ਭਾਬੀ ਦੀ ਕਾਤਲ ਪੰਜਾਬਣ ਨੂੰ 12 ਸਾਲ ਕੈਦ

ਟੋਰਾਂਟੋ (ਨਦਬ): ਸੱਤ ਸਾਲ ਪੁਰਾਣੇ ਕਤਲ ਕੇਸ ਵਿੱਚ ਅਦਾਲਤ ਨੇ ਬਰੈਂਪਟਨ ਦੀ 39 ਸਾਲਾ ਮਨਦੀਪ ਕੌਰ ਪੂਨੀਆ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਨਦੀਪ ਪੂਨੀਆ ਆਪਣੀ ਭਾਬੀ ਪੂਨਮ ਲਿੱਟ (27) ਦੇ ਕਤਲ ਲਈ ਦੋਸ਼ੀ ਸਾਬਤ ਹੋਈ ਹੈ। 5 ਫਰਵਰੀ, 2009 ਨੂੰ ਪੂਨਮ ਘਰੋਂ ਕੰਮ ‘ਤੇ ਗਈ ਸੀ ਪਰ ਰਾਹ ਵਿੱਚ ਹੀ ਲਾਪਤਾ ਹੋ ਗਈ ਸੀ। ਇਸ ਕਾਰੇ ਨੂੰ ਪਰਿਵਾਰ (ਪੂਨਮ ਦੇ ਪਤੀ ਮਨਜਿੰਦਰ ਨੂੰ ਛੱਡ ਕੇ) ਵੱਲੋਂ ਲੁਕੋਣ ਦੇ ਯਤਨ ਕੀਤੇ ਗਏ ਪਰ ਪੁਲੀਸ ਨੇ 2012 ‘ਚ ਨੇੜਲੇ ਸ਼ਹਿਰ ਕੈਲੇਡਨ ਦੇ ਜੰਗਲਾਂ ‘ਚੋਂ ਪੂਨਮ ਦਾ ਪਿੰਜਰ ਲੱਭ ਲਿਆ ਅਤੇ ਜਾਂਚ ਜਾਰੀ ਰੱਖੀ। ਪੂਨਮ ਅਤੇ ਮਨਜਿੰਦਰ ਨੇ 2006 ‘ਚ ਪ੍ਰੇਮ ਵਿਆਹ ਕਰਾਇਆ ਸੀ। ਉਨ੍ਹਾਂ ਦੇ 10 ਕੁ ਸਾਲ ਦੀ ਬੱਚੀ ਹੈ। ਕਤਲ ਵੇਲੇ ਪੂਨਮ ਗਰਭਵਤੀ ਸੀ। ਇਸ ਕਤਲ ਵੇਲੇ ਮਨਜਿੰਦਰ ਆਪਣੀ ਮਾਂ ਸੁਪਿੰਦਰ ਨਾਲ ਪੰਜਾਬ ਗਿਆ ਹੋਇਆ ਸੀ। ਪਰ ਵਾਪਸ ਆ ਕੇ ਉਸ ਨੇ ਪੜਤਾਲ ਵਿੱਚ ਪੁਲੀਸ ਦੀ ਮਦਦ ਕੀਤੀ। ਪੁਲੀਸ ਜਾਂਚ ਮੁਤਾਬਕ ਮਨਦੀਪ ਨੇ ਕਿਸੇ ਗੱਲੋਂ ਤਕਰਾਰ ਬਾਅਦ ਪੂਨਮ ਨੂੰ ਚਾਕੂ ਨਾਲ ਕਤਲ ਕਰ ਦਿੱਤਾ ਅਤੇ ਉਸ ਦੇ ਪਤੀ ਸਿਕੰਦਰ ਤੇ ਬਾਪ ਕੁਲਵੰਤ ਲਿੱਟ (67) ਨੇ ਲਾਸ਼ ਟਿਕਾਣੇ ਲਾਉਣ ‘ਚ ਮਦਦ ਕੀਤੀ। ਮਨਦੀਪ ਪੂਨੀਆ ਦੇ ਪਤੀ ਸਿਕੰਦਰ (46) ਨੂੰ ਮਿਲੀਭੁਗਤ ਲਈ 7 ਸਾਲ ਕੈਦ ਹੋਈ ਹੈ।