ਅਗਿਆਤਵਾਦੀ ਕਵੀ ਫਰਨਾਦੋ ਪੇਸੋਆ

ਕਵੀ ਅਕਸਰ ਕਲਮੀ ਨਾਂਵਾਂ ਹੇਠ ਕਵਿਤਾਵਾਂ ਲਿਖਦੇ ਨੇ ਪਰ ਪੁਰਤਗਾਲੀ ਕਵੀ ਫਰਨਾਦੋ ਪੇਸੋਆ ਨੇ ਅਪਣੇ ਨਾਂ ਹੇਠ ਕਵਿਤਾਵਾਂ ਲਿਖਣ ਦੇ ਨਾਲ-ਨਾਲ ‘ਕਾਲਪਨਿਕ ਕਵੀਆਂ’ ਦੇ ਨਾਂਵਾਂ ਹੇਠ ਵੀ ਕਵਿਤਾਵਾਂ ਲਿਖੀਆਂ, ਇਨ੍ਹਾਂ ਕਵੀਆਂ ਦੀ ਹੋਂਦ ਉਹ ਅਪਣੇ ਅੰਦਰ ਮਹਿਸੂਸ ਕਰਦਾ, ਇਨ੍ਹਾਂ ਨੂੰ ਹੈਟਰੋਨਿਮ ਦਾ ਨਾਂ ਦਿੰਦਾ ਸੀ। ਭਾਵ ਜਿਵੇਂ ਕੋਈ ਨਾਟਕਕਾਰ ਆਪ ਸਿਰਜੇ ਪਾਤਰ ਦਾ ਰੋਲ ਆਪ ਕਰੇ। ਇਨ੍ਹਾਂ ਕਵੀਆਂ ‘ਚੋਂ ਤਿੰਨ- ਅਲਬੇਤਰੋ ਕਾਇਰੋ, ਅਲਵਾਰੋ ਦ ਕਾਮਪੋਸ ਤੇ ਰਿਕਾਰਦੋ ਰਾਇਸ ਦੇ ਨਾਂ ਹੇਠ ਫਰਨਾਦੋ ਪੇਸੋਆ ਨੇ ਸਭ ਤੋਂ ਵੱਧ ਕਵਿਤਾਵਾਂ ਲਿਖੀਆਂ।

