ਨਾਮਵਰ ਪੰਜਾਬੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਦੇਹਾਂਤ

ਅੰਮ੍ਰਿਤਸਰ (ਨਦਬ): ਲਹਿੰਦੇ ਪੰਜਾਬ ਦੇ ਉੱਘੇ ਲੇਖਕ ਅਫਜ਼ਲ ਅਹਿਸਨ ਰੰਧਾਵਾ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਲਾਇਲਪੁਰ ‘ਚ 18 ਸਤੰਬਰ ਤੜਕੇ 1.17 ਵਜੇ ਆਖਰੀ ਸਾਹ ਲਿਆ। ਸ੍ਰੀ ਰੰਧਾਵਾ ਦਾ ਜਨਮ 1 ਸਤੰਬਰ, 1937 ਨੂੰ ਅੰਮ੍ਰਿਤਸਰ ‘ਚ ਹੋਇਆ ਸੀ ਅਤੇ ਬਟਵਾਰੇ ਬਾਅਦ ਉਹ ਪਾਕਿਸਤਾਨ ਦੇ ਫੈਸਲਾਬਾਦ ਜਾ ਵਸੇ। ਉਨ੍ਹਾਂ ਦੀਆਂ ਵੀਹ ਤੋਂ ਵੱਧ ਪੁਸਤਕਾਂ ਹਨ। ਇਹ ਸਾਰੀਆਂ ਪੁਸਤਕਾਂ ਸ਼ਾਹਮੁਖੀ ਤੋਂ ਇਲਾਵਾ ਪੰਜਾਬੀ ‘ਚ ਵੀ ਛਪੀਆਂ ਹਨ।
ਉਨ੍ਹਾਂ ਦੇ ਚਾਰ ਨਾਵਲ ਦੀਵਾ ਤੇ ਦਰਿਆ (1961), ਦੁਆਬਾ (1981), ਸੂਰਜ ਗ੍ਰਹਿਣ (1989) ਅਤੇ ਪੰਧ (2001) ਹਨ। ਤਲਵਾਰ ਤੇ ਘੋੜਾ (1973), ਮੁੰਨਾ ਕੋਹ ਲਾਹੌਰ (1989) ਕਹਾਣੀ ਸੰਗ੍ਰਹਿ ਹਨ। ਉਨ੍ਹਾਂ ਦੇ ਪੰਜ ਕਾਵਿ-ਸੰਗ੍ਰਹਿ ਹਨ, ਜਿਨ੍ਹਾਂ ‘ਚ ਸ਼ੀਸ਼ਾ ਇਕ ਤੇ ਲਿਸ਼ਕਾਰੇ ਦੋ (1965), ਰਾਤ ਦੇ ਚਾਰ ਸਫ਼ਰ (1975), ਪੰਜਾਬੀ ਵਾਰ (1979), ਮਿੱਟੀ ਦੀ ਮਹਿਕ (1983) ਅਤੇ ਪਿਆਲੀ ਵਿੱਚ ਅਸਮਾਨ (1983) ਸ਼ਾਮਲ ਹਨ। ਉਨ੍ਹਾਂ ਦੀਆਂ ਦੋ ਪੁਸਤਕਾਂ ਉਰਦੂ ਸਾਹਿਤ ਦੀਆਂ ਵੀ ਹਨ।
ਜਨਾਬ ਰੰਧਾਵਾ ਲਹਿੰਦੇ ਪੰਜਾਬ ਦੇ ਉਘੇ ਸਿਆਸਤਦਾਨਾਂ ‘ਚ ਸ਼ੁਮਾਰ ਸਨ। ਫੈਸਲਾਬਾਦ ਹਾਈ ਕੋਰਟ ‘ਚ ਉਹ ਲੰਬਾ ਸਮਾਂ ਸੀਨੀਅਰ ਵਕੀਲ ਰਹੇ। ਉਹ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੀ ਰਹੇ। 1984 ‘ਚ ਸਾਕਾ ਨੀਲਾ ਤਾਰਾ ‘ਤੇ ਉਨ੍ਹਾਂ ਨੇ ਦੁੱਖ ਪ੍ਰਗਟਾਇਆ ਸੀ ਅਤੇ ਇਸ ਸਬੰਧੀ ਕਵਿਤਾ ‘ਨਵਾਂ ਘੱਲੂਘਾਰਾ’ ਲਿਖੀ ਸੀ, ਜੋ ਕਾਫੀ ਚਰਚਿਤ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਸ੍ਰੀ ਰੰਧਾਵਾ ਸਾਂਝੇ ਪੰਜਾਬ ਦੀ ਖੂਬਸੂਰਤ ਨਿਸ਼ਾਨੀ ਸਨ ਅਤੇ ਪੰਜਾਬੀ ਦੇ ਇਸ ਮੁਦੱਈ ਦਾ ਅਦਬੀ ਕੱਦ ਉਸ ਦੇ ਸਰੀਰਕ ਕੱਦ ਨਾਲੋਂ ਕਿਤੇ ਉੱਚਾ ਸੀ।
ਪਾਕਿਸਤਾਨੀ ਪੰਜਾਬੀ ਸਾਹਿਤ ‘ਤੇ ਪੀਐਚਡੀ ਕਰਨ ਵਾਲੇ ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਸ੍ਰੀ ਰੰਧਾਵਾ ਪਾਕਿਸਤਾਨ ਦੇ ਪਹਿਲੇ ਸ਼ਖ਼ਸ ਸਨ, ਜਿਨ੍ਹਾਂ ਨੇ ਪੰਜਾਬ ਦੇ ਸਾਂਝੇ ਸਭਿਆਚਾਰ ਬਾਰੇ ਲਿਖਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਨਾਵਲਾਂ ਦੇ ਬਹੁਤੇ ਕਿਰਦਾਰ ਸਿੱਖ ਸਨ।