ਪੰਜਾਬ ਦੇ ਕਿਸਾਨੀ ਸੰਕਟ ਬਾਰੇ ਦਿਲ ਦੇ ਵਲਵਲੇ

ਪਿਛਲੇ ਦਿਨੀਂ ਪੰਜਾਬ ਤੋਂ ਆਏ ਲੇਖਕ/ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਅਤੇ ਹੋਰ ਦੋਸਤਾਂ ਨਾਲ ਪੰਜਾਬ ਦੇ ਕਿਸਾਨੀ ਸੰਕਟ ‘ਤੇ ਗੱਲ ਹੋ ਰਹੀ ਸੀ। ਸਰਕਾਰਾਂ ਨੂੰ ਫਿਟਕਾਰਾਂ ਪਾਉਣ, ਸਰਮਾਏਦਾਰੀ ਨੂੰ ਆੜੇ ਹੱਥੀਂ ਲੈਣ, ਪੰਜਾਬ ਦੇ ਖੁਲ•-ਖਰਚੀ ਸਭਿਆਚਾਰ ਨੂੰ ਰਗੜੇ ਲਾਉਣ ਤੋਂ ਬਾਅਦ ਗੱਲ ਏਥੇ ਆ ਕੇ ਰੁੱਕ ਗਈ ਕਿ 2-3 ਕਿਲਿਆਂ ਦੀ ਖੇਤੀ ਦੀ ਕੋਈ ਤੁੱਕ ਹੈ ਵੀ ਕਿ ਨਹੀਂ? ਸਵਾਲ ਬਹੁਤ ਅਹਿਮ ਸੀ ਪਰ ਮਜਲਸ ਖਾਣੇ ਪੀਣੇ ਵਿਚ ਖਿਲਰ ਗਈ। ਇਹ ਆਖਰੀ ਸਵਾਲ ਅਗਲੇ 2 ਦਿਨ ਮੇਰੇ ਸਿਰ ‘ਤੇ ਬਹੁਤ ਭਾਰੂ ਰਿਹਾ। ਮੈਂ ਇਸ ਬਾਰੇ ਆਪਣੇ ਨਿੱਜੀ ਤਰਜਬੇ ਤੇ ਆਲੇ ਦੁਆਲੇ ਦੇ ਆਧਾਰ ‘ਤੇ ਕੁਝ ਲਿਖਣਾ ਚਾਹੁੰਦਾ ਸੀ ਪਰ ਏਨੇ ਨੂੰ ਮੰਤਰੀ ਅਰੁਣ ਜੇਟਲੀ ਨੇ ਧੋਬੀ ਪਟਕਾ ਮਾਰ ਕੇ ਏਸੇ ਮਸਲੇ ‘ਤੇ ਆਪਣਾ ਬਿਆਨ ਦਾਗ ਦਿੱਤਾ। ਮੈਂ ਜੇਟਲੀ ਦੀ ਪਾਰਟੀ ਦੀਆਂ ਸਿਧਾਂਤਕ ਨੀਤੀਆਂ ਦਾ ਵਿਰੋਧੀ ਹਾਂ ਤੇ ਇਨ•ਾਂ ਨੂੰ ਭੰਡਣ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ। ਹੋ ਸਕਦਾ ਜੇਟਲੀ ਦੇ ਇਸ ਬਿਆਨ ਪਿੱਛੇ ਕੋਈ ਹੋਰ ਰਾਜਨੀਤੀ ਵੀ ਕੰਮ ਕਰਦੀ ਹੋਏ, ਪਰ ਦੋਸਤਾਂ ਦੀ ਉਪਰਲੀ ਬੈਠਕ ਵਿਚ ਉੱਠੇ ਸਵਾਲ ਨਾਲ ਪੰਜਾਬੀਆਂ ਨੂੰ ਕਦੇ ਨਾ ਕਦੇ ਦੋ ਚਾਰ ਹੋਣਾ ਹੀ ਪੈਣਾ ਹੈ।
