਨੂੰ ਵੱਢ-ਵੱਢ ਕੇ ਖਾ ਜਾਂਦੇ।“
ਹੌਲੀ-ਹੌਲੀ ਨਿੰਮੇ ਦੇ ਕਾਰ-ਵਿਹਾਰ ਦੀਆਂ ਕਨਸੋਆਂ ਸਾਰੇ ਪਾਸੇ ਫੈਲ ਗਈਆਂ।
ਜੀਤੋ ਨੇ ਵੇਲਾ ਸੰਭਾਲਦੇ ਹੋਏ ਨਿੰਮੇ ਦਾ ਵਿਆਹ ਕਰ ਦਿੱਤਾ, ਪਰ ਨਿੰਮੇ ਦੇ ਲੱਛਣ ਨਾ ਬਦਲੇ। ਬਹੂ ਕਿਸੇ ਗਰੀਬ ਘਰੋਂ ਸੀ, ਸਾਊ ਜਿਹੀ ਮਲੂਕੜੀ ਜਿਹੀ। ਸਭ ਤੋਂ ਜ਼ਿਆਦਾ ਚਾਅ-ਮਲ੍ਹਾਰ ਸ਼ਾਇਦ ਜੀਤੋ ਨੇ ਹੀ ਕੀਤਾ ਸੀ ਭੋਲੀ ਦਾ। ਭੋਲੀ ਵੀ ਸੱਸ ਦਾ ਪੂਰਾ ਖਿਆਲ ਰੱਖਦੀ। ਅਖੀਰ ਜੀਤੋ ਨੇ ਵੀ ਕੁਝ ਸੁੱਖ ਦਾ ਸਾਹ ਲਿਆ। ਘਰ ਨੂੰ ਫੇਰ ਭਾਗ ਲੱਗੇ ਅਤੇ ਨਿੰਮੇ ਦੀ ਘਰਵਾਲੀ ਨੇ ਮਿਸ਼ਰੀ ਵਰਗੇ ਮੁੰਡੇ ਨੂੰ ਜਨਮ ਦਿੱਤਾ। ਜੀਤੋ ਕੁੜੀਆਂ ਤੋਂ ਮੂਹਰੇ ਹੋ-ਹੋ ਬੋਲੀਆਂ ਪਾਵੇ, ਨਿੰਮੇ ਨੇ ਯਾਰਾਂ-ਬੇਲੀਆਂ ਨੂੰ ਦਾਰੂ ਵਾਲੀਆਂ ਬਹਾਰਾਂ ਲਾ ਦਿੱਤੀਆਂ। ਇਸ ਮੌਕੇ ਕਿੰਨੇ ਹੀ ਮਹੀਨਿਆਂ ਮਗਰੋਂ ਸਰਵਣ ਵੀ ਆਇਆ ਤੇ ਪਹਿਲੀ ਵਾਰੀ ਪਿਓ-ਪੁੱਤ ਇਕੱਠੇ ਨੱਚੇ।
“ਇਹ ਦਿਨ ਵੀ ਦੇਖਣ ਨੂੰ ਮਿਲਣਾ ਸੀ ਕਦੇ“ ਹਰ ਇਕ ਦੀ ਜ਼ੁਬਾਨ ‘ਤੇ ਏਹੋ ਗੱਲ ਸੀ।
ਪੋਤੇ ਦੇ ਚਾਅ ਵਿੱਚ ਸਰਵਣ ਕਾਫੀ ਦਿਨ ਪਿੰਡ ਕੱਟ ਗਿਆ, ਜਦੋਂ ਤੁਰਨ ਲੱਗਾ ਤਾਂ ਜੀਤੋ ਅਤੇ ਭੋਲੀ ਦੋਵੇਂ ਗਲ ਵਿੱਚ ਪੱਲਾ ਪਾ ਕੇ ਜੋਦੜੀ ਕਰਨ ਲੱਗੀਆਂ, “ਜੀ ਤੁਸੀਂ ਸਾਰੀ ਉਮਰ ਬਾਹਰ ਕੱਢ ਦਿੱਤੀ..ਹੁਣ ਤਾਂ ਘਰੇ ਮੁੜ ਆਓ..“
