ਕਨੇਡਾ ਪੋਸਟ ਦੇ ਸੈਂਕੜੇ ਕਾਮਿਆਂ ਵੱਲੋਂ ਟਰੂਡੋ ਦੇ ਮਾਂਟਰੀਅਲ ਆਫਿਸ ਸਾਹਮਣੇ ਮੁਜ਼ਾਹਰਾ

ਮਾਂਟਰੀਅਲ (ਨਦਬ): ਸੈਂਕੜੇ ਦੀ ਗਿਣਤੀ ਵਿੱਚ ਪੋਸਟਲ ਕਾਮਿਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਾਂਟਰੀਅਲ ਆਫਿਸ ਦੇ ਬਾਹਰ ਮੁਜ਼ਾਹਰਾ ਕੀਤਾ। ਇਨ੍ਹਾਂ ਕਾਮਿਆਂ ਨੇ ਅਜਿਹਾ ਕੈਨੇਡਾ ਪੋਸਟ ਨਾਲ ਗੱਲਬਾਤ ਨੂੰ ਅੱਗੇ ਵਧਾਉਣ ਲਈ ਦਬਾਅ ਪਾਉਣ ਵਾਸਤੇ ਕੀਤਾ। ਪੋਸਟਲ ਕਾਮਿਆਂ ਦੀ ਕੈਨੇਡੀਅਨ ਯੂਨੀਅਨ ਦੇ ਅਧਿਕਾਰੀ ਨੇ ਦੱਸਿਆ ਕਿ ਪੈਨਸ਼ਨਾਂ ਤੇ ਤਨਖਾਹ ਦੀ ਬਰਾਬਰੀ ਵਰਗੇ ਮੁੱਦਿਆਂ ਨੂੰ ਲੈ ਕੇ ਕ੍ਰਾਊਨ ਕਾਰਪੋਰੇਸ਼ਨ ਨਾਲ ਗੱਲਬਾਤ ਵਿੱਚ ਖੜੋਤ ਆਈ ਹੈ। ਸਿਲਵੀਅਨ ਲੈਪੌਇੰਟ ਨਾਂ ਦੇ ਇਸ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਅਜੇ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਪਰ ਫਾਈਲਾਂ ਅੱਗੇ ਨਹੀਂ ਵੱਧ ਰਹੀਆਂ। ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਯੂਨੀਅਨ ਮੈਂਬਰਾਂ ਨੇ ਆਖਿਆ ਕਿ ਇਹ ਮੁਜ਼ਾਹਰਾ ਕੀਤੇ ਜਾਣ ਦਾ ਮਤਲਬ ਲਿਬਰਲ ਸਰਕਾਰ ਉੱਤੇ ਦਬਾਅ ਪਾਇਆ ਜਾਣਾ ਸੀ ਤਾਂ ਕਿ ਮਾਮਲਾ ਕਿਸੇ ਤਣ ਪੱਤਣ ਲੱਗ ਸਕੇ। ਕੈਨੇਡਾ ਪੋਸਟ ਨੇ ਆਖਿਆ ਕਿ ਉਹ ਆਪਣੇ ਪੈਨਸਨ ਪਲੈਨ ਵਿੱਚ ਤਬਦੀਲੀ ਲਿਆ ਕੇ ਇਸ ਨੂੰ ਪ੍ਰਾਈਵੇਟ ਖੇਤਰ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ। ਇਸ ਮੁਜਾਹਰੇ ਵਿੱਚ ਹਿੱਸਾ ਲੈਣ ਵਾਲੇ ਬਹੁਤੇ ਮੁਜਹਰਾਕਾਰੀ ਮਾਂਟਰੀਅਲ ਤੋਂ ਸਨ ਪਰ ਓਟਵਾ ਤੇ ਕਿਊਬਿਕ ਸਹਿਰ ਤੋਂ ਵੀ ਮੁਜਾਹਰੇ ਵਿੱਚ ਹਿੱਸਾ ਲੈਣ ਲਈ ਲੋਕ ਪਹੁੰਚੇ।