ਜ਼ਿੰਦਗੀ ਦਾ ਸ਼ਾਇਰ ਉਸਤਾਦ ਦਾਮਨ

ਉਸਤਾਦ ਦਾਮਨ ਦੀ ਕੇਵਲ ਰਚਨਾ ਹੀ ਮਹੱਤਵਪੂਰਨ ਨਹੀਂ ਹੈ, ਬਲਕਿ ਉਨ੍ਹਾਂ ਦੀ ਸ਼ਖਸੀਅਤ ਵੀ ਪ੍ਰੇਰਨਾਮਈ ਹੈ, ਜੋ ਜ਼ਿੰਦਗੀ ਨੂੰ ਪਿਆਰ ਕਰਨਾ ਸਿਖਾਉਂਦੀ ਹੈ। ਦਰਜ਼ੀ ਪਿਓ ਅਤੇ ਧੋਬੀ ਮਾਂ ਦਾ ਪੁੱਤਰ ਬਚਪਨ ਵਿਚ ਜਿਨ੍ਹਾਂ ਤੰਗੀਆਂ ਤੁਰਸ਼ੀਆਂ ਵਿਚੋਂ ਲੰਘ ਕੇ ਸੰਘਰਸ਼ਸ਼ੀਲ ਜੀਵਨ ਜਿਉਂਦਾ ਲੋਕ ਕਵੀ ਬਣਿਆ, ਇਹ ਮਿਸਾਲ ਹੈ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਉਨ੍ਹਾਂ ਵਿਅਕਤੀਆਂ ਦਾ ਕੁੱਝ ਨਹੀਂ ਵਿਗਾੜ ਸਕਦੀਆਂ, ਜੋ ਆਪਣੇ ਮੱਥੇ ਦਾ ਦੀਵਾ ਬਾਲ ਲੈਂਦੇ ਹਨ। ਜੀਵਨ ਦਾ ਲੰਮਾ ਸਮਾਂ ਉਨ੍ਹਾਂ ਨੇ ਇਕ ਤੰਗ ਕਮਰੇ (ਹੁਜਰੇ) ਵਿਚ ਬਿਤਾਇਆ ਜਿਸ ਵਿਚ ਸਿਰ ਨਾਲ ਛੱਤ ਲਗਦੀ ਸੀ, ਪਰ ਇਥੇ ਰਹਿੰਦਿਆਂ ਉਹ ਉਦਾਸ ਹੋਣ ਦੀ ਥਾਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਸਨ। ਉਨ੍ਹਾਂ ਨੇ ਆਪਣਾ ਸਾਰਾ ਸਮਾਂ ਕਿਤਾਬਾਂ ਨੂੰ ਸਮਰਪਤ ਕੀਤਾ ਹੋਇਆ ਸੀ। ਉਨ੍ਹਾਂ ਦਾ ਇਹ ਹੁਜਰਾ ਵੀ ਕਿਤਾਬਾਂ ਨਾਲ ਭਰਿਆ ਹੁੰਦਾ ਸੀ ਤੇ ਉਨ੍ਹਾਂ ਦੇ ਜਾਣਕਾਰਾਂ ਅਨੁਸਾਰ ਉਨ੍ਹਾਂ ਦੀ ਸੌਣ ਵਾਲੀ ਮੰਜੀ ਵੀ ਕਿਤਾਬਾਂ ਨਾਲ ਲੱਦੀ ਹੁੰਦੀ ਸੀ। ਉਨ੍ਹਾਂ ਨੇ ਆਪਣਾ ਕਲਾਮ ਪੰਜਾਬੀ ਵਿਚ ਰਚਿਆ। ਵੰਡ ਤੋਂ ਬਾਅਦ ਉਨ੍ਹਾਂ ਦੇ ਟਿਕਾਣੇ ਲਾਹੌਰ ਦੇ ਪਾਕਿਸਤਾਨ ਵਿਚ ਜਾਣ ਤੋਂ ਬਾਅਦ ਉੱਥੇ ਉਰਦੂ ਭਾਸ਼ਾ ਨੂੰ ਪ੍ਰਚਾਰਿਆ ਗਿਆ, ਪਰ ਉਨ੍ਹਾਂ ਨੇ ਉਰਦੂ ਦਾ ਪ੍ਰਭਾਵ ਨਾ ਲੈ ਕੇ ਨਾ ਕੇਵਲ ਪੰਜਾਬੀ ਭਾਸ਼ਾ ਵਿਚ ਰਚਨਾ ਕੀਤੀ ਬਲਕਿ ਆਪਣੀਆਂ ਰਚਨਾਵਾਂ ਵਿਚ ਪੰਜਾਬੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਵੀ ਕੀਤਾ।
ਡਾ. ਅੰਮ੍ਰਿਤਪਾਲ ਕੌਰ, ਪੰਜਾਬੀ ਯੂਨੀਵਰਸਟੀ ਪਟਿਆਲਾ
ਉਸਤਾਦ ਦਾਮਨ ਦੀਆਂ ਚੋਣਵੀਆਂ ਕਵਿਤਾਵਾਂ
ਪੰਜਾਬੀ ਰੂਪ : ਹਰਭਜਨ ਸਿੰਘ ਹੁੰਦਲ
ਮੈਨੂੰ ਪਾਗਲਪਨ ਦਰਕਾਰ
ਮੈਨੂੰ ਪਾਗਲਪਨ ਦਰਕਾਰ
ਲੱਖਾਂ ਭੇਸ ਵਟਾ ਕੇ ਵੇਖੇ। ਆਸਣ ਕਿਤੇ ਜਮਾ ਕੇ ਵੇਖੇ,
ਮੱਥੇ ਮਿਲਕ ਲਗਾ ਕੇ ਵੇਖੇ ਕਿਧਰੇ ਮੌਨ ਮੁਨਾ ਕੇ ਵੇਖੇ।
ਉਹੀ ਰਸਤੇ, ਉਹੀ ਪੈਂਡੇ, ਉਹੋ ਹੀ ਹਾਂ ਮੈਂ ਚੱਲਣ ਹਾਰ
ਮੈਨੂੰ ਪਾਗਲਪਨ ਦਰਕਾਰ
ਹੱਥ ਕਿਸੇ ਦੇ ਆਉਣਾ ਕੀ ਏ, ਮੁੱਲਾਂ ਨੇ ਜਤਲਾਉਣਾ ਕੀ ਏ
ਪੰਡਤ ਪੱਲੇ ਪਾਉਣਾ ਕੀ ਏ, ਰਾਤ ਦਿਨੇ ਬੱਸ ਗੱਲਾਂ ਕਰ-ਕਰ
ਕੁਝ ਨਹੀਂ ਬਣਦਾ ਆਖਰਕਾਰ, ਮੈਨੂੰ ਪਾਗਲਪਨ ਦਰਕਾਰ।
ਮੈਂ ਨਹੀਂ ਸਿਖਿਆ ਇਲਮ ਰਿਆਜ਼ੀ। ਨਾ ਮੈਂ ਪੰਡਤ, ਨਾ ਮੁੱਲਾਂ ਕਾਜ਼ੀ
ਨਾ ਮੈਂ ਦਾਨੀ, ਨਾ ਫਆਜ਼ੀ। ਨਾ ਮੈਂ ਝਗੜੇ ਕਰ ਕਰ ਰਾਜ਼ੀ,
ਨਾ ਮੈਂ ਮੁਨਸ਼ੀ, ਆਲਮ ਫ਼ਾਜ਼ਲ, ਨਾ ਮੈਂ ਹਿੰਦੂ ਤੇ ਨਾ ਹੁਸ਼ਿਆਰ
ਮੈਨੂੰ ਪਾਗਲਪਨ ਦਰਕਾਰ।
ਮੈਂ ਨੀਂ ਖਾਂਦਾ ਡੱਕੇ ਡੋਲੇ, ਹੱਥ ਜੀਵਨ ਨੂੰ ਲਾ ਹਚਕੋਲੇ
ਐਵੇਂ ਲੱਭਦਾ ਫਿਰਾਂ ਵਿਚੋਲੇ, ਕੋਈ ਬੋਲੇ ਤੇ ਕੋਈ ਨਾ ਬੋਲੇ
ਮਿਲੇ ਗਿਲੇ ਦਾ ਆਦਰ ਕਰ ਕੇ, ਕਰਨਾ ਆਪਣਾ ਆਪ ਸੁਧਾਰ
ਮੈਨੂੰ ਪਾਗਲਪਨ ਦਰਕਾਰ।