ਸ਼ਾਇਦ ਸਰਵਣ ਦਾ ਮਨ ਪੋਤੇ ਦੀਆਂ ਕਿਲਕਾਰੀਆਂ ਨਾਲ ਪਸੀਜ ਗਿਆ ਸੀ.. “ਬੱਸ ਆਹ ਛੇ ਮਹੀਨੇ ਰਹਿ’ਗੇ..ਫੇਰ ਰਟੈਰ ਹੋ ਕੇ ਪੈਨਸ਼ਨ ਲਵਾ ਕੇ ਪੱਕਾ ਈ ਆਊਂ ਨਾਲੇ ਹੁਣ ਤਾਂ ਮੈਂ ਕਮਾਊ ਪੁੱਤ ਦਾ ਪਿਓ ਆਂ, ਮੈਂ ਵੀ ਸੱਥ ਵਿੱਚ ਜਾ ਕੇ ਬੈਠਿਆਂ ਕਰੂੰ ਮੁੱਛਾਂ ਨੂੰ ਤਾਅ ਦੇ ਕੇ“
ਨਿੰਮੇ ਦੇ ਮੋਢੇ ‘ਤੇ ਹੱਥ ਧਰਕੇ ਸਰਵਣ ਨੇ ਹੁੱਬ ਕੇ ਕਿਹਾ। ਸਾਰਾ ਟੱਬਰ ਇਕ-ਦੂਜੇ ਦੇ ਹੰਝੂ ਪੂੰਝਦਾ ਗਲੇ ਮਿਲਿਆ।
ਏਸ ਵਾਰੀ ਜਦੋਂ ਬਿੰਦਰ ਪਿੰਡ ਆਇਆ ਤਾਂ ਜੀਤੋ ਨੇ ਦਬਾ-ਦਬ ਹਾਕ ਮਾਰਕੇ ਆਵਦੇ ਘਰੇ ਬੁਲਾ ਲਿਆ, “ਵੇ ਪੁੱਤਰਾ! ਰੱਬ ਨੇ ਮੇਰੀਆਂ ਅਰਦਾਸਾਂ ਸੁਣ ਲਈਆਂ, ਤੇਰੇ ਚਾਚੇ ਨੇ ਆਉਣਾ ਅਗਲੇ ਮਹੀਨੇ ਕੱਤੀ ਤਰੀਕ ਨੂੰ ਪਿਲਸਣ ਲੁਆ ਕੇ..“ਜੀਤੋ ਨੇ ਹਵਾ-ਪਿਆਜੀ ਚੁੰਨੀ ਨਾਲ ਗਿੱਲੀਆਂ ਅੱਖਾਂ ਪੂੰਝ ਕੇ ਨੱਕ ਸੁਣ੍ਹਕਦਿਆਂ ਬਿੰਦਰ ਨੂੰ ਕਿਹਾ।
“ਅੱਛਾ ਚਾਚੀ! ਵਾਹ ਬਈ ਵਾਹ..ਫੇਰ ਤਾਂ ਮੈਂ ਵੀ ਉਪੜ ਜੂੰਗਾ ਕੱਤੀ ਤਰੀਕ ਨੂੰ..ਆਹ ਤਾਂ ਪਾਰਟੀ ਹੋ’ਗੀ“
“ਵੇ ਜਾਹ ਡੁੱਬ ਜਾਣਿਆ! ਏਸ ਵੇਲੇ ਪਾਲਟੀਆਂ ਨਹੀਂ.. ਉਸ ਨੀਲੀ ਛਤਰੀ ਆਲੇ ਦਾ ਛੁਕਰਾਨਾ ਕਰੀਦਾ ਹੁੰਦਾ“ ਕਹਿੰਦੀ ਜੀਤੋ ਹੱਥ ਜੋੜ ਕੇ ਬਾਬੇ ਨਾਨਕ ਦੀ ਫੋਟੋ ਮੂਹਰੇ ਜਾ ਖਲੋਤੀ..