ਪੇਸੋਆ ਨੇ ਬਚਪਨ ਵਿੱਚ ਹੀ ਅਪਣੇ ਆਲੇ-ਦੁਆਲੇ ਕਾਲਪਨਿਕ ਦੁਨੀਆ ਵਸਾ ਲਈ ਸੀ। ਉਹ ਕਾਲਪਨਿਕ ਲੋਕਾਂ ਨਾਲ ਗੱਲਾਂ ਕਰਦਾ ਸੀ, ਉਸਨੇ ਉਨ੍ਹਾਂ ਦੇ ਨਾਂ ਰੱਖੇ ਹੋਏ ਸਨ। 1912 ਵਿੱਚ ਪੇਸੋਆ ਨੇ ਆਦਿਧਰਮੀ ਕਵਿਤਾਵਾਂ ਲਿਖਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਉਸਦੇ ਮਨ ਵਿੱਚ ਉਸ ਕਵੀ ਦੀ ਧੁੰਦਲੀ ਜਿਹੀ ਇਮੇਜ ਬਣ ਗਈ ਸੀ। ਦੋ ਸਾਲਾਂ ਬਾਅਦ ਉਹ ਅਪਣੇ ਮਿੱਤਰ ਨਾਲ ਮਜ਼ਾਕ ਕਰਨ ਲਈ ਇੱਕ ਪੇਂਡੂ ਕਵੀ ਦਾ ਪਾਤਰ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ 8 ਮਾਰਚ 1914 ਵਾਲੇ ਦਿਨ ਉਹ ਅਪਣੀ ਦੇਹ ਵਿੱਚ ‘ਕਸਰ ਹੋਣ’,’ਪੌਣ ਆਉਣ’ ਵਾਂਗ ਕੋਈ ਤਬਦੀਲੀ ਮਹਿਸੂਸ ਕਰਦਾ ਪੈਨ ਚੁੱਕਦਾ ਹੈ ਤੇ ਵਿਸਫੋਟਕ ਸਿਰਜਣ ਊਰਜਾ ਦੇ ਆਵੇਗ ਹੇਠ ਖੜ੍ਹਾ-ਖੜ੍ਹਾ ਹੀ ਉਨ੍ਹੰਜਾ ਕਵਿਤਾਵਾਂ ਲਿਖ ਦਿੰਦਾ ਹੈ। ਇਨ੍ਹਾਂ ਪਲਾਂ ਬਾਰੇ ਪੇਸੋਆ ਲਿਖਦਾ ਹੈ,”ਇੱਕ ਅਬੁੱਝ-ਜਿਹੀ ਬੇਹੋਸ਼ੀ ‘ਚ ਮੈਂ ਇਹ ਕਵਿਤਾਵਾਂ  ਲਿਖੀਆਂ। ਉਹ ਮੇਰੀ ਜ਼ਿੰਦਗੀ ਦਾ ਜੇਤੂ ਦਿਨ ਸੀ ਤੇ ਉਹੋ ਜਿਹਾ ਕੁਝ ਹੁਣ ਮਹਿਸੂਸ ਕਰਨਾ ਅਸੰਭਵ ਹੈ। ਮੈਂ ‘ਮੈਂ ਆਜੜੀ ਹਾਂ’ ਦੇ ਸਿਰਲੇਖ ਤੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਕਿਸੇ ਦੀ ਆਤਮਾ ਮੇਰੇ ਅੰਦਰ ਚਲੀ ਗਈ ਜਿਸਨੂੰ ਮੈਂ ਤੁਰੰਤ ‘ਅਲਬੇਤਰੋ ਕਾਇਰੋ’ ਦਾ ਨਾਂ ਦਿੱਤਾ। ਅਗਲੀਆਂ ਛੇ ਕਵਿਤਾਵਾਂ ਖੁਦ ਪੇਸੋਆ ਨੇ ਰਚੀਆਂ- ਕਾਇਰੋ ਦੀ ਮੌਜੂਦਗੀ ਨਾਲ ਸੰਘਰਸ਼ ਕਰਦਿਆਂ ਪਰ ਕਾਇਰੋ ਦੇ ਹੋਰ ਵੀ ਚੇਲੇ ਸਨ- ਉਨ੍ਹਾਂ ‘ਚੋਂ ਇੱਕ ‘ਰਿਕਾਰਦੋ ਰਾਇਸ’ ਨੇ ਅਗਲੀਆਂ ਕਵਿਤਾਵਾਂ ਲਿਖੀਆਂ। ਫੇਰ ਚੌਥੇ ਸ਼ਖ਼ਸ ਨੇ ਸਾਹਮਣੇ ਆ ਇੱਕ ਕਵਿਤਾ ਲਿਖੀ। ਇਸ ਸ਼ਖ਼ਸ ਦਾ ਨਾਂ ਸੀ ‘ਆਲਵਰੋ ਦ ਕਾਮਪੋਸ’।” ਬਾਅਦ ਵਿੱਚ ਫਰਨਾਦੋ ਨੇ ਇਨ੍ਹਾਂ ਕਵੀਆਂ ਦੇ ਬਕਾਇਦਾ ਰੇਖਾ ਚਿੱਤਰ ਲਿਖੇ ਤੇ ਜਨਮ ਕੁੰਡਲੀਆਂ ਬਣਾਈਆਂ। ਉਹ ਇਨ੍ਹਾਂ ਕਵੀਆਂ ਦੇ ਅਪਣੇ ਅੰਦਰੋਂ ਆਪਸੀ ਸੰਵਾਦ ਸੁਣਨ ਦਾ ਦਾਅਵਾ ਕਰਦਾ, ਇਨ੍ਹਾਂ ਕਵੀਆਂ ਦੇ  ਅੰਤਰ-ਸਬੰਧਾਂ ਤੇ ਵਿਰੋਧਾਭਾਸ ਦੀ ਗੱਲ ਇਨ੍ਹਾਂ ਦੇ ਰੇਖਾ-ਚਿੱਤਰਾਂ ਵਿੱਚ ਵੀ ਕਰਦਾ ਹੈ। ਫਰਨਾਦੋ ਪੇਸੋਆ ਨੂੰ ਮਹਾਨ ਆਧੁਨਿਕ ਕਵੀ ਐਲਾਨ ਚੁੱਕੇ ‘ਪਰੇਸੇਂਸਾ’ ਮੈਗਜ਼ੀਨ ਦੇ ਦੋ ਸੰਪਾਦਕ ਉਸ ਨਾਲ ਮੁਲਾਕਾਤ ਤੋਂ ਬਾਅਦ ਇਹੀ ਮੰਨਦੇ ਰਹੇ ਕਿ ਉਹ ਪੇਸੋਆ ਨੂੰ ਨਹੀਂ ਸਗੋਂ ਅਲਵਾਰੋ ਦ ਕਾਮਪੋਸ ਨੂੰ ਮਿਲੇ ਸਨ। ਕੁਝ ਸਮੇਂ ਬਾਅਦ ‘ਆਲਵਰੋ ਦ ਕਾਮਪੋਸ’ ਪੇਸੋਆ ਲਈ ਫਰੈਂਕਸਟਾਈਨ ਬਣ ਗਿਆ। ਫਰਨਾਦੋ ਪੇਸੋਆ ਨੇ ਅਲਵਾਰੋ ਦ ਕਾਮਪੋਸ ਦੇ ਰੂਪ ਵਿੱਚ ਵਿਚਰਦਿਆਂ ਫਰਨਾਦੋ ਪੇਸੋਆ ਦੇ ਲਿਖੇ ਇਕੋ-ਇਕ ਨਾਟਕ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਪੁਰਤਗਾਲੀ ਚਿੱਤਰਕਾਰ ਆਲਮਾਦਾ ਨੇਗਰੇਇਰੋਸ ਨੇ ਪੇਸੋਆ ਦੇ ਲਿਖੇ ਰੇਖਾ-ਚਿੱਤਰ ‘ਤੇ ਅਧਾਰਿਤ ਆਲਵਰੋ ਦ ਕਾਮਪੋਸ ਦਾ ਪੋਟਰੇਟ ਬਣਾਇਆ ਜੋ ਲਿਬਸਨ ਯੂਨੀਵਰਸਿਟੀ ਦੇ ਸਾਹਿਤ ਵਿਭਾਗ ਦੇ ਬਾਹਰ ਲੱਗਿਆ ਹੋਇਆ ਹੈ। ਫਰਨਾਦੋ ਪੇਸੋਆ ਦੀਆਂ ਕਾਮਪੋਸ ਦੇ ਨਾਂ ਹੇਠ ਲਿਖੀਆਂ ਲੰਮੀਆਂ ਕਵਿਤਾਵਾਂ ‘ਤੰਬਾਕੂ ਦੀ ਦੁਕਾਨ’ ਤੇ ‘ਅਫ਼ੀਮਚੀ’ ਪੁਰਤਗਾਲੀ ਸਾਹਿਤ ਦੀਆਂ ਸ਼ਾਹਕਾਰ ਕਵਿਤਾਵਾਂ ਹਨ। ਫਰਨਾਦੋ ਪੇਸੋਆ, ਕਾਮਪੋਸ ਨੂੰ ਅਪਣਾ ਸਭ ਤੋਂ ਨੇੜਲਾ ਦੋਸਤ ਤੇ ਅਲਬੇਤਰੋ ਕਾਇਰੋ ਨੂੰ ਗੁਰੂ ਮੰਨਦਾ ਸੀ। ਪੇਸੋਆ ਦੇ ਸਿਰਜੇ ਹੋਰ ਹੈਟਰੋਨਿਮ ਸਨ- ਚਾਰਲਸ ਰਾਬਟਰ ਅਨੋਨ, ਅਲੇਕਜੇਂਡਰ ਸਰਚ, ਬਨੋਦਰੋ ਸੋਆਰੇਸ ਆਦਿ। ਵਾਲਟ ਵਿਟਮੈਨ, ਉਮਰ ਖ਼ਿਆਮ ਅਤੇ ਅਪਣੇ ਸਮਕਾਲੀ ਕਵੀ ਆਂਤੋਨਿਓ ਬੋਟੇ ਦੇ ਪ੍ਰਸ਼ੰਸਕ ਫਰਨਾਦੋ ਪੇਸੋਆ ਦੇ ਆਖਰੀ ਸ਼ਬਦ ਸਨ — ‘I know not what to-morrow will bring’

