ਉਲੰਪਿਕ ਖੇਡਾਂ-2024 ਪੈਰਿਸ ਤੇ 2028 ਲਾਸ ਏਂਜਲਸ ‘ਚ ਹੋਣਗੀਆਂ

ਪੇਰੂ : ਲੀਮਾ ‘ਚ ਹੋਏ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਜਨਰਲ ਸੈਸ਼ਨ ਨੇ ਸਰਬ ਸੰਮਤੀ ਨਾਲ 2024 ਦੀਆਂ ਉਲੰਪਿਕ ਖੇਡਾਂ ਪੈਰਿਸ ਤੇ 2028 ਦੀਆਂ ਉਲੰਪਿਕ ਖੇਡਾਂ ਲਾਸ ਏਂਜਲਸ ਨੂੰ ਅਲਾਟ ਕਰ ਦਿੱਤੀਆਂ ਹਨ। ਉਲੰਪਿਕ ਚਾਰਟਰ ਅਨੁਸਾਰ ਉਲੰਪਿਕ ਖੇਡਾਂ ਦਾ ਮੇਜ਼ਬਾਨ ਬਣਨ ਲਈ ਅਗਲੀ ਉਲੰਪਿਕ ਤੋਂ 9 ਸਾਲ ਪਹਿਲਾਂ ਸ਼ਹਿਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। 7 ਸਾਲ ਪਹਿਲਾਂ ਆਈ.ਓ.ਸੀ. ਦੇ ਸੈਸ਼ਨ ‘ਚ ਸ਼ਹਿਰ ਦੀ ਚੋਣ ਕੀਤੀ ਜਾਂਦੀ ਹੈ। ਮਸਲਨ 2020 ‘ਚ ਹੋਣ ਵਾਲੀਆਂ 32ਵੀਆਂ ਉਲੰਪਿਕ ਖੇਡਾਂ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਾਰੀਖ਼ 15 ਫਰਵਰੀ, 2012 ਸੀ। ਕੁੱਲ 5 ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ।
ਆਈ.ਓ.ਸੀ. ਦੇ ਮੁਲਾਂਕਣ ਕਮਿਸ਼ਨ ਤੇ ਕਾਰਜਕਾਰੀ ਬੋਰਡ ਨੇ ਮੁਢਲੇ ਮੁਲਾਂਕਣ ‘ਚ ਬਾਕੂ ਤੇ ਦੋਹਾ ਨੂੰ ਮੁਕਾਬਲੇ ‘ਚੋਂ ਬਾਹਰ ਕਰ ਦਿੱਤਾ ਸੀ। 3 ਸ਼ਹਿਰ ਇਸਤੰਬੋਲ, ਟੋਕੀਓ ਤੇ ਮੈਡਰਿਡ ਮੁਕਾਬਲੇ ‘ਚ ਰਹਿ ਗਏ ਸਨ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ 125ਵਾਂ ਸਾਲਾਨਾ ਸੈਸ਼ਨ 7-10 ਸਤੰਬਰ, 2013 ਨੂੰ ਬਿਊਨਸ ਏਅਰਜ਼ ‘ਚ ਹੋਇਆ ਸੀ। ਪਹਿਲੇ ਗੇੜ ‘ਚ ਟੋਕੀਓ ਨੂੰ 42, ਇਸਤੰਬੋਲ ਨੂੰ 26 ਤੇ ਮੈਡਰਿਡ ਨੂੰ 26 ਵੋਟਾਂ ਪਈਆਂ ਸਨ। ਦੂਜੇ ਗੇੜ ‘ਚ ਇਸਤੰਬੋਲ ਨੂੰ 49 ਤੇ ਮੈਡਰਿਡ ਨੂੰ 45 ਵੋਟਾਂ ਪਈਆਂ, ਜਿਸ ਨਾਲ ਮੈਡਰਿਡ ਮੁਕਾਬਲੇ ‘ਚੋਂ ਬਾਹਰ ਹੋ ਗਿਆ ਸੀ।
