ਰੌਬਿਨਪ੍ਰੀਤ ਵਿਰਕ ਦੀ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਲਈ ਚੋਣ

ਐਡਮਿੰਟਨ, (ਸੁਖਵੀਰ ਗਰੇਵਾਲ) : ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਦੇ ਖਿਡਾਰੀ ਰੌਬਿਨਪ੍ਰੀਤ ਸਿੰਘ ਵਿਰਕ ਨੇ ਕੈਨੇਡਾ ਦੇ ਮੁੰਡਿਆਂ ਦੀ ਜੂਨੀਅਰ ਹਾਕੀ ਟੀਮ (ਅੰਡਰ-18) ਵਿੱਚ ਜਗ•ਾ ਬਣਾ ਕੇ ਕਲੱਬ ਦਾ ਨਾਂ ਰੌਸ਼ਨ ਕੀਤਾ ਹੈ। ਫੀਲਡ ਹਾਕੀ ਕੈਨੇਡਾ ਵਲੋਂ ਪਿਛਲੇ ਦਿਨੀਂ ਐਲਾਨੀ ਗਈ ਇਹ ਟੀਮ ਇਸ ਸਮੇਂ ਅਮਰੀਕਾ ਦੇ ਦੌਰੇ ਤੇ ਗਈ ਹੈ। ਇਹ ਟੀਮ ਅਮਰੀਕਾ ਦੀ ਕੌਮੀ ਜੂਨੀਅਰ ਟੀਮ ਨਾਲ ਚਾਰ ਮੈਚਾਂ ਦੀ ਟੈਸਟ ਲੜੀ ਖੇਡੇਗੀ। ਇਸ ਦੌਰੇ ਨੂੰ ਸਾਲ 2018 ਦੀ ਪੈਨ-ਅਮਰੀਕਨ ਚੈਂਪੀਅਨਸ਼ਿਪ ਅਤੇ ਯੂਥ ਉਲੰਪਿਕ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।
ਲੁਧਿਆਣਾ ਜ਼ਿਲ•ੇ ਦੇ ਪਿੰਡ ਨੰਗਲ਼ ਦੇ ਜੰਮਪਲ਼ ਰੌਬਿਨਪ੍ਰੀਤ ਸਿੰਘ ਵਿਰਕ ਦੀ ਪ੍ਰਾਪਤੀ ਬਾਕੀ ਖਿਡਾਰੀਆਂ ਨਾਲੋਂ ਵੱਖਰੀ ਹੈ ਕਿਉਂਕਿ ਉਸ ਦੇ ਸ਼ਹਿਰ ਵਿੱਚ ਐਡਮਿੰਟਨ ਵਿੱਚ ਐਸਟਰੋਟਰਫ ਮੈਦਾਨ ਨਹੀਂ ਹੈ ਜਦੋਂ ਕਿ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਇਸ ਮੈਦਾਨ ਦੀ ਸਹੂਲਤ ਹੈ। ਉਸ ਦੇ ਪਿਤਾ ਜਤਿੰਦਰ ਸਿੰਘ (ਹੈਪੀ) ਵਿਰਕ ਅਤੇ ਮਾਤਾ ਜਸਵੀਰ ਕੌਰ ਇਸ ਪ੍ਰਾਪਤੀ ਤੋਂ ਕਾਫੀ ਖੁਸ਼ ਹਨ।
ਰੌਬਿਨ ਨੇ ਸਾਲ 2010 ਵਿੱਚ ਕੋਚ ਜੌਰਜ ਦੀ ਨਿਗਰਾਨੀ ਹੇਠ ਹਾਕੀ ਖੇਡਣੀ ਸ਼ੁਰੂ ਕੀਤੀ। ਇਸ ਤੋਂ ਇਲਾਵਾ ਯੂਥ ਫੀਲਡ ਹਾਕੀ ਕਲੱਬ ਐਡਮਿੰਟਨ ਰਾਹੀਂ ਉਸ ਨੇ ਸਾਬਕਾ ਉਲੰਪੀਅਨ ਰਮਨਦੀਪ ਸਿੰਘ ਗਰੇਵਾਲ ਕੋਲੋਂ ਵੀ ਸਿਖਲਾਈ ਹਾਸਿਲ ਕੀਤੀ। ਸਾਲ 2014 ਵਿਚ ਉਸਨੇ ਪਹਿਲੀ ਵਾਰ ਅਲਬਰਟਾ ਸੂਬੇ ਦੀ ਟੀਮ (ਅੰਡਰ-16) ਵਲੋਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਇਸ ਟੀਮ ਦੀ ਕਾਰਗੁਜ਼ਾਰੀ ਭਾਵੇਂ ਬਹੁਤੀ ਵਧੀਆ ਨਹੀਂ ਰਹੀ ਪਰ ਰੌਬਿਨ ਨੂੰ ਕੌਮੀ ਪੱਧਰ ਤੇ ਖੇਡਣ ਦਾ ਇਹ ਪਹਿਲਾ ਮੌਕਾ ਮਿਲ਼ਿਆ। 2015 ਵਿੱਚ ਉਹ ਇੱਕ ਵਾਰ ਫਿਰ ਨੈਸ਼ਨਲ ਚੈਂਪੀਅਨਸ਼ਿਪ ਖੇਡਣ ਟੋਰਾਂਟੋ ਗਿਆ। ਇਸ ਵਾਰ ਅਲਬਰਟਾ ਦੀ ਟੀਮ (ਅੰਡਰ-16) ਨੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਰੌਬਿਨ ਨੈਸ਼ਨਲ ਕੈਂਪ ਵਿੱਚ ਆ ਗਿਆ। ਸਾਲ 2016 ਵਿੱਚ ਕੈਲਗਰੀ ਨੇ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ। ਇੱਕ ਵਾਰ ਫਿਰ ਰੌਬਿਨ ਦੀ ਖੇਡ ਚਮਕੀ ਤੇ ਅਲਬਰਟਾ ਦੀ ਟੀਮ ਨੈਸ਼ਨਲ ਚੈਂਪੀਅਨਸ਼ਿਪ ‘ਚੋਂ ਚਾਂਦੀ ਦਾ ਤਮਗਾ ਜਿੱਤੀ। ਇਸ ਵਾਰ ਅੰਡਰ-16 ਉਮਰ ਵਰਗ ਦੇ ਕੈਨੇਡਾ ਭਰ ਦੇ ਸਿਖਰਲੇ 11 ਖਿਡਾਰੀਆਂ ਵਿੱਚ ਉਸ ਦੀ ਚੋਣ ਕੀਤੀ ਗਈ।
ਇਸ ਤੋਂ ਇਲਾਵਾ ਰੌਬਿਨ ਨੂੰ ਈਗਲਜ਼ ਟੂਰਨਾਮੈਂਟ ਐਡਮਿੰਟਨ, ਹਾਕਸ ਟੂਰਨਾਮੈਂਟ ਕੈਲਗਰੀ, ਪੈਂਥਰਜ਼ ਟੂਰਨਾਮੈਂਟ ਸਰੀ ਵਿੱਚ ਬਿਹਤਰੀਨ ਵਿੱਚ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਰੌਬਿਨ ਨੇ ਦੱਸਿਆ ਕਿ ਉਹ ਭਾਰਤੀ ਖਿਡਾਰੀ ਸਰਦਾਰਾ ਸਿੰਘ ਦੀ ਖੇਡ ਤੋਂ ਪ੍ਰਭਾਵਿਤ ਹੈ ਤੇ ਉਸ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ।