ਰੋਮ ਓਲੰਪਿਕ ਮੇਜ਼ਬਾਨ ਤਾਂ ਕ੍ਰਿਕਟ ਬਣੇਗਾ ਖੇਡ ਕੁੰਭ ਦੀ ਸ਼ਾਨ
ਨਵੀਂ ਦਿੱਲੀ (ਨਦਬ): ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਕੀਤੇ ਜਾਣ ਲਈ ਚੱਲ ਰਹੀ ਕੌਮਾਂਤਰੀ ਬਹਿਸ ਦੌਰਾਨ ਇਟਲੀ ਨੇ ਐਲਾਨ ਕੀਤਾ ਹੈ ਕਿ ਜੇਕਰ ਰੋਮ ਨੂੰ 2024 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਦੀ ਹੈ ਤਾਂ ਕ੍ਰਿਕਟ ਨੂੰ ਵੀ ਇਸ ਖੇਡ ਕੁੰਭ ਦਾ ਸ਼ਿੰਗਾਰ ਬਣਾਇਆ ਜਾਵੇਗਾ। ਓਲੰਪਿਕ 2024 ਦੀ ਮੇਜ਼ਬਾਨੀ ਹਾਸਲ ਕਰਨ ਲਈ ਪੈਰਿਸ, ਲਾਸ ਏਂਜਲਸ ਤੇ ਬੁਡਾਪੇਸਟ ਦੇ ਨਾਲ ਇਟਲੀ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ੁਮਾਰ ਹੈ ਅਤੇ ਨਵੇਂ ਨੇਮਾਂ ਤਹਿਤ ਮੇਜ਼ਬਾਨ ਕੋਲ ਪੰਜ ਨਵੀਆਂ ਖੇਡਾਂ ਨੂੰ ਓਲੰਪਿਕ ‘ਚ ਸ਼ਾਮਲ ਕੀਤੇ ਜਾਣ ਦਾ ਅਧਿਕਾਰ ਹੋਵੇਗਾ। ਇਸ ਦੌਰਾਨ ਪੈਰਿਸ ਦੀ ਓਲੰਪਿਕ ਪ੍ਰਬੰਧਕ ਕਮੇਟੀ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ ਹੈ। ਇਟਲੀ ਕ੍ਰਿਕਟ ਫੈਡਰੇਸ਼ਨ (ਐਫਸੀਆਈ) ਦੇ ਮੁਖੀ ਸਿਮੋਨ ਗੈਮਬੀਨੋ ਨੇ ਕ੍ਰਿਕਟ ਇਨਫੋ ਨਾਲ ਗੱਲਬਾਤ ਕਰਦਿਆਂ ਕਿਹਾ,’ਜੇ ਰੋਮ ਓਲੰਪਿਕ ਦੀ ਮੇਜ਼ਬਾਨੀ ਕਰਦਾ ਹੈ ਤਾਂ ਕ੍ਰਿਕਟ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਸਾਨੂੰ ਆਯੋਜਨ ਕਮੇਟੀ ਨੇ ਵੀ ਭਰੋਸਾ ਦਿੱਤਾ ਹੈ।’ ਅਜਿਹੀ ਚਰਚਾ ਹੈ ਕਿ ਜੇਕਰ ਰੋਮ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਦਾ ਹੈ ਤਾਂ ਕ੍ਰਿਕਟ ਮੈਚ ਬੋਲੋਗਨਾ ਵਿੱਚ ਖੇਡੇ ਜਾਣਗੇ। ਸਾਲ 2010 ਵਿੱਚ ਵੀ ਇਸੇ ਸ਼ਹਿਰ ਵਿੱਚ ਵਰਲਡ ਕ੍ਰਿਕਟ ਲੀਗ ਡਿਵੀਜ਼ਨ ਚਾਰ ਦੇ ਮੈਚ ਖੇਡੇ ਗਏ ਸਨ। ਓਲੰਪਿਕ ਕ੍ਰਿਕਟ ਵਿੱਚ ਵੱਧ ਤੋਂ ਵੱਧ 16 ਟੀਮਾਂ ਸ਼ਾਮਲ ਹੋ ਸਕਦੀਆਂ ਹਨ, ਪਰ ਕਿਹੜੇ ਮੁਲਕ ਇਸ ਵਿੱਚ ਹਿੱਸਾ ਲੈਣਗੇ ਇਹ ਬਹਿਸ ਦਾ ਵਿਸ਼ਾ ਰਹੇਗਾ। ਇਹ ਵੀ ਸੰਭਾਵਨਾ ਹੈ ਕਿ ਇਸ ਵਿੱਚ 12 ਟੀਮਾਂ ਸ਼ਾਮਲ ਹੋਣ, ਜੋ ਕੁਲ ਆਲਮ ਦੀ ਨੁਮਾਇੰਦਗੀ ਕਰਨਗੀਆਂ। ਅਜਿਹੀ ਸਥਿਤੀ ਵਿੱਚ ਤਿੰਨ ਟੀਮਾਂ ਯੂਰਪ ਤੋਂ, ਤਿੰਨ ਏਸ਼ੀਆ ਤੋਂ, ਦੋ ਅਫ਼ਰੀਕਾ ਤੋਂ ਅਤੇ ਦੋ ਜਾਂ ਤਿੰਨ ਦੱਖਣੀ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਹੋਣਗੀਆਂ।