ਫੁਟਬਾਲ ਕਲੱਬ ਐਡਮਿੰਟਨ ਨੇ ਨੌਰਥ ਅਮਰੀਕਨ ਸ਼ੋਕਰ ਲੀਗ ਤੋਂ ਹੱਥ ਖਿੱਚਿਆ

ਐਡਮਿੰਟਨ (ਨਦਬ) : ਐਡਮਿੰਟਨ ਫੁਟਬਾਲ ਕਲਬ ਦੇ ਹਿੱਸੇਦਾਰਾਂ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਕਿ ਉਹ ਨੌਰਥ ਅਮਰੀਕਨ ਸ਼ੋਕਰ ਲੀਗ ਵਿੱਚ ਭਾਗ ਨਹੀਂ ਲੈਣਗੇ ਅਤੇ ਅਕੈਡਮੀ ਵੱਲੋਂ ਪ੍ਰੋਫੈਸਨਲ ਟੀਮ ਤਿਆਰ ਕਰਨ ਲਈ ਵਿੱਢੀ ਗਈ ਮੁਹਿੰਮ ਮੁਅਤਲ ਕਰ ਰਹੇ ਹਨ। ਪਰ ਨਾਲ ਹੀ ਉਹਨਾਂ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਹ ਫੁਟਬਾਲ ਕਲੱਬ ਐਡਮਿੰਟਨ ਅਕੈਡਮੀ ਲਈ ਫੰਡ ਲਗਾਤਾਰ ਜਾਰੀ ਰੱਖਣਗੇ। ਟੌਮ ਫਾਥ ਅਤੇ ਡੇਵ ਫਾਥ ਭਰਾਵਾਂ ਨੇ ਐਡਮਿੰਟਨ ਵਿੱਚ ਸੋਕਰ (ਫੁਟਬਾਲ) ਨੂੰ ਪ੍ਰਫੈਸ਼ਨਲ ਬਣਾਉਣ ਲਈ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ।
ਟੌਮ ਫਾਥ ਨੇ ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਐਡਮਿੰਟਨ ਵਿੱਚ ਫੁੱਟਬਾਲ ਵਰਗੀ ਖੇਡ ਦੇ ਵਿਕਾਸ ਲਈ ਲੱਖਾਂ ਡਾਲਰ ਅਤੇ ਆਪਣਾ ਕੀਮਤੀ ਸਮਾਂ ਲਗਾਇਆ ਹੈ। ਅਸੀਂ ਚਾਹੁੰਦੇ ਹਾਂ ਕਮਿਊਨਿਟੀ ਵਿੱਚ ਫੁੱਟਬਾਲ ਲੋਕ ਪ੍ਰਿਆ ਹੋਵੇ। ਇਸ ਸਭ ਦੇ ਨਤੀਜੇ ਵਜੋਂ ਹੀ ਸਾਡੀ ਅਕੈਡਮੀ ਵਿੱਚ 14 ਖਿਡਾਰੀ ਨੈਸ਼ਨਲ ਟੀਮ ਪ੍ਰੋਗਰਾਮ ਤਹਿਤ ਚੁਣੇ ਗਏ ਹਨ। ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਫੁੱਟਬਾਲ ਖੇਡਣ ਲਈ ਪ੍ਰੇਰਿਆ ਹੈ।
ਜ਼ਿਕਰਯੋਗ ਹੈ ਕਿ ਯੂਨਾਈਟਡ ਸਟੇਟਸ ਸੋਕਰ ਫੈਡਰੇਸ਼ਨ ਨੇ ਲੀਗ ਨੂੰ ਡਵੀਜ਼ਨ ਦੋ ਵਿੱਚ ਮੁੜ ਸ਼ਾਮਿਲ ਨਹੀਂ ਕੀਤਾ ਦੂਜਾ ਯੂਐਸ ਦੇ ਫੈਡਰਲ ਜੱਜ ਦੀ ਅਦਾਲਤ ਵਿੱਚ ਯੂਐਸਐਸਐਫ ਦੇ ਖ਼ਿਲਾਫ਼ ਅਵਿਸ਼ਵਾਸ ਦੀ ਯਾਚਿਕਾ ਦਾਇਰ ਹੋਈ ਹੈ। ਇਸ ਨਾਲ ਲੀਗ ਦਾ ਸੱਤਿਆਨਾਸ਼ ਹੋ ਗਿਆ ਹੈ।
ਫਾਥ ਨੇ ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਐਨਏਐਸਐਲ ਵਿੱਚ ਵਿਸ਼ਵਾਸ ਕੀਤਾ ਹੈ ਤੇ ਸਮੱਰਥਨ ਵੀ ਕੀਤਾ ਹੈ ਪਰ ਸਾਡੇ ਲਈ ਮੁੱਖ ਚੀਜ਼ ਫ੍ਰੈਂਚਾਈਜ਼ ਹੈ ਪਰ 2009 ਤੋਂ ਹੀ ਅਸੀਂ ਇੱਕੋ ਸਥਿਤੀ ਵਿੱਚ ਹਾਂ। ਜੇਕਰ ਯੂਐਸਐਸਐਫ ਦੀ ਗੱਲ ਕਰੀਏ ਤਾਂ ਅਸੀਂ ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਪਰ ਸਾਨੂੰ ਅਜੇ ਤੱਕ ਡਵੀਜ਼ਨ ਦੋ ਵਿੱਚ ਮਨਜ਼ੂਰ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਨਾ ਹੀ ਅਸੀਂ ਯੂਐਸਐਲ ਵਿੱਚ ਤੇ ਨਾ ਹੀ ਐਮਐਸਐਲ ਵਿੱਚ ਜਾਵਾਂਗੇ। ਹਾਲਾਂਕਿ ਸੀਪੀਐਲ ਬਾਰੇ ਉਹਨਾਂ ਦਾ ਰਵੱਈਆ ਸਾਕਾਰਾਤਮਕ ਸੀ।
ਜ਼ਿਕਰਯੋਗ ਹੈ ਕਿ ਫੁਟਬਾਲ ਕਲੱਬ ਐਡਮਿੰਟਨ 2009 ਵਿੱਚ ਫਾਥ ਭਰਾਵਾਂ ਨੇ ਸਥਾਪਿਤ ਕੀਤੀ ਸੀ।