ਵਧੇਰੇ ਗਰਮ ਚੀਜ਼ ਪੀਣ ਨਾਲ ਹੋ ਸਕਦੈ ਕੈਂਸਰ

ਕੈਂਸਰ ‘ਤੇ ਖੋਜ ਕਰ ਰਹੀ ਅੰਤਰਰਾਸ਼ਟਰੀ ਏਜੰਸੀ ਆਈ.ਏ.ਆਰ.ਸੀ. ਦਾ ਕਹਿਣਾ ਹੈ ਕਿ ਸਧਾਰਨ ਨਾਲੋਂ ਜ਼ਿਆਦਾ ਗਰਮ ਕਾਫੀ ਜਾਂ ਕੁਝ ਹੋਰ ਵਸਤੂ ਪੀਣ ਨਾਲ ਭੋਜਨ ਨਲੀ ਵਿਚ ਕੈਂਸਰ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਇਸ ਏਜੰਸੀ ਵੱਲੋਂ 1000 ਅਧਿਐਨ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਹੈ ਕਿ ਜ਼ਿਆਦਾ ਗਰਮ ਚੀਜ਼ ਪੀਣ ਨਾਲ ਮਨੁੱਖ ਨੂੰ ਕੈਂਸਰ ਹੋ ਸਕਦਾ ਹੈ। ਏਜੰਸੀ ਦੇ ਮਹਾਮਾਰੀ ਵਿਗਿਆਨਕ ਡਨਾ ਲੂਮਿਸ ਦਾ ਕਹਿਣਾ ਹੈ ਕਿ ਇਹ ਗੱਲ ਮਹੱਤਵਪੂਰਨ ਨਹੀਂ ਹੈ ਕਿ ਪੀਣ ਵਾਲਾ ਪਦਾਰਥ ਕਿਹੜਾ ਹੈ, ਸਗੋਂ ਇਹ ਮਹੱਤਵਪੂਰਨ ਹੈ ਕਿ ਇਹ ਕਿੰਨਾ ਗਰਮ ਹੈ। ਏਜੰਸੀ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਕੀ ਕਾਫੀ ਜਾਂ ਦੱਖਣੀ ਅਮਰੀਕਾ ‘ਚ ਮਸ਼ਹੂਰ ‘ਮੇਟ’ ਵਿਚ ਕੈਂਸਰ ਦੇ ਤੱਤ ਹਨ। ਇਨ੍ਹਾਂ ਦੋਵਾਂ ਪਦਾਰਥਾਂ ਨੂੰ 1991 ਤੋਂ ਕੈਂਸਰ ਦੇ ਸੰਭਾਵੀ ਕਾਰਨਾਂ ਦੀ ਸ਼੍ਰੇਣੀ ਵਿਚ ਰੱਖਿਆ ਹੋਇਆ ਹੈ। ਹੁਣ ਏਜੰਸੀ ਵੱਲੋਂ ਕੀਤੇ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਦੋਵਾਂ ਵਿਚੋਂ ਕਿਸੇ ਪਦਾਰਥ ਵਿਚ ਵੀ ਕੈਂਸਰ ਦੇ ਤੱਤ ਨਹੀਂ ਹਨ। ਏਜੰਸੀ ਦਾ ਕਹਿਣਾ ਹੈ ਕਿ ਕਿਸੇ ਵੀ ਪਦਾਰਥ ਨੂੰ 65 ਡਿਗਰੀ ਸੈਟੀਗ੍ਰੇਡ ਤੋਂ ਵੱਧ ਗਰਮ ਕਰਕੇ ਪੀਣ ਨਾਲ ਭੋਜਨ ਨਲੀ ਦਾ ਕੈਂਸਰ ਹੋ ਸਕਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਸਾਨੂੰ ਕੋਈ ਵੀ ਪਦਾਰਥ 65 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਗਰਮ ਹੀ ਪੀਣਾ ਚਾਹੀਦਾ ਹੈ। ਚੀਨ, ਇਰਾਨ, ਤੁਰਕੀ ਅਤੇ ਦੱਖਣੀ ਅਮਰੀਕਾ ਵਿਚ ਕੀਤੇ ਅਧਿਐਨ ਅਨੁਸਾਰ ਜਿਥੇ ਮੇਟ (ਚਾਹ) 70 ਡਿਗਰੀ ਤੋਂ ਵੱਧ ਗਰਮ ਪੀਤੀ ਜਾਂਦੀ ਹੈ, ਉਥੇ ਕੈਂਸਰ ਦਾ ਖਤਰਾ ਹੁੰਦਾ ਹੈ। ਜਦਕਿ ਸਧਾਰਨ ਤਾਪਮਾਨ ਵਿਚ ਗਰਮ ਕਾਫੀ ਸਿਹਤ ਲਈ ਹਾਨੀਕਾਰਕ ਨਹੀਂ।