ਧੋਖਾ ਦੇਣ ਵਾਲਾ ਪੰਜਾਬੀ ਕਸੂਤਾ ਫਸਿਆ

ਵੈਨਕੂਵਰ (ਨਦਬ): ਫ਼ਰੇਜ਼ਰ ਵਾਦੀ ਦੇ ਸ਼ਹਿਰ ਐਬਟਸਫੋਰਡ ਦੇ ਰਹਿਣ ਵਾਲੇ ਇੱਕ ਵਿਆਹੁਤਾ ਪੰਜਾਬੀ ਵੱਲੋਂ ਆਪਣੇ ਆਪ ਨੂੰ ਕੁਆਰਾ ਦੱਸ ਕੇ ਢਾਈ ਕੁ ਸਾਲ ਇੱਕ ਲੜਕੀ ਨਾਲ ਸੈਰ ਸਪਾਟਾ ਕਰਦੇ ਰਹਿਣ ਦੇ ਫਿਲਮਾਂ ਵਰਗੇ ਵਰਤਾਰੇ ਦਾ ਭੇਤ ਉਦੋਂ ਖੁੱਲ੍ਹਿਆ ਜਦ ਉਹ ਵਿਆਹ ਦੇ ਦਿਨ ਤੋਂ ਐਨ ਪਹਿਲਾਂ ਲਾਪਤਾ ਹੋ ਗਿਆ। ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਲੜਕੀ ਧੋਖੇ ਕਾਰਨ ਸਦਮੇ ‘ਚ ਹੈ। ਉਸ ਵੱਲੋਂ ਅਗਲੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਮਾਮਲਾ ਕਈ ਦਿਨਾਂ ਤੋਂ ਚਰਚਾ ‘ਚ ਹੈ। ਪੀੜਤਾ ਦੇ ਇੱਕ ਰਿਸ਼ਤੇਦਾਰ ਵੱਲੋਂ ਪਛਾਣ ਗੁਪਤ ਰਖਣ ਦੀ ਸ਼ਰਤ ‘ਤੇ ਗੱਲ ਕਰਨ ਅਤੇ ਆਸ ਪਾਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੋਂ ਆਈ ਇਹ ਲੜਕੀ ਢਾਈ ਕੁ ਸਾਲ ਪਹਿਲਾਂ ਇਸ 37 ਸਾਲਾਂ ਪੰਜਾਬੀ ਮਰਦ ਦੇ ਸੰਪਰਕ ‘ਚ ਆਈ। ਦੋਹਾਂ ਦੀ ਵਾਕਫੀ ਦੋਸਤੀ ‘ਚ ਬਦਲ ਗਈ। ਮਰਦ ਨੇ ਆਪਣੇ ਆਪ ਨੂੰ ਕੁਆਰਾ ਤੇ ਆਪਣੇ ਚਾਚੇ ਕੋਲ ਰਹਿੰਦਾ ਹੋਣ ਬਾਰੇ ਕਹਿ ਕੇ ਲੜਕੀ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਜਿਸ ਨੂੰ ਲੜਕੀ ਤੇ ਉਸ ਦੇ ਰਿਸ਼ਤੇਦਾਰਾਂ ਨੇ ਮੰਨ ਲਿਆ। ਦੋਹਾਂ ਨੇ ਕੈਨੇਡਾ ਦੀਆਂ ਸੈਰਗਾਹਾਂ ਦੇ ਨਾਲ ਨਾਲ ਅਮਰੀਕਾ ਤੇ ਜਪਾਨ ਦੀ ਯਾਤਰਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਮੰਗਣੀ ਦੀ ਰਸਮ ਵੀ ਕੀਤੀ। ਬੀਤੇ 6 ਅਗਸਤ ਨੂੰ ਵਿਆਹ ਦਾ ਦਿਨ ਤੈਅ ਕਰਕੇ ਤਿਆਰੀ ਕੀਤੀ ਜਾਣ ਲੱਗੀ। ਦੂਰ ਦੁਰਾਡੇ ਤੋਂ ਲੜਕੀ ਦੇ ਰਿਸ਼ਤੇਦਾਰ  ਵੀ ਪਹੁੰਚ ਗਏ। ਮਰਦ ਵਲੋਂ ਭਾਰਤ ਤੋਂ ਆਪਣੇ ਪਿਤਾ ਦੇ ਆਉਣ ਬਾਰੇ ਕਿਹਾ ਗਿਆ। ਮਰਦ ਉਤੇ ਭਰੋਸਾ ਕਰਦਿਆਂ ਕਿਸੇ ਨੇ ਉਸ ਦੇ ਪਤੇ ‘ਤੇ ਜਾ ਕੇ ਕੋਈ ਜਾਂਚ ਨਾ ਕੀਤੀ। ਵਿਆਹ ਤੋਂ ਚਾਰ ਕੁ ਦਿਨ ਪਹਿਲਾਂ ਅਚਾਨਕ ਲਾੜੇ ਦਾ ਫੋਨ ਬੰਦ ਆਉਣ ਲਗਾ ਤਾਂ ਪ੍ਰੇਸ਼ਾਨੀ ਦੀ ਹਾਲਤ ‘ਚ ਲੜਕੀ ਤੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਘਰ ਪਹੁੰਚ ਕੀਤੀ ਗਈ। ਉਸਦੇ ਘਰ ਜਾ ਕੇ ਸਾਰਾ ਭੇਤ ਖੁੱਲ ਗਿਆ ਕਿ ਉਹੀ ਮਰਦ (ਲਾੜਾ) ਤਾਂ ਉਥੇ ਤੇਰਾਂ ਸਾਲ ਪਹਿਲਾਂ ਵਿਆਹੀ ਪਤਨੀ ਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਲੜਕੀ ਨਾਲ ਗੱਲ ਕਰਨ ਲਈ ਉਸ ਕੋਲ ਵੱਖਰਾ ਫੋਨ ਨੰਬਰ ਸੀ ਜਿਸ ਨੂੰ ਬੰਦ ਕਰਕੇ ਉਹ ਲਾਪਤਾ ਹੋ ਗਿਆ ਪਰ ਆਪਣਾ ਨਾਂਅ ਤੇ ਪਤਾ ਠੀਕ ਦੱਸਣ ਕਾਰਨ ਉਹ ਫੜਿਆ ਗਿਆ। ਉਸ ਦੀ ਪਤਨੀ ਨੂੰ ਇਸ ਬਾਰੇ ਦੱਸਣ ‘ਤੇ ਉਹ ਵੀ ਹੈਰਾਨ ਪ੍ਰੇਸ਼ਾਨ ਹੋ ਗਈ। ਉਸ ਨੇ ਪਤੀ ਨੂੰ ਬੱਚੇ ਦੀ ਸਿਹਤ ਖਰਾਬ ਦੇ ਬਹਾਨੇ ਜਲਦੀ ਘਰ ਪਹੁੰਚਣ ਲਈ ਕਿਹਾ ਤਾਂ ਉਹ ਮਿੰਟਾਂ ‘ਚ ਪਹੁੰਚ ਗਿਆ। ਘਰ ‘ਚ ਲੜਕੀ ਤੇ ਉਸਦੇ ਰਿਸ਼ਤੇਦਾਰ ਵੇਖ ਕੇ ਉਸ ਨੇ ਲੜਕੀ ਦੇ ਪੈਰ ਫੜ ਲਏ। ਲੜਕੀ ਤੇ ਉਸਦੇ ਰਿਸ਼ਤੇਦਾਰ ਭਾਵੇਂ ਆਪਣੀ ਇੱਜ਼ਤ ਦਾ ਧਿਆਨ ਕਰਦਿਆਂ ਚੁੱਪ ਵੱਟੀ ਬੈਠੇ ਹਨ, ਪਰ ਹੋਰਾਂ ਨੂੰ ਇਹੋ ਜਿਹੇ ਧੋਖੇ ਤੋਂ ਬਚਾਉਣ ਦੀ ਇੱਛਾ ਵੀ ਰੱਖਦੇ ਹਨ। ਉਹ ਮਰਦ ਖਿਲਾਫ ਬਣਦੀ ਕਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੇ ਹਨ।

 

Leave a Reply

Your email address will not be published. Required fields are marked *