ਸਭ ਦਿਸਦੇ ਦੇ ਵੰਨ-ਸੁਵੰਨੇ। ਕੋਲ ਜਾਉ ਤਾਂ ਖਾਲੀ ਛੰਨੇ
ਦਿਲ ਨਾ ਮੰਨੇ ਤੇ ਕੀ ਮੰਨੇ, ਐਵੇਂ ਮਨ-ਮਨੌਤੀ ਕਾਹਦੀ
ਗੱਲ ਨਾ ਹੁੰਦੀ ਹੰਨੇ-ਬੰਨੇ। ਅੰਦਰ ਖੋਟ ਤੇ ਬਾਹਰ ਸਚਿਆਰ
ਮੈਨੂੰ ਪਾਗਲਪਨ ਦਰਕਾਰ।
ਇਹ ਦੁਨੀਆ ਕੀ ਰੌਲਾ ਗੌਲਾ, ਕੋਈ ਕਹਿੰਦਾ ਏ ਮੌਲਾ ਮੌਲਾ
ਕੋਈ ਕਰਦਾ ਏ ਟਾਲ ਮਟੋਲਾ। ਕੋਈ ਪਾਉਂਦਾ ਏ ਚਾਲ ਮਚੌਲਾ।
ਮੈਨੂੰ ਕੁਝ ਪਤਾ ਨਹੀਂ ਚੱਲਦਾ, ਕੀ ਹੁੰਦਾ ਏ ਵਿਚ ਸੰਸਾਰ
ਮੈਨੂੰ ਪਾਗਲਪਨ ਦਰਕਾਰ।
ਵਲੀ ਪੀਰ ਮੈਂ ਪਗੜ ਪਗੜ ਕੇ, ਗਿੱਟੇ ਗੋਡੇ ਰਗੜ ਰਗੜ ਕੇ
ਦਿਲ ਨੂੰ ਹੁਣ ਤੇ ਜਕੜ ਜਕੜ ਕੇ,
ਐਵੇਂ ਝਗੜੇ ਝਗੜ-ਝਗੜ ਕੇ, ਛੱਡ ਦਿੱਤੇ ਨੇ ਝਗੜੇ ਝਾਂਜੇ,
ਲੰਮੇ ਚੌੜੇ ਖਿਲ ਖਿਲਾਰ
ਮੈਨੂੰ ਪਾਗਲਪਨ ਦਰਕਾਰ।
ਰੋਏ ਅਸੀਂ ਵੀ ਆਂ
ਭਾਵੇਂ ਮੂੰਹੋਂ ਨਾ ਕਹੀਏ, ਪਰ ਵਿੱਚੋਂ ਵਿੱਚੀਂ
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜੀਊਂਦੀ ਜਾਨ ਈ ਮੌਤ ਦੇ ਮੂੰਹ ਅੰਦਰ
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਜਾਗੇ, ਸਿੱਖ, ਹਿੰਦੂ, ਮੁਸਲਮਾਨ ਜਾਗੇ
ਹਿੰਦੋਸਤਾਨੀਓ ਜਾਗੋ ਤੇ ਜਾਗ ਲਾਓ
ਐਸੀ ਜਾਗ ਕਿ ਮਨ ਦਾ ਮਾਣ ਜਾਗੇ।
ਟੁੱਟ ਜਾਏ ਜ਼ੰਜੀਰ ਗੁਲਾਮੀਆਂ ਦੀ
ਜੇ ਆਜ਼ਾਦੀਆਂ ਦੇ ਕਦਰਦਾਨ ਜਾਗੇ।
ਏਹੋ ਵੇਲਾ ਹੈ ਅਸਾਂ ਦੇ ਜਾਗਣ ਦਾ
ਜਾਗੇ ਸਿੱਖ, ਹਿੰਦੂ, ਮੁਸਲਮਾਨ ਜਾਵੇ।
ਜਾਗੇ ਅਸੀਂ ਤਾਂ ਅਸਾਂ ਦੀ ਆਨ ਜਾਗੇ।
ਜਾਗੇ ਆਬਰੂ ਧਰਮ ਈਮਾਨ ਜਾਗੇ।
ਇੱਕ ਜਾਨ ਹੋ ਜਾਓ ਜੇ ਜਾਨ ਮੇਰੀ