ਤੀਜਾ ਰਾਊਂਡ ਟੋਕੀਓ ਨੇ 60-36 ਵੋਟਾਂ ਨਾਲ ਜਿੱਤ ਲਿਆ, ਜਿਸ ਨਾਲ 2020 ਦੀਆਂ ਉਲੰਪਿਕ ਖੇਡਾਂ ਟੋਕੀਓ ਨੂੰ ਮਿਲ ਗਈਆਂ। ਇਉਂ 32ਵੀਆਂ ਉਲੰਪਿਕ ਖੇਡਾਂ 2020 ‘ਚ 2 ਤੋਂ 18 ਅਗਸਤ ਤੱਕ ਟੋਕੀਓ ‘ਚ ਹੋਣਗੀਆਂ।
2024 ਦੀਆਂ 33ਵੀਆਂ ਉਲੰਪਿਕ ਖੇਡਾਂ ਲਈ ਪੈਰਿਸ, ਹੈਮਬਰਗ, ਰੋਮ, ਬੁਡਾਪੈਸਟ ਤੇ ਲਾਸ ਏਂਜਲਸ ਨੇ ਅਰਜ਼ੀਆਂ ਦਿੱਤੀਆਂ ਸਨ। ਪਰ ਮੇਜ਼ਬਾਨ ਸ਼ਹਿਰ ਦੀ ਚੋਣ ਕਰਨ ਲਈ ਵੋਟਾਂ ਪੈਣ ਤੋਂ ਕਾਫੀ ਪਹਿਲਾਂ ਹੈਮਬਰਗ, ਰੋਮ ਤੇ ਬੁਡਾਪੈਸਟ ਮੁਕਾਬਲੇ ‘ਚੋਂ ਪਿੱਛੇ ਹਟ ਗਏ ਸਨ। ਮੁਕਾਬਲੇ ‘ਚ ਰਹਿ ਗਏ ਪੈਰਿਸ ਤੇ ਲਾਸ ਏਂਜਲਸ। ਮੁਕਾਬਲੇ ਦੀ ਥਾਂ ਦੋਵਾਂ ਸ਼ਹਿਰਾਂ ਨੇ ਮੁਲਾਂਕਣ ਕਮਿਸ਼ਨ ਅੱਗੇ ਸਹਿਮਤੀ ਪ੍ਰਗਟ ਕਰ ਦਿੱਤੀ ਕਿ 2024 ਦੀਆਂ ਉਲੰਪਿਕ ਖੇਡਾਂ ਪੈਰਿਸ ਕਰਾ ਲਵੇ ਅਤੇ 2028 ਦੀਆਂ ਖੇਡਾਂ ਲਾਸ ਏਂਜਲਸ ਕਰਾਉਣ ਲਈ ਤਿਆਰ ਹੈ।
ਉਲੰਪਿਕ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕੋ ਸਮੇਂ 33ਵੀਆਂ ਤੇ 34ਵੀਆਂ ਉਲੰਪਿਕ ਖੇਡਾਂ ਦੋ ਸ਼ਹਿਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਜਿਹਾ ਤਦ ਕਰਨਾ ਪਿਆ ਕਿ ਬਿਲੀਅਨਜ਼ ਦੇ ਖਰਚੇ ਵਾਲੀਆਂ ਅਰਬਾਂ-ਖਰਬਾਂ ਦੀਆਂ ਉਲੰਪਿਕ ਖੇਡਾਂ ਕਰਾਉਣ ਲਈ ਬਹੁਤੇ ਸ਼ਹਿਰ ਅੱਗੇ ਨਹੀਂ ਆ ਰਹੇ। ਅਰਜ਼ੀਆਂ ਦੇ ਕੇ ਵੀ ਵਧੇਰੇ ਸ਼ਹਿਰ ਟਾਲਾ ਵੱਟਣ ਲੱਗ ਪਏ ਹਨ। ਟੋਕੀਓ ਦੀ ਮੇਜ਼ਬਾਨੀ ਲਈ 5 ਸ਼ਹਿਰਾਂ ‘ਚੋਂ 3 ਸ਼ਹਿਰ ਪਹਿਲਾਂ ਹੀ ਮੁਕਾਬਲੇ ‘ਚੋਂ ਹਟ ਗਏ ਸਨ। ਇਹ ਵੀ ਪਹਿਲੀ ਵਾਰ ਹੋਇਆ ਕਿ ਆਈ.ਓ.ਸੀ. ਨੇ ਸਰਬ ਸੰਮਤੀ ਨਾਲ 2024 ਤੇ 2028 ਦੀਆਂ ਉਲੰਪਿਕ ਖੇਡਾਂ ਆਪਸੀ ਸਹਿਮਤੀ ਨਾਲ ਦੋ ਸ਼ਹਿਰਾਂ ਨੂੰ ਅਲਾਟ ਕੀਤੀਆਂ ਹਨ।
