fbpx Nawidunia - Kul Sansar Ek Parivar

ਸਰੀਰ ਦਾ ਭਾਰ ਅਚਾਨਕ ਘਟਣ ਦੇ ਕਾਰਨ

ਡਾ. ਮਨਜੀਤ ਸਿੰਘ ਬੱਲ

ਮੋਬਾਈਲ : +91-83508-00237

 

ਜੇ ਤੁਸੀਂ ਡਾਈਟਿੰਗ ਕਰ ਰਹੇ ਹੋਵੇ, ਭੁੱਖ-ਹੜਤਾਲ ‘ਤੇ ਹੋਵੋ ਜਾਂ ਕਿਸੇ ਅਜਿਹੇ ਭੂਗੋਲਿਕ ਖੇਤਰ ਵਿੱਚ ਹੋਵੋ ਜਿੱਥੇ ਭੋਜਨ ਦੀ ਘਾਟ ਹੋਵੇ ਤਾਂ ਭਾਰ ਘਟਣਾ ਸਪਸ਼ਟ ਹੈ, ਪਰ ਜੇ ਕੋਈ ਜ਼ਾਹਰਾ ਕਾਰਨ ਨਾ ਦਿਸੇ ਅਤੇ ਭਾਰ ਘਟ ਰਿਹਾ ਹੋਵੇ ਤਾਂ ਇਸ ਸਬੰਧੀ ਜਾਂਚ ਅਤੇ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ। ਇਸ ਤਰ੍ਹਾਂ ਭਾਰ ਘਟਣ ਦੇ ਕਾਰਨ ਹੋ ਸਕਦੇ ਹਨ- ਪਾਚਣ-ਪ੍ਰਣਾਲੀ ਜਾਂ ਅੰਤੜੀ ਰੋਗ, ਟੀ.ਬੀ., ਸ਼ੂਗਰ ਰੋਗ, ਲੰਮੇ ਸਮੇਂ ਦਾ (ਕਰੋਨਿਕ) ਰੋਗ, ਥਾਇਰੌਇਡ ਰੋਗ, ਪੇਟ ਦੇ ਕੀੜੇ/ਮਲ੍ਹੱਪ (ਪੈਰਾਸਾਇਟਸ), ਗੁਰਦਾ ਰੋਗ, ਦਿਲ ਦੀ ਬਿਮਾਰੀ, ਕੈਂਸਰ ਜਾਂ ਏਡਜ਼ ਆਦਿ।

ਪਾਚਣ-ਪ੍ਰਣਾਲੀ ਤੇ ਅੰਤੜੀ ਰੋਗ: ਇਸ ਵਿੱਚ ਬਿਮਾਰੀ ਕਾਰਨ ਰੁਕਾਵਟ, ਜੋ ਭੋਜਨ ਨਾਲੀ ਮਿਹਦੇ ਜਾਂ ਵੱਡੀ ਅੰਤੜੀ ਦੇ ਕੈਂਸਰ ਕਰਕੇ ਹੁੰਦੀ ਹੈ। ਪਾਚਣ-ਰਸਾਂ ਦੀ ਕਮੀ, ਅਪ੍ਰੇਸ਼ਨ ਦੁਆਰਾ ਪਾਚਣ-ਪ੍ਰਣਾਲੀ ਦਾ ਕਾਫ਼ੀ ਹਿੱਸਾ ਕੱਢਿਆ ਜਾਣਾ, ਤੇਜ਼ਾਬੀ-ਪਣ, ਅੰਤੜੀਆਂ ‘ਚ ਕੈਂਸਰ-ਰਹਿਤ ਰਸੌਲੀਆਂ (ਪੌਲੀਪੋਸਿਸ), ਮਿਹਦੇ ਜਾਂ ਅੰਤੜੀਆਂ ਦੇ ਕੈਂਸਰ, ਅੰਤੜੀਆਂ ਦੇ ਪੈਰਾਸਾਈਟਸ ਜਾਂ ਕਿਸੇ ਖ਼ਾਸ ਭੋਜਨ ਪ੍ਰਤੀ ਅਲਰਜੀ ਆਦਿ ਕਰਕੇ ਸਰੀਰ ਨੂੰ ਭੋਜਨ ਤੋਂ ਤਾਕਤ ਨਹੀਂ ਮਿਲਦੀ ਤੇ ਸਰੀਰ ਦਾ ਭਾਰ ਘਟ ਸਕਦਾ ਜਾਂ ਘਟ ਜਾਂਦਾ ਹੈ। ਅੰਤੜੀ ਦੇ ਹੋਰ ਰੋਗ ਜਿਵੇਂ ਰੋਗ-ਸੀਲੀਅਕ ਡਿਸਈਜ਼, ਪੈਪਟਿਕ ਅਲਸਰ, ਕਰੋਹਨ ਡਿਸਈਜ਼, ਅਲਸਰੇਟਿਵ ਕੋਲਾਇਟਿਸ ਤੇ ਪੈਨਕਰੀਏਟਾਇਟਿਸ ਆਦਿ ਵੀ ਸਰੀਰ ਦਾ ਭਾਰ ਘਟਾਉਂਦੇ ਹਨ।

