ਵ੍ਹਾਈਟ ਹਾਊਸ ਵੱਲੋਂ ਸਾਰੇ ਧਰਮ ਸਥਾਨਾਂ ਦੀ ਰਾਖੀ ਕਰਨ ਦਾ ਅਹਿਦ

ਕਰੀਕ ਗੋਲੀ ਕਾਂਡ ਦੀ ਚੌਥੀ ਬਰਸੀ ਮੌਕੇ ਸਿੱਖ ਭਾਈਚਾਰੇ ਨਾਲ ਸਾਂਝ ਦਰਸਾਈ

ਵਾਸ਼ਿੰਗਟਨ (ਨਦਬ): ਓਕ ਕਰੀਕ ਗੁਰਦੁਆਰੇ ‘ਚ ਚਾਰ ਸਾਲ ਪਹਿਲਾਂ ਹੋਏ ਗੋਲੀ ਕਾਂਡ ‘ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਸਰਕਾਰ ਸਾਰੇ ਧਰਮ ਸਥਾਨਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇਕ ਬਲੌਗ ਪੋਸਟ ਵਿੱਚ ਕਿਹਾ ਗਿਆ ”ਓਕ ਕਰੀਕ ਗੁਰਦੁਆਰਾ ਗੋਲੀ ਕਾਂਡ ਦੀ ਚੌਥੀ ਬਰਸੀ ਮੌਕੇ ਓਬਾਮਾ ਪ੍ਰਸ਼ਾਸਨ ਆਪਣੀ ਇਹ ਵਚਨਬੱਧਤਾ ਦ੍ਰਿੜ੍ਹਾਉਂਦਾ ਹੈ ਕਿ ਸਾਰੇ ਧਰਮ ਸਥਾਨਾਂ ਤੇ ਧਾਰਮਿਕ ਭਾਈਚਾਰਿਆਂ ਦੀ ਰਾਖੀ ਕਰਨ ਲਈ ਉਹ ਦ੍ਰਿੜ ਸੰਕਲਪ ਹੈ।” ਓਕ ਕਰੀਕ ਗੋਲੀ ਕਾਂਡ ਵਿੱਚ ਮਰਨ ਵਾਲੇ ਲੋਕਾਂ ਧਿਚ ਪਰਮਜੀਤ ਕੌਰ, ਸਤਵੰਤ ਸਿੰਘ ਕਾਲੇਕਾ, ਪ੍ਰਕਾਸ਼ ਸਿੰਘ, ਗ੍ਰੰਥੀ ਸੀਤਾ ਸਿੰਘ, ਰਣਜੀਤ ਸਿੰਘ ਅਤੇ ਸੁਬੇਗ ਸਿੰਘ ਖੱਟੜਾ ਸ਼ਾਮਲ ਸਨ। ਰਾਸ਼ਟਰਪਤੀ ਓਬਾਮਾ ਦੀ ਸੀਨੀਅਰ ਸਲਾਹਕਾਰ ਅਤੇ ਔਰਤਾਂ ਤੇ ਲੜਕੀਆਂ ਬਾਰੇ ਚੇਅਰ ਦੀ ਮੁਖੀ ਵੈਲਰੀ ਜੈਰੇਟ ਨੇ ਇਕ ਟਵੀਟ ਵਿੱਚ ਕਿਹਾ ”ਅੱਜ ਅਸੀਂ ਵਿਸਕੌਨਸਿਨ ‘ਚ ਗੁਰਦੁਆਰੇ ‘ਤੇ ਹੋਏ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਯਾਦ ਕਰ ਰਹੇ ਹਾਂ।” ਵ੍ਹਾਈਟ ਹਾਊਸ ਨੇ ਆਪਣੇ ਬਲੌਗ ਪੋਸਟ ਧਿਚ ਕਿਹਾ ਹੈ ਕਿ ਓਕ ਕਰੀਕ ਤਰਾਸਦੀ ਤੋਂ ਲੈ ਕੇ ਹੁਣ ਤੱਕ ਓਬਾਮਾ ਪ੍ਰਸ਼ਾਸਨ ਨੇ ਕਈ ਅਜਿਹੇ ਕਦਮ ਚੁੱਕੇ ਹਨ ਤਾਂ ਕਿ ਫਿਰਕੂ ਨਫ਼ਰਤ ਦੇ ਇਹੋ ਜਿਹੇ ਹਮਲੇ ਮੁੜ ਨਾ ਵਾਪਰ ਸਕਣ। ਮਿਸਾਲ ਦੇ ਤੌਰ ‘ਤੇ  ਸਿੱਖਾਂ, ਹਿੰਦੂਆਂ ਅਤੇ ਅਰਬ-ਅਮਰੀਕੀਆਂ  ‘ਤੇ ਨਫ਼ਰਤੀ ਹਮਲਿਆਂ ‘ਤੇ ਹੁਣ ਐਫਬੀਆਈ ਵੱਲੋਂ ਟਰੈਕ ਕੀਤਾ ਜਾਂਦਾ ਹੈ ਅਤੇ ਨਫ਼ਰਤੀ ਹਮਲਿਆਂ ਦੇ ਅਪਰਾਧਿਕ ਮਾਮਲਿਆਂ ਨੂੰ ਡੇਟਾ ਕੁਲੈਕਸ਼ਨ ਸੇਧਾਂ ਤੇ ਸਿਖਲਾਈ ਮੈਨੂਅਲ ਮੁਤਾਬਕ ਅਪਡੇਟ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਆਗੂ ਰਾਜਵੰਤ ਸਿੰਘ ਨੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਦਰਸਾਉਣ ਬਦਲੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਅਮਰੀਕਾ ਦੇ ਵੱਖ ਵੱਖ ਤਬਕਿਆਂ ਤੇ ਫਿਰਕਿਆਂ ਦੇ ਲੋਕਾਂ ਨੇ ਸਿੱਖ ਭਾਈਚਾਰੇ ਨਾਲ ਆਪਣਾ ਸਨੇਹ ਜਤਾਇਆ ਹੈ ਜਿਸ ਕਰ ਕੇ ਇੱਥੋਂ ਦੇ ਸਿੱਖਾਂ ਨੂੰ ਅਮਰੀਕੀ ਅਖਵਾਉਣ ‘ਤੇ ਮਾਣ ਮਹਿਸੂਸ ਹੁੰਦਾ ਹੈ।

 

 

Leave a Reply

Your email address will not be published. Required fields are marked *