ਸ਼ਾਮ ਨੂੰ ਨਿੰਮਾ ਵੀ ਆ ਗਿਆ..ਦੂਰੋਂ ਹੀ ਪਾਟੇ ਹੋਏ ਸਾਈਲੈਂਸਰ ਵਾਲੇ ਬੁਲਟ ਦੀ ਕੰਨ-ਪਾੜਵੀਂ ਆਵਾਜ਼ ਉਹਦੇ ਆ ਪਹੁੰਚਣ ਦਾ ਧੜੱਲੇਦਾਰ ਸੁਨੇਹਾ ਸੀ।
“ਓਇ ਸ਼ਹਿਰੀਆ! ਆ ਗਿਆ ਕੰਜਰਾ?““ ਕਹਿੰਦੇ ਨਿੰਮੇ ਨੇ ਬਿੰਦਰ ਨੂੰ ਗਲਵਕੜੀ ਪਾ ਲਈ। ਗੱਲ ਗੱਲ ‘ਤੇ ਬਿੰਦਰ ਨੂੰ ‘ਬਾਈ-ਯਾਰ’ ਕਹਿਣ ਵਾਲੇ ਨਿੰਮੇ ਤੋਂ ‘ਕੰਜਰਾ..ਕੁੱਤਿਅ ‘ ਸੁਣ ਕੇ ਬਿੰਦਰ ਠਠੰਬਰ ਗਿਆ।
“ਨਿੰਮਿਆ! ਹੁਣ ਤਾਂ ਚਾਚੇ ਨੇ ਵੀ ਆ ਜਾਣੈ..ਨਾਲੇ ਤੂੰ ਆਪ ਪਿਓ ਬਣ ਗਿਆਂ..ਹੁਣ ਰਤਾ ਸੰਭਲ ਕੇ ਚੱਲ..ਕੀ ਕਮੀ ਆ ਤੈਨੂੰ ਹੁਣ?““ ਨਿੰਮੇ ਦੀਆਂ ਮੱਲਾਂ ਦੀ ਲਿਸਟ ਨੂੰ ਵਿਚਾਲਿਓਂ ਕੱਟਦੇ ਬਿੰਦਰ ਨੇ ਕਿਹਾ।
ਬਿੰਦਰ ਦੀ ਛੁੱਟੀ ਦੇ ਅਜੇ ਦੋ ਦਿਨ ਹੋਰ ਸਨ। ਉਹ ਸਵੇਰੇ-ਸ਼ਾਮ ਹਰਨੂਰ ਨੂੰ ਖਿਡਾਉਂਦਾ ਰਹਿੰਦਾ, ਉਸ ਛੋਟੇ ਜਿਹੇ ਬਾਲ ਵਿਚੋਂ ਅਪਣੇ ਗੁਆਚ ਗਏ ਬੇਲੀ ਦਾ ਅਕਸ ਲੱਭਦਾ। ਜੀਤੋ ਸਾਰਾ ਦਿਨ ਹਰਨੂਰ ਲਈ ਜੁਰਾਬਾਂ-ਸਵੈਟਰ ਬੁਣਦੀ ਰਹਿੰਦੀ। ਬਿੰਦਰ ਨੇ ਪਹਿਲੀ ਵਾਰੀ ਜੀਤੋ ਨੂੰ ਕੋਈ ਗੀਤ ਗੁਣਗੁਣਾਉਂਦਿਆਂ ਸੁਣਿਆ ।
ਵਿਹੜੇ ਵਿਚਲੀ ਡੇਕ ਉਤੇ ਹਲਕੇ ਗੁਲਾਨਾਰੀ ਫੁੱਲ ਖਿੜਨ ਲੱਗ ਪਏ ਸਨ।

ਭਾਗ-5