ਟੋਕੀਓ ‘ਚ ਪਹਿਲੀ ਵਾਰ 1964 ‘ਚ ਉਲੰਪਿਕ ਖੇਡਾਂ ਹੋਈਆਂ ਸਨ, ਜੋ ਹੁਣ ਦੂਜੀ ਵਾਰ ਹੋਣਗੀਆਂ। ਉਥੇ 33 ਸਪੋਰਟਸ ਦੇ 324 ਈਵੈਂਟਾਂ ‘ਚ 207 ਮੁਲਕਾਂ ਦੇ ਲਗਪਗ 12,000 ਖਿਡਾਰੀ ਭਾਗ ਲੈਣਗੇ। ਪੈਰਿਸ ‘ਚ ਉਲੰਪਿਕ ਖੇਡਾਂ ਤੀਜੀ ਵਾਰ ਹੋਣਗੀਆਂ, ਜੋ 2024 ‘ਚ 2 ਤੋਂ 18 ਅਗਸਤ ਤੱਕ ਚੱਲਣਗੀਆਂ। ਉਥੇ ਪਹਿਲੀ ਵਾਰ 1900 ਤੇ ਦੂਜੀ ਵਾਰ 1924 ‘ਚ ਉਲੰਪਿਕ ਖੇਡਾਂ ਹੋਈਆਂ ਸਨ। ਲੰਡਨ ‘ਚ ਵੀ ਉਲੰਪਿਕ ਖੇਡਾਂ 3 ਵਾਰ ਹੋਈਆਂ ਹਨ।
ਪਹਿਲੀ ਵਾਰ 1908, ਦੂਜੀ ਵਾਰ 1948 ਤੇ ਤੀਜੀ ਵਾਰ 2012 ‘ਚ ਹੋਈਆਂ। ਲਾਸ ਏਂਜਲਸ ਨੂੰ ਵੀ ਤੀਜੀ ਵਾਰ ਉਲੰਪਿਕ ਖੇਡਾਂ ਕਰਾਉਣ ਦਾ ਮੌਕਾ ਮਿਲ ਗਿਆ ਹੈ। ਉਥੇ ਪਹਿਲੀ ਵਾਰ 1932 ਤੇ ਦੂਜੀ ਵਾਰ 1984 ‘ਚ ਉਲੰਪਿਕ ਖੇਡਾਂ ਹੋਈਆਂ ਸਨ। ਇਕੱਲੇ ਮੁਲਕ ਅਮਰੀਕਾ ‘ਚ 5 ਵਾਰ ਉਲੰਪਿਕ ਖੇਡਾਂ ਹੋ ਚੁੱਕੀਆਂ ਹਨ ਤੇ ਛੇਵੀਂ ਵਾਰ 2028 ‘ਚ ਹੋਣਗੀਆਂ। ਸਭ ਤੋਂ ਬਹੁਤੀ ਵਸੋਂ ਵਾਲੇ ਏਸ਼ੀਆ ਮਹਾਂਦੀਪ ਨੂੰ ਹੁਣ ਤੱਕ ਕੇਵਲ 4 ਵਾਰ ਉਲੰਪਿਕ ਖੇਡਾਂ ਮਿਲੀਆਂ ਹਨ। ਦੁਨੀਆ ਦੇ ਦੂਜੇ ਵੱਡੇ ਦੇਸ਼ ਭਾਰਤ ਨੇ ਨਾ ਕਦੇ ਉਲੰਪਿਕ ਖੇਡਾਂ ਕਰਾਉਣ ਦੀ ਅਰਜ਼ੀ ਦਿੱਤੀ ਤੇ ਨਾ ਖੇਡਾਂ ਕਰਾਉਣ ਦਾ ਮੌਕਾ ਮਿਲਿਆ। ਗੱਲ ਹੁਣ 2032 ਦੀਆਂ ਉਲੰਪਿਕ ਖੇਡਾਂ ‘ਤੇ ਜਾ ਪਈ ਹੈ। ਤਦ ਤੱਕ ਹੋ ਸਕਦੈ ਭਾਰਤ ਦਾ ਵੀ ਕੋਈ ਸ਼ਹਿਰ ਅਰਜ਼ੀ ਦੇਣ ਦਾ ਹੌਸਲਾ ਕਰ ਲਵੇ।

Leave a Reply

Your email address will not be published. Required fields are marked *