ਇਹ ਵਿਚਾਰ ਮੁੱਖ ਤੌਰ ਤੇ ਕਿਸਾਨੀ ਸੰਕਟ ਬਾਰੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਪੰਜਾਬ ਦੀ ਬਾਕੀ ਵਸੋਂ ਲਈ ਸਭ ਅੱਛਾ ਹੈ। ਜਾਤ-ਪਾਤੀ ਵਿਤਕਰੇ, ਫਿਰਕਾਪ੍ਰਸਤੀ, ਮਜ਼ਦੂਰ ਦੀ ਲੁੱਟ, ਰਿਸ਼ਵਖੋਰੀ, ਨਸ਼ੇ ਤੇ ਸਿਆਸੀ ਪਨਾਹ ਹੇਠ ਨਿੱਜੀ ਧੱਕਾ ਹੋਰ ਅਜਿਹੇ ਮੁੱਦੇ ਹਨ, ਜਿਨ•ਾਂ ਨਾਲ ਪੰਜਾਬ ਨੂੰ ਆਉਂਦੇ ਸਾਲਾਂ ਵਿਚ ਨਜਿੱਠਣਾ ਪੈਣਾ ਹੈ।
ਕਿਸਾਨੀ ਪਰਿਵਾਰਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਾਡੇ ਪੜਦਾਦਿਆਂ ਦੀ ਪੀੜ•ੀ (ਸੰਨ 1900 ਦੇ ਲਾਗੇ ਸ਼ਾਗੇ) ਪੰਜਾਬ ਵਿਚ ਜ਼ਮੀਨਾਂ ਖੁਲ•ੀਆਂ ਸਨ ਪਰ ਬੰਜ਼ਰ, ਟਿੱਬੇ ਤੇ ਕੱਲ•ਰ। ਨਿੱਕੇ ਨਿੱਕੇ ਖੂਹਾਂ ਦੇ ਸਹਾਰੇ ਜਿਹੜੇ 5-7 ਵਿਘੇ ਖੇਤੀ ਹੁੰਦੀ ਸੀ, ਕਾਫੀ ਸੀ। ਜੀਵਨ ਸਾਦਾ ਸੀ। ਨਾ ਬੱਚੇ ਪੜ•ਣ ਪੜਾਉਣ ਦਾ ਫਿਕਰ, ਨਾ ਕਿਤੇ ਦੂਰ ਨੇੜੇ ਆਉਣ ਜਾਣ ਦਾ। ਦਵਾਈ ਦਾਰੂ ਪਿੰਡੋਂ ਹਕੀਮ ਤੋਂ। ਜੇ ਇਲਾਜ ਚੱਲ ਗਿਆ, ਹਕੀਮ ਜੀ ਦੀ ਬੱਲੇ ਬੱਲੇ, ਨਹੀਂ ਤਾਂ ਵਾਹਿਗੁਰੂ ਦਾ ਭਾਣਾ..ਚੱਲ ਭਈ ਅਗਲੀ ਪੀੜ•ੀ ਤਿਆਰ।
ਸਾਡੇ ਦਾਦਿਆਂ ਦੀ ਪੀੜ•ੀ ਪੰਜਾਬ ਵਿਚ ਜ਼ਮੀਨਾਂ ਤੀਜਾ ਚੌਥਾ ਹਿੱਸਾ ਰਹਿ ਗਈਆਂ ਕਿਉਂਕਿ ਪੁੱਤ ਜੰਮਣ ਦਾ ਭੂਤ ਓਦੋਂ ਵੀ ਅੱਜ ਵਾਂਗ ਹੀ ਪੰਜਾਬੀ ਸਿਰਾਂ ‘ਤੇ ਸਵਾਰ ਸੀ। ਨਹਿਰੀ ਪਾਣੀ ਆਉਣ ਨਾਲ ਖੂਹਾਂ ਦੇ ਨਾਲ ਨਾਲ ਹੋਰ ਵੀ ਜ਼ਮੀਨ ਖੇਤੀ ਹੇਠ ਆ ਗਈ। ਜ਼ਮੀਨ ਵੰਡ ਕੇ ਥੋੜ•ੀ ਰਹਿ ਗਈ ਸੀ, ਪਰ ਫਿਰ ਵੀ ਖੇਤੀ ਅਧੀਨ ਜ਼ਮੀਨ ਹਰ ਨਿਊਕਲੀਅਰ ਪਰਿਵਾਰ ਕੋਲ ਓਨੀਂ ਕੁ ਸੀ, ਜਿੰਨੀ ਪੜਦਾਦਿਆਂ ਕੋਲ ਸੀ। ਜ਼ਿੰਦਗੀ ਹਾਲੇ ਵੀ ਸਾਦਾ ਸੀ, ਸੋ ਸਰੀ ਗਿਆ। ਅੰਗਰੇਜ਼ਾਂ ਦੇ ਬਣਾਏ ਸਕੂਲਾਂ ਵਿਚ ਕਿਤੇ ਕਿਤੇ ਕੋਈ ਪੁੱਤ 10 ਜਮਾਤਾਂ ਪੜ• ਵੀ ਗਿਆ, ਕੋਈ ਛੋਟਾ ਮੋਟਾ ਅਫਸਰ ਨਹੀਂ ਤਾਂ ਫੌਜੀ, ਮਾਸਟਰ ਹੀ ਸਹੀ।
ਸਾਡੇ ਪਿਓਆਂ ਦੀ ਪੀੜ•ੀ ਹੈ, ਜਿਸ ਨੂੰ ਅਸੀਂ ਆਪਣੀ ਸੰਭਾਲ ਦਾ ਪੰਜਾਬ ਸਮਝਦੇ ਹਾਂ ਤੇ ਆਪਣੇ ਚੇਤਿਆਂ ਵਿਚ ਵਸਾਈ ਫਿਰਦੇ ਹਾਂ। ਜਿਵੇਂ ਉਪਰ ਕਿਹਾ, ਥੋੜ•ਾ ਬਹੁਤ ਪੜ• ਕੇ ਨੌਕਰੀ ਰੁਜ਼ਗਾਰ ਮਿਲ ਜਾਂਦਾ ਸੀ। ਨਾਲ ਦੀ ਨਾਲ ਹਰੀ ਕਰਾਂਤੀ ਆਈ ਤਾਂ ਪੈਦਾਵਾਰ 3-4 ਗੁਣਾ ਵਧ ਗਈ। ਕਲ•ਰ ਬੰਜਰ ਸਭ ਉਪਜਾਊ ਹੋ ਗਏ। ਇਹ ਉਹ ਪੀੜ•ੀ ਸੀ, ਜਿਸ ਦੇ ਵੇਲੇ ਵੈਕਸੀਨਜ਼ ਤੇ ਹੋਰ ਜਾਨ ਬਚਾਊ ਦਵਾਈਆਂ ਆਮ ਹੋ ਗਈਆਂ ਸਨ, ਇਸ ਲਈ ਇਸ ਪੀੜ•ੀ ਵਿਚ ਪਰਿਵਾਰ ਵੀ ਬਹੁਤ ਵੱਡੇ ਹੋ ਗਏ ਸਨ। ਬੱਚੇ/ਜੱਚੇ ਦੀ ਜਾਨ ਪਹਿਲਾਂ ਨਾਲੋਂ ਕਿਤੇ ਸੁਰੱਖਿਅਤ ਹੋ ਗਈ ਸੀ। 7-8 ਬੱਚੇ ਆਮ ਹਨ, ਇਸ ਪੀੜ•ੀ ਵਿਚ। ਮੇਰੇ ਰਿਸ਼ਤੇਦਾਰ ਪਰਿਵਾਰਾਂ ਦੀ ਇਸ ਪੀੜ•ੀ ਵਿਚ ਸਭ 7-8 ਭੈਣ ਭਰਾ ਹਨ। ਇਹ ਵਰਤਾਰਾ ਆਮ ਵੇਖਿਆ ਜਾ ਸਕਦਾ ਹੈ। ਸੋ ਥੋੜ•ੇ ਪੜਿ•ਆਂ ਨੂੰ ਵੀ ਗੁਜ਼ਾਰੇ ਜੋਗਾ ਰੁਜ਼ਗਾਰ, ਹਰੀ ਕਰਾਂਤੀ, ਜਿਪਸਮ, ਖਾਦਾਂ, ਵੈਕਸੀਨਜ਼….ਬੇਸ਼ੱਕ ਜ਼ਮੀਨ ਵੰਡ ਦੇ ਬਹੁਤ ਘੱਟ ਰਹਿ ਗਈ ਸੀ, ਫਿਰ ਵੀ ਆਰਥਿਕ ਪੱਖੋਂ ਇਹ ਪੀੜ•ੀ ਚੰਗੀ ਰਹੀ। ਬਹੁਤ ਸਾਰਿਆਂ ਨੇ ਬੱਚੇ ਵੀ ਪੜ•ਾਏ। ਪੰਜਾਬ ਦੇ ਕਿਸਾਨ ਦੀ ਚੜ•ਤ ਦੇ ਦਿਨ ਸਨ ਇਹ…ਭਵਿੱਖ ਵਿੱਚ ਵੀ ਇਓਂ ਹੀ ਰਹੇ, ਦੀ ਆਸ ਸੀ।