ਨਾਹਰਾ ਜਾਨ ਫੁਰਮਾਨ ਵੀ ਜਾਨ ਜਾਗੇ।
ਹਿੰਦੋਸਤਾਨ ਕੀ ਸਾਰਾ ਜਹਾਨ ‘ਦਾਮਨ’,
ਜੇ ਸਲੂਕ ਕਰ ਲੋ ਇਕਸੇ ਆਨ ਜਾਗੋ।
ਰਲ ਮਿਲ ਕੇ ਤੇ ਐਸੀ ਬਾਤ ਕਰੀਏ
ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ
ਏਸ ਵਤਨ ਪਿਆਰੇ ਦੇ ਨਾਮ ਉੱਤੋਂ।
ਸਾਗਰ ਆਬੇ-ਹੱਯਾਤ ਦਾ ਸਮਾਂ ਲਈਏ
ਰਾਜ ਮਿਲੇ ਜੇ ਮੌਤ ਦੇ ਜਾਮ ਉੱਤੋਂ।
ਉੱਤੋਂ ਦੇਸ਼ ਦੇ ਇੰਝ ਕੁਰਬਾਨ ਹੋਈਏ
ਰਾਧਾ ਹੋਈ ਬਲਿਹਾਰ ਜਿਓ ਸ਼ਾਮ ਉੱਤੋਂ।
ਪੈਦਾ ਇਸ ਤਰ੍ਹਾਂ ਦਾ ਇਨਕਲਾਬ ਹੋਵੇ
ਨਿਕਲੇ ਫਜਰ ਜਿਉਂ ਰਾਤ ਮੁਕਾਮ ਉੱਤੋਂ।
ਰੱਖ ਨੂਰ ਆਜ਼ਾਦੀ ਦਾ ਨਿਗਾਹ ਅੰਦਰ
ਦੂਰ ਹੁਣ ਗੁਲਾਮੀ ਜ਼ੁਲਮਾਤ ਕਰੀਏ।
ਸਾਡੀ ਗੱਲ ਆਵੇ ਵਿਗੜੀ ਰਾਸ ‘ਦਾਮਨ’
ਰਲ ਮਿਲ ਕੇ ਐਸੀ ਬਾਤ ਕਰੀਏ।
ਕਰੋੜ ਹੇਠਾਂ
ਪਾਕਿਸਤਾਨ ਮਕਾਨ ਇੱਕ ਬਣ ਗਿਆ ਏ
ਵੱਸਣ ਸਾਧ ਉੱਤੇ, ਰਹਿੰਦੇ ਚੋਰ ਹੇਠਾਂ।
ਏਥੇ ਨਵਾਂ ਹਿਸਾਬ ਇਕ ਨਿਕਲਿਆ ਹੈ
ਰਹਿਣ ਸੈਂਕੜੇ ਉੱਤੇ, ਕਰੋੜ ਹੇਠਾਂ।
ਲੋਕਾਂ ਪਹਾੜਾਂ ਦੇ ਪਹਾੜ ਪਲਟਾ ਦਿੱਤੇ,
ਅਸੀਂ ਆਏ ਵਟਵਾਨੀ ਦੇ ਰੋਡ ਹੇਠਾਂ
ਲੋਕੀਂ ਚੰਨ ਉੱਤੇ ਪਹੁੰਚੇ ਜਾਪਦੇ ਨੇ
ਅਸੀਂ ਗਏ ਜ਼ਮੀਨ ‘ਚ ਤੋੜ ਹੇਠਾਂ।
ਭੱਜ ਭੱਜ ਕੇ ਤੇ ਵੱਖੀਆਂ ਚੂਰ ਹੋਈਆਂ।
ਭੋਂ ਚੌਂ ਵੇਖਿਆ ਤੇ ਖੋਤੀ ਬੋਹੜ ਹੇਠਾਂ।
ਉੱਤੋਂ ਰੌਲਾ ਪਾਈ ਜਾਓ
ਕੌਮ ਦੇ ਗੱਦਾਰੋ, ਤੇ ਪੁਕਾਰੇ ਕੁਸ਼ਕਾਰੋ ਹੁਣ
ਗਏ ਹੋਏ ਫ਼ਰੰਗੀਆਂ ਨੂੰ ਮੁੜ ਕੇ ਬੁਲਾਈ ਜਾਓ।
ਕੌਮਾਂ ਦੀਆਂ ਕੌਮਾਂ ਤੁਸਾਂ ਟੋਟੇ ਟੋਟੇ ਕੀਤੀਆਂ ਨੇ