ਫਰਨਾਦੋ ਪੇਸੋਆ ਦੀਆਂ ਵੱਖ-ਵੱਖ ਕਵੀਆਂ (ਹੈਟਰੋਨਿਮ)
ਦੇ ਨਾਂ ਹੇਠ ਪ੍ਰਕਾਸ਼ਿਤ ਹੋਈਆਂ 8 ਕਵਿਤਾਵਾਂ

ਪੰਜਾਬੀ ਰੂਪ : ਤਨਵੀਰ

 

ਹੈਟਰੋਨਿਮ ਅਲਬੇਤਰੋ ਕਾਇਰੋ ਦੀਆਂ ਤਿੰਨ ਕਵਿਤਾਵਾਂ

ਮੇਰਾ ਕੋਈ ਦਰਸ਼ਨ ਨਹੀਂ ਹੈ

 

ਸੂਰਜਮੁਖੀ ਵਾਂਗ ਸਾਫ਼ ਹੈ ਮੇਰੀ ਨਜ਼ਰ

ਮੈਂ ਅਕਸਰ ਰਸਤੇ ‘ਤੇ ਚਲਦਾ

ਕਦੇ ਸੱਜੇ ਤੇ ਕਦੇ ਖੱਬੇ ਦੇਖਦਾ ਹਾਂ

ਤੇ ਕਦੇ-ਕਦੇ ਅਪਣੇ ਪਿਛੇ

ਜੋ ਕੁਝ ਮੈਂ ਦੇਖਦਾ ਹਾਂ ਹਰ ਛਿਣ

ਉਹ ਅਜਿਹਾ ਹੁੰਦਾ ਹੈ

ਜਿਸਨੂੰ ਮੈਂ ਪਹਿਲਾਂ ਨਹੀਂ ਦੇਖਿਆ ਹੁੰਦਾ

ਮੈਂ ਬਹੁਤ ਕਾਬਲ ਹਾਂ

ਅਜਿਹੀਆਂ ਚੀਜ਼ਾਂ ‘ਤੇ ਧਿਆਨ ਦੇਣ ਲਈ

ਜਾਣਦਾ ਹਾਂ ਉਸ ਅਸਲੀ ਅਸਚਰਜ ਨੂੰ

ਕਿਵੇਂ ਮਹਿਸੂਸ ਕਰਿਆ ਜਾਵੇ

ਜਿਸਨੂੰ ਮਹਿਸੂਸ ਕਰਦਾ ਹੈ

ਪੈਦਾ ਹੋਣ ‘ਤੇ ਨਵਜਾਤ ਬੱਚਾ

ਜੇ ਉਹ ਪੈਦਾ ਹੋ ਚੁਕਿਆ ਹੈ—

ਮੈਨੂੰ ਲੱਗਦਾ ਹੈ ਜਿਵੇਂ

ਮੈਂ ਹਰ ਪਲ ਨਵਾਂ ਜਨਮ ਲੈ ਰਿਹਾ ਹਾਂ

ਇਸ ਦੁਨੀਆ ਦੇ ਅਨੰਤ ਨਵੇਂਪਣ ਵਿਚ

ਮੈਨੂੰ ਵਿਸ਼ਵਾਸ ਹੈ ਕਿ ਦੁਨੀਆ ਫੁੱਲ ਵਾਂਗ ਹੈ

ਕਿਉਂਕਿ ਮੈਂ ਇਸ ਨੂੰ ਦੇਖਦਾ ਹਾਂ–

ਇਸ ਬਾਰੇ ਸੋਚਦਾ ਨਹੀਂ

ਕਿਉਂਕਿ ਸੋਚਣਾ, ਸਮਝਣਾ ਨਹੀਂ ਹੁੰਦਾ

ਦੁਨੀਆ ਇਸ ਲਈ ਨਹੀਂ ਬਣਾਈ ਗਈ ਸੀ

ਕਿ ਅਸੀਂ ਉਸ ਬਾਰੇ ਸੋਚੀਏ

(ਨਜ਼ਰ ਦੀ ਬਿਮਾਰੀ ਹੈ ਸੋਚਣਾ)

