fbpx Nawidunia - Kul Sansar Ek Parivar

ਡੇਂਗੂ ਦਾ ਇਲਾਜ ਤੇ ਸਾਵਧਾਨੀ

ਵੱਡੇ ਬਣ ਚੁੱਕੇ ਮੱਛਰ ਆਮ ਤੌਰ ‘ਤੇ ਹਨੇਰੇ ਥਾਵਾਂ ਉਪਰ ਜਿਵੇਂ ਕਿ ਕਮਰੇ ਵਿੱਚ ਬੈਡ ਦੇ ਹੇਠਾਂ, ਪਰਦਿਆਂ ਦੇ ਪਿੱਛੇ, ਕੁਰਸੀਆਂ ਅਤੇ ਮੇਜ਼ਾਂ ਦੇ ਥੱਲੇ ਲੁਕ ਕੇ ਬੈਠਦੇ ਹਨ। ਇਨ੍ਹਾਂ ਦੇ ਡੰਗ ਮਾਰਨ ਲਈ ਉਡਣ ਦੀ ਸਮਰੱਥਾ ਬਹੁਤ ਥੋੜੀ ਹੁੰਦੀ ਹੈ। ਇਹ ਮੱਛਰ ਤਕਰੀਬਨ 400 ਮੀਟਰ ਤਕ ਉਡਾਰੀ ਮਾਰ ਸਕਦਾ ਹੈ।
ਸਾਫ ਪਾਣੀ ਨਾਲ ਭਰੇ ਹੋਏ ਕੰਟੇਨਰ, ਪਾਣੀ ਵਾਲੇ ਘੜੇ, ਪੁਰਾਣੇ ਸਕੂਟਰਾਂ ਸਾਈਕਲਾਂ ਦੇ ਟਾਇਰ, ਗਮਲੇ ਅਤੇ ਹੋਰ ਅਜਿਹਾ ਸਾਮਾਨ, ਜਿਸ ਵਿੱਚ ਪਾਣੀ ਖੜ੍ਹਾ ਹੋਵੇ, ਆਂਡੇ ਦੇਣ ਲਈ ਵਰਤਦੇ ਹਨ। ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਇਹ ਮੱਛਰ ਹੌਲੀ ਹੌਲੀ ਆਪਣੇ ਆਂਡਿਆਂ ਨਾਲ ਇਸ ਬਿਮਾਰੀ ਨੂੰ ਬਹੁਤ ਹੀ ਆਸਾਨੀ ਨਾਲ ਫੈਲਾਅ ਦਿੰਦੇ ਹਨ। ਡੇਂਗੂ ਮਾਦਾ ਮੱਛਰ ਕਦੇ ਵੀ ਆਪਣੇ ਆਂਡੇ ਦੇਣ ਲਈ ਚੱਲਦੇ ਪਾਣੀ ਦਾ ਇਸਤੇਮਾਲ ਜਿਵੇਂ ਸੂਏ, ਨਹਿਰਾਂ, ਡਰੇਨਾਂ, ਨਦੀਆਂ, ਝੀਲਾਂ ਆਦਿ ਨੂੰ ਨਹੀਂ ਵਰਤਦੇ।
ਦੇਖਣ ਵਿੱਚ ਆਇਆ ਹੈ ਕਿ ਮਾਦਾ ਮੱਛਰ ਦੇ ਡੰਗ ਮਾਰਨ ਤੋਂ 5-6 ਦਿਨਾਂ ਬਾਅਦ ਮੱਛਰ ਦੀ ਇਨਫੈਕਸ਼ਨ ਮਨੁੱਖੀ ਸਰੀਰ ਵਿੱਚ ਘਰ ਕਰਦੀ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਕਿਸੇ ਵੀ ਡੇਂਗੂ ਮਾਦਾ ਮੱਛਰ ਦੇ ਕੱਟਣ ਮੌਕੇ ਇਨਫੈਕਸ਼ਨ ਨਹੀਂ ਹੁੰਦੀ ਸਗੋਂ 5- 6 ਦਿਨਾਂ ਵਿੱਚ ਇਸਦਾ ਅਸਰ ਹੋਣਾ ਸ਼ੁਰੂ ਹੁੰਦਾ ਹੈ। ਡੇਂਗੂ ਦਾ ਮੱਛਰ ਆਮ ਕਰਕੇ ਦਿਨ ਵੇਲੇ ਡੰਗ ਮਾਰਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਇਹ ਸੂਰਜ ਨਿਕਲਣ ਤੋਂ ਦੋ ਘੰਟੇ ਬਾਅਦ ਅਤੇ ਸ਼ਾਮ ਨੂੰ ਸੂਰਜ ਛਿਪਣ ਤੋਂ ਦੋ ਘੰਟੇ ਪਹਿਲਾਂ ਐਕਟਿਵ ਰਹਿੰਦਾ ਹੈ ਭਾਵ ਡੇਂਗੂ ਦਾ ਮੱਛਰ ਸਿਰਫ ਦਿਨ ਸਮੇਂ ਹੀ ਕੱਟਦਾ ਹੈ।