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ।
ਖਾਈ ਜਾਓ, ਖਾਈ ਜਾਓ, ਭੇਤ ਕਹਨੇ ਖੋਹਲਣੇ ਨੇ, ਵਿੱਚੋਂ ਵਿਚ ਖਾਈ ਜਾਓ, ਉੱਤੋਂ ਰੌਲ ਪਾਈ ਜਾਓ।
ਭੁੱਖਾਂ ਕੋਲੋਂ ਤੰਗ ਆ ਕੇ, ਲੋਕਾਂ ਬਾਂਗਾਂ ਦਿੱਤੀਆਂ ਨੇ
ਕੋਰਮਾ ਪਿਲਾਓ, ਰੱਜ ਘਰਾਂ ‘ਚ ਉਡਾਈ ਜਾਓ।
ਚਾਰੇ ਪਾਸੇ ਕਬਰਾਂ ਨੇ, ਉੱਡਦੀ ਪਈ ਹੈ ਮਿੱਟੀ
ਪੱਖੀਵਾਸ ਪੈਦਾ ਕਰੋ, ਕੋਠੀਆਂ ਬਣਾਈ ਜਾਓ।
ਚਾਚੇ ਦੇ ਭਤੀਜੇ ਨੂੰ, ਭਤੀਜਾ ਦੇਵੇ ਚਾਚੇ ਤਾਈਂ
ਆਪੋ ਵਿੱਚ ਵੰਡੀ ਜਾਓ, ਆਪੋ ਵਿੱਚ ਖਾਈ ਜਾਓ।
ਅੰਨਾ ਮਾਰੇ ਅੰਨ੍ਹੀ ਨੂੰ, ਘਸੁੰਨ ਵੱਜੇ ਥੰਮੀ ਨੂੰ
ਜਿੰਨ ਅੰਨੀ ਪੈ ਸਕੇ, ਓਨੀ ਅੰਨ੍ਹੀ ਪਾਈ ਜਾਓ।
‘ਮਰੀ ਦੀਆਂ ਚੋਟੀਆਂ ਤੇ ਛੁੱਟੀਆਂ ਬਤੀਤ ਕਰ
ਗਰੀਬਾਂ ਨੂੰ ਕਸ਼ਮੀਰ ਵਾਲੀ ਸੜਕ ਉੱਤੇ ਪਾਈ ਜਾਓ
ਢਿੱਡ ਭਰੇ ਆਪਣੇ ਤੇ ਇਨ੍ਹਾਂ ਦੀ ਏ ਲੋੜ ਕਾਹਦੀ
ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ।
ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਸ਼ਾਂ ਦੇ
ਘਰੋਂ ਘਰੀਂ ਪੇਟੀਆਂ ਤੇ ਪੇਟੀਆਂ ਪੁਚਾਈ ਜਾਓ।
ਤੋਲਾ ਮਾਸਾ ਰਲ ਕੇ ਗਰੀਬਾਂ ਦੀ ਕਮਾਈ ਵਿਚੋਂ
ਕਾਰਾਂ ਉੱਤੇ ਕਾਰਾਂ ਅਮਰੀਕਾ ਤੋਂ ਮੰਗਾਈ ਜਾਓ।
ਖਾਈ ਜਾਓ, ਖਾਈ ਜਾਓ, ਭੇਤ ਕਿਹਨੇ ਖੋਲ੍ਹਣੇ ਨੇ
ਵਿਚੋਂ ਵਿਚ ਖਾਈ ਜਾਓ, ਉੱਤੋਂ ਰੌਲਾ ਪਾਈ ਜਾਓ।
ਕਵੀ
ਮੇਰੇ ਖਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ
ਖੰਡ ਖੰਡ ਨੂੰ, ਜ਼ਹਿਰ ਨੂੰ, ਜ਼ਹਿਰ ਆਖੇ।
ਜੋ ਕੁੱਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼ ਰਹਿਮ ਰਹਿਮ ਨੂੰ,
ਕਹਿਰ ਨੂੰ ਕਹਿਰ ਆਖੇ।
ਭਾਵੇਂ ਹਸਤੀ ਦੀ ਬਸਤੀ ਬਰਬਾਦ ਹੋਵੇ
ਜੰਗਲ ਜੰਗਲ ਨੂੰ, ਸ਼ਹਿਰ ਨੂੰ ਸ਼ਹਿਰ ਆਖੇ।
‘ਦਾਮਨ’ ਦੁੱਖਾਂ ਦੇ ਬਹਿਰ ‘ਚ ਜਾਏ ਡੁੱਬਦਾ
ਨਦੀ ਨਦੀ ਨੂੰ ਨਹਿਰ ਨੂੰ ਨਹਿਰ ਆਖੇ।
ਮੂੰਹ ਕਾਲਾ ਏ ਰਖਵਾਲਿਆਂ ਦਾ
ਅਸੀਂ ਓਸ ਮਕਾਨ ਦੇ ਰਹਿਣ ਵਾਲੇ
ਜਿੱਥੇ ਜ਼ੋਰ ਦਿਨ ਰਾਤ ਹੈ ਜਾਲਿਆਂ ਦਾ।
ਹੱਕਦਾਰ ਨੂੰ ਹੱਕ ਨਾ, ਮਿਲਣ ਧੱਕੇ
ਕੰਮ ਕਾਜ ਹੁੰਦਾ ਸਾਕਾਂ, ਸਾਲਿਆਂ ਦਾ।
ਖਤਰਾ ਲੁੱਟ ਦਾ ਦੇਸ਼ ‘ਚ ਹਰ ਵੇਲੇ
ਸਨਅਤਕਾਰ ਵੱਡਾ ਏਥੇ ਤਾਲਿਆਂ ਦਾ।
ਝੁੱਗੇ ਢਾਹ ਵੰਦੇ ਮਾੜੀਆਂ ਵਸਤੀਆਂ ਦੇ
ਰੁੱਖ ਬਦਲ ਦਰਿਆ ਤੇ ਨਾਲਿਆਂ ਦਾ।
ਦੁੱਧ ਪੀਣੇ ਵੀ, ਏਥੇ ਡੰਗ ਮਾਰਨ
ਕੀ ਲਾਭ ਹੈ ਸੱਪਾਂ ਦੇ ਪਾਲਿਆਂ ਦਾ।
ਵਾੜ ਖੇਤੀ ਦੀ ਖੇਤ ਨੂੰ ਖਾਣ ਲੱਗੀ
ਕਾਲਾ ਮੂੰਹ ਹੈ ਇਨ੍ਹਾਂ ਰਖਵਾਲਿਆਂ ਦਾ।
ਗੁਜ਼ਰ ਚੱਲੇ
ਹੰਝੂ ਰਾਤ ਦੇ ਤੁਪਕੇ ਤਰਲੇ ਦੇ ਨੇ
ਹੰਝੂ-ਹੰਝੂਆਂ ਦੇ ਸਿੱਟਦੇ ਗੁਜ਼ਰ ਚੱਲੇ।
ਜ਼ਿੰਦਗੀ ਦੀ ਏ ਨੈਣਾਂ ਪਿਆਰਿਆਂ ਦੀ
ਰੋਂਦੇ ਆਏ ਸਾਂ, ਪਿੱਟਦੇ ਗੁਜ਼ਰ ਚੱਲੇ।
ਖ਼ੂਨ ਜਿਗਰ ਦਾ ਤਲ ਤੇ ਰੱਖ ਕੇ ਤੇ
ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ
ਏਥੇ ਕਿਵੇਂ ਗੁਜ਼ਰੀਏ ਜ਼ਿੰਦਗੀ ਨੂੰ ਏਹੋ ਸੋਚਦੇ ਸੋਚਦੇ ਗੁਜ਼ਰ ਚੱਲੇ।