ਫੀਫਾ ਅੰਡਰ-17 ਵਿਸ਼ਵ ਕੱਪ: ਅੱਜ ਹੋਵੇਗੀ ਇੰਗਲੈਂਡ ਅਤੇ ਸਪੇਨ ਵਿਚਾਲੇ ਖ਼ਿਤਾਬੀ ਟੱਕਰ

ਨਵੀਂ ਦਿੱਲੀ : ਯੂਰੋਪ ਦੀਆਂ ਦੋ ਟੀਮਾਂ ਇੰਗਲੈਂਡ ਅਤੇ ਸਪੇਨ ਵਿਚਾਲੇ ਅੱਜ ਇੱਥੇ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਫਾਈਨਲ ਵਿੱਚ ਬੇਹੱਦ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਇਸ ਟੂਰਨਾਮੈਂਟ ਦਾ ਨਵਾਂ ਜੇਤੂ ਵੀ ਸਾਹਮਣੇ ਆਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਯੂਰੋਪ ਦੀਆਂ ਦੋ ਟੀਮਾਂ ਫਾਈਨਲ ਵਿੱਚ ਭਿੜਨਗੀਆਂ। ਇਸ ਦੌਰਾਨ ਟੂਰਨਾਮੈਂਟ ਵਿੱਚ ਸਟੇਡੀਅਮ ਵਿੱਚ ਪੁੱਜਣ ਵਾਲੇ ਦਰਸ਼ਕਾਂ ਦੀ ਗਿਣਤੀ ਦਾ ਨਵਾਂ ਰਿਕਾਰਡ ਬਣਨਾ ਵੀ ਤੈਅ ਹੈ।

ਬੇਹੱਦ ਫ਼ਸਵੇਂ ਅਤੇ ਦਿਲਚਸਪ ਮੁਕਾਬਲਿਆਂ ਦੇ ਤਿੰਨ ਹਫ਼ਤਿਆਂ ਬਾਅਦ ਸਿਰਫ਼ ਇੰਗਲੈਂਡ ਤੇ ਸਪੇਨ ਦੀਆਂ ਟੀਮਾਂ ਹੀ ਖ਼ਿਤਾਬ ਦੀ ਦੌੜ ਵਿੱਚ ਰਹਿ ਗਈਆਂ ਹਨ ਤੇ ਦੋਵੇਂ ਟੀਮਾਂ 66 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਸਾਲਟਲੇਕ ਸਟੇਡੀਅਮ ਵਿੱਚ ਆਪਣਾ ਪਹਿਲਾ ਖ਼ਿਤਾਬ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡਣਗੀਆਂ। ਟੂਰਨਾਮੈਂਟ ਦੀਆਂ ਦੋ ਸਭ ਤੋਂ ਵੱਧ ਤੇਜ਼-ਤਰਾਰ ਟੀਮਾਂ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਸਭ ਤੋਂ ਕਰੜਾ ਇਮਤਿਹਾਨ ਡਿਫੈਂਸ ਲਾਈਨ ਦਾ ਹੋਵੇਗਾ। ਇੰਗਲੈਂਡ ਨੇ ਹੁਣ ਤੱਕ ਟੂਰਨਾਮੈਂਟ ਵਿੱਚ 18 ਅਤੇ ਸਪੇਨ ਨੇ 15 ਗੋਲ ਕੀਤੇ ਹਨ। ਇੰਗਲੈਂਡ ਚੌਥੀ ਵਾਰ ਇਸ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ ਪਰ ਉਹ ਪਹਿਲੀ ਵਾਰ ਫਾਈਨਲ ਵਿੱਚ ਪੁੱਜਿਆ ਹੈ ਜਦਕਿ ਸਪੇਨ ਇਸ ਤੋਂ ਪਹਿਲਾਂ 1991, 2003 ਅਤੇ 2007 ਵਿੱਚ ਉਪ ਜੇਤੂ ਰਿਹਾ ਸੀ। ਇੰਗਲੈਂਡ ਜੇ ਜਿੱਤ ਦਰਜ ਕਰਦਾ ਹੈ ਤਾਂ ਇਹ ਉਸ ਦੀਆਂ ਜੂਨੀਅਰ ਟੀਮਾਂ ਲਈ ਸ਼ਾਨਦਾਰ ਸਾਲ ਹੋਵੇਗਾ ਕਿਉਂਕਿ ਉਸ ਦੀ ਅੰਡਰ-20 ਟੀਮ ਨੇ ਸਾਲ ਦੇ ਸ਼ੁਰੂ ਵਿੱਚ ਕੋਰੀਆ ਵਿੱਚ ਅੰਡਰ-20 ਵਿਸ਼ਵ ਕੱਪ ਜਿੱਤਿਆ ਸੀ ਜਦਕਿ ਅੰਡਰ-19 ਟੀਮ ਯੂਰੋਪੀਅਨ ਚੈਂਪੀਅਨ ਸੀ।
ਫੀਫਾ ਨੇ ਦਸੰਬਰ 2013 ਵਿੱਚ ਭਾਰਤ ਨੂੰ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਦਿੱਤੀ ਸੀ ਅਤੇ ਇੱਥੇ ਦਰਸ਼ਕਾਂ ਦੀ ਗਿਣਤੀ ਪੱਖੋਂ ਨਵਾਂ ਰਿਕਾਰਡ ਬਣਨ ਵਾਲਾ ਹੈ। ਹਾਲੇ ਦੋ ਮੈਚ, ਤੀਜੇ ਸਥਾਨ ਲਈ ਪਲੇਔਫ਼ ਤੇ ਫਾਈਨਲ, ਬਚਿਆ ਹੋਇਆ ਹੈ। ਇਸ ਲਈ ਦਰਸ਼ਕਾਂ ਦਾ ਨਵਾਂ ਰਿਕਾਰਡ ਬਣਨਾ ਤੈਅ ਹੈ। ਹੁਣ ਤੱਕ ਖੇਡੇ 50 ਮੈਚਾਂ ਵਿੱਚ 1,224,027 ਦਰਸ਼ਕ ਪੁੱਜੇ ਅਤੇ ਨਵੇਂ ਰਿਕਾਰਡ ਲਈ ਇਨ੍ਹਾਂ ਦੋ ਮੈਚਾਂ ਵਿੱਚ ਸਿਰਫ਼ 6949 ਦਰਸ਼ਕਾਂ ਦੀ ਲੋੜ ਪਵੇਗੀ। ਪਿਛਲਾ ਰਿਕਾਰਡ 1985 ਵਿੱਚ ਚੀਨ ਵਿੱਚ ਖੇਡੇ ਗਏ ਪਹਿਲੇ ਟੂਰਨਾਮੈਂਟ ਵਿੱਚ ਬਣਿਆ ਸੀ।ਕੋਲਕਾਤਾ ਵਿੱਚ ਬ੍ਰਾਜ਼ੀਲ ਅਤੇ ਮਾਲੀ ਵਿਚਾਲੇ ਖੇਡੇ ਜਾਣ ਵਾਲੇ ਮੈਚ ਲਈ ਵੀ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਆਸ ਹੈ ਅਤੇ ਅਜਿਹੇ ਵਿੱਚ ਇਸ ਦੇ ਸਭ ਤੋਂ ਵੱਧ ਦਰਸ਼ਕਾਂ ਵਾਲਾ ਫੀਫਾ ਅੰਡਰ-17 ਜਾਂ ਅੰਡਰ-20 ਵਿਸ਼ਵ ਕੱਪ ਟੂਰਨਾਮੈਂਟ ਬਣਨਾ ਤੈਅ ਹੈ। ਕੋਲੰਬੀਆ ਵਿੱਚ 2011 ਵਿੱਚ ਖੇਡੇ ਗਏ ਫੀਫਾ ਅੰਡਰ-20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਰਿਕਾਰਡ 13,09,929 ਦਰਸ਼ਕ ਸਟੇਡੀਅਮ ਪੁੱਜੇ ਸਨ ਅਤੇ ਇੱਥੇ ਉਹ ਰਿਕਾਰਡ ਵੀ ਟੁੱਟਣ ਵਾਲਾ ਹੈ। ਭਾਰਤ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲਾਂ ਦਾ ਨਵਾਂ ਰਿਕਾਰਡ ਵੀ ਬਣ ਸਕਦਾ ਹੈ। ਇਸ ਟੂਰਨਾਮੈਂਟ ਵਿੱਚ ਹੁਣ ਤੱਕ 50 ਮੈਚਾਂ ਵਿੱਚ 170 ਗੋਲ ਹੋਏ ਹਨ ਅਤੇ ਇਹ ਸੰਯੁਕਤ ਅਰਬ ਅਮੀਰਾਤ ਵਿੱਚ 2013 ਵਿੱਚ ਖੇਡੇ ਗਏ ਟੂਰਨਾਮੈਂਟ ਦੇ 172 ਗੋਲਾਂ ਦੇ ਰਿਕਾਰਡ ਤੋਂ ਸਿਰਫ਼ ਦੋ ਗੋਲ ਘੱਟ ਹਨ।
ਇੰਗਲੈਂਡ ਟੂਰਨਾਮੈਂਟ ਦੀ ਇੱਕੋ-ਇੱਕ ਅਜੇਤੂ ਟੀਮ ਹੈ ਜਦਕਿ ਸਪੇਨ ਟੂਰਨਾਮੈਂਟ ਵਿੱਚ ਆਪਣੇ ਸ਼ੁਰੂਆਤੀ ਮੈਚ ਵਿੱਚ ਬ੍ਰਾਜ਼ੀਲ ਤੋਂ ਹਾਰ ਗਿਆ ਸੀ। ਇੰਗਲੈਂਡ ਨੂੰ ਸਿਰਫ਼ ਜਾਪਾਨ ਖ਼ਿਲਾਫ਼ ਸੰਘਰਸ਼ ਕਰਨਾ ਪਿਆ ਸੀ ਜਦੋਂ ਉਸ ਦੀ ਟੀਮ ਪ੍ਰੀ ਕੁਆਰਟਰ ਫਾਈਨਲ ਵਿੱਚ ਨਿਯਮਤ ਸਮੇਂ ਵਿੱਚ ਜਿੱਤ ਦਰਜ ਨਹੀਂ ਕਰ ਸਕੀ ਸੀ ਤੇ ਉਸ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਹਾਸਲ ਕੀਤੀ ਸੀ। ਸਪੇਨ ਤੇ ਇੰਗਲੈਂਡ ਦੀਆਂ ਟੀਮਾਂ ਹੁਣ ਤੱਕ ਅੰਡਰ-17 ਯੂਰੋਪੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਤਿੰਨ ਵਾਰ ਭਿੜ ਚੁੱਕੀਆਂ ਹਨ। ਸਪੇਨ ਦੀ ਟੀਮ ਨੇ 2007 ਵਿੱਚ ਜਿੱਤ ਦਰਜ ਕੀਤੀ ਸੀ ਜਦਕਿ ਇਸ ਤੋਂ ਤਿੰਨ ਸਾਲ ਬਾਅਦ ਇੰਗਲੈਂਡ ਨੇ ਭਾਜੀ ਮੋੜ ਦਿੱਤੀ ਸੀ। ਉਧਰ ਆਪਣੇ ਚੌਥੇ ਖ਼ਿਤਾਬ ਦੀ ਦੌੜ ਵਿੱਚੋਂ ਸੈਮੀ ਫਾਈਨਲ ’ਚੋਂ ਬਾਹਰ ਹੋਣ ਤੋਂ ਬਾਅਦ ਬ੍ਰਾਜ਼ੀਲ ਦੀ ਟੀਮ ਹੁਣ ਤੱਕ ਫੀਫਾ ਅੰਡਰ-17 ਵਿਸ਼ਵ ਕੱਪ ਦੇ ਭਲਕੇ ਇੱਥੇ ਹੋਣ ਵਾਲੇ ਤੀਜੇ ਸਥਾਨ ਦੇ ਪਲੇਅ-ਔਫ ਮੈਚ ਵਿੱਚ ਮਾਲੀ ਖ਼ਿਲਾਫ਼ ਜਿੱਤ ਦਰਜ ਕਰ ਕੇ ਆਪਣੀ ਮੁਹਿੰਮ ਦਾ ਅੰਤ ਕਰਨਾ ਚਾਹੇਗੀ। ਦੋਵੇਂ ਟੀਮਾਂ ਵੱਧ ਤੋਂ ਵੱਧ ਗੋਲ ਕਰ ਕੇ ਜਿੱਤ ਨਾਲ ਭਾਰਤ ਨੂੰ ਅਲਵਿਦਾ ਕਹਿਣਾ ਚਾਹੁੰਦੀਆਂ ਹਨ।
ਇੰਗਲੈਂਡ ਦੇ ਕੋਚ ਸਟੀਵ ਕੂਪਰ ਦਾ ਕਹਿਣਾ ਹੈ ਕਿ ਟੀਮ ਦੇ ਖਿਡਾਰੀਆਂ ਦਾ ਅਸਲ ਟੀਚਾ ਸੀਨੀਅਰ ਵਿਸ਼ਵ ਕੱਪ ਜਿੱਤਣਾ ਹੈ, ਜਿਸ ਨੂੰ 52 ਸਾਲ ਪਹਿਲਾਂ ਸੀਨੀਅਰ ਟੀਮ ਨੇ ਜਿੱਤਿਆ ਸੀ। ਇੰਗਲੈਂਡ ਨੇ 1966 ਵਿੱਚ ਪੱਛਮੀ ਜਰਮਨੀ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਕੂਪਰ ਨੇ ਕਿਹਾ, ਟੀਮ ਦਾ ਅੰਤਿਮ ਟੀਚਾ ਸੀਨੀਅਰ ਵਿਸ਼ਵ ਕੱਪ ਅਤੇ ਯੂਰੋ ਕੱਪ ਜਿੱਤਣਾ ਹੈ। ਉਨ੍ਹਾਂ ਕਿਹਾ, ‘ ਜੇ ਇਨ੍ਹਾਂ ਖਿਡਾਰੀਆਂ ਨੇ ਇਸੇ ਤਰ੍ਹਾਂ ਦੀ ਖੇਡ ਜਾਰੀ ਰੱਖੀ ਤਾਂ ਭਲਕ ਦੇ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਉਹ ਸੀਨੀਅਰ ਟੀਮ ਦੇ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਪੂਰਾ ਕਰਨ ਵੱਲ ਵੱਧ ਰਹੇ ਹਨ।
ਉਧਰ ਸਪੇਨ ਦੇ ਕੋਚ ਸਾਂਤੀ ਦੇਨਿਆ ਨੇ ਕਿਹਾ ਕਿ ਇੰਗਲੈਂਡ ਨੇ ਇਸ ਸਾਲ ਦੇ ਸ਼ੁਰੂ ਵਿੱਚ ਯੂਰੋ ਅੰਡਰ-17 ਵਿੱਚ ਦੋਵੇਂ ਟੀਮਾਂ ਵਿਚਾਲੇ ਹੋਏ ਭੇੜ ਤੋਂ ਬਾਅਦ ਖੇਡ ਦੇ ਹਰ ਪੱਖ ’ਤੇ ਮਿਹਨਤ ਕਰ ਕੇ ਸੁਧਾਰ ਕੀਤਾ ਹੈ। ਯੂਰੋ ਅੰਡਰ 17 ਫਾਈਨਲ ਵਿੱਚ ਸਪੇਨ ਨੇ ਭਾਵੇਂ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਸੀ ਪਰ ਕੋਚ ਦਾਨਿਆ ਦੀ ਅਗਵਾਈ ਵਿੱਚ ਸਪੇਨ ਦੇ ਖਿਡਾਰੀਆਂ ਵਿਰੋਧੀਆਂ ਤੋਂ ਪੂਰਨ ਰੂਪ ਵਿੱਚ ਸੁਚੇਤ ਰਹਿਣਗੇ।

Leave a Reply

Your email address will not be published. Required fields are marked *