ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣੀ ਹੋਵੇਗੀ ਹੋਰ ਸੌਖਾਲੀ

ਬਰੈਂਪਟਨ : ਕੈਨੇਡਾ ਨੇ ਆਪਣੇ ਇੰਮੀਗ੍ਰੇਸ਼ਨ ਨਿਯਮਾਂ ‘ਚ ਸੁਧਾਰ ਕਰਦਿਆਂ ਇਥੋਂ ਦੀ ਸਿਟੀਜ਼ਨਸ਼ਿਪ ਚਾਹੁਣ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਬਰੈਂਪਟਨ ਦੇ ਸਿਟੀ ਹਾਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਐਲਾਨ ਕਰਦਿਆਂ ਕਿਹਾ ਕਿ ਨਵੇਂ ਨਿਯਮਾਂ ਮੁਤਾਬਕ ਜਿਨ੍ਹਾਂ ਕੋਲ ਕੈਨੇਡਾ ਦੀ ਪੀ.ਆਰ. ਹੈ ਤੇ ਪਿੱਛਲੇ ਪੰਜ ਸਾਲਾਂ ਦੀ ਸਮਾਂ ਹੱਦ ‘ਚੋਂ ਤਿੰਨ ਸਾਲ ਉਨ੍ਹਾਂ ਨੇ ਕੈਨੇਡਾ ‘ਚ ਬਿਤਾਏ ਹਨ, ਉਹ 11 ਅਕਤੂਬਰ ਤੋਂ ਕੈਨੇਡੀਅਨ ਨਾਗਰਿਕਤਾ ਦੀ ਅਰਜ਼ੀ ਦੇ ਸਕਦੇ ਹਨ।
ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਸੋਧੇ ਹੋਏ ਸਿਟੀਜ਼ਨਸ਼ਿਪ ਨਿਯਮਾਂ ਤਹਿਤ 55 ਸਾਲ ਤੋਂ ਵੱਧ ਉਮਰ ਦੇ ਬਿਨੈਕਾਰਾਂ ਨੂੰ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਭਾਸ਼ਾ ਤੇ ਗਿਆਨ ਟੈਸਟਾਂ ਦੀ ਵੀ ਛੋਟ ਦਿੱਤੀ ਗਈ ਹੈ। ਦੱਸਣ ਯੋਗ ਹੈ ਕਿ ਨਵੀਂ ਚੁਣੀ ਗਈ ਲਿਬਰਲ ਸਰਕਾਰ ਨੇ ਪਿਛਲੀ ਕੰਜ਼ਰਵੇਟਿਵ ਸਰਕਾਰ ਵਲੋਂ ਸਿਟੀਜ਼ਨਸ਼ਿਪ ਹਾਸਲ ਕਰਨ ਦੇ ਸਖਤ ਨਿਯਮਾਂ ਨੂੰ ਸੌਖਾਲਾ ਕਰਨ ਲਈ ਮਾਰਚ 2016 ‘ਚ ਬਿੱਲ ਸੀ-6 ਪੇਸ਼ ਕੀਤਾ ਸੀ, ਜਿਸ ਦਾ ਸੰਭਾਵੀ ਬਿਨੈਕਾਰਾਂ ਨੇ ਨਿੱਘਾ ਸਵਾਗਤ ਕੀਤਾ ਸੀ। ਹੁਣ ਅਗਲੇ ਹਫਤੇ ਨਵੀਂਆਂ ਸੋਧਾਂ ਲਾਗੂ ਹੋ ਜਾਣਗੀਆਂ, ਜਿਨ੍ਹਾਂ ਨਾਲ ਬਿਨੈਕਾਰਾਂ ਨੂੰ ਲਾਭ ਮਿਲੇਗਾ।
ਨਵੇਂ ਨਿਯਮ ਲਾਗੂ ਹੋਣ ਨਾਲ ਵੱਡੀ ਗਿਣਤੀ ‘ਚ ਅਰਜ਼ੀਆਂ ਆਉਣ ਦੀ ਉਮੀਦ ਹੈ, ਕਿਉਂਕਿ ਪਿੱਛਲੀ ਹਾਰਪਰ ਸਰਕਾਰ ਵੇਲੇ ਸਿਟੀਜ਼ਨ ਨਿਯਮਾਂ ‘ਚ ਸਖਤੀ ਕਾਰਨ ਇਸ ‘ਚ ਵੱਡੀ ਗਿਰਾਵਟ ਆਈ ਸੀ। ਹਾਰਪਰ ਸਰਕਾਰ ਵੇਲੇ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਸਮਾਂ ਹੱਦ 6 ਸਾਲਾਂ ‘ਚੋਂ 4 ਸਾਲ ਕੈਨੇਡਾ ‘ਚ ਰਹਿਣਾ ਲਾਜ਼ਮੀ ਸੀ ਤੇ 14 ਤੋਂ 64 ਸਾਲ ਦੇ ਪੱਕੇ ਨਾਗਰਿਕਾਂ ਲਈ ਸਿਟੀਜ਼ਨਸ਼ਿਪ ਲੈਣ ਵਾਲੇ ਭਾਸ਼ਾ ਟੈਸਟ ਤੇ ਗਿਆਨ ਟੈਸਟ ਪਾਸ ਕਰਨਾ ਲਾਜ਼ਮੀ ਸੀ, ਜਿਸ ‘ਚ ਸੋਧ ਕਰਕੇ ਫੈਡਰਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ।
ਇਸ ‘ਤੇ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਪਿੱਛਲੀ ਸਰਕਾਰ ਵਲੋਂ ਲਾਈਆਂ ਗਈਆਂ ਬੇਲੋੜੀਆਂ ਰੁਕਾਵਟਾਂ ਨੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਸਰਕਾਰ ਨੇ ਇਨ੍ਹਾਂ ਸਖਤ ਨਿਯਮਾਂ ‘ਚ ਤਬਦੀਲੀਆਂ ਕੀਤੀਆਂ ਤੇ ਅਸੀਂ ਭਵਿੱਖ ‘ਚ ਵਧੀਆਂ ਨਤੀਜਿਆਂ ਲਈ ਉਤਸੁਕ ਹਾਂ।

Leave a Reply

Your email address will not be published. Required fields are marked *