ਇਹ ਇਸ ਲਈ ਬਣਾਈ ਗਈ ਸੀ

ਕਿ ਅਸੀਂ ਇਸਨੂੰ ਦੇਖੀਏ

ਤੇ ਇਸ ਨਾਲ ਤਾਰ ਬਿਠਾਈਏ

ਮੇਰਾ ਕੋਈ ਦਰਸ਼ਨ ਨਹੀਂ ਹੈ, ਮੇਰੇ ਕੋਲ ਇੰਦਰੀਆਂ ਹਨ

ਜੇ ਮੈਂ ਪ੍ਰਕਿਤੀ ਦੀ ਗੱਲ ਕਰਦਾਂ ਹਾਂ ਤਾਂ ਇਸ ਲਈ ਨਹੀਂ

ਕਿ ਮੈਂਨੂੰ ਪਤਾ ਹੈ ਪ੍ਰਕਿਤੀ ਕੀ ਹੈ

ਪਰ ਇਸ ਲਈ ਕਿ ਮੈਂ ਇਸ ਨੂੰ ਪਿਆਰ ਕਰਦਾ ਹਾਂ

ਤੇ ਇਸ ਲਈ ਮੈਂ ਇਸ ਨੂੰ ਪਿਆਰ ਕਰਦਾ ਹਾਂ ਕਿਉਂਕਿ

ਪ੍ਰੇਮੀ ਨਹੀਂ ਜਾਣਦਾ ਉਹ ਕਿਸਨੂੰ ਪਿਆਰ ਕਰਦਾ ਹੈ

ਕਿਉਂ ਕਰਦਾ ਹੈ ਪਿਆਰ ਤੇ ਪਿਆਰ ਕੀ ਹੁੰਦਾ ਹੈ

–ਇੱਕ ਅਮਰ ਨਿਰਛਲਤਾ ਹੈ ਪਿਆਰ ਕਰਨਾ

ਤੇ ਨਾ ਸੋਚਣਾ ਹੀ ਇਕਲੌਤੀ ਨਿਰਛਲਤਾ

ਪ੍ਰਮਾਤਮਾ ਬਾਰੇ ਸੋਚਣਾ

ਪ੍ਰਮਾਤਮਾ ਬਾਰੇ ਸੋਚਣਾ ਉਸ ਨੂੰ ਅਣਗੌਲਿਆਂ ਕਰਨਾ ਹੈ

ਕਿਉਂਕਿ ਪ੍ਰਮਾਤਮਾ ਚਾਹੁੰਦਾ ਹੈ ਅਸੀਂ ਉਸ ਬਾਰੇ ਨਾ ਜਾਣੀਏ

ਇਸੇ ਲਈ ਉਸਨੇ ਅਪਣੇ ਆਪ ਨੂੰ

ਸਾਡੇ ਸਨਮੁੱਖ ਪ੍ਰਗਟ ਨਹੀਂ ਕੀਤਾ

ਚਲੋ, ਸ਼ਾਂਤ ਤੇ ਸਧਾਰਨ ਹੋਇਆ ਜਾਵੇ

ਚਲੋ, ਰੁੱਖ ਤੇ ਨਦੀ ਹੋਇਆ ਜਾਵੇ

ਤੇ ਇਸ ਲਈ ਪ੍ਰਮਾਤਮਾ ਸਾਨੂੰ ਪਿਆਰ ਕਰੂਗਾ

ਸਾਨੂੰ ਨਦੀਆਂ ਤੇ ਰੁੱਖਾਂ ਜਿਹਾ ਖੂਬਸੂਰਤ ਬਣਾ ਦੇਊਗਾ

ਤੇ ਸਾਨੂੰ ਬਸੰਤ ਜਿਹੀ ਹਰਿਆਲੀ ਦੇਊਗਾ

ਤੇ ਜਾਣ ਲਈ ਇੱਕ ਨਦੀ

ਜਦੋਂ ਸਾਡਾ ਇਥੇ ਕੰਮ ਖਤਮ ਹੋ ਜਾਊਗਾ

ਚਿੜੀਆਂ ਦੀ ਉਡਾਰੀ

ਬੇਹਤਰ ਹੁੰਦੀ ਹੈ ਚਿੜੀਆਂ ਦੀ ਉਡਾਰੀ

ਜੋ ਕੋਈ ਨਿਸ਼ਾਨ ਨਹੀਂ ਛੱਡਦੀ

ਬਜਾਏ ਗੁਜ਼ਰਦੇ ਪ੍ਰਾਣੀਆਂ ਤੋਂ, ਜੋ ਪਿਛੇ ਨਿਸ਼ਾਨ ਛੱਡ ਜਾਂਦੇ ਨੇ

ਚਿੜੀਆਂ ਗੁਜ਼ਰ ਜਾਂਦੀਆਂ ਹਨ ਭੁੱਲ ਜਾਂਦੀਆਂ ਹਨ-

ਜਿਵੇਂ ਹੋਣਾ ਚਾਹੀਦਾ ਹੈ

ਪ੍ਰਾਣੀ ਜੋ ਹੁਣ ਉਥੇ ਨਹੀਂ ਹੈ

ਇਸ ਲਈ ਪੂਰੀ ਤਰ੍ਹਾਂ ਬੇਕਾਰ ਹੈ

ਦਿਖਾਉਂਦਾ ਹੈ ਕਿ ਉਹ ਉਥੇ ਸੀ-

ਇਹ ਵੀ ਪੂਰੀ ਤਰ੍ਹਾਂ ਬੇਕਾਰ ਹੈ

ਯਾਦ ਰੱਖਣਾ, ਪ੍ਰਕ੍ਰਿਤੀ ਨਾਲ ਦਗਾ ਕਰਨਾ ਹੈ

ਕਿਉਂਕਿ ਬੀਤ ਚੁੱਕੇ ਕੱਲ ਦੀ ਪ੍ਰਕ੍ਰਿਤੀ,

ਪ੍ਰਕ੍ਰਿਤੀ ਨਹੀਂ ਹੁੰਦੀ

ਜੋ ਬੀਤ ਗਿਆ ਹੈ ਉਹ ਕੁਝ ਨਹੀਂ ਹੈ ਤੇ

ਯਾਦ ਕਰਨਾ ਨਾ ਦੇਖਣਾ ਹੁੰਦਾ ਹੈ

ਉਡੋ ਚਿੜੀਓ, ਦੂਰ ਉੱਡ ਜਾਓ,

ਮੈਨੂੰ ਸਿਖਾਓ ਅਦ੍ਰਿਸ਼ ਹੋਣਾ

 

ਹੈਟਰੋਨਿਮ ਰਿਕਾਰਦੋ ਰਾਇਸ ਦੀਆਂ ਪੰਜ ਕਵਿਤਾਵਾਂ

 