ਇੱਕ ਮਨੋਰੋਗ ਜੋ ਆਮ ਕਰਕੇ ਕੁੜੀਆਂ ਜਾਂ ਔਰਤਾਂ ‘ਚ ਹੁੰਦਾ ਹੈ ਜਿਸ ਵਿੱਚ ਮਰੀਜ਼ ਆਪਣੇ ਹੀ ਸਿਰ ਦੇ ਵਾਲ ਖਾਣ ਲੱਗ ਜਾਂਦੀ ਹੈ ਤੇ ਕੁਝ ਮਹੀਨਿਆਂ ਜਾਂ ਸਾਲ ਵਿੱਚ ਢਿੱਡ ਵਿੱਚ ਇੱਕ ਗੋਲਾ ਜਿਹਾ ਬਣ ਜਾਂਦਾ ਹੈ। ਮਿਹਦੇ ਵਿੱਚ ਵਾਲਾਂ ਦਾ ਗੁੱਛਾ ਹੋਣ ਕਾਰਨ ਭੋਜਨ ਪਚਾਉਣ ਦੀ ਸਮੱਸਿਆ ਆ ਜਾਂਦੀ ਹੈ। ਇਸ ਨੂੰ ਟਰਾਇਕੋ-ਬੇਜ਼ੋਆਰ ਕਿਹਾ ਜਾਂਦਾ ਹੈ। ਵਾਲਾਂ ਦਾ ਇਹ ਗੱਛਾ ਵੱਡੇ ਅਪ੍ਰੇਸ਼ਨ ਨਾਲ ਕੱਢਿਆ ਜਾਂਦਾ ਹੈ ਜੋ ਮਿਹਦੇ ਵਿੱਚ ਢਲ ਕੇ ਉਸੇ ਸ਼ਕਲ ਦਾ ਬਣ ਜਾਂਦਾ ਹੈ। ਅਪ੍ਰੇਸ਼ਨ ਤੋਂ ਬਾਅਦ ਰੋਗੀ ਦੀ ਭੁੱਖ ਤੇ ਭਾਰ ਠੀਕ ਹੋ ਜਾਂਦੇ ਹਨ।

ਟੀ.ਬੀ.: ਟੀ.ਬੀ. ਦੇ ਮਰੀਜ਼ ਦਾ ਭਾਰ ਇਸ ਲਈ ਘਟਦਾ ਹੈ ਕਿ ਇਸ ਰੋਗ ਦਾ ਕਾਰਨ ਬਣਨ ਵਾਲੇ ਬੈਕਟੀਰੀਆ-ਮਾਇਕੋਬੈਕਟੀਰੀਅਮ ਟਿਊਬਰਕੂਲੋਸਿਸ ਅਜਿਹੇ ਢੀਠ ਕਿਸਮ ਦੇ ਰੋਗਾਣੂ ਹਨ ਜੋ ਸਰੀਰ ਦੇ ਸੁਰੱਖਿਆ ਸਿਸਟਮ ਦੇ ਕਾਬੂ ਨਹੀਂ ਆਉਂਦੇ। ਇਸ ਲਈ ਇਹ ਸਿਸਟਮ ਉਸ ਨੂੰ ਖ਼ਤਮ ਨਹੀਂ ਕਰ ਸਕਦਾ ਜਿਸ ਕਰਕੇ ਬਿਮਾਰੀ ਲੰਮੀ ਹੋ ਜਾਂਦੀ ਹੈ। ਸਾਰੀ ਤਾਕਤ ਇਹ ਬੈਕਟੀਰੀਆ ਖਿੱਚ ਲੈਂਦੇ ਹਨ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਰੋਗ ਵਿੱਚ ਵਿਅਕਤੀ ਨੂੰ ਪਤਾ ਨਹੀਂ ਲਗਦਾ ਕਿ ਉਸ ਨੂੰ ਟੀ.ਬੀ. ਹੈ। ਇਸ ਹਾਲਤ ਵਿੱਚ ਕਮਜ਼ੋਰੀ ਵਧਦੀ ਜਾਂਦੀ ਹੈ ਤੇ ਭਾਰ ਘਟਦਾ ਜਾਂਦਾ ਹੈ।