ਅਗਲੀ ਸਵੇਰੇ ਬਿੰਦਰ ਵਾਪਸ ਚੰਡੀਗੜ੍ਹ ਜਾਣ ਨੂੰ ਤਿਆਰ ਹੋ ਰਿਹਾ ਸੀ, ਜਦੋਂ ਨਿੰਮੇ ਦੇ ਘਰੋਂ ਦਿਲ-ਚੀਰਵੀਂ ਚੀਕ ਨੇ ਸਾਰਾ ਆਲਾ-ਦਵਾਲਾ ਸੁੰਨ ਕਰ ਦਿੱਤਾ। ਡਾਕੀਆ ਤਾਰ ਲਿਆਇਆ ਸੀ, ਸਰਵਣ ਦੀ ਬੱਸ ਦਾ ਸੰਘਣੀ ਧੁੰਦ ਕਰਕੇ ਐਕਸੀਡੈਂਟ ਹੋ ਗਿਆ ਸੀ, ਚਾਰ ਸਵਾਰੀਆਂ ਸਮੇਤ ਸਰਵਣ ਵੀ ਮੌਕੇ’ਤੇ ਹੀ ਦਮ ਤੋੜ ਗਿਆ ਸੀ।
ਪਿੰਡ ਦੀ ਫਿਰਨੀ ਉਤੇ ਅੱਜ ਫੇਰ ਨਿੰਮਾ ਤੇ ਬਿੰਦਰ ਖੜ੍ਹੇ ਸਨ, ਅੱਜ ਉਹਨਾਂ ਨੇ ਕਿਸੇ ਆਉਂਦੀ ਜਾਂਦੀ ਬੱਸ ਵੱਲ ਧਿਆਨ ਨਾ ਦਿੱਤਾ। ਅੱਜ ਉਸ ਮੰਦਭਾਗੇ ਟਰੱਕ ਦੀ ਉਡੀਕ ਸੀ, ਜਿਸ ਵਿੱਚ ਅਖੀਰਲੀ ਵਾਰ ਸਰਵਣ ਨੇ ਆਉਣਾ ਸੀ। ਦੁਪਹਿਰੋਂ ਬਾਅਦ ਜਦੋਂ ਟਰੱਕ ਉਪੜਿਆ ਤਾਂ ਬਿੰਦਰ ਦਾ ਜੀਅ ਕਰੇ ਜਿਵੇਂ ਹੁਣੇ ਡਰਾਈਵਰ ਵਾਲੀ ਤਾਕੀ ਵਿਚੋਂ ਸਰਵਣ ਚਾਚਾ ਆਵਦੀ ਪੱਗ ਦਾ ਲੜ ਲੋਟ ਕਰਦਾ ਉਤਰੇਗਾ ਤੇ ਉਹਨੂੰ ਕਹੇਗਾ,
“ਓਇ ਬਿੰਦਰਾ! ਬੜਾ ਕੱਦ ਕੱਢੀ ਜਾਨੈਂ ਜਵਾਨਾ..ਹੈਂਅ“
ਨਿੰਮਾ ਟਰੱਕ ਦੇ ਮੂਹਰੇ ਮੂਹਰੇ ਭੱਜਦਾ ਤੂੜੀ ਵਾਲੇ ਅੰਦਰ ਨਾ ਲੁਕਿਆ, ਬੱਸ ਬਾਪੂ ਨੂੰ ਚੁੰਬੜ ਕੇ ਧਾਹਾਂ ਮਾਰਨ ਲੱਗਾ। ਜਦੋਂ ਸਰਵਣ ਦੀ ਦੇਹ ਘਰ ਆਈ ਤਾਂ ਜੀਤੋ ਦੇ ਸਾਰੇ ਅੱਥਰੂ ਮੁੱਕ ਚੁੱਕੇ ਸਨ..ਉਹ ਕਿੰਨਾ ਵੀ ਜ਼ੋਰ ਲਾ ਕੇ ਚੀਕ ਮਾਰਦੀ ਉਸਦੇ ਸੰਘ ਵਿਚੋਂ ਕੋਈ ਆਵਾਜ਼ ਨਹੀਂ ਸੀ ਨਿੱਕਲਦੀ।
