ਭਾਰਤ ਦੀ ਵਿਦੇਸ਼ ਨੀਤੀ ‘ਚ ਬਦਲਾਅ?

ਅਮਰੀਕਾ ਨੂੰ ਖ਼ੁਸ਼ ਕਰਨ ਲਈ ਮੋਦੀ ‘ਨਾਨ-ਅਲਾਇੰਡ ਮੂਵਮੈਂਟ’ ਸੰਮੇਲਨ ‘ਚ ਨਹੀਂ ਜਾਣਗੇ
ਨਵੀਂ ਦਿੱਲੀ, (ਨਦਬ) : ਭਾਰਤ ਦੀ ਵਿਦੇਸ਼ ਨੀਤੀ ‘ਚ ਵੱਡੇ ਬਦਲਾਅ ਦੀਆਂ ਕਿਆਸਰਾਈਆਂ ਹਨ। ਖ਼ਬਰ ਆ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੈਨਜੂਏਲਾ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ‘ਨਾਨ-ਅਲਾਇੰਡ ਮੂਵਮੈਂਟ’ (ਨੈਮ) ਸੰਮੇਲਨ ਵਿੱਚ ਹਿੱਸਾ ਨਹੀਂ ਲੈਣਗੇ। ਦੱਸਣਯੋਗ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ‘ਨੈਮ’ ਦੇ ਬਾਨੀਆਂ ਵਿੱਚੋਂ ਇਕ ਸਨ। ਸਰਕਾਰ ਦੇ ਇਸ ਫ਼ੈਸਲੇ ਦੇ ਪਿੱਛੇ ਭਾਰਤ ਦੀਆਂ ਅਮਰੀਕਾ ਨਾਲ ਵਧਦੀਆਂ ਨਜ਼ਦੀਕੀਆਂ ਨੂੰ ਮੰਨਿਆ ਜਾ ਰਿਹਾ ਹੈ। ‘ਨੈਮ’ ਨੂੰ ਅਮਰੀਕਾ ਆਪਣੇ ਖ਼ਿਲਾਫ਼ ਮੰਨਦਾ ਆਇਆ ਹੈ। ਜਦਕਿ ਮੋਦੀ ਸਰਕਾਰ ਨੇ ਅਮਰੀਕਾ ਨੂੰ ਸਭ ਤੋਂ ਅਹਿਮ ਰਣਨੀਤਕ ਭਾਈਵਾਲ ਦਾ ਦਰਜਾ ਦਿੱਤਾ ਹੈ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਜੇਕਰ ਮੋਦੀ ‘ਨੈਮ’ ਦੇ ਇਸ ਸੰਮੇਲਨ ਵਿੱਚ ਹਿੱਸਾ ਨਹੀਂ ਲੈਂਦੇ ਤਾਂ ਅਜਿਹਾ ਕਰਨ ਵਾਲੇ ਉਹ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ 1979 ਵਿੱਚ ਕਾਰਜ ਵਾਹਕ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਇਸ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ ਸੀ। ਸੂਤਰਾਂ ਮੁਤਾਬਕ ਮੋਦੀ ਨੂੰ ਸੰਮੇਲਨ ਵਿੱਚ ਹਿੱਸਾ ਲੈਣ ਲਈ ਕਈ ਹਫ਼ਤੇ ਪਹਿਲਾਂ ਹੀ ਸੱਦਾ ਮਿਲ ਗਿਆ ਸੀ ਪਰ ਸਰਕਾਰ ਵਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।