ਸ਼ੂਗਰ ਰੋਗ: ਜੇ ਕਿਸੇ ਵਿਅਕਤੀ ਦੇ ਸਰੀਰ ਦਾ ਭਾਰ ਪਹਿਲਾਂ ਸਾਧਾਰਨ ਸੀ ਜਾਂ ਥੋੜ੍ਹਾ ਮੋਟਾਪਾ ਸੀ ਪਰ ਕੁਝ ਮਹੀਨਿਆਂ ਵਿੱਚ ਹੀ ਬਿਨਾਂ ਕਿਸੇ ਗਿਆਤ ਕਾਰਨ ਦੇ ਇਹ ਭਾਰ 6 ਕਿਲੋ ਘਟ ਗਿਆ ਤਾਂ ਸਮਝੋ ਕਿ ਕੋਈ ਸਮੱਸਿਆ ਹੈ। ਪਿਸ਼ਾਬ ਟੈਸਟ ਕਰਵਾਉਣ ਼ਤੇ ਪਤਾ ਲਗਦਾ ਹੈ ਕਿ ਸ਼ੂਗਰ ਹੋ ਗਈ ਹੈ। ਜਦੋਂ ਇੰਨਸੂਲਿਨ (ਜੋ ਲਬਲਬੇ ਜਾਂ ਪੈਂਕਰੀਆਜ਼ ਵਿੱਚ ਬਣਦੀ ਹੈ) ਦੀ ਮਾਤਰਾ ਘਟ ਜਾਵੇ ਜਾਂ ਇਸ ਦਾ ਅਸਰ ਘਟ ਜਾਵੇ ਤਾਂ ਬੰਦੇ ਨੂੰ ਸ਼ੂਗਰ ਰੋਗ ਹੋ ਜਾਂਦਾ ਹੈ। ਟਾਇਪ-2 ਵਾਲਾ ਸ਼ੂਗਰ ਰੋਗ ਹੌਲੀ-ਹੌਲੀ ਸ਼ੁਰੂ ਹੁੰਦਾ ਹੈ। ਕਈਆਂ ਲੋਕਾਂ ਨੂੰ ਬੜੇ ਸਾਲਾਂ ਤੋਂ ਮਾੜੇ-ਮੋਟੇ ਲੱਛਣ ਹੁੰਦੇ ਹਨ ਜੋ ਅਣਗੌਲੇ ਹੋ ਜਾਂਦੇ ਹਨ ਤੇ ਕਈ ਕਈ ਸਾਲ ਡਾਇਗੋਸਿਸ ਹੀ ਨਹੀਂ ਬਣਦਾ। ਭਾਰ ਘਟਣਾ ਅਤੇ ਬਾਕੀ ਲੱਛਣ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਪਿਸ਼ਾਬ ਅਤੇ ਖ਼ੂਨ ਵਿੱਚ ਗੁਲੂਕੋਜ਼ ਦੇ ਪੱਧਰ ਕਿੰਨਾ ਕੁ ਹੈ। ਜੇ ਇਹ ਪੱਧਰ ਕਾਫ਼ੀ ਸਮੇਂ ਤੋਂ ਵੱਧ ਹੈ ਤਾਂ ਇਹ ਲੱਛਣ ਵਧੇਰੇ ਹੋਣਗੇ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਚਾਹੀਦਾ ਹੈ ਕਿ ਦਵਾਈਆਂ, ਪਰਹੇਜ਼ ਤੇ ਵਰਜ਼ਿਸ਼ ਨਾਲ ਆਪਣੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ।

ਬਾਕੀ ਕੰਮਾਂ ਦੇ ਨਾਲ ਨਾਲ ਥਾਇਰੌਇਡ ਹਾਰਮੋਨ, ਬੀ.ਐਮ.ਆਰ. (ਬੇਸਲ ਮੈਟਾਬੋਲਿਕ ਰੇਟ) ਨੂੰ ਕੰਟਰੋਲ ਕਰਕੇ ਸਰੀਰ ਦੇ ਭਾਰ ਨੂੰ ਰੈਗੂਲੇਟ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਸ ਹਾਰਮੋਨ ਦੀ ਕਮੀ (ਹਾਇਪੋ-ਥਾਇਰਾਇਡਜ਼ਮ) ਹੋ ਜਾਂਦੀ ਹੈ ਉਨ੍ਹਾਂ ਦੀ ਭੁੱਖ ਘਟਣ ਦੇ ਬਾਵਜੂਦ ਭਾਰ ਵਧ ਜਾਂਦਾ ਹੈ। ਆਪਣੇ-ਆਪ ਬਿਨਾਂ ਵਰਜ਼ਿਸ਼, ਜਿੰਮ, ਪਰਹੇਜ਼ ਜਾਂ ਡਾਈਟਿੰਗ ਦੇ ਜੇ ਤੁਹਾਡਾ ਭਾਰ ਘਟਦਾ ਹੈ ਤਾਂ ਤੁਰੰਤ ਇਸ ਦੀ ਜਾਂਚ ਕਰਵਾਓ। ਜਿੰਨਾ ਛੇਤੀ ਕਿਸੇ ਬਿਮਾਰੀ ਬਾਰੇ ਪਤਾ ਲੱਗੇਗਾ, ਓਨਾ ਹੀ ਜਲਦੀ ਉਸ ਦਾ ਇਲਾਜ ਸ਼ੁਰੂ ਹੋ ਸਕੇਗਾ ਅਤੇ ਰੋਗ ਉੱਤੇ ਕਾਬੂ ਪਾਉਣ ਸੌਖਾ ਹੋਵੇਗਾ।

Share this post

Leave a Reply

Your email address will not be published. Required fields are marked *