ਅੱਗੇ ਆਈ ਸਾਡੀ ਪੀੜ•ੀ…ਜਿਹੜਾ ਪੜ• ਜਾਂਦਾ ਸੀ ਕਾਲਜ ਤੱਕ, ਰਿੜ• ਖੁੜ• ਕੇ ਕੋਈ ਨਾ ਕੋਈ ਨੌਕਰੀ ਮਿਲ ਜਾਂਦੀ ਸੀ। ਰਿਸ਼ਵਤ ਨਾਲ, ਸਿਫਾਰਸ਼ ਨਾਲ, ਜਾਂ ਯੋਗਤਾ ਨਾਲ। 90% ਆਖਰ ਸੈੱਟ ਹੋ ਹੀ ਗਏ ਸਨ। ਪਰ ਜ਼ਮੀਨ ਪੱਖੋਂ ਇਸ ਪੀੜ•ੀ ਦੇ 80% ਕਿਸਾਨੀ ਪਰਿਵਾਰਾਂ ਕੋਲ 4 ਤੋਂ 8-10 ਏਕੜ ਜ਼ਮੀਨ ਰਹਿ ਗਈ ਸੀ। ਇਸ ਵਿੱਚ ਵੀ 4-5 ਏਕੜਾਂ ਵਾਲਿਆਂ ਦੀ ਬਹੁ ਗਿਣਤੀ ਹੈ। ਏਨੀ ਜ਼ਮੀਨ ਨਾਲ ਪੜਦਾਦਿਆਂ ਦੀ ਪੀੜ•ੀ ਵਾਲੀ ਜ਼ਿੰਦਗੀ ਤਾਂ ਜੀਵੀ ਜਾ ਸਕਦੀ ਸੀ ਪਰ ਮਾਡਰਨਿਜ਼ਮ ਤੇ ਸੰਸਾਰੀਕਰਨ ਦੀ ਲਹਿਰ ਨੇ 21ਵੀਂ ਸਦੀ ਦੇ ਵਿਕਸਤ ਦੇਸ਼ਾਂ ਦਾ ਲਿਬਾਸ, ਰਹਿਣ ਸਹਿਣ, ਸੰਦ ਯੰਤਰ, ਖਾਣਾ ਪੀਣਾ ਕੁਝ ਸਾਲਾਂ ਦੇ ਸਮੇਂ ਦੌਰਾਨ ਹੀ ਸਾਡੀਆਂ ਬਰੂਹਾਂ ‘ਤੇ ਲਿਆ ਖੜ•ਾਇਆ ਹੈ। ਅਗਲੀ ਪੀੜ•ੀ ਲਈ ਜ਼ਮੀਨੀ ਆਰਥਿਕ ਵਸੀਲੇ ਹੋਰ ਸੁੰਗੜ ਗਏ ਹਨ। ਹੁਣ ਜਵਾਨ ਹੋ ਰਹੀ 80% ਤੋਂ ਵਧੇਰੇ ਪੀੜ•ੀ ਕੋਲ 1-3 ਏਕੜਾਂ ਤੋਂ ਵੱਧ ਜ਼ਮੀਨ ਨਹੀਂ ਰਹੀ। ਖਰਚੇ ਅਸਮਾਨ ਨੂੰ ਛੂਹ ਰਹੇ ਹਨ। ਜਿਦੋ ਜਿਦੀ ਵਿਆਹਾਂ ਤੇ ਹੋਰ ਰਸਮਾਂ ‘ਤੇ ਬੇਹੁੱਦਾ ਖਰਚ ਕਰਨ ਲੱਗ ਪਏ ਹਾਂ। ਜਿਨ•ਾਂ ਘਰਾਂ ਵਿਚ ਪਿਛਲੀ ਪੀੜ•ੀ ਟੀਵੀ ਵੀ ਨਹੀਂ ਸੀ, ਓਸੇ ਜ਼ਮੀਨ ਦੀ ਕਮਾਈ ‘ਤੇ ਨਿਰਭਰ ਹੁਣ ਬੱਚੇ ਕਈ ਕਈ ਕੀਮਤੀ ਫੋਨ ਲਈ ਫਿਰ ਰਹੇ ਹਨ/ਜਾਂ ਚਾਹੁੰਦੇ ਹਨ। ਕਾਰ ਤੋਂ ਬਿਨਾਂ ਕੋਈ ਪੈਰ ਥੱਲੇ ਨਹੀਂ ਲਾਉਂਦਾ। ਸਾਧਾਰਨ ਪੇਂਡੂ ਲੋਕਾਂ ਨੂੰ ਜੰਗਲ-ਪਾਣੀ ਜਾਣ ਲਈ ਵੀ ਮੋਟਰ ਸਾਈਕਲ ਬਿਨਾਂ ਸਰਦਾ ਨਹੀਂ। ਬੇਸ਼ੱਕ ਇਸ ਵਿਚ ਸੰਸਾਰੀਕਰਨ ਤੇ ਸਾਡੇ ਆਪਣੇ ਵਿਗੜ ਰਹੇ ਸਭਿਆਚਾਰਕ ਵਤੀਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਰਕਾਰਾਂ ਵਲੋਂ ਵੀ ਰੁਜ਼ਗਾਰ ਦੇ ਚੰਗੇ ਵਸੀਲੇ ਨਾ ਵਿਕਸਤ ਕਰਨਾ ਵੀ ਇਸ ਵਿਚ ਸ਼ਾਮਲ ਹੈ, ਪਰ ਜੋ ਸਥਿਤੀ ਸਾਡੇ ਸਾਹਮਣੇ ਹੈ, ਉਹ ਹੈ। ਇਸ ਦੇ ਕਾਰਨਾਂ ਬਾਰੇ ਥੋੜ•ਾ ਬਹੁਤ ਵਿਚਾਰਥਾਰਕ ਵਖਰੇਵਾਂ ਹੋ ਸਕਦਾ ਹੈ, ਪਰ ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਸਥਿਤੀ ਹੈ ਤੇ ਇਸ ਵਿਚੋਂ ਨਿਕਲਣ ਦਾ ਕੋਈ ਸੰਜੀਦਾ ਉਪਰਾਲਾ ਨਹੀਂ ਹੋ ਰਿਹਾ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਵਾਨ ਹੋ ਰਹੀ ਪੀੜ•ੀ, ਇਨ•ਾਂ ਇੱਕਾ ਦੁੱਕਾ ਕਿੱਲਿਆਂ ਤੇ ਆਪਣੇ ਬਹੁਤ ਵੱਡੇ ਹੋਣ ਦੇ ਹਵਾਈ ਕਿਲ•ੇ ਉਸਾਰਨਾ ਜਾਰੀ ਰੱਖੇ ਕਿ ਕੋਈ ਹੋਰ ਰਾਹ ਅਪਣਾਏ? ਮੇਰੀ ਨਜ਼ਰੇ ਦੁਨੀਆ ਦਾ ਕੋਈ ਵੀ ਅਜਿਹਾ ਖਿੱਤਾ ਨਹੀਂ ਹੈ ਜਿਥੇ 2-3 ਕਿੱਲਿਆਂ ਦੀ ਖੇਤੀ ਕਰਕੇ ਕਾਰਾਂ ਰੱਖੀਆਂ ਜਾ ਸਕਦੀਆਂ ਹੋਣ, ਨਵੇਂ ਤੋਂ ਨਵੇਂ ਫੋਨ, ਕੱਪੜੇ, ਖਾਣਾ, ਵਿਆਹਾਂ ਤੇ 20-20 ਲੱਖ ਰੁਪਈਆ ਖਰਚਿਆ ਜਾ ਸਕਦਾ ਹੋਵੇ। ਪੰਜਾਬ ਦੀ ਅਗਲੀ ਪੀੜ•ੀ ਨੂੰ ਅਸੀਂ ਅਜਿਹਾ ਕਰਨਾ ਹੀ ਸਿਖਾਇਆ ਹੈ ਜਾਂ ਕਰਨ ਲਈ ਕਹਿ ਰਹੇ ਹਾਂ। ਇਹ ਸੰਭਵ ਨਹੀਂ ਹੈ। ਇਸ ਊਠ ਉੱਤੇ ਆਖਰੀ ਤਿੱਣਕਾ ਲੱਦਿਆ ਜਾ ਚੁੱਕਾ ਹੈ ਜਿਸ ਨੇ ਇਸ ”ਗੌਰਵਮਈ” ਊਠ ਦੀ ਰੀੜ• ਦੀ ਹੱਡੀ ਤੋੜ ਦੇਣੀ ਹੈ। ਪੰਜਾਬ ਲਈ ਸੁਹਿਰਦ ਦੋਸਤੋ ਇਸ ਗੱਲ ‘ਤੇ ਗੌਰ ਕਰੋ। ਜਿਹੜਾ ਮੈਨੂੰ 2 ਕਿੱਲਿਆਂ ‘ਤੇ ਖੇਤੀ ਕਰਕੇ ਜ਼ਿੰਦਗੀ ਬਸਰ ਕਰਨ ਦੀ ਸਲਾਹ ਦਿੰਦਾ ਹੈ, ਉਹ ਮੇਰਾ ਮਿੱਤਰ ਨਹੀਂ ਹੋ ਸਕਦਾ। ਫਿਰ ਪੰਜਾਬ ਦੇ ਸਭ ਸਿਆਸੀ ਧੜੇ ਜੋ ਪੰਜਾਬ ਦੀ ਨੌਜਵਾਨੀ ਨੂੰ 2 ਕਿੱਲਿਆਂ ਦੇ ਗਲ ਲੱਗੇ ਰਹਿਣ ਲਈ ਕਹਿ ਰਹੇ ਨੇ, ਇਨ•ਾਂ ਨੂੰ ਸਵਾਲ ਪੁੱਛੋ ਕਿ ਇਹ ਕਿਵੇਂ ਸੰਭਵ ਹੈ? ਮੇਰੀ ਜਾਚੇ ਕੋਈ ਸਰਕਾਰ, ਸਾਇੰਸ, ਕੋਈ ਸਿਆਸੀ ਪਾਰਟੀ ਚਾਹੇ ਕਿੰਨੀ ਇਮਾਨਦਾਰ ਹੋਏ, 2 ਕਿੱਲਿਆਂ ‘ਤੇ ਤੁਹਾਨੂੰ ਵਿਕਸਤ ਦੇਸ਼ਾਂ ਵਾਲਾ ਜੀਵਨ ਨਹੀਂ ਦੇ ਸਕਦੀ। ਏਨੇ ਵਸੀਲਿਆਂ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਵਿਦਿਆ ਦੇਣ ਦੀ ਤਾਂ ਕੀ ਸੋਚਣਾ, ਸਾਦਾ ਰਹਿਣ ਸਹਿਣ ਵੀ ਨਹੀਂ ਜੀ ਸਕਦੇ।
ਫਿਰ ਇਸ ਦਾ ਹੱਲ ਕੀ ਹੋਏ?
ਸਾਊਦੀ ਅਰਬ ਪਿਛਲੇ 100 ਸਾਲ ਤੋਂ ਆਪਣੀ ਜ਼ਮੀਨ ‘ਚੋਂ ਤੇਲ ਕੱਢ ਕੇ ਐਸ਼ ਦੀ ਜ਼ਿੰਦਗੀ ਜੀ ਰਿਹਾ ਹੈ। ਹਰ ਬਸ਼ਿੰਦਾ ਚਾਹੇ ਕੰਮ ਕਰਦਾ ਹੈ ਜਾਂ ਨਹੀਂ, ਤੇਲ ਤੋਂ ਮਿਲਦੀ ਆਮਦਨ ਕਰਕੇ ਅੱਜ ਦੇ ਜੀਵਨ ਦੀ ਹਰ ਸਹੂਲਤ ਭੋਗ ਰਿਹਾ ਹੈ। ਪਰ ਇਹ ਵੀ ਬਹੁਤ ਲੰਮੇ ਸਮੇਂ ਤੱਕ ਸੰਭਵ ਨਹੀਂ ਹੈ। ਸੋਲਰ, ਹਵਾਈ ਤੇ ਹੋਰ ਗਰੀਨ ਐਨਰਜ਼ੀ ਦੇ ਸੋਮੇ ਵਿਕਸਤ ਹੋਣ ਨਾਲ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਅਗਲੇ 20-30 ਸਾਲਾਂ ਤੱਕ ਜੇ ਇਹ ਸਿਰਫ ਤੇਲ ‘ਤੇ ਹੀ ਨਿਰਭਰ ਰਹੇ ਤਾਂ ਸਾਊਦੀ ਅਰਬ ਦੇ ਭਾਂਡੇ ਵਿੱਕਣ ਵਾਲੇ ਹੋ ਜਾਣੇ ਨੇ। ਉਨ•ਾਂ ਨੇ ਭਵਿੱਖ ਵਿੱਚ ਆਉਣ ਵਾਲੇ ਇਸ ਝਟਕੇ ਨਾਲ ਦੋ ਹੱਥ ਕਰਨੇ ਸ਼ੁਰੂ ਵੀ ਕਰ ਦਿੱਤੇ ਹਨ। ਸਾਊਦੀ ਅਰਬ ਨੇ ਕਈ ਸੌ ਬਿਲੀਅਨ ਡਾਲਰਾਂ ਦੇ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ ਜੋ ਭਵਿੱਖ ਵਿਚ ਤੇਲ-ਰਹਿਤ ਆਰਥਿਕਤਾ ਦਾ ਆਧਾਰ ਬਣ ਸਕਣ।
ਇਸ ਮਿਸਾਲ ਦਾ ਮਤਲਬ ਇਹ ਹੈ ਕਿ ਪੰਜਾਬ ਦੇ 80% ਕਿਸਾਨ, ਜਿਨ•ਾਂ ਦੀ ਖੇਤੀ ਕੁਝ ਇੱਕ ਏਕੜ ਹੀ ਰਹਿ ਗਈ ਹੈ, ਦੀ ਅਗਲੀ ਪੀੜ•ੀ ਲਈ ਰੁਜ਼ਗਾਰ ਪੈਦਾ ਕਰਨ ਲਈ ਸਰਕਾਰ ਵਲੋਂ ਵੱਡੇ ਪ੍ਰੋਜੈਕਟ ਤਿਆਰ ਕਰਨ ਦੀ ਲੋੜ ਹੈ। ਇਹ ਕੰਮ ਮੁਫਤ ਬਿਜਲੀ ਤੇ ਆਟੇ ਨਾਲ ਸੰਵਰਨ ਵਾਲਾ ਨਹੀਂ। ਨਾ ਹੀ ਇਮਾਨਦਾਰ ਪਾਰਟੀ ਲਿਆ ਕੇ ਸੂਬੇ ਵਿਚੋਂ ਰਿਸ਼ਵਤ ਖਤਮ ਕਰਨ ਨਾਲ ਇਸ ਦਾ ਹੱਲ ਨਿਕਲਣਾ ਹੈ।
ਇਸ ਦੇ ਨਾਲ ਹੀ ਇਸ ਛੋਟੀ ਕਿਸਾਨੀ ਨੂੰ ਆਪਣੀ ਮਾਨਸਤਿਕਤਾ ਬਦਲਣ ਦੀ ਸਖਤ ਜ਼ਰੂਰਤ ਹੈ। ਪਹਿਲਾਂ ਤਾਂ ਆਪਣੇ ਬਹੁਤ ਵੱਡੇ ਹੋਣ ਦਾ ਭਰਮ ਮਨ ਵਿਚੋਂ ਕੱਢੋ। 2-3 ਕਿੱਲਿਆਂ ਵਾਲੇ ਕਿਸੇ ਤਰ•ਾਂ ਵੀ ਦਿਹਾੜੀਦਾਰ ਮਜ਼ਦੂਰ ਤੋਂ ਆਰਥਿਕ ਤੌਰ ‘ਤੇ ਚੰਗੇ ਨਹੀਂ ਹੋ ਸਕਦੇ। ਆਪਣੀ ਅਗਲੀ ਪੀੜ•ੀ ਨੂੰ ਇਨ•ਾਂ ਕਿੱਲਿਆਂ ਦੇ ਪੱਲੇ ਬੰਨ•ਣ ਨਾਲੋਂ, ਇਸ ਪੂੰਜੀ ਨੂੰ ਵਰਤ ਕੇ ਇਨ•ਾਂ ਲਈ ਵਿਦਿਆ ਜਾਂ ਕੋਈ ਹੋਰ ਰੁਜ਼ਗਾਰ ਪੈਦਾ ਕਰੋ। ਮਿਹਨਤ ਵਾਲਾ ਕੰਮ ਕੋਈ ਵੀ ਬੁਰਾ ਨਹੀਂ ਹੁੰਦਾ। ਕਿਸਾਨ ਆਪਣੀ ਜ਼ਮੀਨ ‘ਤੇ ਆਪਣੇ ਹੱਥਾਂ ਨਾਲ ਜੋ ਕੰਮ ਕਰਦਾ ਹੈ, ਉਹ ਕਿਸੇ ਤਰ•ਾਂ ਵੀ ਹੋਰ ਕਿਰਤੀ ਕਿੱਤਿਆਂ ਤੋਂ ਸਾਫ ਸੁਥਰੇ ਜਾਂ ਚੰਗੇ ਨਹੀਂ ਕਹੇ ਜਾ ਸਕਦੇ। ਕੋਈ ਹੋਰ ਕੰਮ ਸਿੱਖੋ। ਕੋਈ ਹੋਰ ਕਲਾ ਵਿਕਸਤ ਕਰੋ।
ਸਿਆਸੀ ਪਾਰਟੀਆਂ ਨੇ ਤੁਹਾਨੂੰ ਇਹ ਸਲਾਹ ਨਹੀਂ ਦੇਣੀ। ਉਸ ਦੇ ਬਹੁਤ ਢੁੱਕਵੇਂ ਕਾਰਨ ਹਨ। ਪੰਜਾਬ ਦੀ ਕਿਸਾਨੀ ਪੰਜਾਬ ਦੀ ਸਿਆਸਤ ਦੀ ਉਹ ਖਿੱਦੋ ਹੈ ਜਿਸ ਦੇ ਸਾਈਜ਼, ਭਾਰ, ਸੁਭਾਅ ਦਾ ਸਾਡੀਆਂ ਸਿਆਸੀ ਪਾਰਟੀਆਂ ਨੂੰ ਚੰਗੀ ਤਰ•ਾਂ ਪਤਾ ਹੈ। ਉਨ•ਾਂ ਨੂੰ ਪਤਾ ਹੈ ਕਿ ਖੇਤੀ ਨਾਲ ਜੁੜੇ ਲੋਕਾਂ ਨੂੰ ਕਿਵੇਂ ਆਪਣੀਆਂ ਸਿਆਸੀ ਸਮੀਕਰਣਾਂ ਵਿੱਚ ਫਿੱਟ ਕਰਨਾ ਹੈ। ਉਹ ਕਦੇ ਨਹੀਂ ਚਾਹੁੰਦੇ ਕਿ ਇਹ ਖਿੱਦੋ ਕੋਈ ਹੋਰ ਰੂਪ ਧਾਰਨ ਕਰੇ ਜਿਸ ਬਾਰੇ ਪਾਰਟੀਆਂ ਦਾ ਕੋਈ ਤਜ਼ਰਬਾ ਨਹੀਂ ਕਿ ਇਨ•ਾਂ ਨੂੰ ਕਿਵੇਂ ਵਰਤਣਾ ਹੈ। ਪਰ ਹੁਣ ਉਹ ਸਮਾਂ ਆ ਗਿਆ ਹੈ ਕਿ ਆਪਾਂ ਜੋ ਮਰਜ਼ੀ ਚਾਹੀਏ, ਇਹ ਖਿੱਦੋ ਖਿਲਰਣ ਵਾਲੀ ਹੈ। ਪੰਜਾਬ ਦੀ ਵੱਡੀ ਗਿਣਤੀ ਵਸੋਂ ਜਦ ਰੁਜ਼ਗਾਰ ਬਦਲੇਗੀ, ਆਪਣੀ ਜੀਵਨ ਜਾਂਚ ਬਦਲੇਗੀ ਤਾਂ ਇਸ ਦੇ ਬਹੁਤ ਗੰਭੀਰ ਸਿਆਸੀ ਨਤੀਜੇ ਨਿਕਲਣਗੇ।

ਜਗਜੀਤ ਨੌਸ਼ਹਿਰਵੀ
ਈ-ਮੇਲ : jagjit_naushehrvi0yahoo.com

Leave a Reply

Your email address will not be published. Required fields are marked *