ਮੈਂ ਦੇਵਤਿਆਂ ਤੋਂ ਬਸ ਇਹੀ ਮੰਗਦਾ

ਮੈਂ ਦੇਵਤਿਆਂ ਤੋਂ ਬੱਸ ਇਹੀ ਮੰਗਦਾ ਹਾਂ

ਕਿ ਮੈਂ ਉਨ੍ਹਾਂ ਤੋਂ ਕੁਝ ਨਹੀਂ ਮੰਗਦਾ

ਪ੍ਰਸੰਨਤਾ ਇੱਕ ਬੋਝ ਹੈ

ਚੰਗੀ ਕਿਸਮਤ ਜੂਆ ਹੈ

ਦੋਵੇਂ ਇੱਕ ਬੇਹੱਦ ਸੁਰਖਿਅਤ ਸਥਿਤੀ

ਦੀ ਗੱਲ ਕਰਦੇ ਹਨ

ਨਾ ਸ਼ਾਂਤ ਨਾ ਅਸ਼ਾਂਤ

ਮੈਂ ਅਰਾਮ ਨਾਲ ਜਿਉਂਗਾ

ਇਸ ਸਥਿਤੀ ਤੋਂ ਪਰ੍ਹੇ

ਜਿਸ ਵਿਚ ਲੋਕ ਖੁਸ਼ ਅਤੇ ਦੁਖੀ ਹੁੰਦੇ ਨੇ

 

 

 

 

 

 

 

 

 

 

 

 

ਮਹਾਨ ਹੋਣਾ, ਸੰਪੂਰਨ ਹੋਣਾ ਹੈ

ਮਹਾਨ ਹੋਣਾ, ਸੰਪੂਰਨ ਹੋਣਾ ਹੈ

ਕਿਸੇ ਵੀ ਚੀਜ਼ ਨੂੰ ਨਾ ਛੱਡਣਾ

ਨਾ ਕਿਸੇ ਅਜਿਹੀ ਚੀਜ਼ ਦੀ ਪ੍ਰਸ਼ੰਸਾ ਕਰਨਾ ਜੋ ਅਸੀਂ ਨਹੀਂ ਹਾਂ

ਹਰ ਚੀਜ਼ ‘ਚ ਸੰਪੂਰਨ ਹੋਣਾ

ਛੋਟੇ ਤੋਂ ਛੋਟੇ ਕੰਮ ਵਿੱਚ ਅਪਣਾ ਸਭ ਕੁਝ ਲਾ ਦਿਓ

ਸਾਰਾ ਚੰਨ ਚਮਕਦਾ ਹੈ ਹਰੇਕ ਤਾਲਾਬ ‘ਤੇ

ਅਤੇ ਉਹ ਚਲਦਾ ਹੈ ਸਭ ਤੋਂ ਉਪਰ

ਕੁਝ ਨਹੀਂ ਬਣਦਾ ਕੁਝ ਨਹੀਂ ਤੋਂ

ਕੁਝ ਨਹੀਂ ਬਣਦਾ ਕੁਝ ਨਹੀਂ ਤੋਂ; ਅਸੀਂ ਕੁਝ ਨਹੀਂ ਹਾਂ

ਸੂਰਜ ਅਤੇ ਹਵਾ ਦੇ ਵਿਚ

ਥੋੜੇ ਚਿਰ ਲਈ ਅਸੀਂ ਸਥਾਪਤ ਕਰ ਦਿੰਦੇ ਹਾਂ

ਸਾਹ ਘੁਟਣ ਵਾਲੇ ਹਨੇਰੇ ਨੂੰ ਜੋ ਸਾਨੂੰ ਦਬਾਉਂਦਾ ਹੈ

ਤੇ ਜੋ ਇਹ ਧਰਤੀ ਮਾਂ ਸਾਡੇ ‘ਤੇ ਲੱਦ ਦਿੰਦੀ ਹੈ

ਉਹ ਸਥਾਪਤ ਵੰਸ਼ ਵਧਾਉਂਦੀਆਂ ਮ੍ਰਿਤ ਦੇਹਾਂ

ਬਣਾਏ ਹੋਏ ਨਿਯਮ, ਪਾਲੇ ਹੋਏ ਕਨੂੰਨ,

ਖ਼ਤਮ ਕੀਤੀਆਂ ਕਵਿਤਾਵਾਂ

ਹਰ ਕਿਸੇ ਨੂੰ ਉਚਿਤ ਕਬਰ ਮਿਲਦੀ ਹੈ

ਜੇ ਅਸੀਂ ਵੀ

ਜਿਨ੍ਹਾਂ ਨੂੰ ਦੋਸਤਾਨਾ ਸੂਰਜ ਖੂਨ ਪ੍ਰਦਾਨ ਕਰਦਾ ਹੈ

ਅਪਣੇ ਅੰਤ ਤੱਕ ਪਹੁੰਚ ਜਾਂਦੇ ਹਾਂ

ਤਾਂ ਉਹ ਕਿਉਂ ਨਹੀਂ ਪਹੁੰਚਣਗੇ ?