ਇਸ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਹਿਨੋ। ਇਸ ਤਰ੍ਹਾਂ ਦੇ ਕੱਪੜੇ ਪਾਉ ਜਿਸ ਨਾਲ ਪੂਰਾ ਸਰੀਰ ਢੱਕਿਆ ਜਾਵੇ। ਦਿਨ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ, ਗੁੱਡ ਨਾਈਟ, ਆਦਿ ਦਾ ਇਸਤੇਮਾਲ ਕਰੋ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖੋਂ ਕਿਉਂਕਿ ਦਿਨ ਸਮੇਂ ਜ਼ਿਆਦਾਤਾਰ ਬੱਚੇ ਅਤੇ ਬਜ਼ੁਰਗ ਆਰਾਮ ਕਰਦੇ ਹਨ।
ਡੇਂਗੂ ਦੀਆਂ ਨਿਸ਼ਾਨੀਆਂ : ਤੇਜ਼ ਸਿਰ ਦਰਦ ਹੋਣਾ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਜ਼ਿਆਦਾ ਦਰਦ ਮਹਿਸੂਸ ਹੋਣਾ, ਮਾਸਪੇਸ਼ੀਆਂ ਦਾ ਦਰਦ, ਜੋੜਾਂ ਦਾ ਦਰਦ, ਖਾਰਸ਼ ਨਾਲ ਦਾਣੇ ਨਿਕਲਣਾ ਅਤੇ ਨੱਕ ਤੇ ਮਸੂੜਿਆਂ ‘ਚੋਂ ਖੂਨ ਵਗਣਾ। ਇਹ ਲੱਛਣ ਆਮ ਤੌਰ ‘ਤੇ ਡੇਂਗੂ ਦੀ ਬਿਮਾਰੀ ਗ੍ਰਸਤ ਮੱਛਰ ਦੇ ਕੱਟਣ ਤੇ ਦਿਖਾਈ ਦਿੰਦੇ ਹਨ।
ਇਥੇ ਇਹ ਵੀ ਜਿਕਰਯੋਗ ਹੈ ਕਿ ਇਹ ਉਪਰੋਕਤ ਲੱਛਣ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਜਿਸ ਮਨੁੱਖ 0ਚ ਇਹ ਲੱਛਣ ਹੋਣ ਉਸ ਨੂੰ ਡੇਂਗੂ ਹੋਣਾ ਯਕੀਨੀ ਹੈ। ਜੇ ਕਿਸੇ ਮਨੁੱਖ ਨੂੰ ਲੱਗਦਾ ਹੈ ਕਿ ਉਸ ਵਿੱਚ ਡੇਂਗੂ ਬੁਖ਼ਾਰ ਦੇ ਲੱਛਣ ਹਨ ਤਾਂ ਉਹ ਜਲਦੀ ਡਾਕਟਰ ਕੋਲ ਜਾ ਕੇ ਆਪਣੇ ਖੂਨ ਦੇ ਸੈਂਪਲ ਦੇ ਸਕਦਾ ਹੈ। ਸੈਂਪਲ ਦੀ ਰਿਪੋਰਟ ਆਉਣ ਤੇ ਸਾਫ ਹੋ ਜਾਂਦਾ ਹੈ ਕਿ ਡੇਂਗੂ ਹੈ ਜਾਂ ਨਹੀ। ਡੇਂਗੂ ਦੇ ਟੈਸਟ ਦੋ ਪ੍ਰਕਾਰ ਦੇ ਹੁੰਦੇ ਹਨ। ਇਕ ਟੈਸਟ ਪਹਿਲੇ ਪੰਜ ਦਿਨ ਵਿੱਚ ਡੇਂਗੂ ਦੇ ਲੱਛਣ ਮਹਿਸੂਸ ਹੋਣ ਅਤੇ ਦੂਜਾ ਟੈਸਟ ਪੰਜ ਦਿਨਾਂ ਤੋਂ ਬਾਅਦ ਹੁੰਦਾ ਹੈ।
ਸਾਧਾਰਨ ਡੇਂਗੂ ਬੁਖ਼ਾਰ ਵਿੱਚ ਮੌਤ ਨਹੀਂ ਹੁੰਦੀ ਅਤੇ ਲਗਭਗ ਇੱਕ ਹਫਤੇ ਬਾਅਦ ਮਰੀਜ਼ ਠੀਕ ਹੋ ਜਾਂਦਾ ਹੈ। ਪਰ ਜੇਕਰ ਮਰੀਜ਼ ਨੂੰ ਅਗਲੇ ਪੜਾਅ ਡੇਂਗੂ ਸੋਕ ਸਿੰਡਰਮ ਦੇ ਲੱਛਣ ਹੋਣ ਅਤੇ ਸਮੇਂ ਸਿਰ ਭਰਤੀ ਨਾ ਕਰਵਾਇਆ ਜਾਵੇ ਤਾਂ ਜਾਨਲੇਵਾ ਹੋ ਸਕਦਾ ਹੈ। 3 ਤੋਂ 5 ਦਿਨਾ ਦੇ ਬੁਖਾਰ ਤੋ ਬਾਅਦ ਉਪਰੋਕਤ ਲੱਛਣ ਦਿਖਾਈ ਦੇਣ ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ ਭਰਤੀ ਕਰਵਾ ਦੇਣਾ ਚਾਹੀਦਾ ਹੈ। ਨਵਜੰਮੇ ਬੱਚੇ ਅਤੇ ਛੋਟੇ ਬੱਚੇ ਇਸਦਾ ਜਲਦੀ ਸ਼ਿਕਾਰ ਹੋ ਸਕਦੇ ਹਨ। ਸਹੀ ਸਮੇਂ ਕੀਤਾ ਗਿਆ ਇਲਾਜ ਡੇਂਗੂ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ। ਇਸ ਵਿੱਚ ਦੇਰੀ ਹੋਣ ਕਾਰਨ ਮੌਤ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਡੇਂਗੂ ਦੇ ਚਿੰਨ੍ਹ : ਜ਼ਿਆਦਾ ਪੇਟ ਦਰਦ ਅਤੇ ਵਾਰ-ਵਾਰ ਉਲਟੀ ਆਉਣਾ। ਲਾਲ ਰੰਗ ਦੇ ਧੱਬੇ ਜਾਂ ਚਮੜੀ ਦੇ ਪੈਚਿਜ। ਨੱਕ ਰਾਹੀਂ ਖੂਨ ਦਾ ਆਉਣਾ। ਉਲਟੀ ਰਾਹੀਂ ਖੂਨ ਦਾ ਆਉਣਾ। ਸਾਹ ਲੈਣ ਵੇਲੇ ਤਕਲੀਫ ਹੋਣਾ। ਜਿਸ ਮਰੀਜ਼ ਨੂੰ ਇਕ ਵਾਰ ਡੇਂਗੂ ਹੋ ਚੁੱਕਾ ਹੋਵੇ ਉਸ ਨੂੰ ਦੁਬਾਰਾ ਵੀ ਡੇਂਗੂ ਹੋਣ ਦੇ ਆਸਾਰ ਹਨ, ਪਰ ਦੂਸਰੀ ਕਿਸਮ ਦੇ ਵਾਇਰਸ ਤੋਂ। ਤੰਦਰੁਸਤ ਦਿਖਣ ਵਾਲਾ ਵਿਅਕਤੀ ਵੀ ਡੇਂਗੂ ਦਾ ਮਰੀਜ਼ ਹੋ ਸਕਦਾ ਹੈ। ਜ਼ਿਆਦਾਤਰ ਮਰੀਜ਼ ਡੇਂਗੂ ਬੁਖਾਰ ਦਾ ਇਲਾਜ ਆਪਣੇ ਘਰ ਕਰਵਾਉਂਦੇ ਹਨ ਕਿਉਂਕਿ ਆਪਣੇ ਘਰ ਵਿੱਚ ਮਰੀਜ਼ ਸੁਖਾਵਾਂ ਰਹਿ ਕੇ ਆਪਣੇ ਖਾਣ ਪੀਣ ਦਾ ਜ਼ਿਆਦਾ ਧਿਆਨ ਰੱਖ ਸਕਦਾ ਹੈ।

Share this post

Leave a Reply

Your email address will not be published. Required fields are marked *