ਪੁਰਤਗਾਲ ਨੇ ਯੂਰੋ ਕੱਪ ਅਪਣੇ ਨਾਮ ਕੀਤਾ
ਰੋਮਾਂਚਕ ਫਾਈਨਲ ‘ਚ ਫਰਾਂਸ ਨੂੰ 1-0 ਨਾਲ ਹਰਾਇਆ
ਪੈਰਿਸ (ਨਦਬ): ਫਰਾਂਸ ਵਿਚ ਚੱਲ ਰਹੇ ਯੂਰੋ ਫੁੱਟਬਾਲ ਕੱਪ 2016 ਦੇ ਰੋਚਕ ਫਾਈਨਲ ਮੁਕਾਬਲੇ ‘ਚ ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ 1-0 ਨਾਲ ਹਰਾ ਕੇ ਖਿਤਾਬ ਅਪਣੇ ਨਾਮ ਕਰ ਲਿਆ ਹੈ। ਦੋਵੇਂ ਟੀਮਾਂ ਮੈਚ ਦਾ 90 ਮਿੰਟਾਂ ਦਾ ਸਮਾਂ ਖਤਮ ਹੋਣ ਤਕ ਵੀ ਕੋਈ ਗੋਲ ਨਹੀਂ ਕਰ ਸਕੀਆਂ। ਪਰ ਬਾਅਦ ‘ਚ ਮਿਲੇ ਵਾਧੂ ਸਮੇਂ ‘ਚ ਪੁਰਤਗਾਲ ਦੇ ਖਿਡਾਰੀ ਈਡਰ ਨੇ ਜੇਤੂ ਗੋਲ ਕਰ ਕੇ ਆਪਣੀ ਟੀਮ ਨੂੰ ਜਿੱਤ ਦੁਆਈ। ਈਡਰ ਦੇ ਗੋਲ ਨਾਲ ਵਾਧੂ ਸਮੇਂ ‘ਚ ਪੁਰਤਗਾਲ ਨੇ ਫਰਾਂਸ ਨੂੰ 1-0 ਨਾਲ ਹਰਾ ਦਿੱਤਾ ਤੇ ਯੂਰੋ ਕੱਪ-2016 ‘ਤੇ ਆਪਣਾ ਕਬਜ਼ਾ ਕਰ ਲਿਆ। ਇਸ ਰੋਮਾਂਚਕ ਮੁਕਾਬਲੇ ‘ਚ ਰੋਨਾਲਡੋ ਗੋਲ ਕਰਨ ਦੀ ਕੋਸ਼ਿਸ਼ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਗੋਡੇ ‘ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਪਰ ਇਸ ਬਾਵਜੂਦ ਪੁਰਤਗਾਲ ਦੀ ਟੀਮ ਨੇ ਫਰਾਂਸ ਨੂੰ ਹਰਾ ਕੇ ਸਾਬਤ ਕਰ ਦਿਤਾ ਕਿ ਉਹ ਯੂਰੋਪ ਦੀ ਬਿਹਤਰੀਨ ਟੀਮ ਹੈ। ਪੁਰਤਗਾਲ ਦੀ ਇਸ ਜਿੱਤ ਨੂੰ ਬਹੁਤ ਜਿੱਤ ਮੰਨਿਆ ਜਾ ਰਿਹਾ ਹੈ।