ਅਸੀਂ ਕਹਾਣੀਆਂ ਸੁਣਾਉਂਦੀਆਂ ਹੋਈਆਂ ਕਹਾਣੀਆਂ ਹਾਂ ਬੱਸ

ਸਿਰਫ਼ ਉਹ ਹੀ ਨਹੀਂ

ਸਿਰਫ਼ ਉਹ ਹੀ ਨਹੀਂ

ਜੋ ਸਾਨੂੰ ਨਫ਼ਰਤ ਅਤੇ ਈਰਖਾ ਕਰਦੇ ਨੇ

ਸਾਨੂੰ ਸੀਮਾਵਾਂ ਵੀ ਕੁਚਲਦੀਆਂ ਨੇ,

ਜੋ ਸਾਨੂੰ ਪਿਆਰ ਕਰਦੇ ਨੇ

ਉਹ ਵੀ ਘੱਟ ਸੀਮਤ ਨਹੀਂ ਕਰਦੇ

ਕਾਸ਼! ਰੱਬ ਮੈਨੂੰ ਅਜਿਹਾ ਵਰ ਦੇਵੇ

ਕਿ ਹਰ ਮੋਹ ਤੋਂ ਬਚ ਕੇ ਮੈਂ

ਉੱਚੀਆਂ ਚੋਟੀਆਂ ਦੀ ਠੰਢੀ ਆਜ਼ਾਦੀ ਮਾਣ ਸਕਾਂ

ਬਗੈਰ ਕਿਸੇ ਚੀਜ਼ ਤੋਂ

ਜਿਸ ਦੀਆਂ ਜ਼ਰੂਰਤਾਂ ਘੱਟ ਹੁੰਦੀਆਂ ਨੇ,

ਉਸਦੇ ਕੋਲ ਸਭ ਕੁਝ ਹੁੰਦਾ ਹੈ

ਤੇ ਜਿਸਦੀ ਕੋਈ ਜ਼ਰੂਰਤ ਨਹੀਂ ਹੁੰਦੀ, ਉਹ ਆਜ਼ਾਦ ਹੁੰਦਾ ਹੈ

ਸਭ ਕੁਝ ਕੋਲ ਹੋਣ ਅਤੇ ਕੁਝ ਨਾ ਚਾਹੁਣ ਵਿਚ

ਆਦਮੀ ਦੇਵਤਿਆਂ ਵਰਗਾ ਹੁੰਦਾ ਹੈ

ਰਾਖ਼ ਜਿਹਾ ਸਲੇਟੀ

ਰਾਖ਼ ਜਿਹਾ ਸਲੇਟੀ ਘੁਲਦਾ ਜਾਂਦਾ ਹੈ

ਫਿੱਕੇ ਪੈਂਦੇ ਜਾਂਦੇ ਜਵਾਨੀ ਦੇ ਰੰਗ ਵਿਚ

ਜੋ ਮੈਂ ਸੀ ਤੇ ਜਿਸ ਨੂੰ ਮੈਂ ਖੋ ਦਿੱਤਾ

ਹੋਰ ਘੱਟ ਗਈ ਹੈ ਅੱਖਾਂ ਦੀ ਚਮਕ

ਮੇਰੇ ਬੁੱਲ੍ਹਾਂ ਲਈ ਨਹੀਂ ਬਚਿਆ ਚੁੰਮਣ ਦਾ ਹੱਕ

ਜੇ ਸਿਰਫ ਪਿਆਰ ਲਈ ਤੂੰ ਮੈਨੂੰ ਪਿਆਰ ਕਰਦੀ ਐਂ

ਤਾਂ ਰੋਕ ਦੇ ਪਿਆਰ ਕਰਨਾ:

ਤੂੰ ਮੈਥੋਂ ਹੀ ਦਿੰਨੀ ਐਂ ਮੈਨੂੰ ਦਗਾ।

 

Leave a Reply

Your email address will not be published. Required fields are marked *