ਸਿਰਮੌਰ ਸਾਹਿਤਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਨਹੀਂ ਰਹੇ

ਜੈਤੋ, (ਨਦਬ) : ਗਿਆਨਪੀਠ ਪੁਰਸਕਾਰ ਜੇਤੂ ਅਤੇ ਵਿਸ਼ਵ ਭਰ ‘ਚ ਮਕਬੂਲੀਅਤ ਹਾਸਲ ਕਰਨ ਵਾਲੇ ਪੰਜਾਬੀ ਦੇ ਸਿਰਮੌਰ ਨਾਵਲਕਾਰ ਤੇ ਚਿੰਤਕ ਪ੍ਰੋ. ਗੁਰਦਿਆਲ ਸਿੰਘ ਇਸ ਜਹਾਨ ‘ਚ ਨਹੀਂ ਰਹੇ। ਉਹ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਤਕਰੀਬਨ ਡੇਢ ਮਹੀਨਾ ਪਹਿਲਾਂ ਆਪਣੇ ਘਰ ਵਿੱਚ ਡਿੱਗਣ ਕਾਰਨ ਉਨ੍ਹਾਂ ਦਾ ਚੂਲਾ ਟੁੱਟ ਗਿਆ ਸੀ ਅਤੇ ਉਨ੍ਹਾਂ ਦਾ ਅਪਰੇਸ਼ਨ ਲੁਧਿਆਣਾ ਦੇ ਇਕ ਹਸਪਤਾਲ ‘ਚ ਹੋਇਆ ਸੀ। ਹਫ਼ਤਾ ਕੁ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਬਠਿੰਡਾ ਦੇ ਇਕ ਹਸਪਤਾਲ ‘ਚ ਦਾਖ਼ਲ ਕਰਾਇਆ ਸੀ। ਅਚਾਨਕ ਗੁਰਦਿਆਂ ‘ਚ ਆਈ ਖ਼ਰਾਬੀ ਕਾਰਨ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ।
ਗੌਰਤਲਬ ਹੈ ਕਿ ਪਾਟੇ ਝੱਗੇ ਵਰਗੀ ਆਰਥਿਕਤਾ ਵਾਲੇ ਪਰਿਵਾਰ ‘ਚ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਤੋਂ ਜ਼ਿੰਦਗੀ ਦੇ ਆਖ਼ਰੀ ਪੜਾਅ ਤਕ ਅਨੇਕਾਂ ਚੁਣੌਤੀਆਂ ਦਾ ਖਿੜ੍ਹੇ ਮੱਥੇ ਸਾਹਮਣਾ ਕੀਤਾ। ਉਨ੍ਹਾਂ ਦਾ ਜਨਮ 10 ਜਨਵਰੀ, 1933 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਜੈਤੋ ਦੇ ਇਕ ਸਾਦੇ ਜਿਹੇ ਮਕਾਨ ਵਿੱਚ ਗੁਜ਼ਾਰੀ। ਪ੍ਰੋ. ਗੁਰਦਿਆਲ ਸਿੰਘ ਨੇ ਜ਼ਿੰਦਗੀ ਦੇ ਸ਼ੁਰੂਆਤੀ ਦੌਰ ‘ਚ ਚਿੱਤਰਕਾਰੀ ਆਰੰਭੀ। ਇਸ ਬਾਅਦ ਉਹ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ‘ਚ ਕੀਰਤਨ ਕਰਦੇ ਰਹੇ। ਮਗਰੋਂ ਉਹ ਲੇਖਣ ਕਲਾ ਵੱਲ ਮੁੜੇ ਅਤੇ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ੍ਹਾਂ ਦੀ ਪਹਿਲੀ ਰਚਨਾ ਜੈਤੋ ਮੋਰਚੇ ਨਾਲ ਸਬੰਧਿਤ ‘ਗੰਗਸਰ ਦੇ ਸ਼ਹੀਦ’ ਸੀ। ਕਲਮ ਨਾਲ ਉਨ੍ਹਾਂ ਦਾ ਰਿਸ਼ਤਾ ਸਦੀਵੀਂ ਬਣ ਗਿਆ ਅਤੇ ਉਨ੍ਹਾਂ ਜੋ ਵੀ ਲਿਖਿਆ ਉਸ ਨੇ ਆਲੋਚਕ ਤੇ ਪਾਠਕ ਜਗਤ ਵਿੱਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨ੍ਹਾਂ ਦੇ ਪਹਿਲੇ ਕਹਾਣੀ-ਸੰਗ੍ਰਿਹ ‘ਸੱਗੀ ਫ਼ੁੱਲ’ ਨਾਲ ਉਹ ‘ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਏ। ਉਹ ਪੰਜਾਬੀ ਭਾਸ਼ਾ ਦੇ ਦੂਜੇ ਨਾਵਲਕਾਰ ਸਨ, ਜਿਨ੍ਹਾਂ ਭਾਰਤ ਦਾ ਸਰਵੋਤਮ ਸਾਹਿਤਕ ਪੁਰਸਕਾਰ ‘ਗਿਆਨਪੀਠ’ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਪਦਮਸ੍ਰੀ’, ‘ਜਵਾਹਰ ਲਾਲ ਨਹਿਰੂ ਸੋਵੀਅਤ ਪੁਰਸਕਾਰ’ ਸਮੇਤ ਦਰਜਨਾਂ ਹੋਰ ਸਨਮਾਨ ਹਾਸਲ ਹੋਏ। 1964 ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਨਾਵਲ ‘ਮੜ੍ਹੀ ਦਾ ਦੀਵਾ’ ਤੋਂ ਮੁਤਾਸਿਰ ਹੋ ਕੇ ਸਿਰਮੌਰ ਸਾਹਿਤਕਾਰ ਨਾਨਕ ਸਿੰਘ ਨੇ ਆਪਣੀ ਲਿਖ਼ਤ ‘ਚ ਪ੍ਰੋ. ਗੁਰਦਿਆਲ ਸਿੰਘ ਨੂੰ ਬਹੁਮੁੱਲੀਆਂ ਸੰਭਾਵਨਾਵਾਂ ਵਾਲਾ ਨੌਜਵਾਨ ਕਹਿ ਕੇ ਵਡਿਆਇਆ ਸੀ। ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਆਲੋਚਕਾਂ ਨੇ ਪੰਜਾਬੀ ਨਾਵਲ ਵਿੱਚ ਇਸ ਨੂੰ ‘ਟਰੈਂਡ ਸੈੱਟਰ’ ਕਰਾਰ ਦਿੱਤਾ। ਇਹ ਨਾਵਲ ਬਾਅਦ ਵਿੱਚ ਰੂਸੀ ਭਾਸ਼ਾ ਵਿੱਚ ਵੀ ਅਨੁਵਾਦ ਹੋਇਆ।
ਉਨ੍ਹਾਂ ਨੇ ਦਰਜਨਾਂ ਨਾਵਲਾਂ ਤੋਂ ਇਲਾਵਾ ਕਹਾਣੀਆਂ, ਨਾਟਕ ਅਤੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਵੀ ਸਾਹਿਤ ਸਿਰਜਣਾ ਕੀਤੀ। ਇਹ ਕਿਰਤਾਂ ਅੰਗਰੇਜ਼ੀ, ਹਿੰਦੀ ਤੋਂ ਇਲਾਵਾ ਭਾਰਤ ਸਮੇਤ ਵਿਦੇਸ਼ੀ ਭਾਸ਼ਾਵਾਂ ‘ਚ ਅਨੁਵਾਦ ਹੋ ਕੇ ਛਪਦੀਆਂ ਰਹੀਆਂ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਉਤੇ ਬਣੀ ਫ਼ਿਲਮ, ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫ਼ੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇਕ ਮੁੱਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਿਹਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਉਨ੍ਹਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਛਪੀ ਹੈ। ਪ੍ਰੋ. ਗੁਰਦਿਆਲ ਸਿੰਘ ਦੇ ਵਿਛੋੜੇ ‘ਤੇ ਅਦਾਰਾ ‘ਨਵੀਂ ਦੁਨੀਆ’ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਉਸ ਨਾਲ ਸਬੰਧਤ ਵਿਸ਼ਵ ਦੀਆਂ ਤਮਾਮ ਸਾਹਿਤਕ ਸਭਾਵਾਂ ਨੇ ਵੀ ਉਨ੍ਹਾਂ ਦੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।