“ਨੀ ਇਹਨੂੰ ਰੁਆਓ ਕੋਈ..ਹੌਲ ਦਾ ਗੋਲਾ ਡਮਾਕ ਨੂੰ ਚੜ੍ਹ ਜੂਗਾ।“ ਕੋਈ ਹਮਦਰਦਣ ਪੱਥਰ ਬਣੀ ਜੀਤੋ ਨੂੰ ਹਲੂਣਦੀ ਹੋਈ ਬੋਲੀ।
ਕਿਹੜੇ ਮਾੜੇ ਥਾਂ ਦੀ ਮਿੱਟੀ ਲਿਆਈ ਨੀ ਧੀਏ ਮੋਰਨੀਏ!“ ਜੀਤੋ ਦੀ ਮਾਂ ਨੇ ਦੁਹੱਥੜ ਮਾਰ ਕੇ ਜੀਤੋ ਨੂੰ ਹਿੱਕ ਨਾਲ ਲਾ ਲਿਆ।
“ਤੇਰੀਆਂ ਮੁਕੀਆਂ ਨਾ ਕਦੇ ਉਡੀਕਾਂ ਨੀ ਰਾਜੇ ਸਹੁਰੇ ਦੀਏ ਜਾਈਏ !“ ਜੀਤੋ ਦੀ ਭਾਬੀ ਨੇ ਉਹਦੇ ਦਵਾਲੇ ਬਾਂਹ ਲਪੇਟ ਲਈ।
“ਕਿਹੜੇ ਅੰਬਰੀਂ ਛਿਪਨ ਹੋ ਗਿਆ ਵੇ.. ਮੇਰੀ ਬੱਚੜੀ ਨੂੰ ਵਣਜਣ ਆਲਿਆ ਹਾਕਮਾ..“
ਭੋਲੀ ਦੀ ਮਾਂ ਆਵਦੀ ਧੀ ਨੂੰ ਮਿਲ ਕੇ ਕੀਰਨੇ ਪਾਉਣ ਲੱਗੀ।
“ਇਹਦਾ ਦੱਸ ਜਾ ਕੋਈ ਕਸੂਰ ਵੇ ਸਿਹਰੇ ਬੰਨ੍ਹ ਕੇ ਢੁਕਣ ਆਲਿਆ ਪੁੱਤਾ।“ ਜੀਤੋ ਦੀ ਮਾਂ ਜ਼ੋਰ ਜ਼ੋਰ ਨਾਲ ਆਪਣੀਆਂ ਗੱਲ੍ਹਾਂ ਭੰਨਣ ਲੱਗੀ..ਕਦੇ ਛਾਤੀ ‘ਤੇ ਦੁਹੱਥੜਾਂ ਮਾਰਦੀ ਕਦੇ ਪੱਟਾਂ ‘ਤੇ ..ਅਚਾਨਕ ਜੀਤੋ ਦੇ ਅੰਦਰ ਕੋਈ ਕੜ ਪਾਟ ਗਿਆ, “ਚੰਦ ਮੇਰੀ ਕਦੇ ਤਾਂ ਸੁਣ ਅਰਜ਼ੋਈ ਵੇ।“
ਜੀਤੋ ਨਹੀਂ..ਉਹਦਾ ਸਾਰਾ ਵਜੂਦ ਇਕ ਲੇਰ ਬਣ ਗਿਆ…ਉਹ ਸਿਰ ਤੋਂ ਪੈਰਾਂ ਤੱਕ ਕੰਬਣ ਲੱਗ ਗਈ ..ਫਿਰ ਸਭ ਕੁਝ ਸ਼ਾਂਤ ਹੋ ਗਿਆ..ਜੀਤੋ ਨੂੰ ਦੰਦਲ ਪੈ ਗਈ ਸੀ।
“ਕੁੜ੍ਹੇ ਕੋਈ ਚਮਚਾ ਲਿਆ ਕੇ ਦੰਦਾਂ ਬਚਾਲੇ ਦਿਓ..
ਨੀਂ ਪਾਣੀ ਪਾਓ ਮੂੰਹ ਵਿੱਚ..“ ਜੁੱਤੀ ਸੁੰਘਾਓ ਭਾਈ ਜੁੱਤੀ..“ ਸੱਥਰ ਤੋਂ ਭਾਂਤ-ਭਾਂਤ ਦੀਆਂ ਆਵਾਜ਼ਾਂ ਆਉਣ ਲੱਗੀਆਂ..ਬਿੰਦ ਝੱਟ ਪਿਛੋਂ ਉਹਦੀ ਸੁਰਤ ਪਰਤ ਆਈ। ਭਾਬੀ ਨੇ ਉਹਦਾ ਮੂੰਹ ਪੂੰਝ ਕੇ ਥਮ੍ਹਲੇ ਨਾਲ ਢੋਅ ਲੁਆ ਕੇ ਬਿਠਾ ਦਿੱਤਾ।
ਅਰਥੀ ਪਿਛੇ ਇਕ ਪਾਸਿਓਂ ਭਾਬੀ ਦਾ ਤੇ ਦੂਜੇ ਪਾਸਿਓਂ ਨੂੰਹ ਦਾ ਸਹਾਰਾ ਲਈ ਇਕ ਬੁੱਤ ਤੁਰ ਰਿਹਾ ਸੀ।
ਦਾਗ ਲਾ ਕੇ ਨਿੰਮਾ ਭੁੱਬਾਂ ਮਾਰ-ਮਾਰ ਰੋਇਆ।
ਸਸਕਾਰ ਪਿਛੋਂ ਕਿਰਨ-ਮਕਿਰਨੀ ਸਭ ਆਪਣੇ ਆਪਣੇ ਘਰ ਪਰਤ ਗਏ। ਬਿੰਦਰ ਦੀ ਮਾਂ ਚਾਹ ਦਾ ਡੋਲੂ ਭਰ ਕੇ ਲੈ ਆਈ..ਜਿਵੇਂ ਕਿਵੇਂ ਸਭ ਨੇ ਆਖ-ਦੇਖ ਦੋ ਘੁੱਟ ਜੀਤੋ ਦੇ ਅੰਦਰ ਸੁੱਟੇ ।
“ਉਠ ਧੀਏ ਹਰਜੀਤ ਕੁਰੇ! ਤਕੜੀ ਹੋ..ਟਰੱਕ ਵਿੱਚ ਆਈ ਚੀਜ-ਵਸਤ ਸਾਂਭ..ਕੱਠ ਵਿੱਚ ਕੋਈ ਚੱਕ-ਥੱਲ ਨਾ ਹੋ ਜੇ..ਚੰਦਰੇ ਦੀਆਂ ਨਿਸ਼ਾਨੀਆਂ“ ਮਾਂ ਨੇ ਸਮਝੌਤੀ ਦਿੰਦਿਆਂ ਜੀਤੋ ਨੂੰ ਉਠਾਲ ਖੜ੍ਹੀ ਕੀਤਾ। ਲੱਤਾਂ ਘੜੀਸਦੀ ਉਹ ਅੰਦਰ ਜਾ ਕੇ ਸਰਵਣ ਦਾ ਸਮਾਨ ਫਰੋਲਣ ਲੱਗੀ..ਇਕ ਟਰੰਕੀ ਵਿਚੋਂ ਉਹਨੂੰ ਫੁੱਲਾਂ ਵਾਲਾ ਝੋਲਾ ਲੱਭਿਆ, ਜਿਸ ਦੀ ਤਹਿ ਵਿੱਚ ਉਹਨਾਂ ਦੋਵਾਂ ਦੇ ਵਿਆਹ ਦੀ ਫੋਟੋ ਸੀ।
ਜੀਤੋ ਧਾਹਾਂ ਮਾਰਦੀ, ਫੁੱਲਾਂ ਵਾਲਾ ਝੋਲਾ ਹਿੱਕ ਨਾਲ ਲਾਈ ਮੁੜ ਸਿਵਿਆਂ ਵੱਲ ਨੂੰ ਭੱਜ ਤੁਰੀ ।
ਮੋਬਾਈਲ : 00।-604-897-068।
00।-604-599-8498

Leave a Reply

Your email address will not be published. Required fields are marked *